ਲੰਬੀ ਉਮਰ ਦੇ ਨਗ਼ਮੇ

Uncategorized

ਅਮਰਜੀਤ ਟਾਂਡਾ

“ਸਿਹਤਮੰਦ ਅਤੇ ਲੰਬੀ ਉਮਰ ਦਾ ਨਗ਼ਮਾ” ਮੁਹਾਵਰਾ ਤੁਹਾਡੇ ਲਈ ਕੋਈ ਹੋਰ ਨਹੀਂ ਲਿਖੇਗਾ। ਇਹ ਲਿਖਤ, ਕਹਾਣੀ, ਕਥਾ ਤੁਹਾਡੇ ਹੀ ਹੱਥਾਂ ਵਿਚ ਹੈ। ਤੁਸੀਂ ਆਪ ਹੀ ਇਹਦਾ ਗੀਤ, ਰਾਗ ਗਾਉਣਾ ਹੈ। ਕੋਈ ਵੀ ਇਸ ਸੰਸਾਰ ਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦਾ। ਸਾਰੇ ਹੀ ਚਾਹੁੰਦੇ ਹਨ ਕਿ ਜ਼ਿੰਦਗੀ ਸਦਾ ਸਿਹਤਮੰਦ ਅਤੇ ਉਮਰ ਲੰਬੀ ਹੋਵੇ। ਦਿਨ ਰਾਤ, ਹਰ ਪਹਿਲੂ ਖੁਸ਼ੀ ਵਿੱਚ ਹੀ ਗੁਜ਼ਾਰਿਆ ਜਾਵੇ। ਫਿਰ ਸੋਚੋ! ਕੌਣ ਲਿਖ ਜਾਂਦਾ ਹੈ, ਬੀਮਾਰ ਦਿਨ ਤੇ ਪਲ? ਅਸੀਂ ਆਪਣੇ ਆਪ ਹੀ ਸਿਹਤ ਲਈ ਜ਼ਿੰਮੇਵਾਰ ਹਾਂ। ਹਾਦਸੇ ਕਈ ਵਾਰ ਵਾਪਰ ਵੀ ਜਾਂਦੇ ਹਨ। ਉਦੋਂ ਵੀ ਗਲਤੀ ਸਾਡੀ ਆਪਣੀ ਹੀ ਹੁੰਦੀ ਹੈ, ਪਰ ਅਸੀਂ ਉਪਰ ਕਿਸੇ `ਤੇ ਸੁੱਟ ਦਿੰਦੇ ਹਾਂ।

ਕੀ ਛੁਰੀ ਕੋਈ ਹੋਰ ਮਾਰ ਜਾਂਦਾ ਹੈ?

ਕੀ ਹਥੌੜੀ, ਦਾਤਰੀ ਕੋਈ ਹੋਰ ਮਾਰਦਾ ਹੈ?

ਕੀ ਕਾਰ ਦੀ ਟੱਕਰ ਬਹੁਤੀ ਵਾਰ ਅਸੀਂ ਆਪਣੀ ਗਲਤੀ ਨਾਲ ਨਹੀਂ ਕਰਦੇ? ਪਰ ਤੁਸੀਂ ਮੇਰੇ ਨਾਲ ਸਹਿਮਤ ਕਦੇ ਨਹੀਂ ਹੋਵੋਂਗੇ, ਕਿਉਂਕਿ ਤੁਸੀਂ ਆਪਣੇ ਆਪ ਨੂੰ ਕਦੇ ਗ਼ਲਤ ਮੰਨਣਾ ਹੀ ਨਹੀਂ ਚਾਹੁੰਦੇ।

ਲੰਬੇ ਸਮੇਂ ਤੱਕ ਜੀਣ ਦਾ ਰਾਜ਼, ਵੱਡੀਆਂ ਉਮਰਾਂ ਦਾ ਰਹੱਸ ਸਾਡੇ ਹੀ ਹੱਥਾਂ ਵਿਚ ਹੈ। ਕਦੇ ਜ਼ਿੰਦਗੀ ਵਿਚ ਤਕਲੀਫ ਜਾਂ ਹੰਝੂ ਆ ਜਾਣ ਤਾਂ ਲੋਕਾਈ ਨੂੰ ਨਾ ਦੱਸਣਾ। ਆਪ ਸਮੱਸਿਆ ਨੂੰ ਹੱਲ ਕਰਨਾ ਤੇ ਹੰਝੂਆਂ ਨੂੰ ਆਪ ਪੂੰਝਿਓ। ਦੁਨੀਆਂ ਵਾਲੇ ਆਏ ਤਾਂ ਪਹਿਲਾਂ ਸੌਦਾ ਕਰਨਗੇ, ਜੇ ਉਨ੍ਹਾਂ ਨੂੰ ਦੱਸੋਗੇ ਤਾਂ!

