ਮਹਾਨ ਸ਼ਖ਼ਸੀਅਤ-ਪੀਰ ਬੁੱਧੂ ਸ਼ਾਹ

Uncategorized ਅਦਬੀ ਸ਼ਖਸੀਅਤਾਂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਪੀਰ ਬੁੱਧੂ ਸ਼ਾਹ ਬਾਰੇ ਸੰਖੇਪ ਵੇਰਵਾ ਹੈ…

ਅਲੀ ਰਾਜਪੁਰਾ
ਫੋਨ:+91-9417679302

ਜ਼ਿਲ੍ਹਾ ਯਮੁਨਾ ਨਗਰ ਦਾ ਮਸ਼ਹੂਰ ਸ਼ਹਿਰ ਸਢੌਰਾ, ਜਿੱਥੇ ਸੱਯਦ ਖ਼ਾਨ ਦੇ ਪਤਵੰਤੇ ਗ਼ੁਲਾਮ ਸ਼ਾਹ ਦੇ ਘਰ 13 ਜੂਨ 1647 ਈ. ਨੂੰ ਬਦਰੂਦੀਨ ਉਰਫ਼ ਪੀਰ ਬੁੱਧੂ ਸ਼ਾਹ ਨੇ ਜਨਮ ਲਿਆ। ਮੁਗ਼ਲ ਰਾਜ ਵੱਲੋਂ ਇਸ ਖ਼ਾਨਦਾਨ ਨੂੰ ਜਗੀਰ ਬਖ਼ਸ਼ੀ ਗਈ ਤੇ ਇਹ ਖ਼ਾਨਦਾਨ ਸਮਾਣਾ (ਪਟਿਆਲਾ) ਤੋਂ ਸਢੌਰੇ ਆਣ ਵੱਸਿਆ ਸੀ। ਜੇ ਸਢੌਰੇ ਦੇ ਇਤਿਹਾਸਕ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਕਈ ਤਰ੍ਹਾਂ ਦੀਆਂ ਗਾਥਾਵਾਂ-ਦੰਦ ਗਾਥਾਵਾਂ ਸਾਹਮਣੇ ਆਉਂਦੀਆਂ ਹਨ, ਜਿਵੇਂ ਦੱਸਿਆ ਜਾਂਦਾ ਹੈ ਕਿ ਇਸ ਦਾ ਪੁਰਾਤਨ ਨਾਮ ‘ਸਾਧੂ ਰਾਹ’ ਜਾਂ ‘ਸਾਧੂ ਵਾੜਾ’ ਸੀ- ਭਾਵ ਸੰਤਾਂ ਦਾ ਮਾਰਗ। ਜਦੋਂ ਸਾਧੂ ਪਹਾੜਾਂ ਵੱਲ ਜਾਂਦੇ ਸਨ ਤਾਂ ਇਸ ਸਥਾਨ ’ਤੇ ਪੜਾਅ ਕਰਦੇ। ਇੱਥੋਂ ਹੀ ਵਿਗੜ ਕੇ ਇਸ ਦਾ ਨਾਮ ‘ਸਢੌਰਾ’ ਪੈ ਗਿਆ। ਮੁਗ਼ਲ ਰਾਜ ਦੌਰਾਨ ਸਢੌਰਾ ਸਰਹਿੰਦ ਦੇ ਅਠਾਈ ਪਰਗਨਿਆਂ ਵਿੱਚੋਂ ਇੱਕ ਪਰਗਨੇ ਦਾ ਪ੍ਰਧਾਨ ਨਗਰ ਸੀ।
ਪੀਰ ਬੁੱਧੂ ਸ਼ਾਹ ਦਾ ਮੁੱਢੋਂ ਹੀ ਧਿਆਨ ਰੱਬ ਵੱਲ ਸੀ। ਇਹ ਗੰਭੀਰ ਤੇ ਘੱਟ ਬੋਲਣ ਵਾਲੇ ਸਨ। ਕੁਝ ਲੋਕ ਉਦੋਂ ਬਦਰੂਦੀਨ ਨੂੰ ਬੁੱਧੂ ਕਹਿ ਕੇ ਬੁਲਾਉਂਦੇ ਸਨ, ਪਰ ਉਹ ਕਦੇ ਲੋਕਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਸਨ ਮਨਾਉਂਦੇ। ਸਮੇਂ ਨਾਲ ਨਾਂ ਬੁੱਧੂ ਸ਼ਾਹ ਪੱਕ ਗਿਆ। ਉਨ੍ਹਾਂ ਦਾ ਜ਼ਿਆਦਾ ਸਮਾਂ ਇਬਾਦਤ ਵਿੱਚ ਗੁਜ਼ਰਦਾ, ਇਸੇ ਕਰਕੇ ਕੁਝ ਲੋਕਾਂ ਨੇ ‘ਪੀਰ’ ਜੀ ਆਖਣਾ ਸ਼ੁਰੂ ਕਰ ਦਿੱਤਾ।
ਪੀਰ ਬੁੱਧੂ ਸ਼ਾਹ ਦਾ ਸਢੌਰਾ ਸ਼ਹਿਰ ਦੇ ਸਵਾਨੀਆਂ ਮੁਹੱਲੇ ਵਿੱਚ ਵਾਸਾ ਸੀ, ਜਿੱਥੇ ਜ਼ਿਆਦਾ ਸੱਯਦ ਹੀ ਰਹਿੰਦੇ ਸਨ। ਸ਼ਾਹ ਅਬਦੁੱਲ ਵਹਾਬ ਪੀਰ ਜੀ ਦੇ ਵੱਡਿਆਂ ਵਿੱਚੋਂ ਸਨ, ਜਿਨ੍ਹਾਂ ਦੀ ਯਾਦ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪ ਮਕਬਰਾ ਬਣਾਇਆ ਸੀ। ਇਸ ਮਕਬਰੇ ਉੱਤੇ ਲਿਖੀ ‘ਕੁੱਤਬ’ ਤੋਂ ਪਤਾ ਲੱਗਦਾ ਹੈ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਇਸ ਖ਼ਾਨਦਾਨ ਦਾ ਸਤਿਕਾਰ ਕਰਦਾ ਸੀ। ਭੁਪਿੰਦਰ ਕੌਰ ਸਢੌਰਾ ਦੀ ਪੁਸਤਕ ‘ਗੁਰੂ ਭਗਤ ਪੀਰ ਬੁੱਧੂ ਸ਼ਾਹ’ ਅਨੁਸਾਰ ਉਨ੍ਹਾਂ ਦੇ ਬਜ਼ੁਰਗ ਸਿਆਣਪ ਕਰਦੇ ਸਨ, ਪਰ ਪੀਰ ਜੀ ਨੇ ਅਜਿਹਾ ਕੋਈ ਰਾਹ ਨਾ ਅਪਨਾਇਆ। ਉਨ੍ਹਾਂ ਦਾ ਮਨ ਕੇਵਲ ਧਾਰਮਿਕ ਕਿਤਾਬਾਂ ਵਿੱਚ ਹੀ ਲੱਗਦਾ ਸੀ ਤੇ ਰੱਬ ਦੇ ਪਿਆਰਿਆਂ ਪ੍ਰਤੀ ਸੰਗਤ ਦੀ ਲਾਲਸਾ ਰਹਿੰਦੀ ਸੀ। ਜਦੋਂ ਉਨ੍ਹਾਂ ਨੂੰ ਕਿਤਾਬੀ ਗਿਆਨ ਤੋਂ ਵੀ ਤਸੱਲੀ ਨਾ ਹੋਈ ਤਾਂ ਘੁੜਾਮ (ਪਟਿਆਲਾ) ਦੇ ਪ੍ਰਸਿੱਧ ਫ਼ਕੀਰ ਭੀਖਣ ਸ਼ਾਹ ਨੇ ਹੀ ਦੱਸਿਆ ਕਿ ਪਟਨਾ (ਬਿਹਾਰ) ’ਚ ਇੱਕ ਬਾਲ ਗੋਬਿੰਦ ਰਾਇ ਦੇ ਰੂਪ ਵਿੱਚ ਅਧਿਆਤਮਕ ਦਾ ਸੂਰਜ ਉਦੈ ਹੋ ਰਿਹਾ ਹੈ ਤੇ ਭੀਖਣ ਸ਼ਾਹ ਤੋਂ ਹੀ ਪੀਰ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਿਆਨ ਹੋਇਆ ਦੱਸਿਆ ਜਾਂਦਾ ਹੈ ਕਿ, “ਫ਼ਕੀਰ ਜੀ ਨੇ ਕਈ ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕੀਤੇ ਹਨ ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਵਿਖੇ ਜਨਮ ਹੋਇਆ ਤਾਂ ਉਸ ਦਿਨ ਨਮਾਜ਼ ਵੀ ਪੂਰਬ ਵੱਲ ਅਦਾ ਕੀਤੀ ਸੀ।”
ਭੀਖਣ ਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਦੇ ਮਨ ’ਚ ਗੁਰੂ ਜੀ ਦੇ ਦਰਸ਼ਨਾਂ ਦੀ ਲਾਲਸਾ ਪੈਦਾ ਹੋ ਗਈ।
1664 ਈ. ਵਿੱਚ ਪੀਰ ਜੀ ਦਾ ਵਿਆਹ ਨਸੀਰਾਂ ਨਾਲ ਹੋਇਆ। ਨਸੀਰਾਂ ਦੇ ਪਿਛੋਕੜ ’ਚੋਂ ਇੱਕ ਭਰਾ ਸੈਦਖ਼ਾਨ ਔਰੰਗਜ਼ੇਬ ਦੀ ਫ਼ੌਜ ਦਾ ਵਫ਼ਾਦਾਰ ਜਰਨੈਲ ਸੀ। ਬੀਬੀ ਨਸੀਰਾਂ ਦੇ ਪਰਿਵਾਰ ’ਚ ਭਰਾ ਜਰਨੈਲ ਸੈਦਖ਼ਾਨ ਤੋਂ ਬਿਨਾ ਹੋਰ ਕਿਸੇ ਬਾਰੇ ਵੀ ਵਿਸਥਾਰਤ ਜਾਣਕਾਰੀ ਨਹੀਂ ਮਿਲਦੀ। ਬੀਬੀ ਨਸੀਰਾਂ ਵੀ ਪੀਰ ਜੀ ਵਾਂਗ ਧਾਰਮਿਕ ਵਿਚਾਰਾਂ ਵਾਲੀ ਸੁਘੜ ਸਾਊ ਔਰਤ ਸੀ। ਨਸੀਰਾਂ ਦੀ ਕੁੱਖੋਂ ਚਾਰ ਹੋਣਹਾਰ ਸਪੁੱਤਰਾਂ- ਸੱਯਦ ਮੁਹੰਮਦ ਬਖ਼ਸ਼, ਸੱਯਦ ਸ਼ਾਹ ਹੁਸੈਨ, ਸੱਯਦ ਅਸ਼ਰਫ ਅਤੇ ਸੱਯਦ ਮੁਹੰਮਦ ਸ਼ਾਹ ਨੇ ਜਨਮ ਲਿਆ।
ਪੀਰ ਬੁੱਧੂ ਸ਼ਾਹ ਨੇ ਕੁਰਾਨ-ਏ-ਪਾਕ ਤੇ ਹੋਰ ਇਸਲਾਮਿਕ ਕਿਤਾਬਾਂ ਦਾ ਅਧਿਐਨ ਕੀਤਾ ਸੀ। ਇਸੇ ਲਈ ਉਨ੍ਹਾਂ ਨੂੰ ਸਿੱਖ ਸਿਧਾਂਤ ਅਤੇ ਇਸਲਾਮਿਕ ਸਿਧਾਂਤ ਇੱਕ ਦੂਜੇ ਦੇ ਅਨੁਕੂਲ ਜਾਪੇ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ, ਸਮਾਨਤਾ ਤੇ ਸਾਂਝ ਤੋਂ ਬੇਹੱਦ ਪ੍ਰਭਾਵਿਤ ਹੋਏ ਤੇ ਪੀਰ ਜੀ ਨੇ ਦੁਬਾਰਾ ਫੇਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੇ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ ਯਮੁਨਾ ਕੰਢੇ ਪਾਉਂਟਾ ਸਾਹਿਬ ਦਰਸ਼ਨ ਨਸੀਬ ਹੋਏ। ਵਿਦਵਾਨ ਪ੍ਰੋ. ਕਿਰਪਾਲ ਸਿੰਘ ਇਸ ਮਿਲਣੀ ਦਾ ਵਰਣਨ ਕੁਝ ਇਸ ਤਰ੍ਹਾਂ ਕਰਦੇ ਹਨ, “ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਅਧਿਆਤਮਕ ਸ਼ਕਤੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਹੀ ਅਰਥਾਂ ਵਿੱਚ ਉਹ ਦਸਮ ਪਾਤਸ਼ਾਹ ਦੇ ਸ਼ਿਸ਼ ਬਣ ਗਏ, ਪਰ ਆਪਣਾ ਮੂਲ ਧਰਮ ਨਹੀਂ ਤਿਆਗਿਆ।”
ਗੁਰੂ ਸਾਹਿਬ ਦੇ ਸੱਚੇ ਪਿਆਰ ਦੀ ਬੁੱਧੂ ਸ਼ਾਹ ਦੇ ਸਰੀਰ, ਮਨ, ਆਤਮਾ ਉੱਪਰ ਇੱਕ ਮਹਾਨ ਜਿੱਤ ਸੀ ਅਤੇ ਇਸ ਤਰ੍ਹਾਂ ਦੇ ਵੱਖੋ-ਵੱਖਰੇ ਮਤਾਂ ਦੇ ਅਨੁਯਾਈ ਹੁੰਦਿਆਂ ਵੀ ਪੀਰ ਬੁੱਧੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਇੱਕ-ਦੂਜੇ ਦੇ ਨੇੜੇ ਹੁੰਦੇ ਆਏ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ, ਕਿਉਂਕਿ ਇਹ ਦੋਵੇਂ ਰੂਹਾਂ ਧਾਰਮਿਕ ਕੱਟੜਤਾ ਤੋਂ ਰਹਿਤ ਸਨ। ਸ਼ੁਰੂ ਤੋਂ ਹੀ ਗੁਰੂ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੇ ਪੀਰ ਬੁੱਧੂ ਸ਼ਾਹ ਨੂੰ ਬੇਅੰਤ ਪ੍ਰਭਾਵਿਤ ਕੀਤਾ। ਗੁਰੂ ਜੀ ਦੇ ਮਿਲਣ ਪਿਛੋਂ ਪੀਰ ਜੀ ਦੀ ਮੁਰਸ਼ਦ ਵਾਲੀ ਭਾਲ ਹੁਣ ਮੁੱਕ ਚੁੱਕੀ ਸੀ।
ਪੀਰ ਬੁੱਧੂ ਸ਼ਾਹ ਨੂੰ ਦਾਮਲਾ (ਯਮੁਨਾ ਨਗਰ) ਦੇ ਲਗਭਗ ਪੰਜ ਸੌ ਪਠਾਣ ਸਢੌਰਾ ਆਣ ਮਿਲੇ, ਜਿਨ੍ਹਾਂ ਨੂੰ ਔਰੰਗਜ਼ੇਬ ਨੇ ਨੌਕਰੀ ਤੋਂ ਕੱਢ ਦਿੱਤਾ ਤੇ ਐਲਾਨ ਕੀਤਾ, “ਜਿਹੜਾ ਇਨ੍ਹਾਂ ਨੂੰ ਮੁੜ ਨੌਕਰੀ ’ਤੇ ਰੱਖੇਗਾ, ਉਹ ਮੇਰਾ ਗੁਨਾਹਗਾਰ ਹੋਵੇਗਾ।” ਪੀਰ ਬੁੱਧੂ ਸ਼ਾਹ ਨੂੰ ਪਠਾਣਾਂ ਨੇ ਆਪਣੀ ਸਾਰੀ ਹੱਡ-ਬੀਤੀ ਦੱਸੀ। ਪੀਰ ਜੀ ਉਨ੍ਹਾਂ ਪਠਾਣਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਉਂਟਾ ਸਾਹਿਬ ਆਣ ਮਿਲੇ। ਗੁਰੂ ਸਾਹਿਬ ਨੇ ਪੀਰ ਜੀ ਦੀ ਗੱਲ ਮੰਨਦਿਆਂ ਉਨ੍ਹਾਂ ਨੂੰ ਨੌਕਰੀ ਉੱਤੇ ਰੱਖ ਲਿਆ।
ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਤੋਂ ਬਾਈਧਾਰ ਦੇ ਪਹਾੜੀ ਰਾਜੇ ਬਹੁਤ ਦੁਖੀ ਸਨ। ਇਨ੍ਹਾਂ ਪਹਾੜੀ ਰਾਜਿਆਂ ਵਿੱਚੋਂ ਭੀਮ ਚੰਦ ਕੁਝ ਜ਼ਿਆਦਾ ਹੀ ਦੁੱਖ ਮਹਿਸੂਸ ਕਰਦਾ ਸੀ। ਆਸਾਮ ਦੇ ਰਾਜਾ ਰਤਨ ਰਾਇ ਨੇ ਗੁਰੂ ਜੀ ਦੇ ਦਰਸ਼ਨਾਂ ਸਮੇਂ ਬਹੁਤ ਕੀਮਤੀ ਵਸਤੂਆਂ ਭੇਂਟ ਕੀਤੀਆਂ ਸਨ ਤੇ ਕਾਬਲ ਦੇ ਇੱਕ ਸਿੱਖ ਨੇ ਇੱਕ ਚੰਦੋਆ ਵੀ ਭੇਟ ਕੀਤਾ ਸੀ, ਜਿਸ ਦੀ ਕੀਮਤ ਉਸ ਵੇਲ਼ੇ ਲਗਭਗ ਦੋ ਲੱਖ ਦੱਸੀ ਜਾਂਦੀ ਹੈ। ਪਹਾੜੀ ਰਾਜਾ ਭੀਮ ਚੰਦ ਦੀ ਨੀਅਤ ਬੇਈਮਾਨ ਸੀ, ਉਹ ਇਹ ਕੀਮਤੀ ਵਸਤੂਆਂ ਹਾਸਲ ਕਰਨਾ ਚਾਹੁੰਦਾ ਸੀ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਤੋਂ ਬਿਨਾ ਬਾਕੀ ਪਹਾੜੀ ਰਾਜੇ ਕਹਿਲੂਰ ਦਾ ਰਾਜਾ ਭੀਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਿਹ ਸ਼ਾਹ, ਗੋਲਬਰ ਦਾ ਰਾਜਾ-ਗੋਪਾਲ ਚੰਦ, ਕਾਂਗੜਾ ਦਾ ਰਾਜਾ ਕ੍ਰਿਪਾਲ ਚੰਦ, ਮੰਡੀ ਦਾ ਰਾਜਾ ਬੀਰ ਸੈਣ, ਜਸਵਾਲ ਦਾ ਰਾਜਾ ਕੇਸਰੀ ਚੰਦ, ਕਾਠਗੜ੍ਹ ਦਾ ਰਾਜਾ ਦਿਆਲ ਚੰਦ, ਹਿਡੌਰ ਦਾ ਰਾਜਾ ਹਰੀ ਚੰਦ, ਭੰਬੋਰ ਦਾ ਰਾਜਾ ਕਰਮਚੰਦ, ਨੂਰਪੁਰ ਦਾ ਰਾਜਾ ਦਇਆ ਸਿੰਘ, ਤਰਲੋਕ ਪੁਰ ਦਾ ਰਾਜਾ ਭਾਗ ਸਿੰਘ, ਇੰਦੌਰ ਦਾ ਰਾਜਾ ਗੁਰਭਜ, ਨਾਰਦਨ ਦਾ ਰਾਜਾ ਸੰਸਾਰ ਚੰਦ, ਕੋਟੀਵਾਲ ਦਾ ਰਾਜਾ ਹਰੀ ਚੰਦ ਅਤੇ ਸ਼ਿਮਲਾ ਦਾ ਰਾਜਾ ਲੱਛੂ ਚੰਦ- ਇਨ੍ਹਾਂ ਸਭ ਰਾਜਿਆਂ ਨੇ ਗੁਰੂ ਸਾਹਿਬ ’ਤੇ ਹੱਲਾ ਬੋਲ ਦਿੱਤਾ।
ਪੀਰ ਬੁੱਧੂ ਸ਼ਾਹ ਨੇ ਜਿਹੜੇ ਪੰਜ ਸੌ ਪਠਾਣ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿੱਚ ਸਿਪਾਹੀ ਭਰਤੀ ਕਰਵਾਏ ਸਨ, ਉਨ੍ਹਾਂ ’ਚੋਂ ਕਾਲ਼ੇ ਖ਼ਾਨ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਜੀ ਦਾ ਸਾਥ ਛੱਡ ਗਏ। ਪਠਾਣ ਸਿਪਾਹੀਆਂ ਨੂੰ ਤਨਖ਼ਾਹ ਵਿੱਚ ਚੋਖੇ ਵਾਧੇ ਦਾ ਵੀ ਲਾਲਚ ਦਿੱਤਾ ਗਿਆ, ਪਰ ਉਹ ਟੱਸ ਤੋਂ ਮੱਸ ਨਾ ਹੋਏ।
ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਪੱਤਰ ਭੇਜਿਆ, “ਤੁਹਾਡੇ ਭਰਤੀ ਕਰਵਾਏ ਪੰਜ ਸੌ ਸਿਪਾਹੀ ਹੁਣ ਤੱਕ ਤਨਖ਼ਾਹ ਲੈਂਦੇ ਰਹੇ ਤੇ ਅੱਜ ਯੁੱਧ ਵੇਲੇ ਸਾਡਾ ਸਾਥ ਛੱਡ ਗਏ ਹਨ। ਇਕੱਲਾ ਕਾਲ਼ੇ ਖ਼ਾਨ ਹੀ ਸਾਡੇ ਨਾਲ ਇਸ ਨਾਜ਼ੁਕ ਘੜੀ ’ਚ ਮੋਢਾ ਜੋੜੀ ਖੜ੍ਹਿਆ ਹੈ।” ਇਹ ਸੁਣ ਕੇ ਪੀਰ ਬੁੱਧੂ ਸ਼ਾਹ ਨੂੰ ਦੁੱਖ ਵੀ ਲੱਗਾ ਤੇ ਭਾਰੀ ਨਿਰਾਸ਼ਾ ਵੀ ਹੋਈ। ਪੀਰ ਜੀ ਇਸ ਦਾਗ਼ ਨੂੰ ਧੋਣ ਲਈ ਆਪਣੇ ਚਾਰ ਪੁੱਤਰਾਂ- ਸੱਯਦ ਮੁਹੰਮਦ ਸ਼ਾਹ, ਸੱਯਦ ਮੁਹੰਮਦ ਬਖ਼ਸ਼, ਸੱਯਦ ਸ਼ਾਹ ਹੁਸੈਨ, ਸੱਯਦ ਅਸ਼ਰਫ; ਭਰਾਵਾਂ ਅਤੇ ਆਪਣੇ ਕਈ ਮੁਰੀਦਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ਼ ਪਾਉਂਟਾ ਸਾਹਿਬ ਜਾ ਪਹੁੰਚੇ। ਅੱਗੇ ਗੁਰੂ ਜੀ ਭੰਗਾਣੀ ਦੇ ਯੁੱਧ ਵਿੱਚ ਜਾ ਚੁੱਕੇ ਸਨ। ਬੁੱਧੂ ਸ਼ਾਹ ਜੀ ਆਪਣੇ ਪੁੱਤਰਾਂ ਅਤੇ ਸਾਥੀਆਂ ਨਾਲ ਭੰਗਾਣੀ ਜਾ ਪਹੁੰਚੇ। ਗੁਰੂ ਸਾਹਿਬ ਉਨ੍ਹਾਂ ਨੂੰ ਦੇਖ ਕੇ ਖ਼ੁਸ਼ ਹੋਏ। ਗੁਰੂ ਜੀ ਦੀ ਭੂਆ ਬੀਬੀ ਵੀਰੋ ਦਾ ਪੁੱਤਰ ਸੰਗੋ ਸ਼ਾਹ ਗੁਰੂ ਸਾਹਿਬ ਦੀਆਂ ਫ਼ੌਜਾਂ ਦੀ ਅਗਵਾਈ ਕਰ ਰਿਹਾ ਸੀ। ਇਸ ਘਮਸਾਣ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਜੀ ਆਪਣੇ ਸਪੁੱਤਰ ਸੱਯਦ ਅਸ਼ਰਫ ਦੇ ਸ਼ਹੀਦ ਹੋ ਜਾਣ ’ਤੇ ਵੀ ਡੋਲੇ ਨਾ, ਸਗੋਂ ਪੂਰੇ ਹੌਸਲੇ ਨਾਲ ਲੜਦੇ ਰਹੇ। ਸਪੁੱਤਰ ਸੱਯਦ ਮੁਹੰਮਦ, ਤੇ ਭਰਾ ਦੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਨਾਲ ਵਫ਼ਾ ਨਿਭਾਈ। ਅੰਤ ਨੂੰ ਗੁਰੂ ਸਾਹਿਬ ਨੇ ਇਸ ਯੁੱਧ ਵਿੱਚ ਜਿੱਤ ਹਾਸਲ ਕੀਤੀ।
ਪੀਰ ਬੁੱਧੂ ਸ਼ਾਹ ਨੇ ਆਪਣੇ ਸਪੁੱਤਰਾਂ ਤੇ 700 ਦੇ ਕਰੀਬ ਮੁਰੀਦਾਂ ਨਾਲ ਗੁਰੂ ਸਾਹਿਬ ਦੀ ਨਾਜ਼ੁਕ ਸਮੇਂ ਵਿੱਚ ਮਦਦ ਕੀਤੀ ਹੋਣ ਕਰਕੇ ਗੁਰੂ ਜੀ ਵੀ ਖ਼ੁਸ਼ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿੱਚ ਆਈ ਸੰਗਤ ਨਾਲ ਪੀਰ ਜੀ ਨੂੰ ਵਿਸ਼ੇਸ਼ ਤੌਰ ’ਤੇ ਨਿਵਾਜਿਆ। ਜਦੋਂ ਸਾਰੇ ਸ਼ੋਕ ਪ੍ਰਗਟ ਕਰਨ ਲੱਗੇ ਤਾਂ ਪੀਰ ਜੀ ਨੇ ਬੜੀ ਦਲੇਰੀ ਨਾਲ ਕਿਹਾ, “ਇੱਥੇ ਕਿਸੇ ਨੇ ਨਹੀਂ ਰਹਿਣਾ, ਮੌਤ ਰੂਪੀ ਦਰਵਾਜ਼ੇ ਵਿੱਚੋਂ ਸਭ ਨੇ ਲੰਘਣਾ ਹੈ ਭਾਵ ਸਭ ਨੇ ਮਰਨਾ ਹੈ, ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੇਰੇ ਸਪੁੱਤਰ ਨੇਕ ਕਾਰਜ ਲਈ ਸ਼ਹੀਦ ਹੋਏ ਹਨ। ਮੈਨੂੰ ਉਨ੍ਹਾਂ ਦੀ ਸ਼ਹੀਦੀ ਦਾ ਬਿਲਕੁਲ ਵੀ ਅਫਸੋਸ ਨਹੀਂ, ਸਗੋਂ ਮਾਣ ਹੈ…।”
ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ ਹੋ ਕੇ ਕੁਝ ਕੀਮਤੀ ਵਸਤਾਂ ਦੇਣੀਆਂ ਚਾਹੀਆਂ, ਪਰ ਪੀਰ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਪੀਰ ਜੀ ਨੂੰ ਦਸਤਾਰ, ਹੁਕਮਨਾਮਾ ਤੇ ਕਟਾਰ ਭਂਟ ਕੀਤੀ, ਪਰ ਪੀਰ ਜੀ ਨੇ ਗੁਰੂ ਜੀ ਤੋਂ ‘ਕੰਘੇ’ ਦੀ ਮੰਗ ਕੀਤੀ, ਜਿਸ ਵਿੱਚ ਗੁਰੂ ਸਾਹਿਬ ਦੇ ਕੇਸ ਅੜੇ ਹੋਏ ਸਨ। ਇੰਨਾ ਸੁਣ ਗੁਰੂ ਜੀ ਨੇ ਖ਼ੁਸ਼ੀ ਨਾਲ ਪੀਰ ਜੀ ਨੂੰ ਕੇਸਾਂ ਸਮੇਤ ਕੰਘਾ ਭੇਟ ਕੀਤਾ, ਜਿਸ ਨੂੰ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਦੇ ‘ਵਿਜੈ ਚਿੰਨ੍ਹ’ ਵਜੋਂ ਸਵੀਕਾਰ ਕੀਤਾ। ਪੀਰ ਜੀ ਨੇ ਇਨ੍ਹਾਂ ਪਵਿੱਤਰ ਤੇ ਅਨਮੋਲ ਵਸਤੂਆਂ ਨੂੰ ਅੱਖਾਂ ਨਾਲ ਛੁਹਾਇਆ।
ਇਸ ਸਾਖੀ ਬਾਰੇ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਅਨੁਸਾਰ “ਜੰਗ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ, ਕੰਘੇ ਸਹਿਤ ਵਾਹੇ ਹੋਏ ਕੇਸ ਅਤੇ ਛੋਟੀ ਕ੍ਰਿਪਾਨ ਬੁੱਧੂ ਸ਼ਾਹ ਨੂੰ ਹੁਕਮਨਾਮੇ ਸਹਿਤ ਬਖ਼ਸ਼ੀ।”
ਭੇਟ ਕੀਤੀਆਂ ਇਹ ਕੀਮਤੀ ਵਸਤਾਂ ਅੱਜ ਕਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹਨ।
ਪਹਾੜੀ ਰਾਜਿਆਂ ਨੇ ਪੀਰ ਬੁੱਧੂ ਸ਼ਾਹ ਦੇ ਵਿਰੁੱਧ ਦਿੱਲੀ ਦਰਬਾਰ ਵਿੱਚ ਸ਼ਿਕਾਇਤ ਕੀਤੀ, “ਆਲਮਗੀਰ ਸ਼ਹਿਨਸ਼ਾਹ! ਤੇਗ਼ ਬਹਾਦਰ ਦੇ ਪੁੱਤਰ ਨੇ ਇੱਕ ਇਨਕਲਾਬੀ ਜਥਾ ਸੰਗਠਨ ਕੀਤਾ ਹੈ, ਜੋ ਇੱਕ ਦਿਨ ਦਿੱਲੀ ਦੇ ਤਖ਼ਤ ਲਈ ਭਾਰੀ ਖ਼ਤਰਾ ਸਾਬਤ ਹੋਵੇਗਾ। ਅਸਾਂ ਇਸ ਅੰਦੋਲਨ ਨੂੰ ਕੁਚਲਨ ਦਾ ਯਤਨ ਕੀਤਾ, ਪਰ ਬੁੱਧੂ ਸ਼ਾਹ ਆਪਣੇ ਬਹੁਤ ਸਾਰੇ ਸੇਵਕਾਂ, ਸਪੁੱਤਰਾਂ ਤੇ ਸਬੰਧੀਆਂ ਨੂੰ ਸਾਡੇ ਖ਼ਿਲਾਫ ਲੜਨ ਲਈ ਲੈ ਆਇਆ। ਇਵੇਂ ਉਸ ਨੇ ਖ਼ਤਰਨਾਕ ਜਮਾਤ ਦੀ ਮਦਦ ਕੀਤੀ। ਇਸ ਕਾਫ਼ਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।”
ਪੀਰ ਬੁੱਧੂ ਸ਼ਾਹ ਜੀ ਦਾ ਸਾਲ਼ਾ ਸੈਦਖ਼ਾਨ ਦਿੱਲੀ ਦਰਬਾਰ ਵਿੱਚ ਵਫ਼ਾਦਾਰ ਸਿਪਾਹੀ ਹੋਣ ਕਰਕੇ ਉਸ ਪੱਤਰ ਨੂੰ ਲੈ ਕੇ ਆਉਣ ਵਾਲ਼ੇ ਵਿਅਕਤੀ ਨੂੰ ਸੈਦਖ਼ਾਨ ਨੇ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਸੀ ਕਿ ਆਲਮ ਪਨਾਹ, ਇਸ ਮਾਮਲੇ ’ਤੇ ਵਿਚਾਰ ਕਰਨਗੇ।
