ਰੁਜ਼ਗਾਰ ਲਈ ਪਰਵਾਸ ਹੰਢਾਉਂਦੇ ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਬੇਹੱਦ ਖ਼ੂਬਸੂਰਤ ਕਹੀ ਜਾਂਦੀ ਨਿਊਜ਼ੀਲੈਂਡ ਦੀ ਧਰਤੀ ’ਤੇ ਜਾ ਵੱਸੇ ਪੰਜਾਬੀਆਂ ਨੇ ਨਿਊਜ਼ੀਲੈਂਡ ਦੀ ਤਰੱਕੀ ’ਚ ਵੱਡਾ ਯੋਗਦਾਨ ਪਾ ਰਹੇ ਹਨ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਜਦੋਂ ਸੰਨ 2018 ਵਿੱਚ ਨਿਊਜ਼ੀਲੈਂਡ ਸਰਕਾਰ ਨੇ ਜਨਗਣਨਾ ਕਰਵਾਈ ਸੀ ਤਾਂ ਉੱਥੇ ਭਾਰਤੀਆਂ ਦੀ ਸੰਖਿਆ 2,39,193 ਸੀ, ਜਿਨ੍ਹਾਂ ਵਿੱਚੋਂ 1,17,348 ਤਾਂ ਭਾਰਤ ਦੇ ਜੰਮਪਲ ਸਨ ਅਤੇ ਬਾਕੀਆਂ ਦਾ ਜਨਮ ਜਾਂ ਤਾਂ ਭਾਰਤੀ ਪਰਿਵਾਰਾਂ ’ਚ ਨਿਊਜ਼ੀਲੈਂਡ ਜਾਣ ਪਿੱਛੋਂ ਹੋਇਆ ਸੀ ਤੇ ਜਾਂ ਫਿਰ ਉਹ ਦੂਜੇ ਮੁਲਕਾਂ ਤੋਂ ਨਿਊਜ਼ੀਲੈਂਡ ਵਿੱਚ ਤਬਦੀਲ ਹੋਏ ਸਨ। ਇਹ ਅੰਕੜਾ ਉਸ ਵੇਲੇ ਦੀ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ 4.7 ਫ਼ੀਸਦੀ ਦੇ ਕਰੀਬ ਬਣਦਾ ਸੀ। ਇਸ ਜਨਗਣਨਾ ਅਨੁਸਾਰ ਨਿਊਜ਼ੀਲੈਂਡ ਦੀ ਧਰਤੀ ’ਤੇ ਵੱਸਦੇ ਪੰਜਾਬੀਆਂ ਦੀ ਸੰਖਿਆ 41 ਹਜ਼ਾਰ ਦੇ ਕਰੀਬ ਸੀ, ਜੋ ਕੁੱਲ ਆਬਾਦੀ ਦਾ 0.9 ਫ਼ੀਸਦੀ ਦੇ ਕਰੀਬ ਬਣਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 1991 ਵਿੱਚ ਇੱਥੇ ਪੰਜਾਬੀਆਂ ਦੀ ਸੰਖਿਆ ਕੇਵਲ 2061 ਸੀ, ਜੋ ਸੰਨ 2006 ਵਿੱਚ 9507 ’ਤੇ ਜਾ ਪੁੱਜੀ ਸੀ ਅਤੇ ਫਿਰ ਸਾਲ 2013 ਵਿੱਚ ਦੁੱਗਣੀ ਹੋ ਕੇ 19,191 ਦੇ ਅੰਕੜੇ ਤੱਕ ਪੁੱਜ ਗਈ ਸੀ। ਇਸ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਇੱਕ ਕਾਰਨ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਵੱਲੋਂ ਮੋਹ ਭੰਗ ਹੋਣ ਪਿੱਛੋਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵੱਲ ਨੂੰ ਰੁਖ ਕਰਨਾ ਸੀ।
ਪ੍ਰਾਪਤ ਇਤਿਹਾਸਕ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉੱਨੀਵੀਂ ਸਦੀ ਦੇ ਅਖ਼ੀਰ ਵਿੱਚ ਪੰਜਾਬੀਆਂ ਨੇ ਨਿਊਜ਼ੀਲੈਂਡ ਦਾ ਰੁਖ਼ ਕੀਤਾ ਸੀ। ਇੱਥੇ ਪੁੱਜਣ ਵਾਲੇ ਸਭ ਤੋਂ ਪਹਿਲੇ ਪੰਜਾਬੀਆਂ ਵਿੱਚ ਪੰਜਾਬ ਦੇ ਜ਼ਿਲ੍ਹਾ ਮੋਗਾ ਨਾਲ ਸਬੰਧ ਰੱਖਦੇ ਦੋ ਭਰਾ- ਫ਼ੁੰਮਣ ਸਿੰਘ ਤੇ ਬੀਰ ਸਿੰਘ ਦੇ ਨਾਂ ਸ਼ਾਮਿਲ ਹਨ। ਬੀਰ ਸਿੰਘ ਦਰਅਸਲ ਦੇਸੀ ਜੜ੍ਹੀਆਂ-ਬੂਟੀਆਂ ਦਾ ਕੰਮ ਕਰਦਾ ਸੀ ਅਤੇ ਉਸ ਨੇ ਇੱਥੋਂ ਦੇ ਗਰਮ ਪਾਣੀ ਵਾਲੇ ਤਲਾਬਾਂ ਲਈ ਮਸ਼ਹੂਰ ਖਿੱਤੇ ’ਚ ਵੱਸਦੇ ‘ਮੌਰੀ’ ਲੋਕਾਂ ਵਿੱਚ ਆ ਕੇ ਵਾਸ ਕਰ ਲਿਆ ਸੀ ਤੇ ਇੱਥੇ ਹੀ ਸ਼ਾਦੀ ਕਰਵਾ ਕੇ ਪੈਰ ਜਮਾਅ ਲਏ ਸਨ। ਸੰਨ 1890 ਤੋਂ ਸੰਨ 1910 ਤੱਕ ਦੇ ਵੀਹ ਸਾਲਾਂ ਦੇ ਅਰਸੇ ਵਿੱਚ ਕਾਫੀ ਸਾਰੇ ਪੰਜਾਬੀ ਨਿਊਜ਼ੀਲੈਂਡ ਆਣ ਪੁੱਜੇ ਸਨ ਅਤੇ ਆਕਲੈਂਡ, ਵੈਲੰਗਟਨ, ਕ੍ਰਾਈਸਟਚਰਚ ਤੇ ਵੈਕੇਟੋ ਆਦਿ ਸ਼ਹਿਰਾਂ ਵਿੱਚ ਜਾ ਵੱਸੇ ਸਨ।
ਨਿਊਜ਼ੀਲੈਂਡ ਦੀ ਤਰੱਕੀ ਵਿੱਚ ਪੰਜਾਬੀਆਂ ਦੇ ਯੋਗਦਾਨ ਦੀ ਗੱਲ ਕਰਦਿਆਂ ਇਤਿਹਾਸਕ ਹਵਾਲਿਆਂ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਪੰਜਾਬੀਆਂ ਨੇ ਇੱਥੇ ਆ ਕੇ ਸੈਂਕੜੇ ਮੀਲ ਤੱਕ ਫ਼ੈਲੀ ਘਾਹ-ਬੂਟੀ ਨੂੰ ਬੜੀ ਮੁਸ਼ੱਕਤ ਨਾਲ ਸਾਫ਼ ਕਰਕੇ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਸੀ ਤੇ ਵੈਕੇਟੋ ਖੇਤਰ ਵਿੱਚ ਤਾਂ ਪੰਜਾਬੀਆਂ ਨੇ ਡੇਅਰੀ ਉਦਯੋਗ ਦੀ ਲਹਿਰ ਹੀ ਚਲਾ ਦਿੱਤੀ ਸੀ, ਜੋ ਅੱਜ ਵੀ ਬਾਦਸਤੂਰ ਜਾਰੀ ਹੈ। ਪੰਜਾਬੀਆਂ ਦੇ ਅਮੁੱਕ ਯੋਗਦਾਨ ਸਦਕਾ ਉਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਬਹੁਤ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਸੰਨ 1964 ਵਿੱਚ ਇੱਥੇ ਸਿੱਖਾਂ ਦੀ ਆਬਾਦੀ ਚੰਗੀ ਹੋ ਜਾਣ ਕਰਕੇ ਕੋਈ ਸਿੱਖ ਧਾਰਮਿਕ ਅਸਥਾਨ ਉਸਾਰੇ ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ ਤੇ ਸੰਨ 1977 ਵਿੱਚ ਹੈਮਿਲਟਨ ਵਿਖੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੂਜਾ ਗੁਰਦੁਆਰਾ ਸੰਨ 1986 ਵਿੱਚ ਓਤਾਨਹੂ ਸ਼ਹਿਰ ’ਚ ਸਥਾਪਿਤ ਕੀਤਾ ਗਿਆ ਸੀ ਤੇ ਉਪਰੰਤ ਨਿਊਜ਼ੀਲੈਂਡ ਦੇ ਵੱਖ-ਵੱਖ ਇਲਾਕਿਆਂ ਵਿੱਚ 25 ਦੇ ਕਰੀਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰ ਦਿੱਤੇ ਗਏ, ਜਿਨ੍ਹਾਂ ਦੇ ਪ੍ਰਬੰਧਨ ਨਾਲ ‘ਦਿ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ’ ਨਾਮਕ ਸੰਸਥਾ ਜੁੜੀ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਸਿੱਖ ਸੰਸਥਾਵਾਂ ਅਤੇ ਸੰਗਠਨ ਵੀ ਨਿਊਜ਼ੀਲੈਂਡ ਵਿੱਚ ਸਰਗਰਮ ਹਨ।
ਪੰਜਾਬੀ ਲੋਕ ਚਾਹੇ ਜਿੱਥੇ ਮਰਜ਼ੀ ਚਲੇ ਜਾਣ, ਉਹ ਆਪਣੀ ਫਿਤਰਤ ਵਿੱਚੋਂ ਮਿਹਨਤ ਅਤੇ ਮੁਹੱਬਤ ਨੂੰ ਕਦੀ ਮਨਫ਼ੀ ਨਹੀਂ ਹੋਣ ਦਿੰਦੇ ਹਨ, ਜਿਸ ਕਰਕੇ ਉਹ ਹਰੇਕ ਮੁਲਕ ਵਿੱਚ ਚੋਖਾ ਨਾਮਣਾ ਖੱਟਦੇ ਹਨ। ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦਾ ਈਸ਼ ਸੋਢੀ ਨਿਊਜ਼ੀਲੈਂਡ ਦੀ ਕੌਮੀ ਕ੍ਰਿਕਟ ਟੀਮ ਦਾ ਖਿਡਾਰੀ ਬਣ ਚੁੱਕਾ ਹੈ ਤੇ ਸਰਵਸ੍ਰੀ ਕੰਵਲਜੀਤ ਸਿੰਘ ਬਖ਼ਸ਼ੀ, ਪਰਮਜੀਤ ਪਰਮਾਰ ਅਤੇ ਖੜਗ ਸਿੰਘ ਸਮੇਤ ਕੁਝ ਹੋਰ ਪੰਜਾਬੀ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਆਪਣੀ ਪੈਂਠ ਬਣਾ ਕੇ ਸੰਸਦ ਤੱਕ ਪੁੱਜਣ ‘ਚ ਸਫ਼ਲ ਹੋ ਚੁੱਕੇ ਹਨ ਜਾਂ ਸੰਸਦ ਮੈਂਬਰੀ ਲਈ ਚੋਣ ਲੜ ਚੁੱਕੇ ਹਨ। ਸ. ਕੰਵਲਜੀਤ ਸਿੰਘ ਬਖ਼ਸ਼ੀ ਤਾਂ ਸਾਲ 2001 ਵਿੱਚ ਦਿੱਲੀ ਤੋਂ ਨਿਊਜ਼ੀਲੈਂਡ ਆਏ ਸਨ ਤੇ ਸਾਲ 2008 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਉਪਰੰਤ ਸੰਨ 2020 ਤੱਕ ਤਿੰਨ ਵਾਰ ਲਗਾਤਾਰ ਸੰਸਦ ਮੈਂਬਰ ਚੁਣੇ ਜਾਂਦੇ ਰਹੇ ਸਨ। ਸ. ਬਖ਼ਸ਼ੀ ਨੂੰ ਸਾਲ 2011 ਵਿੱਚ ਭਾਰਤ-ਨਿਊਜ਼ੀਲੈਂਡ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਨ੍ਹ ਕੀ ਨਾਲ ਭਾਰਤ ਦੇ ਦੌਰੇ ’ਤੇ ਆਉਣ ਦਾ ਸੁਭਾਗ ਵੀ ਹਾਸਿਲ ਹੋਇਆ ਸੀ ਤੇ ਸੰਨ 2015 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਰਵਾਸੀ ਭਾਰਤੀ ਸਨਮਾਨ ਪੁਰਸਕਾਰ’ ਨਾਲ ਨਿਵਾਜਿਆ ਸੀ।
ਇਸੇ ਤਰ੍ਹਾਂ ਭਾਰਤੀ ਮੂਲ ਦੀ ਪਰਮਜੀਤ ਪਰਮਾਰ ਵੀ ਭਾਰਤੀ ਹਵਾਈ ਫ਼ੌਜ ਦੇ ਇੱਕ ਅਧਿਕਾਰੀ ਦੀ ਧੀ ਹੈ ਤੇ ਸੰਨ 1995 ਵਿੱਚ ਉਹ ਨਿਊਜ਼ੀਲੈਂਡ ਆ ਗਈ ਸੀ। ਉਸ ਨੇ ਇਥੇ ਆ ਕੇ ‘ਨਿਊਰੋ ਸਾਇੰਸ’ ਵਿਸ਼ੇ ਵਿੱਚ ਪੀਐਚ.ਡੀ. ਕੀਤੀ ਤੇ ਬਤੌਰ ਵਿਗਿਆਨੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਚਲੰਤ ਮਾਮਲਿਆਂ ਸਬੰਧੀ ਰੇਡੀਓ ’ਤੇ ਚਰਚਾ ਕਰਨ ਦਾ ਸ਼ੌਕ ਹੈ ਤੇ ਉਹ ‘ਰੇਡੀਓ ਤਰਾਨਾ’ ਉਤੇ ਕਈ ਪ੍ਰੋਗਰਾਮ ਬਤੌਰ ਮੇਜ਼ਬਾਨ ਕਰਦੀ ਰਹੀ ਹੈ। ਉਸ ਨੂੰ ਨਿਊਜ਼ੀਲੈਂਡ ਦੇ ਦੋ ਪ੍ਰਧਾਨ ਮੰਤਰੀਆਂ- ਸ੍ਰੀਮਤੀ ਹੈਲਨ ਕਲਾਰਕ ਅਤੇ ਸ੍ਰੀ ਜੌਨ੍ਹ ਕੀ ਨਾਲ ਭਾਰਤ ਦੇ ਦੌਰੇ ’ਤੇ ਬਤੌਰ ਪੱਤਰਕਾਰ ਆਉਣ ਦਾ ਮੌਕਾ ਵੀ ਮਿਲ ਚੁੱਕਾ ਹੈ ਤੇ ਸੰਨ 2012 ਤੋਂ ਬਾਅਦ ਉਹ ਨਿਊਜ਼ੀਲੈਂਡ ਦੀ ਸਿਆਸਤ ਵਿੱਚ ਸਰਗਰਮ ਹੋ ਗਈ ਸੀ। ਉਹ ਸਾਲ 2014 ਅਤੇ 2017 ਵਿੱਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਕਤੂਬਰ 2023 ਵਿੱਚ ਇੱਕ ਵਾਰ ਫਿਰ ਸੰਸਦ ਮੈਂਬਰ ਚੁਣੇ ਜਾਣ ਵਿੱਚ ਕਾਮਯਾਬ ਰਹੀ ਹੈ। ਸ. ਰਵਿੰਦਰ ਸਿੰਘ ਪਰਮਾਰ ਉਸ ਦੇ ਪਤੀ ਹਨ ਤੇ ਹੁਣ ਉਹ ਦੋ ਬੱਚਿਆਂ ਦੀ ਮਾਂ ਵੀ ਹੈ।
ਸ. ਭੁਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਕ੍ਰਮਵਾਰ ਆਕਲੈਂਡ ਕ੍ਰਿਕ੍ਰਟ ਟੀਮ ਤੇ ਕੈਂਟਰਬਰੀ ਵਿਜ਼ਰਡਜ਼ ਨਾਮਕ ਟੀਮਾਂ ਦੇ ਮਹੱਤਵਪੂਰਨ ਖਿਡਾਰੀਆਂ ਵਜੋਂ ਆਪਣੀਆਂ ਭੂਮਿਕਾਵਾਂ ਅਦਾ ਕਰ ਚੁਕੇ ਹਨ। ਮਾਣਯੋਗ ਸੁੱਖੀ ਟਰਨਰ (ਸੁਖਵਿੰਦਰ ਕੌਰ ਟਰਨਰ) ਨੂੰ ਤਾਂ ਨਿਊਜ਼ੀਲੈਂਡ ਦੇ ਅਹਿਮ ਸ਼ਹਿਰ ‘ਡਿਊਨਡਿਨ’ ਦਾ ਮੇਅਰ ਹੋਣ ਦਾ ਸਰਫ਼ ਵੀ ਹਾਸਿਲ ਹੋ ਚੁਕਾ ਹੈ। ਕਿੰਨੇ ਫ਼ਖ਼ਰ ਦੀ ਗੱਲ ਹੈ ਕਿ ਸੁੱਖੀ ਟਰਨਰ ਇਸ ਅਹੁਦੇ ਲਈ ਸੰਨ 1995 ਵਿੱਚ ਚੁਣੀ ਗਈ ਸੀ ਤੇ ਸੰਨ 2004 ਵਿੱਚ ਆਪਣੀ ਸੇਵਾ-ਮੁਕਤੀ ਤੱਕ ਉਹ ਇਸ ਅਹੁਦੇ ’ਤੇ ਸੁਭਾਇਮਾਨ ਰਹੀ ਸੀ। ਜ਼ਿਕਰਯੋਗ ਹੈ ਕਿ ਸੁੱਖੀ ਟਰਨਰ ਦਾ ਜਨਮ 13 ਅਪ੍ਰੈਲ 1952 ਨੂੰ ਲੁਧਿਆਣਾ ਵਿਖੇ ਵੱਸਦੇ ਸਕੁਆਰਡਨ ਲੀਡਰ ਸ. ਜਸਬੀਰ ਸਿੰਘ ਗਿੱਲ ਦੇ ਘਰ ਸ੍ਰੀਮਤੀ ਪ੍ਰੇਮਜੀਤ ਕੌਰ ਦੀ ਕੁੱਖੋਂ ਹੋਇਆ ਸੀ। ਉਸ ਦਾ ਵਿਆਹ ਸੰਨ 1973 ਵਿੱਚ ਨਿਊਜ਼ਲੈਂਡ ਕ੍ਰਿਕਟ ਟੀਮ ਦੇ ਨਾਮਵਰ ਖਿਡਾਰੀ ਗਲੈਨ ਟਰਨਰ ਨਾਲ ਹੋਇਆ ਸੀ।
ਨਿਊਜ਼ੀਲੈਂਡ ਦੇ ਵੱਖ-ਵੱਖ ਖਿੱਤਿਆਂ ‘ਚ ਵੱਸਦੇ ਪੰਜਾਬੀਆਂ ਦੀ ਸੰਖਿਆ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਾਲ 2018 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਪੰਜਾਬੀ (23,382) ਆਕਲੈਂਡ ਵਿਖੇ ਵੱਸਦੇ ਹਨ, ਜਦਕਿ ਤਾਸਮਨ ਵਿਖੇ ਵੱਸਦੇ ਪੰਜਾਬੀਆਂ ਦੀ ਸੰਖਿਆ ਕੇਵਲ 51 ਸੀ ਤੇ ਸਭ ਤੋਂ ਘੱਟ ਪੰਜਾਬੀਆਂ ਦੀ ਕੁੱਲ ਵੱਸੋਂ 33 ਸੀ, ਜੋ ਕਿ ‘ਵੈਸਟ ਕੋਸਟ’ ਇਲਾਕੇ ਵਿੱਚ ਵੱਸਦੀ ਸੀ।
______________________
ਨਿਊਜ਼ੀਲੈਂਡ ਪਰਵਾਸ ਕਰਨ ਵਾਲੇ ਪਹਿਲੇ ਪੰਜਾਬੀਆਂ ਵਿੱਚ ਸ. ਗੇਂਦਾ ਸਿੰਘ ਵੀ ਸ਼ੁਮਾਰ ਸਨ। ਉਹ 14 ਸਾਲ ਦੀ ਉਮਰ ਵਿੱਚ ਅਨਾਥ ਹੋ ਗਏ ਸਨ, ਪਰ ਅਖੀਰ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹਿੰਮਤ ਅਤੇ ਸਖ਼ਤ ਮਿਹਨਤ ਨਾਲ ਆਪਣੇ ਵਾਰਿਸਾਂ ਲਈ ਨਿਰੰਤਰ ਪ੍ਰੇਰਨਾ ਸਰੋਤ ਬਣੇ ਰਹੇ। ਗੇਂਦਾ ਸਿੰਘ ਦਾ ਵੱਡਾ ਪਰਿਵਾਰ ਹੈ, ਜੋ ਨਿਊਜ਼ੀਲੈਂਡ ਤੋਂ ਇਲਾਵਾ ਕੈਨੇਡਾ, ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਭਾਰਤ ਵਿੱਚ ਰਹਿੰਦਾ ਹੈ। ਸਾਰਿਆਂ ਨੂੰ ਇਸ ਦਲੇਰ ਅਤੇ ਨਿਰਸੁਆਰਥ ਵਿਅਕਤੀ `ਤੇ ਮਾਣ ਹੈ, ਜਿਸ ਨੇ ਆਪਣੇ ਪਰਿਵਾਰ ਲਈ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਆਪਣਾ ਘਰ ਛੱਡ ਕੇ ਬਹੁਤ ਦੁੱਖ ਝੱਲੇ।
1905 ਵਿੱਚ, 17 ਸਾਲ ਦੀ ਉਮਰ ਵਿੱਚ ਗੇਂਦਾ ਸਿੰਘ ਮੱਧ ਪੂਰਬ ਅਤੇ ਯੂਰਪ ਦੇ ਆਲੇ-ਦੁਆਲੇ ਮਿਹਨਤ ਕਰਦਾ ਰਿਹਾ। ਗੇਂਦਾ ਸਿੰਘ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਬਹੁਤੇ ਦੇਸ਼ਾਂ ਨੇ ਵਿਦੇਸ਼ੀਆਂ ਨੂੰ ਛੇ ਮਹੀਨਿਆਂ ਤੋਂ ਵੱਧ ਸਮਾਂ ਰਹਿਣ ਦੀ ਇਜਾਜ਼ਤ ਨਾ ਦਿੱਤੀ। ਆਪਣੀ ਯਾਤਰਾ ਦੌਰਾਨ ਗੇਂਦਾ ਨੇ ਸੁਣਿਆ ਕਿ ਨਿਊਜ਼ੀਲੈਂਡ ਵਿੱਚ ਜੇ ਤੁਸੀਂ ਅੰਗਰੇਜ਼ੀ ਵਿੱਚ ਆਗਮਨ ਫਾਰਮ ਭਰ ਸਕਦੇ ਹੋ ਤਾਂ ਤੁਹਾਨੂੰ ਇੱਕ ਸਥਾਈ ਨਿਵਾਸੀ ਵੀਜ਼ਾ ਦਿੱਤਾ ਜਾਂਦਾ ਹੈ।
ਗੇਂਦਾ ਸਿੰਘ ਫਿਜੀ ਰਾਹੀਂ ਨਿਊਜ਼ੀਲੈਂਡ ਵਿੱਚ ਆਉਣ ਵਾਲਾ ਪਹਿਲਾ ਪੰਜਾਬੀ ਸੀ। ਕਰੀਬ ਪੰਜ ਸਾਲ ਉਸ ਨੇ ਵਾਂਗਾਨੁਈ ਖੇਤਰ ਵਿੱਚ ਇੱਕ ਸਕਰਬ ਕਟਰ ਅਤੇ ਖੇਤ ਮਜ਼ਦੂਰ ਵਜੋਂ ਕੰਮ ਕੀਤਾ। 1917 ਵਿਚ ਉਹ ਵਿਆਹ ਕਰਨ ਲਈ ਭਾਰਤ ਵਾਪਸ ਪਰਤਿਆ। ਆਪਣੀ ਮਿਹਨਤ ਦੀ ਕਮਾਈ ਨਾਲ ਉਸ ਨੇ ਆਪਣੇ ਪਿੰਡ ਗੋਵਿੰਦਪੁਰ ਵਿੱਚ ਪਹਿਲਾ ਇੱਟਾਂ ਦਾ ਘਰ ਬਣਾਇਆ। ਉਸ ਨੇ ਖੇਤੀਬਾੜੀ ਜ਼ਮੀਨ ਵੀ ਖਰੀਦੀ ਅਤੇ ਦੋ ਲੜਕਿਆਂ ਤੇ ਦੋ ਲੜਕੀਆਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ।
1952 ਤੱਕ ਗੇਂਦਾ ਸਿੰਘ ਅਤੇ ਉਸ ਦੇ ਪੁੱਤਰ ਚੰਨਣ ਸਿੰਘ ਨੇ ਖੇਤ ਖਰੀਦਣ ਦੇ ਆਪਣੇ ਜੀਵਨ ਭਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਾਫ਼ੀ ਪੈਸਾ ਬਚਾ ਲਿਆ ਸੀ। ਉਨ੍ਹਾਂ ਨੇ ਵਾਂਗਾਨੁਈ ਦੇ ਬਾਹਰਵਾਰ 250 ਏਕੜ ਅਣਗੌਲੇ ਖੇਤ ਖਰੀਦੇ, ਜੋ ਲਗਭਗ ਪੂਰੀ ਤਰ੍ਹਾਂ ਗੋਰਸ ਅਤੇ ਝਾੜੀਆਂ ਵਿੱਚ ਢਕੇ ਹੋਏ ਸਨ। ਉਹ ਉਨ੍ਹਾਂ ਲਈ ਇੱਕ ਹੋਰ ਚੁਣੌਤੀ ਸੀ। ਗੇਂਦਾ ਸਿੰਘ ਨੇ ਇਸ ਫਾਰਮ `ਤੇ ਕੰਮ ਕੀਤਾ ਅਤੇ ਫੈਸਲਾ ਕੀਤਾ ਕਿ ਜਦੋਂ ਉਹ 70 ਸਾਲ ਦਾ ਹੋ ਗਿਆ ਤਾਂ ਉਹ ਰਿਟਾਇਰ ਹੋਣ ਲਈ ਭਾਰਤ ਵਾਪਸ ਆ ਜਾਵੇਗਾ, ਪਰ ਅਫ਼ਸੋਸ ਦੀ ਗੱਲ ਹੈ ਕਿ 1958 ਵਿੱਚ ਉਸ ਦੇ 70ਵੇਂ ਜਨਮ ਦਿਨ ਤੋਂ ਦੋ ਹਫ਼ਤੇ ਪਹਿਲਾਂ ਗੇਂਦਾ ਸਿੰਘ ਦਾ ਦਿਹਾਂਤ ਹੋ ਗਿਆ।