ਸਭ ਤੋਂ ਮਹੱਤਵਪੂਰਨ, ਜ਼ਰੂਰੀ ਸਾਡਾ ਖਾਣਾ-ਪੀਣਾ ਹੈ, ਅਸੀਂ ਕੀ ਮੂੰਹ ਵਿੱਚ ਪਾਉਂਦੇ ਹਾਂ।

ਖਾਓ ਪੀਓ ਕਰੋ ਆਨੰਦ।

… ਮਰਾਵੇ ਪਰਮਾਨੰਦ।

ਬਿਲਕੁਲ ਗ਼ਲਤ ਹੈ।

ਜਿਹੋ ਜਿਹਾ ਤੇਰਾ ਅੰਨ, ਓਹੋ ਜਿਹਾ ਤਨ-ਮਨ। ਆਪਾਂ ਸਾਰੇ ਹੀ ਜਾਣਦੇ ਹਾਂ, ਸੁਣਦੇ ਵੀ ਹਾਂ, ਪਰ ਅਮਲ `ਚ ਨਹੀਂ ਲਿਆਉਂਦੇ।

ਖੁਸ਼ ਕਿੰਨਾ ਕੁ ਰਹਿੰਦੇ ਹੋ? ਨੀਂਦ ਕਿੰਨੀ ਕੁ ਆਉਂਦੀ ਹੈ? ਸਮਾਜਿਕ ਸਬੰਧ ਕਿੰਨੇ ਕੁ ਪੀਡੇ ਹਨ? ਤੁਹਾਡੇ ਦੋਸਤਾਂ-ਮਿੱਤਰਾਂ ਦੀ ਗਿਣਤੀ, ਆਲਾ-ਦੁਆਲਾ, ਵਾਤਾਵਰਣ ਅਤੇ ਜ਼ਿੰਦਗੀ ਦੇ ਉਦੇਸ਼ ਦੀ ਭਾਵਨਾ ਵਿੱਚ ਹੀ ਸਾਡਾ ਜ਼ਿੰਦਗੀ ਦਾ ਸੁਪਨਾ ਛੁਪਿਆ ਹੋਇਆ ਹੈ। ਜਿੰਨਾ ਪੁਰਾਣਾ ਦੋਸਤ ਤੇ ਨੌਕਰ ਹੋਵੇਗਾ, ਤੁਹਾਡਾ ਉਸ ਤੋਂ ਹੀ ਪਤਾ ਲੱਗ ਜਾਵੇਗਾ; ਤੇ ਜ਼ਿੰਦਗੀ ਬਾਰੇ ਵੀ।

ਡੈਨ ਬੁਏਟਨਰ ਨੇ ਖੁਰਾਕ ਅਤੇ ਲੰਬੀ ਉਮਰ `ਤੇ ਕਾਫੀ ਖੋਜ ਕੀਤੀ ਹੈ। ਉਹ ਅਮਰੀਕਾ ਦੇ ਨੈਸ਼ਨਲ ਜੀਓਗ੍ਰਾਫਿਕ ਫੈਲੋ, ਪੁਰਸਕਾਰ ਜੇਤੂ ਪੱਤਰਕਾਰ ਅਤੇ ਦਸਤਾਵੇਜ਼ੀ ਨਿਰਮਾਤਾ ਹਨ। ਬੁਏਟਨਰ ਨੂੰ ਧਰਤੀ ਦੇ ‘ਬਲੂ ਜ਼ੋਨ` ਦੀ ਪਛਾਣ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਦਾ ਸਿਹਰਾ ਜਾਂਦਾ ਹੈ। ਬਲੂ ਜ਼ੋਨ ਧਰਤੀ `ਤੇ ਪੰਜ ਸਥਾਨ ਹਨ, ਜਿੱਥੇ ਲੋਕ ਸਭ ਤੋਂ ਲੰਬੀ, ਸਿਹਤਮੰਦ ਜ਼ਿੰਦਗੀ ਜੀਉਂਦੇ ਹਨ। ਇੱਥੇ ਲੋਕ 100 ਸਾਲ ਜਾਂ ਇਸ ਤੋਂ ਵੱਧ ਜੀਉਂਦੇ ਹਨ ਅਤੇ ਉਹ ਵੀ ਬਿਨਾ ਕਿਸੇ ਬਿਮਾਰੀ ਦੇ।

2008 ਵਿੱਚ ਉਸ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ‘ਦ ਬਲੂ ਜ਼ੋਨਜ਼: 9 ਲੈਸਨਜ਼ ਫਾਰ ਲਿਵਿੰਗ ਲੌਂਗਰ ਫਰਾਮ ਦਿ ਪੀਪਲ ਹੂ ਹੈਵ ਵੇਡ ਦ ਲੌਂਗਸਟ` ਵਿੱਚ ਆਪਣੀਆਂ ਖੋਜਾਂ ਪ੍ਰਕਾਸ਼ਿਤ ਕੀਤੀਆਂ ਹਨ। ਬਲੂ ਜ਼ੋਨਾਂ ਵਿੱਚ ਉਸ ਨੇ ਸਥਾਨਾਂ ਵਿੱਚ ਆਈਕਾਰੀਆ (ਗ੍ਰੀਸ), ਸਾਰਡੀਨੀਆ (ਇਟਲੀ), ਓਕੀਨਾਵਾ (ਜਾਪਾਨ), ਲੋਮਾ ਲਿੰਡਾ (ਕੈਲੀਫੋਰਨੀਆ) ਅਤੇ ਨਿਕੋਯਾ (ਕੋਸਟਾ ਰੀਕਾ) ਨੂੰ ਸ਼ਾਮਲ ਕੀਤਾ ਹੈ।

ਜੇ ਤੁਸੀਂ ਵਿਕਸਿਤ ਸੰਸਾਰ ਵਿੱਚ ਰਹਿਣ ਵਾਲੇ ਇੱਕ ਔਸਤ ਵਿਅਕਤੀ ਹੋ, ਤਾਂ ਤੁਸੀਂ ਸ਼ਾਇਦ ਲਗਭਗ 14 ਸਾਲ ਦੀ ਉਮਰ ਗੁਆ ਰਹੇ ਹੋ। ਇਸ ਦਾ ਸਭ ਤੋਂ ਵੱਡਾ ਕਾਰਨ ਤੁਹਾਡਾ ਸੁਆਦੀ, ਜ਼ਿਆਦਾ ਉੱਚ ਪ੍ਰੋਸੈਸਡ ਭੋਜਨ ਹੀ ਹੈ; ਪਰ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਡੈਨ ਬੁਏਟਨਰ ਨੇ ਆਪਣੇ ਇੱਕ ਪ੍ਰੌਡਕਾਸਟ ਵਿੱਚ ਕਿਹਾ ਹੈ, “ਅਸੀਂ ਆਪਣੀ ਦੁਨੀਆ ਵਿਚ ਰਹਿੰਦੇ ਹੋਏ ਵੀ ਬਲੂ ਜ਼ੋਨ ਦੇ ਲੋਕਾਂ ਵਾਂਗ ਖਾਣਾ ਬਣਾਉਣਾ ਅਤੇ ਖਾਣਾ ਸਿੱਖ ਸਕਦੇ ਹਾਂ।” ਉਸ ਨੇ ਦਸ ਅਜਿਹੇ ਭੋਜਨਾਂ ਬਾਰੇ ਦੱਸਿਆ ਹੈ, ਜੋ ਬਲੂ ਜ਼ੋਨ ਦੇ ਲੋਕ ਖਾਂਦੇ ਹਨ। ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਅਸੀਂ ਇਨ੍ਹਾਂ ਭੋਜਨਾਂ ਨੂੰ ਆਪਣੀ ਖੁਰਾਕ ਵਿੱਚ ਵੀ ਸ਼ਾਮਲ ਕਰ ਸਕਦੇ ਹਾਂ।

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਲੂ ਜ਼ੋਨ ਦੇ ਲਗਭਗ ਸਾਰੇ ਲੋਕ ਆਪਣੇ ਪੀਣ ਵਿੱਚ ਚਾਹ-ਕੌਫੀ ਅਤੇ ਵਾਈਨ ਸ਼ਾਮਲ ਕਰਦੇ ਹਨ। ਡੈਨ ਬੁਏਟਨਰ ਨੇ ਲਿਖਿਆ ਤੇ ਬੋਲਿਆ ਵੀ ਹੈ ਕਿ ਆਪਣੀ ਖੁਰਾਕ ਭੋਜਨ ਵਿੱਚ ਵੱਧ ਤੋਂ ਵੱਧ ਪੌਦਿਆਂ ਤੋਂ ਪ੍ਰਾਪਤ ਉਤਪਾਦਾਂ ਨੂੰ ਪਹਿਲ ਦਿਓ। ਇਹ ਫਸਟ ਟਰੌਫਿਕ ਲੈਵਲ ਤੋਂ ਮਿਲਦਾ ਹੈ। ਆਪਾਂ ਪੜ੍ਹਿਆ ਤੇ ਪੜ੍ਹਾਇਆ ਵੀ ਹੈ। ਕਰੀਬ 95% ਭੋਜਨ ਬਲੂ ਜ਼ੋਨ ਦੇ ਲੋਕਾਂ ਦਾ ਪੌਦਿਆਂ ਤੋਂ ਹੀ ਆਉਂਦਾ ਹੈ। ਬਹੁਤ ਸਾਰੀਆਂ ਬੀਨਜ਼, ਸਾਗ ਖਾਸ ਕਰਕੇ ਪਾਲਕ, ਸ਼ਕਰਕੰਦੀ, ਗਿਰੀਦਾਰ ਅਤੇ ਬੀਜ, ਸਾਬਤ ਅਨਾਜ ਖਾਓ। ਜੇ ਘੋੜੇ ਵਾਂਗ ਰਹਿਣਾ ਹੈ ਤਾਂ ਉਹ ਕੀ ਖਾਂਦੇ ਹਨ, ਉਹ ਖਾਓ ਫਿਰ। ਘਾਹ ਨਹੀਂ ਮੈਂ ਕਿਹਾ! ਬੀਨਜ਼, ਸਾਗ, ਪਾਲਕ, ਸ਼ਕਰਕੰਦੀ ਦੀ ਗੱਲ ਕੀਤੀ ਹੈ। ਆਪਾਂ ਉਹ ਕਿਉਂ ਨਹੀਂ ਖਾਂਦੇ?

ਲੋਕ ਮੀਟ ਵੀ ਖਾਂਦੇ ਹਨ, ਪੰਜ ਵਿੱਚੋਂ ਚਾਰ ਬਲੂ ਜ਼ੋਨਾਂ ਵਿੱਚ। ਪਰ ਜੋ ਲੋਕ ਬਲੂ ਜ਼ੋਨ ਵਿੱਚ ਮੀਟ ਖਾਂਦੇ ਹਨ, ਉਹ ਕਿਸੇ ਤਿਉਹਾਰ ਵਾਲੇ ਦਿਨ ਹੀ ਖਾਂਦੇ ਹਨ। ਆਪਾਂ ਨੂੰ ਤਾਂ ਮੀਟ ਬਗੈਰ ਰੋਟੀ ਚੰਗੀ ਹੀ ਨਹੀਂ ਲਗਦੀ। ਫਿਰ ਦੋਸ਼ ਵੀ ਆਪਣੇ ਆਪ ਨੂੰ ਹੀ ਦਿਓ। ਜ਼ਿੰਦਗੀ, ਲੰਬੀ ਉਮਰ ਦਾ ਖ਼ਤ ਵੀ ਅਸੀਂ ਆਪ ਹੀ ਲਿਖਣਾ ਹੈ ਹਜ਼ੂਰ! ਮੀਟ ਚਿਕਨ ਨੂੰ ਸਾਈਡ ਡਿਸ਼ ਵਜੋਂ ਖਾਓ। ਹਫਤੇ `ਚ ਦੋ ਵਾਰ ਤੋਂ ਜ਼ਿਆਦਾ ਇਸ ਦਾ ਸੇਵਨ ਨਾ ਕਰੋ। ਜੋ ਮੀਟ ਖਾ ਰਹੇ ਹੋ, ਉਹ ਤਾਜ਼ਾ ਹੋਣਾ ਚਾਹੀਦਾ ਹੈ, ਪ੍ਰੋਸੈਸਡ ਮੀਟ ਨਹੀਂ। ਹਰ ਨੀਲੇ ਜ਼ੋਨ ਦੇ ਲੋਕ ਪ੍ਰਤੀ ਦਿਨ ਆਮ ਤੌਰ `ਤੇ ਥੋੜ੍ਹੀ ਜਿਹੀ ਮੱਛੀ ਖਾਂਦੇ ਹਨ। ਲੰਬੀ ਉਮਰ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿੱਚ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ, ਜਿਸ ਵਿੱਚ ਪਾਰੇ ਦੀ ਮਾਤਰਾ ਨਾਮੁਮਕਿਨ ਹੋਵੇ।

