ਬਰੈਂਪਟਨ ਵਿੱਚ ‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ਉਤੇ ਲੰਘੀ 29 ਤੇ 30 ਜੁਲਾਈ ਨੂੰ ਦੋ ਰੋਜ਼ਾ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਹੋਈ। ਇਸ ਮੌਕੇ ਪੰਜ ਸੈਸ਼ਨਾਂ ‘ਚ ਵਿਦਵਾਨਾਂ ਨੇ 25 ਪਰਚੇ ਪੜ੍ਹੇ, ਜਿਨ੍ਹਾਂ ਵਿੱਚ ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪਰਚੇ ਵਿੱਚ ‘ਲਾਇਬ੍ਰੇਰੀ ਲਹਿਰ ਦੇ ਪੰਜਾਬੀ ਸੱਭਿਆਚਾਰ ਉੱਤੇ ਪਏ ਪ੍ਰਭਾਵ’ ਬਾਰੇ ਗੱਲ ਕੀਤੀ। ਪੇਸ਼ ਹੈ, ਪਾਠਕਾਂ ਲਈ ਇਹ ਜਾਣਕਾਰੀ ਭਰਪੂਰ ਲੇਖ…
ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਹਨ, ਜਿੱਥੇ ਵੱਖ-ਵੱਖ ਵਿਸ਼ਿਆਂ ਉੱਪਰ ਪੁਸਤਕਾਂ, ਰਿਸਾਲੇ, ਅਖਬਾਰਾਂ, ਹੱਥ-ਲਿਖਤ ਖਰੜੇ ਆਦਿ ਵੱਡੀ ਗਿਣਤੀ ਵਿੱਚ ਉਪਲੱਭਧ ਹੁੰਦੇ ਹਨ। ਇਨ੍ਹਾਂ ਸਰੋਤਾਂ ਤੋਂ ਸਾਨੂੰ ਕਈ ਕਿਸਮ ਦੀ ਜਾਣਕਾਰੀ ਮਿਲਦੀ ਹੈ। ਅੱਜ ਕੱਲ੍ਹ ਇਹ ਜਾਣਕਾਰੀ ਡਿਜੀਟਲ ਰੂਪ ਵਿੱਚ ਸੀਡੀਆਂ, ਮਾਈਕ੍ਰੋਫਿਲਮਾਂ, ‘ਔਫ-ਲਾਈਨ’ ਅਤੇ ‘ਔਨ-ਲਾਈਨ’ ਕਈ ਰੂਪਾਂ ਵਿੱਚ ਵੀ ਮਿਲਦੀ ਹੈ। ਤੇਜ਼ੀ ਨਾਲ ਆ ਰਹੇ ਬਦਲਾਅ ਕਾਰਨ ਹੁਣ ਲਾਇਬ੍ਰੇਰੀਆਂ ਵਿੱਚ ਪ੍ਰਿੰਟ ਰੂਪ ਵਿੱਚ ਗਿਆਨ-ਸਰੋਤਾਂ ਦੀ ਗਿਣਤੀ ਮੁਕਾਬਲਤਨ ਘੱਟਦੀ ਜਾ ਰਹੀ ਹੈ ਅਤੇ ਡਿਜੀਟਲ ਸਰੋਤ ਵਧੇਰੇ ਭਾਰੂ ਹੋ ਰਹੇ ਹਨ, ਪਰ ਫਿਰ ਵੀ ਲਾਇਬ੍ਰੇਰੀਆਂ ਵਿੱਚ ਉਪਲੱਭਧ ‘ਪ੍ਰਿੰਟਿਡ ਸਰੋਤਾਂ’ (ਪੁਸਤਕਾਂ, ਰਿਸਾਲਿਆਂ ਆਦਿ) ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅੱਜ ਵੀ ਬਹੁਤ ਸਾਰੇ ਅਹਿਮ ਹੱਥ-ਲਿਖਤ ‘ਗ੍ਰੰਥ’ ਅਤੇ ‘ਖਰੜੇ’ ਕਈ ਲਾਇਬ੍ਰੇਰੀਆਂ ਵਿੱਚ ਮੌਜੂਦ ਹਨ, ਜਿਨ੍ਹਾਂ ਵਿੱਚ ਅਣਮੁੱਲਾ ਅਹਿਮ ਗਿਆਨ ਸਾਂਭਿਆ ਪਿਆ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਨੈਸ਼ਨਲ ਆਰਕਾਈਵਜ਼ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਇਹ ਹੱਥ-ਲਿਖਤ ਗ੍ਰੰਥ ਸੰਭਾਲ ਕੇ ਰੱਖੇ ਗਏ ਹਨ। ਬਹੁਤ ਸਾਰੀਆਂ ਲਾਇਬ੍ਰੇਰੀਆਂ ਨੇ ਤਾਂ ਹੁਣ ਇਨ੍ਹਾਂ ਨੂੰ ਮਾਈਕ੍ਰੋਫਿਲਮਾਂ ਅਤੇ ਸੀਡੀਆਂ ਵਿੱਚ ਡਿਜੀਟਲ ਸਰੂਪ ‘ਚ ਵੀ ਸਾਂਭ ਲਿਆ ਹੈ ਤਾਂ ਜੋ ਸਮੇਂ ਦੀ ‘ਧੂੜ’ ਅਤੇ ਇਸ ਦੀ ‘ਟੇਢੀ-ਮੇਢੀ ਚਾਲ’ ਦੇ ਨਾਲ ਇਹ ਖਰਾਬ ਨਾ ਹੋ ਜਾਣ ਤੇ ਲੰਮੇ ਸਮੇਂ ਲਈ ਸੁਰੱਖਿਅਤ ਰਹਿ ਸਕਣ।
ਲਾਇਬ੍ਰੇਰੀਆਂ ਅਤੇ ਸਮਾਜ
ਲਾਇਬ੍ਰੇਰੀਆਂ ਪੁਰਾਤਨ ਸਮੇਂ ਤੋਂ ਗਿਆਨ ਦੇ ਸੰਚਾਰ ਦਾ ਮੁੱਖ ਸਾਧਨ ਰਹੀਆਂ ਹਨ। ਲਾਇਬ੍ਰੇਰੀ ਉਹ ਪਵਿੱਤਰ ਜਗ੍ਹਾ ਹੈ, ਜਿੱਥੇ ਮਨੁੱਖ ਅਤੇ ਸੂਚਨਾ ਦਾ ਆਪਸੀ ਸੰਵਾਦ ਹੁੰਦਾ ਹੈ। ਮਨੁੱਖ ਇੱਥੇ ਗਿਆਨ ਦੀ ਆਪਣੀ ਭੁੱਖ ਨੂੰ ਤ੍ਰਿਪਤ ਕਰਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਦਿਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਹੁੰਦਾ ਹੈ। ਲਾਇਬ੍ਰੇਰੀਆਂ ‘ਗਿਆਨ ਦਾ ਸਮੁੰਦਰ’ ਹਨ, ਜਿੱਥੇ ਪਾਠਕ ਤਾਰੀਆਂ ਲਾਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਕਈ ਡੂੰਘੀਆਂ ਚੁੱਭੀਆਂ ਮਾਰ ਕੇ ਗਿਆਨ ਦੇ ‘ਮੋਤੀ’ ਲੱਭ ਲਿਆਉਂਦੇ ਹਨ। ਇਹ ਸਮਾਜ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਦੀਆਂ ਹਨ। ਲਾਇਬ੍ਰੇਰੀ ਅਤੇ ਸਮਾਜ ਇੱਕ ਦੂਸਰੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਏ ਹਨ। ਇਸ ਲਈ ਵਿਦਵਾਨਾਂ ਵੱਲੋਂ ਲਾਇਬ੍ਰੇਰੀ ਨੂੰ ਪ੍ਰਵਾਨਿਤ ‘ਗਿਆਨ ਸੰਚਾਰ ਸਮਾਜਿਕ ਸੰਸਥਾ’ ਗਰਦਾਨਿਆ ਗਿਆ ਹੈ। ਲਾਇਬ੍ਰੇਰੀਆਂ ਪੁਸਤਕ ਰੂਪ ਵਿੱਚ ਇਕੱਤਰ ਹੋਏ ਗਿਆਨ ਨੂੰ ਅੱਗੇ ਪਾਠਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।
ਪੁਰਾਤਨ ਲਾਇਬ੍ਰੇਰੀਆਂ
ਪੁਰਾਣੇ ਸਮੇਂ ਵਿੱਚ ਲਾਇਬ੍ਰੇਰੀਆਂ ਪੁਸਤਕਾਂ ਅਤੇ ਹੋਰ ਪੜ੍ਹਨਯੋਗ ਸਮੱਗਰੀ ਦਾ ‘ਸਟੋਰ-ਹਾਊਸ’ (ਗੁਦਾਮ) ਹੁੰਦੀਆਂ ਸਨ ਅਤੇ ਲਾਇਬ੍ਰੇਰੀਅਨ ਇਨ੍ਹਾਂ ਦੇ ‘ਰਖਵਾਲੇ’ ਹੁੰਦੇ ਸਨ। ਉਦੋਂ ਇਹ ਆਮ ਤੌਰ ‘ਤੇ ਰਾਜਿਆਂ-ਮਹਾਰਾਜਿਆਂ ਅਤੇ ਵੱਡੇ-ਵੱਡੇ ਅਮੀਰ ਲੋਕਾਂ ਦੀ ਨਿੱਜੀ ਜਾਇਦਾਦ ਹੁੰਦੀਆਂ ਸਨ। ਆਮ ਲੋਕਾਂ ਦੀ ਇਨ੍ਹਾਂ ਤੱਕ ਕੋਈ ਪਹੁੰਚ ਨਹੀਂ ਸੀ। ਮੁਗਲ ਬਾਦਸ਼ਾਹ ਬਾਬਰ ਨੇ ਆਪਣੇ ਕਿਲ੍ਹੇ ਵਿੱਚ ‘ਇੰਪੀਰੀਅਲ ਲਾਇਬ੍ਰੇਰੀ ਬਣਵਾਈ, ਜਿਸ ਵਿੱਚ ਉਸ ਨੇ ਆਪਣੇ ਬਾਪ-ਦਾਦਿਆਂ ਕੋਲੋਂ ਵਿਰਾਸਤ ਵਿੱਚ ਮਿਲੇ ਹੱਥ-ਲਿਖਤ ਖਰੜੇ ਸੁਰੱਖਿਅਤ ਰਖਵਾਏ। ਬਾਬਰ ਖੁਦ ਵੀ ‘ਕੈਲੀਗਰਾਫੀ’ (ਖੁਸ਼ਖ਼ਤ) ਦਾ ਮਾਹਿਰ ਸੀ ਅਤੇ ਉਹਦੇ ਵਾਂਗ ਉਸ ਦਾ ਪੁੱਤਰ ਹਿਮਾਯੂੰ ਵੀ ਕਿਤਾਬਾਂ ਦਾ ਸ਼ੌਕੀਨ ਸੀ। ਉਸ ਦੇ ਰਾਜ ਵੇਲੇ ਆਗਰਾ ਵਿਖੇ ਇੰਪੀਰੀਅਲ ਲਾਇਬ੍ਰੇਰੀ ਨੇ ਇਸ ਦੇ ਲਾਇਬ੍ਰੇਰੀਅਨ ਲਾਲ ਬੇਗ਼ ਦੀ ਨਿਗਰਾਨੀ ਵਿੱਚ ਕਾਫੀ ਤਰੱਕੀ ਕੀਤੀ। ਅਬਦੁਲ ਰਹੀਮ ਗਾਜ਼ੀ ਖ਼ਾਨ-ਖਾਨਾ ਦੀ ਆਪਣੀ ਨਿੱਜੀ ਲਾਇਬ੍ਰੇਰੀ ਸੀ, ਜਿੱਥੇ 95 ਮੈਂਬਰਾਂ ਦਾ ਪੱਕਾ ਸਟਾਫ ਇਸ ਦੇ ਕੁਸ਼ਲ ਪ੍ਰਬੰਧ ਵਿੱਚ ਜੁਟਿਆ ਰਹਿੰਦਾ ਸੀ। ਲਾਇਬ੍ਰੇਰੀ ਦੇ ਪ੍ਰਬੰਧ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਣ ਵਾਲੇ ਲਾਇਬ੍ਰੇਰੀਅਨ ਨੂੰ ਉਸ ਸਮੇਂ ‘ਕਿਤਾਬਦਾਰ’ ਜਾਂ ‘ਮੁਸਹਫ ਬਰਦਾਰ’ ਕਿਹਾ ਜਾਂਦਾ ਸੀ।
ਇਸ ਤੋਂ ਬਹੁਤ ਪਿੱਛੇ ਜੇ ਈਸਵੀ ਪੂਰਵ ਵੱਲ ਨਜ਼ਰ ਦੌੜਾਈ ਜਾਏ ਤਾਂ ਤੀਸਰੀ ਬੀ.ਸੀ. ਵਿੱਚ ਮਿਸਰ ਦੀ ‘ਅਲੈਗਜ਼ੈਂਡਰੀਆ ਲਾਇਬ੍ਰੇਰੀ’ ਦੁਨੀਆਂ ਦੀ ਸਭ ਤੋਂ ਪੁਰਾਣੀ, ਵੱਡੀ ਅਤੇ ਮਹਾਨ ਲਾਇਬ੍ਰੇਰੀ ਮੌਜੂਦ ਸੀ। ਉਦੋਂ ਜਦੋਂ ਕਾਗਜ਼ ਅਜੋਕੇ ਰੂਪ ਵਿੱਚ ਨਹੀਂ ਆਇਆ ਸੀ ਤਾਂ ਇਸ ਵਿੱਚ ਪੜ੍ਹਨ ਸਮੱਗਰੀ ‘ਪੇਪੀਰਸ ਰੋਲ’ ਦੇ ਰੂਪ ਵਿੱਚ ਸੀ, ਜਿਨ੍ਹਾਂ ਦੀ ਗਿਣਤੀ ਚਾਲੀ ਹਜ਼ਾਰ ਤੋਂ ਚਾਲੀ ਲੱਖ ਦੇ ਵਿਚਕਾਰ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ‘ਮਿੱਟੀ ਦੀਆਂ ਠੀਕਰੀਆਂ’ (ਛਲਅੇ ਠਅਬਲੲਟਸ) ਉੱਪਰ ਲਿਖੀਆਂ ਹੋਈਆਂ ਲਿਖਤਾਂ ਵੀ ਇਸ ਲਾਇਬ੍ਰੇਰੀ ਵਿੱਚ ਮੌਜੂਦ ਸਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਾਗਜ਼ ਦੀ ਕਾਢ ਉਸ ਤੋਂ ਬਹੁਤ ਬਾਅਦ 105 ਈਸਵੀ ਵਿੱਚ ਹੋਈ ਅਤੇ ਇਸ ਤੋਂ ਪਹਿਲਾਂ ਵਿਦਵਾਨਾਂ ਦੁਆਰਾ ਲਿਖਤਾਂ ਉਸ ਸਮੇਂ ‘ਪੇਪੀਰਸ’ ਰੁੱਖ ਦੀ ਛਿੱਲ ਉੱਪਰ ਹੀ ਕੀਤੀਆਂ ਜਾਂਦੀਆਂ ਸਨ।
ਅਲੈਗਜ਼ੈਂਡਰੀਆ ਲਾਇਬ੍ਰੇਰੀ ਨੂੰ ‘ਗਿਆਨ ਅਤੇ ਸਿੱਖਣ-ਸਿਖਾਉਣ’ ਦੀ ਰਾਜਧਾਨੀ ਮੰਨਿਆ ਗਿਆ ਹੈ। ਤੀਸਰੀ ਅਤੇ ਦੂਸਰੀ ਬੀ.ਸੀ. ਵਿੱਚ ਇੱਥੇ ਕਈ ਵਿਦਵਾਨ ਕੰਮ ਕਰਦੇ ਸਨ, ਜਿਨ੍ਹਾਂ ਨੇ ਮਹਾਨ ਕਵੀ ਹੋਮਰ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਕੇ ਅਜੋਕੇ ਰੂਪ ਵਿੱਚ ਲਿਆਂਦਾ। ਕੈਲੀਮੈਕਸ ਨੇ ਕਈ ‘ਪਿਨਾਕਾ’ ਲਿਖੇ, ਜਿਨ੍ਹਾਂ ਨੂੰ ਅਜੋਕੇ ‘ਲਾਇਬ੍ਰੇਰੀ ਕੈਟਾਲਾਗ’ ਦਾ ਮੁੱਢ ਸਮਝਿਆ ਜਾਂਦਾ ਹੈ। ਬਦਕਿਸਮਤੀ ਨਾਲ 45 ਬੀ.