ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ

Uncategorized

ਹਰਜੋਤ ਸਿੰਘ ਸਿੱਧੂ*
ਫੋਨ: +91-9854800075
ਲਾਹੌਰ ਸੈਂਟਰਲ ਜੇਲ੍ਹ (ਜਿਸ ਨੂੰ ਕੋਟ ਲੱਖਪਤ ਜੇਲ੍ਹ ਵੀ ਕਿਹਾ ਜਾਂਦਾ ਸੀ) ਦੀਆਂ ਚਾਰ ਦੀਵਾਰਾਂ `ਚ ਚੜ੍ਹਦੀ ਉਮਰੇ ਸੈਂਕੜੇ ਵਤਨਪ੍ਰਸਤਾਂ ਨੇ ਸ਼ਾਹਦਤਾਂ ਦਿੱਤੀਆਂ। ਅੱਜ ਤੋਂ 108 ਸਾਲ ਪਹਿਲਾਂ ਇੱਕ 19 ਸਾਲਾ ਪੰਜਾਬ ਦੇ ਨੌਜਵਾਨ ਨੇ ਇਸੇ ਜੇਲ੍ਹ `ਚ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਉਸ ਦਾ ਉਦੇਸ਼ ਇੱਕੋ ਸੀ- ‘ਆਪਣੀ ਧਰਤੀ ਨੂੰ ਗੋਰਿਆਂ ਦੀ ਹਕੂਮਤ ਤੋਂ ਆਜ਼ਾਦ ਕਰਵਾਉਣਾ।’

ਭਗਤ ਸਿੰਘ ਵੀ ਉਸ ਨੌਜਵਾਨ ਤੋਂ ਬਹੁਤ ਪ੍ਰਭਾਵਤ ਸਨ ਅਤੇ ਉਸ ਨੌਜਵਾਨ ਨੂੰ ਆਪਣਾ ਹੀਰੋ/ਨਾਇਕ ਮੰਨਦੇ ਸਨ। ਭਗਤ ਸਿੰਘ ਹਮੇਸ਼ਾ ਆਪਣੀ ਜੇਬ ‘ਚ ਇਸ ਨੌਜਵਾਨ ਦੀ ਫ਼ੋਟੋ ਰੱਖਦੇ। ਭਗਤ ਸਿੰਘ ਦੇ ਮਾਤਾ ਜੀ ਦੇ ਦੱਸਣ ਅਨੁਸਾਰ “ਬਹੁਤ ਵਾਰੀ ਭਗਤ ਸਿੰਘ ਮੈਨੂੰ ਉਹ ਫੋਟੋ ਦਿਖਾਉਂਦਾ ਅਤੇ ਕਹਿੰਦਾ, ‘ਪਿਆਰੀ ਮਾਂ, ਇਹ ਮੇਰਾ ਨਾਇਕ, ਦੋਸਤ ਅਤੇ ਸਾਥੀ ਹੈ।” ਜਦੋਂ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੀ ਜੇਬ ਵਿੱਚੋਂ ਕਰਤਾਰ ਸਿੰਘ ਦੀ ਫ਼ੋਟੋ ਮਿਲੀ।
ਜਦ ਆਪਾਂ ਲੁਧਿਆਣਾ ਤੋਂ ਪੱਖੋਵਾਲ ਰੋਡ `ਤੇ ਸਫ਼ਰ ਕਰਦੇ ਹਾਂ ਤਾਂ ਇਸ ਮਹਾਨ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਦਾ ਪਿੰਡ ‘ਸਰਾਭਾ’ ਆਉਂਦਾ ਹੈ। ਪੰਜਾਬ ਦੇ ਕਰੀਬ ਕਰੀਬ ਹਰ ਪਿੰਡ ਦਾ ਨਾਮ ਸ਼ਹਾਦਤਾਂ ਅਤੇ ਸ਼ਹੀਦਾਂ ਨਾਲ਼ ਜੁੜਿਆ ਹੋਇਆ ਹੈ। ਪੰਜਾਬ ਦੇ ਪਿੰਡਾਂ ਦੇ ਨਾਂਵਾਂ `ਚੋ ਵਤਨਪ੍ਰਸਤੀ, ਦਲੇਰੀ, ਦੇਸ਼ ਭਗਤੀ, ਦ੍ਰਿੜਤਾ ਦੀ ਝਲਕ ਆਉਂਦੀ ਹੈ। ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਮੈਂਬਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸਨ। ਪੰਜਾਬ ਦੇ ਪਿੰਡ ਭਕਨਾ ਤੋਂ ਸੋਹਣ ਸਿੰਘ ਭਕਨਾ, ਸੁਨਾਮ ਤੋਂ ਊਧਮ ਸਿੰਘ, ਜ਼ਿਲਾ ਸੰਗਰੂਰ ਤੋਂ ਗੁਲਾਬ ਕੌਰ, ਹੁਸ਼ਿਆਰਪੁਰ ਤੋਂ ਹਰਨਾਮ ਸਿੰਘ ‘ਟੁੰਡੀਲਾਟ’, ਕੇਸਰ ਸਿੰਘ, ਬਾਬਾ ਜਵਾਲਾ ਸਿੰਘ, ਲਾਲਾ ਹਰਦਿਆਲ ਅਤੇ ਹੋਰ ਬਹੁਤ ਕ੍ਰਾਂਤੀਕਾਰੀ ਇਸ ਮੁਹਿੰਮ ਵਿੱਚ ਸ਼ਾਮਿਲ ਸਨ।
ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਗਰੇਵਾਲ ਦੇ ਘਰ ਹੋਇਆ। ਕਰਤਾਰ ਸਿੰਘ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤਾ, ਕਿਉਂਕਿ ਉਨ੍ਹਾਂ ਦੇ ਪਿਤਾ ਬਚਪਨ ‘ਚ ਅਕਾਲ ਚਲਾਣਾ ਕਰ ਗਏ ਸਨ।
ਜਦੋਂ ਉਹ ਪੰਦਰਾਂ ਸਾਲਾਂ ਦਾ ਸੀ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਸਨੂੰ ਕੰਮ ਅਤੇ ਪੜ੍ਹਾਈ ਕਰਨ ਲਈ ਅਮਰੀਕਾ ਇੱਕ ਜਹਾਜ਼ ਰਾਹੀਂ ਭੇਜਿਆ। ਇਹ ਜਹਾਜ਼ ਜਨਵਰੀ 1912 ਵਿਚ ਸੈਨ ਫਰਾਂਸਿਸਕੋ ਦੀ ਅਮਰੀਕੀ ਬੰਦਰਗਾਹ ‘ਤੇ ਉਤਰਿਆ। ਉਸ ਸਮੇਂ ਏਸ਼ੀਅਨ ਪਰਵਾਸੀਆਂ ਦੀ ਸਖ਼ਤ ਪੁੱਛਗਿੱਛ ਕੀਤੀ ਜਾਂਦੀ ਸੀ, ਜਦਕਿ ਪੱਛਮੀ ਯੂਰਪੀਅਨ ਦੇਸ਼ਾਂ ਦੇ ਲੋਕਾਂ ਨੂੰ ਮਾਮੂਲੀ ਜਾਂਚ ਤੋਂ ਬਾਅਦ ਲੰਘਣ ਦਿੱਤਾ ਜਾਂਦਾ ਸੀ। ਆਪਣੇ ਇੱਕ ਸਾਥੀ ਮੁਸਾਫਰ ਤੋਂ ਇਹ ਪੁੱਛਣ ‘ਤੇ ਕਿ ਅਜਿਹਾ ਕਿਉਂ ਹੋ ਰਿਹਾ ਹੈ, ਉਸ ਨੂੰ ਕਿਹਾ ਗਿਆ, “ਭਾਰਤੀ ਇੱਕ ਗੁਲਾਮ ਦੇਸ਼ ਦੇ ਨਾਗਰਿਕ ਹਨ। ਇਸ ਲਈ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ।”
