“ਸਮੇਂ ਦੇ ਗੇੜ ਨਾਲ ਸੱਤਾਧਾਰੀਆਂ ਨੇ ਕਈ ਚੋਲੇ ਬਦਲੇ, ਪਰ ਹਾਕਮਾਂ ਦਾ ਖ਼ਾਸਾ ਨਹੀਂ ਬਦਲਿਆ।” ਇਹ ਸ਼ਬਦ ਬੜੇ ਗਹਿਰ-ਗੰਭੀਰ ਹਨ। ਭਾਰਤੀ ਆਵਾਮ ਦੂਹਰੀ ਮਾਰ ਹੇਠ ਹੈ। ਵੱਡੇ ਪੂੰਜੀਪਤੀਆਂ (ਸਥਾਨਕ ਤੇ ਵਿਦੇਸ਼ੀ) ਦੀ ਅੱਖ ਜਲ, ਜੰਗਲ ਤੇ ਜ਼ਮੀਨ ਉੱਪਰ ਹੈ। ਨਾਲ ਦੀ ਨਾਲ ਧਾਰਮਿਕ, ਨਸਲੀ ਤੇ ਭਾਸ਼ਾਈ (ਐੱਥਨਿਕ) ਘੱਟ-ਗਿਣਤੀ ਸਮੂਹਾਂ ਨੂੰ ਉਨ੍ਹਾਂ ਦੀ ਦੁਜੈਲੀ ਤੇ ਅਧੀਨਗੀ ਵਾਲੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਮਨੀਪੁਰ ਦੀਆਂ ਘਟਨਾਵਾਂ ਇਸ ਦੀ ਤਾਜ਼ਾ ਮਿਸਾਲ ਹੈ। ਨਫ਼ਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਪ੍ਰਦਾਈ ਤਾਕਤਾਂ ਦੇਸ਼ ਦੇ ਫ਼ੈੱਡਰਲ ਸਰੂਪ, ਸੈਕੂਲਰ ਸੰਵਿਧਾਨ, ਲੋਕਤੰਤਰਿਕ ਸੰਸਥਾਵਾਂ, ਬਹੁ-ਰੰਗੇ ਸੱਭਿਆਚਾਰ, ਤਰਕਸ਼ੀਲ ਪਰੰਪਰਾਵਾਂ ਅਤੇ ਸਹਿਹੋਂਦ-ਮੂਲਕ ਸਾਂਝੀ ਸੰਸਕ੍ਰਿਤੀ ਨੂੰ ਗਿਣ-ਮਿਥ ਕੇ ਢਾਹ ਲਾ ਰਹੀਆਂ ਹਨ। ਇਹ ਵਿਚਾਰ ਪੇਸ਼ ਕਰਦਿਆਂ ਡਾ[ ਸੁਖਦੇਵ ਸਿੰਘ ਸਿਰਸਾ ਨੇ ਲਿਿਖਆ ਹੈ ਕਿ ‘ਹਿੰਦੁਤਵੀ ਰਾਸ਼ਟਰਵਾਦ’ ਦਾ ਰਾਜਸੀ ਏਜੰਡਾ ਦੇਸ਼ ਦੇ ਫ਼ੈੱਡਰਲ ਢਾਂਚੇ ਅਤੇ ਸੰਵਿਧਾਨ ਦੇ ਸੈਕੂਲਰ ਸਰੂਪ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੱਤਾਧਾਰੀ ਧਿਰ ਪਹਿਲਾਂ ਨਾਲੋਂ ਵੱਧ ਸਿਆਣੀ, ਚਲਾਕ, ਖਚਰੀ ਅਤੇ ਬੇਈਮਾਨ ਹੋ ਗਈ ਹੈ।[[[
ਸੁਖਦੇਵ ਸਿੰਘ ਸਿਰਸਾ
ਮਨ ਚਾਹੇ ਮਹਿਬੂਬ ਕੋ, ਤਨ ਚਾਹੇ ਸੁਖ ਚੈਨ
ਦੋਇ ਰਾਜੇ ਕੀ ਸੀਧ ਮੇਂ, ਕੈਸੇ ਬਣੇ ਹੁਸੈਨ।
ਇਹ ਬੋਲ ਸੋਲ੍ਹਵੀਂ ਸਦੀ ਦੇ ਪੰਜਾਬੀ ਸੂਫ਼ੀ ਕਵੀ ਸ਼ਾਹ ਹੁਸੈਨ ਦੇ ਹਨ, ਜੋ ਲਾਹੌਰ ਦੇ ਹਾਕਮਾਂ ਤੇ ਅੰਧ-ਧਰਮੀ ਮੁਲਾਣਿਆਂ ਦੀਆਂ ਅੱਖਾਂ ’ਚ ਰੜਕਦਾ ਸੀ। ਅੱਲ੍ਹਾ ’ਤੇ ਅਕੀਦਾ ਰੱਖਣ ਵਾਲਾ ਮੁਸਲਮਾਨ, ਪਰ ਪਾਖੰਡੀ ਮੁਲਾਣਿਆਂ ਦੀ ਸ਼ਰ੍ਹਾ ਤੋਂ ਬਾਗ਼ੀ। ਰਾਜ-ਧਰਮ ਤੇ ਆਪਣੇ ਇਨਸਾਨੀ ਫ਼ਰਜ਼ਾਂ ਤੋਂ ਬੇਮੁੱਖ ਹੋਏ ਵਿਲਾਸੀ ਹਾਕਮਾਂ ਨੂੰ ਉਹ ਆਪਣੇ ਸੂਫ਼ੀ ਕਲਾਮ ਵਿੱਚ ਕਰੜੇ-ਹੱਥੀਂ ਲੈਂਦਾ ਸੀ। ਇਸੇ ਲਈ ਸ਼ਾਹੀ ਦਰਬਾਰ ਦਾ ਸੂਹੀਆ ‘ਮੁਨਸ਼ੀ ਬਹਾਰ ਖ਼ਾਂ’ ਉਹਦੀ ਕੀਤੀ-ਕੱਤਰੀ ਦਾ ਲੇਖਾ ਹੁਕਮਰਾਨਾਂ ਦੇ ਪਿਆਦਿਆਂ ਤੱਕ ਅਪੜਾਉਂਦਾ। ਲਾਹੌਰ ਦੇ ਕੋਤਵਾਲ ਤੇ ਸ਼ਾਹੀ-ਜੋੜ ਵਾਲੇ ਮੁਲਾਣਿਆਂ ਨੇ ਸਮਝਾਇਆ ਵੀ, ਦਬਕਾਇਆ ਵੀ ਤੇ ਕਈ ਵਾਰ ਜੇਲ੍ਹੀਂ ਡੱਕਿਆ, ਪਰ ਉਹ ਬਾਜ਼ ਨਾ ਆਇਆ; ਮੁਲਾਮਤੀ ਹੋ ਕੇ ਮਦਰਾ-ਪਾਨ ਕਰਨ ਤੇ ਸਰੇ-ਬਾਜ਼ਾਰ ਨੱਚਣ ਗਾਉਣ ਲੱਗਿਆ। ਪੰਜਾਬ ਦੇ ਲੋਕ-ਨਾਇਕ ਤੇ ਅਕਬਰ ਤੋਂ ਬਾਗ਼ੀ ਦੁੱਲੇ ਭੱਟੀ ਨਾਲ ਸ਼ਾਹ ਹੁਸੈਨ ਤੇ ਉਸ ਦੀ ਟੋਲੀ ਦੇ ਮਲੰਗਾਂ ਦੀ ਗੂੜ੍ਹੀ ਨੇੜਤਾ ਸੀ। ਸੂਫ਼ੀ ਸ਼ਾਹ ਹੁਸੈਨ ਨਾਬਰ ਜ਼ਿਹਨ ਵਾਲਾ ਕਵੀ ਸੀ; ਉਹ ਸਾਮੰਤਸ਼ਾਹੀ ਤੇ ਉਸ ਦੇ ਲੋਕ-ਵਿਰੋਧੀ ਨਿਜ਼ਾਮ ਦੇ ਰਖਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਉਂਦਾ ਸੀ- ਉਹ ਆਪਣੇ ਕਲਾਮ ਦੇ ‘ਸਾਚੀ ਸਾਖੀ ਕਹੇ ਹੁਸੈਨਾ’ ਹੋਣ ਦਾ ਦਾਅਵਾ ਕਰਦਾ ਸੀ। ਬੇਖ਼ੌਫ਼ ਤੇ ਦਬੰਗ ਸ਼ਾਹ ਹੁਸੈਨ ਉਨ੍ਹਾਂ ਲੋਕਾਂ ਤੋਂ ਵੱਖਰਾ ਸੀ, ਜਿਨ੍ਹਾਂ ਦਾ ਤਨ ਤੇ ਮਨ ਰਾਜ-ਸ਼ਾਹੀ ਦੀ ਵਿਚਾਰਧਾਰਾ ਦੀ ਰਾਮਕਾਰ ਦਾ ਕੈਦੀ ਸੀ।
ਸ਼ਾਹ ਹੁਸੈਨ ਨੂੰ ਗੁਜ਼ਰੇ ਚਾਰ ਸਦੀਆਂ ਬੀਤ ਗਈਆਂ। ਉਸ ਦੇ ਕਬੀਲੇ ਦੇ ਅਨੇਕਾਂ ਬਾਗ਼ੀ ਵੇਲੇ ਵੇਲੇ ਆਪਣੀ ਪਾਰੀ ਖੇਡ ਗਏ, ਮੌਤ ਨੂੰ ਮਸ਼ਕਰੀਆਂ ਕਰ ਗਏ। ਸਮੇਂ ਦੇ ਗੇੜ ਨਾਲ ਸੱਤਾਧਾਰੀਆਂ ਨੇ ਕਈ ਚੋਲੇ ਬਦਲੇ, ਪਰ ਹਾਕਮਾਂ ਦਾ ਖ਼ਾਸਾ ਨਹੀਂ ਬਦਲਿਆ। ਸੱਤਾਧਾਰੀ ਧਿਰ ਪਹਿਲਾਂ ਨਾਲੋਂ ਵੱਧ ਸਿਆਣੀ, ਚਲਾਕ, ਖਚਰੀ ਅਤੇ ਬੇਈਮਾਨ ਹੋ ਗਈ ਹੈ; ਉਸ ਦੀ ਲੁੱਟ, ਦਾਬਾ (੍ਹੲਗੲਮੋਨੇ) ਅਤੇ ਹਿੰਸਾ ਵੱਧ ਸੂਖਮ ਹੋ ਗਈ ਹੈ। ਮੁਖੌਟਿਆਂ ਦੀ ਲਿਸ਼ਕ ਵੱਧ ਲੁਭਾਉਣੀ ਹੈ। ਛਲੀਆ ਬਾਜ਼ਾਰ ਮਹਿਬੂਬ ਦੇ ਦਿਲਕਸ਼ ਹੁਸਨ ਵਾਂਗ ਮਨਾਂ ਨੂੰ ਭਰਮਾਉਂਦਾ ਹੈ। ਬਾਜ਼ਾਰ ਦੀ ਚਕਾਚੌਂਧ ਤੇ ਖਪਤ ਦੀ ਅੰਨ੍ਹੀ ਲਾਲਸਾ ਨੇ ਤਨ ਦਾ ਸੁਖ ਚੈਨ ਖੋਹ ਲਿਆ ਹੈ। ਰਾਜ (ੰਟਅਟੲ), ਵਸਤਾਂ ਤੇ ਬਾਜ਼ਾਰ ਨੂੰ ਹੀ ਨਹੀਂ, ਮਨੁੱਖੀ ਚਾਹਤਾਂ ਨੂੰ ਵੀ ਨਿਰਦੇਸ਼ਤ ਜਾਂ ਕੰਟਰੋਲ ਕਰਦਾ ਹੈ। ਰਾਜ ਦੀ ਖ਼ਸਲਤ ਵੀ ਬਦਲ ਗਈ ਹੈ; ਰਾਜਾ, ਬੰਦਾ ਨਹੀਂ ਪੂੰਜੀ (ਵਿੱਤੀ ਪੂੰਜੀ) ਬਣ ਗਈ ਹੈ। ਹੁਣ ਸਾਡੀ ਕਿਸਮਤ ਦਾ ਫ਼ੈਸਲਾ ਰਾਜ (ਰਾਜਾ) ਤੇ ਉਸ ਦਾ ਦਰਬਾਰ (ਸੰਵਿਧਾਨਕ ਵਿਧੀ-ਵਿਧਾਨ) ਨਹੀਂ ਕਰਦਾ, ਪੂੰਜੀਪਤੀ ਤੇ ਉਸ ਦੀ ਵਿੱਤੀ ਪੂੰਜੀ ਕਰਦੀ ਹੈ। ਸਧਾਰਨ ਬੰਦੇ ਜਾਂ ਅਬੋਧ ਲੋਕਾਈ ਦਾ ਤਨ-ਮਨ ਉਸ ਦਾ ਨਹੀਂ, ਪੂੰਜੀ-ਬਾਜ਼ਾਰ ਦੀ ਮਾਲਕੀ ਹੋ ਗਿਆ ਹੈ। ਅਸੀਂ ਆਪਣੀਆਂ ਮਨੁੱਖੀ ਚਾਹਤਾਂ ਜਾਂ ਆਪਣੇ ਵਸੇਬੀ ਸ਼ਊਰ (ਰਹਿਤਲੀ ਗਿਆਨ) ਅਨੁਸਾਰ ਨਹੀਂ, ਬਾਜ਼ਾਰ ਤੇ ਉਪਭੋਗੀ-ਸੰਸਕ੍ਰਿਤੀ ਅਨੁਸਾਰ ਜਿਉਣ ਲਈ ਬੇਵੱਸ ਹਾਂ। ਅਸੀਂ ‘ਸਾਚੀ ਸਾਖੀ’ ਕਹਿਣ-ਸੁਣਨ ਵਾਲੇ ਹੁਸੈਨ ਕਿਵੇਂ ਬਣ ਸਕਦੇ ਹਾਂ?