ਸੀ. ਵਿੱਚ ਹੋਈ ਸਿਵਲ ਵਾਰ ਦੌਰਾਨ ਇਹ ਲਾਇਬ੍ਰੇਰੀ ਜੂਲੀਅਸ ਸੀਜ਼ਰ ਅਤੇ ਉਸ ਦੇ ਸਾਥੀਆਂ ਵੱਲੋਂ ਅਗਨ-ਭੇਟ ਕਰ ਦਿੱਤੀ ਗਈ। ਇਸ ਬਾਰੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਦੋਂ ਇਸ ਲਾਇਬ੍ਰੇਰੀ ਦਾ ਇਸ ਅੱਗ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਅਤੇ ਕਿੰਨਾ ਹੋਣੋਂ ਬਚ ਗਿਆ ਸੀ। ਅਜੇ ਤੱਕ ਇਹ ਪੱਕਾ ਪਤਾ ਨਹੀਂ ਲੱਗਾ ਕਿ ਇਹ ਲਾਇਬ੍ਰੇਰੀ ਕਿਸ ਹੱਦ ਤੀਕ ‘ਮੁੜ-ਸੁਰਜੀਤ’ ਹੋ ਸਕੀ ਸੀ। ਇਸ ਤੋਂ ਬਾਅਦ ਚੀਨ, ਬੈਲਜੀਅਮ, ਜਰਮਨੀ, ਆਇਰਲੈਂਡ ਅਤੇ ਭਾਰਤ ਦੇ ਸੂਬਿਆਂ ਤਾਮਿਲ ਨਾਡੂ ਤੇ ਬਿਹਾਰ ਵਿੱਚ ਵੀ ਵੱਖ-ਵੱਖ ਸਮੇਂ ਕਈ ਲਾਇਬ੍ਰੇਰੀਆਂ ਅਗਨ-ਭੇਟ ਕੀਤੀਆਂ ਗਈਆਂ।
ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ
ਇਹ ਤਾਂ ਬਿਲਕੁਲ ਉਵੇਂ ਹੀ ਜਾਪਦਾ ਹੈ, ਜਿਵੇਂ ਅਜੋਕੇ ਸਮੇਂ ਵਿੱਚ ਜੂਨ 1984 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ‘ਬਲੂ ਸਟਾਰ ਆਪਰੇਸ਼ਨ’ ਦੌਰਾਨ ਭਾਰਤੀ ਫੌਜ ਵੱਲੋਂ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਨੂੰ ਸਾੜ ਦਿੱਤਾ ਗਿਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫ਼ੀ ਸਮੇਂ ਤੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਸ ਦੀ ਕਾਫੀ ਹੱਦ ਤੀਕ ਭਰਪਾਈ ਹੋ ਗਈ ਹੈ। ਦੂਸਰੇ ਪਾਸੇ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਚੁਕੀ ਹੈ ਕਿ ਇਸ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਇਸ ਵਿੱਚੋਂ ਕਈ ਦੁਰਲੱਭ ਹੱਥ-ਲਿਖਤ ਖਰੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਹੱਥ-ਲਿਖਤ ਬੀੜਾਂ ਅਤੇ ਹੋਰ ਬੇਸ਼ਕੀਮਤੀ ਪੜ੍ਹਨ ਸਮੱਗਰੀ ਇਸ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਹੀ ਲਾਇਬ੍ਰੇਰੀ ਵਿੱਚੋਂ ਬਾਹਰ ਕੱਢ ਲਈ ਗਈ ਸੀ, ਜਿਸ ਦੀਆਂ ਲਿਸਟਾਂ ਬਾਅਦ ਵਿੱਚ ਬਾਕਾਇਦਾ ਅੰਮ੍ਰਿਤਸਰ ਦੇ ਯੂਥ ਹੋਸਟਲ ਵਿੱਚ ਜਾ ਕੇ ਬਣਾਈਆਂ ਗਈਆਂ ਸਨ ਅਤੇ ਉਸ ਸਮੁੱਚੀ ਸਮੱਗਰੀ ਨੂੰ ਫੌਜੀ ਟਰੱਕਾਂ ਵਿੱਚ ਦਿੱਲੀ ਭੇਜ ਦਿੱਤਾ ਗਿਆ ਸੀ।
ਲਾਇਬ੍ਰੇਰੀਆਂ ਅਤੇ ਸੱਭਿਆਚਾਰ
ਸਮਾਜ ਦੀਆਂ ਪੁਰਾਤਨ ਰਹੁ-ਰੀਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸਾਂਭ-ਸੰਭਾਲ ਵਿੱਚ ਲਾਇਬ੍ਰੇਰੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਲੋਕਧਾਰਾ ਅਤੇ ਲੋਕ-ਵਿਰਸਾ ਬੇਸ਼ਕ ਪੀੜ੍ਹੀਓ-ਪੀੜ੍ਹੀ ਮੌਖਿਕ ਤੌਰ ‘ਤੇ ਸਦੀਆਂ ਤੋਂ ਹੀ ਚੱਲੇ ਆ ਰਹੇ ਹਨ, ਪਰ ਇਨ੍ਹਾਂ ਦੀ ਸਹੀ ਅਰਥਾਂ ਵਿੱਚ ਸੰਭਾਲ ਲਾਇਬ੍ਰੇਰੀਆਂ ਵਿੱਚ ਹੀ ਹੁੰਦੀ ਹੈ, ਜਿੱਥੇ ਇਨ੍ਹਾਂ ਬਾਰੇ ਕਈ ਪੁਸਤਕਾਂ ਅਤੇ ਹੱਥ-ਲਿਖਤ ਗ੍ਰੰਥ ਉਪਲੱਭਧ ਹੁੰਦੇ ਹਨ। ਇਨ੍ਹਾਂ ਵਿੱਚ ਪੁਰਾਣੇ ਜ਼ਮਾਨੇ ਦੇ ਲੋਕਾਂ ਦੇ ਰਹਿਣ-ਸਹਿਣ, ਰੀਤੀ-ਰਿਵਾਜ, ਖਾਣ-ਪੀਣ ਦੀਆਂ ਆਦਤਾਂ ਤੇ ਵਸਤਾਂ, ਉਨ੍ਹਾਂ ਦੀਆਂ ਪੁਸ਼ਾਕਾਂ, ਔਰਤਾਂ ਵੱਲੋਂ ਪਹਿਨੇ ਜਾਣ ਵਾਲੇ ਗਹਿਣਿਆਂ, ਖੇਡਾਂ, ਲੋਕ-ਗੀਤਾਂ ਅਤੇ ਮਨੋਰੰਜਨ ਦੇ ਹੋਰ ਸਾਧਨਾਂ ਆਦਿ ਦਾ ਵਿਸਥਾਰ ਮਿਲਦਾ ਹੈ, ਜੋ ਉਸ ਸਮੇਂ ਦੇ ਸਭਿਆਚਾਰ, ਲੋਕਧਾਰਾ ਅਤੇ ਲੋਕ-ਵਿਰਸੇ ਨੂੰ ਭਲੀ-ਭਾਂਤ ਦਰਸਾਉਂਦਾ ਹੈ। ਇਸ ਤੋਂ ਇਲਾਵਾ ਵਰਤਮਾਨ ਸਭਿਆਚਾਰ ਬਾਰੇ ਵੀ ਜਾਣਕਾਰੀ ਬਹੁਤ ਸਾਰੀਆਂ ਪੁਸਤਕਾਂ ਅਤੇ ਰਿਸਾਲਿਆਂ ਵਿੱਚੋਂ ਮਿਲਦੀ ਹੈ, ਜੋ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਉਪਲੱਭਧ ਹਨ।
ਸੱਭਿਆਚਾਰ ਅਤੇ ਲੋਕਧਾਰਾ
ਸਭਿਆਚਾਰ ਸਾਂਝੇ ਲੋਕ-ਸਮੂਹ ਦੇ ਵਿਸ਼ਵਾਸਾਂ, ਕਦਰਾਂ-ਕੀਮਤਾਂ ਅਤੇ ਰਹਿਣ-ਸਹਿਣ, ਰੀਤੀ-ਰਿਵਾਜਾਂ ਅਤੇ ਨਿੱਤ ਵਰਤੋਂ ਦੀਆਂ ਚੀਜ਼ਾਂ-ਵਸਤਾਂ ਦੇ ਇਕੱਠ ਨੂੰ ਦਰਸਾਉਂਦਾ ਹੈ। ਇਹ ਪੀੜ੍ਹੀਓ-ਪੀੜ੍ਹੀ ਇੱਕ ਤੋਂ ਦੂਸਰੀ ਤੱਕ ਅੱਗੇ ਚੱਲਦਾ ਰਹਿੰਦਾ ਹੈ। ਸਮਾਜਿਕ ਰੀਤੀ-ਰਿਵਾਜ ਇਸ ਵਿੱਚ ਆਪਣੀ ਮੁੱਖ ਭੂਮਿਕਾ ਨਿਭਾੳਂੁਦੇ ਹਨ। ਦੂਸਰੇ ਪਾਸੇ ਲੋਕਧਾਰਾ ਕਿਸੇ ਵਿਸ਼ੇਸ਼ ਲੋਕ-ਸਮੂਹ ਦੇ ਜੀਵਨ ਦੇ ਰਹਿਣ-ਸਹਿਣ ਅਤੇ ਰੀਤੀ-ਰਿਵਾਜਾਂ ਨੂੰ ਪ੍ਰਗਟ ਕਰਦਾ ਹੈ। ਇਸ ਵਿੱਚ ਉਸ ਵਿਸ਼ੇਸ਼ ਗਰੁੱਪ ਦੀਆਂ ਬਾਤਾਂ, ਕਹਾਣੀਆਂ, ਲੋਕ-ਗੀਤ, ਅਖਾਣ, ਮੁਹਾਵਰੇ ਆਦਿ ਸਭ ਕੁੱਝ ਆ ਜਾਂਦਾ ਹੈ। ਇਹ ਪੁਰਾਤਨ ਸਮੇਂ ਤੋਂ ਮੌਖਿਕ ਰੂਪ ਵਿੱਚ ਪੀੜ੍ਹੀਓ-ਪੀੜ੍ਹੀ ਚੱਲਦਾ ਰਿਹਾ ਹੈ ਅਤੇ ਇਸ ਦਾ ਕੋਈ ਬਹੁਤਾ ਲਿਖਤੀ ਰਿਕਾਰਡ ਨਹੀਂ ਮਿਲਦਾ। ਲੋਕਧਾਰਾ ਵਿਗਿਆਨੀਆਂ ਨੇ ਕਈ ਅਜਿਹੇ ਲੋਕ-ਸਮੂਹਾਂ ਵਿੱਚ ਜਾ ਕੇ ਉਨ੍ਹਾਂ ਦੇ ਇਨ੍ਹਾਂ ਰੀਤੀ-ਰਿਵਾਜਾਂ ਦਾ ਅਧਿਐਨ ਕੀਤਾ ਹੈ। ਬਾਅਦ ਵਿੱਚ ਉਨ੍ਹਾਂ ਨੇ ਉਸ ਵਿੱਚੋਂ ਕੁਝ ਕੁ ਨੂੰ ਪੁਸਤਕ ਰੂਪ ਦਿੱਤਾ ਅਤੇ ਉਨ੍ਹਾਂ ਦੀਆਂ ਇਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਉਪਲੱਭਧ ਹਨ।
ਇਸ ਸਬੰਧ ਵਿੱਚ ਇੱਥੇ ਇਹ ਉਦਾਹਰਣ ਦੇਣੀ ਉਚਿਤ ਹੋਵੇਗੀ। ਉੱਘੇ ਕਹਾਣੀਕਾਰ ਕ੍ਰਿਪਾਲ ਕਜ਼ਾਕ ਨੇ ਇੱਕ ਸਾਲ ਤੋਂ ਵੱਧ ਸਮਾਂ ਸ਼ਿਕਲੀਗਰ ਕਬੀਲੇ ਦਾ ਅਧਿਐੱਨ ਕਰਨ ਲਈ ਉਨ੍ਹਾਂ ਦੇ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਘੁਲ਼-ਮਿਲ਼ ਕੇ ਗੁਜ਼ਾਰਿਆ। ਉਹ ਭੇਸ ਵਟਾ ਕੇ ਉਨ੍ਹਾਂ ਵਰਗੀ ਵੇਸ਼-ਭੂਸ਼ਾ ਵਿੱਚ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਨਾਲ ਪਿੰਡੋਂ-ਪਿੰਡੀਂ ਫਿਰਦਾ ਰਿਹਾ। ਉਨ੍ਹਾਂ ਦੇ ਨਾਲ ਲੋਹੇ ਦੇ ਬਾਟਿਆਂ ਨੂੰ ਥੱਲੇ ਲਾਉਣ ਅਤੇ ਹੋਰ ਬਰਤਨਾਂ ਦੀ ਮੁਰੰਮਤ ਦੇ ਨਿੱਕੇ-ਮੋਟੇ ਕੰਮ ਵੀ ਕਰਦਾ ਰਿਹਾ ਤੇ ਨਾਲ ਦੀ ਨਾਲ ਉਨ੍ਹਾਂ ਦੀ ਜੀਵਨ-ਸ਼ੈਲੀ ਨੂੰ ਨੇੜਿਉਂ ਗਹੁ ਨਾਲ ਵਾਚਦਾ ਰਿਹਾ। ਉਸ ਦੇ ਇਸ ਖੋਜ-ਕਾਰਜ ਦੇ ਆਧਾਰਿਤ ਪੁਸਤਕ ‘ਸ਼ਿਕਲੀਗਰ ਕਬੀਲੇ ਦਾ ਲੋਕਧਾਰਿਕ ਅਧਿਐਨ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ, ਜਿਸ ਦੇ ਯੂਨੀਵਰਸਿਟੀ ਵੱਲੋਂ ਕੀਤੇ ਗਏ ਮੁਲੰਕਣ ਤੋਂ ਬਾਅਦ ਕੇਵਲ ਪੰਜਵੀਂ ਪਾਸ ਹੋਣ ਦੇ ਬਾਵਜੂਦ ਉਸ ਨੂੰ ਇਸ ਯੂਨੀਵਰਸਿਟੀ ਵਿੱਚ ‘ਖੋਜ ਸਹਾਇਕ’ (ਰੀਸਰਚ ਅਸਿਸਟੈਂਟ) ਦੀ ਨੌਕਰੀ ਮਿਲ ਗਈ ਅਤੇ ਇਸ ਪੋਸਟ ‘ਤੇ ਕੰਮ ਕਰਦਿਆਂ ਬਾਅਦ ਵਿੱਚ ਉਸ ਨੇ ਲੋਕਧਾਰਾ ਦੇ ਖੇਤਰ ਵਿੱਚ ਹੋਰ ਵੀ ਕਾਫੀ ਸ਼ਲਾਘਾਯੋਗ ਕੰਮ ਕੀਤਾ। ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ‘ਗਾਡੀ ਲੋਹਾਰ ਕਬੀਲੇ ਦਾ ਸੱਭਿਆਚਾਰ’, ‘ਪੰਜਾਬੀ ਸੱਭਿਆਚਾਰ ਤੇ ਲੋਕ ਪਹਿਰਾਵਾ’ ਅਤੇ ‘ਲੋਕ ਖੇਡਾਂ ਤੇ ਸੱਭਿਆਚਾਰ’ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ।
ਲੋਕਧਾਰਾ: ਇਤਿਹਾਸਕ ਪਰਿਪੇਖ
ਗੁਰੂ ਤੇਗ ਬਹਾਦਰ ਕਾਲਜ ਦਿੱਲੀ ਦੇ ਸਾਬਕਾ ਪ੍ਰੋਫੈਸਰ ਅਤੇ ਫੋਕਲੋਰ ਦੇ ਪ੍ਰਸਿੱਧ ਵਿਦਵਾਨ (ਸਵ.) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਸੱਤਰਵਿਆਂ ਦੇ ਸ਼ੁਰੂ ਵਿੱਚ ਆਪਣੇ ਪੀਐੱਚ.ਡੀ. ਥੀਸਿਜ਼ ਵਿੱਚ ਪਹਿਲੀ ਵਾਰ ਅੰਗਰੇਜ਼ੀ ਸ਼ਬਦ ‘ਫੋਕਲੋਰ’ ਨੂੰ ਪੰਜਾਬੀ ਵਿੱਚ ‘ਲੋਕਧਾਰਾ’ ਵਜੋਂ ਸ਼ਾਬਦਿਕ-ਰੂਪ ਦਿੱਤਾ ਅਤੇ ਉਨ੍ਹਾਂ ਦੀਆਂ ਪੁਸਤਕਾਂ ‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ (1981) ਤੇ ‘ਲੋਕਧਾਰਾ ਅਤੇ ਸਾਹਿਤ’ (1986) ਇਸ ਸ਼ਬਦ ਨੂੰ ਬਾਖੂਬੀ ਦਰਸਾਉਂਦੀਆਂ ਹੋਈਆਂ ਪ੍ਰਕਾਸ਼ਿਤ ਹੋਈਆਂ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਡਾ. ਸੰਤੋਖ ਸਿੰਘ ‘ਸ਼ਹਰਯਾਰ’ ਨੇ 1979 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਪੇਸ਼ ਕੀਤੇ ਗਏ ਆਪਣੇ ਪੀਐੱਚ.ਡੀ. ਥੀਸਿਜ਼ ‘ਮਾਲਵੇ ਦੇ ਲੋਕ-ਗੀਤਾਂ ਦਾ ਸਮਾਜ-ਸਭਿਆਚਾਰਕ ਅਧਿਐਨ’ ਵਿੱਚ ਸ਼ਬਦ ‘ਲੋਕਧਾਰਾ’ ਦੀ ਵਰਤੋਂ ਕੀਤੀ। ਇਸੇ ਯੂਨੀਵਰਸਿਟੀ ਦੇ ਵਿਦਵਾਨ ਡਾ. ਗੁਰਮੀਤ ਸਿੰਘ ਜਿਸ ਨੇ ‘ਲੋਕ-ਚਿਕਿਤਸਾ: ਜ਼ਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ‘ਤੇ ਆਧਾਰਿਤ’ ਵਿਸ਼ੇ ਉੱਪਰ ਖੋਜ ਕਰਕੇ 1982 ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ, ਨੇ ਆਪਣੇ ਇਸ ਥੀਸਿਜ਼ ਵਿੱਚ ਹੋਰ ਵਾਧਾ ਕਰਕੇ ਆਪਣੀ ਪੁਸਤਕ ‘ਪੰਜਾਬੀ ਲੋਕਧਾਰਾ ਦੇ ਕੁਝ ਪੱਖ’ 1985 ਵਿੱਚ ਛਪਵਾਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨ ਡਾ. ਨਾਹਰ ਸਿੰਘ ਜਿਸ ਨੇ ਫੋਕਲੋਰ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਹੈ, ਨੇ ਵੀ ਇਸ ਲਈ ਸ਼ਬਦ ‘ਲੋਕਧਾਰਾ’ ਹੀ ਵਰਤਿਆ ਹੈ। ਇਸ ਖੇਤਰ ਵਿੱਚ ਉਨ੍ਹਾਂ ਦੀਆਂ ਪੁਸਤਕਾਂ ‘ਲੋਕ-ਕਾਵਿ ਦੀ ਸਿਰਜਣ ਪ੍ਰਕ੍ਰਿਆ’ (1983), ‘ਮਾਲਵੇ ਦੇ ਟੱਪੇ’ (1985), ‘ਲੌਂਗ ਬੁਰਜੀਆਂ ਵਾਲਾ’ (1986) ‘ਕਾਲਿਆਂ ਹਰਨਾਂ ਰੋਹੀਏ ਫਿਰਨਾ’ ਅਤੇ ‘ਬਾਗੀਂ ਚੰਬਾ ਖਿੜ ਰਿਹਾ’ ਬਹੁਤ ਹਰਮਨ-ਪਿਆਰੀਆਂ ਹਨ। ਬਲਬੀਰ ਸਿੰਘ ਪੂਨੀ ਦੀ ਪੁਸਤਕ ‘ਪੰਜਾਬੀ ਲੋਕਧਾਰਾ ਤੇ ਸਭਿਆਚਾਰ’ (1992) ਵੀ ਇਸ ‘ਲੋਕਧਾਰਾ’ ਸ਼ਬਦ ਦੀ ਪ੍ਰੋੜ੍ਹਤਾ ਕਰਦੀ ਹੈ।
‘ਲੋਕਧਾਰਾ’ ਅਤੇ ‘ਲੋਕਯਾਨ’
ਇਸ ਦੇ ਨਾਲ ਹੀ ਕਈ ਵਿਦਵਾਨਾਂ ਵੱਲੋਂ ‘ਲੋਕਧਾਰਾ’ ਨੂੰ ਨਵਾਂ ਨਾਂ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਵਾਨ ਪ੍ਰੋ. ਕਰਨੈਲ ਸਿੰਘ ਥਿੰਦ ਵੱਲੋਂ ਸੱਤਰਵਿਆਂ ਦੇ ਅਖੀਰ ਵਿੱਚ ਆਪਣੇ ਪੀਐੱਚ.ਡੀ. ਥੀਸਿਜ਼ ‘ਪੰਜਾਬੀ ਸਾਹਿਤ ਦਾ ਲੋਕਯਾਨਿਕ ਅਧਿਐਨ’ ਵਿੱਚ ਫੋਕਲੋਰ ਨੂੰ ‘ਲੋਕਯਾਨ’ ਦਾ ਨਾਮ ਦਿੱਤਾ ਗਿਆ, ਜਿਸ ਦਾ ਪਿਛੋਕੜ ਹਿੰਦੀ ਭਾਸ਼ਾ ਨਾਲ ਹੋਣ ਕਰਕੇ ਇਹ ਨਾਂ ਪੰਜਾਬੀ ਵਿੱਚ ਵਧੇਰੇ ਪ੍ਰਚੱਲਤ ਨਾ ਹੋ ਸਕਿਆ ਅਤੇ ਸ਼ਬਦ ‘ਲੋਕਧਾਰਾ’ ਹੀ ਫੋਕਲੋਰ ਦੇ ਪੰਜਾਬੀ ਰੂਪ ਵਿੱਚ ਲੋਕਾਂ ਦੇ ਸਾਹਮਣੇ ਆਇਆ। ਅਲਬੱਤਾ, ਇਕਬਾਲ ਕੌਰ ਸੌਂਦ ਨੇ ਇਸ ਸ਼ਬਦ ‘ਲੋਕਯਾਨ’ ਆਪਣੀ ਪੁਸਤਕ ਦੇ ਟਾਈਟਲ ‘ਪੰਜਾਬੀ ਲੋਕਯਾਨ’ (1986) ਲਈ ਵਰਤਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਬਦ ‘ਲੋਕਧਾਰਾ’ ਦਾ ਮੁੱਢ ਦਿੱਲੀ ਵਾਸੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਹੀ ਬੰਨਿ੍ਹਆ ਅਤੇ ਹੋਰ ਕਈ ਵਿਦਵਾਨਾਂ ਨੇ ਹੋਰ ਵਿਸਥਾਰ ਦੇ ਕੇ ਇਸ ਨੂੰ ਅੱਗੇ ਤੋਰਿਆ। ਇਸ ਦੌਰਾਨ ਕਈ ਵਿਦਵਾਨਾਂ ਵੱਲੋਂ ਇਸ ਦਾ ਸਮਾਨੰਤਰ ਸ਼ਬਦ ‘ਲੋਕਯਾਨ’ ਦੇਣ ਦੀ ਵੀ ਕੋਸ਼ਿਸ਼ ਹੋਈ, ਪਰ ਉਹ ਕੋਸ਼ਿਸ਼ ਸਫਲ ਨਾ ਹੋ ਸਕੀ।
ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ
ਸੰਸਾਰ ਪ੍ਰਸਿੱਧ ‘ਵਿਕੀਪੀਡੀਆ’ ਨੇ ਪੰਜਾਬੀ ਲੋਕਧਾਰਾ ਦੇ ਖੇਤਰ ਬਾਰੇ ਵਿਸਥਾਰ ਵਿੱਚ ਜਾਂਦਿਆਂ ਇਸ ਵਿੱਚ ਨਾਗ ਦੇਵਤਾ, ਗੁੱਗਾ ਪੀਰ, ਸਖੀ ਸਰਵਰ, ਰਾਜਾ ਰਸਾਲੂ, ਰਾਜਾ ਗੋਪੀ ਚੰਦ, ਰਾਜਾ ਚੰਦਰਭਾਨ ਤੇ ਰਾਣੀ ਚੰਦ ਕਰਨ, ਸਰਮੌਰ ਦਾ ਰਾਜਾ ਮਾਹੀ ਪ੍ਰਕਾਸ਼, ਨੂਰਪੁਰ ਦਾ ਰਾਜਾ ਜਗਤ ਸਿੰਘ, ਕਾਂਗੜੇ ਦਾ ਰਾਜਾ ਸੰਸਾਰ ਚੰਦ, ਸਰਮੌਰ ਦਾ ਰਾਜਾ ਫਤਿਹ ਪ੍ਰਕਾਸ਼, ਰਾਜਾ ਢੋਲ, ਰਾਜਾ ਨਲ, ਭਗਤ ਧੰਨਾ ਜੱਟ, ਪੂਰਨ ਭਗਤ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਸ਼ੀਰੀਂ ਫਰਿਹਾਦ, ਸੁੱਚਾ ਸਿੰਘ ਸੂਰਮਾ, ਜਿਊਣਾ ਮੌੜ, ਲੂਣਾ, ਢੋਲ-ਸੰਮੀ, ਯੂਸਫ-ਜ਼ੁਲੈਖਾਂ, ਦੁੱਲਾ-ਭੱਟੀ, ਕੇਹਰ ਸਿੰਘ/ਰਾਮ ਕੌਰ, ਸ਼ਾਮ ਕੌਰ/ਸ਼ਾਮ ਸਿੰਘ/ਸ਼ਾਮ ਲਾਲ, ਮੰਨੂੰ ਗੁੱਗੂ, ਉਸਤਾਦ ਹਰਮਨ ਆਦਿ ਨਾਲ ਜੁੜੀਆਂ ਲੋਕ-ਗਾਥਾਵਾਂ ਅਤੇ ਈਸਾ ਬਾਣੀਆ ਤੇ ਈਸਾ ਬਾਪਰੀ ਆਦਿ ਕਿੱਸਾ-ਕਾਵਿ ਵਗੈਰਾ ਨੂੰ ਲੋਕਧਾਰਾ ਦੇ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਆਮ ਲੋਕਾਂ ਦੇ ਰਹਿਣ-ਬਹਿਣ, ਬੋਲੀ, ਸਭਿਆਚਾਰ, ਪਹਿਰਾਵਾ, ਗਹਿਣੇ-ਗੱਟੇ, ਰਸਮੋ-ਰਿਵਾਜ, ਅਖਾਣ, ਮੁਹਾਵਰੇ, ਟੱਪੇ, ਬੋਲੀਆਂ, ਘੋੜੀਆਂ, ਸੁਹਾਗ, ਲੋਕ-ਗੀਤ, ਲੋਕ-ਸੰਗੀਤ, ਲੋਕ-ਕਹਾਣੀਆਂ, ਲੋਕ-ਸਾਜ਼, ਕਿੱਸਾ-ਕਾਵਿ, ਲੰਮੀਆਂ ਬਾਤਾਂ, ਬੁਝਾਰਤਾਂ, ਗਾਲ੍ਹਾਂ, ਦੇਸੀ ਦਵਾ-ਦਾਰੂ, ਟੋਟਕਿਆਂ, ਵਹਿਮਾਂ-ਭਰਮਾਂ, ਝਾੜ-ਫੂਕ ਅਤੇ ਫਾਂਡਿਆਂ ਵਗੈਰਾ ਤੋਂ ਵੀ ਅਗਾਂਹ ਦੀ ਗੱਲ ਹੈ।
ਪੰਜਾਬੀ ਸਭਿਆਚਾਰ ਦੀ ਖੂਬਸੂਰਤ ਤਸਵੀਰ ‘ਮੇਰਾ ਪਿੰਡ’
ਰਸੂਲ ਹਮਜ਼ਾਤੋਵ ਦੇ ਸ਼ਾਹਕਾਰ ‘ਮੇਰਾ ਦਾਗ਼ਿਸਤਾਨ’ ਨੂੰ ਰੂਸੀ ਖਿੱਤੇ ਦਾਗ਼ਿਸਤਾਨ ਦੇ ਸਭਿਆਚਾਰ ਅਤੇ ਉਸ ਦੀ ਲੋਕਧਾਰਾ ਨੂੰ ਸਮਝਣ ਲਈ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਜਿਸ ਨੂੰ ਵਿਦਵਾਨਾਂ ਵੱਲੋਂ ‘ਪੰਜਾਬੀ ਜਨ-ਜੀਵਨ ਦਾ ਇਨਸਾਈਕਲੋਪੀਡੀਆ’ ਵੀ ਕਰਾਰ ਦਿੱਤਾ ਗਿਆ ਹੈ, ਸਦੀਆਂ ਤੋਂ ਚੱਲੇ ਆ ਰਹੇ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦਾ ਹੈ। ਇਹ ਪੁਸਤਕ ਪਹਿਲੀ ਵਾਰ 1961 ਵਿੱਚ ਛਪੀ ਅਤੇ ਇਸ ਦਾ ਬਾਰ੍ਹਵਾਂ ਸੰਸਕਰਣ 2014 ਵਿੱਚ ਆਇਆ। ਇਸ ਵਿੱਚ ਗਿਆਨੀ ਜੀ ਨੇ ਬੱਚੇ ਦੇ ਜਨਮ ਸਮੇਂ ਉਸ ਨੂੰ ‘ਗੁੜ੍ਹਤੀ ਦੇਣ’ ਦੀ ਰਸਮ ਤੋਂ ਸ਼ੁਰੂ ਹੋ ਕੇ, ਮੁੰਡੇ ਦੀ ਛਟੀ, ਵਿਆਹ ਸਮੇਂ ਬਜ਼ੁਰਗ ਤੇ ਜਵਾਨ ਔਰਤਾਂ ਅਤੇ ਕੁੜੀਆਂ-ਚਿੜੀਆਂ ਵੱਲੋਂ ਗਾਈਆਂ ਜਾਣ ਵਾਲੀਆਂ ਘੋੜੀਆਂ ਤੇ ਸੁਹਾਗ ਗੀਤ, ਢੋਲਕ ਗੀਤ, ਜਾਗੋ, ਨਾਨਕੀ-ਛੱਕ ਦਾ ਗਿੱਧਾ, ਮਰਨੇ-ਪਰਨੇ ਦੀਆਂ ਰਸਮਾਂ ਅਤੇ ਅਜਿਹੇ ਮੌਕਿਆਂ ‘ਤੇ ‘ਨੈਣ’ ਦੇ ਭਰਪੂਰ ‘ਸਹਿਯੋਗ’ ਨਾਲ ਕੀਤੇ ਜਾਣ ਵਾਲੇ ‘ਸਿਆਪੇ’ ਤੱਕ ਦੀਆਂ ਰਸਮਾਂ ਬਾਰੇ ਵੱਡਮੁੱਲੀ ਜਾਣਕਾਰੀ ਦੇ ਕੇ ਪੰਜਾਬੀ ਜਨ-ਜੀਵਨ ਦੀ ਸ਼ਾਨਦਾਰ ਬਾਖੂਬੀ ਤਸਵੀਰ ਪੇਸ਼ ਕੀਤੀ ਹੈ।
ਇਸ ਦੇ ਨਾਲ ਹੀ ਗਿਆਨੀ ਜੀ ਨੇ ਪੇਂਡੂ ਲੋਕਾਂ ਵੱਲੋਂ ਵੱਖ-ਵੱਖ ਇਸ਼ਟਾਂ ਨੂੰ ਮੰਨਣ, ਉਨ੍ਹਾਂ ਦੀ ਸਾਧਾਂ-ਸੰਤਾਂ ਲਈ ਅੰਨ੍ਹੀ ਸ਼ਰਧਾ, ਸਿਆਲਾਂ ਦੀਆਂ ‘ਧੂਣੀਆਂ’ ਦੇ ਆਲੇ-ਦੁਆਲੇ ਬੈਠ ਕੇ ਲੋਕਾਂ ਵੱਲੋਂ ਪਾਈਆਂ ਜਾਣ ਵਾਲੀਆਂ ਲੰਮੀਆਂ ਬਾਤਾਂ ਅਤੇ ਗਾਲੜੀਆਂ ਵੱਲੋਂ ਸੁਣਾਈਆਂ ਜਾਣ ਵਾਲੀਆਂ ਲੋਕ-ਗਾਥਾਵਾਂ ਤੇ ਗੱਪਾਂ ਦੀ ਵੀ ਬਹੁਤ ਵਧੀਆ ਚਰਚਾ ਕੀਤੀ ਹੈ। ਧੂਣੀਆਂ ਦੁਆਲੇ ਸਜਾਈਆਂ ਜਾਣ ਵਾਲੀਆਂ ਮਹਿਫਿਲਾਂ ਅਤੇ ਗਾਲੜੀਆਂ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, “ਧੂਣੀ ਵਿੱਚ ਅੱਗ ਥੋੜ੍ਹੀ ਹੋਵੇ ਜਾਂ ਵੱਧ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਧੂਣੀ ਮਘਣ ਦਾ ਅੰਦਾਜ਼ਾ ਉਸ ਦੇ ‘ਸੇਕ’ (ਗੱਲਾਂ ਦੇ ਸੇਕ) ਤੋਂ ਹੀ ਲਗਾਇਆ ਜਾਂਦਾ ਹੈ, ਸਗੋਂ ਚੰਗੀ ਮਘੀ ਧੂਣੀ ਤਾਂ ਉਸ ਦਿਨ ਸਮਝੀ ਜਾਂਦੀ ਹੈ, ਜਿਸ ਦਿਨ ਗੱਲਾਂ ਦੇ ਗੱਲਾਕੜੀਆਂ ਵੱਲੋਂ ਗੱਪਾਂ ਦੀ ਚੰਗੀ ਆਹੂਤੀ ਪਾਈ ਗਈ ਹੋਵੇ ਜਾਂ ਕਿਸੇ ਵੱਡੇ ਗਾਲ੍ਹੜੀ ਨੇ ਨਵੀਂਆਂ-ਪੁਰਾਣੀਆਂ ਗੱਪਾਂ ਨਾਲ ਧੂਣੀ ਸੇਕਣ ਵਾਲਿਆਂ ਦਾ ਵਧੇਰੇ ਜੀਅ ਖੁਸ਼ ਕੀਤਾ ਹੋਵੇ।”
