ਪਰਮਜੀਤ ਢੀਂਗਰਾ
ਫੋਨ: +91 94173-58120
ਭਾਰਤੀ ਭਾਸ਼ਾਵਾਂ ਵਿੱਚ ਬਹੁਤ ਸਾਰੇ ਸ਼ਬਦ, ਜੋ ਨੀਵੇਂ ਦਰਜੇ ਦੇ ਭਾਵ ਰਖਦੇ ਸਨ, ਬਸਤੀਵਾਦੀ ਕਾਲ ਵਿੱਚ ਸਾਡੀਆਂ ਭਾਸ਼ਾਵਾਂ ਵਿੱਚ ਦਾਖਲ ਹੋਏ। ਇਨ੍ਹਾਂ ਵਿੱਚੋਂ ਇਕ ਸ਼ਬਦ ‘ਕੁਲੀ’ ਹੈ। ਫ਼ਾਰਸੀ ਕੋਸ਼ਾਂ ਵਿੱਚ ਇਹਦੇ ਅਰਥ ਗੁਲਾਮ, ਨੌਕਰ ਕੀਤੇ ਗਏ ਹਨ। ਪੰਜਾਬੀ ਨਿਰੁਕਤ ਕੋਸ਼ ਅਨੁਸਾਰ: ਕੁਲੀ= ਮੁਸਾਫਰਾਂ ਦਾ ਭਾਰ ਉਠਾਉਣ ਵਾਲਾ ਮਜ਼ਦੂਰ ਅੰਗ। Coolie ਸੰਭਵ ਤੌਰ ’ਤੇ ਕੋਲੀ (ਇਕ ਆਦਮ ਜਾਤ ਦਾ ਬੰਦਾ)। ਅਰਬੀ ਕੋਸ਼ ਅਨੁਸਾਰ: ਤੁਰਕੀ= ਕੁਲੀ, ਗੁਲਾਮ, ਦਾਸ, ਮਜ਼ਦੂਰ, ਬੋਝਾ-ਚੁਕ, ਭਾਰ ਢੋਣ ਵਾਲਾ, ਰੇਲਵੇ ਸਟੇਸ਼ਨਾਂ ’ਤੇ ਬੋਝਾ ਬਿਸਤਰਾ ਚੁਕ ਕੇ ਗੱਡੀ ਵਿੱਚ ਚੜ੍ਹਾਉਣ ਤੇ ਲਾਹੁਣ ਵਾਲਾ। ਮਹਾਨ ਕੋਸ਼ ਵਿੱਚ ਵੀ ਅਜਿਹੇ ਅਰਥ ਕੀਤੇ ਗਏ ਹਨ। ਨਵੇਂ ਮਹਾਨ ਕੋਸ਼ ਵਿੱਚ ਤੁਰਕੀ ਫਾਰਸੀ ਦੇ ਗੁਲਾਮ, ਮਜ਼ਦੂਰ, ਸਮਾਨ ਉਠਾਉਣ ਵਾਲਾ ਅਰਥ ਕੀਤੇ ਗਏ ਹਨ। ਪੰਜਾਬੀ ਕੋਸ਼ਾਂ ਵਿੱਚ ਵੀ ਲਗਪਗ ਅਜਿਹੇ ਅਰਥ ਹੀ ਮਿਲਦੇ ਹਨ। ਭਾਰਤੀ ਭਾਸ਼ਾਵਾਂ ਵਿੱਚ ਸਟੇਸ਼ਨਾਂ ਅਤੇ ਅੱਡਿਆਂ ਉਤੇ ਸਮਾਨ ਢੋਣ ਵਾਲੇ ਦੇ ਤੌਰ ’ਤੇ ਇਹ ਸਾਂਝਾ ਸ਼ਬਦ ਹੈ, ਜਿਸਦਾ ਭਾਵ ਹੈ- ਉਹ ਮਜ਼ਦੂਰ, ਜੋ ਇਨ੍ਹਾਂ ਥਾਂਵਾਂ ’ਤੇ ਸਮਾਨ ਢੋਂਦਾ ਹੈ। ਕਿਸੇ ਸਮੇਂ ਬ੍ਰਿਟਿਸ਼ ਸਾਮਰਾਜਵਾਦੀ ਨੀਤੀ ਦਾ ਨਫਰਤ ਭਰਿਆ ਵਿਹਾਰ ਇਸ ਵਿੱਚੋਂ ਝਲਕਦਾ ਸੀ। ਸਾਰੀਆਂ ਬ੍ਰਿਟਿਸ਼ ਤੇ ਫਰੈਂਚ ਬਸਤੀਆਂ ਵਿੱਚ ਮੂਲ ਨਿਵਾਸੀਆਂ ਲਈ ਅੰਗਰੇਜ਼ ਕੁਲੀ ਸ਼ਬਦ ਵਰਤਦੇ ਸਨ। ਅੰਗਰੇਜ਼ੀ, ਪੁਰਤਗਾਲੀ ਤੋਂ ਇਲਾਵਾ ਤੁਰਕੀ, ਚੀਨੀ, ਵਿਅਤਨਾਮੀ, ਬਰਮੀ ਆਦਿ ਭਾਸ਼ਾਵਾਂ ਵਿੱਚ ਵੀ ਇਹ ਵਰਤਿਆ ਜਾਂਦਾ ਹੈ।