ਅਕਸਰ ਗਾਂ ਦੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਲਈ ਕਿਹਾ ਜਾਂਦਾ ਹੈ। ਸਿਹਤਮੰਦ ਰਹਿਣ ਅਤੇ ਕੈਲਸ਼ੀਅਮ ਦੀ ਸਪਲਾਈ ਪੂਰੀ ਕਰਨ ਲਈ। ਕਿਸੇ ਵੀ ਬਲੂ ਜ਼ੋਨ ਖੁਰਾਕ ਦਾ, ਗਾਂ ਦਾ ਦੁੱਧ ਮਹੱਤਵਪੂਰਨ ਹਿੱਸਾ ਨਹੀਂ ਹੈ। ਬੱਕਰੀ ਜਾਂ ਭੇਡ ਦੇ ਦੁੱਧ ਤੋਂ ਦਹੀਂ ਜਾਂ ਪਨੀਰ ਬਣਾਉਂਦੇ ਹਨ ਇੱਥੋਂ ਦੇ ਲੋਕ। ਸਾਡੀ ਪਾਚਨ ਪ੍ਰਣਾਲੀ ਗਾਂ ਦੇ ਦੁੱਧ ਦੇ ਉਤਪਾਦਾਂ ਲਈ ਅਨੁਕੂਲ ਨਹੀਂ ਹੈ। ਗਾਂ ਦੇ ਦੁੱਧ ਦੀ ਥਾਂ ਅਸੀਂ ਇੱਕ ਕੱਪ ਟੋਫੂ ਲੈ ਸਕਦੇ ਹਾਂ। ਖੋਜ ਅਨੁਸਾਰ ਇਸ `ਚ ਇੱਕ ਕੱਪ ਦੁੱਧ ਜਿੰਨਾ ਕੈਲਸ਼ੀਅਮ ਹੁੰਦਾ ਹੈ।

ਇੱਕ ਹਫ਼ਤੇ ਵਿੱਚ ਤਿੰਨ ਤੋਂ ਵੱਧ ਅੰਡੇ ਨਹੀਂ ਖਾਂਦੇ ਆਮ ਤੌਰ `ਤੇ ਬਲੂ ਜ਼ੋਨ ਦੇ ਨਿਵਾਸੀ। ਮੀਟ ਦੇ ਨਾਲ ਸਾਈਡ ਡਿਸ਼ ਦੇ ਤੌਰ `ਤੇ ਇੱਥੋਂ ਦੇ ਲੋਕ ਅੰਡੇ ਖਾਂਦੇ ਹਨ ਜਾਂ ਪੂਰੇ ਅਨਾਜ ਨਾਲ ਖਾਂਦੇ ਹਨ। ਕਈ ਲੋਕ ਆਪਣੀ ਸੂਪ `ਚ ਉਬਲੇ ਹੋਏ ਅੰਡੇ ਵੀ ਖਾਂਦੇ ਹਨ ਤੇ ਕਈ ਬੀਨਜ਼ ਦੇ ਨਾਲ ਤਲੇ ਹੋਏ ਅੰਡੇ ਵੀ ਖਾਂਦੇ ਹਨ। ਉਹ ਲੋਕ ਨਾਸ਼ਤੇ ਲਈ ਵੀ ਅੰਡੇ ਲੈਂਦੇ ਹਨ। ਘੱਟੋ-ਘੱਟ ਅੱਧਾ ਕੱਪ ਬੀਨਜ਼ ਅਤੇ ਫਲ਼ੀਦਾਰ ਸਬਜ਼ੀਆਂ ਰੋਜ਼ਾਨਾ ਖਾਓ- ਕਿਸਮ ਕੋਈ ਵੀ ਹੋਵੇ। ਬੀਨਜ਼ ਸਭ ਤੋਂ ਆਮ ਭੋਜਨਾਂ ਵਿੱਚੋਂ ਇੱਕ ਹੈ, ਬਲੂ ਜ਼ੋਨਾਂ ਵਿੱਚ ਖਪਤ ਕੀਤੇ ਜਾਣ ਵਾਲੇ। ਕਾਲੀਆਂ ਫਲੀਆਂ, ਦਾਲ, ਛੋਲੇ ਅਤੇ ਸੋਇਆਬੀਨ ਭੋਜਨ ਵਿੱਚ ਸ਼ਾਮਲ ਕਰੋ।