ਅਜਿਹੀ ਹੀ ਇੱਕ ਧੂਣੀ ਬਾਰੇ ਉਹ ਲਿਖਦੇ ਹਨ ਕਿ ਇੱਕ ਦਿਨ ਇੱਕ ਗਾਲੜੀ ਵਾਹਵਾ ਈ ਗਈ ਰਾਤ ਤੱਕ ਕਹਾਣੀ ਸੁਣਾਉਂਦਾ ਗਿਆ ਤੇ ਲੋਕ ਸੁਣਦੇ ਰਹੇ। ਸਾਰੀ ਰਾਤ ਲੰਘ ਗਈ, ਪਹਿਰ ਦੇ ‘ਤੜਕੇ ਦਾ ਤਾਰਾ’ ਚੜ੍ਹਨ ‘ਤੇ ਲੋਕਾਂ ਨੇ ਖੂਹ-ਖਾਤੇ ਜੋੜਨੇ ਸ਼ੁਰੂ ਕੀਤੇ। ਧੂਣੀ ਲੱਗੀ ਵੇਖ ਕੇ ਖੂਹ ਜੋੜਣ ਲਈ ਜਾਂਦੇ ਇੱਕ ਕਿਸਾਨ ਨੇ ਉਸ ਦੇ ਦੁਆਲੇ ਬੈਠੇ ਮੁੰਡਿਆਂ ਨੂੰ ਕਿਹਾ, “ਮੁੰਡਿਓ, ਮੈਨੂੰ ਵੀ ਅੱਗ ਦਾ ਮਾੜਾ ਜਿਹਾ ਕਿਣਕਾ ਦੇ ਦਿਓ, ਖੂਹ ‘ਤੇ ਜਾ ਕੇ ਧੂਣੀ ਲਾ ਕੇ ਪੈਰ ਨਿੱਘੇ ਕਰ ਲਵਾਂਗਾ।” ਇਹ ਕਹਿੰਦਿਆਂ ਅੱਗ ਦੀ ਭਾਲ ਵਿੱਚ ਜਦੋਂ ਉਸ ਨੇ ਬਲਦ ਹਿੱਕਣ ਵਾਲੀ ਪਰਾਣੀ ਅੱਗ ਦੀ ਭਾਲ ਲਈ ਧੂਣੀ ਵਿੱਚ ਮਾਰੀ ਤਾਂ ਅੱਗੋਂ ਇੱਕ ਕਾਲੀ ਕਤੂਰੀ ਜਿਹੜੀ ਉੱਥੇ ਰਾਤ ਤੋਂ ਧੂਣੀ ਦੀ ਸਵਾਹ ਵਿੱਚ ਗੋਲ-ਗਲੂੰਡੀ ਮਾਰੀ ਬੈਠੀ ਸੀ, “ਚਊਂ-ਚਊਂ” ਕਰਦੀ ਉੱਠ ਕੇ ਭੱਜ ਟੁਰੀ। ਇਸ ਤਰ੍ਹਾਂ ਇਹ ਧੂਣੀਆਂ ਤਾਂ ਮਿਲ ਬੈਠਣ ਦਾ ਇੱਕ ਬਹਾਨਾ ਹੀ ਹੁੰਦਾ ਸੀ, ਨਿੱਘ ਤਾਂ ਉਹ ਲੋਕ ਗੱਲਾਂ ਦਾ ਅਤੇ ਇੱਕ ਦੂਜੇ ਨਾਲ ਮਿਲ ਬੈਠਣ ਦਾ ਹੀ ਮਾਣਦੇ ਸਨ।
ਵਿਦੇਸ਼ੀ ਪੁਸਤਕਾਂ/ਰਿਸਾਲਿਆਂ ਵਿੱਚ ਸਭਿਆਚਾਰ ਬਾਰੇ ਖੋਜ ਭਰਪੂਰ ਲਿਖਤਾਂ
ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ’ ਬਹੁਤ ਸਾਰੇ ਪੰਜਾਬੀਆਂ ਦੀ ਨਜ਼ਰ ‘ਚੋਂ ਲੰਘੀ ਹੋਵੇਗੀ, ਜੋ ਵੀ ਥੋੜ੍ਹੀ-ਬਹੁਤੀ ਸਾਹਿਤਕ ਮੱਸ ਰੱਖਦੇ ਹਨ। ਇਸ ਪੁਸਤਕ ਨੂੰ ਜੇ ਰੂਸੀ ਖਿੱਤੇ ‘ਦਾਗਿਸਤਾਨ ਦੇ ਸੱਭਿਆਚਾਰ ਦਾ ਇਨਸਾਈਕਲੋਪੀਡੀਆ’ ਵੀ ਕਹਿ ਲਿਆ ਜਾਵੇ ਤਾ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸੇ ਤਰਜ਼ ‘ਤੇ ਹੀ ਗਿਆਨੀ ਗੁਰਦਿੱਤ ਸਿੰਘ ਵੱਲੋਂ ਪੁਸਤਕ ‘ਮੇਰਾ ਪਿੰਡ’ ਲਿਖੀ ਗਈ ਹੈ। ਅਮਰੀਕਾ ਦੀ ‘ਯੂਨੀਵਰਸਿਟੀ ਆਫ ਟੈਕਸਾਸ ਪਰੈੱਸ’ ਜੋ ਵੱਖ-ਵੱਖ ਵਿਸ਼ਿਆਂ ‘ਤੇ ਹਰ ਸਾਲ ਘੱਟੋ-ਘੱਟ 90 ਪੁਸਤਕਾਂ ਛਾਪਦੀ ਹੈ ਅਤੇ ਇਸ ਦੇ ਨਾਲ ਹੀ ਇਸ ਦੇ ਵੱਲੋਂ ਵੱਖ-ਵੱਖ ਖੇਤਰਾਂ ਦੇ 11 ਖੋਜ-ਰਿਸਾਲੇ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਨੇ ਸਭਿਆਚਾਰ ਬਾਰੇ ਬਹੁ-ਮੁੱਲੀਆਂ ਪੁਸਤਕਾਂ ‘ਲਾਇਬ੍ਰੇਰੀਜ਼ ਐਂਡ ਕਲਚਰ’ (1988-2006), ‘ਇਨਫਰਮੇਸ਼ਨ ਐਂਡ ਕਲਚਰ’ (2012-2019) ਅਤੇ ‘ਲਾਇਬ੍ਰੇਰੀਜ਼ ਐਂਡ ਦ ਕਲਚਰਲ ਰਿਕਾਰਡ’ (2006-2011) ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਸੰਸਾਰ-ਭਰ ਦੀਆਂ ਸੱਭਿਆਚਾਰਕ ਵੰਨਗੀਆਂ ਨੂੰ ਇਕੱਤਰ ਕੀਤਾ ਗਿਆ ਹੈ। ਬੀ.ਐੱਫ.ਆਰ. ਐੱਡਵਰਡਜ਼ ਦੀ 2005 ਵਿੱਚ ਛਪੀ ਪੁਸਤਕ ‘ਏ ਹਿਸਟਰੀ ਆਫ ਲਾਇਬ੍ਰੇਰੀਜ਼, ਪ੍ਰਿੰਟ ਕਲਚਰ ਐਂਡ ਐਬੋਰੀਜਨਲ ਪੀਪਲਜ਼ ਇਨ ਕੈਨੇਡਾ’ 1960 ਤੋਂ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਕੈਨੇਡੀਅਨ ਮੂਲ-ਵਾਸੀਆਂ ਦੇ ਸਭਿਆਚਾਰ ਨੂੰ ਬਾਖੂਬੀ ਦਰਸਾਉਂਦੀ ਹੈ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਖੋਜ ਰਿਸਾਲਿਆਂ ਵਿੱਚ ਛਪੇ ਆਰਟੀਕਲ, ਜਿਵੇਂ “ਰੋਲ ਆਫ ਪਬਲਿਕ ਲਾਇਬ੍ਰੇਰੀਜ਼ ਇਨ ਕਲਚਰ-ਲੈੱਡ ਅਰਬਨ ਜਨਰੇਸ਼ਨ” (ਡੀ. ਸਕੌਟ-ਹੈਨਸਨ ਐਂਡ ਸੀ. ਹੈਵਨੇਗਾਰਡ ਰਸਮੁਸਨ) ਅਤੇ “ਪਬਲਿਕ ਲਾਇਬ੍ਰੇਰੀਜ਼ ਐਜ਼ ਕਰਲਚਰ ਐਂਡ ਸੋਸ਼ਲ ਸੈਂਟਰਜ਼: ਦ ਔਰਜਿਨ ਆਫ ਦ ਕਨਸੈੱਪਟ” (ਡੀ. ਡਬਲਿਊ. ਡੇਵੀਜ਼) ਇਸ ਵਿਸ਼ੇ ਉੱਪਰ ਚੋਖੀ ਰੌਸ਼ਨੀ ਪਾਉਂਦੇ ਹਨ।
