ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ ਉਥਾਨ ਦਾ ਮੁੱਢ ਬੰਨੇ੍ਹਗਾ, ਪਰ ਇਹ ਦੌਰ ਵੀ ਇੱਕ ਤੇਜ਼ ਸੁਪਨੇ ਦੀ ਤਰ੍ਹਾਂ ਗੁਜ਼ਰ ਗਿਆ ਹੈ। ਇੱਕ ਵਾਰ ਫਿਰ ਵਕਤ ਦੇ ਸ਼ਾਹਸਵਾਰ ਪੰਜਾਬੀ ਚੇਤਨਾ ਦੇ ਵਿਹੜੇ ਸਾਹਮਣਿਓਂ ਦੀ ਇੱਕ ਝਲਕ ਮਾਤਰ ਦੇ ਕੇ ਗੁਜ਼ਰ ਗਏ ਹਨ।
ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਮਨੋਵਿਗਿਆਨੀ ਆਖਦੇ ਹਨ ਕਿ ਬੰਦੇ ਦਾ ਰੀਅਲ ਸੈਲਫ ਅਤੇ ਆਈਡਲ ਸੈਲਫ ਕਦੇ ਇੱਕ ਨਹੀਂ ਹੋ ਸਕਦੇ, ਪਰ ਆਪਣੇ ਆਦਰਸ਼ ਸੈਲਫ ਲਈ ਅਮੁੱਕ ਤਾਂਘ ਹੀ ਬੰਦੇ ਨੂੰ ਬਾਕੀ ਜਾਨਵਰ ਜਗਤ ਤੋਂ ਵੱਖ ਕਰਦੀ ਹੈ। ਕਿਸੇ ਸਮਾਜ ‘ਤੇ ਵੀ ਸ਼ਾਇਦ ਇਹੋ ਮਨੋਵਿਗਿਆਨਕ ਅਸੂਲ ਲਾਗੂ ਹੁੰਦਾ ਹੋਵੇ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਇਤਫਾਕ ਹੀ ਹੈ ਕਿ ਸਮਕਾਲ ਦੀਆਂ ਘਟਨਾਵਾਂ ਇਸ ਬੇਚੈਨੀ ਦੇ ਰੰਗ ਵਿੱਚ ਰੰਗੀਆਂ ਗਈਆਂ ਹਨ। ਆਖਿਰ ਲੇਖਕ ਆਪ ਤੇ ਸਮੇਂ ਦੀ ਕੈਦ ਤੋਂ ਮੁਕਤ ਨਹੀਂ ਨਾ ਹੋ ਸਕਦਾ! ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਕਰਮਜੀਤ ਕੇ ਟੱਬਰ ਨਾਲ ਗੂੜ੍ਹੀ ਹੋ ਰਹੀ ਸਾਂਝ, ਜੁੜ ਰਹੀਆਂ ਗਹਿਰੇ ਪਿਆਰ ਦੀਆਂ ਤੰਦਾਂ ਅਤੇ ਬੱਚੇ ਦੀ ਤੋਤਲੀਆਂ ਨਾਲ ਹੁਕਮਾ ਤੇ ਨਸੀਬੋ ਟਹਿਕਣ ਲੱਗ ਪਏ। ਹੁਕਮੇ ਦੇ ਸੁਭਾਅ ਵਿੱਚੋਂ ਪਹਿਲਾਂ ਵਾਲੀ ਖਿਝਣ ਵੀ ਕੁਝ ਘਟਣ ਲੱਗ ਪਈ। ਨਸੀਬੋ ਜਦੋਂ ਨਵੀਂ ਵਿਆਹੀ ਆਈ ਸੀ, ਕੁਝ ਕੁ ਦਿਨ ਤਾਂ ਹੁਕਮਾ ਲੋਰ ਜਿਹੀ ਵਿੱਚ ਰਿਹਾ। ਫਿਰ ਘਰ ਦੇ ਵਧ ਗਏ ਖਰਚਿਆਂ ਅਤੇ ਨਸੀਬੋ ਦੀਆਂ ਸਾਦੀਆ ਜਿਹੀਆਂ ਮੰਗਾਂ ਤੋਂ ਵੀ ਉਹ ਖਿਝ ਜਾਂਦਾ। ਡਿਊਟੀ ਤੋਂ ਵਾਪਸ ਪਰਤ ਕੇ ਉਹ ਬਹੁਤੀ ਵਾਰੀ ਕਰਮੇ ਵੱਲ ਚਲਾ ਜਾਂਦਾ। ਉਦੋਂ ਕਰਮੇ ਦਾ ਬਾਪੂ ਆਤਮਾ ਸਿਉਂ ਜਿਉਂਦਾ ਸੀ। ਉਹ ਸਖਤ ਸੁਭਾਅ ਵਾਲਾ ਬੰਦਾ ਸੀ। ਜੱਟਪੁਣਾ ਵੀ ਉਹਦੇ ਵਿੱਚ ਜ਼ਿਆਦਾ ਸੀ। ਹੁਕਮੇ ਨਾਲ ਕਰਮਜੀਤ ਦੀ ਬੈਠਣੀ ਉੱਠਣੀ ਤੋਂ ਉਹ ਖਿਝਦਾ ਰਹਿੰਦਾ। ‘ਐਵੇਂ ਨਿੱਕੀ ਸੁੱਕੀ ਜਾਤ ਨੂੰ ਯਾਰ ਬਣਾਈਂ ਫਿਰਦਾਂ ਤੂੰ ਕਰਮਿਆਂ, ਚੰਗੇ ਬੰਦਿਆਂ ਨਾਲ ਬੈਠੀ ਉੱਠੀਦਾ।’ ਆਤਮਾ ਸਿਉਂ ਅਕਸਰ ਕਰਮੇ ਨੂੰ ਆਖਦਾ। ਆਤਮਾ ਸਿੰਘ ਕਈ ਵਾਰ ਹੁਕਮੇ ਦੇ ਮੂੰਹ ‘ਤੇ ਵੀ ਕਰਮੇ ਨਾਲ ਇਹੋ ਜਿਹਾ ਬੋਲ ਬੁਲਾਰਾ ਕਰ ਦਿੰਦਾ। ਹੁਕਮਾ ਬਜ਼ੁਰਗ ਦੀਆਂ ਗੱਲਾਂ ਨੂੰ ਆਈ-ਗਈ ਕਰ ਦਿੰਦਾ। ਕਰਮੇ ਨਾਲ ਕੰਮ ਕਾਰ ‘ਚ ਹੱਥ ਵਟਾ ਕੇ ਉਹ ਸਕੂਨ ਵਿੱਚ ਰਹਿੰਦਾ। ਆਤਮਾ ਸਿੰਘ ਸੁਭਾਅ ਦਾ ਮੁਢ ਤੋਂ ਹੀ ਕੌੜਾ ਸੀ, ਪਰ ਥੋੜ੍ਹੀ ਦੇਰ ਬਾਅਦ ਮੋਮ ਵਾਂਗ ਨਰਮ ਹੋ ਜਾਂਦਾ। ਨੌਕਰੀ ਮਿਲਣ ਤੋਂ ਪਹਿਲਾਂ ਤਾਂ ਹੁਕਮਾ ਤਕਰੀਬਨ ਰੋਜ਼ ਹੀ ਕਰਮੇ ਹੋਰਾਂ ਵੱਲ ਆ ਜਾਂਦਾ ਸੀ, ਪਰ ਬਾਅਦ ਵਿੱਚ ਉਹਦਾ ਆਉਣ-ਜਾਣ ਘਟ ਗਿਆ। ਫਿਰ ਵੀ ਜਦੋਂ ਸਮਾਂ ਲਗਦਾ ਉਹ ਕਰਮੇ ਹੋਰਾਂ ਵੱਲ ਗੇੜਾ ਮਾਰ ਜਾਂਦਾ।
ਬਚਪਨ ਤੋਂ ਹੀ ਉਹ ਕਰਮੇ ਦਾ ਗਹਿਰਾ ਦੋਸਤ ਬਣ ਗਿਆ ਸੀ। ਹੁਕਮੇ ਦਾ ਬਾਪੂ ਕਦੋਂ ਦਾ ਰੱਬ ਨੂੰ ਪਿਆਰਾ ਹੋ ਗਿਆ ਸੀ। ਦਾਰੂ ਦੱਪੇ ਤੋਂ ਉਹ ਬਚਿਆ ਹੋਇਆ ਸੀ। ਉਹਦਾ ਬਾਪੂ ਢਲਦੀ ਉਮਰੇ ਅਮ੍ਰਿਤਧਾਰੀ ਹੋ ਗਿਆ ਸੀ। ਪਿੰਡ ਵਿੱਚ ਵਲੈਤੀਆਂ ਦੇ ਟੱਬਰ ਨੇ ਸਾਧੂਗੜ੍ਹ ਵਾਲੇ ਸੰਤਾਂ ਦੇ ਦੀਵਾਨ ਲਵਾਏ ਅਤੇ ਅਖੀਰਲੇ ਦਿਨ ਅੰਮ੍ਰਿਤ ਛਕਾਇਆ ਗਿਆ। ਉਸ ਦੇ ਬਾਪੂ ਨੇ ਵੀ ਅੰਮ੍ਰਿਤ ਛਕ ਲਿਆ। ਹੁਕਮਾ ਉਸ ਦੀ ਛਤਰ ਛਾਇਆ ਹੇਠ ਪਲਿਆ ਅਤੇ ਨਸ਼ੇ ਪਾਣੀ ਤੋਂ ਬਚਿਆ ਰਿਹਾ। ਉਸ ਦੀ ਛੋਟੀ ਕਮਾਈ ਵਿੱਚ ਵੀ ਚੋਖੀ ਬਰਕਤ ਸੀ। ਕਰਮੇ ਦੀ ਸੰਗਤ ਨੇ ਉਸ ਵਿੱਚ ਇਮਾਨਦਾਰੀ ਅਤੇ ਦਿਆਨਤਦਾਰੀ ਵਰਗੇ ਗੁਣ ਕੁੱਟ-ਕੁੱਟ ਕੇ ਭਰੇ। ਹੁਕਮੇ ਨੂੰ ਉਦੋਂ ਹਾਲੇ ਨੌਕਰੀ ਮਿਲੀ ਨਹੀਂ ਸੀ ਜਦੋਂ ਉਹਦਾ ਬਾਪੂ ਰੱਬ ਨੂੰ ਪਿਆਰਾ ਹੋਇਆ। ਇੱਕ ਸਿਆਲ ਦਾ ਨਮੂਨੀਆ ਉਸ ਲਈ ਜਾਨਲੇਵਾ ਸਾਬਤ ਹੋਇਆ। ਬਾਪੂ ਤੋਂ ਪਿੱਛੋਂ ਬੇਬੇ ਤਿੰਨ ਕੁ ਸਾਲ ਜਿਉਂਦੀ ਰਹੀ, ਫਿਰ ਉਹ ਵੀ ਤੁਰ ਗਈ। ਦੋਹਾਂ ਮੌਕਿਆਂ ‘ਤੇ ਕਰਮਾ ਹੁਕਮੇ ਨਾਲ ਹਰ ਪੱਖੋਂ ਮੋਢਾ ਡਾਹ ਕੇ ਖਲੋਤਾ। ਬੇਬੇ ਬਾਪੂ ਦੀ ਮੌਤ ਵੇਲੇ ਵੀ ਕਰਮੇ ਨੇ ਅੰਦਰ ਖਾਤੇ ਉਸ ਦੀ ਚੋਖੀ ਮੱਦਦ ਕਰ ਦਿੱਤੀ ਸੀ। ਇਸ ਤਰ੍ਹਾਂ ਉਹਨੇ ਇਹ ਮਰਨੇ ਪਰਨੇ ਚੰਗੀ ਤਰ੍ਹਾਂ ਨਬੇੜ ਲਏ ਸਨ। ਹੁਕਮੇ ਨੂੰ ਉਂਝ ਇਹ ਦੁੱਖ ਹਮੇਸ਼ਾ ਰਿਹਾ ਕਿ ਬੇਬੇ ਬਾਪੂ ਉਸ ਦਾ ਘਰ ਵਸਦਾ ਨਾ ਵੇਖ ਸਕੇ; ‘ਜਾਣ ਤੋਂ ਪਹਿਲਾਂ ਪੋਤੇ ਦਾ ਮੂੰਹ ਹੀ ਵੇਖ ਲੈਂਦੇ, ਰੂਹ ਨੂੰ ਸਕੂਨ ਮਿਲ ਜਾਂਦਾ।’ ਉਹ ਸੋਚਦਾ। ਫਿਰ ਉਹ ਆਪੇ ਨੂੰ ਮੱਤ ਦਿੰਦਾ, ‘ਚਲੋ ਜੋ ਉਹਨੂੰ ਮਨਜ਼ੂਰ’। ਬਾਪੂ ਬੇਬੇ ਦੇ ਜਾਣ ਤੋਂ ਕੁਝ ਸਮਾਂ ਬਾਅਦ ਹੁਕਮ ਸਿਓਂ ਨੂੰ ਤਹਿਸੀਲੇ ਚਪੜਾਸੀ ਦੀ ਨੌਕਰੀ ਮਿਲ ਗਈ।
—
ਇੱਕ ਦਿਨ ਸਵੇਰੇ ਸਵਖਤੇ ਕਰਮੇ ਨੇ ਹੁਕਮੇ ਦੇ ਘਰ ਦਾ ਦਰਵਾਜ਼ਾ ਖੜਕਾਇਆ। ਕਰਮੇ ਦਾ ਚਿਹਰਾ ਜਰਦ ਜਿਹਾ ਹੋਇਆ ਪਿਆ ਸੀ। ਪਲ ਕੁ ਬੈਠਣ ਬਾਅਦ ਉਹਨੇ ਦੱਸਿਆ ਕਿ ਉਹਦਾ ਬਾਪੂ ਆਤਮਾ ਸਿੰਘ ਚਲਾਣਾ ਕਰ ਗਿਆ ਹੈ। ਰਾਤੀਂ ਦਿਲ ਦਾ ਦੌਰਾ ਪਿਆ। ਪਿੰਡ ਵਾਲੇ ਡਾਕਟਰ ਨੇ ਜੁਆਬ ਦੇ ਦਿੱਤਾ ਅਤੇ ਸ਼ਹਿਰ ਵੱਲ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਹੁਕਮਾ ਸ਼ਹਿਰ ਡਿਊਟੀ ‘ਤੇ ਜਾਣ ਦੀ ਤਿਆਰੀ ਵਿੱਚ ਸੀ। ਕਰਮੇ ਦੇ ਸੁਨੇਹੇ ਨੇ ਉਸ ਦਾ ਇਰਾਦਾ ਬਦਲ ਦਿੱਤਾ। ਉਹਨੇ ਦਫਤਰ ਛੁੱਟੀ ਭੇਜ ਦਿੱਤੀ। ਸ਼ਾਮ ਤਿੰਨ ਕੁ ਵਜੇ ਤਕ ਸਾਰੇ ਰਿਸ਼ਤੇਦਾਰ, ਸੰਗੀ ਸਾਥੀ ਪੁੱਜ ਗਏ ਸਨ। ਆਤਮਾ ਸਿੰਘ ਦੇ ਸਸਕਾਰ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪੋ ਆਪਣੇ ਰਾਹ ਪੈ ਗਏ। ਹਾੜ੍ਹੀ ਦੀ ਬਿਜਾਈ ਚੱਲ ਰਹੀ ਸੀ। ਕਿਸੇ ਨੂੰ ਰੁਕਣ ਲਈ ਜੋLਰ ਵੀ ਨਹੀਂ ਸਨ ਪਾ ਸਕਦੇ। ਰਾਤ ਦੇਰ ਤੱਕ ਕਰਮਜੀਤ ਤੇ ਹੁਕਮਾ ਸਿਵੇ ਦੇ ਸਿਰਹਾਣੇ ਬੈਠੇ ਰਹੇ। ਉਦੋਂ ਇਹ ਰਿਵਾਜ਼ ਜਿਹਾ ਹੀ ਸੀ ਕਿ ਲਾਸ਼ ਦੇ ਚੰਗੀ ਤਰ੍ਹਾਂ ਸੜਨ ਤੱਕ ਕੋਈ ਨਾ ਕੋਈ ਸਿਵੇ ਕੋਲ ਹਾਜ਼ਰ ਰਹਿੰਦਾ। ਜਦੋਂ ਲੱਕੜਾਂ ਅਤੇ ਪਾਥੀਆਂ ਕੋਲੇ ਵਿੱਚ ਬਦਲ ਗਈਆਂ, ਉਨ੍ਹਾਂ ਸਿਵਾ ਟੋਹ ਕੇ ਵੇਖਿਆ, ਲਾਸ਼ ਹਾਲੇ ਚੰਗੀ ਤਰ੍ਹਾਂ ਸੜੀ ਨਹੀਂ ਸੀ। ਰਾਤ ਦੇ ਦੋ ਕੁ ਵੱਜੇ ਹੋਣਗੇ, ਕਰਮੇ ਨੇ ਹੁਕਮੇ ਨੂੰ ਘਰੋਂ ਹੋਰ ਲੱਕੜਾਂ ਲੈਣ ਲਈ ਭੇਜਿਆ। ਘੰਟੇ ਕੁ ਵਿੱਚ ਹੀ ਉਹ ਲੱਕੜਾਂ ਦੀ ਰੇਹੜੀ ਲੈ ਕੇ ਵਾਪਸ ਆ ਗਿਆ। ਉਨ੍ਹਾਂ ਸਿਵੇ ਵਿੱਚ ਹੋਰ ਲੱਕੜ ਝੋਕ ਦਿੱਤੀ, ਸਵੇਰ ਤੱਕ ਸਿਵਾ ਸਵਾਹ ਵਿੱਚ ਬਦਲ ਗਿਆ ਸੀ।
ਰਾਤ ਸਿਵੇ ਦੇ ਸਿਰਹਾਣੇ ਬੈਠਿਆਂ ਕਰਮਜੀਤ ਤੇ ਹੁਕਮਾ ਆਤਮਾ ਸਿੰਘ ਦੇ ਸੁਭਾਅ ਬਾਰੇ, ਉਹਦੀ ਹਿੰਮਤ ਤੇ ਮਿਹਨਤ ਬਾਰੇ ਅਤੇ ਸਭ ਤੋਂ ਵੱਧ ਉਸ ਦੇ ਗੁਸੈਲੀ ਤਬੀਅਤ ਬਾਰੇ ਗੱਲਾਂ ਕਰਦੇ ਰਹੇ। ਫਿਰ ਕਰਮਜੀਤ ਆਪਣੀ ਮਾਂ ਦੀਆਂ ਕਹਾਣੀਆਂ ਛੂਹ ਬੈਠਾ; ਬੇਬੇ ਦੀ ਬਾਪੂ ਨਾਲ ਬਣਦੀ ਬੜੀ ਸੀ, ਪਰ ਪਤਾ ਨਹੀਂ ਕਦੋਂ ਤੇ ਕਿਹੜੀ ਗੱਲ ਤੋਂ ਇਹ ਗੁੱਸੇ ਹੋ ਜਾਂਦਾ। ਕਈ ਵਾਰ ਬੇਬੇ ਵੀ ਇਹਦੇ ਗੁਸੈਲ ਸੁਭਾਅ ਤੋਂ ਔਖੀ ਹੋ ਜਾਂਦੀ ਅਤੇ ਸਾਡੇ ਨਾਨਕੀਂ ਚਲੀ ਜਾਂਦੀ। ਦੋ ਚਾਰ ਦਿਨ ਉਥੇ ਰਹਿੰਦੀ ਤੇ ਜਦੋਂ ਗੁੱਸਾ ਢੈਲਾ ਹੋ ਜਾਂਦਾ ਤਾਂ ਮਾਮਾ ਫਿਰ ਬੇਬੇ ਨੂੰ ਪਿੰਡ ਛੱਡ ਜਾਂਦਾ। ਨਾਲੇ ਬੇਬੇ ਨੂੰ ਤਾੜਦਾ, ‘ਗੁਰਮੇਲ ਕੁਰੇ, ਹੁਣ ਇਹੀ ਤੇਰਾ ਘਰ ਹੈ, ਗੁੱਸਾ ਗਿੱਲਾ ਹੋ ਈ ਜਾਂਦਾ, ਇਉਂ ਘਰ ਛੱਡ ਕੇ ਨ੍ਹੀਂ ਆਉਣਾ। ਬਾਕੀ ਕਿਸੇ ਮਦਦ ਵਗੈਰਾ ਦੀ ਲੋੜ ਐ, ਕੋਈ ਔਖ-ਸੌਖ ਐ ਤਾਂ ਦੱਸੋ, ਅਸੀਂ ਜਿਉਂਦੇ ਆਂ, ਅਗੇ ਵੀ ਖੜ੍ਹਦੇ ਈ ਰਹੇ ਆਂ ਥੁਆਡੇ ਨਾਲ।’ ਬੇਵੱਸ ਬੇਬੇ ਸਤਿ ਬਚਨ ਕਹਿ ਛੱਡਦੀ। ਆਪਣੇ ਸਾਲਿਆਂ ਦੀ ਸਿਆਣਪ ‘ਤੇ ਬਾਪੂ ਬਾਗੋ ਬਾਗ ਹੋ ਜਾਂਦਾ। ਜਿੰਨੀ ਛੇਤੀ ਉਸ ਨੂੰ ਗੁੱਸਾ ਆਉਂਦਾ ਸੀ, ਉਨੀ ਛੇਤੀ ਢੈਲਾ ਵੀ ਹੋ ਜਾਂਦਾ। ਬਾਪੂ ਜਦੋਂ ਮੋਮ ਹੋ ਜਾਂਦਾ ਸੀ ਤਾਂ ਉਸ ਤੋਂ ਅਸੀਂ ਜੋ ਮਰਜ਼ੀ ਮੰਗ ਲੈਂਦੇ, ਉਹ ਲਿਆ ਦਿੰਦਾ ਸੀ; ਪਰ ਗੁੱਸੇ ਵਿੱਚ ਅੱਗ ਦੀ ਨਾਲ ਹੋ ਜਾਂਦਾ। ਅਖੀਰਲੇ ਸਾਲਾਂ ਵਿੱਚ ਬੇਬੇ ਉਸ ਦੇ ਸੁਭਾਅ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲੱਗ ਪਈ ਸੀ। ਜਦੋਂ ਵੀ ਉਹ ਗੁੱਸੇ ਹੋ ਜਾਂਦਾ, ਬੇਬੇ ਝੱਟ ਹੀ ਉਹਦੇ ਗੁੱਸੇ ਦੀ ਅੱਗ ‘ਤੇ ਪਾਣੀ ਤਰੌਂਕ ਲੈਂਦੀ ਸੀ। ਬਾਪੂ ਜਿਵੇਂ ਪਲਾਂ ਵਿੱਚ ਸਾਂਵਾਂ ਹੋ ਜਾਂਦਾ। ਬਾਪੂ ਨੂੰ ਵਿਰਾਸਤ ਵਿੱਚ ਪੰਜ ਕਿੱਲੇ ਜ਼ਮੀਨ ਮਿਲੀ ਸੀ, ਸਾਨੂੰ ਉਹ ਆਪਣੀ ਹਿੰਮਤ, ਸਰਫੇ ਅਤੇ ਅਕਲ ਨਾਲ 10 ਕਿੱਲੇ ਬਣਾ ਕੇ ਦੇ ਗਿਆ। ਸਾਥੋਂ ਵੇਖ ਲੈ ਇੱਕ ਵਿੱਸਵਾ ਵੀ ਹੋਰ ਨ੍ਹੀਂ ਲਿਆ ਗਿਆ।’ ਕਰਮੇ ਨੇ ਆਤਮਾ ਸਿੰਘ ਦੇ ਗੁਣਾਂ-ਔਗੁਣਾਂ ਨੂੰ ਇੱਕ ਛੋਟੀ ਜਿਹੀ ਕਹਾਣੀ ਵਿੱਚ ਸਮੇਟ ਦਿੱਤਾ ਸੀ।
ਅਗਲੇ ਦਿਨ ਫੁੱਲ ਚੁਗਣ ਅਤੇ ਸਹਿਜ ਪਾਠ ਅਰੰਭ ਕਰਨ ਵੇਲੇ ਵੀ ਹੁਕਮਾ ਕਰਮੇ ਦੇ ਨਾਲ ਰਿਹਾ। ਫਿਰ ਉਹ ਸ਼ਹਿਰ ਆਪਣੇ ਕੰਮ ‘ਤੇ ਜਾਣ ਲੱਗ ਪਿਆ। ਆਤਮਾ ਸਿੰਘ ਦੇ ਭੋਗ ਵਾਲੇ ਦਿਨ ਕਰਮੇ ਨੇ ਫਿਰ ਹੁਕਮੇ ਦੀ ਛੁੱਟੀ ਕਰਵਾ ਲਈ। ਆਤਮਾ ਸਿੰਘ ਦੀ ਸਮਾਜਕ ਸੰਬੰਧਾਂ ਦੀ ਵਾਹਵਾ ਵੱਡੀ ਲੜੀ ਸੀ। ਭੋਗ ‘ਤੇ ਭਰਵਾਂ ਇਕੱਠ ਹੋ ਗਿਆ। ਅਰਦਾਸ ਤੋਂ ਬਾਅਦ ਪਾਠੀ ਸਿੰਘ ਨੇ ਸਭ ਨੂੰ ਲੰਗਰ ਛਕ ਕੇ ਜਾਣ ਦੀ ਬੇਨਤੀ ਕੀਤੀ। ਲੰਗਰ ਛਕਣ ਬਾਅਦ ਸਾਰੇ ਸਾਕ ਸੰਬੰਧੀ ਆਪੋ ਆਪਣੇ ਟਿਕਾਣਿਆਂ ਵੱਲ ਪਰਤ ਗਏ। ਕਰਮੇ ਨੇ ਪਰ ਹੁਕਮੇ ਨੂੰ ਥੋੜ੍ਹੀ ਦੇਰ ਰੁਕਣ ਲਈ ਕਿਹਾ, ‘ਨਵਜੋਤ ਸੁਰਖ ਜੀ ਕਰਕੇ ਚਾਹ ਲਿਆਈਂ ਬਈ ਦੋ ਕੱਪ।’ ਜਾਮਣ ਦੀ ਗੂੜ੍ਹੀ ਛਾਂ ਹੇਠਾਂ ਪਏ ਮੰਜੇ ‘ਤੇ ਬੈਠਦਿਆਂ ਕਰਮੇ ਨੇ ਘਰਵਾਲੀ ਨੂੰ ਆਵਾਜ਼ ਮਾਰੀ। ਹੁਕਮਾ ਪਰ੍ਹਾਂ ਮੋਟਰ ਦੇ ਚੁਬੱਚੇ ਦੀ ਕੰਧ ‘ਤੇ ਬੈਠਣ ਲੱਗਾ। ਕਰਮੇ ਨੇ ਉਹਦੇ ਮੋਢਿਆਂ ਤੋਂ ਦੀ ਆਪਣੀ ਬਾਂਹ ਘੁਮਾਈ ਤੇ ਆਪਣੇ ਮੰਜੇ ‘ਤੇ ਬਿਠਾ ਲਿਆ। ‘ਹੁਕਮ ਸਿਆਂ, ਤੇਰੀ ਵਹੁਟੀ ਤੇ ਬਾਲ ਨਾਲ ਨਵਜੋਤ ਦਾ ਵਾਹਵਾ ਦਿਲ ਲੱਗ ਗਿਐ। ਬਾਪੂ ਤਾਂ ਹੁਣ ਤੁਰ ਈ ਗਿਆ, ਮੈ ਚਾਹੁੰਨਾ ਤੁਸੀਂ ਹੁਣ ਅਕਸਰ ਆਉਂਦੇ ਜਾਂਦੇ ਰਹੋਂ।’ ਨਸੀਬੋ ਪਹਿਲਾਂ ਹੀ ਨਵਜੋਤ ਨਾਲ ਘੁਲ-ਮਿਲ ਗਈ ਸੀ। ਦੂਜਾ, ਬੱਚੇ ਦੀ ਸੰਗਤ ਨਾਲ ਨਵਜੋਤ ਦੀ ਰੂਹ ਵਿੱਚ ਜਿਵੇਂ ਰੌਣਕ ਪਰਤਣ ਲੱਗੀ ਸੀ। ਕਰਮਾ ਪਿਛਲੇ ਕਾਫੀ ਸਮੇਂ ਤੋਂ ਅਜਿਹੀ ਤੰਦਰੁਸਤੀ ਨੂੰ ਤਰਸਦਾ ਰਿਹਾ ਸੀ।
