ਕਮਲਜੀਤ ਸਿੰਘ ਬਨਵੈਤ
ਫੋਨ: +91-9814734035
ਪੰਜਾਬ ਦੇ ਪਿੰਡੇ `ਤੇ ਪਏ 1984 ਦੇ ਡੂੰਘੇ ਜ਼ਖ਼ਮ ਹਾਲੇ ਵੀ ਅੱਲੇ ਹਨ। ਜੂਨ 84 ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਚੀਸ ਹਾਲੇ ਮੱਠੀ ਨਹੀਂ ਪਈ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਵਾਰ ਵਾਰ ਰਸ ਰਹੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੱਸਣ ਵਾਲੇ ਦੇਸ਼ ਭਾਰਤ ਵਿੱਚ ਉਸ ਕੌਮ ਨੂੰ ਲਹੂ ਲੁਹਾਨ ਕੀਤਾ ਗਿਆ, ਜਿਸ ਨੇ ਮੁਲਕ ਨੂੰ ਆਜ਼ਾਦ ਕਰਾਉਣ ਲਈ 80 ਫੀਸਦੀ ਕੁਰਬਾਨੀਆਂ ਦਿੱਤੀਆਂ ਸਨ। ਇਸ ਨੂੰ ਭਾਰਤ ਵਿੱਚ ਰਾਜਸੀ ਸਰਪ੍ਰਸਤੀ ਹੇਠ ਸਿੱਖਾਂ ਉੱਤੇ ਢਾਹੇ ਅਣਮਨੁੱਖੀ ਅਤੇ ਜਬਰ ਜੁਲਮ ਦੀ ਇੰਤਹਾ ਕਿਹਾ ਜਾਣਾ ਬਣਦਾ ਹੈ।
ਨਵੰਬਰ ਦੇ ਪਹਿਲੇ ਹਫਤੇ ਮੁਲਕ ਭਰ ਵਿੱਚ ਵਸਦੇ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ। ਗੈਰ-ਮਨੁੱਖੀ ਢੰਗ ਨਾਲ ਕਤਲ ਕੀਤਾ ਗਿਆ। ਜਾਬਰਾਂ ਨੇ ਸਿੱਖ ਬੀਬੀਆਂ ਅਤੇ ਬੱਚਿਆਂ ਉੱਤੇ ਅਣਮਨੁੱਖੀ ਕਹਿਰ ਢਾਇਆ। ਉਸ ਤੋਂ ਵੀ ਵੱਡਾ ਦੁਖਾਂਤ ਇਹ ਕਿ 39 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਖ ਕੌਮ ਦੇ ਦਿਲ ਦਿਮਾਗ ਉੱਤੇ ਉਤਰਿਆ ਇਹ ਖੂਨੀ ਸਫਾ ਕਦੇ ਮਿਟਾਇਆ ਨਹੀਂ ਜਾ ਸਕਦਾ ਹੈ। ਹਰ ਸਾਲ ਨਵੰਬਰ ਦੇ ਪਹਿਲੇ ਹਫਤੇ ਅਖਬਾਰਾਂ ਅਤੇ ਟੀ.ਵੀ. ਉੱਤੇ ਦਿਖਾਈਆਂ ਜਾਂਦੀਆਂ ਕਹਿਰ ਭਰੀਆਂ ਤਸਵੀਰਾਂ ਹਰ ਇੱਕ ਦੇ ਦਿਲ ਨੂੰ ਧੂਹ ਪਾਉਂਦੀਆਂ ਹਨ। ਕਲੇਜਾ ਰੁੱਗ ਭਰ ਕੇ ਬਾਹਰ ਨੂੰ ਆਉਣ ਲੱਗਦਾ ਹੈ।
ਸਿਤਮ ਇਹ ਕਿ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਵੀ ਇਨਸਾਫ ਦੇਣ ਵਿੱਚ ਨਿਆਂ ਨਹੀਂ ਕੀਤਾ। ਸਿੱਖ ਕੌਮ ਦਾ ਦੇਸ਼ ਦੀ ਇਸ ਸਰਬ ਉੱਚ ਅਦਾਲਤ ਉੱਤੇ ਉਲਾਂਭਾ ਦੇਣ ਦਾ ਪੂਰਾ ਪੂਰਾ ਹੱਕ ਹੈ। ਇਨਸਾਫ ਨੂੰ ਹੋ ਰਹੀ ਦੇਰੀ ਅਤੇ ਫਿੱਕੀ ਪੈਂਦੀ ਜਾ ਰਹੀ ਉਮੀਦ ਨੇ ਸਿੱਖਾਂ ਦੇ ਹਿਰਦਿਆਂ ਨੂੰ ਹੋਰ ਵੀ ਵਲੂੰਧਰ ਕੇ ਰੱਖ ਦਿੱਤਾ ਹੈ।