ਭਾਰਤੀ ਆਵਾਮ ਦੂਹਰੀ ਮਾਰ ਹੇਠ ਹੈ। ਇੱਕ ਪਾਸੇ ਕਾਰਪੋਰੇਟ ਸੰਸਾਰ ਦਾ ਨਵ-ਉਦਾਰਵਾਦੀ ਆਰਥਿਕ ਏਜੰਡਾ ਹੈ, ਜੋ ਦੁਨੀਆਂ ਭਰ ਦੇ ਅਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਕਿਰਤਕ ਸਰੋਤਾਂ ਅਤੇ ਮਨੁੱਖੀ ਕਿਰਤ ਸ਼ਕਤੀ ਉੱਪਰ ਕਬਜ਼ਾ ਜਮਾਉਣਾ ਚਾਹੁੰਦਾ ਹੈ। ਵਿਸ਼ਵੀਕਰਨ, ਨਵ-ਉਦਾਰਵਾਦੀ ਆਰਥਿਕ ਮਾਡਲ, ਖੁੱਲ੍ਹੇ ਮੁਕਾਬਲੇ ਵਾਲੇ ਮੁਕਤ-ਬਾਜ਼ਾਰ ਆਦਿ ਦੇ ਲੁਭਾਉਣੇ ਮੁਖੌਟਿਆਂ ਰਾਹੀਂ ਉਹ ਆਪਣੀ ਆਵਾਰਾ ਵਿੱਤੀ-ਪੂੰਜੀ ਦੇ ਪਾਸਾਰ ਲਈ ਨਿੱਤ ਨਵੇਂ ਬਿਰਤਾਂਤ ਸਿਰਜਦਾ ਹੈ। ਭੂਮੰਡਲੀਕਰਨ, ਵਿਸ਼ਵ ਪੂੰਜੀਵਾਦ ਤੇ ਕਾਰਪੋਰੇਟ ਘਰਾਣਿਆਂ ਦੀ ਵਿੱਤੀ-ਪੂੰਜੀ ਦੇ ਬੇਰੋਕ-ਟੋਕ ਨਿਵੇਸ਼ ਲਈ ਨਵਾਂ ਗੁਰ-ਮੰਤਰ ਹੈ। ਹੱਦਾਂ-ਸਰਹੱਦਾਂ ਦੀਆਂ ਪਾਬੰਦੀਆਂ ਤੋਂ ਮੁਕਤ ਖੁੱਲ੍ਹੇ ਮੁਕਾਬਲੇ ਵਾਲਾ ਬਾਜ਼ਾਰ ਕਾਰਪੋਰੇਟਸ ਦੇ ਉਤਪਾਦਾਂ ਦੀ ਵਿਕਰੀ ਜਾਂ ਖਪਤ ਲਈ ਜ਼ਰੂਰੀ ਹੈ। ਵਿਸ਼ਵ ਪੂੰਜੀਪਤੀਆਂ ਜਾਂ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਦੇ ਨਿਵੇਸ਼ ਅਤੇ ਵੱਧ ਮੁਨਾਫ਼ੇ ਲਈ ਸਰਕਾਰੀ ਕੰਟਰੋਲ ਵਾਲੀ ਆਰਥਿਕਤਾ ਦੀ ਥਾਂ ਨਿੱਜੀਕਰਨ ਦਾ ਵਰਤਾਰਾ ਵਧੇਰੇ ਲਾਹੇਵੰਦਾ ਹੈ। ਰਾਸ਼ਟਰੀ ਜਾਂ ਸਰਕਾਰੀ ਕੰਟਰੋਲ ਵਾਲੀ ਆਰਥਿਕਤਾ ਅਤੇ ਸਥਾਨਕ ਲੋੜਾਂ ਮੁਤਾਬਕ ਵਿਕਾਸ ਦੇ ਮੁਕਾਬਲੇ ਕਾਰਪੋਰੇਟੀ ਵਿਕਾਸ ਮਾਡਲ ਅਸਮਾਨਤਾ ਤੇ ਆਰਥਿਕ ਪਾੜੇ ਨੂੰ ਵਧਾਉਣ ਵਾਲੇ ਹਨ। ਕਾਰਪੋਰੇਟ ਸੰਸਾਰ ਦੇ ਹਿਤਾਂ ਮੁਤਾਬਕ ਹੋ ਰਿਹਾ ਵਿਕਾਸ ਆਮ ਆਵਾਮ ਤੇ ਸਥਾਨਕ ਅਰਥਚਾਰਿਆਂ ਲਈ ਵਿਨਾਸ਼ ਤੇ ਉਜਾੜੇ ਦਾ ਕਾਰਨ ਬਣ ਰਿਹਾ ਹੈ। ਵਿਕਾਸ ਪੱਖੋਂ ਪੱਛੜੇ ਹੋਣ ਦਾ ਬਹਾਨਾ ਲਾ ਕੇ ਅੱਜ ਭਾਰਤ ਦੀਆਂ ਵੱਖ-ਵੱਖ ਜਨ-ਜਾਤੀਆਂ ਤੇ ਆਦਿ-ਵਾਸੀਆਂ ਨੂੰ ਉਜਾੜਿਆ ਜਾ ਰਿਹਾ ਹੈ। ਵੱਡੇ ਪੂੰਜੀਪਤੀਆਂ (ਸਥਾਨਕ ਤੇ ਵਿਦੇਸ਼ੀ) ਦੀ ਅੱਖ ਜਲ, ਜੰਗਲ ਅਤੇ ਜ਼ਮੀਨ ਉੱਪਰ ਹੈ। ਸਦੀਆਂ ਤੋਂ ਕੁਦਰਤ ਦੇ ਰਹਿਮੋ-ਕਰਮ ਉੱਪਰ ਜੰਗਲਾਂ ’ਚ ਵਸਦੇ ਵਣ-ਵਾਸੀਆਂ ਤੇ ਆਦਿ-ਵਾਸੀਆਂ ਨੂੰ ਮੁੱਖ ਧਾਰਾ ਦੇ ਨਾਗਰਿਕ ਬਣਾਉਣ ਤੇ ਵਿਕਾਸ ਦੇ ਭਾਗੀਦਾਰ ਬਣਾਉਣ ਦਾ ਸਰਮਾਏਦਾਰੀ ਦਾ ਹੇਜ ਕਿਸੇ ਤੋਂ ਲੁਕਿਆ ਹੋਇਆ ਨਹੀਂ। ਵਿਕਾਸ ਦੇ ਨਾਮ ਉੱਪਰ ਆਮ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਸਕੂਲ, ਕਾਲਜ, ਹਸਪਤਾਲ, ਰੇਲਵੇ, ਟਰਾਂਸਪੋਰਟ, ਹਵਾਈ ਅੱਡਿਆਂ ਤੇ ਏਅਰ ਲਾਈਨਜ਼ ਤੱਕ ਵੱਡੇ ਕਾਰੋਬਾਰੀਆਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਸਿੱਖਿਆ, ਸਿਹਤ, ਪਬਲਿਕ ਟਰਾਂਸਪੋਰਟ, ਬੈਂਕਿੰਗ ਨਾਲ ਜੁੜੇ ਅਦਾਰਿਆਂ ਦੇ ਨਿੱਜੀਕਰਨ ਨਾਲ ਰੁਜ਼ਗਾਰ ਦੇ ਖੇਤਰ/ਸਾਧਨ ਸੁੰਗੜੇ ਹਨ। ਖੇਤੀ ਤੇ ਫ਼ੂਡ ਇੰਡਸਟਰੀ ਵਿੱਚ ਕਾਰਪੋਰੇਟਾਂ ਦੀ ਪੂੰਜੀ ਦੇ ਨਿਵੇਸ਼ ਨਾਲ ਭਾਰਤ ਦੀ ਸਥਾਨਕ ਆਰਥਿਕਤਾ ਨੂੰ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਮਾਂਤ ਕਿਸਾਨ ਤੇ ਖੇਤੀ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ। ਭਾਰਤ ਦੀ ਰਵਾਇਤੀ ਖੇਤੀ ਤੇ ਸਹਿਕਾਰੀ ਖੇਤੀ ਦੀ ਥਾਂ ਸਾਡੀਆਂ ਸਰਕਾਰਾਂ ਵੱਲੋਂ ਠੇਕਾ-ਆਧਾਰਿਤ (ਕਾਰਪੋਰੇਟ ਖੇਤੀ ਮਾਡਲ) ਖੇਤੀ ਦੀ ਵਕਾਲਤ ਹੀ ਨਹੀਂ ਕੀਤੀ ਜਾ ਰਹੀ, ਸਗੋਂ ਉਸ ਪੱਖੀ ਖੇਤੀ ਕਾਨੂੰਨ ਬਣਾਏ ਜਾ ਰਹੇ ਹਨ। ਖਾਧ ਸੁਰੱਖਿਆ ਐਕਟ ਅਤੇ ਪਬਲਿਕ ਵੰਡ-ਪ੍ਰਣਾਲੀ ਨੂੰ ਤਬਾਹ ਕਰਕੇ ਵੱਡੇ ਵਪਾਰੀ ਤੇ ਕਾਰਪੋਰੇਟ ਘਰਾਣਿਆਂ ਨੂੰ ਖਾਧ ਪਦਾਰਥਾਂ ਦਾ ਜ਼ਖੀਰਾ ਕਰਨ ਤੇ ਮਨਮਰਜ਼ੀ ਦਾ ਮੁਨਾਫ਼ਾ ਕਮਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਬਾਜ਼ਾਰ ਦੀ ਮਾਰ ਜੇਬਾਂ ਨਾਲੋਂ ਵੱਧ ਸਾਡੇ ਮਨ-ਮਸਤਕ ਉੱਪਰ ਪੈ ਰਹੀ ਹੈ। ਸਾਧਨ-ਵਿਹੂਣੇ ਬੰਦੇ ਲਈ ਬਾਜ਼ਾਰ ਦੀ ਲਿਸ਼ਕ-ਪੁਸ਼ਕ ਅਸਮਾਨੀ ਬਿਜਲੀ ਵਾਂਗ ਘਾਤਕ ਹੁੰਦੀ ਹੈ। ਬਾਜ਼ਾਰ ਦੇ ਦਿੱਤੇ ਸੁਪਨੇ ਬਹੁਤ ਹਿੰਸਕ ਹੁੰਦੇ ਹਨ, ਹਮਾਤੜਾਂ ਲਈ।
ਕੁਝ ਵਰ੍ਹੇ ਪਹਿਲਾਂ ਇਤਿਹਾਸਕਾਰ ਇਰਫ਼ਾਨ ਹਬੀਬ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਅਸੀਂ (ਭਾਰਤੀ ਆਵਾਮ) ਇਤਿਹਾਸ ਦੇ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਦੋ ਮੁੱਖ ਭਾਈਚਾਰਿਆਂ ਦੀ ਆਪਸੀ ਬੇਵਿਸ਼ਵਾਸੀ ਅਤੇ ਸਟੇਟ ਦੁਆਰਾ ਸਪਾਂਸਰਡ ਹਿੰਸਾ ਦੇ ਚਲਨ ਕਰਕੇ ਇਰਫ਼ਾਨ ਹਬੀਬ ਨੇ ਇਸ ਸਮੇਂ ਨੂੰ ‘ਇਤਿਹਾਸ ਦਾ ਇੱਕ ਬੇਹੱਦ ਬੁਰਾ ਪਲ’ ਕਿਹਾ ਹੈ। ਨਫ਼ਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਪ੍ਰਦਾਈ ਤਾਕਤਾਂ ਸਾਡੇ ਦੇਸ਼ ਦੇ ਫ਼ੈੱਡਰਲ ਸਰੂਪ, ਸੈਕੂਲਰ ਸੰਵਿਧਾਨ, ਲੋਕਤੰਤਰਿਕ ਸੰਸਥਾਵਾਂ, ਬਹੁ-ਰੰਗੇ ਸੱਭਿਆਚਾਰ, ਤਰਕਸ਼ੀਲ ਪਰੰਪਰਾਵਾਂ ਅਤੇ ਸਹਿਹੋਂਦ-ਮੂਲਕ ਸਾਂਝੀ ਸੰਸਕ੍ਰਿਤੀ ਨੂੰ ਗਿਣ-ਮਿਥ ਕੇ ਢਾਹ ਲਾ ਰਹੀਆਂ ਹਨ। ਭਾਰਤ ਦੇ ਬਹੁ-ਰੰਗੇ, ਬਹੁ-ਵੰਨੇ (ਫਲੁਰਅਲਿਸਟ), ਸੰਮਿਲਤ (ੀਨਚਲੁਸਿਵੲ) ਰਾਸ਼ਟਰਵਾਦ ਦੀ ਥਾਂ ਇੱਕ-ਰੰਗੇ ਹਿੰਦੂ ਰਾਸ਼ਟਰਵਾਦ ਦੀ ਬੁਨਿਆਦ ਰੱਖੀ ਜਾ ਰਹੀ ਹੈ। ਇਹ ਸਾਰਾ ਕੁਝ ਇੱਕ ਦੇਸ਼, ਇੱਕ ਧਰਮ, ਇੱਕ ਭਾਸ਼ਾ ਅਤੇ ਸਭ ਲਈ ਇੱਕ-ਸਮਾਨ ਕਾਨੂੰਨ ਦੀ ਆੜ ਹੇਠ ਹੋ ਰਿਹਾ ਹੈ। ਨਿਰਸੰਦੇਹ, ਭਾਰਤੀ ਰਾਸ਼ਟਰ ਦੀ ਤਾਕਤ ਤੇ ਖ਼ੂਬਸੂਰਤੀ ਉਸ ਦੇ ਬਹੁ-ਧਰਮੀ, ਬਹੁ-ਨਸਲੀ, ਬਹੁ-ਭਾਸ਼ੀ ਅਤੇ ਵੰਨ-ਸੁਵੰਨੇ ਸੱਭਿਆਚਾਰਕ ਤੇ ਐੱਥਨਿਕ ਸਮੂਹਾਂ ਦੀਆਂ ਸਹਿਹੋਂਦਵਾਦੀ ਪਰੰਪਰਾਵਾਂ ਕਰਕੇ ਹੈ। ਸਦੀਆਂ ਤੋਂ ਇੱਥੇ ਵਸਦੀਆਂ ਵੱਖ-ਵੱਖ ਜਾਤੀਆਂ/ਨਸਲਾਂ ਤੇ ਧਾਰਮਿਕ ਸਮੂਹਾਂ ਦੀ ਨਾਗਰਿਕਤਾ ਬਾਰੇ ਹੀ ਸੁਆਲ ਉਠਾਏ ਜਾ ਰਹੇ ਹਨ। ਬੀ[ਜੇ[ਪੀ[ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ‘ਹਿੰਦੁਤਵੀ ਰਾਸ਼ਟਰਵਾਦ’ ਦਾ ਰਾਜਸੀ ਏਜੰਡਾ ਸਾਡੇ ਦੇਸ਼ ਦੇ ਫ਼ੈੱਡਰਲ ਢਾਂਚੇ ਅਤੇ ਸੰਵਿਧਾਨ ਦੇ ਸੈਕੂਲਰ ਸਰੂਪ ਲਈ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕੇਂਦਰ ਸਰਕਾਰ ਦੀ ਸ਼ਹਿ ਪ੍ਰਾਪਤ ਸੰਪ੍ਰਦਾਇਕ ਤਾਕਤਾਂ ਤੇ ਹਿੰਦੂਤਵੀ ਜਨੂੰਨੀਆਂ ਵੱਲੋਂ ਘੱਟ-ਗਿਣਤੀ ਫ਼ਿਰਕਿਆਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਧਾਰਮਿਕ, ਨਸਲੀ ਤੇ ਭਾਸ਼ਾਈ (ਐੱਥਨਿਕ) ਘੱਟ-ਗਿਣਤੀ ਸਮੂਹਾਂ ਨੂੰ ਉਨ੍ਹਾਂ ਦੀ ਦੁਜੈਲੀ ਤੇ ਅਧੀਨਗੀ ਵਾਲੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਬੀ[ਜੇ[ਪੀ[, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਹਿੰਦੂਤਵੀ ਰਾਸ਼ਟਰ ਦੇ ਸਿਧਾਂਤਕਾਰਾਂ ਤੇ ਸਮਰਥਕਾਂ ਵੱਲੋਂ ਭਾਰਤੀ ਰਾਜ (ੰਟਅਟੲ) ਅਤੇ ਲੋਕਤੰਤਰ ਦਾ ਚਿਹਰਾ-ਮੁਹਰਾ ਏਨਾ ਕਰੂਪ ਕਰ ਦਿੱਤਾ ਗਿਆ ਹੈ ਕਿ ਇਜ਼ਰਾਇਲੀ ਚਿੰਤਕ ਪ੍ਰੋਫ਼ੈਸਰ ਸਾਮੀ ਸਮੂਹਾ ਨੇ ਭਾਰਤ ਨੂੰ ‘ਹਿੰਦੂ ਜਾਤੀਯ ਲੋਕਤੰਤਰ’ (੍ਹਨਿਦੁ Eਟਹਨਿਚ ਧੲਮੋਚਰਅਚੇ) ਦਾ ਨਾਮ ਦਿੱਤਾ ਹੈ। ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਸਰਕਾਰੀ ਏਜੰਸੀਆਂ ਤੇ ਸੰਪ੍ਰਦਾਇਕ ਜਨੂੰਨੀ ਟੋਲਿਆਂ ਦੀ ਹਿੰਸਾ ਅਤੇ ਨਫ਼ਰਤ ਦੀ ਰਾਜਨੀਤੀ ਦਾ ਸ਼ਿਕਾਰ ਬਣਾ ਕੇ ਹਿੰਦੂ ਬਹੁ-ਗਿਣਤੀ ਦੀ ਅਧੀਨਤਾ (ੰੁਬਜੁਗਅਟਿੋਨ) ਸਵੀਕਾਰ ਕਰਨ ਲਈ ਨਿੱਤ ਨਵੇਂ ਸੰਕੇਤ ਦਿੱਤੇ ਜਾ ਰਹੇ ਹਨ। ਆਦਿ-ਵਾਸੀਆਂ ਤੇ ਜਨਜਾਤੀਆਂ ਦੀ ਧਰਮ ਪਰਿਵਰਤਨ ਰਾਹੀਂ ਘਰ ਵਾਪਸੀ ਹੋ ਰਹੀ ਹੈ। ਬੁਨਿਆਦੀ ਮਨੁੱਖੀ ਲੋੜਾਂ ਦੀ ਪੂਰਤੀ ਤੇ ਵਿਕਾਸ ਦੀ ਥਾਂ ਨਸਲੀ ਤੇ ਸੰਪ੍ਰਦਾਈ ਪਛਾਣਾਂ ਦੀ ਰਾਜਨੀਤੀ ਰਾਹੀਂ ਸੱਤਾ-ਸ਼ਤਰੰਜ ਦੇ ਨਵੇਂ ਬਿਰਤਾਂਤ ਤੇ ਮਿੱਥਕ ਘੜੇ ਜਾ ਰਹੇ ਹਨ। ਈ[ਡੀ[ ਅਤੇ ਬੁਲਡੋਜ਼ਰ ਸੱਤਾ ਦੇ ਨਵੇਂ ਦਰੋਗੇ ਹਨ। ਬੁਲਡੋਜ਼ਰ ਘਰ ਜਾਂ ਬਸਤੀਆਂ ਹੀ ਨਹੀਂ ਢਾਹੁੰਦਾ, ਉਹ ਆਪਸੀ ਸਹਿਹੋਂਦ, ਸਹਿਨਸ਼ੀਲਤਾ, ਸਨਮਾਨ ਅਤੇ ਸਾਂਝੀਵਾਲਤਾ ਦੀ ਮਜ਼ਬੂਤ ਇਨਸਾਨੀ ਬੁਨਿਆਦ ਉੱਤੇ ਉਸਰੀ ਸਾਂਝੀ ਸੰਸਕ੍ਰਿਤੀ ਨੂੰ ਵੀ ਮਲੀਆ-ਮੇਟ ਕਰਦਾ ਹੈ। ਵੱਖਰੀ ਸੋਚ ਤੇ ਵੱਖਰਾ ਅਕੀਦਾ ਰੱਖਣ ਵਾਲੇ ‘ਦੇਸ਼-ਧ੍ਰੋਹੀਆਂ’ ਤੇ ‘ਦੇਸ਼ ਦੇ ਗ਼ੱਦਾਰਾਂ’ ਨੂੰ ਬੁਲਡੋਜ਼ਰ ਤੇ ਈ[ਡੀ[ ਦੀ ਭਾਸ਼ਾ ਸਮਝ ਆਉਣ ਲੱਗ ਪਈ ਹੈ। ਇਹ ਬਹੁ-ਗਿਣਤੀ ਦੀ ਹਸਤੀ ਅਤੇ ਸੱਤਾ-ਸ਼ਕਤੀ ਦਾ ਅਹਿਸਾਸ ਕਰਵਾਉਣ ਵਾਲੇ ਨਵੇਂ ਰਾਜਸੀ ਮੈਟਾਫ਼ਰ ਹਨ। ਹਕੀਕਤ ਇਹ ਹੈ ਕਿ ਇਸਲਾਮ ’ਚ ਅਕੀਦਾ ਰੱਖਣ ਵਾਲਾ ਭਾਈਚਾਰਾ ਉਦਾਸ, ਚਿੰਤਤ ਤੇ ਡਰਿਆ ਹੋਇਆ ਅਤੇ ਖ਼ਾਮੋਸ਼ ਹੈ। ਉਨ੍ਹਾਂ ਦੀ ਧਾਰਮਿਕ ਪਛਾਣ ਹੀ ਉਨ੍ਹਾਂ ਦੀ ਹਸਤੀ ਤੇ ਹੋਂਦ ਲਈ ਖ਼ਤਰਾ ਬਣ ਗਈ ਹੈ।
