ਇੰਦਰਜੀਤ ਚੁਗਾਵਾਂ
ਪਹਿਲੀ ਨਵੰਬਰ ਦਾ ਦਿਨ ਸਾਡੇ, ਪੰਜਾਬੀਆਂ ਲਈ ਖ਼ਾਸ ਹੈ। ਇਸ ਦਿਨ 1966 ‘ਚ ਪੰਜਾਬੀ ਬੋਲੀ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਹੋਇਆ ਸੀ। ਉਦੋਂ ਤੋਂ ਇਹ ਦਿਨ ਪੰਜਾਬ ਦਿਵਸ ਦੇ ਨਾਂ ਨਾਲ ਮਨਾਇਆ ਜਾਂਦੈ।
ਇਹ ਪ੍ਰਾਪਤੀ ਸੀ ਜਾਂ ਨਹੀਂ, ਇਸ ਬਾਰੇ ਫ਼ੈਸਲਾ ਖੁਦ ਕਰੋ, ਇਸ ਗੱਲ ਦੇ ਮੱਦੇਨਜ਼ਰ ਕਿ ਪੰਜਾਬੀ ਬੋਲਦੇ ਇਲਾਕਿਆਂ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਰੇੜਕਾ ਅਜੇ ਤੱਕ ਚੱਲ ਰਿਹੈ।
ਪਹਿਲੀ ਨਵੰਬਰ ਦਾ ਦਿਨ 1984 ‘ਚ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਕਿਉਂਕਿ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਉਸ ਦੇ ਦੋ ਅੰਗ ਰੱਖਿਅਕਾਂ ਨੇ ਕਰ ਦਿੱਤਾ ਸੀ ਤੇ ਦੋਵੇਂ ਸਿੱਖ ਸਨ। ਦੋ ਬੰਦਿਆਂ ਵੱਲੋਂ ਕੀਤੇ ਇਸ ਕਤਲ ਲਈ ਪੂਰੇ ਸਿੱਖ ਭਾਈਚਾਰੇ ਨੂੰ ਦੋਸ਼ੀ ਐਲਾਨ ਕੇ ਗਲ਼ਾਂ ‘ਚ ਟਾਇਰ ਪਾ ਜਿਊਂਦੇ ਸਾੜਿਆ ਗਿਆ। ਇਸ ਕੁਕਰਮ ਦੇ ਦੋਸ਼ੀਆਂ ਨੂੰ ਅਜੇ ਤੱਕ ਅਦਾਲਤ ਇਨਸਾਫ ਨਹੀਂ ਦੇ ਸਕੀ।
ਇਸ ਮਸਲੇ ਨੂੰ ਲੈ ਕੇ ਪੰਜਾਬ ‘ਚ ਸੱਤਾ ਸੁੱਖ ਮਾਣਨ ਵਾਲਿਆਂ ਨੇ ਸੱਤਾ ‘ਚ ਰਹਿੰਦਿਆਂ ਇਸ ਸਮੱਸਿਆ ਨੂੰ ਭੁਲਾਈ ਰੱਖਿਆ ਤੇ ਸੱਤਾ ਤੋਂ ਲਾਂਭੇ ਹੁੰਦਿਆਂ ਉਨ੍ਹਾਂ ਨੂੰ ਜੋਧਪੁਰ ਦੇ ਕੈਦੀਆਂ ਦੀ ਰਿਹਾਈ ਤੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਮਾਮਲੇ ਅਕਸਰ ਯਾਦ ਆਉਂਦੇ ਹਨ; ਤੇ ਅਸੀਂ ਤਮਾਸ਼ਬੀਨ ਬਣ ਦੇਖਦੇ ਰਹਿੰਦੇ ਹਾਂ। ਸੋਚਦੇ ਅਸੀਂ ਬਿਲਕੁੱਲ ਨਹੀਂ, ਕਿਉਂਕਿ ਅਸੀਂ ਪੜ੍ਹਨਾ-ਵਿਚਾਰਨਾ-ਸਵਾਲ ਕਰਨਾ ਤਿਆਗ ਦਿੱਤੈ। ਸਾਨੂੰ ਸੱਤਾਭੋਗੀਆਂ ਨੇ ਮੁਫਤਖੋਰੇ ਬਣਾ ਛੱਡਿਐ ਤੇ ਅਸੀਂ ਏਸੇ ‘ਚ ਖੁਸ਼ ਹਾਂ…।
