ਫਾਈਨਲ ਵਿੱਚ ਭਾਰਤੀ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ ਬਣੇ ਮੈਨ ਆਫ ਦਾ ਟੂਰਨਾਮੈਂਟ
ਅਹਿਮਦਾਬਾਦ: ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਸਮੇਤ ਆਪਣੇ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਕ੍ਰਿਕਟ ਟੀਮ ਅੰਤ ਨੂੰ ਬੀਤੇ ਐਤਵਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ ਹਾਰ ਗਈ। ਆਪਣਾ ਛੇਵਾਂ ਇੱਕ ਦਿਨਾ ਵਰਲਡ ਕੱਪ ਮੁਕਾਬਲਾ ਜਿੱਤਣ ਵਾਲੀ ਆਸਟਰੇਲੀਆ ਦੀ ਟੀਮ ਤਕਰੀਬਨ ਸਾਰੇ ਪੱਖਾਂ ਤੋਂ ਭਾਰਤੀ ਟੀਮ ਨਾਲੋਂ ਬਿਹਤਰ ਨਜ਼ਰ ਆਈ।
ਉਂਝ ਇਸੇ ਟੂਰਨਾਮੈਂਟ ਦੇ ਲੀਗ ਮੁਕਾਬਲੇ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਕੋਲੋਂ ਵੀ ਆਸਟਰੇਲੀਆ ਦੀ ਟੀਮ ਆਪਣਾ ਲੀਗ ਮੁਕਾਬਲਾ ਵੱਡੇ ਫਰਕ ਨਾਲ ਹਾਰ ਗਈ ਸੀ। ਇੱਥੋਂ ਤੱਕ ਕਿ ਸ੍ਰੀਲੰਕਾ ਦੀ ਟੀਮ ਨੇ ਵੀ ਆਸਟਰੇਲੀਆ ਨੂੰ ਹਰਾ ਦਿੱਤਾ ਸੀ।
ਆਸਟਰੇਲੀਆ ਦੀ ਇਸ ਟੀਮ ਦਾ ਮਹੱਤਵਪੂਰਨ (ਫਾਈਨਲ, ਸੈਮੀਫਾਈਨਲ) ਮੁਕਾਬਲਿਆਂ ਵਿੱਚ ਬਿਹਤਰ ਕਾਰਗੁਜ਼ਾਰੀ ਵਿਖਾਉਣ ਦਾ ਤਜ਼ਰਬਾ ਸ਼ਾਇਦ ਉਨ੍ਹਾਂ ਦੇ ਸਭ ਤੋਂ ਵੱਧ ਕੰਮ ਆਇਆ। ਫਾਈਨਲ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਆਸਟਰੇਲੀਆਈ ਟੀਮ ਤੋਂ ਹਰ ਪੱਖੋਂ ਬਿਹਤਰ ਨਜ਼ਰ ਆ ਰਹੀ ਸੀ, ਪਰ ਵੱਡੇ ਮੁਕਾਬਲੇ ਦੇ ਮਾਨਸਿਕ ਦਬਾਅ ਹੇਠ ਬਿਖ਼ਰਦੀ ਨਜ਼ਰ ਆਈ। ਫਾਈਨਲ ਤੋਂ ਸਿਵਾਏ ਬਾਕੀ ਮੈਚਾਂ ਵਿੱਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਅਤੇ ਤਕਰੀਬਨ ਹਰ ਟੀਮ ਨੂੰ ਭਰਵੀਂ ਹਾਰ ਦਿੱਤੀ। ਇਸ ਦੇ ਮੁਕਾਬਲੇ ਆਸਟਰੇਲੀਆ ਦੀ ਟੀਮ ਆਪਣੇ ਮੁਢਲੇ ਮੈਚਾਂ ਵਿੱਚ ਕਾਫੀ ਲੜਖੜਾਈ ਹੋਈ ਵਿਖਾਈ ਦਿੱਤੀ ਅਤੇ ਭਾਰਤ, ਦੱਖਣੀ ਅਫਰੀਕਾ ਤੇ ਸ੍ਰੀਲੰਕਾ ਕੋਲੋਂ ਆਪਣੇ ਲੀਗ ਮੈਚ ਹਾਰ ਗਈ ਸੀ। ਇੱਥੋਂ ਤੱਕ ਕਿ ਅਫਗਾਨਿਸਤਾਨ ਦੀ ਟੀਮ ਤੋਂ ਹਾਰਦੇ-ਹਾਰਦੇ ਮਸਾਂ ਬਚੀ ਸੀ, ਜਦੋਂ ਤੇਜ਼ ਤਰਾਰ ਖਿਡਾਰੀ ਮੈਕਸਵੈਲ ਨੇ ਇਕੱਲਿਆਂ 200 ਦੌੜਾਂ ਬਣਾ ਕੇ ਕੰਗਾਰੂਆਂ ਦੀ ਬੇੜੀ ਪਾਰ ਲਾਈ। ਆਪਣੇ ਸੈਮੀਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਦੀ ਟੀਮ ਖਿਲਾਫ ਵੀ ਆਸਟਰੇਲੀਆ ਦੀ ਟੀਮ ਮਸਾਂ ਹੀ ਜਿੱਤ ਸਕੀ ਸੀ; ਪਰ ਹਾਰਾਂ ਵਿੱਚੋਂ ਵਾਰ-ਵਾਰ ਉਭਰਨ ਦਾ ਇਸ ਟੀਮ ਦਾ ਇਸੇ ਟੂਰਨਾਮੈਂਟ ਦਾ ਤਜ਼ਰਬਾ ਵੀ ਇਹਦੇ ਕੰਮ ਆਇਆ।
19 ਨਵੰਬਰ ਨੂੰ ਭਾਰਤ ਵਿੱਚ ਸੰਪਨ ਹੋਏ ਇਸ ਇੱਕ ਦਿਨਾ ਵਰਲਡ ਕ੍ਰਿਕਟ ਕੱਪ ਵਿੱਚ ਚੈਂਪੀਅਨਸਿੱLਪ ਦੀਆਂ ਦਾਅਵੇਦਾਰ ਟੀਮਾਂ ਇੰਗਲੈਂਡ ਅਤੇ ਨਿਊਜ਼ੀਲੈਂਡ ਵੀ ਆਸ ਦੇ ਅਨੁਕੂਲ ਪ੍ਰਦਰਸ਼ਨ ਨਹੀਂ ਕਰ ਸਕੀਆਂ। ਨਿਊਜ਼ੀਲੈਂਡ ਨੂੰ ਸੈਮੀਫਾਈਨਲ ਵਿੱਚ ਭਾਰਤ ਨੇ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ ਇੰਗਲੈਂਡ ਦੀ ਟੀਮ ਫਾਈਨਲ ਦੇ ਨੇੜੇ ਤੇੜੇ ਪਹੁੰਚਣ ਵਿੱਚ ਵੀ ਨਾਕਾਮਯਾਬ ਨਾ ਰਹੀ। ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾ ਅਤੇ ਮੁਹੰਮਦ ਸਿਰਾਜ ‘ਤੇ ਆਧਾਰਤ ਭਾਰਤੀ ਤੇਜ਼ ਗੇਂਦਬਾਜਾਂ ਦੀ ਤਿੱਕੜੀ, ਜਿਸ ਅੱਗੇ ਇਸ ਮੁਕਾਬਲੇ ਵਿੱਚ ਵੱਡੀਆਂ-ਵੱਡੀਆਂ ਟੀਮਾਂ ਢਹਿ ਢੇਰੀ ਹੁੰਦੀਆਂ ਨਜ਼ਰ ਆਈਆਂ, ਵੀ ਫਾਈਨਲ ਮੁਕਾਬਲੇ ਵਿੱਚ ਕਾਰਗਰ ਨਜ਼ਰ ਨਹੀਂ ਆਈ। ਇਸ ਮੈਚ ਦੌਰਾਨ ਭਾਰਤ ਦੇ ਬੱਲੇਬਾਜ਼ ਵੀ ਪਹਿਲੀ ਵਾਰ ਸੰਘਰਸ਼ ਕਰਦੇ ਨਜ਼ਰ ਆਏ।
