ਉੱਡਣਾ ਬਾਜ਼ ਗੁਰਬਚਨ ਸਿੰਘ ਰੰਧਾਵਾ

Uncategorized

ਖਿਡਾਰੀ ਪੰਜ-ਆਬ ਦੇ (5)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਕਾਲਮ ਵਿੱਚ ਲੇਖਕ ਨੇ ਆਪਣੀ ਗੱਲਬਾਤ, ਪਹਿਰਾਵੇ ਅਤੇ ਵਰਤਾਓ ਵਿੱਚ ਮਝੈਲਾਂ ਆਲੀ ਰੜਕ, ਬੜ੍ਹਕ ਤੇ ਮੜ੍ਹਕ ਰੱਖਣ ਵਾਲੇ ਉੱਡਣੇ ਬਾਜ਼ ਗੁਰਬਚਨ ਸਿੰਘ ਰੰਧਾਵਾ ਦਾ ਕਿੱਸਾ ਛੋਹਿਆ ਹੈ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਗੁਰਬਚਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਦੀ ਪੱਗ ਦਾ ਸਿਖਰਲਾ ਲੜ ਹੈ, ਜੋ ਏਸ਼ੀਆ ਦਾ ਬੈਸਟ ਅਥਲੀਟ, ਰਾਸ਼ਟਰਮੰਡਲ ਦਾ ਰਿਕਾਰਡ ਹੋਲਡਰ ਅਤੇ ਓਲੰਪਿਕ ਖੇਡਾਂ ਦੀ ਫਾਈਨਲ ਹਰਡਲ ਦੌੜ ਭੱਜਣ ਵਾਲਾ ਪਹਿਲਾ ਏਸ਼ੀਅਨ ਹੈ। ਓਲੰਪਿਕ ਖੇਡਾਂ ਵਿੱਚ ਉਹ ਪੰਜਵੇਂ ਨੰਬਰ ’ਤੇ ਰਿਹਾ, ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ, ਭਾਰਤ ਵਿੱਚ ਦੋ ਦਿਨਾਂ ਅੰਦਰ ਚਾਰ ਕੌਮੀ ਰਿਕਾਰਡ ਬਣਾਏ ਅਤੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਲਗਾਤਾਰ ਛੇ ਸਾਲ ਹੋਮ ਮਨਿਸਟਰ ਮੈਡਲ ਜਿੱਤਿਆ। ਟਰੈਕ ਤੇ ਫੀਲਡ ਈਵੈਂਟਾਂ ਦਾ ਸ਼ਾਹ ਅਸਵਾਰ ਇਹ ਅਥਲੀਟ ਦੇਸ਼ ਦਾ ਪਹਿਲਾ ਅਥਲੀਟ ਹੈ, ਜਿਸ ਨੂੰ ਅਰਜੁਨਾ ਐਵਾਰਡ ਮਿਲਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਦੇਸ਼ ਦਾ ਸਰਵਉੱਚ ਚੌਥਾ ਨਾਗਰਿਕ ਸਨਮਾਨ ਪਦਮਸ਼੍ਰੀ ਅਤੇ ਪੰਜਾਬ ਸਰਕਾਰ ਨੇ ਖੇਡਾਂ ਦੇ ਸਭ ਤੋਂ ਵੱਡੇ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਤ ਕੀਤਾ। ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਨਿਭਾਉਣ ਬਦਲੇ ਉਸ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੇਡਾਂ ਦੇ ਖੇਤਰ ਵਿੱਚ ਸਭ ਤੋਂ ਵੱਡਾ ਪੁਰਸਕਾਰ ਮਾਕਾ ਟਰਾਫੀ ਜਿਤਾਉਣ ਬਦਲੇ ਪੀਐਚ.ਡੀ. ਤੇ ਫੈਲੋਸ਼ਿਪ ਦੀ ਡਿਗਰੀ ਮਿਲੀ।