ਨਵੰਬਰ 84 ਦੇ ਖੂਨੀ ਕਹਿਰ ਤੋਂ ਪੰਜ ਮਹੀਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਉਦੋਂ ਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਛਲਣੀ ਕਰਕੇ ਰੱਖ ਦਿੱਤਾ ਸੀ। ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਗਈਆਂ ਹਜ਼ਾਰਾਂ ਸੰਗਤਾਂ ਨੂੰ ਆਪਣੇ ਹੀ ਮੁਲਕ ਦੀ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤਾ। ਨਾ ਉਦੋਂ ਦੇ ਹਾਕਮਾਂ ਦਾ ਦਿਲ ਪਸੀਜਿਆ ਅਤੇ ਨਾ ਹੀ ਅੱਜ ਦੇ ਹੁਕਮਰਾਨ ਨੂੰ ਪਛਤਾਵਾ ਹੈ। ਸਰਕਾਰਾਂ ਦੇ ਮੱਥੇ ਉੱਤੇ ਇਹ ਵੱਡਾ ਕਲੰਕ ਹੈ, ਜਿਸ ਨੂੰ ਧੋਣ ਲਈ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਨਵੰਬਰ 1984 ਤੋਂ ਬਾਅਦ 39 ਸਾਲਾਂ ਦੀ ਦੁੱਖਾਂ ਭਰੀ ਦਾਸਤਾਨ ਬਿਆਨਦਿਆਂ ਬਹੁਤ ਵਾਰ ਕਲਮ ਲਿਖਣ ਤੋਂ ਜਵਾਬ ਦੇਣ ਲੱਗ ਜਾਂਦੀ ਹੈ। ਜੁਬਾਨ ਥਿੜਕਣ ਲੱਗਦੀ ਹੈ। ਦਿਮਾਗ ਸੁੰਨ ਹੋ ਜਾਂਦਾ ਹੈ। ਸੋਚਦਾ ਹਾਂ ਹਾਕਮ ਸ਼ਾਇਦ ਇਨਸਾਫ ਦੇਣ ਵੱਲ ਤੁਰ ਪਵੇ- ਇਸ ਕਰਕੇ ਨਹੀਂ ਕਿ ਉਹਨੂੰ ਸਿੱਖਾਂ ਨਾਲ ਤੇਹ ਹੈ, ਸ਼ਾਇਦ ਇਸ ਕਰਕੇ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਕਈ ਮੁਲਕਾਂ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਢਾਹੇ ਇਸ ਜ਼ੁਲਮ ਦੀ ਰੱਜ ਕੇ ਨਿਖੇਧੀ ਹੀ ਨਹੀਂ ਕੀਤੀ, ਸਗੋਂ ਸਿੱਖਾਂ ਨਾਲ ਹਮਦਰਦੀ ਵੀ ਜਤਾਈ ਹੈ।
ਆਪਣੇ ਹੀ ਮੁਲਕ ਵਿੱਚ ਸਿੱਖਾਂ ਨੂੰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਇੱਕ ਵਾਰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਨਵੰਬਰ 1984 ਤੋਂ ਬਾਅਦ ਸਿੱਖਾਂ ਦੇ ਜ਼ਖਮ ਉਦੋਂ ਹੋਰ ਡੂੰਘੇ ਹੋ ਗਏ, ਜਦੋਂ ਹੋਰ 36 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਰਾਤ ਦੇ ਹਨੇਰੇ ਨੂੰ ਫੌਜੀਆਂ ਦੀਆਂ ਵਰਦੀਆਂ ਪਾ ਕੇ ਜ਼ਾਲਮਾਂ ਨੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਵਸਦੇ ਸਿੱਖਾਂ ਨੂੰ ਰਾਤ ਵੇਲੇ ਘਰਾਂ ਵਿੱਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਬਾਹਾਂ ਲਗਾ ਕੇ ਪਿੱਛੋਂ ਗੋਲੀਆਂ ਲੰਘਾ ਦਿੱਤੀਆਂ ਗਈਆਂ ਸਨ। ਸਿੱਖਾਂ ਦੇ ਜ਼ਖਮ ਰਿਸਦੇ ਵੀ ਕਿਉਂ ਨਾ ਰਹਿਣ? ਜਦੋਂ ਸਰਕਾਰੀ ਪੱਖਪਾਤ ਦੀਆਂ ਇਹ ਕਨਸੋਆਂ ਕੰਨੀਂ ਪੈਂਦੀਆਂ ਹਨ ਕਿ ਘਟਨਾ ਵਾਪਰਨ ਦੇ 14 ਸਾਲ ਬਾਅਦ ਤੱਕ ਵੀ ਕੋਈ ਜਾਂਚ ਏਜੰਸੀ ਨਹੀਂ ਬਣਾਈ ਗਈ ਅਤੇ ਤਿੰਨ ਦਰਜਨ ਸਿੱਖਾਂ ਦਾ ਕਤਲ ਹਾਲੇ ਤੱਕ ਬੁਝਾਰਤ ਬਣਿਆ ਪਿਆ ਹੈ। ਸਰਕਾਰਾਂ ਕੋਲ ਇਲਜ਼ਾਮ ਪਾਕਿਸਤਾਨ ਸਿਰ ਮੜਨ ਦਾ ਬਹਾਨਾ ਘੜਿਆ ਘੜਾਇਆ ਪਿਆ ਹੈ।
ਹੋਰ ਵੀ ਦੁੱਖ ਦੀ ਗੱਲ ਇਹ ਕਿ ਭਾਰਤ ਦੀ ਸੰਸਦ ਦੇ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਹੋਰ ਜੁੜ ਗਿਆ ਹੈ, ਕਿਉਂਕਿ 1984 ਦੀ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਸੰਸਦ ਵਿੱਚ ਨਿੰਦਾ ਦਾ ਮਤਾ ਪਾਸ ਤੱਕ ਨਹੀਂ ਕੀਤਾ ਗਿਆ। ਕਤਲਾਂ ਉਤੇ ਦੁੱਖ ਪ੍ਰਗਟ ਕਰਨ ਦੀ ਗੱਲ ਤਾਂ ਦੂਰ ਦੀ ਰਹੀ। ਸਿਤਮ ਇਹ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰੰਗਾਨਾਥਨ ਮਿਸ਼ਰਾ ਦੀ ਰਿਪੋਰਟ ਉੱਤੇ ਬਹਿਸ ਕਰਾਉਣ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ ਅਤੇ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਨੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ।
ਨਵੰਬਰ 84 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਆਗੂਆਂ ਐਚ.ਕੇ.ਐਲ. ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਵੱਲੋਂ ਕਾਤਲਾਂ ਦੀ ਅਗਵਾਈ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਵਿੱਚੋਂ ਕਈਆਂ ਨੂੰ ਮੰਤਰੀਆਂ ਦੀਆਂ ਕੁਰਸੀਆਂ ਤੇ ਬਿਠਾਇਆ ਗਿਆ ਹੈ ਅਤੇ ਕਈ ਹੋਰ ਮੈਂਬਰ ਪਾਰਲੀਮੈਂਟ ਦੀ ਝੰਡੀ ਵਾਲੀ ਕਾਰ ਲਈ ਫਿਰਦੇ ਹਨ। ਸੰਗ ਸ਼ਰਮ ਵਾਲੀ ਲੋਈ ਲਾਹੁਣ ਵਾਲੀਆਂ ਗੱਲਾਂ ਉਦੋਂ ਸਾਹਮਣੇ ਆਈਆਂ ਜਦੋਂ ਸਿੱਖਾਂ ਦੇ ਕਾਤਲਾਂ ਨੂੰ ਮਾਨ ਸਨਮਾਨ ਅਤੇ ਅਵਾਰਡ ਦੇ ਕੇ ਸਨਮਾਨਿਆ ਗਿਆ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਨਾਂ ਵੀ ਉਨ੍ਹਾਂ ਦੋਸ਼ੀਆਂ ਵਿੱਚ ਸ਼ਾਮਿਲ ਹੋ ਗਿਆ, ਜਦੋਂ ਉਸ ਨੇ ਇਹ ਕਹਿ ਦਿੱਤਾ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਮਲ ਨਾਥ ਦਾ ਹੱਥ ਨਹੀਂ ਸੀ। ਰਾਜਾ ਵੜਿੰਗ ਪਹਿਲਾ ਅਜਿਹਾ ਕਾਂਗਰਸੀ ਲੀਡਰ ਨਹੀਂ ਹੈ, ਜਿਸ ਨੇ ਆਪਣੀ ਕੌਮ ਨਾਲ ਗੱਦਾਰੀ ਕੀਤੀ ਹੋਵੇ। ਅਜਿਹੇ ਲੀਡਰਾਂ ਦੀ ਲਾਈਨ ਲੰਮੀ ਹੈ। ਹਾਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਬਾਅਦ ਵਿੱਚ ਉਹ ਮੁੜ ਉਸੇ ਪਾਰਟੀ ਦੀ ਝੋਲੀ ਵਿੱਚ ਜਾ ਪਏ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੀ ਗੱਲ ਕਰੀਏ ਤਾਂ ਗੱਦਾਰਾਂ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦਾ ਨਾਂ ਵੀ ਉਗਲਾਂ `ਤੇ ਗਿਣਿਆ ਜਾਂਦਾ ਹੈ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨਾਲ ਵਿਸ਼ੇਸ਼ ਅਪਣੱਤ ਜਤਾਅ ਰਹੇ ਹਨ, ਪਰ ਅਸਲ ਵਿੱਚ ਬਾਂਹ ਉਨ੍ਹਾਂ ਨੇ ਵੀ ਨਹੀਂ ਫੜੀ ਹੈ। ਸਿੱਖ ਬੁੱਧੀਜੀਵੀਆਂ ਨਾਲ ਵਾਰ ਵਾਰ ਕੀਤੀਆਂ ਮੀਟਿੰਗਾਂ ਤੋਂ ਵਾਰ ਇੱਕ ਨਵੀਂ ਆਸ ਬੱਝਦੀ ਰਹੀ ਹੈ, ਪਰ ਅੰਤ ਪੱਲੇ ਪੈਂਦੀ ਰਹੀ ਨਿਰਾਸ਼ਾ, ਸਿਰਫ ਨਿਰਾਸ਼ਾ।
ਮੁਲਕ ਦੀ ਬਦਕਿਸਮਤੀ ਹੀ ਕਹੀਏ ਕਿ ਸਭ ਤੋਂ ਵਫਾਦਾਰ ਸਿੱਖ ਕੌਮ ਨੂੰ ਆਪਣੇ ਦੇਸ਼ ਭਾਰਤ ਵਿੱਚ ਹੀ ਬੇਗਾਨਾ ਕਰ ਦਿੱਤਾ ਗਿਆ ਹੈ। ਆਪਣੇ ਹੀ ਮੁਲਕ ਦੀਆਂ ਲੱਖਾਂ-ਕਰੋੜਾਂ ਅੱਖਾਂ ਸਿੱਖਾਂ ਨੂੰ ਚੁੱਭਵੀਂ ਨਜ਼ਰ ਨਾਲ ਦੇਖਦੀਆਂ ਹਨ। ਸਦਕੇ ਜਾਈਏ ਬਾਬੇ ਨਾਨਕ ਅਤੇ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ `ਤੇ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ‘ਨਾ ਕੋਈ ਵੈਰੀ ਨਾ ਹੀ ਬੇਗਾਨਾ’ ਦੀ ਸੋਚ `ਤੇ ਚਲਦਿਆਂ ਬਿਨਾ ਕਿਸੇ ਭੇਦ ਭਾਵ ਤੋਂ ਹਰ ਇੱਕ ਦੀ ਔਖੇ ਵੇਲੇ ਬਾਂਹ ਫੜੀ ਹੈ। ਭਾਈ ਘਨੱਈਆ ਦੇ ਵਾਰਸਾਂ ਨੂੰ ਪੱਖਪਾਤ ਕਰਨਾ ਨਹੀਂ ਆਇਆ। ਇਹ ਤਾਂ ਆਪਣਾ ਆਪ ਵਾਰ ਕੇ ਦੂਜੇ ਦੀ ਜਾਨ ਬਚਾਉਣ ਅਤੇ ਪੱਤ ਰੱਖਣ ਦੀ ਗੁੜਤੀ ਲੈ ਕੇ ਪੈਦਾ ਹੋਏ ਹਨ।