-ਊਰਜਾ ਦੀ ਘਾਟ ਕਾਰਨ ਅੱਧਿਓਂ ਵੱਧ ਹਸਪਤਾਲ ਬੰਦ ਹੋਏ
-ਫਰਾਂਸ ਦੇ ਰਾਸ਼ਟਰਪਤੀ ਵੱਲੋਂ ਇਜ਼ਰਾਇਲ ਦੀ ਹਮਾਇਤ
-ਇਜ਼ਰਾਇਲ-ਹਮਾਸ ਜੰਗ ਬਾਰੇ ਸੁਰੱਖਿਆ ਕੌਂਸਲ ਵਿੱਚ ਤਿੰਨ ਮਤੇ ਪੇਸ਼
ਜਸਵੀਰ ਸਿੰਘ ਸ਼ੀਰੀ
ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਪੱਟੀ ਉੱਪਰ ਇਜ਼ਰਾਇਲ ਵੱਲੋਂ ਸ਼ੁਰੂ ਕੀਤੀ ਗਈ ਬੰਬਾਰੀ ਜਾਰੀ ਹੈ। ਗਾਜ਼ਾ ਸ਼ਹਿਰ ਦੇ ਕੁਝ ਇਲਾਕੇ ਇਸ ਬੰਬਾਰੀ ਨੇ ਥੇਹ ਵਿੱਚ ਬਦਲ ਦਿੱਤੇ ਹਨ। ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਤੋਂ ਟੱਪ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਜਦਕਿ ਹਮਾਸ ਦੇ ਹਮਲੇ ਵਿੱਚ ਮਰਨ ਵਾਲੇ ਇਜ਼ਰਾਇਲੀ ਸ਼ਹਿਰੀਆਂ ਦੀ ਗਿਣਤੀ 1400 ਤੋਂ ਉਪਰ ਹੈ।
ਇਸ ਦੌਰਾਨ 7 ਅਕਤੂਬਰ ਤੋਂ ਬਾਅਦ ਵੈਸਟ ਬੈਂਕ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। 1300 ਫਲਿਸਤੀਨੀਆਂ ਨੂੰ ਇਜ਼ਰਾਇਲੀ ਸੁਰੱਖਿਆ ਦਸਤਿਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪਿਛਲੇ ਦਿਨਾਂ ਵਿੱਚ ਦੋ ਦੀ ਹਿਰਾਸਤ ਵਿੱਚ ਮੌਤ ਹੋ ਗਈ ਹੈ। ਉਧਰ ਇਜ਼ਰਾਇਲ ਦਾ ਕਹਿਣਾ ਕਿ ਤਕਰੀਬਨ ਸਵਾ ਦੋ ਸੌ ਲੋਕਾਂ ਨੂੰ ਹਮਾਸ ਵੱਲੋਂ ਬੰਧਕ ਬਣਾਇਆ ਗਿਆ ਹੈ। ਬੀਤੇ ਸੋਮਵਾਰ ਸ਼ਾਮ 2 ਬਜ਼ੁਰਗ ਔਰਤਾਂ ਨੂੰ ਹਮਾਸ ਵੱਲੋਂ ਅਚਨਚੇਤ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਹਮਾਸ ਵੱਲੋਂ ਦੋ ਅਮਰੀਕਨ ਨਾਗਰਿਕ, ਮਾਂ-ਧੀਅ ਨੂੰ ਰਿਹਾਅ ਕੀਤਾ ਗਿਆ ਸੀ। ਹਮਾਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਮਾਨਵੀ (ਹਿਊਮਨਟੇਰੀਅਨ ਗਰਾਊਂਡ) ‘ਤੇ ਰਿਹਾਅ ਕੀਤਾ ਗਿਆ ਹੈ।
ਉਧਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਵਿੱਚ ਅਮਰੀਕਾ ਵੱਲੋਂ ਲਿਆਂਦੇ ਗਏ ਇੱਕ ਮਤੇ ਵਿੱਚ ਗਾਜ਼ਾ ਹਮਲੇ ਥੋੜ੍ਹੀ ਦੇਰ ਲਈ ਰੋਕਣ ਦੀ ਗੱਲ ਕਹੀ ਗਈ ਹੈ। ਇਸ ਲਈ ਅਮਰੀਕਾ ਵੱਲੋਂ ‘ਹਿਊਮਨਟੇਰੀਅਨ ਪਾਜ਼’ ਨਾਂ ਦਾ ਸ਼ਬਦ ਵਰਤਿਆ ਗਿਆ ਹੈ। ਇਸ ਬੈਠਕ ਵਿੱਚ ਦੋ ਮਤੇ ਹੋਰ ਲਿਆਂਦੇ ਗਏ ਹਨ। ਇੱਕ ਮਤਾ ਰੂਸ ਵੱਲੋਂ ਪੇਸ਼ ਕੀਤਾ ਗਿਆ, ਜਿਸ ਵਿੱਚ ਗਾਜ਼ਾ ਵਿੱਚ ਗੋਲੀਬਾਰੀ ਫੌਰੀ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉੱਤਰੀ ਗਾਜ਼ਾ ਨੂੰ ਖਾਲੀ ਕਰਨ ਦੇ ਇਜ਼ਰਾਇਲ ਵੱਲੋਂ ਫਲਿਸਤੀਨੀ ਸ਼ਹਿਰੀਆਂ ਨੂੰ ਦਿੱਤੇ ਫਰਮਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਜੌਰਡਨ ਅਤੇ ਅਰਬ ਮੁਲਕਾਂ ਵੱਲੋਂ ਲਿਆਂਦੇ ਗਏ ਇੱਕ ਹੋਰ ਮਤੇ ਵਿੱਚ ਵੀ ਰੂਸ ਵਾਲੀਆਂ ਮੰਗਾਂ ਹੀ ਦੁਹਰਾਈਆਂ ਗਈਆਂ ਹਨ। ਪਰ ਹਾਲੇ ਤੱਕ ਸੁਰੱਖਿਆ ਕੌਂਸਲ ਨੇ ਕੋਈ ਮਤਾ ਵੀ ਪਾਸ ਨਹੀਂ ਕੀਤਾ ਹੈ। ਮੱਧ-ਪੂਰਬ ਦੀ ਇਸ ਜੰਗ ਦੇ ਮਾਮਲੇ ਵਿੱਚ ਸਾਰੀ ਦੁਨੀਆਂ ਵੰਡੀ ਗਈ ਹੈ। ਇੱਕ ਪਾਸੇ ਅਮਰੀਕਾ ਤੇ ਪੱਛਮੀ ਮੁਲਕ ਇਜ਼ਰਾਇਲ ਦਾ ਪੱਖ ਪੂਰ ਰਹੇ ਹਨ, ਦੂਜੇ ਪਾਸੇ ਚੀਨ, ਅਰਬ ਲੀਗ, ਰੂਸ, ਤੁਰਕੀ ਅਤੇ ਤੇਲ ਪੈਦਾ ਕਰਨ ਵਾਲੇ ਮੁਲਕਾਂ ਦਾ ਸੰਗਠਨ ਗਾਜ਼ਾ ‘ਤੇ ਗੋਲੀਬਾਰੀ ਫੌਰੀ ਬੰਦ ਕਰਨ ਦੀ ਮੰਗ ਕਰ ਰਹੇ ਹਨ। ਤੁਰਕੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਹਮਾਸ ਕੋਈ ਅਤਿਵਾਦੀ ਜਥੇਬੰਦੀ ਨਹੀਂ ਹੈ, ਸਗੋਂ ਇਸ ਸੰਗਠਨ ਵਿੱਚ ਜੁੜੇ ਲੋਕ ਆਜ਼ਾਦੀ ਘੁਲਾਟੀਏ ਹਨ।
