ਪਾਕਿ ਚੋਣ ਦ੍ਰਿਸ਼: ਸੱਪਾਂ-ਸ਼ੇਰਾਂ ਦੋਸਤੀ, ਰੱਖ ਸਕਦੇ ਨਾ ਕਮਜ਼ੋਰ

ਸਿਆਸੀ ਹਲਚਲ ਖਬਰਾਂ

ਜੇ.ਐਸ. ਮਾਂਗਟ
ਭਾਵੇਂ ਕ੍ਰਿਕਟ ਦੀ ਖੇਡ ਕਰਕੇ ਹੋਵੇ ਜਾਂ ਆਪਣੀ ਨਿੱਜੀ ਜ਼ਿੰਦਗੀ ਕਰਕੇ, ਜਾਂ ਆਪਣੀ ਸਿਆਸਤ ਕਾਰਨ, ਇਮਾਰਨ ਖਾਨ ਪਿਛਲੇ 40-45 ਸਾਲਾਂ ਤੋਂ ਪਾਕਿਸਤਾਨ ਵਿੱਚ ਦੰਦ ਕਥਾ ਬਣਿਆ ਰਿਹਾ ਹੈ। ਉਸ ਨੇ ਕਈ ਵਿਆਹ ਕਰਵਾਏ, ਕਈ ਤੋੜੇ। ਮੁਸ਼ਕਿਲ ਰਾਹੀ ਨਾਲ ਕਮਜ਼ੋਰ ਆਸ਼ਕ ਕਿੰਨੀ ਦੇਰ ਤੁਰ ਸਕਦੇ ਸਨ? ਕਹਿੰਦੇ ਹਨ, ਇਟਲੀ ਦੀ ਇੱਕ ਗੋਰੀ ਨਾਲ ਉਸ ਦੀ ਦੋਸਤੀ ਵੀ ਰਹੀ, ਉਨ੍ਹਾਂ ਦੇ ਰਿਸ਼ਤੇ ਵਿੱਚੋਂ ਇੱਕ ਲੜਕੀ ਨੇ ਵੀ ਜਨਮ ਲਿਆ, ਪਰ ਇਮਰਾਨ ਨੇ ਉਸ ਨੂੰ ਅਪਨਾਇਆ ਨਹੀਂ। 1987-88 ਵਿੱਚ ਉਸ ਦੀ ਇਸ ਇਟੈਲੀਅਨ ਗੋਰੀ ਸੀਤਾ ਵਾਈਟ ਨਾਲ ਲੰਡਨ ਵਿੱਚ ਮੁਲਾਕਾਤ ਹੋਈ ਸੀ।

ਸੀਤਾ ਸ਼ਾਦੀ ਸ਼ੁਦਾ ਸੀ। ਉਹਨੇ ਇਮਰਾਨ ਨੂੰ ਦੱਸਿਆ ਵੀ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ; ਪਰ ਦਸਦੇ ਹਨ, ਇਮਰਾਨ ਮੁੰਡਾ ਚਾਹੁੰਦਾ ਸੀ। ਉਸ ਨੇ ਸਕੈਨ ਕਰਵਾਈ ਤਾਂ ਸੀਤਾ ਦੇ ਕੁੱਖ ਵਿੱਚ ਬੇਟੀ ਸੀ। ਇਮਰਾਨ ਨੇ ਗਰਭਪਾਤ ਕਰਵਾਉਣ ਲਈ ਕਿਹਾ, ਪਰ ਸੀਤਾ ਨੇ ਬੱਚਾ ਜੰਮਣ ਦਾ ਫੈਸਲਾ ਕਰ ਲਿਆ। ਇਮਰਾਨ ਉਸ ਨੂੰ ਛੱਡ ਕੇ ਤੁਰ ਗਿਆ। ਸੀਤਾ ਵਾਈਟ ਕੈਲੀਫੋਰਨੀਆ ਦੀ ਇੱਕ ਅਦਾਲਤ ਵਿੱਚ ਚਲੀ ਗਈ। ਮੁਕੱਦਮੇ ਰਾਹੀਂ ਸਿੱਧ ਹੋ ਗਿਆ ਕਿ ਬੇਟੀ ਇਮਰਾਨ ਦੀ ਹੀ ਹੈ, ਪਰ ਉਸ ਨੇ ਫਿਰ ਵੀ ਨਹੀਂ ਅਪਨਾਈ। ਹਾਲੇ ਵੀ ਨਹੀਂ। ਫਿਰ 1995 ਵਿੱਚ ਇਮਰਾਨ ਨੇ ਬਰਤਾਨੀਆ ਦੀ ਅਰਬਪਤੀ ਗੋਰੀ ਜਮੀਮਾ ਫਾਹ ਲਈ। ਵਿਆਹ ਹੋਇਆ, 9 ਸਾਲ ਰਿਸ਼ਤਾ ਕਾਇਮ ਰਿਹਾ। ਦੋ ਬੇਟਿਆਂ ਨੇ ਜਨਮ ਲਿਆ। ਇਮਰਾਨ ਅੰਦਰ ਸੁੱਤਾ ਪਿਆ ਸਿਆਸੀ ਇਸਲਾਮ ਹੌਲੀ-ਹੌਲੀ ਜਾਗਣ ਲੱਗਾ। ਕੱਟੜ ਮੁਲਾਣਿਆਂ ਵੱਲੋਂ ਜਮੀਮਾ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਊਝਾਂ ਲੱਗਣ ਲੱਗੀਆਂ। ਜਮੀਮਾ ਨੇ ਵੀ ਇਮਰਾਨ ਤੇ ਉਸ ਦੇ ਪਾਕਿਸਤਾਨ ਨੂੰ ਅਲਵਿਦਾ ਆਖਣ ਦਾ ਫੈਸਲਾ ਕਰ ਲਿਆ। ਫਿਰ ਇੱਕ ਛੁੱਟੜ ਜਨਾਨੀ ਨਾਲ ਉਹਨੇ ਫਿਰ ਨਿਕਾਹ ਕਰਵਾਇਆ, ਪਰ ਕੁਝ ਮਹੀਨੇ ਹੀ ਚੱਲ ਸਕਿਆ। ਉਹਨੇ ਪੰਜਾਬੀ ਬਜ਼ੁਰਗਾਂ ਦਾ ਇਹ ਨਿਚੋੜ ਸੱਚ ਕਰ ਵਿਖਾਇਆ, ਬਈ ‘ਸੱਪਾਂ-ਸ਼ੇਰਾਂ ਦੋਸਤੀ, ਰੱਖ ਸਕਦੇ ਨਾ ਕਮਜ਼ੋਰ।’ ਆਖਰ ਪੰਜਾਬਣ ਸ਼ੀਹਣੀ ਬੀਬੀ ਬੁਸ਼ਰਾਂ ਇਮਰਾਨ ਦੇ ਲੜ ਲੱਗੀ, ਜਿਹੜੀ ਉਸ ਵਾਂਗੂੰ ਹੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਜੇਲ੍ਹ ਅੰਦਰ ਭੇਜ ਦਿੱਤਾ, ਘਰਵਾਲੀ ਵੀ ਮਗਰੇ ਅੰਦਰ ਧੱਕ ਦਿੱਤੀ।
ਪਿਛਲੇ ਕੁੱਲ ਸਮੇਂ ਵਿੱਚ ਪਾਕਿਸਤਾਨੀ ਸੱਤਾ ਦੀ ਰੀੜ ਦੀ ਹੱਡੀ ਫੌਜ ਰਹੀ ਹੈ, ਜਮਹੂਰੀਅਤ ਬਰਾਏ ਨਾਮ। ਉਹੋ ਲੀਡਰ ਸੱਤਾ ਵਿੱਚ ਰਹਿ ਸਕਦੇ, ਜਿਨ੍ਹਾਂ ‘ਤੇ ਫੌਜ ਮੇਹਰਬਾਨ ਹੋਵੇ। ਨਹੀਂ ਤਾਂ ਤਖਤੇ ਪਲਟ ਜਾਂਦੇ। ਲੀਡਰ ਕਤਲ ਹੋ ਜਾਂਦੇ, ਜੇਲ੍ਹੀਂ ਪੈਂਦੇ ਜਾਂ ਜਲਾਵਤਨ ਹੁੰਦੇ। ਜਨਰਲ ਮੁਸ਼ਰਫ ਹਾਲੇ ਵੀ ਜਲਾਵਤਨੀ ਕੱਟ ਰਿਹਾ, ਪਰ ਇਹ ਇਮਰਾਨ ਦਾ ਹੀ ਕ੍ਰਿਸ਼ਮਾ ਹੈ, ਜਿਹੜਾ ਜੇਲ੍ਹ ਵਿੱਚੋਂ ਵੀ ਆਪਣਾ ਜ਼ੋਰ ਚਲਾ ਗਿਆ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਸਾਰੇ ਉਸ ਨੂੰ ਬੀਤੇ ਦੀ ਬਾਤ ਸਮਝ ਰਹੇ ਸਨ, ਪਰ ਨਤੀਜੇ ਆਏ ਤਾਂ ਉਸ ਨੇ ਪਾਕਿਸਤਾਨ ਦੇ ਸਿਆਸੀ ਅਖਾੜੇ ਵਿੱਚ ਸੇਹ ਦਾ ਤੱਕਲਾ ਗੱਡ ਦਿੱਤਾ। ਉਸ ਦੇ ਸਾਥੀਆਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜੀ। 