ਇਹ ਦਿਨ ਜਲੰਧਰ ਸਥਿੱਤ ਦੇਸ਼ ਭਗਤ ਯਾਦਗਾਰ ਕੰਪਲੈਕਸ ‘ਚ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਲੱਗਣ ਵਾਲੇ ਮੇਲੇ ਦਾ ਆਖਰੀ ਦਿਨ ਹੁੰਦਾ ਹੈ। ਇਹ ਮੇਲਾ ਜਿੱਥੇ ਗ਼ਦਰੀ ਬਾਬਿਆਂ ਦੀ ਯਾਦ ਨੂੰ ਮੁੜ ਤਰੋ-ਤਾਜ਼ਾ ਕਰਦਾ ਹੈ, ਓਥੇ ਪੰਜਾਬੀਆਂ ‘ਚ ਕਿਤਾਬ ਸੱਭਿਆਚਾਰ ਨਾਲ ਜੁੜਨ ਦੀ ਚਿਣਗ ਵੀ ਜਗਾਉਂਦਾ ਹੈ।
ਇਸ ਵਾਰ ਇਸ ਦਿਨ ਨਾਲ ਇੱਕ ਹੋਰ ਕਾਂਡ ਜੁੜ ਗਿਆ ਹੈ। ‘ਨਵੇਂ ਬਦਲਾਅ’ ਦੇ ਨਾਅਰੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ “ਮੈਂ ਪੰਜਾਬ ਬੋਲਦਾ ਹਾਂ” ਦੇ ਨਾਂ ਹੇਠ ਸਿਆਸੀ ਪਾਰਟੀਆਂ ਨੂੰ ਬਹਿਸ ਲਈ ਸੱਦਾ ਦਿੱਤਾ ਸੀ, ਪਰ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ, ਉਨ੍ਹਾਂ ‘ਚੋਂ ਕੋਈ ਨਹੀਂ ਆਇਆ ਤੇ ਜਿਹੜੇ ਸੰਜੀਦਾ ਲੋਕ ਅੰਦਰ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸੋਸ਼ਲ ਮੀਡੀਆ ‘ਤੇ ਪੋਸਟਾਂ ਦੀ ਭਰਮਾਰ ਹੈ ਕਿ “ਅੰਦਰ ਤਾਂ ਇਕੱਲਾ ਭਗਵੰਤ ਮਾਨ ਬੋਲ ਰਿਹਾ, ਪੰਜਾਬ ਤਾਂ ਬਾਹਰ ਬੋਲ ਰਿਹਾ।” ਨੋਟ ਕਰਨ ਵਾਲੀ ਗੱਲ ਹੈ ਕਿ ਬਹਿਸ ਲਈ ਕਿਸੇ ਵੀ ਪਾਰਟੀ ਨੂੰ ਕੋਈ ਲਿਖਤੀ ਸੱਦਾ ਪੱਤਰ, ਕੋਈ ਏਜੰਡਾ ਨਹੀਂ ਭੇਜਿਆ ਗਿਆ। ਜਿਨ੍ਹਾਂ ਨੂੰ ਥਾਪੀਆਂ ਮਾਰ-ਮਾਰ ਭਗਵੰਤ ਮਾਨ ਚੁਣੌਤੀ ਦੇ ਰਿਹਾ ਸੀ, ਬਿਨਾ ਸ਼ੱਕ ਉਹ ਕਸੂਰਵਾਰ ਹਨ, ਪਰ ਉਨ੍ਹਾਂ ਨੂੰ ਸੱਦਾ ਦੇਣ ਦਾ ਸੁਚਾਰੂ ਸਲੀਕਾ ਨਾ ਅਪਨਾ ਕੇ ਇਸ “ਬਹਿਸ” ਤੋਂ ਕਿਨਾਰਾ ਕਰਨ ਦਾ ਵਧੀਆ ਮੌਕਾ ਭਗਵੰਤ ਮਾਨ ਨੇ ਖੁਦ ਦਿੱਤੈ।