ਥੋੜ੍ਹੀ ਦੇਰ ਉਹ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ, ਫਿਰ ਹੁਕਮਾ ਨਸੀਬ ਕੁਰ ਨੂੰ ਨਾਲ ਲੈ ਕੇ ਘਰ ਨੂੰ ਚਲ ਪਿਆ। ਨਸੀਬੋ ਅੱਜ ਸਵੇਰ ਦੀ ਕਰਮੇ ਹੋਰਾਂ ਵੱਲ ਹੀ ਸੀ। ਘਰ ਆਏ-ਗਏ ਦੀ ਸਾਰੀ ਸੇਵਾ-ਸੰਭਾਲ ਉਸੇ ਨੇ ਹੀ ਕੀਤੀ ਸੀ। ਨਵਜੋਤ ਤਾਂ ਦੇਖ-ਰੇਖ ਵਿੱਚ ਹੀ ਲੱਗੀ ਰਹੀ ਸੀ। ਨਸੀਬ ਕੁਰ ਜਦੋਂ ਹੁਕਮੇ ਨਾਲ ਪਿੰਡ ਵੱਲ ਤੁਰੀ ਤਾਂ ਥਕੇਵੇਂ ਨਾਲ ਚੂਰ ਹੋਈ ਪਈ ਸੀ। ਵੀਰਦੀਪ ਉਹਨੇ ਹੁਕਮੇ ਨੂੰ ਫੜਾ ਦਿੱਤਾ। ਉਹ ਪਿੰਡ ਨੂੰ ਮੁੜਦੇ ਨਿੱਕਿਆਂ ਨਿੱਕੀਆਂ ਗੱਲਾਂ ਕਰਦੇ ਰਹੇ। ਕਦੀ ਕਦੀ ਵੀਰਦੀਪ ਉਨ੍ਹਾਂ ਦੀ ਗੱਲਬਾਤ ਵਿੱਚ ਖਲਲ ਪਾਉਂਦਾ। ਜਿਵੇਂ ਆਪਣੀ ਹੋਂਦ ਦਰਸਾਉਣ ਦੀ ਜ਼ਿਦ ਕਰ ਰਿਹਾ ਹੋਵੇ। ਥੋੜ੍ਹੀ ਦੇਰ ਦੋਵੇਂ ਉਹਨੂੰ ਪਰਚਾਉਣ ਦਾ ਯਤਨ ਕਰਦੇ, ਫਿਰ ਆਪਸ ਵਿੱਚ ਗੱਲਾਂ ਕਰਨ ਲਗਦੇ। ਪਿੰਡ ਤੱਕ ਆਉਂਦਿਆਂ ਵੀਰਦੀਪ ਨਸੀਬ ਕੁਰ ਦੇ ਮੋਢੇ ਨਾਲ ਲੱਗ ਕੇ ਸੌਂ ਗਿਆ। ਨਸੀਬੋ ਨੇ ਉਸ ਨੂੰ ਛੋਟੀ ਮੰਜੀ ‘ਤੇ ਪਾਇਆ ਅਤੇ ਆਪਣਾ ਤੇ ਹੁਕਮੇ ਦਾ ਮੰਜਾ ਡਾਹੁਣ ਲੱਗੀ। ਹੁਕਮਾ ਵੀ ਅੱਜ ਕੁਝ ਥਕੇਂਵਾਂ ਮਹਿਸੂਸ ਕਰ ਰਿਹਾ ਸੀ। ਉਹ ਜੁੜ ਕੇ ਡਠੇ ਮੰਜਿਆਂ ‘ਤੇ ਲੰਮੇ ਪੈ ਗਏ। ਜਦੋਂ ਥੋੜ੍ਹੀ ਜਿਹੀ ਪਿੱਠ ਸਿੱਧੀ ਹੋਈ ਤਾਂ ਹੁਕਮੇ ਨੇ ਕਰਮੇ ਵਾਲੀ ਗੱਲ ਤੋਰੀ, ‘ਕਰਮਾ ਕਹਿੰਦਾ ਸੀ ਨਵਜੋਤ ਢਿੱਲੀ ਮੱਠੀ ਰਹਿੰਦੀ, ਨਸੀਬੋ ਨੂੰ ਆਖੀਂ ਕੰਮ ‘ਚ ਹੱਥ ਵਟਾ ਜਿਆ ਕਰੇ।’
‘ਉਹ ਤੇ ਆਪਾਂ ਵਟਾਈ ਜਾਨੇਂ ਆਂ’ ਸਿੱਧੀ ਸਾਦੀ ਨਸੀਬੋ ਨੇ ਅਣਭੋਲਪੁਣੇ ਵਿੱਚ ਜੁਆਬ ਦਿੱਤਾ।
‘ਉਹਦੇ ਕਹਿਣ ਦਾ ਮਤਲਬ ਆ ਬਈ ਬਾਪੂ ਦੇ ਜਾਣ ਨਾਲ ਉਹ ਵੀ ‘ਕੱਲਾ ਰਹਿ ਗਿਆ, ਨਵਜੋਤ ਤੋਂ ਬਹੁਤਾ ਕੰਮ ਹੁੰਦਾ ਨ੍ਹੀਂ, ਤੂੰ ਆਪਣਾ ਘਰ ਦਾ ਕੰਮ ਮੁਕਾ ਕੇ ਰੋਜ਼ ਈ ਉਨ੍ਹਾਂ ਵੱਲ ਜਾ ਆਇਆ ਕਰੇਂ।’
‘ਤੂੰ ਫੇਰ ਕੀ ਜਵਾਬ ਦਿੱਤਾ?’ ਨਸੀਬੋ ਪੁਛਣ ਲੱਗੀ।
‘ਮੈਂ ਆਖਿਆ ਬੀ ਅੱਜ ਦਾ ਦਿਨ ਦਿਉ ਸੋਚ ਕੇ ਦੱਸਦੇ ਆਂ।’
‘ਸੋਚਣਾ ਸਾਚਣਾ ਕੀ ਆ, ਹਾਂ ਕਰ ਦੇਣੀ ਸੀ, ਜਾ ਆਇਆ ਕਰੂੰ ਮੈਂ, ਇੱਥੇ ਸਾਰੀ ਦਿਹਾੜੀ ਕੰਧਾਂ ਹੀ ਵੇਖਣੀਆਂ।’ ਨਸੀਬੋ ਤੋਂ ਖੁਸ਼ੀ ਸਾਂਭੀ ਨਾ ਗਈ।
‘ਮੈਂ ਸੋਚਿਆ ਬੀ ਤੇਰੇ ਨਾਲ ਵੀ ਮਸ਼ਵਰਾ ਕਰ ਲਵਾਂ, ਮੈਨੂੰ ਵੀ ਠੀਕ ਈ ਲਗਦਾ ਉਦਾਂ ਤਾਂ…।’ ਹੁਕਮੇ ਨੇ ਵੀ ਢਿੱਡ ਦੀ ਗੱਲ ਆਖੀ।
‘ਨਾਲੇ ਨਵਜੋਤ ਭੈਣਜੀ ਵੀ ਵੀਰਦੀਪ ਦਾ ਬਹੁਤ ਕਰਨ ਲੱਗ ਪਈ ਆ। ਮੇਰੇ ਨਾਲ ਵੀ ਬਥੇਰੀ ਬਣਦੀ ਉਹਦੀ। ਵੀਰਦੀਪ ਤਾਂ ਖਹਿੜਾ ਈ ਨ੍ਹੀਂ ਛੱਡਦਾ ਉਹਦਾ। ਪੱਲਾ ਚੁੱਕ ਕੇ ਦੁਧ ਚੁੰਘਣ ਲੱਗ ਪੈਂਦਾ। ਹਾਰ ਕੇ ਵਿਚਾਰੀ ਚੁੰਘਣੀ ਲਿਆਈ ਏਹਦੇ ਲਈ। ਜਦੋਂ ਇਹ ਉਹਦੇ ਦੁੱਧ ਨੂੰ ਮੂੰਹ ਪਾਉਂਦਾ ਤਾਂ ਉਹ ਦੁੱਧ ਵਾਲੀ ਚੁੰਘਣੀ ਵੀ ਪਾ ਦਿੰਦੀ ਇਹਦੇ ਮੂੰਹ ‘ਚ। ਕਦੀ ਕਦੀ ਤਾਂ ਮੈਂ ਡਰ ਜਾਨੀ ਆਂ ਬਈ ਮੁੰਡਾ ਭੁੱਲ ਈ ਨਾ ਜਾਵੇ ਸਾਨੂੰ।’ ਨਸੀਬੋ ਸਹਿਜ ਸੁਭਾਅ ਬੋਲਦੀ ਚਲੀ ਗਈ।
‘ਇਓਂ ਕਿਉਂ ਕਰਨ ਦਿਨੀਂ ਇਹਨੂੰ, ਅਗਲੇ ਪਤਾ ਨ੍ਹੀਂ ਕੀ ਸੋਚਣਗੇ, ਬਈ ਮਜ੍ਹਬੀਆਂ ਦਾ ਮੁੰਡਾ ਸਾਨੂੰ ਮੂੰਹ ਮਾਰੀ ਜਾਂਦਾ।’
‘ਸੋਚਣਾ ਕੀ ਉਨ੍ਹਾਂ, ਨਵਜੋਤ ਭੈਣ ਤਾਂ ਹੱਸਦੀ ਸਾਹ ਨ੍ਹੀਂ ਲੈਂਦੀ, ਲਾਲੀਆਂ ਚੜ੍ਹ ਜਾਂਦੀਆਂ ਉਹਨੂੰ ਤਾਂ ਜਿਵੇਂ।’ ਨਸੀਬੋ ਨੇ ਆਖਰੀ ਗੱਲ ਕਹੀ, ਤੇ ਫਿਰ ਉਹ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਸੌਂ ਗਏ। ਸੌਣ ਤੋਂ ਪਹਿਲਾਂ ਨਸੀਬੋ ਨੇ ਵੀਰਦੀਪ ਨੂੰ ਆਪਣੇ ਨਾਲ ਪਾ ਲਿਆ ਤੇ ਆਪ ਹੁਕਮੇ ਵਾਲੇ ਮੰਜੇ ‘ਤੇ ਹੋ ਗਈ।