ਗੁਰਬਚਨ ਸਿੰਘ ਰੰਧਾਵਾ ਹਰਡਲਾਂ ਦੌੜ ਕੇ ਨਹੀਂ, ਉੱਡ ਕੇ ਹੀ ਪਾਰ ਕਰਦਾ ਸੀ। ਖੇਡ ਪ੍ਰਾਪਤੀਆਂ ਵਿੱਚ ਉਹ ਜੇ ਮਿਲਖਾ ਸਿੰਘ ਤੋਂ ਉਪਰ ਨਹੀਂ ਤਾਂ ਘੱਟ ਵੀ ਨਹੀਂ ਹਨ। ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਮਿਲਖਾ ਸਿੰਘ ਜਿੰਨੀ ਪ੍ਰਸਿੱਧੀ ਨਹੀਂ ਮਿਲੀ। ਇਸੇ ਰੰਜ ਦੇ ਚੱਲਦਿਆਂ ਇਕੇਰਾਂ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਦੌਰਾਨ ਪ੍ਰਸਿੱਧ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਹੁਰਾਂ ਨੇ ਮੈਨੂੰ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਲਿਖਣ ਲਈ ਆਖਿਆ। ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਲਾਕਡਾਊਨ ਸਮੇਂ ਮੈਂ ਉਨ੍ਹਾਂ ਦੀ 300 ਪੰਨਿਆਂ ਦੀ ਜੀਵਨੀ ਲਿਖੀ ਅਤੇ ਜਦੋਂ ਟਾਈਟਲ ਰੱਖਣ ਦੀ ਵਾਰੀ ਆਈ ਤਾਂ ‘ਉੱਡਣਾ ਬਾਜ਼’ ਤੋਂ ਢੁੱਕਵਾਂ ਨਾਮ ਨਹੀਂ ਮਿਲਿਆ। 14 ਨਵੰਬਰ 2021 ਨੂੰ ਚੰਡੀਗੜ੍ਹ ਵਿਖੇ ਰਿਲੀਜ਼ ਕੀਤੀ ਗਈ ‘ਉੱਡਣਾ ਬਾਜ਼’ ਨੂੰ ਖੇਡ ਤੇ ਸਾਹਿਤ ਜਗਤ ਤੋਂ ਭਰਵਾਂ ਹੁੰਗਾਰਾ ਮਿਲਿਆ।
ਗੁਰਬਚਨ ਸਿੰਘ ਰੰਧਾਵਾ ਦਾ ਜਨਮ 6 ਜੂਨ 1939 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ (ਨੇੜੇ ਚੌਕ ਮਹਿਤਾ) ਵਿਖੇ ਸ. ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਮਾਤਾ ਧਨਵੰਤ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਸ. ਟਹਿਲ ਸਿੰਘ ਰੰਧਾਵਾ ਆਪਣੇ ਸਮੇਂ ਦੇ ਪ੍ਰਸਿੱਧ ਅਥਲੀਟ ਸਨ। ਖਾਲਸਾ ਕਾਲਜ ਵਿੱਚ ਪੜ੍ਹਦਿਆਂ ਗੁਰਬਚਨ ਸਿੰਘ ਨੇ ਆਪਣੇ ਪਿਤਾ ਦਾ ਪੁਰਾਣਾ ਰਿਕਾਰਡ ਤੋੜਿਆ। ਵੱਡਾ ਭਰਾ ਹਰਭਜਨ ਸਿੰਘ ਰੰਧਾਵਾ ਐਨ.ਆਈ.ਐਸ. ਪਟਿਆਲਾ ਤੋਂ ਚੀਫ ਕੋਚ ਰਿਟਾਇਰ ਹੋਇਆ। ਛੋਟਾ ਭਰਾ ਜਗਦੇਵ ਸਿੰਘ ਪੋਲਵਾਲਟ ਤੇ ਵਾਲੀਬਾਲ ਦਾ ਖਿਡਾਰੀ ਰਿਹਾ, ਜਿਸ ਨੇ ਅੱਗੇ ਜਾ ਕੇ ਪਿੰਡ ਦੀ ਸਰਪੰਚੀ ਵੀ ਕੀਤੀ। ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਵੀ ਡਿਸਕਸ ਥਰੋਅ ਤੇ ਸ਼ਾਟਪੁੱਟ ਵਿੱਚ ਕੌਮੀ ਪੱਧਰ ਦੀ ਅਥਲੀਟ ਰਹੀ ਹੈ। ਜਸਵਿੰਦਰ ਕੌਰ ਦੇ ਦੋਵੇਂ ਭਰਾ ਬਲਰਾਜ ਸੰਧੂ ਤੇ ਜਸਕਰਨ ਸੰਧੂ ਵੀ ਅਥਲੀਟ ਰਹੇ, ਜਦੋਂ ਕਿ ਪਿਤਾ ਕਰਮ ਸਿੰਘ ਸੰਧੂ ਤੈਰਾਕੀ ਅਤੇ ਦਾਦਾ ਕੁਸ਼ਤੀ ਖੇਡਦੇ ਰਹੇ। ਗੁਰਬਚਨ ਸਿੰਘ ਰੰਧਾਵਾ ਤੇ ਜਸਵਿੰਦਰ ਕੌਰ ਦਾ ਪੁੱਤਰ ਰਣਜੀਤ ਸਿੰਘ ਰੰਧਾਵਾ ਵੀ 110 ਮੀਟਰ ਹਰਡਲਜ਼ ਦੌੜਦਾ ਰਿਹਾ, ਜੋ ਕੰਪਿਊਟਰ ਸਾਇੰਸ ਤੇ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਸੈੱਟ ਹੋ ਗਿਆ ਸੀ।
1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਪਹਿਲਾਂ ਉਹ ਮੋਢੇ ਤੇ ਕੂਹਣੀ ਦੀ ਸੱਟ ਤੋਂ ਬਹੁਤ ਪ੍ਰੇਸ਼ਾਨ ਸੀ। ਕੋਚ ਜੋਗਿੰਦਰ ਸਿੰਘ ਸੈਣੀ ਦੀ ਹੱਲਾਸ਼ੇਰੀ ਨਾਲ ਉਸ ਨੇ ਡਿਕੈਥਲਨ ਜਿੱਤ ਕੇ ਏਸ਼ਿਆਈ ਖੇਡਾਂ ਦੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਜਕਾਰਤਾ ਤੋਂ ਵਾਪਸ ਆ ਕੇ ਗੁਰਬਚਨ ਨੇ ਮੋਢੇ ਦੀਆਂ ਸੱਟਾਂ ਕਾਰਨ ਥਰੋਅ ਈਵੈਂਟ ਛੱਡਣ ਦਾ ਮਨ ਬਣਾਇਆ, ਜਿਸ ਕਰਕੇ ਉਸ ਨੇ ਡਿਕੈਥਲਨ ਦੀ ਬਜਾਏ ਸਿਰਫ 110 ਮੀਟਰ ਹਰਡਲਜ਼ ਦੌੜ ਨੂੰ ਹੀ ਅਪਨਾਉਣ ਦਾ ਮਨ ਬਣਾ ਲਿਆ। 1964 ਦੀਆਂ ਟੋਕੀਓ ਓਲੰਪਿਕਸ ਤੋਂ ਪਹਿਲਾਂ ਉਸ ਨੇ ਯੂਰਪ ਦੇ ਦੌਰੇ ਉਤੇ 9 ਵਿੱਚੋਂ 8 ਮੀਟਾਂ ਜਿੱਤੀਆਂ।
ਟੋਕੀਓ ਓਲੰਪਿਕਸ ਵਿੱਚ ਉਹ ਭਾਰਤੀ ਟੀਮ ਦਾ ਕਪਤਾਨ ਅਤੇ ਉਦਘਾਟਨੀ ਸਮਾਰੋਹ ਵਿੱਚ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਸੈਮੀ ਫਾਈਨਲ ਲਈ ਉਹ ਜਦ ਕੁਆਲੀਫਾਈ ਹੋਇਆ ਤਾਂ ਪਾਕਿਸਤਾਨ ਦੇ ਗੁਲਾਮ ਰਾਜ਼ਿਕ ਨੇ ਗੁਰਬਚਨ ਕੋਲ ਆ ਕੇ ਤੰਜ ਕੱਸਦਿਆਂ ਕਿਹਾ, “ਸੈਮੀ ਫਾਈਨਲ ਵਿੱਚ ਤਾਂ ਔਖਾ ਸੌਖਾ ਪਹੁੰਚ ਗਿਆ, ਪਰ ਉਥੇ ਫਾਡੀ ਆਵੇਗਾ।” ਸੈਮੀ ਫਾਈਨਲ ਦੌੜ ਵਾਲੇ ਦਿਨ ਹੱਡ ਚੀਰਵੀਂ ਠੰਡ ਵਿੱਚ ਗੁਰਬਚਨ ਨੇ ਆਪਣੇ ਖੇਡ ਜੀਵਨ ਦਾ ਬਿਹਤਰ ਸਮਾਂ 14 ਸਕਿੰਟ ਕੱਢਦਿਆਂ ਦੂਜੇ ਨੰਬਰ ’ਤੇ ਆ ਕੇ ਫਾਈਨਲ ਦੀ ਟਿਕਟ ਕਟਾਈ। ਓਲੰਪਿਕਸ ਇਤਿਹਾਸ ਵਿੱਚ ਇਸ ਈਵੈਂਟ ਦੇ ਫਾਈਨਲ ਵਿੱਚ ਪੁੱਜਣ ਵਾਲਾ ਉਹ ਏਸ਼ੀਆ ਦਾ ਪਹਿਲਾ ਅਥਲੀਟ ਸੀ। ਉਸ ਨੇ ਕੌਮੀ, ਏਸ਼ੀਆ ਅਤੇ ਰਾਸ਼ਟਰਮੰਡਲ- ਤਿੰਨੋਂ ਖੇਡਾਂ ਦਾ ਰਿਕਾਰਡ ਬਣਾਇਆ। ਫਾਈਨਲ ਦੋ ਘੰਟਿਆਂ ਬਾਅਦ ਹੀ ਸੀ ਅਤੇ ਉਸ ਕੋਲ ਇੱਕੋ ਹੀ ਬੂਟ, ਬੁਣੈਨ, ਨਿੱਕਰ ਤੇ ਜ਼ੁਰਾਬਾਂ ਦਾ ਜੋੜਾ ਸੀ, ਜੋ ਮੀਂਹ ਕਾਰਨ ਬੁਰੀ ਤਰ੍ਹਾਂ ਭਿੱਜ ਗਿਆ ਸੀ। ਗੁਰਬਚਨ ਨੂੰ ਤੰਜ ਕੱਸਣ ਵਾਲਾ ਪਾਕਿਸਤਾਨੀ ਅਥਲੀਟ ਰਾਜ਼ਿਕ ਨੇ ਨਾ ਸਿਰਫ ਸ਼ਾਬਾਸ਼ੀ ਦਿੱਤੀ, ਸਗੋਂ ਮਾਲਸ਼ ਕਰਕੇ ਉਸ ਨੂੰ ਫਾਈਨਲ ਲਈ ਤਿਆਰ ਵੀ ਕੀਤਾ। ਫਾਈਨਲ ਵਿੱਚ ਉਹ ਸੱਤਵੇਂ ਨੰਬਰ ਉਤੇ ਸੀ। ਆਖਰ ਵਿੱਚ ਮਾਰੇ ਹੰਭਲੇ ਨੇ ਉਸ ਨੂੰ ਪੰਜਵੇਂ ਨੰਬਰ ’ਤੇ ਲੈ ਆਂਦਾ ਅਤੇ ਸਮਾਂ ਉਹੀ ਸੈਮੀ ਫਾਈਨਲ ਵਾਲਾ 14 ਸਕਿੰਟ ਕੱਢਿਆ।
ਗੁਰਬਚਨ ਸਿੰਘ ਰੰਧਾਵਾ ਨੇ ਔਖੀਆਂ ਹਾਲਤਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ। 1964 ਵਿੱਚ ਜਲੰਧਰ ਵਿਖੇ ਭਾਰਤ-ਜਰਮਨੀ ਅਥਲੈਟਿਕਸ ਮੀਟ ਦਾ ਮੁਕਾਬਲਾ ਸੀ। ਉਸ ਦੇ ਪੈਰ ਦਾ ਛਾਲਾ ਫੁੱਟਣ ਕਰਕੇ ਬੂਟ ਵੀ ਨਹੀਂ ਪਾਏ ਜਾ ਰਹੇ ਸਨ। ਜਲੰਧਰ ਵਿਖੇ ਮੁਕਾਬਲਾ ਦੇਖਣ ਲਈ ਉਸ ਦੇ ਪਿੰਡ ਨੰਗਲੀ ਤੋਂ ਵੱਡੇ ਭਰਾ ਅਤੇ ਪਿੰਡ ਵਾਸੀ ਆਏ ਹੋਏ ਸਨ। ਪਿੰਡ ਵਾਲਿਆਂ ਦੀ ਲਾਜ ਰੱਖਣ ਲਈ ਉਹ ਔਖਾ-ਸੌਖਾ ਬੂਟ ਪਾ ਕੇ ਟਰੈਕ ਉਤੇ ਉਤਰ ਆਇਆ। ਟਰੈਕ ਉਤੇ ਉਹ ਫੇਰ ਵਾਵਰੋਲਾ ਬਣ ਕੇ ਦੌੜਿਆ ਅਤੇ ਓਲੰਪਿਕਸ ਤੋਂ ਬਾਅਦ ਦੂਜੀ ਵਾਰ 14 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਦਾ ਤਮਗਾ ਜਿੱਤਿਆ।