ਸਰਕਾਰ ਚਲਾਉਣ ਤੇ ਸਟੇਜ ਚਲਾਉਣ ‘ਚ ਕੋਹਾਂ ਦਾ ਫ਼ਰਕ ਹੁੰਦੈ। ਸਟੇਜ ਚਲਾਉਣ ਲਈ ਤਾੜੀਆਂ ਜ਼ਰੂਰੀ ਹਨ ਤੇ ਸਰਕਾਰ ਚਲਾਉਣ ਲਈ ਦਾਨਿਸ਼ਮੰਦੀ! ਉਹ ਜਦ ਵੀ ਕਿਸੇ ਸਟੇਜ ਤੋਂ ਬੋਲਦੈ, ਮੁੱਖ ਮੰਤਰੀ ਘੱਟ, ਮਸਖਰਾ ਜ਼ਿਆਦਾ ਲਗਦੈ। ਭਗਵੰਤ ਮਾਨ ਨੂੰ ਸਮਝ ਹੀ ਨਹੀਂ ਹੈ ਕਿ ਮਸਲਾ ਪੰਜਾਬ ਨਾਲ ਹੋ ਰਹੀ ਵਧੀਕੀ ਦਾ ਹੈ, ਪੰਜਾਬ ਵੱਲੋਂ ਕੀਤੀ ਜਾ ਰਹੀ ਵਧੀਕੀ ਦਾ ਨਹੀਂ। ਇਹ ਮੁੱਦਾ ਪੂਰੇ ਦੇਸ਼ ਅੱਗੇ ਰੱਖਣ ਦੀ ਲੋੜ ਹੈ ਕਿ ਭਾਈ, ਸਾਡਾ ਸੱਤਰ ਫੀਸਦੀ ਪਾਣੀ ਤਾਂ ਪਹਿਲਾਂ ਈ ਖੋਹ ਲਿਆ ਗਿਐ ਤੇ ਸਾਡੇ ਪੱਲੇ ਦੁਆਨੀ ਨਹੀਂ ਪਾਈ ਗਈ, ਅਸੀਂ ਹੋਰ ਪਾਣੀ ਕਿੱਥੋਂ ਦੇ ਦੇਈਏ। …ਤੇ ਮਸਲਾ ਇਹ ਵੀ ਹੈ ਕਿ ਪੰਜਾਬ ਦੀਆਂ ਨਹਿਰਾਂ, ਸੂਏ, ਕੱਸੀਆਂ ‘ਤੇ ਨਾਜਾਇਜ਼ ਕਬਜ਼ੇ ਹਟਾ ਕੇ ਸੂਬੇ ਦੇ ਸਿੰਚਾਈ ਪ੍ਰਬੰਧ ਨੂੰ ਮੁੜ ਪੈਰਾਂ ਸਿਰ ਕੀਤਾ ਜਾਵੇ ਤਾਂ ਕਿ ਪੰਜਾਬ ਆਪਣੇ ਹਿੱਸੇ ਆਏ ਪਾਣੀ ਨੂੰ ਸਹੀ ਢੰਗ ਨਾਲ ਵਰਤ ਸਕੇ। ਇਸ ਗੱਲ ਤੋਂ ਅੱਖਾਂ ਕਿਉਂ ਮੀਟੀਏ ਕਿ ਅਸੀਂ ਪਾਣੀ ਦੇ ਆਪਣੇ ਮੌਜੂਦਾ ਹਿੱਸੇ ਨੂੰ ਵੀ ਪੂਰੀ ਤਰ੍ਹਾਂ ਵਰਤ ਨਹੀਂ ਪਾ ਰਹੇ।
ਮਸਲਾ ਪੰਜਾਬ ਦੇ ਪਿੰਡ ਉਜਾੜ ਕੇ ਬਣਾਏ ਚੰਡੀਗੜ੍ਹ ਦਾ ਹੈ। ਇਸ ਮਸਲੇ ਨੂੰ ਇਮਾਨਦਾਰੀ ਨਾਲ ਹੱਲ ਕਰਨ ਲਈ ਕਿਸੇ ਵੀ ਸੱਤਾਧਾਰੀ ਜਾਂ ਸੱਤਾ ਦੀ ਚਾਹਵਾਨ ਧਿਰ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ।
ਇਹ ਮਸਲੇ ਸਿਰ ਜੋੜ ਕੇ ਬੈਠਣ ਦੇ ਹਨ, ਨਾਕਿ ਇਹ ਚੁਣੌਤੀ ਦੇਣ ਦੇ ਕਿ “ਤਿਆਰੀ ਕਰ ਕੇ ਆਇਓ!”