ਸਵੇਰੇ ਉੱਠੇ ਤਾਂ ਘਰ ਦਾ ਕੰਮ-ਕਾਰ ਨਬੇੜ ਕੇ ਨਸੀਬੋ ਕਰਮੇ ਹੋਰਾਂ ਵੱਲ ਚਲੀ ਗਈ। ਵੀਰਦੀਪ ਹੁਣ ਨਸੀਬੋ ਨੇ ਮੋਢੇ ਲਾਇਆ ਹੋਇਆ ਸੀ। ਨਸੀਬੋ ਦੇ ਮੋਢੇ ਨਾਲ ਲੱਗ ਕੇ ਮੁੰਡਾ ਸੌਂ ਗਿਆ। ਨਵਜੋਤ ਵੀਰਦੀਪ ਨੂੰ ਇੱਕ ਤਰ੍ਹਾਂ ਨਾਲ ਉਡੀਕਣ ਲੱਗ ਪਈ ਸੀ। ‘ਇਹ ਕਿਸ ਕਿਸਮ ਦਾ ਲਗਾਓ ਐ?’ ਕਈ ਵਾਰ ਉਹ ਸੋਚਦੀ, ‘ਸ਼ਾਇਦ ਮੇਰਾ ਬਾਂਝ ਹੋਣਾ ਹੀ ਇਸ ਦਾ ਕਾਰਨ ਹੋਵੇ।’ ਇੱਦਾਂ ਦੀਆਂ ਸੋਚਾਂ ਵਿੱਚ ਬਹੁਤ ਵਾਰ ਉਹ ਕਾਫੀ ਦੂਰ ਨਿਕਲ ਕੇ ਵਾਪਸ ਪਰਤਦੀ। ਫਿਰ ਆਪੇ ਆਖਦੀ, ‘ਛੱਡ ਮਨਾਂ, ਦਿਲ ਲੱਗਿਆ ਹੋਇਆ, ਲਗਾਈ ਰੱਖ, ਰੱਬ ਨੇ ਬਹਾਨਾ ਦੇ ਦਿੱਤੈ।’
—
ਕਰਮਜੀਤ ਤੇ ਹੁਕਮ ਸਿਉਂ ਕਿਆਂ ਦੀ ਇਹ ਵਿੜ੍ਹੀ ਚਾਰ ਕੁ ਸਾਲ ਇਵੇਂ ਚੱਲਦੀ ਰਹੀ। ਲੈਣ-ਦੇਣ ਤੇ ਪੈਸੇ ਧੇਲੇ ਤੋਂ ਲੈ ਕੇ, ਇੱਕ ਦੂਜੇ ਦੇ ਅਣਖ ਇੱਜ਼ਤ ਤੱਕ ਦੋਨੋ ਪਰਿਵਾਰ ਇੱਕ-ਦੂਜੇ ਦੇ ਭਾਈਵਾਲ ਬਣ ਗਏ। ਇਉਂ ਆਪਸੀ ਰਿਸ਼ਤਾ ਸਗੋਂ ਗੂੜ੍ਹਾ ਹੁੰਦਾ ਚਲਾ ਗਿਆ। ਵੀਰਦੀਪ ਨੂੰ ਛੇਵਾਂ ਸਾਲ ਲੱਗ ਗਿਆ ਸੀ। ਆਪਣੀ ਮਾਂ ਤੇ ਨਵਜੋਤ ਕੁਰ ਕੋਲੋਂ ਹੁਣ ਉਹਦੀਆਂ ਪਹਿਲਾਂ ਵਾਲੀਆਂ ਮੰਗਾਂ ਤਾਂ ਮੁੱਕ ਗਈਆਂ ਸਨ, ਪਰ ਹੋਰ ਨਵੀਆਂ ਉਭਰ ਆਈਆਂ। ਤਰ੍ਹਾਂ-ਤਰ੍ਹਾਂ ਦੇ ਖਿਡਾਉਣਿਆਂ ਲਈ ਉਹ ਜ਼ਿੱਦ ਕਰਦਾ। ਉਹ ਪਿੰਡ ਵਾਲੇ ਮਿਡਲ ਸਕੂਲ ਵਿੱਚ ਪਹਿਲੀ ਜਮਾਤ ਵਿੱਚ ਪੜ੍ਹਨ ਲੱਗ ਪਿਆ ਸੀ। ਸਕੂਲ ਦੇ ਹੈਡਮਾਸਟਰ ਨੇ ਤਿੰਨ ਚਾਰ ਫੁੱਟਬਾਲਾਂ ਲਿਆ ਰੱਖੀਆਂ ਸਨ। ਇੱਕ ਪੀਰੀਅਡ ਖੇਡਾਂ ਦਾ ਹੁੰਦਾ। ਸਕੂਲ ਨਾਲ ਲਗਦੀ ਗਰਾਊਂਡ ਵਿੱਚ ਵੱਡੇ ਬੱਚੇ ਪਾਲੇ ਵੰਡ ਕੇ ਖੇਡਣ ਲਗਦੇ। ਮੁੰਡੇ ਕਬੱਡੀ ਤੇ ਫੁੱਟਬਾਲ ਖੇਡਦੇ, ਕੁੜੀਆਂ ਖੋਹ-ਖੋਹ ਖੇਡਣ ਲਗਦੀਆਂ। ਵੀਰਦੀਪ ਸਾਈਡ ‘ਤੇ ਬੈਠਾ ਵੇਖਦਾ ਰਹਿੰਦਾ। ਉਹਦਾ ਜੀ ਕਰਦਾ ਬਈ ਉਹ ਵੀ ਖੇਡੇ ਪਰ ਵੱਡੇ ਬੱਚੇ ਉਸ ਦੇ ਪੱਬ ਨਾ ਲੱਗਣ ਦਿੰਦੇ। ਉਹ ਘਰ ਆਉਂਦਾ ਤਾਂ ਹੁਕਮੇ ਤੋਂ ਫੁੱਟਬਾਲ ਦੀ ਮੰਗ ਕਰਨ ਲਗਦਾ। ਹੁਕਮੇ ਤੋਂ ਉਹ ਥੋੜ੍ਹਾ ਝਕਦਾ ਜਿਹਾ ਰਹਿੰਦਾ, ਪਰ ਨਸੀਬੋ ਨੂੰ ਫੁੱਟਬਾਲ ਲਿਆਉਣ ਨੂੰ ਕਹਿੰਦਾ। ਨਸੀਬੋ ਹੁਕਮੇ ਨੂੰ ਆਖਦੀ। ‘ਲਿਆ ਦਿਆਂਗੇ’ ਹੁਕਮਾ ਸਰਸਰੀ ਕਹਿ ਛੱਡਦਾ। ਉਹਨੂੰ ਸੀ ਕਿ ਮੁੰਡਾ ਹਾਲੇ ਨਿਆਣਾ। ਦਿਨ ਲੰਘਦੇ ਗਏ, ਵੀਰਦੀਪ ਦੀ ਮੰਗ ਟਲਦੀ ਰਹੀ, ਪਰ ਖੇਡਣ ਦੀ ਤ੍ਰਿਸ਼ਨਾ ਉਸ ਦੀ ਤੇਜ਼ ਹੁੰਦੀ ਗਈ। ਸਕੂਲ ਦੀ ਇੱਕ ਕੰਧ ਗੁਰਦੁਆਰੇ ਨਾਲ ਲਗਦੀ ਸੀ। ਅੱਖ ਬਚਾ ਕੇ ਵੀਰਦੀਪ ਨੇ ਸਕੂਲ ਦੇ ਸਟੋਰ ਵਿੱਚੋਂ ਫੁੱਟਬਾਲ ਚੁੱਕੀ ਤੇ ਗੁਰਦੁਆਰੇ ਵਾਲੇ ਪਾਸੇ ਸੁੱਟ ਦਿੱਤੀ, ਗੁਰਦੁਆਰੇ ਵੱਲੇ ਇਹ ਜ਼ਮੀਨ ਹਾਲੇ ਬੇਅਬਾਦ ਹੀ ਪਈ ਸੀ। ਝਾੜ ਝੋਕੇ ਉੱਗੇ ਹੋਏ ਸਨ। ਛੁੱਟੀ ਵੇਲੇ ਉਹ ਘਰ ਚਲਾ ਗਿਆ। ਮੂੰਹ ’ਨ੍ਹੇਰਾ ਜਿਹਾ ਹੋਏ ਉਸ ਨੇ ਘਰ ਪਿਆ ਰੇਹ ਵਾਲਾ ਥੈਲਾ ਕੱਛੇ ਮਾਰਿਆ ਤੇ ਗੁਰਦੁਆਰੇ ਵਾਲੇ ਪਾਸੇ ਪਈ ਫੁੱਟਬਾਲ ਉਹਦੇ ਵਿੱਚ ਪਾ ਕੇ ਘਰੇ ਲੈ ਆਇਆ। ਫੁੱਟਬਾਲ ਉਹਨੇ ਉਵੇਂ ਬੋਰੀ ਵਿੱਚ ਪਾ ਕੇ ਵੱਖੀ ਵਾਲੀ ਕੱਚੀ ਕੋਠੜੀ ਦੀ ਪਰਛੱਤੀ ‘ਤੇ ਰੱਖ ਦਿੱਤੀ। ਅਗਲੇ ਦਿਨ ਸਕੂਲੋਂ ਆਣ ਕੇ ਆਪਣੇ ਘਰ ਦੇ ਨਿੱਕੇ ਜਿਹੇ ਵਿਹੜੇ ਵਿੱਚ ਉਹ ਫੁਟਬਾਲ ਨੂੰ ਕਿੱਕਾਂ ਮਾਰਨ ਲੱਗਾ। ਬਾਲ ਕੰਧ ਨਾਲ ਲੱਗ ਕੇ ਵਾਪਸ ਪਰਤ ਆਉਂਦੀ। ਨਸੀਬੋ ਨੇ ਕਰਮੇ ਕਿਆਂ ਵਲੋਂ ਆਣ ਕੇ ਘਰ ਦਾ ਬਚਦਾ ਕੰਮ ਨਬੇੜਿਆ ਅਤੇ ਸੌਂ ਗਈ। ਬਾਲ ਕੰਧ ਨਾਲ ਵਾਰ ਵਾਰ ਲੱਗਣ ਨਾਲ ਉਸ ਦੀ ਜਾਗ ਖੁੱਲ੍ਹ ਗਈ। ਬੱਚੇ ਨੂੰ ਫੁੱਟਬਾਲ ਨਾਲ ਖੇਡਦਾ ਵੇਖ ਕੇ ਉਹ ਹੈਰਾਨ ਰਹਿ ਗਈ। ‘ਬਾਪੂ ਜੀ ਨੇ ਲਿਆ ਕੇ ਦਿਤੀ?’ ਮਾਂ ਨੇ ਪੁਛਿਆ।