ਜਦੋਂ ਨਸੀਰਾਂ ਨੂੰ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਬੇ-ਸੁੱਧ ਹੋ ਗਈ। ਔਰਤਾਂ ਅਫ਼ਸੋਸ ਕਰਨ ਆਈਆਂ ਤਾਂ ਪੀਰ ਜੀ ਨੇ ਕਿਹਾ, “ਮੈਨੂੰ ਆਪਣੇ ਪੁੱਤਰਾਂ ਦੇ ਮਾਰੇ ਜਾਣ ਦਾ ਕੋਈ ਦੁੱਖ ਨਹੀਂ, ਉਹ ਜ਼ੁਲਮ ਦੀ ਲੜਾਈ ਵਿੱਚ ਸ਼ਹੀਦ ਹੋਏ ਹਨ। ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਆ ਸਕੇ।” ਨਸੀਰਾਂ ਨੂੰ ਜਦੋਂ ਪੀਰ ਜੀ ਨੇ ਗੁਰੂ ਜੀ ਵੱਲੋਂ ਬਖ਼ਸ਼ਿਆ ਕੰਘਾ ਦਿਖਾਇਆ ਤਾਂ ਨਸੀਰਾਂ ਉਸ ਨੂੰ ਧਿਆਨ ਨਾਲ ਦੇਖਣ ਲੱਗੀ। ਨਸੀਰਾਂ ਨੂੰ ਉਸ ਕੰਘੇ ’ਚੋਂ ਆਪਣੇ ਸਪੁੱਤਰਾਂ ਦੇ ਹੱਸਦੇ ਚਿਹਰੇ ਦਿਸਣ ਲੱਗੇ। ਹੁਣ ਬੇਗ਼ਮ ਨਸੀਰਾਂ ਨੂੰ ਯਕੀਨ ਹੋ ਗਿਆ ਕਿ ਉਸ ਦੇ ਸਪੁੱਤਰ ਸੱਚਮੁੱਚ ਸੱਚੇ ਕਾਰਜ ਲਈ ਸ਼ਹੀਦ ਹੋਏ ਹਨ। ਨਸੀਰਾਂ ਨੇ ਕੰਘਾ ਚੁੰਮਿਆ। ਰੁਮਾਲ ਵਿੱਚ ਲਪੇਟ ਕੇ ਸੰਦੂਕ ’ਚ ਟਿਕਾ ਦਿੱਤਾ।
ਔਰੰਗਜ਼ੇਬ ਗੁਰੂ ਸਾਹਿਬ ਦੀ ਚੜ੍ਹਤ ਦੇਖ ਕੇ ਦੁਖੀ ਸੀ। ਉਸਨੇ ਆਪਣੇ ਦਰਬਾਰੀ ਜਰਨੈਲਾਂ ਨੂੰ ਸੱਦ ਕੇ ਕਿਹਾ ਕਿ ਲਹਿਰ ਨੂੰ ਕੌਣ ਠੱਲ੍ਹ ਪਾਵੇਗਾ। ਸੈਦ ਖ਼ਾਨ ਨੇ ਆਪਣੇ ਸਿਰ ਜ਼ਿੰਮੇਵਾਰੀ ਲਈ। ਸੈਦ ਖ਼ਾਨ ਗੁਰੂ ਜੀ ਵਿਰੁੱਧ ਕੂਚ ਕਰਨ ਲਈ ਥਾਨੇਸਰ ਤੋਂ ਚੱਲ ਕੇ ਆਪਣੀ ਭੈਣ ਨਸੀਰਾਂ ਕੋਲ ਪਹੁੰਚਿਆ। ਨਸੀਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਕੋਸ਼ਿਸ਼ ਕੀਤੀ ਆਪਣੇ ਭਰਾਂ ਨੂੰ ਰੋਕਣ ਦੀ, ਪਰ ਸੈਦਖ਼ਾਨ ਨਾ ਟiਲ਼ਆ ਸਗੋਂ ਕਹਿਣ ਲੱਗਾ, “ਮੈਂ ਫ਼ੌਜੀ ਜਰਨੈਲ ਹਾਂ, ਸ਼ਹਿਨਸ਼ਾਹ ਦਾ ਵਫ਼ਾਦਾਰ ਸਿਪਾਹੀ ਤੇ ਉਨ੍ਹਾਂ ਲਈ ਲੜਨਾ ਮੇਰਾ ਫ਼ਰਜ਼ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਨ ਹਨ ਤਾਂ ਮੇਰੇ ਨਾਲ ਮੈਦਾਨ ਵਿੱਚ ਆ ਕੇ ਟੱਕਰ ਲੈਣ।” ਨਸੀਰਾਂ ਨੇ ਸੈਦ ਖ਼ਾਨ ਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ, “ਤੂੰ ਬਦੀ ਦੇ ਰਾਹ ਤੁਰ ਪਿਆ ਏਂ…।”
ਜਦੋਂ ਗੁਰੂ ਸਾਹਿਬ ਸੈਦ ਖ਼ਾਨ ਦੇ ਸਾਹਮਣੇ ਆਏ ਤਾਂ ਗੁਰੂ ਜੀ ਨੇ ਕਿਹਾ, “ਵਾਰ ਕਰ।” ਸੈਦ ਖ਼ਾਨ ਤੋਂ ਵਾਰ ਨਾ ਕੀਤਾ ਗਿਆ। ਉਸ ਨੂੰ ਲੱਗਿਆ ਕਿ ਉਹ ਯੁੱਧ ਕਰਨ ਤੋਂ ਅਸਮਰੱਥ ਹੈ, ਉਹ ਹਥਿਆਰ ਸੁੱਟ ਕੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਸੈਦ ਖ਼ਾਨ ਇਸ ਘਟਨਾ ਤੋਂ ਅਖ਼ੀਰੀ ਸਮੇਂ ਤੱਕ ਗੁਰੂ ਜੀ ਕੋਲ ਰਿਹਾ।
ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਲਾਹੜਪੁਰ ਭੇਜ ਕੇ ਆਪ ਪਾਉਂਟਾ ਸਾਹਿਬ ਤੋਂ ਸਢੌਰਾ ਪਹੁੰਚੇ, ਜਿੱਥੇ ਉਹ ਤੇਰਾਂ ਦਿਨ ਰਹੇ। ਉਸਮਾਨ ਖ਼ਾਨ ਦਾ ਦੂਤ ਪੀਰ ਬੁੱਧੂ ਸ਼ਾਹ ਕੋਲ਼ ਹੁਕਮ ਲੈ ਕੇ ਆਇਆ, “ਸਾਡੇ ਕੋਲ਼ ਪੱਕਾ ਸਬੂਤ ਹੈ ਕਿ ਗੁਰੂ ਜੀ ਇੱਥੇ ਹੀ ਹਨ, ਉਨ੍ਹਾਂ ਨੂੰ ਜੀਵਿਤ ਜਾਂ ਮ੍ਰਿਤਕ ਹਾਲਤ ਵਿੱਚ ਪੇਸ਼ ਕੀਤਾ ਜਾਵੇ…।”
ਬੁੱਧੂ ਸ਼ਾਹ ਜੀ ਦਾ ਵੱਡਾ ਬੇਟਾ ਸੱਯਦ ਮੁਹੰਮਦ ਬਖ਼ਸ਼ ਉੱਥੇ ਹੀ ਸੀ। ਉਸ ਨੇ ਪੀਰ ਜੀ ਨੂੰ ਸਲਾਹ ਦਿੱਤੀ ਕਿ ਗੁਰੂ ਜੀ ਨੂੰ ਉਸਮਾਨ ਖ਼ਾਨ ਕੋਲ ਪੇਸ਼ ਨਹੀਂ ਕਰਨਾ। ਤੁਸੀਂ ਮੇਰਾ ਗਲ਼ਾ ਕੱਟ ਕੇ ਖ਼ੂਨ ਉਸਮਾਨ ਖ਼ਾਨ ਕੋਲ ਪੇਸ਼ ਕਰ ਦਿਓ। ਪੀਰ ਜੀ ਨੇ ਸੱਯਦ ਬਖ਼ਸ਼ ਦੇ ਕਹੇ ਅਨੁਸਾਰ ਹੀ ਕੀਤਾ।
ਗੁਰੂ ਜੀ ਅਨੰਦਪੁਰ ਸਾਹਿਬ ਪਹੁੰਚ ਗਏ ਤੇ ਪੀਰ ਜੀ ਨੇ ਖ਼ੂਨ ਉਸਮਾਨ ਖ਼ਾਨ ਕੋਲ ਪੇਸ਼ ਕਰ ਦਿੱਤਾ। ਸੂਤਰਾਂ ਰਾਹੀਂ ਔਰੰਗਜ਼ੇਬ ਨੂੰ ਖ਼ੂਨ ਗੁਰੂ ਜੀ ਦਾ ਨਾ ਹੋਣ ਬਾਰੇ ਪਤਾ ਲੱਗਾ। ਔਰੰਗਜ਼ੇਬ ਤੇ ਉਸਮਾਨ ਖ਼ਾਨ ਗੁੱਸੇ ਵਿੱਚ ਲਾਲ ਪੀਲ਼ੇ ਹੋਣ ਲੱਗੇ। ਸ਼ਹਿਨਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਜੇ ਗੁਰੂ ਜੀ ਦੇ ਜ਼ਿੰਦਾ ਹੋਣ ਬਾਰੇ ਪਤਾ ਚੱਲੇ ਤਾਂ ਸ਼ਾਹੀ ਹੁਕਮ ਸਮਝ ਕੇ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੀਰ ਬੁੱਧੂ ਸ਼ਾਹ ਨੂੰ ਵੀ ਸੂਹ ਮਿਲ ਗਈ ਸੀ। ਉਨ੍ਹਾਂ ਨੇ ਆਪਣਾ ਪਰਿਵਾਰ ਨਾਹਣ ਭੇਜ ਦਿੱਤਾ। ਆਪ ਇਕੱਲੇ ਹੀ ਸਢੌਰਾ ਵਿਖੇ ਰਹਿ ਗਏ। ਉਸਮਾਨ ਖ਼ਾਨ ਨੇ ਸਢੌਰੇ ਉੱਤੇ ਕਬਜ਼ਾ ਕਰ ਲਿਆ। ਉਸਮਾਨ ਖ਼ਾਨ ਪੀਰ ਜੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ, ਉਸ ਨੇ ਪੀਰ ਜੀ ਨੂੰ ਕੈਦ ਵੀ ਕਰ ਲਿਆ। ਜਦੋਂ ਪੀਰ ਬੁੱਧੂ ਸ਼ਾਹ ਨਾ ਡੋਲੇ ਤਾਂ ਉਸਦੇ ਹੁਕਮ ’ਤੇ 21 ਮਾਰਚ 1704 ਈ. ਨੂੰ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, ਉਸ ਨੇ ਪੀਰ ਜੀ ਦੀ ਹਵੇਲੀ ਨੂੰ ਵੀ ਅੱਗ ਲਾ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਾਲ ’ਚ ਉਹ ਨਾਹਣ ਤੱਕ ਵੀ ਗਿਆ, ਪਰ ਉਥੋਂ ਵੀ ਉਸਮਾਨ ਖ਼ਾਨ ਖ਼ਾਲੀ ਹੱਥ ਪਰਤਿਆ, ਕਿਉਂਕਿ ਬੀਬੀ ਨਸੀਰਾਂ ਆਪਣੇ ਪੋਤਿਆਂ (ਸੱਯਦ ਅੱਤਾ ਸ਼ਾਹ, ਸੱਯਦ ਅਸਾਮ ਸ਼ਾਹ) ਨੂੰ ਲੈ ਕੇ ਸਮਾਣਾ (ਪਟਿਆਲਾ) ਆਣ ਚੁੱਕੀ ਸੀ।

Leave a Reply

Your email address will not be published. Required fields are marked *