ਅਸਮੀ ਭਾਸ਼ਾ ਦੇ ਕਵੀਆਂ- ਖਬੀਰ ਅਹਿਮਦ ਤੇ ਹਫ਼ੀਜ਼ ਅਹਿਮਦ ਨੇ ਆਸਾਮ ਦੇ ‘ਮੀਆਂ ਭਾਈਚਾਰੇ’ ਦੇ ਦਰਦ ਨੂੰ ਆਪਣੀਆਂ ਨਜ਼ਮਾਂ ਵਿੱਚ ਬਿਆਨ ਕੀਤਾ ਹੈ। ਨਿਿਖਲ ਸਚਾਨ ਦੀ ਕਵਿਤਾ ‘ਮੁਸਲਮਾਨਾਂ ਤੋਂ ਡਰਦਾ ਬੰਦਾ’ ਇਹ ਸੁਆਲ ਪੁੱਛਦੀ ਹੈ ਕਿ ‘ਈਦ ਦੀਆਂ ਸੇਮੀਆਂ ਤੋਂ ਵੀ ਮਿੱਠੇ ਮੁਸਲਮਾਨ’ ਅਖ਼ਬਾਰਾਂ, ਸਿਆਸਤ ਤੇ ਚੋਣਾਂ ਨੇ ਡਰਾਉਣੇ ਕਿਉਂ ਬਣਾ ਦਿੱਤੇ? ਦੇਵੀ ਪ੍ਰਸਾਦਿ ਮਿਸਰ ਦੀ ਕਵਿਤਾ ‘ਮੁਸਲਮਾਨ’ ਇਸ ਕੌੜੇ ਸੱਚ ਨੂੰ ਬਿਆਨਦੀ ਹੈ ਕਿ ਭਾਰਤੀ ਉਪ-ਮਹਾਂਦੀਪ ਦੇ ਨਗਰੀ-ਜੀਵਨ ਨੂੰ ਆਪਣੀ ਕਿਰਤ, ਸ਼ਿਲਪੀ ਹੁਨਰ ਅਤੇ ਕਲਾ ਨਾਲ ਸ਼ਿੰਗਾਰਨ-ਸਜਾਵਣ ਵਾਲੇ ਮੁਸਲਮਾਨ ‘ਸ਼ਹਿਰ ਕੇ ਬਾਹਰ ਰਹਿਤੇ ਥੇ।’ ਭਾਰਤ ਦੀ ਨਗਰੀ ਸੰਸਕ੍ਰਿਤੀ ਤੇ ਆਰਥਿਕਤਾ ਨੂੰ ਅਮੀਰੀ ਤੇ ਜੀਅ-ਜਾਨ ਬਖ਼ਸ਼ਣ ਵਾਲੇ ਮੁਸਲਮਾਨ ਕਿਰਤੀ-ਕਾਰੀਗਰ, ਸ਼ਿਲਪਕਾਰ ਅਤੇ ਫ਼ਨਕਾਰ ਸਾਡੀ ਨਗਰੀ ਸੱਭਿਅਤਾ ਤੇ ਸੰਸਕ੍ਰਿਤੀ ਵਿੱਚ ਸਮਾ ਕਿਉਂ ਨਾ ਸਕੇ? ਇਹ ਸੁਆਲ ਪ੍ਰੇਸ਼ਾਨ ਕਰਨ ਵਾਲਾ ਵੀ ਹੈ ਤੇ ਚੰਗੇ ਭਵਿੱਖ ਲਈ ਸੋਚਣ-ਵਿਚਾਰਨ ਵਾਲਾ ਵੀ।
ਇਹ ਸਮਾਂ ਸਾਹਿਤਕਾਰਾਂ, ਬੁੱਧੀਜੀਵੀਆਂ, ਕਲਾਕਾਰਾਂ, ਪੱਤਰਕਾਰਾਂ ਅਤੇ ਅਸਹਿਮਤੀ ਦਾ ਸੁਰ ਅਲਾਪਣ ਵਾਲੇ ਸੰਵੇਦਨਸ਼ੀਲ ਇਨਸਾਨਾਂ ਲਈ ਬਹੁਤ ਮੁਸ਼ਕਿਲ ਸਮਾਂ ਹੈ। ਹਿੰਸਾ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰਲੋਭਣ ਲੋਕ-ਪੱਖੀ ਰਚਨਾ-ਧਰਮੀਆਂ ਅਤੇ ਕਲਾ-ਸਾਧਕਾਂ ਦਾ ਰਾਹ ਰੋਕੀ ਖੜ੍ਹੇ ਹਨ, ਪਰ ਇਹ ਪਹਿਲੀ ਵਾਰ ਨਹੀਂ ਵਾਪਰ ਰਿਹਾ। ਇਤਿਹਾਸ ਗਵਾਹ ਹੈ ਕਿ ਵਿਸ਼ ਦੇ ਪਿਆਲੇ, ਸੂਲੀਆਂ, ਸਲੀਬਾਂ, ਫ਼ਾਂਸੀ ਦੇ ਫੰਦੇ, ਗੋਲੀਆਂ, ਬੰਦੀਖ਼ਾਨੇ ਤੇ ਜਲਾਵਤਨੀਆਂ – ਈਸਾ, ਸੁਕਰਾਤ, ਮਨਸੂਰ, ਸਰਮਦ, ਦੁੱਲਾ ਭੱਟੀ, ਲੋਰਕਾ, ਵਾਲਟਰ ਬੈਂਜਾਮਿਨ, ਸਾਰਤਰ, ਗ੍ਰਾਮਸ਼ੀ, ਫ਼ਰਾਂਜ ਫੈਨਨ, ਚੀ ਗਵੇਰਾ, ਨਾਜ਼ਿਮ ਹਿਕਮਤ ਤੇ ਸ਼ਹੀਦ ਭਗਤ ਸਿੰਘ ਜਿਹੇ ਦਾਨਸ਼ਵਰਾਂ ਦਾ ਨਸੀਬਾ ਬਣਦੇ ਰਹੇ ਹਨ। ਸਾਡੇ ਆਪਣੇ ਮੁਲਕ ਵਿੱਚ ਰਾਮ ਪ੍ਰਸਾਦ ਬਿਸਮਿਲ, ਕਾਜ਼ੀ ਨਜ਼ਰੁਲ ਇਸਲਾਮ, ਸੁਬਰਾਮਣੀਆ ਭਾਰਤੀ, ਫ਼ੈਜ਼ ਅਹਿਮਦ ਫ਼ੈਜ਼, ਯਸ਼ਪਾਲ, ਬਾਬਾ ਨਾਗਾਰਜੁਨ, ਸ਼੍ਰੀ ਸ਼੍ਰੀ (ਤੈਲਗੂ ਕਵੀ) ਅਤੇ ਪਾਸ਼ ਦਾ ਕਬੀਲਾ ਅੱਜ ਖ਼ਾਮੋਸ਼ ਨਹੀਂ। ਅਹਿੰਸਾ ਪਰਮੋ-ਧਰਮ ਦੇ ਸੱਚੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਹੁਕਮਰਾਨ ਹਰ ਤਰ੍ਹਾਂ ਦੀ ਅਸਹਿਮਤੀ ਤੇ ਵਿਚਾਰਾਂ ਦੇ ਵਖਰੇਵੇਂ ਨੂੰ ਨਿਰਲੱਜ ਹਿੰਸਾ ਰਾਹੀਂ ਦਬਾ ਰਹੇ ਹਨ। ਨਰੇਂਦਰ ਦਾਬੋਲਕਰ, ਗੋਬਿੰਦ ਪਾਨਸਾਰੇ, ਐਮ[ਐਮ[ ਕੁਲਬਰਗੀ ਅਤੇ ਗੌਰੀ ਲੰਕੇਸ਼ ਦੇ ਯੋਜਨਾਬੱਧ ਕਤਲਾਂ ਰਾਹੀਂ ਆਜ਼ਾਦ ਖ਼ਿਆਲ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਕਲਾ-ਕਰਮੀਆਂ ਨੂੰ ਸਾਫ਼ ਸੁਨੇਹਾ ਦਿੱਤਾ ਗਿਆ ਕਿ ਹੁਣ ਇਸ ਮੁਲਕ ਵਿੱਚ ਅਸਹਿਮਤੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਕੋਈ ਥਾਂ ਨਹੀਂ।
ਕੁਝ ਸਾਲ ਪਹਿਲਾਂ ਸੰਪ੍ਰਦਾਈ ਆਤੰਕ ਤੋਂ ਦਹਿਲੇ ਹੋਏ ਤਾਮਿਲ ਕਵੀ-ਗਲਪਕਾਰ ਪੇਰੂਮਲ ਮੁਰੂਗਨ ਨੇ ਲਿਖਣ ਤੋਂ ਹੀ ਤੋਬਾ ਕਰ ਲਈ ਸੀ। ਭਾਰਤ ਦੇ ਨਾਮੀ ਲੇਖਕ, ਬੁੱਧੀਜੀਵੀ, ਅਰਥ-ਸ਼ਾਸਤਰੀ, ਇਤਿਹਾਸਕਾਰ, ਪੱਤਰਕਾਰ ਅਤੇ ਸਮਾਜਕ ਕਾਰਕੁਨ ਵੱਖ-ਵੱਖ ਕਾਲੇ ਕਾਨੂੰਨਾਂ ਦੀ ਆੜ ਵਿੱਚ ਜੇਲ੍ਹਾਂ ’ਚ ਬੰਦ ਹਨ; ਵਰਵਰਾ ਰਾਉ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਆਨੰਦ ਤੇਲਤੁੰਬੜੇ, ਪ੍ਰੋ[ ਸਾਈ ਬਾਬਾ, ਅਰੁਣ ਫਰੇਰਾ, ਵਰਨੌਂਨ ਗੋਜ਼ਾਂਲਵੇਜ਼, ਅਖਿਲ ਗਗੋਈ, ਪ੍ਰੋ[ ਸੋਮਾ ਸ਼ੇਨ, ਸੂਸਨ ਅਬਰਾਹਮ, ਮੀਰਾਨ ਹੈਦਰ, ਸਫ਼ੂਰਾ ਜ਼ਰਗਰ ਆਦਿ ਦੇ ਨਾਮਾਂ ਦੀ ਫ਼ਹਿਿਰਸਤ ਕਾਫ਼ੀ ਲੰਬੀ ਹੈ। ਆਦਿ-ਵਾਸੀਆਂ ਲਈ ਲਾਮਿਸਾਲ ਕੰਮ ਕਰਨ ਵਾਲਾ ਫ਼ਾਦਰ ਸਟੇਨ ਸਵਾਮੀ ਖ਼ਤਰਨਾਕ ਆਤੰਕੀ ਹੋਣ ਦਾ ਅਹਿਸਾਸ ਲੈ ਕੇ ਗੁਜ਼ਰ ਗਿਆ। ਬਿਲਕੀਸ ਬਾਨੋ ਦੇ ਪਰਿਵਾਰ ਦੇ ਕਾਤਲ ਤੇ ਬਲਾਤਕਾਰੀ ‘ਚੰਗੇ ਸੰਸਕਾਰਾਂ ਵਾਲੇ ਹਿੰਦੂ’ ਕਰਾਰ ਦੇ ਕੇ ਆਜ਼ਾਦੀ ਦਿਹਾੜੇ ਰਿਹਾਅ ਕਰ ਦਿੱਤੇ ਗਏ, ਜਿਸ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਔਰਤਾਂ ਦੇ ਸਨਮਾਨ ਦੀ ਬਹਾਲੀ ਦਾ ਰਾਗ ਅਲਾਪ ਰਿਹਾ ਸੀ। ਫ਼ਿਰਕਾਪ੍ਰਸਤੀ ਦੇ ਜ਼ਹਿਰ ਤੋਂ ਆਤੰਕਿਤ ਮਹਾਨ ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ, ਉਸ ਦੇ ਬਣਾਏ ਦੁਰਗਾ ਦੇ ਚਿੱਤਰ ਤੋਂ ਪੈਦਾ ਹੋਏ ਵਿਵਾਦ ਕਾਰਨ ਖ਼ੁਦ ਹੀ ਦੇਸ਼ ਛੱਡ ਗਿਆ ਸੀ। ਗੁਜਰਾਤ ਦੰਗਿਆਂ ਦੇ ਪੀੜਤਾਂ ਲਈ ਇਨਸਾਫ਼ ਮੰਗਣ ਵਾਲੀ ਸਮਾਜਕ ਬੁੱਧੀਜੀਵੀ, ਕਾਰਕੁਨ ਅਤੇ ਲੇਖਿਕਾ ਤੀਸਤਾ ਸੀਤਲਵਾਡ ਨੂੰ ਸਲਾਖਾਂ ਪਿੱਛੇ ਡੱਕ ਕੇ ਜ਼ਬਾਨਬੰਦੀ ਦਾ ਸੰਦੇਸ਼ ਦਿੱਤਾ ਗਿਆ। ਅਸਹਿਣਸ਼ੀਲਤਾ ਦੇ ਮਾਹੌਲ ਅਤੇ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਕਲਾ-ਕਰਮੀਆਂ ਦੇ ਕਤਲਾਂ ਪ੍ਰਤੀ ਸਰਕਾਰ ਦੀ ਚੁੱਪ ਅਤੇ ਉਦਾਸੀਨਤਾ ਦੇ ਵਿਰੋਧ ਵਿੱਚ ਵੱਖ-ਵੱਖ ਜ਼ਬਾਨਾਂ ਦੇ ਕਈ ਲੇਖਕਾਂ ਨੇ ਆਪਣੇ ਸਾਹਿਤਯ ਅਕਾਦਮੀ ਐਵਾਰਡ ਵਾਪਸ ਕੀਤੇ ਸਨ। ਸਿੱਖਿਆ ਦੇ ਭਗਵੇਂਕਰਨ ਅਤੇ ਵੱਖ-ਵੱਖ ਅਕਾਦਮਿਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵਿੱਚ ਹਿੰਦੂ ਫ਼ਿਰਕਾਪ੍ਰਸਤਾਂ ਦੀ ਸਰਕਾਰਾਂ ਦੁਆਰਾ ਘੁਸਪੈਠ ਦੇ ਵਿਰੋਧ ਵਿੱਚ ਦੇਵਾਨੂਰ ਮਹਾਂਦੇਵ, ਜੀ[ ਰਾਮਾਕ੍ਰਿਸ਼ਨਾ, ਐਸ[ਜੀ[ ਸਿੱਧਾਰਮੱਈਆ, ਮੁਦਨਾਕੁਡੂ ਚਿੰਨਾਸਵਾਮੀ, ਵੀਰੱਪਾ ਐਮ[ ਕੰਮਬਾਲੀ, ਰੂਪਾ ਹਸਨ, ਸੁਰਾਜੂ ਕਟਕਾਰ ਅਤੇ ਚੰਦਰਾਸ਼ੇਖਰ ਤਾਲੀਆ ਸਮੇਤ ਸੱਤ ਲੇਖਕ ਆਪਣੀਆਂ ਰਚਨਾਵਾਂ ਸਰਕਾਰੀ ਪਾਠ-ਪੁਸਤਕਾਂ ਵਿੱਚ ਨਾ ਛਾਪਣ ਲਈ ਕਹਿ ਚੁੱਕੇ ਹਨ। ਇਨ੍ਹਾਂ ਲੇਖਕਾਂ ਦਾ ਇਤਰਾਜ਼ ਹੈ ਕਿ ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ ਛਾਪੀਆਂ ਜਾ ਰਹੀਆਂ ਪੁਸਤਕਾਂ ਵਿੱਚ ਗੁਮਰਾਹਕੁਨ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਤਿਹਾਸਕ ਤੱਥਾਂ ਨਾਲ ਸੰਪ੍ਰਦਾਇਕ ਨਜ਼ਰੀਏ ਤੋਂ ਛੇੜ-ਛਾੜ ਕੀਤੀ ਜਾ ਰਹੀ ਹੈ, ਜੋ ‘ਰਾਸ਼ਟਰੀ ਪਾਠਯ-ਕ੍ਰਮ ਚੌਖਟੇ-2005 (ਂਅਟਿੋਨਅਲ ਛੁਰਰਿਚੁਲੁਮ ਾਂਰਅਮੲੱੋਰਕ-2005)’ ਅਤੇ ਭਾਰਤੀ ਸੰਵਿਧਾਨ ਦੇ ਖ਼ਿਲਾਫ਼ ਹੈ।
ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਤਮਾਮ ਸਰਕਾਰੀ ਦਬਾਵਾਂ ਅਤੇ ਹਿੰਸਕ ਮਾਹੌਲ ਦੇ ਬਾਵਜੂਦ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਲੇਖਕ ਹਰ ਤਰ੍ਹਾਂ ਦੇ ਅਨਿਆਂ ਤੇ ਦਮਨ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬਾਜ਼ਾਰ ਦੀ ਸੁਨਹਿਰੀ ਚੋਗ ਵਾਲੇ ਪਿੰਜਰੇ ਅਤੇ ਸਰਕਾਰ ਦੇ ਦਮਨਕਾਰੀ ਤੰਤਰ ਦੀਆਂ ਸਲਾਖਾਂ ਜਾਂ ਬੁਲਡੋਜ਼ਰ ਦੇ ਜ਼ਾਲਮ ਪੰਜੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ (ਭਾਵੇਂ ਗਿਣੇ-ਚੁਣੇ ਹੀ ਸਹੀ) ਦਾ ਹੌਸਲਾ ਪਸਤ ਨਹੀਂ ਕਰ ਸਕੇ। ਨਿਰਸੰਦੇਹ ਲੇਖਕ ਕੁਝ ਉਦਾਸ, ਚਿੰਤਤ ਤੇ ਡਰੇ ਹੋਏ ਜ਼ਰੂਰ ਹਨ, ਪਰ ਆਪਣੇ ਰਚਨਾ-ਧਰਮ ਤੋਂ ਥਿੜਕੇ ਨਹੀਂ। ਮਰਹੂਮ ਪ੍ਰਗਤੀਸ਼ੀਲ ਪਾਕਿਸਤਾਨੀ ਸ਼ਾਇਰਾ ਫ਼ਹਮੀਦਾ ਰਿਆਜ਼ ਦੀ ਤਨਜ਼ੀਆ ਸੁਰ ਵਾਲੀ ਨਜ਼ਮ ‘ਨਯਾ ਭਾਰਤ’ ਸਾਡੇ ਲਈ ਢਾਰਸ ਬਨ੍ਹਾਉਣ ਵਾਲੀ ਤੇ ਰਾਹ-ਦਸੇਰਾ ਬਣ ਗਈ ਹੈ:
ਤੁਮ ਬਿਲਕੁਲ ਹਮ ਜੈਸੇ ਨਿਕਲੇ
ਅਬ ਤਕ ਕਹਾਂ ਛੁਪੇ ਥੇ ਭਾਈ
ਵੋਹ ਮੂਰਖਤਾ, ਵੋਹ ਘਾਮੜਪਨ
ਜਿਸ ਮੇਂ ਹਮ ਨੇ ਸਦੀ ਗਵਾਈ
ਆਖਰ ਪਹੁੰਚੀ ਦਵਾਰ ਤੁਮਾਰੇ
ਅਰੇ ਵਧਾਈ, ਬਹੁਤ ਵਧਾਈ
ਪ੍ਰੇਤ ਧਰਮ ਕਾ ਨਾਚ ਰਹਾ ਹੈ
ਕਾਇਮ ਹਿੰਦੂ ਰਾਜ ਕਰੋਗੇ?
ਉਲਟੇ ਸਾਰੇ ਕਾਜ ਕਰੋਗੇ?
ਅਪਨਾ ਚਮਨ ਤਾਰਾਜ ਕਰੋਗੇ?
ਤੁਮ ਭੀ ਬੈਠ ਕਰੋਗੇ ਸੋਚਾ
ਪੂਰੀ ਹੈ ਵੈਸੀ ਤੱਯਾਰੀ
ਕੌਨ ਹੈ ਹਿੰਦੂ, ਕੌਨ ਨਹੀਂ ਹੈ
ਤੁਮ ਭੀ ਫਤਵੇ ਕਰੋਗੇ ਜਾਰੀ[[[
ਭਾੜ ਮੇਂ ਜਾਏ ਸਿਕਸ਼ਾ-ਵਿਕਸ਼ਾ
ਅਬ ਜਾਹਿਲਪਨ ਕੇ ਗੁਨ ਗਾਨਾ।