ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ‘ਕਲਗੀ ਸੋਚ’ ਰੋਗ-2

Uncategorized

ਸਾਹਿਤਕ ਖੇਤਰ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਸਾਹਿਤਕ ਖੇਤਰ ਨਾਲ ਜੁੜੀਆਂ ਜ਼ਿਆਦਾਤਰ ਨਵੀਂਆਂ-ਪੁਰਾਣੀਆਂ ਹਸਤੀਆਂ ਦੀ ਸੋਚ-ਧਰਾਤਲ ਉਤੇ ਛੂਤਛਾਤ ਦੇ ਰੋਗ ਦੇ ਲੱਛਣ ਉੱਗ ਆਏ ਹਨ। ਇਹ ਵਰਤਾਰਾ ਅਜੋਕੇ ਸਾਹਿਤਕ ਮਿਆਰ ਨੂੰ ਉਚਾਣਾਂ ਵੱਲ ਲੈ ਜਾਣ ਦੀ ਥਾਂ ਨਿਵਾਣਾਂ ਵਿੱਚ ਲੈ ਕੇ ਜਾਣ ਦਾ ਕਾਰਨ ਬਣਦਾ ਜਾ ਰਿਹਾ ਹੈ। ਲੇਖਕ ਡਾ. ਸੁਖਪਾਲ ਸੰਘੇੜਾ ਨੇ ਇਸ ਮਾਹੌਲ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖ ਦੇ ਅਖੀਰ ਵਿੱਚ ਤੋੜਾ ਝਾੜਿਆ ਹੈ ਕਿ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਨੂੰ ਬਰੇਕਾਂ ਲਾਉਣ ਲਈ ਪੰਜਾਬੀ ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ਛਾਏ ਛੂਤਛਾਤ ਦੇ ਰੋਗ ‘ਕਲਗੀ ਸੋਚ’ ‘ਤੇ ਕਾਬੂ ਪਾ ਕੇ ਇਹਨੂੰ ਖ਼ਤਮ ਕਰਨਾ ਪਵੇਗਾ। ਪੇਸ਼ ਹੈ, ਲੇਖ ਦੀ ਦੂਜੀ ਤੇ ਆਖਰੀ ਕਿਸ਼ਤ…

 

ਡਾ. ਸੁਖਪਾਲ ਸੰਘੇੜਾ

ਪੈਮਾਨਾਹੀਣ ਕਾਵਿ ਮੁਲੰਕਣ

ਇਸ ਅਲਾਮਤ ਦਾ ਪ੍ਰਗਟਾ ਉਦੋਂ ਹੁੰਦਾ ਹੈ, ਜਦੋਂ ਕੋਈ ਕਵੀ ਜਾਂ ਆਲੋਚਕ ਕਿਸੇ ਕਵੀ ਦੀ ਕਵਿਤਾ ਦਾ ਗ਼ੈਰ-ਇਮਾਨਦਾਰ ਢੰਗ ਨਾਲ ਮੁਲੰਕਣ ਕਰਦਾ ਹੈ, ਜਿਵੇਂ ਕਿਸੇ ਸੁਪਰਿਭਾਸ਼ਿਤ ਪੈਮਾਨੇ ਦੇ ਆਧਾਰ ‘ਤੇ ਨਹੀਂ, ਸਗੋਂ “ਅੱਛੀ ਕਵਿਤਾ” ਦੀ ਲਚਕਦਾਰ ਨਿੱਜੀ, ਇੱਕ ਕਵੀ ਤੋਂ ਦੂਜੇ ਕਵੀ ਤੱਕ ਬਦਲਦੀ ਪਰਿਭਾਸ਼ਾ ਦੇ ਆਧਾਰ `ਤੇ ਜਾਂ ਫਿਰ ਆਲੋਚਨਾ ਅਧੀਨ ਕਵਿਤਾ ਨੂੰ “ਅੱਛੀ ਕਵਿਤਾ” ਦੀ ਜ਼ਾਇਜ਼ ਪਰਿਭਾਸ਼ਾ ਦੇ ਪੱਖਾਂ ਨਾਲ ਨਾਜ਼ਾਇਜ਼ ਤੌਰ ‘ਤੇ ਜੋੜ ਕੇ। ਇਸ ਅਲਾਮਤ ਦੇ ਪ੍ਰਗਟਾ ਦੀ ਇਕ ਹੋਰ ਮਿਸਾਲ ਹੈ, ਜਦੋਂ ਕੋਈ ਕਵੀ ਜਾਂ ਆਲੋਚਕ ਕਿਸੇ ਕਵੀ ਦੀ ਕਵਿਤਾ ਦਾ ਬਿਨਾ ਪੜ੍ਹਿਆਂ ਹੀ ਵਿਆਪਕ ਜਿਹਾ ਮੁਲੰਕਣ ਕਰ ਮਾਰੇ। ਅਜਿਹੇ ਰਿਵਿਊਆਂ ਦੇ ਆਧਾਰ ‘ਤੇ ਸਥਾਪਿਤ ਕਵੀਆਂ ਵਲੋਂ ਵਿਅਕਤੀਆਂ ਜਾਂ ਸਾਹਿਤ ਸਭਾਵਾਂ ਤੋਂ ਮੁੰਦਰੀਆਂ ਤੇ ਚੜ੍ਹਾਵੇ ਕਬੂਲ ਕਰਨੇ ਵੀ ਸਾਹਿਤਕ ਭ੍ਰਿਸ਼ਟਾਚਾਰ ਦੀ ਇੱਕ ਮਿਸਾਲ ਹੈ। ਅਜਿਹਾ ਭ੍ਰਿਸ਼ਟਾਚਾਰ ਸ਼ਾਇਦ ਵਿਕਸਿਤ ਦੇਸ਼ਾਂ ਦੀ ਅੰਗਰੇਜ਼ੀ ਕਵਿਤਾ ਦੇ ਕੁਝ ਹਲਕਿਆਂ ਵਿੱਚ ਵੀ ਹੋਵੇ, ਪਰ ਇਹ ਮੁੱਖ ਧਾਰਾ ਵਿੱਚ ਇੰਨਾ ਪ੍ਰਚੱਲਤ ਨਹੀਂ, ਜਿੰਨਾ ਪੰਜਾਬੀ ਵਿੱਚ ਰਿਹਾ ਹੈ।