101 ਸੀਟਾਂ ਜਿੱਤ ਗਏ। ਸੱਤਾ ਦੀ ਛਤਰਛਾਇਆ ਭੋਗ ਰਹੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਨੂੰ 75 ਸੀਟਾਂ ਮਿਲੀਆਂ। ਪਾਕਿਸਤਾਨ ਪੀਪਲ ਪਾਰਟੀ (ਪੀ.ਪੀ.ਪੀ.) ਨੂੰ ਸਿਰਫ 54 ਸੀਟਾਂ ਮਿਲੀਆਂ ਹਨ। ਨਤੀਜਿਆਂ ਤੋਂ ਬਾਅਦ ਇਮਰਾਨ ਬਾਗੋ-ਬਾਗ ਨਜ਼ਰ ਆਇਆ। ਬੁਝੇ ਚਿਹਰੇ `ਤੇ ਨੂਰ ਦਮਕਣ ਲੱਗਾ। ਉਸ ਨੇ ਪਾਕਿਸਤਾਨੀ ਆਵਾਮ ਦੇ ਨਾਂ ਇੱਕ ਸੁਨੇਹੇ ਵਿੱਚ ਕਿਹਾ ਕਿ ‘ਮੈਂ ਤੁਹਾਡਾ ਰਿਣੀਂ ਹਾਂ, ਜਿਨ੍ਹਾਂ ਮੈਨੂੰ ਜੇਲ੍ਹ ਵਿੱਚ ਬੈਠੇ ਨੂੰ ਵੀ ਇਡੀ ਵੱਡੀ ਵਡਿਆਈ ਬਖਸ਼ੀ।’
ਨਵਾਜ਼ ਸ਼ਰੀਫ ਨੇ ਧਿੰਗਾਣੇ ਹੀ ਜਿੱਤ ਦਾ ਐਲਾਨ ਕਰ ਦਿੱਤਾ। ਜਰਦਾਰੀ ਨਾਲ ਗੱਲ ਤੋਰੀ ਤਾਂ ਅਗਲਿਆਂ ਪ੍ਰਧਾਨ ਮੰਤਰੀ ਦਾ ਅਹੁਦਾ ਮੰਗ ਲਿਆ। ਕਈ ਕੁਝ ਹੋਰ। ਬਈ ਕਿੰਗ ਮੇਕਰ ਜਿਉਂ ਹੋਏ। ਐਮ.ਕਿਊ.ਐਮ. ਨਾਲ ਸੁਲਾਹ ਮਾਰ ਰਿਹਾ, ਹੋਰ ਛੋਟੀਆਂ ਪਾਰਟੀਆਂ ਨੂੰ ਸਰਕਾਰ ਬਣਾਉਣ ਦੇ ਸੱਦੇ ਦੇ ਰਿਹਾ ਨਵਾਜ਼। ਆਜ਼ਾਦ ਉਮੀਦਵਾਰਾਂ ਨੂੰ ਲਲਚਾਉਣ ਦਾ ਯਤਨ ਕਰ ਰਿਹਾ, ਪਰ ਹਾਲੇ ਕੋਈ ਗੱਲ ਬਣ ਨਹੀਂ ਰਹੀ। ਦਲ ਬਦਲੀਆਂ ਦਾ ਰਿਵਾਜ਼ ਹਾਲੇ ਪਾਕਿਸਤਾਨ ਵਿੱਚ ਸ਼ਾਇਦ ਏਨਾ ਭੈੜਾ ਨਹੀਂ, ਜਿਨਾ ਇਹ ਸਾਡੀ ਪਿਆਰੀ ਜਮਹੂਰੀਅਤ ਵਿੱਚ ਨਿਰਲੱਜ ਹੋ ਗਿਆ ਹੈ। ਇਮਰਾਨ ਪਾਕਿਸਤਾਨੀ ਫੌਜ ਦਾ ਸਕਾ ਬਣ ਕੇ ਸੱਤਾ ਵਿੱਚ ਆਇਆ ਸੀ, ਪਰ ਸੱਤਬਿਗਾਨਾ ਹੋ ਕੇ ਬਾਹਰ ਗਿਆ। ਹੁਣ ਫੌਜ ਨਾਲ ਯਾਰੀ ਨਵਾਜ਼ ਸ਼ਰੀਫ ਦੀ ਹੈ। ਕਦੀ ਇਹ ਇਸ ਤੋਂ ਉਲਟ ਹੁੰਦਾ ਸੀ। ਅਸਲ ਪਤੇ ਦੀ ਗੱਲ ਇਹ ਕਿ ਪਾਕਿਸਤਾਨੀ ਰਾਜਨੀਤਿਕ ਦ੍ਰਿਸ਼ ਫੌਜਸ਼ਾਹੀ ਦੇ ਹੱਥੋਂ ਨਿਕਲ ਕੇ ਸਿਵਲ ਸਪੇਸ ਗ੍ਰਹਿਣ ਕਰ ਰਿਹਾ ਹੈ; ਜਦਕਿ ਭਾਰਤ ਵਿੱਚ ਇਸ ਤੋਂ ਉਲਟ ਸਿਵਲ ਸਪੇਸ ਸੁੰਗੜ ਰਹੀ ਹੈ। ਸਵਾਲ ਸਿਮਟ ਰਹੇ ਹਨ। ਗੂੜ੍ਹੇ ਧਾਰਮਿਕ ਲਬਾਦੇ ਵਿੱਚ ਫੌਜੀਕਰਣ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਹਨ।
ਪਾਕਿਸਤਾਨੀ ਆਵਾਮ ਜਮਹੂਰੀਅਤ ਦਾ ਸਬਕ ਸਿੱਖ ਰਿਹਾ। ਫੌਜੀ ਸਾਹ ਘੁਟਣ ਨੂੰ ਤੋੜ ਕੇ ਸੌਖੇ ਸਾਹ ਲੈਣ ਦੇ ਆਹਰ ਵਿੱਚ ਹੈ; ਪਰ ਦੁਨੀਆਂ ਦੀ ਸਭ ਤੋਂ ਵੱਡੀ ਸਾਡੀ ਜਮਹੂਰੀਅਤ ਉਲਟੇ ਸਫਰ ‘ਤੇ ਹੈ। ਚਲੋ ਹੁਣ ਕੋਈ ਕੰਮ ਦੀ ਗੱਲ ਵੀ ਕਰ ਲਈਏ।
ਪਾਕਿਸਤਾਨ ਅਸੈਂਬਲੀ ਵਿੱਚ 266 ਸੀਟਾਂ ਲਈ ਸਿੱਧੀ ਚੋਣ ਹੁੰਦੀ ਹੈ। ਬਹੁਮੱਤ ਲਈ ਇਨ੍ਹਾਂ ਵਿਚੋਂ 133 ਸੀਟਾਂ ਜਿੱਤਣੀਆਂ ਹੁੰਦੀਆ ਹਨ। 70 ਸੀਟਾਂ ਰਾਖਵੀਆਂ ਹਨ- 60 ਔਰਤਾਂ ਲਈ, 10 ਘੱਟਗਿਣਤੀਆਂ ਲਈ। ਰਾਖਵੀਆਂ ਸੀਟਾਂ, ਜਿੱਤੀਆਂ ਸੀਟਾਂ ਦੇ ਅਨੁਪਾਤ ਵਿੱਚ ਹਰ ਪਾਰਟੀ ਨੂੰ ਵੰਡੀਆਂ ਜਾਂਦੀਆਂ ਹਨ। ਇਸ ਵਾਰ 133 ਸੀਟਾਂ ਦੇ ਲਾਗੇ ਕੋਈ ਪਾਰਟੀ ਵੀ ਨਹੀਂ ਪਹੁੰਚੀ। ਨਵਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਜਰਦਾਰੀ ਮਿਲ ਕੇ ਵੀ ਇੱਥੋਂ ਤੱਕ ਨਹੀਂ ਪੁਜਦੇ। ਛੋਟੀਆਂ ਪਾਰਟੀਆਂ ਦੀ ਵੀ ਚਾਂਦੀ ਬਣ ਰਹੀ ਹੈ। ਮੁਤਾਹਿਦ ਕੌਮੀ ਮੂਵਮੈਂਟ ਨੇ 17 ਸੀਟਾਂ ਜਿੱਤੀਆਂ ਹਨ। ਕੁਝ ਹੋਰ ਛੋਟੀਆਂ ਪਾਰਟੀਆਂ ਦੇ ਵੀ 12 ਉਮੀਦਵਾਰ ਜਿੱਤ ਗਏ ਹਨ। ਮੁਤਾਹਿਦ ਕੌਮੀ ਮੂਵਮੈਂਟ ਨਾਲ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਿਧਾਂਤਕ ਸਹਿਮਤੀ ਬਣ ਗਈ ਦੱਸੀ ਜਾਂਦੀ ਹੈ। ਜੇ ਪਾਕਿਸਤਾਨ ਪੀਪਲ ਪਾਰਟੀ ਨਾਲ ਨਹੀਂ ਆਉਂਦੀ ਤਾਂ ਸ਼ਰੀਫ ਟੱਬਰ ਦੀ ਗੱਲ ਛੋਟੀਆਂ ਪਾਰਟੀਆਂ ਨਾਲ ਵੀ ਨਹੀਂ ਬਣਨੀ। ਆਜ਼ਾਦ ਉਮੀਦਵਾਰਾਂ ਨੂੰ ਭਾਵੇਂ ਇਮਰਾਨ ਦੀ ਹਮਾਇਤ ਹਾਸਲ ਹੈ, ਪਰ ਪਾਰਟੀ ਦੀ ਗੈਰ-ਹਾਜ਼ਰੀ ਵਿੱਚ ਉਸ ਨੂੰ ਰਾਖਵੇਂ ਉਮੀਦਵਾਰਾਂ ਦਾ ਕੋਟਾ ਨਹੀਂ ਮਿਲ ਸਕਦਾ। ਇੰਜ ਪਾਰਟੀਆਂ ਦੇ ਨਜ਼ਰੀਏ ਤੋਂ ਪਾਕਿਸਤਾਨ ਦੇ ਸਿਆਸੀ ਦ੍ਰਿਸ਼ ਉਪਰ ਛੋਟੇ-ਵੱਡੇ ਚਾਰ-ਪੰਜ ਰੰਗ ਉਘੜ ਆਏ ਹਨ, ਜਿਨ੍ਹਾਂ ਵਿੱਚ ਇਮਰਾਨ ਦਾ ਦਿਉ ਕੱਦ ਪ੍ਰਛਾਵਾਂ ਸਾਰਿਆਂ ਨੂੰ ਬੌਣੇ ਕਰ ਰਿਹਾ ਹੈ। ਇਮਰਾਨ ਦੇ ਇੱਕ ਬੁਲਾਰੇ ਨੇ ਕਿਹਾ ਵੀ ਕਿ ਸਾਡੀਆਂ ਵੋਟਾਂ ਨਾਲ ਖੋਹ ਖਿੰਝ ਬੜੀ ਹੋਈ। ਸ਼ੇਰ ਦੇ ਬੱਚੇ ਜੇ ਖੁਲ੍ਹੇ ਹੁੰਦੇ ਤਾਂ ਘੁੱਗੀਆਂ ਘੁਕਾ ਦਿੰਦੇ। ਪੂਰਨ ਬਹੁਮੱਤ ਜਿੱਤਦੇ।
ਚੋਣ ਨਤੀਜਿਆਂ `ਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਕਿਹਾ ਕਿ ਵੋਟਰਾਂ, ਖਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਨੇ ਨਾ ਸਿਰਫ ਬੋਲ ਕੇ, ਸਗੋਂ ਉੱਚੀ ਆਵਾਜ਼ ਵਿੱਚ ਆਪਣੀ ਮਰਜ਼ੀ ਦੱਸ ਦਿੱਤੀ ਹੈ। ਇਸੇ ਦੌਰਾਨ ਇਹ ਵੀ ਖਬਰਾਂ ਹਨ ਕਿ ਚੋਣ ਧਾਂਦਲੀਆਂ ਬਾਰੇ ਪਟੀਸ਼ਨਾਂ ਦਾ ਪਾਕਿਸਤਾਨ ਦੀਆਂ ਅਦਾਲਤਾਂ ਵਿੱਚ ਹੜ੍ਹ ਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਗਿਣਤੀ ਆਜ਼ਾਦ ਉਮੀਦਵਾਰ ਦੀਆਂ ਹਨ, ਜਿਨ੍ਹਾਂ ਨੂੰ ਇਮਰਾਨ ਦੀ ਪਾਰਟੀ ਦੀ ਹਮਾਇਤ ਪ੍ਰਾਪਤ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਮਰਾਨ ਪੱਖੀ ਉਮੀਦਵਾਰਾਂ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ। ਫਿਰ ਵੀ ਉਹ ਬਾਕੀਆਂ ਦੇ ਸਿਰ ਉੱਤੋਂ ਦੀ ਲੱਤ ਫੇਰ ਗਏ ਹਨ। ਹਾਲੇ ਵੀ ਪਾਕਿਸਤਾਨੀ ਫੌਜ ਕਿਸੇ ਜੋੜ-ਤੋੜ ਜ਼ਰੀਏ ਸ਼ਰੀਫ ਕੋੜਮੇ ਨੂੰ ਗੱਦੀ ‘ਤੇ ਬਿਠਾਉਣ ਦਾ ਯਤਨ ਕਰੇਗੀ। ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਵੱਡੇ ਜਨਤਕ ਵਿਰੋਧ ਅਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਲੀਸ਼ਨ ਸਰਕਾਰ ਦੇ ਦੌਰ ਵਿੱਚ ਪਾਕਿਸਤਾਨ ਵਿੱਚ ਮੁਕਾਬਲਤਨ ਰਹਿਣ ਵਾਲੀ ਅਸਥਿਰਤਾ ਦੇਸ਼ ਦੀ ਮਾੜੀ ਆਰਥਿਕ ਸਥਿਤੀ ਨੂੰ ਹੋਰ ਨੀਵੇਂ ਰੁਖ ਪ੍ਰਭਾਵਤ ਕਰੇਗੀ। ਜਿਵੇਂ ਕਿ ਪਾਕਿਸਤਾਨ ਵਿੱਚ ਕਿਸੇ ਵੇਲੇ ਰਾਜਦੂਤ ਰਹੇ ਟੀ.ਸੀ.ਏ. ਰਾਘਵਨ ਨੇ ਕਿਹਾ, ਇਹ ਨਹੀਂ ਕਿ ਇਮਰਾਨ ਖਾਨ ਦੇ ਦੌਰ ਵਾਲੇ ਪਾਕਿਸਤਾਨ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਬੇਹਤਰ ਹੋਈ, ਪਰ ਜਦੋਂ ਉਸ ਨੂੰ ਲਾਹਿਆ ਗਿਆ ਤਾਂ ਉਸ ਦੀ ਪਾਰਟੀ ਨੇ ਇੱਕ ਰਜ਼ਿਸਟੈਂਸ ਦਿੱਤੀ ਅਤੇ ਆਪਣੇ ਖਿਲਾਫ ਵਿਦੇਸ਼ੀ (ਅਮਰੀਕਾ ਵੱਲ ਸੰਕੇਤ) ਸਾਜਿਸ਼ ਹੋਣ ਦਾ ਸਫਲ ਨੈਰੇਟਿਵ ਉਭਾਰਿਆ। ਇਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ। ਯਾਦ ਰਹੇ, ਇਮਰਾਨ ਦੇ ਦੌਰ ਵਿੱਚ ਪਾਕਿਸਤਾਨ ਆਪਣੇ ਆਰਥਿਕ ਵਿਕਾਸ ਲਈ ਚੀਨ ਵੱਲ ਵਧੇਰੇ ਝੁਕ ਰਿਹਾ ਸੀ। ਅਮਰੀਕਾ ਇਸ ਤੋਂ ਖਿਝਦਾ ਸੀ।

Leave a Reply

Your email address will not be published. Required fields are marked *