ਇਸ ਘਟਨਾ ਦਾ ਸਰਾਭਾ ‘ਤੇ ਬਹੁਤ ਪ੍ਰਭਾਵ ਪਿਆ। ਅਮਰੀਕਾ `ਚ ਉਨ੍ਹਾਂ ਦਿਨਾਂ `ਚ ਨਸਲੀ ਭੇਦਭਾਵ ਦੇ ਵਿਰੁੱਧ ਬਾਬਾ ਸੋਹਣ ਸਿੰਘ ਬਕਨਾ, ਹਰਨਾਮ ਸਿੰਘ ਟੁੰਡੀਲਾਟ ਅਤੇ ਹੋਰ ਸਾਥੀ ਭਾਰਤੀ ਮਜ਼ਦੂਰਾਂ ਨੂੰ ਸੰਗਠਿਤ ਕਰਨ `ਚ ਲੱਗੇ ਹੋਏ ਸਨ। ਜਵਾਲਾ ਸਿੰਘ ਦੀ ਪ੍ਰੇਰਨਾ ਸਦਕਾ ਕਰਤਾਰ ਸਿੰਘ ਨੇ ਬਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਜਦੋਂ ਸਮਾਂ ਮਿਲਦਾ, ਉਹ ਅਕਸਰ ਭਾਰਤ ਲਈ ਆਜ਼ਾਦੀ ਜਿੱਤਣ ਬਾਰੇ ਹੋਰ ਭਾਰਤੀਆਂ ਨਾਲ ਗੱਲ ਕਰਦਾ।
21 ਅਪਰੈਲ 1913 ਨੂੰ ਕੈਲੀਫੋਰਨੀਆ ਦੇ ਭਾਰਤੀ ਇਕੱਠੇ ਹੋਏ ਅਤੇ ਗਦਰ ਪਾਰਟੀ ਦਾ ਗਠਨ ਕੀਤਾ। ਗ਼ਦਰ ਪਾਰਟੀ ਦਾ ਉਦੇਸ਼ ਹਥਿਆਰਬੰਦ ਸੰਘਰਸ਼ ਰਾਹੀਂ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਅਤੇ ਭਾਰਤ ਵਿੱਚ ਇੱਕ ਰਾਸ਼ਟਰੀ ਲੋਕਤੰਤਰੀ ਸਰਕਾਰ ਦੀ ਸਥਾਪਨਾ ਕਰਨਾ ਸੀ। ਉਨ੍ਹਾਂ ਦਾ ਨਾਅਰਾ ਸੀ- “ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਦਾਅ ‘ਤੇ ਲਗਾਓ।”
ਪਹਿਲੀ ਨਵੰਬਰ 1913 ਨੂੰ ਗ਼ਦਰ ਪਾਰਟੀ ਨੇ ‘ਗ਼ਦਰ’ ਨਾਂ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਜੋ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪੁਸ਼ਤੋ ਭਾਸ਼ਾਵਾਂ ਵਿੱਚ ਛਪਦਾ ਸੀ। ਇਸ ਅਖ਼ਬਾਰ ਦਾ ਸਾਰਾ ਕੰਮ ਕਰਤਾਰ ਸਿੰਘ ਦੇਖਦੇ ਸਨ। ਇਹ ਅਖਬਾਰ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਭੇਜਿਆ ਜਾਂਦਾ ਸੀ। ਇਸਦਾ ਉਦੇਸ਼ ਭਾਰਤੀਆਂ ਨੂੰ ਬ੍ਰਿਟਿਸ਼ ਸ਼ਾਸਨ ਦੀ ਸੱਚਾਈ ਨੂੰ ਉਜਾਗਰ ਕਰਨਾ, ਫੌਜੀ ਸਿਖਲਾਈ ਦੇਣਾ, ਪਾਰਟੀ `ਚ ਭਰਤੀ ਆਦਿ ਸੀ। ਥੋੜ੍ਹੇ ਹੀ ਸਮੇਂ ਵਿੱਚ ਗ਼ਦਰ ਪਾਰਟੀ ਆਪਣੇ ਅੰਗ ‘ਗਦਰ’ ਰਾਹੀਂ ਬਹੁਤ ਮਸ਼ਹੂਰ ਹੋ ਗਈ। ਇਸਨੇ ਹਰ ਖੇਤਰ ਦੇ ਭਾਰਤੀਆਂ ਨੂੰ ਆਪਣੇ ਵੱਲ ਖਿੱਚਿਆ। 1914 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਇਸ ਮੌਕੇ ਦਾ ਪੂਰਾ ਲਾਭ ਉਠਾਉਣ ਲਈ ਗਦਰ ਪਾਰਟੀ ਨੇ ਆਪਣੀ ਸਰਗਰਮਤਾ ਵਧਾਈ। ਸਰਾਭਾ ਤੇ ਹੋਰ ਸਾਥੀ ਕੋਲੰਬੋ ਰਾਹੀਂ ਕਲਕੱਤਾ ਪਹੁੰਚੇ। ਕਰਤਾਰ ਸਿੰਘ ਨੇ ਮਿਲਣੀ ਦੌਰਾਨ ਰਾਸ ਬਿਹਾਰੀ ਬੋਸ ਨੂੰ ਦੱਸਿਆ ਕਿ 20,000 ਹੋਰ ਗਦਰ ਕਾਰਜਕਰਤਾ ਭਾਰਤ ਪਹੁੰਚ ਸਕਦੇ ਹਨ। ਸਰਕਾਰ ਵੱਖੋ-ਵੱਖਰੀਆਂ ਬੰਦਰਗਾਵਾਂ ਤੇ ਪਾਰਟੀ ਕਾਰਜਕਰਤਾਵਾਂ ਨੂੰ ਗ੍ਰਿਫ਼ਤਾਰ ਕਰ ਰਹੀ ਸੀ। ਇਸ ਦੇ ਬਾਵਜੂਦ ਲੁਧਿਆਣਾ ਦੇ ਇੱਕ ਪਿੰਡ ਵਿੱਚ ਗਦਰ ਪਾਰਟੀ ਦੀ ਸਭਾ ਹੋਈ। ਸੰਘਰਸ਼ ਨੂੰ ਤੇਜ਼ ਕਰਨ ਅਤੇ ਆਰਥਿਕ ਸੰਕਟ ਨੂੰ ਨਜਿੱਠਣ ਦੀ ਰਣਨੀਤੀ ਤਿਆਰ ਕੀਤੀ ਗਈ। 25 ਜਨਵਰੀ 1915 ਨੂੰ ਰਾਸ ਬਿਹਾਰੀ ਬੋਸ ਦੇ ਆਉਣ ਤੋਂ ਬਾਅਦ 21 ਫਰਵਰੀ ਨੂੰ ਅੰਦੋਲਨ ਸ਼ੁਰੂ ਕਰਨਾ ਤੈਅ ਹੋਇਆ। ਇੱਕ ਮੁਖਬਰ ਨੇ ਅੰਗਰੇਜ਼ੀ ਪੁਲਿਸ ਦੇ ਸਾਹਮਣੇ ਦਲ ਦੀ ਯੋਜਨਾ ਨੂੰ ਲੀਕ ਕੀਤਾ। ਪੁਲਿਸ ਨੇ ਕਈ ਗਦਰ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੁਹਿੰਮ ਦੀ ਅਸਫਲਤਾ ਦੇ ਬਾਅਦ ਸਾਰੇ ਲੋਕ ਨੇ ਅਫਗਾਨਿਸਤਾਨ ਜਾਣ ਦੀ ਯੋਜਨਾ ਤਿਆਰ ਕੀਤੀ, ਪਰ ਵਿਚਕਾਰ ਰਾਹ ਵਿੱਚ ਹੀ ਕਰਤਾਰ ਸਿੰਘ ਨੇ ਆਪਣੇ ਗ੍ਰਿਫਤਾਰ ਸਾਥੀਆਂ ਕੋਲ ਵਾਪਸ ਜਾਣ ਦਾ ਫੈਸਲਾ ਕਰ ਲਿਆ। 2 ਮਾਰਚ 1915 ਨੂੰ ਕਰਤਾਰ ਸਿੰਘ ਆਪਣੇ ਦੋ ਸਾਥੀਆਂ ਦੇ ਨਾਲ ਵਾਪਿਸ ਲਾਇਲਪੁਰ, ਚੌਕੀ-5 ਪਹੁੰਚੇ। ਉਥੇ ਵਿਦਰੋਹ ਕਰਨ `ਤੇ ਕਰਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।