ਇੱਥੇ ਸਪਸ਼ਟ ਕਰ ਦਿਆਂ ਕਿ ਕਿਸੇ ਲੋੜਬੰਦ ਲੇਖਕ ਦੀ ਮੱਦਦ ਕਰਨ ਜਾਂ ਲੇਖਕ ਵਲੋਂ ਮਿਹਨਤ ਦਾ ਇਵਜ਼ਾਨਾ ਲੈਣ ਵਿੱਚ ਕੋਈ ਮਿਹਣਾ ਜਾਂ ਭਿਸ਼ਟਾਚਾਰ ਨਹੀਂ। ਮਿਸਾਲ ਵਜੋਂ, ਮੈਂ ਆਪਣੀਆਂ ਅੰਗਰੇਜ਼ੀ ਕਿਤਾਬਾਂ ਦੀ ਰਾਇਲਟੀ ਪ੍ਰਕਾਸ਼ਕਾਂ ਕੋਲੋਂ ਵਸੂਲ ਕਰਦਾ ਹਾਂ। ਹਥਲੀ ਅਲਾਮਤ ਵਿੱਚ ਭ੍ਰਿਸ਼ਟਾਚਾਰ ਹੈ, ਬੌਧਿਕ ਉਸਤਾਦ ਮਾਹਰ ਵਜੋਂ ਨਿੱਜੀ ਗਰਜ਼ਾਂ ਜਾਂ ਮਾਇਕ ਲਾਭ ਲਈ ਕਮਜ਼ੋਰ ਸਾਹਿਤਕ ਨੂੰ ਰਚਨਾ ਉੱਪਰ ਚੁੱਕ ਦੇਣ ਅਤੇ ਮੁਕਾਬਲਤਨ ਠੋਸ ਗੁਣਵਤੀ ਰਚਨਾ ਨੂੰ ਨਜ਼ਰ-ਅੰਦਾਜ਼ ਕਰਕੇ ਜਾਂ ਉਹਦੀ ਕਪਟੀ ਜਾਂ ਅਨਉੱਚਿਤ ਆਲੋਚਨਾ ਕਰਕੇ ਉਹਨੂੰ ਥੱਲੇ ਲਾਉਣ ਵਿੱਚ ਹੈ। ਇੰਝ ਇੱਥੇ “ਬੌਧਿਕ ਭ੍ਰਿਸ਼ਟਾਚਾਰ” ਤੇ “ਪਦਾਰਥਕ ਭ੍ਰਿਸ਼ਟਾਚਾਰ” ਘਿਓ-ਖਿਚੜੀ ਹੋਏ ਪਏ ਨੇ।

“ਮੈਂ ਤੈਨੂੰ ਕਵੀ ਹੀ ਨਹੀਂ ਮੰਨਦਾ” ਤੇ ‘ਪੈਮਾਨਾਹੀਣ ਕਾਵਿ ਮੁਲੰਕਣ’ ਦੋਵੇਂ ਅਲਾਮਤਾਂ ਲਚਕਦਾਰ ਨਿੱਜੀ ਹਿੱਤ-ਪੂਰਕ ਪਰਿਭਾਸ਼ਾਵਾਂ ਜਾਂ ਅਪਰਿਭਾਸ਼ਾਵਾਂ ‘ਤੇ ਆਧਾਰਿਤ ਹੁੰਦੀਆਂ ਹਨ, ਨਾ ਕਿ ਕਿਸੇ ਤਰਕਸ਼ੀਲ ਪੈਮਾਨੇ ‘ਤੇ। ਇਸ ਲਈ ਇਹ ਸਪਸ਼ਟ ਤੌਰ ‘ਤੇ ‘ਅੰਨ੍ਹੀ ਪੀਹਵੇ, ਕੁੱਤਾ ਚੱਟੇ’ ਵਾਲੇ ਰਾਜਾਸ਼ਾਹੀ ਜਾਗੀਰੂ ਯੁੱਗ ਦੀ ਰਹਿੰਦ-ਖੂਹੰਦ ਹਨ; ਤਰਕ, ਵਿਗਿਆਨ ਤੇ ਮਾਨਵਵਾਦ ‘ਤੇ ਟਿਕੇ ਮਾਡਰਨ ਯੁੱਗ ਵਿੱਚ।

ਕੱਲ੍ਹ ਦੀ ਕਵਿਤਾ ਨੂੰ ਵੱਜਦੀਆਂ ਹਾਕਾਂ

ਜਿਵੇਂ ਕਿਸੇ ਜ਼ਮਾਨੇ ਵਿੱਚ ਪਿੰਡ ਦੇ ਬਜ਼ੁਰਗ ਦਰਵਾਜ਼ੇ ‘ਚ ਸੱਥ ਲਾ ਕੇ ਬੀਤ ਗਏ “ਅੱਛੇ ਵਕਤਾਂ” ਨੂੰ ਯਾਦ ਕਰ ਕਰ ਹਉਕੇ ਭਰਿਆ ਕਰਦੇ ਸਨ, ਕੁਝ ਇਵੇਂ ਹੀ “ਕੱਲ ਦੀ ਕਵਿਤਾ ਨੂੰ ਵੱਜਦੀਆਂ ਹਾਕਾਂ” ਵਾਲੀ ਅਲਾਮਤ ਪ੍ਰਗਟ ਹੁੰਦੀ ਹੈ। “ਸਤਿਗੁਰ ਨਾਨਕ ਆਜਾ, ਦੁਨੀਆਂ ਨੂੰ ਦੀਦ ਦਿਖਾ ਜਾ… (ਜਮਲਾ ਜੱਟ)” ਅਤੇ “ਅੱਜ ਆਖਾਂ ਵਰਿਸਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ… (ਅੰਮ੍ਰਿਤਾ ਪ੍ਰੀਤਮ)” ਦੋ ਪ੍ਰਸਿੱਧ ਮਿਸਾਲਾਂ ਹਨ ਇਸ ਸੰਦਰਭ ਵਿੱਚ। ਬਾਕੀ, ਸਾਹਿਤ ਸਭਾਵਾਂ ਦੇ ਕਵੀ ਦਰਬਾਰਾਂ ਵਿੱਚ ਪੜ੍ਹੇ ਕਾਵਿ ਪਰਚਿਆਂ ਤੇ ਕਈ ਕਵਿਤਾਵਾਂ ਵਿੱਚ ਅਕਸਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅਤੀਤ ਦੇ ਕਵੀਆਂ ਜਿਵੇਂ ਸ਼ਿਵ ਕੁਮਾਰ, ਵਾਰਿਸਸ਼ਾਹ, ਬੁੱਲ੍ਹੇ ਸ਼ਾਹ ਆਦਿ ਦਾ ਗੁਣਗਾਨ ਹੁੰਦਾ ਰਹਿੰਦਾ ਹੈ। ਅੱਜ ਜਿਵੇਂ ਕੱਲ੍ਹ ਵੱਲ ਨੂੰ ਪੁੱਠੇ ਪੈਰੀਂ ਤੁਰਦਾ ਨਜ਼ਰ ਆਉਂਦਾ ਹੈ, ਤੇ ਸਾਰੇ ਦ੍ਰਿਸ਼ ਵਿੱਚੋਂ ਭਲਕ ਲੱਗਭੱਗ ਗਾਇਬ ਹੁੰਦਾ ਹੈ, ਜਾਂ ਫਿਰ ਅੱਜ ਨੂੰ ਕੱਲ੍ਹ ਦੇ ਖੰਡਰਾਂ ਵਿੱਚ ਪਾ ਕੇ ‘ਭਲਕ’ ਉਸਾਰਨ ਦਾ ਖ਼ਾਬ ਹੁੰਦਾ ਹੈ। ਇਹ ਸਾਰੀਆਂ ਹਸਤੀਆਂ ਮਹਾਨ ਕਵੀ ਸਨ, ਤੇ ਉਨ੍ਹਾਂ ਸਮਿਆਂ ਦੇ ਸੰਦਰਭ ਵਿੱਚ ਅਸੀਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ ਤੇ ਸਿੱਖ ਵੀ ਸਕਦੇ ਹਾਂ। ਸਾਡੇ ਵਿੱਚੋਂ ਜੋ ‘ਕਲਗੀ ਸੋਚ’ ਵਾਇਰਸ ਨਾਲ ਪੀੜਤ ਨੇ, ਉਹ ਪੁੱਠੀ-ਸਿੱਧੀ ਪ੍ਰੇਰਨਾ ਤਾਂ ਲੈ ਸਕਦੇ ਨੇ, ਪਰ ਸਿੱਖਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸ ਲਈ ਕਿਉਂਕਿ ਉਨ੍ਹਾਂ ਦੀ ਅਤੀਤ ਦੇ ਮਹਾਂਪੁਰਸ਼ਾਂ ਪ੍ਰਤੀ ਪਹੁੰਚ ਪੂਜਾ ਜਾਂ ਪੂਜਾ ਦੇ ਮੁਹਾਂਦਰੇ ਵਰਗੀ ਸ਼ਰਧਾ ਵਾਲੀ ਹੁੰਦੀ ਹੈ, ਤੇ ਅਜਿਹੀ ਪਹੁੰਚ ਸਿੱਖਣ ਪ੍ਰਕਿਰਿਆ ਲਈ ਘਾਤਕ ਹੋ ਨਿੱਬੜਦੀ ਹੈ।

ਮਨੁੱਖਤਾ ਦੇ ਇਤਿਹਾਸ ਵਿੱਚ ਅਤੀਤ ਦੇ ਮਹਾਂਪੁਰਸ਼ਾਂ ਤੋਂ ਸਿੱਖਣ ਲਈ ਮਹਾਂ ਮਿਸਾਲ ਹੈ ਯੂਰਪੀਅਨ ਰੇਨੇਸਾਂਸ ਲਹਿਰ, ਜਿਹਦੇ ਸੰਚਾਲਕਾਂ ਆਪਣੇ ਜਾਗੀਰੂ-ਰਾਜਾਸ਼ਾਹੀ ਤੇ ਧਰਮ (ਚਰਚ) ਪ੍ਰਧਾਨ ਯੁੱਗ ਉੱਪਰੋਂ ਛੜੱਪਾ ਮਾਰ ਕੇ ਗਰੀਕ ਫ਼ਿਲਾਸਫਰਾਂ ਦੇ ਯੁੱਗ ਪਹੁੰਚੇ। ਸਿੱਖਿਆ ਕਿੱਦਾਂ? ਉਨ੍ਹਾਂ ਨੇ ਆਪਣੇ ‘ਅੱਜ’ ਦੀ ਰੌਸ਼ਨੀ ਵਿੱਚ ਗਰੀਕ ਫ਼ਿਲਾਸਫਰਾਂ ਦੇ ਯੁੱਗ ਦੀ ਸੋਚ, ਸਾਹਿਤ ਤੇ ਸੱਭਿਆਚਾਰ ਦੀ ਚੀਰ-ਫ਼ਾੜ ਕਰਕੇ, ਇੰਝ ਉਸ ਯੁੱਗ ਵਿੱਚੋਂ ‘ਤਰਕ’ ਨੂੰ ਅਤੇ ਜਮਹੂਰੀਅਤ ਤੇ ਵਿਗਿਆਨ ਦੇ ਬੀਜ ਵਿਚਾਰਾਂ ਨੂੰ ਅਪਨਾ ਕੇ; ਉਨ੍ਹਾਂ ਵਿਚਾਰਾਂ ਨੂੰ ਵਿਕਸਿਤ ਕੀਤਾ, ਭਵਿੱਖ ਵੱਲ ਨੂੰ ਅੱਗੇ ਵਧਣ ਲਈ। ਨਤੀਜੇ ਵਜੋਂ, ਬੁੱਧੀਜੀਵੀਆਂ ਵਲੋਂ ਸ਼ੁਰੂ ਕੀਤਾ ਇਹ ਰੇਨੇਸਾਂਸ, ‘ਤਰਕ’ ਅਤੇ ‘ਮਾਨਵਵਾਦ’ ਆਧਾਰਿਤ ਲਹਿਰ ਵਿੱਚ ਬਦਲ ਗਿਆ, ਜਿਸ ਦੌਰਾਨ ਤੇ ਜਿਸ ਕਰਕੇ ਯੂਰਪ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ। ਆਖਰਕਾਰ, ਇਹ ਲਹਿਰ ਪ੍ਰਬੋਧਨ (ਓਨਲਿਗਹਟੲਨਮੲਨਟ) ਲਹਿਰ ਵਿੱਚ ਵੱਟ ਗਈ, ਜਿਹਦੇ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਕੇਂਦਰੀ (ਥੀਮ) ਖ਼ਿਆਲ ਸਨ: ਤਰਕ, ਮਾਨਵਵਾਦ, ਵਿਗਿਆਨ; ਤੇ ਨਤੀਜੇ ਵਜੋਂ ਪ੍ਰਗਤੀ। ਇਨ੍ਹਾਂ ਤਿੰਨ ਖ਼ਿਆਲਾਂ- ਤਰਕ, ਮਾਨਵਵਾਦ ਤੇ ਵਿਗਿਆਨ ਦੇ ਆਧਾਰ ਉੱਪਰ ਪ੍ਰਬੋਧਨ ਲਹਿਰ ਯੂਰਪ ਨੂੰ ਲੈ ਗਈ ਜਮਹੂਰੀਅਤ ਪ੍ਰਧਾਨ ਆਧੁਨਿਕ ਯੁੱਗ ਵੱਲ ਨੂੰ।

ਪੰਜਾਬ ਸਣੇ, ਭਾਰਤ ਵਿੱਚ ਆਧੁਨਿਕ ਯੁੱਗ ਇੰਗਲੈਂਡ ਤੋਂ ਆਈ ਗ਼ੁਲਾਮੀ ਦਾਜ ਵਿੱਚ ਲਿਆਈ; ਇਹ ਕੌਮੀ ਪੱਧਰ ‘ਤੇ ਸੋਚ, ਵਿਗਿਆਨ ਜਾਂ ਅਰਥਚਾਰੇ ਵਿੱਚ ਪ੍ਰਗਤੀ ਦਾ ਨਤੀਜਾ ਨਹੀਂ ਸੀ। ਕੁੱਲ ਮਿਲਾ ਕੇ, ਸਾਡੇ ਬੁੱਧੀਜੀਵੀ ਤਬਕੇ ਵਿੱਚ ਇੰਨਾ ਦਮ ਖਮ ਨਹੀਂ ਰਿਹਾ ਹੈ ਕਿ ਉਹ ਗਿਆਨ ਦੇ ਖੇਤਰ ਵਿੱਚ ਲੋਕਾਂ ਦੇ ਹਰਾਵਲ ਦਸਤੇ ਵਜੋਂ ਕੰਮ ਕਰ ਸਕਣ, ਜਿਸ ਤਰ੍ਹਾਂ ਯੂਰਪੀਅਨ ਬੁੱਧੀਜੀਵੀਆਂ ਨੇ ਰੇਨੇਸਾਂਸ ਤੋਂ ਸ਼ੁਰੂ ਹੋ ਕੇ ਪ੍ਰਬੋਧਨ ਲਹਿਰ ਤੱਕ ਕੀਤਾ। ਉਨ੍ਹਾਂ ਬਾਹਲਿਆਂ ਦੀ ਸੋਚ ਤਾਂ ਅੱਜ ਵੀ ਆਵਾਮ ਦੀ ਤਰ੍ਹਾਂ ਹੀ ਰਾਜਾਸ਼ਾਹੀ-ਜਾਗੀਰੂ ਤੇ ਗ਼ੁਲਾਮੀ ਦੇ ਯੁੱਗ ਵਿੱਚ ਰਹਿੰਦੀ ਹੈ; ਫ਼ਰਕ ਸਿਰਫ਼ ਪ੍ਰਗਟਾਵੇ ਦੇ ਢੰਗਾਂ ਵਿੱਚ ਹੀ ਹੈ। ਇਸ ਸੋਚ ਦਾ ਪ੍ਰਗਟਾਵਾ ਕਰ ਲੈਂਦੇ ਨੇ ਲੋਕ: ਭੇਖਧਾਰੀ ਅਖੌਤੀ ਬਾਬਿਆਂ, ਸੰਤਾਂ ਤੇ ਪੀਰਾਂ ਦੇ ਡੇਰਿਆਂ ‘ਤੇ ਚੜ੍ਹਾਵੇ ਚੜ੍ਹਾ ਕੇ, ਤਵੀਤ ਬੰਨ੍ਹਾ ਕੇ, ਤੀਰਥ ਅਸਥਾਨਾਂ ਤੇ ਸਰੋਵਰਾਂ ਵਿੱਚ ਡੁਬਕੀਆਂ ਲਾ ਕੇ, ਆਦਿ; ਅਤੇ ਬੁੱਧੀਜੀਵੀ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ਣ ਹਿੱਤ ਅਤੀਤ ਦੀਆਂ ਹਸਤੀਆਂ ਦੇ ਕੰਮਾਂ ਤੇ ਕਥਨਾਂ ਨੂੰ ਮਾਡਲ ਬਣਾ ਕੇ, ਨਾ ਕਿ ਸਮੱਸਿਆਵਾਂ ਨੂੰ ਅੱਜ ਦੇ ਸਥਾਨਕ ਤੇ ਵਿਸ਼ਵ ਹਾਲਾਤ ਦੇ ਸੰਦਰਭ ਵਿੱਚ ਰੱਖ ਉਨ੍ਹਾਂ ਦੇ ਹੱਲ ਅੱਜ ਦੇ ਸੰਦਾਂ, ਜਿਵੇਂ ਵਿਗਿਆਨਕ ਵਿਧੀ ਨਾਲ ਤਰਾਸ਼ ਕੇ। ‘ਕਲਗੀ’ ਤੇ ‘ਗ਼ੁਲਾਮੀ’ ਦਾ ਦੋਹਰਾ ਕਿਰਦਾਰ ‘ਕਲਗੀ ਸੋਚ’ ਵਾਇਰਸ ਨਾਲ ਪੀੜਤ ਲੇਖਕਾਂ ਦੀਆਂ ਸਾਹਿਤਕ ਲਿਖਤਾਂ ਤੇ ਉਨ੍ਹਾਂ ਦੇ ਤੌਰ ਤਰੀਕਿਆਂ ਤੋਂ ਪਾਰਖੂ ਨਜ਼ਰ ਨਾਲ ਸਪਸ਼ਟ ਵੇਖਿਆ ਜਾ ਸਕਦਾ ਹੈ। ਕਵੀਆਂ ਤੇ ਕਾਵਿ ਆਲੋਚਕਾਂ ਵਲੋਂ ਅੱਜ ਦੇ ਮਸਲਿਆਂ ਮੂਹਰੇ ਬਹਿ ਅਤੀਤ ਦੇ ਕਵੀਆਂ ਨੂੰ ਹਾਕਾਂ ਮਾਰਨ, ਪੰਜਾਬ ਵਿੱਚ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਵੇਖਣ ਦੇ ਖ਼ਾਬ, ਪੀਰਾਂ ਫ਼ਕੀਰਾਂ ਨੂੰ ਆਪਣੇ ਸੱਜੇ-ਖੱਬੇ ਬਿਠਾਉਣ, ਤੇ ਇਤਿਹਾਸ ਨੂੰ ਖ਼ਤ ਲਿਖਣ ਜਾਂ ਇਤਿਹਾਸ ਤੋਂ ਖ਼ਤ ਉਡੀਕਣ ਆਦਿ ਜਿਹੀਆਂ ਅਲਾਮਤਾਂ ਨੂੰ ਚਰਚਿਤ ਵਿਸਤ੍ਰਿਤ ਸੰਦਰਭ ਵਿੱਚ ਰੱਖ ਕੇ ਵਧੇਰੇ ਸਪਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ।

ਕਾਵਿ ਖ਼ੇਤਰ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਹੋਰਨਾਂ ਖ਼ੇਤਰਾਂ, ਚਿੰਤਨ ਸਮੇਤ, ਕੁਝ ਧੁਰੋਂ ਵਾਸਤਵਿਕ ਮੰਨੀਆਂ ਜਾਂਦੀਆਂ ਜਾਗੀਰੂ ਧਾਰਨਾਵਾਂ ਦੀ ‘ਕਲਗੀ ਸੋਚ’ ਰੋਗ ਦੀ ਅਲਾਮਤ ਹਨ, ਜਿਵੇਂ ਕਿ ਪੰਜਾਬ ਦੀ ਹੋਣੀ ਤੇ ਪੰਜਾਬੀ ਬੰਦੇ ਦੀ ਪਹਿਚਾਣ ਜ਼ਮੀਨ ਨਾਲ ਬੱਧੀ ਹੋਈ ਹੈ। ਇਹ ਧਾਰਨਾ ਜਿੱਥੇ ਪੰਜਾਬ ਦੀ ਮਜ਼ਦੂਰ ਜਮਾਤ ਦੇ ਮੂੰਹ ‘ਤੇ ਚਪੇੜ ਮਾਰਦੀ ਹੈ, ਉੱਥੇ ਹੀ ਪੰਜਾਬ ਦੀ ਬਹੁ-ਦਿਸ਼ਾਵੀ ਪ੍ਰਗਤੀ ਦੇ ਸੰਕਲਪ ‘ਤੇ ਜਾਗੀਰੂ ਫ਼ੁੱਲ ਸਟਾਪ ਵੀ ਲਾ ਦਿੰਦੀ ਹੈ। ਇਹ ਤੇ ਇਹੋ ਜਿਹੀਆਂ ਹੋਰ ਜਾਗੀਰੂ ਤੇ ਗ਼ੁਲਾਮ ਬਿਰਤੀ ਧਾਰਨਾਵਾਂ ਮੁੱਖ ਧਾਰਿਕ ਹਨ, ‘ਪਿਛਾਂਹ ਖਿੱਚੂ’ ਲੇਖਕਾਂ ਤੋਂ ਲੈ ਕੇ ‘ਅਗਾਂਹ ਵਧੂ’ ਲੇਖਕਾਂ ਤੱਕ, ਅਨਪੜ੍ਹਾਂ ਤੋਂ ਵਿਸ਼ਵ ਵਿਦਿਆਲਿਆਂ ਦੇ ਪ੍ਰੋਫ਼ੈਸਰਾਂ ਤੱਕ, ਹਮ੍ਹਾਤੜ ਸੰਪਾਦਕ ਤੋਂ ਪੰਜਾਬ ਦੇ ਨੰਬਰ ਵੰਨ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਸੰਪਾਦਕ ਤੱਕ, ਆਦਿ।