ਹਾਲਾਂਕਿ ਇਹ ਸ਼ਬਦ ਭਾਰਤੀ ਮੂਲ ਦਾ ਹੈ, ਪਰ ਇਹ ਯੂਰਪ ਵਾਸੀਆਂ ਦੀ ਦੇਣ ਹੈ। ਆਰੀਆ ਭਾਸ਼ਾ ਪਰਿਵਾਰ ਦਾ ਨਾ ਹੋ ਕੇ ਇਹ ਦਰਾਵੜ ਭਾਸ਼ਾ ਪਰਿਵਾਰ ਦਾ ਹੈ। ਇਹ ਤਾਮਿਲ ਮੂਲ ਦਾ ਸ਼ਬਦ ਹੈ ਤੇ ਕੰਨੜ ਵਿੱਚ ਵੀ ਬੋਲਿਆ ਜਾਂਦਾ ਹੈ। ਇਨ੍ਹਾਂ ਦੋਹਾਂ ਭਾਸ਼ਾਵਾਂ ਵਿੱਚ ਇਹਦਾ ਉਚਾਰਣ ‘ਕੂਲਿ’ ਦੇ ਰੂਪ ਵਿੱਚ ਹੁੰਦਾ ਹੈ, ਜਿਸਦਾ ਅਰਥ ਹੈ– ਉਹ ਮਜ਼ਦੂਰ ਅਥਵਾ ਦਾਸ, ਜੋ ਮਿਹਨਤ ਦੇ ਬਦਲੇ ਪੈਸੇ ਲੈਂਦਾ ਹੈ। ਗੁਜਰਾਤ ਦੇ ਤੱਟਵਰਤੀ ਇਲਾਕੇ ਵਿੱਚ ਇਕ ਆਦਮ ਜਨਜਾਤੀ ਦਾ ਵੀ ਇਹੀ ਨਾਂ ਹੈ। ਤਕਰੀਬਨ ਪੰਜ ਹਜ਼ਾਰ ਵਰ੍ਹੇ ਪਹਿਲਾਂ ਦਰਾਵੜ ਭਾਸ਼ਾਵਾਂ ਦਾ ਵਿਸਥਾਰ ਉਤਰ-ਪੱਛਮੀ ਭਾਰਤ ਤੱਕ ਸੀ ਤੇ ਆਪਸੀ ਸੰਪਰਕ ਕਰਕੇ ਇਹ ਸ਼ਬਦ ਇਥੋਂ ਤੁਰਕੀ ਵਿੱਚ ਗਿਆ ਹੋਵੇਗਾ, ਜਿਥੇ ਇਹਦਾ ਰੂਪ ਬਣਿਆ– ‘ਕੁਲੑ’ ਭਾਵ ਦਾਸ; ਤੇ ਇਥੋਂ ਹੀ ਇਹ ਅਰਬੀ-ਫ਼ਾਰਸੀ ਵਿੱਚ ਜਾ ਕੇ ਕੁਲੀ ਬਣ ਗਿਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸੋਲ੍ਹਵੀਂ ਸਦੀ ਦੇ ਨੇੜੇ-ਤੇੜੇ ਪੁਰਤਗਾਲੀਆਂ ਨੇ ਜਦੋਂ ਭਾਰਤ ਦੇ ਦੱਖਣੀ ਤੱਟ ’ਤੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਹ ਇਸ ਸ਼ਬਦ ਦੇ ਸੰਪਰਕ ਵਿੱਚ ਆਏ। ਪੁਰਤਗਾਲੀਆਂ ਤੋਂ ਬਾਅਦ ਫਰਾਂਸੀਸੀਆਂ ਨੇ ਇਹ ਸ਼ਬਦ ਲਿਆ। ਸਤਾਰਵੀਂ ਸਦੀ ਤੱਕ ਯੂਰਪੀ ਲੋਕ ਇਸਨੂੰ ਅਪਨਾ ਚੁੱਕੇ ਸਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਕੁਲੀ ਸ਼ਬਦ ਚੀਨੀ ਭਾਸ਼ਾ ਦੇ ਸ਼ਬਦ ‘ਕੂ-ਲਿ’ ਤੋਂ ਬਣਿਆ ਹੈ, ਜਿਸਦਾ ਅਰਥ ਹੈ- ਸਖਤ ਮਿਹਨਤ। ਜਦੋਂ ਯੂਰਪੀ ਚੀਨ ਵਿੱਚ ਗਏ ਤਾਂ ਇਹਦੇ ਅਰਥ ਹੀਣਤਾ ਗ੍ਰਹਿਣ ਕਰ ਗਏ। ਸਵੈ-ਸਨਮਾਨ ਨਾਲ ਮਿਹਨਤ ਕਰਨ ਦੀ ਥਾਂ ਇਹ ਗੁਲਾਮੀ ਦਾ ਬੋਝਾ ਢੋਣ ਵਾਲੇ ਅਰਥ ਗ੍ਰਹਿਣ ਕਰ ਗਿਆ। ਹੌਲੀ ਹੌਲੀ ਇਹ ਸ਼ਬਦ ਦੱਖਣੀ ਏਸ਼ੀਆਈ ਦੇਸ਼ਾਂ ਦੇ ਉਨ੍ਹਾਂ ਮਿਹਨਤਕਸ਼ਾਂ ਲਈ ਰੂੜ੍ਹ ਹੋ ਗਿਆ, ਜਿਨ੍ਹਾਂ ਨੂੰ ਮਜਬੂਰੀ ਵਸ ਵਿਦੇਸ਼ੀ ਹਾਕਮਾਂ ਲਈ ਖੂਨ ਪਸੀਨਾ ਵਹਾਉਣਾ ਪੈਂਦਾ ਸੀ। ਪੁਰਤਗਾਲੀਆਂ ਰਾਹੀਂ ਅੰਗਰੇਜ਼ੀ ਵਿੱਚ ਗਿਆ ਇਹ ਸ਼ਬਦ ਹੌਲੀ ਹੌਲੀ ਸਫਰ ਕਰਦਾ ਬ੍ਰਿਟਿਸ਼ ਬਸਤੀਆਂ ਜਿਵੇਂ ਚੀਨ, ਭਾਰਤ, ਬਰਮਾ, ਵੀਅਤਨਾਮ, ਤਾਇਵਾਨ ਤੇ ਦੱਖਣੀ ਅਫਰੀਕਾ ਵਿੱਚ ਜਾ ਪਹੁੰਚਿਆ।
ਭਾਰਤੀ ਭਾਸ਼ਾਵਾਂ ਵਿੱਚ ਕੁਲੀਗੀਰੀ ਸ਼ਬਦ ਵੀ ਪ੍ਰਚਲਤ ਹੈ। ਅਠਾਰਵੀਂ ਸਦੀ ਦੇ ਅਰੰਭ ਵਿੱਚ ਅੰਗਰੇਜ਼ਾਂ ਨੇ ਸਸਤੇ ਮਜਦੂਰਾਂ ਤੇ ਰੂਪ ਵਿੱਚ ਦੂਰ-ਦੁਰਾਡੇ ਦੀਆਂ ਆਪਣੀਆਂ ਬਸਤੀਆਂ ਵਿੱਚ ਇਨ੍ਹਾਂ ਕੁਲੀਆਂ ਨੂੰ ਮੋਰੇਸ਼ੀਅਸ, ਅਮਰੀਕਾ, ਕੈਨੇਡਾ ਤੱਕ ਢੋਇਆ ਤੇ ਇਹ ਸ਼ਬਦ ਸਾਰੀ ਦੁਨੀਆਂ ਵਿੱਚ ਫੈਲ ਗਿਆ। ਆਮ ਤੌਰ ’ਤੇ ਦੱਖਣੀ ਅਫਰੀਕਾ, ਗੁਆਨਾ, ਫੀਜ਼ੀ, ਮੋਰੇਸ਼ੀਅਸ ਤੇ ਟ੍ਰਿਨੀਡਾਡ ਵਰਗੀਆਂ ਅੰਗਰੇਜ਼ੀ ਬਸਤੀਆਂ ਵਿੱਚ ਭਾਰਤੀ ਮਜਦੂਰਾਂ/ਕਰਮਚਾਰੀਆਂ ਦੀ ਕੁਲੀ ਵਜੋਂ ਨਿਖਿਧ ਪਛਾਣ ਹੁੰਦੀ ਸੀ। ਜਦੋਂ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਦੀ ਯਾਤਰਾ ’ਤੇ ਗਏ ਤਾਂ ਪ੍ਰੀਟੋਰੀਆ, ਜੋਹਨਸਬਰਗ ਵਿੱਚ ਉਨ੍ਹਾਂ ਨੂੰ ਕੁਲੀ ਬੈਰਿਸਟਰ ਕਿਹਾ ਜਾਂਦਾ ਸੀ। ਬ੍ਰਿਟਿਸ਼ ਬਸਤੀਵਾਦੀ ਦੇਸ਼ਾਂ ਵਿੱਚ ਜਦੋਂ ਭਾਰਤੀ ਦਿਵਾਲੀ, ਮੁਹੱਰਮ ਜਾਂ ਈਦ ਮਨਾਉਂਦੇ ਸਨ, ਉਨ੍ਹਾਂ ਨੂੰ ‘ਕੁਲੀ ਕਾਰਨੀਵਲ’ ਕਿਹਾ ਜਾਂਦਾ ਸੀ। ਇਸ ਤਰ੍ਹਾਂ ਇਹ ਸ਼ਬਦ ਅੱਜ ਵੀ ਬਸਤੀਵਾਦੀ ਰਹਿੰਦ-ਖੂੰਹਦ ਦਾ ਪ੍ਰਤੀਕ ਹੈ।