1914-15 ਦੇ ਇਸ ਪਹਿਲੇ ਸਾਜ਼ਿਸ਼ ਕੇਸ ਵਿੱਚ 24 ਗਦਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕਰਤਾਰ ਸਿੰਘ ਉਨ੍ਹਾਂ ਵਿੱਚੋਂ ਇੱਕ ਸੀ। ਅਦਾਲਤ ਨੇ ਕਿਹਾ ਕਿ ਕਰਤਾਰ ਸਿੰਘ ਸਾਰੇ ਬਾਗੀਆਂ ਵਿੱਚੋਂ ਸਭ ਤੋਂ ਖ਼ਤਰਨਾਕ ਹੈ- “ਉਸ ਨੂੰ ਆਪਣੇ ਵੱਲੋਂ ਕੀਤੇ ਅਪਰਾਧਾਂ ‘ਤੇ ਬਹੁਤ ਮਾਣ ਹੈ। ਉਹ ਰਹਿਮ ਦਾ ਹੱਕਦਾਰ ਨਹੀਂ ਹੈ ਅਤੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।” ਕਰਤਾਰ ਸਿੰਘ ਨੂੰ 16 ਨਵੰਬਰ 1915 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ, ਜਦੋਂ ਉਹ ਸਿਰਫ਼ 19 ਸਾਲ ਦਾ ਸੀ।
ਕਰਤਾਰ ਸਿੰਘ ਸਰਾਭਾ ਦੀਆਂ ਇਹ ਕ੍ਰਾਂਤਿਕਾਤੀ ਸਤਰਾਂ ਭਗਤ ਸਿੰਘ ਵੀ ਅਕਸਰ ਗੁਣਗੁਣਾਇਆ ਕਰਦੇ ਸਨ:
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ’ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ|
ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਲਈ ਆਜ਼ਾਦੀ ਸੰਘਰਸ਼ `ਚ ਵਧ-ਚੜ੍ਹ ਕੇ ਸ਼ਹਾਦਤਾਂ ਦਿੱਤੀਆਂ। ਹੁਣ ਆਜ਼ਾਦੀ ਤੋਂ ਬਾਅਦ ਅੱਜ ਤੱਕ ਵੀ ਪੰਜਾਬ ਦੇ ਨੌਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਜਿੰLਦਗੀ ਦੇਸ਼ ਦੇ ਲੇਖੇ ਲਾਉਂਦੇ ਨੇ। ਪਿਛਲੇ ਦਿਨੀਂ ਇੱਕ ਬਜ਼ੁਰਗ ਨੇ ਮੈਨੂੰ ਦਿਲ ਟੁੰਬਵੀਂ ਗੱਲ ਕਹੀ, “ਬੇਟਾ ਸ਼ਹੀਦ ਦੇਸ਼ ਅਤੇ ਕੌਮ ਦਾ ਮਾਣ ਹੁੰਦੇ ਹਨ। ਸ਼ਹੀਦਾਂ ਦੀ ਪ੍ਰਸ਼ੰਸਾ ਕਰਨੀ, ਰੱਬ ਦੀ ਪ੍ਰਸ਼ੰਸਾ ਕਰਨ ਦੇ ਬਰਾਬਰ ਹੈ।”

*ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ।

Leave a Reply

Your email address will not be published. Required fields are marked *