ਤ੍ਰਿਵੇਂਦਰਮ ਵਿਖੇ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਸ ਨੇ ਸਖਤ ਬਿਮਾਰ ਹੋਣ ਦੇ ਬਾਵਜੂਦ 110 ਮੀਟਰ ਹਰਡਲ ਤੇ ਲੰਬੀ ਛਾਲ ਦਾ ਮੀਟ ਰਿਕਾਰਡ ਬਣਾਇਆ। ਡਿਕੈਥਲਨ ਦੇ ਨਾਲ ਬੈਸਟ ਅਥਲੀਟ ਦਾ ਖਿਤਾਬ ਵੀ ਜਿੱਤਿਆ। ਜਬਲਪੁਰ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਉਸ ਨੂੰ ਉਲਟੀਆਂ ਲੱਗ ਗਈਆਂ। ਉਸ ਨੇ ਫੇਰ ਵੀ 9 ਈਵੈਂਟਾਂ ਬਾਅਦ ਹੀ ਡਿਕੈਥਲਨ ਦਾ ਨਵਾਂ ਰਿਕਾਰਡ ਬਣਾ ਦਿੱਤਾ।
ਸੀ.ਆਰ.ਪੀ.ਐਫ. ਵੱਲੋਂ ਖੇਡਦਿਆਂ ਜਿੱਥੇ ਉਹ ਛੇ ਸਾਲ ਬੈਸਟ ਅਥਲੀਟ ਰਿਹਾ, ਉਥੇ ਉਸ ਨੂੰ ਇਸ ਨੌਕਰੀ ਕਾਰਨ ਕਈ ਕੁਰਬਾਨੀਆਂ ਕਰਨੀਆਂ ਪਈਆਂ। ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕਮਾਈ ਛੁੱਟੀ ਲੈਣੀ ਪੈਂਦੀ ਸੀ। ਉਸ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ ਸੀ। 1972 ਵਿੱਚ ਬੀ.ਐਸ.ਐਫ. ਪਹਿਲੀ ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਚੈਂਪੀਅਨ ਬਣੀ, ਜਿਸ ਲਈ ਗੁਰਬਚਨ ਨੇ 110 ਮੀਟਰ ਹਰਡਲ ਦੌੜ ਵਿੱਚ ਲੰਬੇ ਸਮੇਂ ਬਾਅਦ ਵਾਪਸੀ ਕਰਦਿਆਂ ਦੌੜ ਜਿੱਤੀ। 1973 ਤੇ 1974 ਵਿੱਚ ਫੇਰ ਜਿੱਤ ਕੇ ਸੀ.ਆਰ.ਪੀ.ਐਫ. ਨੇ ਹੈਟਟ੍ਰਿਕ ਜੜੀ। ਉਸ ਨੂੰ ਪ੍ਰੋਮੋਸ਼ਨ ਲਈ ਲਗਾਤਾਰ ਸੱਤ ਸਾਲ ਅਣਗੌਲੀ ਰੱਖੀਆ। 1974 ਵਿੱਚ ਉਹ ਕਮਾਂਡੈਂਟ ਦੀ ਪ੍ਰੋਮੋਸ਼ਨ ਲਈ ਯੋਗ ਸੀ, ਜੋ ਕਿ 1982 ਵਿੱਚ ਮਿਲੀ; ਉਹ ਵੀ ਪੂਰਾ ਟਿੱਲ ਲਾ ਕੇ।