ਲਾਇਬ੍ਰੇਰੀ, ਸਭਿਆਚਾਰ ਅਤੇ ਇਤਿਹਾਸ ਨੂੰ ਸਮਰਪਿਤ ਮਹੱਤਵਪੂਰਨ ਖੋਜ-ਰਿਸਾਲਾ
ਲਾਇਬ੍ਰੇਰੀ, ਸਭਿਆਚਾਰ, ਇਤਿਹਾਸ ਅਤੇ ਸਮਾਜ ਨੂੰ ਸਹੀ ਪਰਿਪੇਖ ਵਿੱਚ ਸਮਝਣ ਲਈ ਇੱਕ ਮਹੱਤਵਪੂਰਨ ਖੋਜ-ਰਿਸਾਲਾ ਹੈ, ‘ਲਾਇਬ੍ਰੇਰੀਜ਼: ਕਲਚਰ, ਹਿਸਟਰੀ ਐਂਡ ਹਿਸਟਰੀ।’ ਲਾਇਬ੍ਰੇਰੀ ਵਿਗਿਆਨ ਦੇ ਵਿਸ਼ੇ ਨੂੰ ਸਮਰਪਿਤ ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਪਰੈੱਸ ਵੱਲੋਂ ਸਾਲ ਵਿੱਚ ਦੋ ਵਾਰ ਛਾਪਿਆ ਜਾਂਦਾ ਇਹ ਖੋਜ ਰਿਸਾਲਾ ਇਤਿਹਾਸ, ਸਭਿਆਚਾਰ, ਸਾਹਿਤ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ, ਸਿੱਖਿਆ, ਆਰਕੀਟੈਕਚਰ, ਐਨਥਰੋਪੌਲੋਜੀ, ਫਿਲਾਸਫੀ ਅਤੇ ਜੀਓਗਰਾਫੀ ਖੇਤਰਾਂ ਦੇ ਖੋਜ-ਪੱਤਰਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈਂਦਾ ਹੈ। ਇਹ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਦੇ ‘ਲਾਇਬ੍ਰੇਰੀ ਹਿਸਟਰੀ ਰਾਊਂਡ ਟੇਬਲ’ ਵੱਲੋਂ ‘ਪੀਅਰ-ਰੀਵਿਊ’ ਕੀਤਾ ਜਾਂਦਾ ਹੈ, ਭਾਵ ਇਸ ਖੋਜ-ਰਿਸਾਲੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਾਰੇ ਖੋਜ-ਪੱਤਰਾਂ ਦੀ ਗੁਣਵੱਤਾ ਛਾਪਣ ਤੋਂ ਪਹਿਲਾਂ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਦੇ ਇਸ ਖਾਸ ਸੰਪਾਦਕੀ-ਮੰਡਲ ਵੱਲੋਂ ਵੇਖੀ-ਪਰਖੀ ਜਾਂਦੀ ਹੈ ਅਤੇ ਇਸ ਵੱਲੋਂ ਪਾਸ ਹੋਏ ਖੋਜ-ਪੱਤਰ ਹੀ ਇਸ ਖੋਜ-ਰਿਸਾਲੇ ਵਿੱਚ ਛਾਪੇ ਜਾਂਦੇ ਹਨ। ਅਜਿਹੇ ਖੋਜ-ਰਿਸਾਲਿਆਂ ਦਾ ਆਪਣਾ ਹੀ ਵਿਸ਼ੇਸ਼ ਮਿਆਰ ਹੁੰਦਾ ਹੈ ਅਤੇ ਇਸੇ ਕਾਰਨ ਹੀ ਇਹ ਰਿਸਾਲੇ ਸਾਰੀ ਦੁਨੀਆਂ ਦੇ ਦੇਸ਼ਾਂ ਵਿੱਚ ਹਰਮਨ-ਪਿਆਰੇ ਹੁੰਦੇ ਹਨ।
ਸਾਰ-ਅੰਸ਼
ਲਾਇਬ੍ਰੇਰੀਆਂ ਅਤੇ ਸਭਿਆਚਾਰ ਦਾ ਆਪਸੀ ਅਟੁੱਟ ਰਿਸ਼ਤਾ ਹੈ। ਦੁਨੀਆਂ ਦੇ ਕਿਸੇ ਵੀ ਖਿੱਤੇ ਜਾਂ ਦੇਸ਼ ਦੇ ਸਭਿਆਚਾਰ ਨੂੰ ਸੰਭਾਲਣ ਲਈ ਉਸ ਨੂੰ ਪੁਸਤਕ ਰੂਪ ਵਿੱਚ ਲਿਆਉਣਾ ਜ਼ਰੂਰੀ ਹੈ ਅਤੇ ਇਹ ਪੁਸਤਕਾਂ ਤੇ ਰਿਸਾਲੇ ਲਾਇਬ੍ਰੇਰੀਆਂ ਵਿੱਚ ਹੀ ਸੰਭਾਲੇ ਜਾਂਦੇ ਹਨ। ਲੋਕਧਾਰਿਕ ਜਾਂ ਮੌਖਿਕ ਰੂਪ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲਿਆ ਆ ਰਿਹਾ ਸਭਿਆਚਾਰ ਸਮਾਂ ਪਾ ਕੇ ਹੌਲੀ-ਹੌਲੀ ਲੋਕਾਂ ਨੂੰ ਵਿੱਸਰ ਜਾਂਦਾ ਹੈ। ਇਸ ਦੀ ਸਹੀ ਸਾਂਭ-ਸੰਭਾਲ ਪੁਸਤਕ ਰੂਪ ਵਿੱਚ ਹੀ ਹੋ ਸਕਦੀ ਹੈ। ਛਪੀਆਂ ਹੋਈਆਂ ਪੁਸਤਕਾਂ ਅਤੇ ਰਿਸਾਲਿਆਂ ਦੇ ਨਾਲ ਨਾਲ ਇਸ ਮੰਤਵ ਲਈ ਡਿਜੀਟਲ ਮੀਡੀਆ ਵੀ ਅੱਜ ਕੱਲ੍ਹ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਪੁਰਾਤਨ ਹੱਥ-ਲਿਖਤ ਗ੍ਰੰਥਾਂ ਅਤੇ ਪੁਸਤਕਾਂ ਦੀਆਂ ਮਾਈਕ੍ਰੋਫਿਲਮਾਂ ਅਤੇ ਸੀਡੀਆਂ ਬਣਾ ਕੇ ਉਨ੍ਹਾਂ ਨੂੰ ਸੁਰਖਿਅਤ ਰੱਖਿਆ ਜਾ ਰਿਹਾ ਹੈ ਤਾਂ ਜੋ ਸਮੇਂ ਦਾ ਕਾਲ-ਚੱਕਰ ਉਨ੍ਹਾਂ ਉੱਪਰ ਆਪਣਾ ਮਾਰੂ ਪ੍ਰਭਾਵ ਨਾ ਪਾ ਸਕੇ। ਸਭਿਆਚਾਰ ਦੀ ਸਹੀ ਤਰੀਕੇ ਨਾਲ ਸੰਭਾਲ ਜ਼ਰੂਰੀ ਹੈ ਅਤੇ ਇਹ ਸਿਰਫ ਲਾਇਬ੍ਰੇਰੀਆਂ ਅਤੇ ਆਰਕਾਈਵਜ਼ ਵਿੱਚ ਹੀ ਕੀਤੀ ਜਾ ਸਕਦੀ ਹੈ।