‘ਨਹੀਂ ਮੈਂ ਆਪੇ ਲੈ ਆਇਆਂ’, ਵੀਰਦੀਪ ਨੇ ਅਣਸਹਿਮੀ ਆਵਾਜ਼ ਵਿੱਚ ਕਿਹਾ।
‘ਮਾਸਟਰ ਨੇ ਦਿੱਤੀ?’ ਮਾਂ ਦਾ ਅਗਲਾ ਸਵਾਲ ਸੀ।
‘ਨਹੀਂ ਮੈ ਚੁੱਕ ਕੇ ਗੁਰਦੁਆਰੇ ਵਾਲੇ ਪਾਸੇ ਸੁੱਟ ਲਈ, ਤੇ ਫਿਰ ਚੱਕ ਲਿਆਇਆ ਘਰੇ।’
ਨਸੀਬੋ ਨੇ ਠਾਹ ਕਰਦੀ ਮੁੰਡੇ ਦੇ ਮੂੰਹ ‘ਤੇ ਚਪੇੜ ਮਾਰੀ, ‘ਚੋਰੀ ਕਰਕੇ ਲਿਆਇਆਂ?’ ਉਹ ਚੀਖੀ।
‘ਤੁਸੀਂ ਤਾਂ ਲਿਆ ਕੇ ਨ੍ਹੀਂ ਦਿੱਤੀ, ਹੋਰ ਮੈਂ ਕੀ ਕਰਦਾ’, ਡੁਸਕਦੇ ਵੀਰਦੀਪ ਨੇ ਜਵਾਬ ਦਿੱਤਾ। ਮੁੰਡੇ ਦਾ ਚਿੱਤ ਗੁਨਾਹ ਦੇ ਅਹਿਸਾਸ ਤੋਂ ਹਾਲਾਂ ਵੀ ਦੂਰ ਸੀ।
‘ਖ਼ਬਰਦਾਰ ਜੇ ਚੋਰੀ ਦੀ ਬਾਲ ਨਾਲ ਖੇਡਿਆ, ਆਪੇ ਤੇਰਾ ਬਾਪੂ ਸਵੇਰੇ ਲਿਆ ਦੂ,’ ਉਹ ਵੀਰਦੀਪ ਨੂੰ ਬਾਹੋਂ ਫੜ ਕੇ ਅੰਦਰ ਖਿੱਚ ਲਿਆਈ ਅਤੇ ਫੁੱਟਬਾਲ ਡੱਠੇ ਪਏ ਮੰਜੇ ਹੇਠਾਂ ਧੱਕ ਦਿੱਤੀ। ਉਹਦਾ ਗੁੱਸਾ ਢੈਲਾ ਨਹੀਂ ਸੀ ਹੋਇਆ। ਉਹਦਾ ਦਿਲ ਕੀਤਾ ਕਿ ਦੋ ਚਾਰ ਹੋਰ ਛੱਡੇ, ਪਰ ਮੁੰਡੇ ਦਾ ਵਿਚਾਰਾ ਜਿਹਾ ਮੂੰਹ ਵੇਖ ਕੇ ਉਸ ਨੂੰ ਤਰਸ ਆ ਗਿਆ। ਗੁੱਸਾ ਢੈਲਾ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਮੁੰਡਾ ਕਿੰਨੇ ਦਿਨਾਂ ਦਾ ਮੰਗੀ ਜਾਂਦਾ, ਅਸੀਂ ਲਿਆ ਨ੍ਹੀਂ ਸਕੇ ਫੁੱਟਬਾਲ। ਫਿਰ ਉਸ ਨੇ ਵੀਰਦੀਪ ਨੂੰ ਬੁੱਕਲ ਵਿੱਚ ਲੈ ਲਿਆ। ਚਪੇੜ ਨਾਲ ਵੀਰਦੀਪ ਦਾ ਮੂੰਹ ਲਾਲ ਹੋ ਗਿਆ ਸੀ। ਉਹ ਉਹਦਾ ਮੂੰਹ ਚੁੰਮਣ ਲੱਗੀ। ‘ਦੇਖ ਪੁੱਤ ਘਰਾਂ ‘ਚ ਔਖ-ਸੌਖ ਵੀ ਹੁੰਦੀ, ਦੇਰ-ਸਵੇਰ ਵੀ, ਪਰ ਇਹਦਾ ਮਤਲਬ ਇਹ ਥੋੜ੍ਹੀ ਤੁਸੀਂ ਚੋਰੀ ਕਰਨ ਲੱਗੋ।’ ਪਿਆਰ ਨਾਲ ਸਮਝਾਉਣ ‘ਤੇ ਮੁੰਡਾ ਵੀ ਹੁਣ ਉਹਦੀ ਗੱਲ ਧਿਆਨ ਨਾਲ ਸੁਣਨ ਲੱਗ ਪਿਆ। ਉਹ ਮੰਜੇ ‘ਤੇ ਟੇਢੀ ਹੋ ਗਈ ਤੇ ਵੀਰਦੀਪ ਨੂੰ ਸਹਿਲਾਉਣ ਲੱਗੀ। ਵੀਰਦੀਪ ਨੂੰ ਨੀਂਦ ਆ ਗਈ। ਪਾਠੀ ਬੋਲ ਪਿਆ ਸੀ। ਹੁਕਮਾ ਡਿਊਟੀ ਤੋਂ ਆਉਣ ਬਾਅਦ ਕਰਮੇ ਹੋਰਾਂ ਵੱਲ ਚਲਾ ਗਿਆ। ਉਹਦੇ ਆਉਣ ਵਿੱਚ ਹਾਲੇ ਦੇਰ ਸੀ। ਉਹਨੇ ਉੱਠ ਕੇ ਹਾਰੇ ਵਿੱਚ ਭੰਨ ਕੇ ਪਾਥੀਆਂ ਸੁੱਟੀਆਂ ਤੇ ਕੁਝ ਡੱਕੇ ਜਿਹੇ ਵੀ, ਥੋੜ੍ਹਾ ਜਿਹਾ ਮਿੱਟੀ ਦਾ ਤੇਲ ਪਾ ਕੇ ਅੱਗ ਬਾਲ ਦਿੱਤੀ। ਜਦੋਂ ਅੱਗ ਚੰਗੀ ਤਰ੍ਹਾਂ ਸੁਲਘ ਗਈ, ਤੌੜੀ ਵਿੱਚ ਮੋਠਾਂ ਦੀ ਦਾਲ ਰੱਖ ਦਿੱਤੀ ਤੇ ਮੁੜ ਆਣ ਕੇ ਵੀਰਦੀਪ ਨਾਲ ਪੈ ਗਈ। ਟਾਈਮ ਅੱਠ ਤੋਂ ਉਪਰ ਹੋ ਚੁੱਕਾ ਸੀ। ਹੁਕਮਾ ਹਾਲੇ ਆਇਆ ਨਹੀਂ ਸੀ। ਉਹਨੂੰ ਚਿੰਤਾ ਹੋਣ ਲੱਗੀ। 15 ਕੁ ਮਿੰਟ ਬਾਅਦ ਦਰਵਾਜ਼ਾ ਖੜਕਿਆ, ਹੁਕਮਾ ਅੰਦਰ ਵੜਿਆ। ‘ਰੋਟੀ ਮੈਂ ਅੱਜ ਬਾਈ ਹੋਰਾਂ ਵੱਲੀਂ ਖਾ ਆਇਆਂ, ਤੁਸੀਂ ਆਪਣੀ ਖਾ ਲੈਣੀ ਸੀ ਨਸੀਬ ਕੁਰੇ। ਵੀਰਦੀਪ ਕਿੱਥੇ ਆ?’ ਉਹਨੇ ਇਕੋ ਸਾਹ ਪੁੱਛਿਆ। ਵੀਰਦੀਪ ਬਹੁਤੀ ਵਾਰ ਬਾਪੂ ਦੇ ਆਉਣ ਬਾਅਦ ਹੀ ਸੌਂਇਆ ਕਰਦਾ ਸੀ। ਹੁਕਮੇ ਦਾ ਮੱਥਾ ਠਣਕਿਆ, ‘ਕਿਉਂ ਢਿੱਲਾ ਮੱਠਾ’ ਉਹਨੇ ਪੁੱਛਿਆ।
‘ਨਹੀਂ’ ਨਸੀਬੋ ਨੇ ਇੱਕ ਸ਼ਬਦ ਵਿੱਚ ਉੱਤਰ ਦਿੱਤਾ।
‘ਮਖਾਂ ਅੱਜ ਜਲਦੀ ਸੌਂ ਗਿਆ,’ ਹੁਕਮੇ ਦਾ ਧੀਮਾ ਜਿਹਾ ਸਵਾਲ ਸੀ।
‘ਹੋਰ ਈ ਕਾਰਾ ਕਰ ਆਇਆ ਅੱਜ ਇਹ ਤਾਂ, ਫਿਰ ਮੇਰੇ ਤੋਂ ਇੱਕ ਦੋ ਧਰੀਆਂ ਗਈਆਂ, ਰੋਂਦਾ ਜਿਹਾ ਸੌਂ ਗਿਆ ਫਿਰ।’
