ਉਰਵਸ਼ੀ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਪੰਜਾਬੀ ਕੋਸ਼ਾਂ ਵਿੱਚ ਉਰਵਸ਼ੀ ਦਾ ਅਰਥ ਉਪਜਾਊ ਧਰਤੀ ਕੀਤਾ ਗਿਆ ਹੈ। ਮਹਾਨ ਕੋਸ਼ ਅਨੁਸਾਰ ਉਰਵਸੀ ਸੰ. ਉਰਵਸ਼ੀ-ਉਰੁ-ਅਸ਼ੑ ਜੋ ਵੱਡਿਆਂ ਨੂੰ ਵਸ਼ ਵਿੱਚ ਕਰਦੀ ਹੈ। ਇੱਛਾ ਖਵਾਹਿਸ਼, ਸੁਰਗ ਦੀ ਇੱਕ ਅਪੱਛਰਾ (ਅਪਸਰਾ) ਜਿਸ ਦਾ ਰਿਗਵੇਦ ਵਿੱਚ ਵਰਣਨ ਮਿਲਦਾ ਹੈ। ਇਹ ਨਾਰਾਯਣ ਦੇ ਉਰੁ (ਪੱਟ) ਤੋਂ ਉਪਜੀ, ਜਿਸ ਕਾਰਨ ਨਾਉਂ ਉਰਵਸੀ ਹੋਇਆ। ਮਹਾਭਾਰਤ ਵਿੱਚ ਲਿਖਿਆ ਹੈ ਕਿ ਮਿਤ੍ਰ ਅਤੇ ਵਰੁਣ ਦਾ ਉਰਵਸੀ ਨੂੰ ਦੇਖ ਕੇ ਵੀਰਯ ਡਿੱਗ ਪਿਆ, ਜਿਸ ਤੋਂ ਅਗਸਿੑਤ ਅਤੇ ਵਸ਼ਿਸ਼ਠ ਰਿਖੀ ਪੈਦਾ ਹੋਏ।

ਇੱਕ ਵਾਰ ਉਰਵਸੀ ਨੇ ਇਨ੍ਹਾਂ ਦੋਹਾਂ ਰਿਖੀਆਂ ਨੂੰ ਗੁੱਸੇ ਕਰ ਦਿੱਤਾ, ਜਿਸ ਪੁਰ ਦੋਹਾਂ ਨੇ ਸਰਾਪ ਦਿੱਤਾ ਕਿ ਉਰਵਸੀ ਪ੍ਰਿਥਿਵੀ ਉਤੇ ਜਨਮ ਕੇ ਰਾਜੇ ਪਰੂਰਵਾ ਦੀ ਇਸਤਰੀ ਹੋਵੇ।
ਨਿਰੁਕਤ ਕੋਸ਼ ਵਿੱਚ ਬਿਜਲੀ ਦਾ ਨਾਉਂ ਭੀ ਉਰਵਸ਼ੀ ਹੈ। ਜੁਗਨੀ, ਧੁਕਧੁਕੀ, ਛਾਤੀ ’ਤੇ ਲਟਕਣ ਵਾਲਾ ਗਹਿਣਾ। ਦਿਲਗੀਰ ਕੋਸ਼ ਅਨੁਸਾਰ– ਪਦਮ ਪੁਰਾਣ ਮੁਤਾਬਕ ਉਰਵਸ਼ੀ ਨਰ ਨਾਰਾਇਣ ਦੇਵਤੇ ਨੇ ਆਪਣੀ ਉਰੑ (ਛਾਤੀ) ਤੋਂ ਪੈਦਾ ਕੀਤੀ ਇੱਕ ਹੋਰ ਰਵਾਇਤ ਅਨੁਸਾਰ ਉਰੂ (ਉਦਰ/ਪੇਟ) ਵਿੱਚੋਂ {ਇਕ ਹੋਰ ਰਵਾਇਤ ਮੁਤਾਬਕ ਪੱਟ ਤੋਂ} ਪੈਦਾ ਹੋਈ, ਜਿਸ ਕਰਕੇ ਉਰਵਸ਼ੀ ਨਾਂ ਪਿਆ। ਉਸ ਨੇ ਇਹ ਇਸ ਕਰਕੇ ਪੈਦਾ ਕੀਤੀ ਤਾਂ ਜੋ ਇੰਦਰ ਨੂੰ ਮੋਹਿਤ ਕਰਕੇ ਉਸ ਦੀ ਤਪੱਸਿਆ ਭੰਗ ਕੀਤੀ ਜਾ ਸਕੇ (ਜਦੋਂ ਇੰਦਰ ਨੂੰ ਮੋਹ ਸਕਣ ਵਿੱਚ ਨਾਕਾਮ ਰਹੀ ਤਾਂ ਮਗਰੋਂ ਰਿਸ਼ੀ ਨੇ ਇੰਦਰ ਨੂੰ ਇਹ ਤੋਹਫ਼ੇ ਵਜੋਂ ਦੇ ਦਿੱਤੀ। ਕਵੀ ਕਾਲੀਦਾਸ ਨੇ ‘ਵਿਕ੍ਰਮੋਰਵਸ਼ੀ’ ਨਾਟਕ ਵਿੱਚ ਚੰਦਰਬੰਸੀ ਰਾਜੇ ਪਰੂਰਵਾ ਤੇ ਉਰਵਸ਼ੀ ਦੇ ਇਸ਼ਕ ਦੀ ਕਹਾਣੀ ਬਿਆਨ ਕੀਤੀ ਹੈ। ਰਮਾਇਣ ਮੁਤਾਬਕ ਇਹ ਰਾਮ ਚੰਦਰ ਦੀ ਵੱਡੀ ਭੈਣ ਰਿਸਿਆਸਰਿੰਗ ਦੀ ਸੱਸ ਸੀ।
ਉਪਜਾਊਪਣ ਜਾਂ ਬਹੁਤ ਕੁਝ ਪੈਦਾ ਕਰਨ ਦੇ ਅਰਥਾਂ ਵਿੱਚ ‘ਉਰਵਰ’ ਸ਼ਬਦ ਆਮ ਪ੍ਰਚਲਤ ਹੈ, ਜਿਸ ਨੂੰ ਫ਼ਾਰਸੀ ਵਿੱਚ ਜਰਖ਼ੇਜ਼ ਕਿਹਾ ਜਾਂਦਾ ਹੈ। ਉਰਵਰ ਬਣਾਉਣ ਦੀ ਕਿਰਿਆ ‘ਉਰਵਰਣ’ ਹੈ ਤੇ ਉਰਵਰ ਹੋਣ ਦੀ ਅਵਸਥਾ ਜਾਂ ਭਾਵ ਹੈ– ‘ਉਰਵਰਤਾ।’ ਧਰਤੀ ਵਿੱਚੋਂ ਅੰਨ ਉਪਜਾਣ ਵਾਲੀ ਜ਼ਮੀਨ ਲਈ ਉਰਵਰਾ ਸ਼ਬਦ ਪ੍ਰਚਲਤ ਹੈ। ਇਹਦਾ ਅਰਥ ਖੇਤੀਬਾੜੀ ਲਈ ਉਪਜਾਊ ਜ਼ਮੀਨ ਵੀ ਹੁੰਦਾ ਹੈ। ਬੰਗਾਲੀ ਵਿੱਚ ਇਹਨੂੰ ‘ਉਰਬੀ’ ਤੇ ਪੂਰਬੀ ਬੋਲੀਆਂ ਵਿੱਚ ‘ਉਰਬ’ ਜਾਂ ‘ਉਰਾ’ ਕਿਹਾ ਜਾਂਦਾ ਹੈ। ਦਿਲ, ਛਾਤੀ, ਮਨ, ਚਿਤ ਲਈ ‘ਉਰ’ ਸ਼ਬਦ ਪ੍ਰਚਲਤ ਹੈ। ਜਾਇਜ਼ ਔਲਾਦ ਲਈ ਹਿੰਦੀ ਵਿੱਚ ‘ਔਰਸ’ ਸ਼ਬਦ ਪ੍ਰਚਲਤ ਹੈ। ਇਨ੍ਹਾਂ ਸਾਰੇ ਸ਼ਬਦਾਂ ਦੇ ਮੂਲ ਵਿੱਚ ਸੰਸਕ੍ਰਿਤ ਦਾ ‘ਉਰਸੑ’ ਸ਼ਬਦ ਹੈ, ਜਿਸਦਾ ਅਰਥ ਹੈ– ਸੀਨਾ, ਛਾਤੀ, ਬਰੈਸਟ, ਸਤਨ, ਹਿਰਦਾ, ਚਿੱਤ ਆਦਿ।
ਮੱਧਕਾਲ ਵਿੱਚ ਔਰਤਾਂ ਦੇ ਨਖਸ਼ਿਖ ਵਰਣਨ ਦਾ ਰਿਵਾਜ ਸੀ। ਜਿਹਾ ਕਿ ਵਾਰਿਸ ਸ਼ਾਹ ਹੀਰ ਦਾ ਨਖਸ਼ਿਖ ਵਰਣਨ ਕਰਦਾ ਲਿਖਦਾ ਹੈ- ‘ਬਾਹਾਂ ਬੇਲਣੇ ਬੇਲੀਆਂ ਗੁੰਨਿ ਮੱਖਣ, ਛਾਤੀ ਸੰਗਮਰਮਰ ਗੰਗਧਾਰ ਵਿੱਚੋਂ। ਛਾਤੀ ਠਾਠ ਦੀ ਉਭਰੀ ਪੱਟ ਖੇਨੂੰ ਸੇਉ ਬਲਖ ਦੇ ਚੁਣੇ ਅੰਬਾਰ ਵਿਚੋਂ’ (55); ਛਾਤੀ, ਸਤਨ, ਉਰਸਿਜ, ਉਰੇਜ ਇਸੇ ਕੜੀ ਦੇ ਸ਼ਬਦ ਹਨ। ਪ੍ਰਿਥਵੀ ਦੇ ਅਰਥਾਂ ਵਿੱਚ ਉਰਵੀ ਦਾ ਅਰਥ ਹੈ– ਚੌੜਾ, ਸਪਾਟ, ਵਿਸ਼ਾਲ ਇਲਾਕਾ। ਡਾ. ਰਾਮ ਵਿਲਾਸ ਸ਼ਰਮਾ ਨੇ ਲਿਖਿਆ ਹੈ ਕਿ ਸੰਸਕ੍ਰਿਤ ਵਿੱਚ ‘ਉਰ’ ਸ਼ਬਦ ਖੇਤ ਲਈ ਨਹੀਂ, ਬਲਕਿ ਉਰਵਰਾ ਖੇਤੀ ਲਾਇਕ ਉਪਜਾਊ ਭੂਮੀ ਲਈ ਹੁੰਦਾ ਹੈ। ਇਸੇ ਉਰ ਤੋਂ ਪ੍ਰਿਥਵੀ ਲਈ ਉਰਵੀ ਸ਼ਬਦ ਬਣਿਆ ਹੈ। ਉਰਵਰਤਾ ਦੀ ਸਕੀਰੀ ਅਮੀਰੀ, ਭਰਪੂਰਤਾ ਨਾਲ ਹੈ।
ਮੋਨੀਅਰ ਵਿਲੀਅਮ ਮੋਨੀਅਰ ਸੰਸਕ੍ਰਿਤ-ਅੰਗਰੇਜ਼ੀ ਕੋਸ਼ ਵਿੱਚ ਲਿਖਦਾ ਹੈ- ਗ੍ਰੀਕ ਭਾਸ਼ਾ ਦਾ ‘ਏਓਰੂਸੑ’ ਸ਼ਬਦ ਏਸੇ ਉਰੂ ਤੋਂ ਬਣਿਆ ਹੈ। ਜਾਨ ਪਲੈਟਸ ਦੇ ਉਰਦੂ-ਹਿੰਦੀ-ਅੰਗਰੇਜ਼ੀ ਕੋਸ਼ ਵਿੱਚ ‘ਉਰੂ’ ਦਾ ਅਰਥ ਚੌੜਾ, ਵਿਸ਼ਾਲ ਕੀਤਾ ਗਿਆ ਹੈ। ਡਾ. ਸ਼ਰਮਾ ਦਾ ਮੱਤ ਹੈ ਕਿ ‘ਉਰੑ’ ਵਰਗੀ ਕੋਈ ਕਿਰਿਆ ਸੰਸਕ੍ਰਿਤ ਵਿੱਚ ਨਹੀਂ ਮਿਲਦੀ। ਉਹ ਇਸ ਸੰਦਰਭ ਵਿੱਚ ਦਰਾਵੜੀ ਭਾਸ਼ਾ ਵਿੱਚੋਂ ਉਦਾਹਰਣਾਂ ਦੇ ਕੇ ਇਹਦੀ ਸਕੀਰੀ ਦਰਾਵੜੀ ਭਾਸ਼ਾਵਾਂ ਨਾਲ ਸਾਬਤ ਕਰਦੇ ਹਨ। ਤਮਿਲ ਵਿੱਚ ਸ਼ਬਦ ਹੈ- ‘ਉਲੁ’ ਜਿਸ ਵਿੱਚ ਜੋਤਣ, ਖੁਰਚਣ ਦੇ ਭਾਵ ਪਏ ਹਨ। ਕਿਸਾਨ ਲਈ ‘ਉਲੁਵਨ’ ਸ਼ਬਦ ਮਿਲਦਾ ਹੈ। ‘ਤੁਲੁ’ ਵਿੱਚ ‘ਡ’ ਲਗ ਕੇ ‘ਉਡੂਨਿ’, ‘ਹੁਡੁਨਿ’ ਬਣ ਜਾਂਦਾ ਹੈ, ਜਿਸ ਵਿੱਚ ਜੋਤਨ ਦੇ ਭਾਵ ਹਨ। ਤਮਿਲ ਵਿੱਚ ‘ਉਲੁ’ ਦਾ ਇੱਕ ਅਰਥ ਅੰਦਰ ਵੀ ਹੈ, ‘ਓਰਈ’ ਦਾ ਅਰਥ ਨਿਵਾਸ ਕੀਤਾ ਜਾਂਦਾ ਹੈ। ਕੰਨੜ ਵਿੱਚ ‘ਉਰੂਵੁ’ ਦਾ ਅਰਥ ਵਿਸ਼ਾਲ ਜਾਂ ਵਿਸਤ੍ਰਿਤ ਹੈ। ਤੁਲੁ ਵਿੱਚ ਉਰਵੀ, ਉਰਬੀ ਦਾ ਅਰਥ ਹੈ– ਵਾਧਾ। ਇਹ ਸਾਰੇ ਸ਼ਬਦ ਉਰਵਰ ਦੇ ਉਪਜਾਊਪਨ, ਵਾਧੇ ਵੱਲ ਇਸ਼ਾਰਾ ਕਰਦੇ ਹਨ।
ਡਾ. ਸ਼ਰਮਾ ਨੇ ਉਰੑ ਜਾਂ ਊਰ ਦੀ ਸਕੀਰੀ ਭਰੋਪੀ ਪੁਰ ਜਾਂ ਪੂਰ ਨਾਲ ਵੀ ਜੋੜੀ ਹੈ, ਜਿਸ ਵਿੱਚ ਆਸਰੇ ਦਾ ਭਾਵ ਹੈ। ਪੁਰ ਜਿਵੇਂ ਕਰਤਾਰਪੁਰ, ਗੁਰਦਾਸਪੁਰ, ਭਗਵਾਨਪੁਰ, ਹੁਸ਼ਿਆਰਪੁਰ, ਭੋਡੀਪੁਰ ਆਦਿ। ਪੁਰ ਦਾ ਮੂਲ ਭਰੋਪੀ ਰੂਪ ਪੋਲ ਹੈ। ਗ੍ਰੀਕ ਵਿੱਚ ਇਹ ‘ਪਾਲਿਸ’ ਹੈ, ਜਿਸਦਾ ਅਰਥ ਹੈ– ਨਗਰ। ਪਾਲਿਤੇਸ ਭਾਵ ਨਾਗਰਿਕ, ਪਾਲਿਤਿਕੋਸ ਭਾਵ ਨਾਗਰਿਕ ਸੰਬੰਧੀ। ਰੂਸੀ ਵਿੱਚ ਇਹੀ ਪੋਲ ਖੇਤੀ ਦੇ ਅਰਥ ਰੱਖਦਾ ਹੈ। ਗਰੀਕ ਵਿੱਚ ਵੀ ‘ਪੋਲੋਸ’ ਉਸ ਜ਼ਮੀਨ ਨੂੰ ਕਹਿੰਦੇ ਹਨ, ਜੋ ਵਾਹੀ ਜਾਂਦੀ ਹੈ। ਸਪਸ਼ਟ ਹੈ ਕਿ ਸੰਸਕ੍ਰਿਤ ਦੇ /ਪ/ ਵਿਅੰਜਣ ਨਾਲ ਜੁੜੀ ਗਤੀ `ਤੇ ਚਲਣ ਦੀ ਕਿਰਿਆ ਨਾਲ ਹੀ ਇਸ ਸ਼ਬਦ ਦੀ ਲੜੀ ਉਭਰਦੀ ਹੈ। ਧਰਤੀ ਨੂੰ ਵਾਹੁਣਾ ਭਾਵ ਚਲਦੇ ਚਲਦੇ ਉਹਦੀ ਸਤਹ ਨੂੰ ਖੁਰਚਣਾ, ਖੋਦਣਾ, ਉਲਟਣਾ, ਪਲਟਣਾ। ਬੁਰਜ, ਬਰਗ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ।
ਸੰਸਕ੍ਰਿਤ ਦਾ ਪੁਰ– ਪਿੰਡ, ਨਗਰ ਵੀ ਹੈ। ਦਰਾਵੜੀ ਭਾਸ਼ਾਵਾਂ ਵਿੱਚ ਏਸੇ ਪੁਰ ਜਾਂ ਪੂਰ ਵਿੱਚ /ਪਓਵ/ ਵਿੱਚ ਬਦਲ ਕੇ ਉਰ ਜਾਂ ਊਰ ਸ਼ਬਦ ਬਣਦੇ ਹਨ। ਤੰਜਾਵਰ ਦਾ ‘ਵੁਰ’ ਇਹਦੀ ਮਿਸਾਲ ਹੈ, ਜਿਸ ਦਾ ਮੂਲ ਅਰਥ ਰਹਿਣਾ ਹੈ। ਸੰਸਕ੍ਰਿਤ ਦੇ ਉਰੂ ਵਿੱਚ ਪੱਟ ਜਾਂ ਛਾਤੀ ਦੇ ਅਰਥ ਵੀ ਪਏ ਹਨ। ਇਹ ਦੋਵੇਂ ਅੰਗ ਵਿਸ਼ਾਲ ਹੁੰਦੇ ਹਨ। ਇਸੇ ਲਈ ਉਰ ਦਾ ਅਰਥ ਛਾਤੀ ਹੈ ਤਾਂ ਉਰੂ ਦਾ ਪੱਟ। ਵਿਸਥਾਰ ਦੇ ਇਸੇ ਭਾਵ ਦੀ ਵਿਆਖਿਆ ਉਰਵੀ ਵਿੱਚ ਹੁੰਦੀ ਹੈ, ਜਿਸ ਦਾ ਅਰਥ ਧਰਤੀ ਹੈ ਤੇ ਇਸ ਦਾ ਅਨੰਤ ਵਿਸਥਾਰ ਹੈ। ਉਰ ਹਿਰਦੇ ਦਾ ਵੀ ਪਰਿਆਏਵਾਚੀ ਹੈ, ਆਸਰੇ ਦਾ ਵੀ। ਖੇਤੀ ਸਭਿਆਚਾਰ ਦੇ ਵਿਕਾਸ ਨਾਲ ਵਾਹੁਣ ਦੀ ਕਿਰਿਆ ਦਾ ਵਿਕਾਸ ਉਰਵਰਾ ਅਥਵਾ ਉਪਜਾਊ ਦੇ ਰੂਪ ਵਿੱਚ ਹੋਇਆ, ਜਿਸ ਵਿੱਚ ਵਾਹੁਣ ਵੇਲੇ ਧਰਤੀ ਨੂੰ ਉਲਟ ਪਲਟ ਕੇ ਖੇਤੀ ਯੋਗ ਬਣਾਉਣ ਦੀ ਕਿਰਿਆ ਹੈ। ਛਾਤੀ ਲਈ ਉਰੇਜ ਜਾਂ ਉਰਸਿਜ ਸ਼ਬਦ ਨੂੰ ਦੇਖੀਏ ਤਾਂ ਔਰਤ ਦੀਆਂ ਛਾਤੀਆਂ ਦੁੱਧ ਦਾਤੀਆਂ ਹਨ, ਜਿਨ੍ਹਾਂ ਵਿੱਚੋਂ ਬੱਚਾ ਦੁੱਧ ਚੁੰਘ ਕੇ ਵੱਡਾ ਹੁੰਦਾ ਹੈ। ਇਸ ਪਿਛੇ ਵੀ ਔਰਤ ਦੀ ਉਪਜਾਇਕਤਾ ਦੇ ਭਾਵ ਪਏ ਹਨ।