ਵਿਅਰਥ ਪ੍ਰਕਾਸ਼ਨ

ਇਹ ਅਲਾਮਤ ਵਿਅਕਤੀਗਤ ਪੱਧਰ ਦੀ ਨਾ ਹੋ ਕੇ, ਪ੍ਰਕਾਸ਼ਨ ਦੇ ਸਿਸਟਮ ਪੱਧਰ ਦੀ ਹੈ। ‘ਵਿਅਰਥ ਪ੍ਰਕਾਸ਼ਕ’ ਉਹ ਪ੍ਰਕਾਸ਼ਕ ਹੁੰਦਾ ਹੈ, ਜੋ ਲੇਖਕ ਕੋਲੋਂ ਉਹਦੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਪੈਸੇ ਵਸੂਲ ਕਰੇ। ਅਕਸਰ ਇਸ ਵਸੂਲੀ ਵਿਚ ਕਿਤਾਬ ਛਪਾਈ ਦਾ ਖ਼ਰਚਾ ਤੇ ਪ੍ਰਕਾਸ਼ਕ ਦਾ ਮੁਨਾਫ਼ਾ- ਦੋਨੋਂ ਸ਼ਾਮਲ ਹੁੰਦੇ ਨੇ। ਇਸ ਲਈ ਨਾ ਕਿਤਾਬ ਦਾ ਖ਼ਰੜਾ ਚੁਣਨ ਵਕਤ ਤੇ ਨਾ ਕਿਤਾਬ ਛਪਣ ਬਾਅਦ ਪ੍ਰਕਾਸ਼ਕ ਕੋਲ ਕਿਤਾਬ ਦੀਆਂ ਕਾਪੀਆਂ ਵੇਚਣ ਲਈ ਕੋਈ ਪ੍ਰੇਰਨਾ ਹੁੰਦੀ ਹੈ ਤੇ ਨਾ ਇਰਾਦਾ। ਪੈਸੇ ਲੈ ਕੇ ‘ਵਿਅਰਥ ਪ੍ਰਕਾਸ਼ਕ’ ਕਿਸੇ ਵੀ ਲੇਖਕ ਦੀ ਕਿਤਾਬ ‘ਛਾਪ’ ਦੇਵੇਗਾ। ਇਹਦੇ ਉਲਟ, ਅਸਲੀ ਜਾਂ ਪੇਸ਼ੇਵਰ ਪ੍ਰਕਾਸ਼ਕ ਲੇਖਕ ਤੋਂ ਕੋਈ ਪੈਸਾ ਨਹੀਂ ਲਏਗਾ, ਘੋਖ ਪੜਤਾਲ ਕਰਕੇ ਉਹੀਓ ਖ਼ਰੜਾ ਛਾਪਣ ਲਈ ਚੁਣੇਗਾ, ਜਿਹਦੀਆਂ ਕਾਪੀਆਂ ਦੀ ਵਿਕਰੀ ‘ਚੋਂ ਛਪਾਈ ਕੱਢ ਕੇ ਮੁਨਾਫ਼ਾ ਕਮਾ ਸਕੇ, ਤੇ ਇਸ ਪ੍ਰੇਰਨਾ ਅਧੀਨ ਅਸਲੀ ਪ੍ਰਕਾਸ਼ਕ ਦੀਆਂ ਕਾਪੀਆਂ ਵੇਚਣ ਲਈ ਯਤਨ ਜੁਟਾਏਗਾ। ਇਸ ਲਈ ਅਜਿਹੇ ਪ੍ਰਕਾਸ਼ਕ ਵਲੋਂ ਕੋਈ ਕਿਤਾਬ ਪ੍ਰਕਾਸ਼ਿਤ ਹੋਣ ‘ਤੇ ਕਿਤਾਬ ਨੂੰ ਪ੍ਰਕਾਸ਼ਕ ਦੇ ਮਿਆਰ ਦੇ ਹਾਣ ਦੀ ਸ਼ੁਰੂਆਤੀ ਮਾਨਤਾ ਮਿਲ ਜਾਂਦੀ ਹੈ, ਜਦ ਕਿ ‘ਵਿਅਰਥ ਪ੍ਰਕਾਸ਼ਕ’ ਦਾ ਕੋਈ ਮਿਆਰ ਨਹੀਂ ਹੁੰਦਾ। ਪੰਜਾਬੀ ਸਾਹਿਤਕ ਖ਼ੇਤਰ ਵਿੱਚ ਭਾਰੀ ਬਹੁਗਿਣਤੀ ਉਨ੍ਹਾਂ ਪ੍ਰਕਾਸ਼ਕਾਂ ਦੀ ਲੱਗਦੀ ਹੈ, ਜੋ ਖ਼ਾਲਸ ‘ਵਿਅਰਥ ਪ੍ਰਕਾਸ਼ਕ’ ਨੇ ਜਾਂ ‘ਵਿਅਰਥ ਪ੍ਰਕਾਸ਼ਨਾ’ ਦੇ ਧੰਦੇ ਦਾ ਹਿੱਸਾ ਹੈ। ਇੰਝ ‘ਵਿਅਰਥ ਪ੍ਰਕਾਸ਼ਨਾ’ ਪੰਜਾਬੀ ਸਾਹਿਤਕ ਪ੍ਰਕਾਸ਼ਨਾ ਦੀ ‘ਮੁੱਖ ਧਾਰਾ’ ਵਿੱਚ ਸ਼ਾਮਲ ਹੋ ਜਾਂਦੀ ਹੈ। ‘ਵਿਅਰਥ ਪ੍ਰਕਾਸ਼ਕ’ ਅੰਗਰੇਜ਼ੀ ਸਾਹਿਤ ਵਿੱਚ ਵੀ ਮਿਲਦੇ ਨੇ, ਜਿਨ੍ਹਾਂ ਨੂੰ ਵੇਨਿਟੀ (ੜਅਨਿਟੇ) ਪਬਲੀਸ਼ਰਜ਼ ਕਿਹਾ ਜਾਂਦਾ ਹੈ, ਪਰ ਉਹ ‘ਮੁੱਖ ਧਾਰਾ’ ਦਾ ਹਿੱਸਾ ਨਹੀਂ।