‘ਇਹ ਜੁਆਕ ਜਿਹਾ ਕੀ ਕਾਰਾ ਕਰ ਸਕਦਾ,’ ਹੁਕਮੇ ਨੇ ਗੱਲ ਆਈ ਗਈ ਕਰਨੀ ਚਾਹੀ।
‘ਥੋਡੇ ਭਾਅ ਦਾ ਜੁਆਕ ਆ ਇਹ!’ ਨਸੀਬੋ ਬੋਲੀ।
‘ਕੁਸ਼ ਦੱਸੇਂਗੀ ਵੀ ਕਿ ਬੁਝਾਰਤਾਂ ਜਿਹੀਆਂ ਈ ਪਾਈ ਜਾਏਂਗੀ!’ ਹੁਕਮਾ ਕਾਹਲਾ ਪੈ ਗਿਆ।
‘ਸਕੂਲੋਂ ਫੁੱਟਬਾਲ ਚੋਰੀ ਕਰ ਲਿਆਇਆ ਤੇਰਾ ਲਾਡਲਾ।’ ਨਸੀਬੋ ਨੇ ਬੁਰਾ ਜਿਹਾ ਮੂੰਹ ਬਣਾ ਕੇ ਦੱਸਿਆ।
ਹੁਕਮ ਸਿਉਂ ਥੋੜ੍ਹੀ ਦੇਰ ਸੋਚਦਾ ਰਿਹਾ ਅਤੇ ਫਿਰ ਤਾੜੀ ਮਾਰੀ ਤੇ ਖਿੜ ਖਿੜਾ ਕੇ ਹੱਸ ਪਿਆ, ‘ਚੋਰੀ ਨ੍ਹੀਂ ਇਹ ਕਹਿ ਬਈ ਸਕੂਲੋਂ ਫੁੱਟਬਾਲ ਚੁੱਕ ਲਿਆਇਆ।’ ਉਹਦੇ ਹਾਸੇ ਨਾਲ ਵੀਰਦੀਪ ਜਾਗ ਪਿਆ ਸੀ।
‘ਖਾਣ ਪੀਣ ਵਾਲੀਆਂ ਤੇ ਨਿੱਕੀਆਂ ਮੋਟੀਆਂ ਲੋੜ ਦੀਆਂ ਚੀਜ਼ਾਂ ਦੀ ਕਾਹਦੀ ਚੋਰੀ! ਸੂਰਮਾ ਮੇਰਾ ਪੁੱਤ ਸੂਰਮਾ’, ਹੁਕਮੇ ਨੇ ਅੱਧ-ਸੁੱਤੇ ਜਿਹੇ ਵੀਰਦੀਪ ਦਾ ਮੱਥਾ ਚੁੰਮਿਆ। ਇੰਜ ਹੁਕਮੇ ਦੀ ਬੁੱਕਲ ਵਿੱਚ ਸੁਤ ਉਨੀਂਦਰੇ ਜਿਹੇ ਨੂੰ ਹੀ ਨਸੀਬੋ ਨੇ ਰੋਟੀ ਖੁਆ ਦਿੱਤੀ। ਰੋਟੀ ਖਾਣ ਬਾਅਦ ਉਹ ਫਿਰ ਗੂੜ੍ਹੀ ਨੀਂਦੇ ਸੌਂ ਗਿਆ।
ਜੁੜ ਕੇ ਡੱਠੀਆਂ ਮੰਜੀਆਂ `ਤੇ ਪਏ ਉਹ ਕਈ ਦੇਰ ਤੱਕ ਵੀਰਦੀਪ ਬਾਰੇ ਗੱਲਾਂ ਕਰਦੇ ਰਹੇ।
‘ਕਿੰਨੇ ਦਿਨ ਹੋ ਗਏ ਇਹਨੂੰ ਫੁੱਟਬਾਲ ਮੰਗਦੇ ਨੂੰ, ਆਪਾਂ ਕਿਹੜਾ ਲਿਆ ਕਿ ਦਿੱਤੀ, ਆਖਰ ਵਿਚਾਰੇ ਨੇ ਆਪੇ ਹੀਲਾ ਕੀਤਾ’ ਹੁਣ ਨਸੀਬੋ ਵੀ ਜਿਵੇਂ ਹੁਕਮ ਸਿਉਂ ਵਾਲੀ ਬੋਲੀ ਬੋਲਣ ਲੱਗੀ ਸੀ।
‘ਓ ਯਾਰ ਐਵੇਂ ਘੌਲ-ਘੌਲ ਵਿੱਚ ਈ ਰਹਿ ਗਏ। ਕੱਲ੍ਹ ਨੂੰ ਲੈਂਦਾ ਆਵਾਂਗਾ।’ ਹੁਕਮੇ ਨੇ ਭੁੱਲ ਬਖਸ਼ਾਉਣ ਵਾਂਗ ਕਿਹਾ।
‘ਕੱਲ੍ਹ ਨੂੰ ਥੋੜ੍ਹਾ ਲੇਟ ਚਲਾ ਜਾਵੀਂ ਕੰਮ ‘ਤੇ, ਇਹ ਫੁੱਟਬਾਲ ਮੋੜ ਕੇ ਆਵੀਂ ਸਕੂਲੇ ਤੇ ਇਹਨੂੰ ਛੱਡ ਆਵੀਂ, ਨਾਲੇ ਬੱਚੇ ਦੀ ਗਲਤੀ ਤੇ ਮਾਫੀ ਮੰਗ ਆਵੀਂ।’
‘ਇਡੀ ਕਿੱਡੀ ਕੁ ਗੱਲ ਐ ਇਹ, ਛੱਡ ਪਰ੍ਹਾਂ ਹੁਣ’ ਹੁਕਮੇ ਨੇ ਗੱਲ ਆਈ ਗਈ ਕਰਨ ਦਾ ਯਤਨ ਕੀਤਾ।
‘ਨਹੀਂ ਨਹੀਂ, ਗੁਰਦੁਆਰੇ ਵਾਲੇ ਪਾਸੇ ਸਿੱਟ ਲਈ ਸੀ ਬਾਲ ਇਹਨੇ ਕੱਲ੍ਹ, ਫਿਰ ਮੂੰਹ ਨੇ੍ਹਰੇ ਰੇਹ ਵਾਲੇ ਥੈਲੇ ਵਿੱਚ ਪਾ ਲਿਆਇਆ, ਪਤਾ ਨ੍ਹੀਂ ਕਿਸੇ ਨੇ ਦੇਖ ਈ ਲਿਆ ਹੋਵੇ।’ ਨਸੀਬੋ ਬਦਨਾਮੀ ਤੋਂ ਡਰਦੀ ਸੀ।
‘ਊਂ ਸਾਲਾ ਸਕੀਮੀ ਤਾਂ ਬੜਾ’, ਹੁਕਮੇ ਨੂੰ ਮੁੰਡੇ ਦੀ ਹਿੰਮਤ ਨੇ ਵਜਦ ਵਿੱਚ ਲੈ ਆਂਦਾ ਸੀ।’
‘ਚਲ ਚੰਗਾ ਮੋੜ ਆਵਾਂਗੇ, ਆ ਜਾ ਹੁਣ ਸੌਣ ਜੋਗੇ ਹੋਜੀਏ।’ ਹੁਕਮਾ ਮਜ਼ਾਕ ਦੇ ਮੂਡ ਵਿੱਚ ਸੀ।
—
ਸਵੇਰੇ ਉੱਠਿਆ ਤਾਂ ਹੁਕਮਾ ਨਸੀਬੋ ਵਲੋਂ ਸੁਣਾਈ ਮੁੰਡੇ ਵਾਲੀ ਕਹਾਣੀ ਭੁੱਲ ਭੁਲਾ ਗਿਆ। ਅੱਠ ਕੁ ਵਜੇ ਉਹ ਦਫਤਰ ਵੱਲ ਜਾਣ ਲਈ ਤਿਆਰ ਹੋਣ ਲੱਗਾ ਤਾਂ ਨਸੀਬ ਕੁਰ ਨੇ ਫਿਰ ਟੋਕਿਆ ਕਿ ਮੁੰਡੇ ਨੂੰ ਸਕੂਲੇ ਛੱਡ ਕੇ ਜਾਵੀਂ। ਉਹ ਨਸੀਬੋ ਦਾ ਆਖਿਆ ਟਾਲਣ ਦੇ ਮੂਡ ਵਿੱਚ ਸੀ, ਪਰ ਉਹ ਅੜ ਗਈ। ਉਹਦੇ ਜ਼ੋਰ ਪਾਉਣ ਤੇ ਉਹ ਰੁਕ ਗਿਆ। ਉਹਨੇ ਨੌਕੀਆ ਦਾ ਮੋਬਾਈਲ ਕੱਢਿਆ ਤੇ ਦਫਤਰ ਆਪਣੇ ਸੁਪਰਡੈਂਟ ਨੂੰ ਆਖ ਦਿੱਤਾ ਕਿ ਮੈਂ ਘੰਟਾ ਕੁ ਲੇਟ ਆਵਾਂਗਾ। ਹੁਕਮਾ ਸਿੱਧਾ ਹੈਡਮਾਸਟਰ ਨੂੰ ਮਿਲਿਆ। ਹੈਡਮਾਸਟਰ ਹਾਜ਼ਰੀ ਰਜਿਸਟਰ ਚੈਕ ਕਰਨ ਵਿੱਚ ਰੁਝਿਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਉਹਨੇ ਹੁਕਮੇ ਨੂੰ ਅੰਦਰ ਬੁਲਾਇਆ ਤੇ ਸਾਹਮਣੀ ਕੁਰਸੀ ‘ਤੇ ਬਿਠਾ ਲਿਆ। ‘ਹਾਂ ਜੀ ਕਿਵੇਂ ਆਉਣੇ ਹੋਏ?’ ਮਾਸਟਰ ਨੇ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ।