ਯਾਦ ਰਹੇ, ਅਮਰੀਕਾ ਤੋਂ ਪਹਿਲਾਂ ਬਰਾਜ਼ੀਲ ਵੱਲੋਂ ਜੰਗਬੰਦੀ ਲਈ ਇੱਕ ਮਤਾ ਲਿਆਂਦਾ ਗਿਆ ਸੀ, ਜਿਸ ਨੂੰ ਅਮਰੀਕਾ ਨੇ ਵੀਟੋ ਕਰ ਦਿੱਤਾ ਸੀ। ਅਮਰੀਕਾ ਵੱਲੋਂ ਲਿਆਂਦਾ ਗਿਆ ਨਵਾਂ ਮਤਾ ਵੀ ਪਾਸ ਨਹੀਂ ਹੋ ਸਕਿਆ। ਰੂਸ, ਚੀਨ ਅਤੇ ਕਈ ਅਰਬ ਮੁਲਕ ਮੰਗ ਕਰ ਰਹੇ ਹਨ ਕਿ ਗਾਜ਼ਾ ‘ਤੇ ਇਜ਼ਰਾਇਲੀ ਹਮਲੇ ਫੌਰੀ ਰੋਕੇ ਜਾਣ। ਰੂਸ ਨੇ ਇਜ਼ਰਾਇਲੀ-ਫਲਿਸਤੀਨੀ ਜੰਗਬੰਦੀ ਨੂੰ ਲੈ ਕੇ ਖੁਦ ਵੀ ਮਤਾ ਲਿਆਂਦਾ ਹੈ। ਮੱਧ ਪੂਰਬ ਦੇ ਫੌਜੀ-ਸਿਆਸੀ ਹਾਲਾਤ ਬਾਰੇ ਮਹਿਰਾਂ ਦਾ ਆਖਣਾ ਹੈ ਕਿ ਬਰਾਜ਼ੀਲ ਅਤੇ ਅਮਰੀਕਾ ਵੱਲੋਂ ਲਿਆਂਦੇ ਗਏ ਮਤਿਆਂ ਵਾਂਗ ਹੀ ਰੂਸ ਵੱਲੋਂ ਲਿਆਂਦੇ ਗਏ ਮਤੇ ਦੇ ਵੀ ਪਾਸ ਹੋਣ ਦੇ ਆਸਾਰ ਨਹੀਂ ਹਨ। ਇਸ ਸਥਿਤੀ ਤੋਂ ਪਤਾ ਲਗਦਾ ਹੈ ਕਿ ਇਜ਼ਰਾਇਲ ਫਲਿਸਤੀਨ ਜੰਗ ਨੂੰ ਲੈ ਕੇ ਸੁਰੱਖਿਆ ਕੌਂਸਲ ਪੂਰੀ ਤਰ੍ਹਾਂ ਦੋਫਾੜ ਹੋ ਗਈ ਹੈ। ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨਿਓ ਗੁਟਰੇਜ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਜ਼ਰਾਇਲ ‘ਤੇ ਹਮਾਸ ਦਾ ਹਮਲਾ ਖਿਲਾਅ ਵਿੱਚੋਂ ਨਹੀਂ ਪੈਦਾ ਹੋ ਗਿਆ, ਸਗੋਂ ਪਿਛਲੇ 70 ਸਾਲਾਂ ਤੋਂ ਫਲਿਸਤੀਨੀਆਂ ‘ਤੇ ਹੋ ਰਹੇ ਤਸ਼ੱਦਦ ਦਾ ਸਿੱਟਾ ਹੈ। ਇਸ ਬਿਆਨ ਬਾਰੇ ਇਜ਼ਰਾਇਲ ਨੇ ਕਿਹਾ ਕਿ ਇਹ ਸਵੀਕਾਰਨਯੋਗ ਨਹੀਂ ਹੈ ਅਤੇ ਇਜ਼ਰਾਇਲੀ ਧਿਰਾਂ ਵੱਲੋਂ ਸਕੱਤਰ ਜਨਰਲ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਹੈ।
ਇਸੇ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰਾਨ ਵੱਲੋਂ ਇਜ਼ਰਾਇਲ ਦਾ ਦੌਰਾ ਕੀਤਾ ਗਿਆ। ਉਹ ਇਥੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਅਤੇ ਹਮਾਸ ਖਿਲਾਫ ਜੰਗ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸਲਾਮਿਕ ਜਹਾਦੀਆਂ ਵਾਂਗ ਹਮਾਸ ਵੀ ਇੱਕ ਅਤਿਵਾਦੀ ਜਥੇਬੰਦੀ ਹੈ। ਸਾਨੂੰ ਇਸ ਨੂੰ ਵੀ ਇਸਲਾਮਿਕ ਜਹਾਦੀਆਂ ਖਿਲਾਫ ਬਣੀ ਕੁਲੀਸ਼ਨ ਦੇ ਨਿਸ਼ਾਨੇ ‘ਤੇ ਰੱਖਣਾ ਚਾਹੀਦਾ ਹੈ। ਇਸ ਦੌਰੇ ਦੌਰਾਨ ਵੈਸਟ ਬੈਂਕ ਦੇ ਰਮਾਲਾ ਵਿੱਚ ਉਹ ਫਲਿਸਤੀਨੀ ਦੇ ਰਾਸ਼ਟਰਪਤੀ ਮਹਿਮੂਦ ਅਬਾਸ ਨੂੰ ਵੀ ਮਿਲੇ। ਉਨ੍ਹਾਂ ਮੈਕਰੋਨ ਨੂੰ ਗਾਜ਼ਾ ‘ਤੇ ਹਮਲੇ ਰੋਕਣ ਲਈ ਮੱਦਦ ਦੇਣ ਦੀ ਅਪੀਲ ਕੀਤੀ। ਅਬਾਸ ਨੇ ਕਿਹਾ ਕਿ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਵਿੱਚ ਵੱਡੀ ਪੱਧਰ ‘ਤੇ ਆਮ ਨਾਗਰਿਕ ਮਰ ਰਹੇ ਹਨ। ਮੈਕਰੋਨ ਨੇ ਉਨ੍ਹਾਂ ਨੂੰ ਮਿਲਣ ਬਾਅਦ ਕਿਹਾ ਕਿ ਗਾਜ਼ਾ ਵਿੱਚ ਸਿਵਲ ਅਬਾਦੀ ਲਈ ਸਹਾਇਤਾ ਪਹੁੰਚਦੀ ਰਹਿਣੀ ਚਾਹੀਦੀ ਹੈ। ਅਸੀਂ ਜਮਹੂਰੀ ਨਿਜ਼ਾਮਾਂ ਦੇ ਵਾਰਸ ਹਾਂ, ਇਸ ਲਈ ਜੰਗ ਦੌਰਾਨ ਵੀ ਮਾਨਵੀ ਪੱਖ ਦਾ ਧਿਆਨ ਰੱਖਣਾ ਪਏਗਾ।
ਇਸੇ ਦੌਰਾਨ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਨਕਨ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਰਾਨ, ਇਰਾਕ ਵਿੱਚ ਸਾਡੇ ਫੌਜੀ ਟਿਕਾਣਿਆਂ ‘ਤੇ ਹਮਲੇ ਕਰਵਾਉਣ ਜਾਂ ਕਰਨ ਤੋਂ ਬਾਜ਼ ਆਵੇ, ਨਹੀਂ ਤਾਂ ਇਸ ਦਾ ਤਿੱਖਾ ਤੇ ਫੈਸਲਾਕੁੰਨ ਜੁਆਬ ਦਿੱਤਾ ਜਾਵੇਗਾ। ‘ਅਸੀਂ ਇਰਾਨ ਨਾਲ ਜੰਗ ਨਹੀਂ ਚਾਹੁੰਦੇ, ਪਰ ਆਪਣੀ ਸੁਰੱਖਿਆ ਕਰਨੀ ਜਾਣਦੇ ਹਾਂ।’ ਬਲਿੰਕਨ ਨੇ ਕਿਹਾ।
ਇਸ ਦਰਮਿਆਨ ਹਮਾਸ ਵੱਲੋਂ ਸੋਮਵਾਰ ਦੁਪਹਿਰ ਬਾਅਦ ਦੋ ਇਜ਼ਰਾਇਲੀ ਬਜ਼ੁਰਗ ਔਰਤਾਂ ਨੂੰ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਨੂੰ 7 ਅਕਤੂਬਰ ਵਾਲੇ ਆਪਣੇ ਹਮਲੇ ਵਿੱਚ ਹਮਾਸ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਇੱਕ ਮੋਟਰਸਾਈਕਲ ‘ਤੇ ਗਾਜ਼ਾ ਦੇ ਅਗਿਆਤ ਥਾਂ ‘ਤੇ ਲਿਜਾਇਆ ਗਿਆ। ਇਸ ਦੌਰਾਨ ਉਸ ਦੀ ਥੋੜ੍ਹੀ ਬਹੁਤ ਮਾਰ ਕੁੱਟ ਵੀ ਕੀਤੀ ਗਈ, ਪਰ ਇੱਕ ਸੁਰੰਗ ਦੇ ਲਾਗੇ ਲਿਜਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। “ਇਸ ਸੁਰੰਗ ਵਿੱਚੋਂ ਦੀ ਹੋ ਕੇ ਅਸੀਂ ਵੱਡੇ ਹਾਲ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਸਾਡੇ ਨਾਲ ਵਧੀਆ ਵਰਤਾਅ ਕੀਤਾ ਗਿਆ ਅਤੇ ਲੋੜੀਂਦੀ ਦਵਾ–ਦਾਰੂ ਵੀ ਦਿੱਤੀ ਜਾਂਦੀ ਰਹੀ। ਹਰ ਤੀਜੇ ਦਿਨ ਡਾਕਟਰ ਚੈੱਕ ਕਰਨ ਲਈ ਆਉਂਦਾ ਸੀ, ਇੱਕ ਨਰਸ ਅਟੈਂਡੈਂਟ ਰਹੀ। ਇਸ 85 ਸਾਲਾ ਔਰਤ ਨੇ ਉਸ ਨੂੰ ਮਿਸਰ ਦੇ ਬਾਰਡਰ ‘ਤੇ ਛੱਡਣ ਲਈ ਆਏ ਨਕਾਬ ਪੋਸ਼ ਨਾਲ ਹੱਥ ਵੀ ਮਿਲਾਇਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇੰਜ ਕਿਉਂ ਕੀਤਾ ਤਾਂ 85 ਸਾਲਾ ਲਿਫਸ਼ਿਟਿਜ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਨਾਲ ਚੰਗਾ ਵਰਤਾਅ ਕੀਤਾ। ਜਦਕਿ ਸਾਡੀ ਆਪਣੀ ਫੌਜ ਸਾਡੀ ਸੁਰੱਖਿਆ ਨਹੀਂ ਕਰ ਸਕੀ। ਹਮਾਸ ਦੇ ਹਮਲੇ ਵੇਲੇ ਸਾਨੂੰ ਹਾਲਾਤ ਦੇ ਰਹਿਮ ‘ਤੇ ਛੱਡ ਦਿੱਤਾ ਗਿਆ।”
ਇਸੇ ਦੌਰਾਨ ਇੱਕ ਹੋਰ ਘਟਨਾਕ੍ਰਮ ਦੌਰਾਨ ਅਮਰੀਕਾ ਨੇ ਆਪਣੇ ਕਈ ਫੌਜੀ ਸਲਾਹਕਾਰ ਇਜ਼ਰਾਇਲ ਭੇਜੇ ਹਨ। ਅਮਰੀਕਾ ਸ਼ਾਇਦ ਗਾਜ਼ਾ ਅੰਦਰ ਸੰਭਾਵਤ ਜ਼ਮੀਨੀ ਜੰਗ ਨੂੰ ਰੋਕਣਾ ਚਾਹੁੰਦਾ ਹੈ। ਭੇਜੇ ਗਏ ਫੌਜੀ ਮਾਹਿਰਾਂ ਵਿੱਚ ਸਮੁੰਦਰੀ ਕੋਰ ਦਾ ਇੱਕ ਜਨਰਲ ਵੀ ਸ਼ਾਮਲ ਹੈ। ਸਰਕਾਰੀ ਬਿਆਨ ਅਨੁਸਾਰ ਇਹ ਸਾਰੇ ਜੰਗ ਦੀ ਰਣਨੀਤੀ ਬਣਾਉਣ ਲਈ ਇਜ਼ਰਾਇਲ ਦੀ ਮੱਦਦ ਕਰਨਗੇ। ਫੌਜੀ-ਸਿਆਸੀ ਮਾਹਿਰਾਂ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਜ਼ਰਾਇਲ ਗਾਜ਼ਾ ਵਿੱਚ ਜ਼ਮੀਨੀ ਫੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਹਮਾਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਗਾਜ਼ਾ ਵਿੱਚ ਗੁਪਤ ਸੁਰੰਗਾਂ ਦਾ ਜਾਲ ਵਿਛਾਇਆ ਹੋਇਆ ਹੈ। ਅਮਰੀਕਾ ਦੇ ਇਹ ਫੌਜੀ ਮਾਹਿਰ ਭਾਵੇਂ ਸਿੱਧੇ ਜੰਗ ਵਿੱਚ ਸ਼ਾਮਲ ਨਹੀਂ ਹੋਣਗੇ, ਪਰ ਹਮਾਸ ਦੇ ਨੈਟਵਰਕ ਨੂੰ ਤੋੜਨ ਲਈ ਫੌਜੀ ਸਲਾਹਕਾਰਾਂ ਵਜੋਂ ਕੰਮ ਕਰਨਗੇ।
ਯਾਦ ਰਹੇ, ਹਮਾਸ ਕੋਲ ਹਾਲੇ ਵੀ 220 ਬੰਧਕ ਹਨ, ਜਿਨ੍ਹਾਂ ਵਿੱਚੋਂ ਕਈ ਅਮਰੀਕਾ ਅਤੇ ਫਰਾਂਸ ਸਮੇਤ ਹੋਰਨਾਂ ਮੁਲਕਾਂ ਦੇ ਸ਼ਹਿਰੀ ਹਨ। ਹਮਾਸ ਨੇ ਮੁਢ ਵਿੱਚ ਚਿਤਾਵਨੀ ਦਿੱਤੀ ਸੀ ਕਿ ਇਜ਼ਰਾਇਲ ਨੇ ਜੇ ਜ਼ਮੀਨੀ ਹਮਲਾ ਕੀਤਾ ਤਾਂ ਇਨ੍ਹਾਂ ਬੰਧਕਾਂ ਦੇ ਲਾਈਵ ਸਿਰ ਕਲਮ ਕੀਤੇ ਜਾਣਗੇ। ਲੱਗਦਾ ਹੈ, ਵਿਦੇਸ਼ੀ ਬੰਧਕਾਂ ਦੇ ਕਾਰਨ ਪੈ ਰਹੇ ਅੰਤਰਰਾਸ਼ਟਰੀ ਦਬਾਅ ਕਾਰਨ ਇਜ਼ਰਾਇਲ ਜ਼ਮੀਨੀ ਕਾਰਵਾਈ ਕਰਨ ਵੱਲੋਂ ਰੁਕਿਆ ਹੋਇਆ ਹੈ। ਗਾਜ਼ਾ ਵਿੱਚ ਭਾਵੇਂ ਬਾਕੀ ਅੰਤਰਰਾਸ਼ਟਰੀ ਸਹਾਇਤਾ ਤਾਂ ਪੁਜਣੀ ਸ਼ੁਰੂ ਹੋ ਗਈ ਹੈ, ਪਰ ਤੇਲ ਅਤੇ ਉਰਜਾ ਦੀ ਕਮੀ ਵੱਡੀ ਪੱਧਰ ‘ਤੇ ਮਹਿਸੂਸ ਕੀਤੀ ਜਾ ਰਹੀ ਹੈ। ਤੇਲ ਹਾਲੇ ਵੀ ਇਜ਼ਰਾਇਲ ਨੇ ਗਾਜ਼ਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਹੈ। ਜਨਰੇਟਰ ਰੁਕ ਜਾਣ ਕਰਕੇ ਗਾਜ਼ਾ ਵਿੱਚ ਦੋ ਤਿਹਾਈ ਸਿਹਤ ਸਹੂਲਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਦੌਰਾਨ ਇਜ਼ਰਾਇਲ ਵੱਲੋਂ ਕੀਤੇ ਜਾਣ ਵਾਲੇ ਹਵਾਈ ਹਮਲਿਆਂ ਵਿੱਚ ਜ਼ੋਰਦਾਰ ਵਾਧਾ ਹੋਇਆ ਹੈ। ਬੀਤੇ ਸੋਮਵਾਰ ਤੋਂ ਬਾਅਦ 24 ਘੰਟਿਆਂ ਵਿੱਚ 400 ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ 800 ਲੋਕਾਂ ਦੀ ਮੌਤ ਹੋਈ।