ਡਾ. ਰਾਜ ਬਲੀ ਪਾਂਡੇ ਅਨੁਸਾਰ ਖੇਤੀਯੋਗ ਧਰਤੀ ਲਈ ਖੇਤਰ ਦੇ ਨਾਲ ਨਾਲ ਉਰਵਰਾ ਸ਼ਬਦ ਦੀ ਵਰਤੋਂ ਰਿਗਵੇਦ ਤੋਂ ਵੀ ਪਹਿਲੇ ਸਾਹਿਤ ਵਿੱਚ ਮਿਲਦੀ ਹੈ। ਵੈਦਿਕ ਕਾਲ ਵਿੱਚ ਖੇਤਾਂ ਦੀ ਪੈਮਾਇਸ਼ ਹੁੰਦੀ ਸੀ। ਖੇਤੀ ਡੂੰਘੀ ਹੁੰਦੀ ਸੀ। ਨਾਲ ਹੀ ਉਪਜਾਊਪਨ ਲਈ ਖਾਦ ਵਰਗੇ ਪਦਾਰਥਾਂ ਦੀ ਵਰਤੋਂ ਹੁੰਦੀ ਸੀ। ਅੱਜ ਸਾਰੀਆਂ ਰਸਾਇਣਕ ਖਾਦਾਂ ਲਈ ਉਰਵਰਕ ਸ਼ਬਦ ਪ੍ਰਚਲਤ ਹੈ। ਇਨ੍ਹਾਂ ਸਾਰੇ ਸ਼ਬਦਾਂ ਦੀ ਸਕੀਰੀ ਉਰਵਰਤਾ ਨਾਲ ਹੈ। ਉਨ੍ਹਾਂ ਸਮਿਆਂ ਵਿੱਚ ਜ਼ਮੀਨਾਂ ਤੇ ਪਸ਼ੂਆਂ ਲਈ ਭੇੜ ਹੁੰਦੇ ਸਨ। ਇਹ ਸਮੂਹਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਵੀ ਹੁੰਦਾ ਸੀ। ਮਾਲਕੀ ਦੇ ਝਗੜੇ ਇਨ੍ਹਾਂ ਭੇੜਾਂ ਰਾਹੀਂ ਤਹਿ ਹੁੰਦੇ ਸਨ। ਇਸ ਸੰਦਰਭ ਵਿੱਚ ਉਰਵਰਾਜਿਤ ਜਾਂ ਉਰਵਰਾਪਤਿ ਵਰਗੇ ਸ਼ਬਦ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਮਾਲਕ/ਮਾਲਕੀ/ਮਲਕੀਅਤ ਦੇ ਭਾਵ ਪਏ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਉਰਵਸ਼ੀ ਸ਼ਬਦ ਨਾਂ ਵਾਚਕਤਾ ਤੋਂ ਲੈ ਕੇ ਵੱਡੇ ਕੁਨਬੇ ਵਿੱਚ ਫੈਲਿਆ ਹੋਇਆ ਹੈ।

Leave a Reply

Your email address will not be published. Required fields are marked *