19 ਨਵੰਬਰ ਨੂੰ ਹੋਏ ਦਿਨ ਰਾਤ ਦੇ ਇਸ ਮੁਕਾਬਲੇ ਵਿੱਚ ਟਾਸ ਜਿੱਤਣ ਤੋਂ ਪਿੱਛੋਂ ਆਸਟਰੇਲੀਆਈ ਕਪਤਾਨ ਪੈਟ ਕਮਿਨਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਾਰਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਭਾਵੇਂ ਤਾਬੜਤੋੜ ਸ਼ੁਰੂਆਤ ਕੀਤੀ, ਪਰ ਉਹ ਆਪਣੇ ਕਾਹਲੇ ਸੁਭਾਅ ਕਰਕੇ ਬਹੁਤੀ ਦੇਰ ਟਿਕ ਨਾ ਸਕਿਆ ਅਤੇ ਅਰਧ ਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਹੀ ਚਲਦਾ ਬਣਿਆ। ਦੂਜਾ ਓਪਨਰ ਸ਼ੁਭਮਨ ਗਿੱਲ ਉਸ ਤੋਂ ਵੀ ਪਹਿਲਾਂ ਚਾਰ ਦੇ ਨਿਜੀ ਸਕੋਰ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇ.ਐਲ. ਰਾਹੁਲ ਨੇ ਖੇਡ ਨੂੰ ਸੰਭਾਂਲਣ ਦੀ ਕੋਸ਼ਿਸ਼ ਕੀਤੀ ਅਤੇ ਦੋਹਾਂ ਨੇ ਮੁਸ਼ਕਿਲ ਨਾਲ ਅਰਧ ਸੈਂਕੜੇ ਬਣਾਏ। ਇਹ ਬੈਟਿੰਗ ਏਨੀ ਧੀਮੀ ਸੀ ਕਿ ਆਪਣੀ ਪੂਰੀ ਟੀਮ ਦੇ ਆਊਟ ਹੋਣ ਤੱਕ ਭਾਰਤ ਸਿਰਫ 240 ਦੌੜਾਂ ਦਾ ਸਕੋਰ ਖੜ੍ਹਾ ਕਰ ਸਕਿਆ। ਭਾਰਤੀ ਬੱਲੇਬਾਜ਼ ਥੋੜ੍ਹੇ ਥੋੜ੍ਹੇ ਸਮੇਂ ਦਾ ਵਕਫਾ ਪਾ ਕੇ ਆਊਟ ਹੁੰਦੇ ਰਹੇ, ਜਿਸ ਕਰਕੇ ਦੌੜਾਂ ਬਣਾਉਣ ਦੀ ਗਤੀ ਬਹੁਤ ਧੀਮੀ ਹੋ ਗਈ।
ਆਸਟਰੇਲੀਆਈ ਟੀਮ ਨੇ ਬੈਟਿੰਗ ਦੀ ਆਪਣੀ ਵਾਰੀ ਸ਼ੁਰੂ ਕਰਦਿਆਂ ਤੇਜ਼ੀ ਨਾਲ ਰਨ ਬਣਾਉਣੇ ਸ਼ੁਰੂ ਕੀਤੇ। ਪਹਿਲੇ ਦੋ-ਤਿੰਨ ਓਵਰਾਂ ਵਿੱਚ ਲੱਗਣ ਲੱਗਾ ਸੀ ਕਿ ਆਸਟਰੇਲੀਆ ਦੀ ਟੀਮ ਕੁਸ਼ ਕੁ ਸਮੇਂ ਵਿੱਚ ਹੀ ਮੈਚ ਖਤਮ ਕਰ ਦੇਵੇਗੀ। ਮੁਹੰਮਦ ਸ਼ੰਮੀ ਅਤੇ ਜਸਪ੍ਰੀਤ ਬੁਮਰਾ ਨੇ ਤਿੰਨ ਖਿਡਾਰੀਆਂ ਨੂੰ ਜਲਦੀ ਜਲਦੀ ਆਊਟ ਕਰਕੇ ਕੁਝ ਆਸ ਪੈਦਾ ਕੀਤੀ, ਪਰ ਆਸਟਰੇਲੀਆ ਦੇ ਆਲਰਾਊਂਡਰ ਖਿਡਾਰੀ ਟਰੈਵਿਸ ਹੈਡ ਅਤੇ ਮਾਰਿਨ ਲਬੂਸ਼ਾਨੇ ਵੱਲੋਂ ਖੇਡੀਆਂ ਗਈਆਂ ਟਿਕਵੀਆਂ ਪਾਰੀਆਂ ਨੇ ਭਾਰਤ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਟਰੈਵਿਸ ਹੈਡ ਨੇ 137 ਅਤੇ ਲਬੂਸ਼ਾਨੇ ਨੇ 58 ਦੌੜਾਂ ਬਣਾਈਆਂ ਤੇ ਉਹ ਅੰਤ ਤੱਕ ਆਊਟ ਨਹੀਂ ਹੋਇਆ। ਟਰੈਵਿਸ ਹੈਡ ਨੂੰ ਮੈਚ ਦੇ ਆਖਰੀ ਪਲਾਂ ਵਿੱਚ ਮੁਹੰਮਦ ਸਿਰਾਜ ਨੇ ਆਊਟ ਕੀਤਾ। ਇੰਜ ਆਸਟਰੇਲੀਆ ਨੇ 6 ਵਿਕਟਾਂ ਗਵਾ ਕੇ 241 ਦੌੜਾਂ ਦਾ ਭਾਰਤ ਵੱਲੋਂ ਦਿੱਤਾ ਗਿਆ ਟੀਚਾ ਸਰ ਕਰ ਲਿਆ।
ਆਸਟਰੇਲੀਆ ਦੇ ਭਰਵੇਂ ਪ੍ਰਦਰਸ਼ਨ ਕਾਰਨ ਮੈਚ ਵੇਖਣ ਆਏ ਤਕਰੀਬਨ ਇੱਕ ਲੱਖ ਭਾਰਤੀ ਦਰਸ਼ਕ ਨਿਰਾਸ਼ ਨਜ਼ਰ ਆਏ। ਭਾਰਤੀ ਟੀਮ ਦੇ ਮਾੜੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨਾਂ ‘ਤੇ ਬਣੇ ਇਸ ਸਟੇਡੀਅਮ ਵਿੱਚ ਲੁੱਡੀਆਂ ਪਾਉਣ ਦਾ ਮੌਕਾ ਵੀ ਨਹੀਂ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਵੀ ਇਸ ਮੈਚ ਦਾ ਆਨੰਦ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜੇਤੂ ਟੀਮ ਨੂੰ ਟਰਾਫੀ ਪ੍ਰਦਾਨ ਕੀਤੀ ਅਤੇ ਉਪ ਜੇਤੂਆਂ ਨੂੰ ਸਨਮਾਨਤ ਕੀਤਾ। ਭਾਰਤੀ ਖਿਡਾਰੀ ਵਿਰਾਟ ਕੋਹਲੀ ਨੂੰ ਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ। ਉਸ ਨੇ ਸਾਡੇ ਸੱਤ ਸੌ ਤੋਂ ਵਧੇਰੇ ਦੌੜਾਂ ਇਸ ਟੂਰਨਾਮੈਂਟ ਵਿੱਚ ਬਣਾਈਆਂ।
ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਆਪਣੀ ਟੀਮ ਨਾਲ ਖੜ੍ਹੇ ਹਾਂ। ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਹੈ। ਹਾਰ-ਜਿੱਤ ਹੁੰਦੀ ਰਹਿੰਦੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅੱਜ ਸਾਡਾ ਦਿਨ ਨਹੀਂ ਸੀ, ਅਸੀਂ ਚੰਗੀ ਖੇਡ ਦਾ ਮੁਜ਼ਾਹਰਾ ਨਹੀਂ ਕਰ ਸਕੇ। ਉਸ ਨੇ ਕਿਹਾ ਕਿ ਜਿੱਤ ਦਾ ਸਿਹਰਾ ਵਿਰੋਧੀਆਂ ਨੂੰ ਦੇਣਾ ਪਵੇਗਾ। ਆਸਟਰੇਲੀਆ ਦੀ ਟੀਮ ਅੱਜ ਬਹੁਤ ਵਧੀਆ ਖੇਡੀ।
ਉਧਰ ਆਸਟਰੇਲੀਆਈ ਟੀਮ ਦੇ ਖਿਡਾਰੀ ਮੈਚ ਜਿੱਤਣ ਬਾਅਦ ਛਾਤੀਆਂ ਥਾਪੜਦੇ ਨਜ਼ਰ ਆਏ। ਖੁਸ਼ੀ ਵਿੱਚ ਖੀਵੇ ਹੋਏ ਆਸਟਰੇਲੀਆ ਦੀ ਟੀਮ ਦੇ ਕਪਤਾਨ ਪੈਟ ਕਮਿਨਸ ਨੇ ਕਿਹਾ, ‘ਅੱਜ ਅਸੀਂ ਦੁਨੀਆਂ ਦੀ ਚੋਟੀ ‘ਤੇ ਹਾਂ। ਸਾਡੇ ਲਈ ਇਹ ਪਲ ਯਾਦਗਾਰੀ ਹਨ। ਹਰ ਟੀਮ ਮੁਕਾਬਲੇ ਵਿੱਚ ਟੂਰਨਾਮੈਂਟ ਜਿੱਤਣ ਲਈ ਆਉਂਦੀ ਹੈ। ਵਰਲਡ ਕੱਪ ਬਹੁਤੇ ਖਿਡਾਰੀਆਂ ਦੇ ਕੈਰੀਅਰ ਵਿੱਚ ਮਸਾਂ ਦੋ ਵਾਰ ਆਉਂਦਾ ਹੈ। ਇਸ ਨੂੰ ਜਿੱਤਣਾ ਕਰਿਸ਼ਮੇ ਤੋਂ ਘੱਟ ਨਹੀਂ।’
ਯਾਦ ਰਹੇ, ਮੈਚ ਤੋਂ ਇੱਕ ਦਿਨ ਪਹਿਲਾਂ ਪੈਟ ਕਮਿਨਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਸਟਰੇਲੀਆ ਦੀ ਟੀਮ ਫਾਈਨਲ ਦਾ ਮਾਨਸਿਕ ਦਬਾਅ ਝੱਲਣ ਲਈ ਤਿਆਰ ਹੈ। ਉਸ ਨੇ ਮੈਚ ਵਿੱਚ ਵੀ ਆਪਣੀ ਟੀਮ ਦੀ ਮਿਸਾਲੀ ਅਗਵਾਈ ਕੀਤੀ। ਇਸ ਤੋਂ ਪਤਾ ਲਗਦਾ ਹੈ ਕਿ ਮਹੱਤਵਪੂਰਨ ਅੰਤਰਾਸ਼ਟਰੀ ਮੁਕਾਬਲੇ ਸਰੀਰਕ ਨਾਲੋਂ ਵੱਧ ਮਾਨਸਿਕ ਪੱਧਰ ‘ਤੇ ਖੇਡੇ ਜਾਂਦੇ ਹਨ। ਮਾਨਸਿਕ ਜੰਗ ਵਿੱਚ ਹੀ ਅਸਲ ਵਿੱਚ ਆਸਟਰੇਲੀਆ ਨੇ ਇਹ ਮੁਕਾਬਲਾ ਜਿੱਤਿਆ।