‘ਵਿਅਰਥ ਪ੍ਰਕਾਸ਼ਨਾ’ ਅਲਾਮਤ ਦਾ ਸਾਹਿਤਕ ਭ੍ਰਿਸ਼ਟਾਚਾਰ ਨਾਲ ਕੀ ਰਿਸ਼ਤਾ ਹੈ? ਮਿਸਾਲ ਦੇ ਤੌਰ ‘ਤੇ ਹਾਈਬ੍ਰਿਡ ਪ੍ਰਕਾਸ਼ਕਾਂ, ਭਾਵ ਪੇਸ਼ੇਵਰ ਪ੍ਰਕਾਸ਼ਕ ਜੋ ‘ਵਿਅਰਥ ਪ੍ਰਕਾਸ਼ਨਾ’ ਵੀ ਕਰਦੇ ਨੇ, ਨੂੰ ਹੀ ਲੈ ਲਓ। ਜੇ ਐਸਾ ਪ੍ਰਕਾਸ਼ਕ ਲੇਖਕਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਦੀਆਂ ਕਿਤਾਬਾਂ ਛਾਪਦਾ ਹੈ, ਲਾਰੇ ਲਾ ਕੇ ਜਾਂ ਪ੍ਰਭਾਵ ਜਮਾ ਕੇ ਕਿ ਉਹ ਕਿਤਾਬ ਨੂੰ ਪਾਠਕਾਂ ਤੱਕ ਪਹੁੰਚਾਉਣ ਦੇ ਯਤਨ ਜੁਟਾਏਗਾ, ਪਰ ਜ਼ਿਆਦਾ ਜਾਣੇ-ਪਹਿਚਾਣੇ ਲੇਖਕ ਦੀ ਕਿਤਾਬ ਦੀਆਂ ਕਾਪੀਆਂ ਹੀ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੂਜੇ ਲੇਖਕ ਦੀ ਕਿਤਾਬ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਇਹ ਜਿੱਥੇ ਆਪਣੇ ਵਿੱਚ ਬੌਧਿਕ ਤੇ ਮਾਇਕ ਭ੍ਰਿਸ਼ਟਾਚਾਰ ਹੈ, ਉਥੇ ਹੀ ਇਹ ਇਸ ਭ੍ਰਿਸ਼ਟਾਚਾਰ ਨੂੰ ਆਮ ਬਣਾਉਣ ਵਿੱਚ ਹਿੱਸਾ ਪਾ ਕੇ ਇਸ `ਤੇ ਹੋਰ ਕਿਸਮ ਦੇ ਸਾਹਿਤਕ ਭ੍ਰਿਸ਼ਟਾਚਾਰਾਂ ਲਈ ਵਾਤਾਵਰਨ ਪੈਦਾ ਕਰਨ ਵਿੱਚ ਵੀ ਹਿੱਸਾ ਪਾਉਂਦਾ ਹੈ।

ਮੰਨ ਲਓ, ਕੋਈ ਪ੍ਰਕਾਸ਼ਨਾ ਇਹ ਫ਼ੈਸਲਾ ਕਰ ਲੈਂਦੀ ਹੈ ਕਿ ਕਲਾਮਤ ਪੱਖੋਂ ਵਧੀਆ ਕਿਤਾਬਾਂ ਹੀ ਛਾਪੀਆਂ ਜਾਣਗੀਆਂ, ਤੇ ਕਾਵਿ ਖ਼ੇਤਰ ਵਿੱਚ ਸਥਾਪਤ ਕਵੀਆਂ ਦੀ ਇੱਕ ਕਮੇਟੀ ਬਣਾ ਦਿੰਦੀ ਹੈ, ਖ਼ਰੜੇ ਪ੍ਰਵਾਨ ਕਰਨ ਲਈ। ਜੇ ਉਸ ਕਮੇਟੀ ਵਿੱਚ ਬਾਹਲੇ ਮੈਂਬਰ ‘ਕਲਗੀ ਸੋਚ’ ਦੇ ਪੀੜਤ ਹੋਣਗੇ ਤਾਂ ਪ੍ਰਕਾਸ਼ਨਾ ਦੀਆਂ ਸਾਰੀਆਂ ਨੇਕ ਕੋਸ਼ਿਸ਼ਾਂ ਵਿਅਰਥ। ਇਹਨੂੰ ਕਹਿੰਦੇ ਨੇ, “ਇੱਕ ਨੂੰ ਕੀ ਰੋਂਦੀ ਏਂ, ਊਤ ਗਿਆ ਈ ਆਵਾ।” ਇਹਦਾ ਮਤਲਬ ਇਹ ਵੀ ਨਹੀਂ ਕਿ ਪੰਜਾਬੀ ਸਾਹਿਤਕ ਪ੍ਰਕਾਸ਼ਨਾ ਦੇ ਖ਼ੇਤਰ ਵਿੱਚ ਕੋਈ ਵੀ ਐਸਾ ਪ੍ਰਕਾਸ਼ਕ ਨਹੀਂ ਹੈ, ਜੋ ਲੇਖਕਾਂ ਤੋਂ ਪੈਸੇ ਨਾ ਲੈਂਦਾ ਹੋਵੇ, ਤੇ ਖ਼ਰੜਿਆਂ ਦੀ ਚੋਣ ਪ੍ਰਕਾਸ਼ਨਾ ਦੇ ਮਿਸ਼ਨ, ਸਾਹਿਤਕ ਮਿਆਰ ਤੇ ਵਿਕਣ ਸਮੱਰਥਾ/ਸੰਭਾਵਨਾ ਦੇ ਆਧਾਰ ਹੀ ਕਰਦਾ ਹੋਵੇ। ਪਰ ਇੱਦਾਂ ਦੇ ਪ੍ਰਕਾਸ਼ਕ ‘ਆਟੇ ਵਿੱਚ ਲੂਣ’ ਬਰਾਬਰ ਹਨ; ਮਿਸਾਲ ਵਜੋਂ, ‘ਪੀਪਲਜ਼ ਫ਼ੋਰਮ, ਬਰਗਾੜੀ, ਪੰਜਾਬ।’ ਜੇ ਅਸੀਂ ਪੰਜਾਬੀ ਸਾਹਿਤ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇੱਦਾਂ ਦੀਆਂ ਜਾਂ ਲੱਗਭੱਗ ਇੱਦਾਂ ਦੀਆਂ ਪ੍ਰਕਾਸ਼ਨਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਸ ਭਾਗ ਵਿੱਚ ਵਿਚਾਰੀਆਂ ਅਲਾਮਤਾਂ ਰਾਹੀਂ, ‘ਕਲਗੀ ਸੋਚ’ ਵਾਇਰਸ ਦੋ ਮੁੱਖ ਸਾਹਿਤਕ ਨੁਕਸਾਨ ਕਰਦੀ ਹੈ। ਇੱਕ ਹੱਥ ਕੁਝ ਵਧੀਆ ਕਵੀਆਂ ਨੂੰ ਨਿਰਾਸ਼ ਕਰ ਕੇ ਕੁਝ ਸਮੇਂ ਲਈ ਗ਼ੈਰ-ਸਰਗਰਮ ਕਰ ਦਿੰਦੀ ਹੈ ਤੇ ਕੁਝਨਾਂ ਦਾ ਬਿੱਲਕੁਲ ਹੀ ਨਿਕਾਸ ਕਰ ਦਿੰਦੀ ਹੈ; ਤੇ ਦੂਜੇ ਹੱਥ ਸਾਹਿਤਕ ਭ੍ਰਿਸ਼ਟਾਚਾਰ ਲਈ ਆਧਾਰ ਤੇ ਵਾਤਾਵਰਣ ਮੁਹੱਈਆ ਕਰਦੀ ਹੈ। ਚੌਕਸ ਪਾਠਕ ਨੇ ਹੁਣ ਤੱਕ ਅਨੁਭਵ ਕਰ ਲਿਆ ਹੋਵੇਗਾ ਕਿ ‘ਕਲਗੀ ਸੋਚ’ ਰੋਗ ਕਵਿਤਾ ਦੇ ਨਾਲ ਨਾਲ ਹੋਰਨਾਂ ਸਾਹਿਤਕ ਰੂਪਾਂ ਦੇ ਲੇਖ਼ਕਾਂ ਵਿੱਚ ਵੀ ਸਰਗਰਮ ਹੋਵੇਗਾ। ਸੋ, ‘ਕਲਗੀ ਸੋਚ’ ਰੋਗ ਤੇ ਸਾਹਿਤਕ ਭ੍ਰਿਸ਼ਟਾਚਾਰ ਵਿਚਕਾਰਲਾ ਇਹ ਵਿਆਪਕ ਰਿਸ਼ਤਾ ਹੁਣ ਅਗਲੇ ਭਾਗ ਵਿੱਚ ਵਿਚਾਰਦੇ ਹਾਂ।