ਕੋਚਿੰਗ ਵਿੱਚ ਵੀ ਗੁਰਬਚਨ ਸਿੰਘ ਨੇ ਨਾਮਣਾ ਖੱਟਿਆ। ਉਸ ਦੇ ਸ਼ਾਗਿਰਦ ਪਰਵੀਨ ਜੌਲੀ ਨੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ 110 ਮੀਟਰ ਹਰਡਲ ਵਿੱਚ ਕਾਂਸੀ ਦਾ ਤਮਗਾ ਵੀ ਜਿੱਤਿਆ। 2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ, ਜੋ ਸ. ਰੰਧਾਵਾ ਦੇ ਜਮਾਤੀ ਸਨ, ਨੇ ਉਸ ਨੂੰ ਖੇਡ ਸਲਾਹਕਾਰ ਲਾ ਲਿਆ। ਉਦੋਂ ਤੱਕ ਪੰਜਾਬੀ ਯੂਨੀਵਰਸਿਟੀ ਨੇ ਕਦੇ ਵੀ ਮੌਲਾਨਾ ਅਬਦੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਨਹੀਂ ਜਿੱਤੀ ਸੀ। ਸ. ਰੰਧਾਵਾ ਦੀ ਯੋਜਨਾਬੰਦੀ ਕੰਮ ਲਿਆਈ ਅਤੇ ਪੰਜਾਬੀ ਯੂਨੀਵਰਸਿਟੀ ਨੇ ਪਹਿਲੀ ਵਾਰ ਮਾਕਾ ਟਰਾਫੀ ਜਿੱਤੀ ਤੇ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨਿਰੰਤਰ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਬਣੀ ਹੋਈ ਹੈ। ਉਹ ਭਾਰਤੀ ਅਥਲੈਟਿਕਸ ਟੀਮ ਦੇ ਲੰਬਾ ਸਮਾਂ ਚੋਣਕਾਰ, ਖੇਡ ਐਵਾਰਡ ਕਮੇਟੀ ਦੇ ਮੈਂਬਰ ਅਤੇ ਡੋਪਿੰਗ ਕੇਸਾਂ ਸਬੰਧੀ ਬਣਨ ਵਾਲੇ ਜਿਊਰੀ ਪੈਨਲਾਂ ਦੇ ਵੀ ਮੈਂਬਰ ਰਹੇ।
ਗੁਰਬਚਨ ਸਿੰਘ ਰੰਧਾਵਾ ਦੀ ਸੰਖੇਪ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰੀਰਕ ਸਿੱਖਿਆ ਦੇ ਵਿਦਿਆਰਥੀਆਂ ਲਈ ਦਸਵੀਂ ਕਲਾਸ ਦੇ ਸਿਲੇਬਸ ਵਿੱਚ ਸ਼ਾਮਲ ਕੀਤੀ ਗਈ ਹੈ। ਅੱਜ ਵੀ 84 ਵਰਿ੍ਹਆਂ ਦੀ ਉਮਰੇ ਗੁਰਬਚਨ ਸਿੰਘ ਰੰਧਾਵਾ ਸਰਗਰਮੀ ਨਾਲ ਵਿਚਰਦੇ ਹਨ ਅਤੇ ਮੋਬਾਈਲ ਉਤੇ ਜਵਾਬੀ ਸੁਨੇਹਾ ਭੇਜਣ ਵਿੱਚ ਹਰਡਲਾਂ ਪਾਰ ਕਰਨ ਜਿੰਨੇ ਫੁਰਤੀਲੇ ਹਨ। ਜੇਕਰ ਸੁਨੇਹਾ ਦੇਰੀ ਨਾਲ ਭੇਜੀਏ ਤਾਂ ਉਨ੍ਹਾਂ ਦੇ ਸੰਦੇਸ਼ ਵਿੱਚ ਵੀ ਗੁੱਸਾ ਹੁੰਦਾ ਹੈ। ਉਨ੍ਹਾਂ ਦੀ ਗੱਲਬਾਤ, ਪਹਿਰਾਵੇ ਅਤੇ ਵਰਤਾਓ ਵਿੱਚ ਮਝੈਲਾਂ ਆਲੀ ਰੜਕ, ਬੜ੍ਹਕ ਤੇ ਮੜ੍ਹਕ ਹੈ।

Leave a Reply

Your email address will not be published. Required fields are marked *