ਜ਼ਿਆਦਾਤਰ ਵਿਕਸਿਤ ਦੇਸ਼ਾਂ ਨਾਲੋਂ ਔਸਤਨ ਬਲੂ ਜ਼ੋਨ ਦੇ ਲੋਕ ਚਾਰ ਗੁਣਾ ਜ਼ਿਆਦਾ ਫਲ਼ੀਦਾਰ ਸਬਜ਼ੀਆਂ ਖਾਂਦੇ ਹਨ। ਕਿਸੇ ਵੀ ਜਸ਼ਨ ਦੌਰਾਨ ਹੀ ਬਲੂ ਜ਼ੋਨ ਦੇ ਲੋਕ ਮਠਿਆਈ ਖਾਂਦੇ ਹਨ। ਕਿਸੇ ਵੀ ਅਜਿਹੇ ਭੋਜਨ ਉਤਪਾਦ ਦਾ ਸੇਵਨ ਨਾ ਕਰੋ, ਜਿਸ ਦੇ ਪਹਿਲੇ ਪੰਜ ਤੱਤਾਂ ਵਿੱਚ ਚੀਨੀ ਸ਼ਾਮਲ ਹੋਵੇ। ਜੇ ਤੁਸੀਂ ਲੰਬੇ ਸਮੇਂ ਤੱਕ ਜੀਣ ਦੇ ਆਸ਼ਕ ਹੋ ਤਾਂ! ਖੰਡ ਦੀ ਮਾਤਰਾ ਨੂੰ ਪ੍ਰਤੀ ਦਿਨ 100 ਕੈਲੋਰੀ ਤੱਕ ਸੀਮਤ ਰੱਖਣ ਨਾਲ ਬਿਹਤਰ ਰਹੇਗਾ। ਜੇ ਇਹ ਮਿੱਠਾ ਸੁੱਕੇ ਮੇਵਿਆਂ ਤੋਂ ਪ੍ਰਾਪਤ ਕੀਤਾ ਜਾਵੇ ਤਾਂ ਚੰਗਾ ਹੈ।

ਸਦਾ ਸੱਜਰੀਆਂ ਰਿਸ਼ਮਾਂ ਦੇ ਚਾਨਣ ਵਿਚ ਇਸ਼ਨਾਨ ਕਰਿਆ ਕਰੋ। ਚਿਹਰਿਆਂ `ਤੇ ਲਾਲੀਆਂ ਲਿਆਉਣ ਲਈ ਹਸਮੁਖ ਹੋਣਾ ਪਵੇਗਾ। ਯਾਰ ਉਹ ਬਣਾਓ ਕਿ ਗੱਲਾਂ ਕਰਦੇ ਖੂਨ ਵਧਾਉਣ। ਵੱਖੀਂਆਂ ਟੁੱਟਣ ਹੱਸ ਹੱਸ ਕੇ। ਖੁਸ਼ੀ ਦੇ ਅੱਥਰੂ ਆਉਣ ਆਪ ਮੁਹਾਰੇ। ਇੰਝ ਹਰ ਦਿਨ ਦੀ ਸਰਘੀ ਦੇ ਰੰਗ ਰੂਪ ਨੂੰ ਆਪਣੀ ਹਿੱਕ ਨਾਲ ਲਾਇਆ ਕਰੋ। ਅੱਗੇ ਤੇਰਾ ਦਿਨ ਯਾਰਾ!!

Leave a Reply

Your email address will not be published. Required fields are marked *