‘ਕਲਗੀ ਸੋਚ’ ਰੋਗ ਤੇ ਸਾਹਿਤਕ ਭ੍ਰਿਸ਼ਟਾਚਾਰ ਵਿਚਕਾਰ ਅਟੁੱਟ ਰਿਸ਼ਤਾ

ਮੈਂ ਪੰਜਾਬੀ ਸਾਹਿਤ ਸੱਭਿਆਚਾਰ ਦਾ ਜੰਮਪਲ ਹਾਂ; ਇਹਦੇ ਵਰਦਾਨਾਂ ਤੇ ਸਰਾਪਾਂ ਨੂੰ ਭੋਗਿਆ ਹੈ। ਇਸ ਲਈ ਇਹਨੂੰ ਦੇਖਿਆ ਤੇ ਘੋਖਿਆ ਹੈ, ਹੋਰਨਾਂ ਸਾਹਿਤ ਸੱਭਿਆਚਾਰਾਂ ਤੇ ਹੋਰਨਾਂ ਖ਼ੇਤਰਾਂ ਦੇ ਮੇਰੇ ਗਿਆਨ ਤੇ ਅਨੁਭੂਤੀ ਦੇ ਧਰਾਤਲ ਉੱਤੇ ਖੜ੍ਹ ਕੇ। ਇਸ ਸੰਦਰਭ ਵਿੱਚ, ਇੱਥੇ ਮੈਂ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਨੂੰ ਹੱਥ ਇੱਕ ਮਾਡਲ ਪੇਸ਼ ਕਰ ਰਿਹਾ ਹਾਂ। ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਸ ਭ੍ਰਿਸ਼ਟਾਚਾਰ ਦੀ ਜੜ੍ਹ ਹੈ: ਜਾਗੀਰੂ ਤੇ ਰਾਜਸ਼ਾਹੀ ਕਦਰਾਂ ਕੀਮਤਾਂ ਦੀ ਰਹਿੰਦ-ਖੂਹੰਦ ਤੇ ਗ਼ਲਾਮੀ ਦੇ ਸਦੀਆਂ ਲੰਬੇ ਇਤਿਹਾਸ ‘ਚੋਂ ਉਪਜੀ ਮਾਨਸਿਕਤਾ। ਪੰਜਾਬੀ ਬੰਦੇ ਦਾ ਇਹ ਮਾਲਕ-ਨੌਕਰ ਵਾਲਾ ਦੋਹਰਾ ਕਿਰਦਾਰ ਰੋਜ਼ਾਨਾ ਜਿੰLਦਗੀ ਦੇ ਹਰ ਖ਼ੇਤਰ ਦੇ ਵੱਖ ਵੱਖ ਪਹਿਲੂਆਂ ਵਿੱਚ ਉਜਾਗਰ ਹੁੰਦਾ ਹੈ। ਮਿਸਾਲ ਵਜੋਂ, ਆਪਣੇ ਮਾਤਹਿਤਾਂ ਜਾਂ ਨੀਂਵਿਆਂ ਨਾਲ ਨਜਿੱਠਦਿਆਂ ਉਹਦੇ ਸਿਰ ਉੱਪਰ ਰਾਜਸ਼ਾਹੀ ਕਲਗੀ ਝੁੱਲਣ ਲੱਗਦੀ ਹੈ, ਤੇ ਉੱਪਰਲਿਆਂ ਸਾਹਮਣੇ ਉਹਦੀ ਪਿੱਠ ‘ਤੇ ਪੂਛ ਉੱਗ ਆਉਂਦੀ ਹੈ, ਤੇ ਲਿਫ਼ ਲਿਫ਼ ਜਾਂਦਾ ਹੈ। ਜਾਗੀਰੂ ਤੇ ਰਾਜਸ਼ਾਹੀ ਕਦਰਾਂ ਕੀਮਤਾਂ ਦੀ ਰਹਿੰਦ ਖੂਹੰਦ ਤੇ ਗ਼ਲਾਮੀ ਦੇ ਸਦੀਆਂ ਲੰਬੇ ਇਤਿਹਾਸ ‘ਚੋਂ ਉਪਜੀ ਇਹ ਮਾਨਸਿਕਤਾ ਇੱਕ ਰੋਗ ਨੂੰ ਜਨਮ ਦਿੰਦੀ ਹੈ, ਜਿਸ ਨੂੰ ਮੈਂ ‘ਕਲਗੀਪੂਛ ਸੋਚ’ ਕਹਿੰਦਾ ਹਾਂ; ਸੰਖੇਪਤਾ ਹਿੱਤ ਸਿਰਫ਼ ‘ਕਲਗੀ ਸੋਚ’ ਕਹਿ ਸਕਦੇ ਹਾਂ।

ਇਹ ‘ਕਲਗੀ ਸੋਚ’ ਰੋਗ ਵੱਖ ਵੱਖ ਖੇਤਰਾਂ ਵਿੱਚ ਭਿੰਨ ਭਿੰਨ ਰੂਪਾਂ (ੜਅਰਿਅਨਟਸ) ਵਿੱਚ ਫ਼ੈਲ ਕੇ ਉਨ੍ਹਾਂ ਖੇਤਰਾਂ ਵਿੱਚ ਬੰਦਿਆਂ ਦੇ ਸੁਭਾਵਾਂ ਨੂੰ ਬੜੇ ਨਿਸ਼ਤਿਤ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਖੇਤਰ ਭਾਵੇਂ ਕੋਈ ਵੀ ਹੋਵੇ, ਕੁਝ ਪ੍ਰਭਾਵ ਉਚ ਪੱਧਰ ‘ਤੇ ਇੱਕ ਜਿਹੇ ਜਾਂ ਸਾਂਝੇ ਲੱਛਣਾਂ ਵਿੱਚ ਪ੍ਰਗਟ ਹੁੰਦੇ ਨੇ, ਜਿਵੇਂ: (1) ਸੋਚ ਦਾ ‘ਤਰਕ’ ਦੀ ਬਜਾਏ ਹੋਰ ਚੀਜ਼ਾਂ ‘ਤੇ ਆਧਾਰਿਤ ਹੋਣਾ, ਮਿਸਾਲ ਵਜੋਂ ਵਿਸ਼ਵਾਸ, ਪਸੰਦ, ਹਿੱਤ-ਪੂਰਤੀ ਆਦਿ; (2) ਸੋਚ ਦਾ ਭਵਿੱਖਮੁਖੀ ਦੀ ਥਾਂ ਭੂਤਮੁਖੀ ਹੋਣਾ, ਤੇ (3) ਅੱਜ ਦੇ ਮਸਲਿਆਂ ਸੰਗ ਨਜਿੱਠਦਿਆਂ ਵਿਗਿਆਨਕ ਸੋਚ/ਵਿਧੀ ਅਪਨਾਉਣ ਦੀ ਥਾਂ ਭੂਤ ਦੀਆਂ ਹਸਤੀਆਂ ਤੇ ਵਿਚਾਰਧਾਰਾਵਾਂ ‘ਚੋਂ ਸੇਧਾਂ ਲੱਭਣਾ। ਇਹ ਆਮ ਲੱਛਣ ਖਾਸ ਖੇਤਰਾਂ ਵਿੱਚ ਉਤਰਦੇ ਉਤਰਦੇ ਉਨ੍ਹਾਂ ਖੇਤਰਾਂ ਨਾਲ ਸਬੰਧਿਤ ਖ਼ਾਸ ਅਲਾਮਤਾਂ ਦਾ ਰੂਪ ਧਾਰ ਜਾਂਦੇ ਨੇ, ਜਿਵੇਂ ਕਵਿਤਾ ਦੇ ਖੇਤਰ ਵਿੱਚ ‘ਕਲਗੀ ਸੋਚ’ ਰੋਗ ਦੀਆਂ ਅਲਾਮਤਾਂ ਇਸ ਲੇਖ ਵਿੱਚ ਪੇਸ਼ ਕੀਤੀਆਂ ਗਈਆਂ ਨੇ।

ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ, ‘ਕਲਗੀ ਸੋਚ’ ਰੋਗ ਦੇ ਲੱਛਣ ਜਾਂ ਅਲਾਮਤਾਂ ‘ਸਾਹਿਤਕ ਭ੍ਰਿਸ਼ਟਾਚਾਰ’ ਲਈ ਮਾਹੌਲ ਪੈਦਾ ਕਰਦੀਆਂ ਨੇ, ਜੋ ਭਰਪੂਰ ਹੁੰਦਾ ਹੈ ਵੱਖ ਵੱਖ ਸਾਹਿਤਕ ਖੇਤਰਾਂ ਵਿੱਚ ਭਿੰਨ ਭਿੰਨ ਖ਼ਾਸ ਅਲਾਮਤਾਂ ਦੇ ਕਾਰਿਆਂ ਨਾਲ। ਅਜਿਹੇ ਮਾਹੌਲ ਵਿੱਚ ਨਿੱਜੀ ਤੇ ਜਥੇਬੰਦਕ ਪੱਧਰ ‘ਤੇ ਕੀਤੇ ਕੁਝ ਭ੍ਰਿਸ਼ਟ ਕਾਰੇ ਆਮ `ਤੇ ਜਾਇਜ਼ ਹੀ ਨਹੀਂ ਲੱਗਦੇ, ਸਗੋਂ ਇਹ ਮਾਹੌਲ ਅਜਿਹੇ ਕਾਰਿਆਂ ਲਈ ਉਤਸ਼ਾਹ ਤੇ ਉਕਸਾਹਟ ਵੀ ਪੈਦਾ ਕਰਦਾ ਹੈ। ਇੰਝ ਇਹ ਮਾਹੌਲ ਬਹੁ-ਦਿਸ਼ਾਵੀ ‘ਸਾਹਿਤਕ ਭ੍ਰਿਸ਼ਟਾਚਾਰ’ ਦਾ ਥੋਕ ਵਿੱਚ ਉਤਪਾਦਨ ਕਰਦਾ ਹੈ।

ਮੁੱਕਦੀ ਗੱਲ, ਪੰਜਾਬੀ ਵਿੱਚ ਸਾਹਿਤਕ ਭ੍ਰਿਸ਼ਟਾਚਾਰ ਦੀ ਜੜ੍ਹ ਪੁੱਟਣ ਲਈ ਪੰਜਾਬੀ ਸਾਹਿਤ ਵਿੱਚ ਰੇਨੇਸਾਂਸੀ ਕਿਸਮ ਦੀ ਜਾਗ੍ਰਿਤੀ ਲਹਿਰ ਦੀ ਜ਼ਰੂਰਤ ਹੈ, ਜਿਸ ਦੌਰਾਨ (1) ਅੱਜ ਦੇ ਗਿਆਨ ਤੇ ਹਕੀਕਤ ਦੀ ਰੌਸ਼ਨੀ ਵਿੱਚ ਮੱਧਯੁੱਗੀ ਪੰਜਾਬੀ ਸਾਹਿਤ ਦਾ ਖ਼ਾਸ ਕਰਕੇ ਤੇ ਉਹਤੋਂ ਬਾਅਦ ਦੇ ਪੰਜਾਬੀ ਸਾਹਿਤ ਦਾ ਆਮ ਕਰ ਕੇ ਪੁਨਰ-ਮੁਲੰਕਣ ਹੋਵੇ; ਤਰਕ ਦੇ ਆਧਾਰ ‘ਤੇ, ਨਾ ਕਿ “ਵਾਹ ਵਾਹ”, ਸ਼ਰਧਾ ਤੇ ਵਿਆਕਤੀ-ਪੂਜਾ ਦੇ ਅਸਰ ਹੇਠ ਆ ਕੇ; (2) ਆਧੁਨਿਕ ਯੁੱਗ ਦੇ ਗਿਆਨ ਤੇ ਵਿਗਿਆਨਕ ਸੋਚ ਦੇ ਹਾਣ ਦੇ ਸਾਹਿਤਕ ਆਲੋਚਨਾ ਦੇ ਪੈਮਾਨੇ ਤੇ ਮਾਪ-ਦੰਡ ਮਿੱਥੇ ਜਾਣ; (3) ਕੁਝ ਧੁਰੋਂ ਵਾਸਤਵਿਕ ਮੰਨੀਆਂ ਜਾਂਦੀਆਂ ਜਾਗੀਰੂ ਧਾਰਨਾਵਾਂ ਦਾ ਖੰਡਨ ਕੀਤਾ ਜਾਵੇ, ਉਨ੍ਹਾਂ ਦੀ ਤਰਕ ਨਾਲ ਚੀਰਫ਼ਾੜ ਕਰਕੇ, ਜਿਵੇਂ ਕਿ ਪੰਜਾਬ ਦੀ ਹੋਣੀ ਤੇ ਪੰਜਾਬੀ ਬੰਦੇ ਦੀ ਪਹਿਚਾਣ ਜ਼ਮੀਨ ਨਾਲ ਬੱਧੀ ਹੋਈ ਹੈ। ਇਹ ਧਾਰਨਾ ਜਿੱਥੇ ਪੰਜਾਬ ਦੀ ਮਜ਼ਦੂਰ ਜਮਾਤ ਦੇ ਮੂੰਹ ‘ਤੇ ਚਪੇੜ ਮਾਰਦੀ ਹੈ, ਉੱਥੇ ਹੀ ਪੰਜਾਬ ਦੀ ਬਹੁ-ਦਿਸ਼ਾਵੀ ਪ੍ਰਗਤੀ ਦੇ ਸੰਕਲਪ ‘ਤੇ ਜਾਗੀਰੂ ਫ਼ੁੱਲ ਸਟਾਪ ਵੀ ਲਾ ਦਿੰਦੀ ਹੈ।

ਦੂਜੇ ਸ਼ਬਦਾਂ ਵਿੱਚ, ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਨੂੰ ਬਰੇਕਾਂ ਲਾਉਣ ਲਈ ਪੰਜਾਬੀ ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ਛਾਏ ਛੂਤਛਾਤ ਦੇ ਰੋਗ ‘ਕਲਗੀ ਸੋਚ’ ‘ਤੇ ਕਾਬੂ ਪਾ ਕੇ ਇਹਨੂੰ ਖ਼ਤਮ ਕਰਨਾ ਪਵੇਗਾ।

Leave a Reply

Your email address will not be published. Required fields are marked *