ਜਦ ਸਿਰ ‘ਤੇ ਆਣ ਪਵੇ ਤਾਂ ਉਸ ਵੇਲੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਾ ਈ ਸਹੀ ਸਮਝਦਾਰੀ ਹੁੰਦੀ ਐ। ਵਿਰੋਧੀਆਂ ਨੂੰ ਅਪੀਲ ਕਰਨੀ ਬਣਦੀ ਐ ਕਿ ਆਪਣੇ ਆਪਸੀ ਮਸਲੇ ਫੇਰ ਦੇਖ ਲਵਾਂਗੇ! ਹੁਣ ਪੰਜਾਬ ‘ਤੇ ਬਣ ਆਈ ਐ, ਆਓ ਇਕੱਠੇ ਹੋ ਕੇ ਮੋਰਚਾ ਸੰਭਾਲੀਏ! ਕਿਸਾਨ ਮੋਰਚੇ ਨੂੰ ਕੋਈ ਬਹੁਤੀ ਦੇਰ ਨਹੀਂ ਹੋਈ। ਉਹ ਮੋਰਚਾ ਅਨੇਕਾਂ ਭੜਕਾਹਟਾਂ ਦੇ ਬਾਵਜੂਦ ਲੀਡਰਸ਼ਿੱਪ ਨੇ ਅਜਿਹੀ ਸਮਝਦਾਰੀ ਨਾਲ ਸੰਭਾਲਿਆ ਕਿ ਪੂਰੀ ਦੁਨੀਆ ‘ਚ ਇਤਿਹਾਸ ਸਿਰਜ ਕੇ ਰੱਖ ਦਿੱਤੈ।
ਪਹਿਲਾਂ ਅਸੀਂ ਇਹ ਗੱਲ ਕਹਿੰਦੇ ਸੀ ਕਿ ਦਿੱਲੀ ਪੰਜਾਬ ਨਾਲ ਵਫ਼ਾ ਨਹੀਂ ਕਮਾ ਰਹੀ, ਪਰ ਹੁਣ ਭਗਵੰਤ ਨੇ ਚੰਡੀਗੜ੍ਹ ਨੂੰ ਵੀ ਇਸੇ ਕਤਾਰ ‘ਚ ਲਿਆ ਖੜ੍ਹਾ ਕੀਤੈ। ਆਪਣਿਆਂ ਵੱਲੋਂ ਦਗ਼ਾ ਕਮਾਉਣ ਦੀ ਖੇਡ ਸਾਡੇ ਲਈ ਕੋਈ ਨਵੀਂ ਗੱਲ ਨਹੀਂ।
ਕਸੂਰ ਸਾਡਾ ਈ ਐ ਕਿ ਅਸੀਂ ਭਰੋਸਾ ਬਿਨ ਸੋਚੇ ਸਮਝੇ, ਅੱਖਾਂ ਮੀਟ ਕੇ ਕਰ ਲੈਂਦੇ ਆਂ। ਪੰਜਾਬ ‘ਤੇ ਬਹੁਤ ਔਲ਼ੀਆਂ ਆਈਆਂ ਹਨ ਤੇ ਇਹ ਹਮੇਸ਼ਾ ਉਭਰਦਾ ਰਿਹੈ। ਇਸ ਨੇ “ਉਤਰ ਕਾਟੋ ਮੈਂ ਚੜ੍ਹਾਂ” ਦੀ ਖੇਡ ਖੇਡਣ ਵਾਲਿਆਂ ਨੂੰ ਵਗਾਹ ਕੇ ਪਰ੍ਹੇ ਮਾਰਿਐ ਤੇ ਹੁਣ ਵਾਰੀ “ਨੌਟੰਕੀਬਾਜਾਂ” ਦੀ ਹੈ।