‘ਮਾਹਟਰ ਜੀ ਗੱਲ ਤਾਂ ਊਂ ਮੈਨੂੰ ਦੱਸਦੇ ਨੂੰ ਵੀ ਸੰਗ ਆਉਂਦੀ, ਪਰ ਮੇਰਾ ਮੁੰਡਾ ਥੋਡੇ ਕੋਲ ਪੜ੍ਹਦਾ, ਕੱਲ੍ਹ ਕਿਤੇ ਸਕੂਲੋਂ ਫੁੱਟਬਾਲ ਚੁੱਕ ਕੇ ਲੈ ਗਿਆ। ਘਰ ਜਾ ਕਿ ਖੇਡਣ ਲੱਗਿਆ ਤਾਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਮੈਂ ਇਸ ਮੁੰਡੇ ਵਲੋਂ ਕੀਤੀ ਗਲਤੀ ਦੀ ਮਾਫੀ ਮੰਗਦਾਂ ਤੇ ਆਹ ਫੁੱਟਬਾਲ ਵਾਪਸ ਕਰਨ ਆਇਆਂ।’ ਵੀਰਦੀਪ ਦਫਤਰ ਦੇ ਬਾਹਰ ਖੜ੍ਹਾ ਸੀ। ਉਸ ਦੇ ਚਿਹਰੇ ‘ਤੇ ਕੋਈ ਹਾਵਭਾਵ ਨਹੀਂ ਸੀ।
‘ਕਿੱਥੇ ਆ ਮੁੰਡਾ?’ ਮਾਸਟਰ ਨੇ ਪੁੱਛਿਆ।
‘ਜੀ ਬਾਹਰ ਖੜ੍ਹਾ, ਹੁਣ ਨਾ ਇਹਨੂੰ ਕੁਸ਼ ਕਿਹੋ, ਇਹਦੀ ਮਾਂ ਨੇ ਇਹਦੀ ਬਥੇਰੀ ਡੰਡਾ ਪਰੇਡ ਕਰਤੀ,’ ਹੁਕਮੇ ਨੇ ਗੱਲ ਕੁਝ ਵਧਾ ਕੇ ਦੱਸੀ।
ਮੁੰਡਾ ਜਦੋਂ ਅੰਦਰ ਆਇਆ ਤਾਂ ਮਾਸਟਰ ਨੇ ਵੀਰਦੀਪ ਨੂੰ ਸਿਰ ਤੋਂ ਪੈਰਾਂ ਤੱਕ ਜਾਂਚਿਆ ਤੇ ਫਿਰ ਮੁਸਕਰਾਉਣ ਲੱਗਾ, ‘ਇਹ ਮੁੰਡਾ ਘੂਰਨ ਵਾਲਾ ਥੋੜ੍ਹਾ, ਇਹ ਤਾਂ ਇਦਾਂ ਦਾ ਖਿਡਾਰੀ ਬਣੂ, ਥੋਡਾ ਵੀ ਨਾਂ ਰੌਸ਼ਨ ਕਰੂ, ਤੇ ਥੁਆਡੇ ਪਿੰਡ ਦਾ ਵੀ।’
ਮਾਸਟਰ ਮੁੰਡੇ ਦੀ ਖੇਡਣ ਪ੍ਰਤੀ ਲਗਨ ਦਾ ਕਾਇਲ ਹੋ ਗਿਆ ਸੀ, ਵੀਰਦੀਪ ਇਸ ਦੌਰਾਨ ਨੀਵੀਂ ਪਾ ਕੇ ਖੜ੍ਹਾ ਰਿਹਾ।
‘ਕੀ ਨਾਂ ਇਹਦਾ?’ ਮਾਸਟਰ ਨੇ ਪੁੱਛਿਆ।
‘ਜੀ ਵੀਰਦੀਪ ਸਿੰਘ।’ ਹੁਕਮੇ ਨੇ ਜਵਾਬ ਦਿੱਤਾ।
‘ਮੂੰਹ ਉੱਪਰ ਚੁੱਕ ਬਈ ਵੀਰਦੀਪ,’ ਮਾਸਟਰ ਦੇ ਬੁਲਾਉਣ ਤੇ ਸੰਗਦੇ ਸੰਗਦੇ ਵੀਰਦੀਪ ਨੇ ਮੂੰਹ ਸਿੱਧਾ ਕੀਤਾ।
‘ਖੇਡਾਂ ਦਾ ਪੀਰੀਅਡ ਹੁੰਦਾ, ਉਹਦੇ ਵਿੱਚ ਮੁੰਡੇ ਖੇਡਦੇ, ਤੂੰ ਵੀ ਖੇਡ ਲਿਆ ਕਰ।’
‘ਜੀ ਉਹ ਮੈਨੂੰ ਖਿਡਾਉਂਦੇ ਨ੍ਹੀਂ, ਕਹਿੰਦੇ ਤੂੰ ਹਾਲੇ ਛੋਟਾਂ,’ ਵੀਰਦੀਪ ਨੇ ਟੁੱਟਵੇਂ ਜਿਹੇ ਅੱਖਰਾਂ ਵਿੱਚ ਜੁਆਬ ਦਿੱਤਾ।
‘ਮੈਂ ਕਹਿ ਦਿਨਾਂ ਇੰਚਾਰਜ ਮਾਸਟਰ ਨੂੰ, ਤੂੰ ਅੱਜ ਤੋਂ ਈ ਖੇਡਣਾ ਸ਼ੁਰੂ ਕਰ।’ ਹੁਕਮਾ ਮਾਸਟਰ ਦੇ ਪ੍ਰਤੀਕਰਮ ਤੋਂ ਹੈਰਾਨ ਰਹਿ ਗਿਆ। ਉਹਨੂੰ ਸੀ ਬਈ ਹੈਡਮਾਸਟਰ ਮੁੰਡੇ ਨੂੰ ਬੁਰਾ ਭਲਾ ਕਹੇਗਾ, ਤੇ ਮੇਰੀ ਵੀ ਲਾਹਪਾਹ ਕਰੇਗਾ ਬਈ ਕੀ ਸਿਖਾਉਨੇ ਓਂ ਤੁਸੀਂ ਜੁਆਕ ਨੂੰ; ਪਰ ਕਹਾਣੀ ਬਿਲਕੁਲ ਉਲਟ ਵਾਪਰ ਗਈ ਸੀ।
ਦੁਪਹਿਰੋਂ ਬਾਅਦ ਜਦੋਂ ਖੇਡਾਂ ਦਾ ਪੀਰੀਅਡ ਆਇਆ ਤਾਂ ਇੰਚਾਰਜ ਮਾਸਟਰ ਆਪ ਪਹਿਲੀ ਕਲਾਸ ਵਿੱਚ ਆਇਆ ਤੇ ਵੀਰਦੀਪ ਨੂੰ ਨਾਲ ਗਰਾਉਂਡ ਵਿੱਚ ਲੈ ਗਿਆ। ਮਿਡਲ ਕਲਾਸਾਂ ਵਾਲੇ ਤੇ ਇੱਕ-ਦੋ ਪੰਜਵੀਂ ਵਾਲੇ ਮੁੰਡੇ ਖੇਡ ਮਾਸਟਰ ਨੇ ਦੋ ਪਾਲਿਆਂ ਵਿੱਚ ਬਰਾਬਰ ਬਰਾਬਰ ਵੰਡ ਦਿੱਤੇ। ਵੀਰਦੀਪ ਨੂੰ ਉਹਨੇ ਖੱਬੇ ਵਾਲੇ ਪਾਸੇ ਦੇ ਮੁੰਡਿਆਂ ਵਿੱਚ ਵਾਧੂ ਮੈਂਬਰ ਵਜੋਂ ਖਿਡਾ ਦਿੱਤਾ। ਉਹ ਖੇਡ ਰਹੇ ਮੁੰਡਿਆਂ ਵਿੱਚ ਸਾਰਿਆਂ ਤੋਂ ਛੋਟਾ ਸੀ। ਉਹ ਦੋਹਾਂ ਫੁੱਲ ਬੈਕਾਂ ਦੇ ਲਾਗੇ ਖੇਡਣ ਲੱਗਾ। ਬਾਲ ਨੂੰ ਉਹਦਾ ਪੈਰ ਘੱਟ ਵੱਧ ਹੀ ਲਗਦਾ, ਪਰ ਉਹ ਵੱਡੇ ਮੁੰਡਿਆਂ ਨਾਲ ਭਿੜਨ ਦਾ ਯਤਨ ਕਰਦਾ। ਬਿਲਕੁਲ ਸਹਿਜ, ਜਿਵੇਂ ਉਮਰ ਦਾ ਕੋਈ ਫਰਕ ਉਸ ਦੇ ਦਿਮਾਗ ਵਿੱਚ ਨਾ ਹੋਵੇ। ਇੱਕ ਦੋ ਵਾਰ ਉਹਦੇ ਆੜੀਆਂ ਨੇ ਜਾਣ-ਬੁਝ ਕੇ ਉਸ ਵੱਲ ਬਾਲ ਸਰਕਾਈ। ਉਹਨੇ ਸਹਿਜ ਨਾਲ ਰੋਕੀ ਤੇ ਕਿੱਕ ਮਾਰ ਕੇ ਬਾਲ ਦੇਣ ਵਾਲੇ ਖਿਡਾਰੀ ਵੱਲ ਹੀ ਮੁੜ ਧੱਕ ਦਿੱਤੀ। ਹਾਲੇ ਉਹਨੂੰ ਆਪਣੇ ਖਿਡਾਰੀਆਂ ਨੂੰ ਪਾਸ ਦੇਣ ਦਾ ਵੱਲ ਨਹੀਂ ਸੀ, ਪਰ ਜਿਸ ਤਰ੍ਹਾਂ ਉਸ ਨੇ ਬਾਲ ਰੋਕੀ ਤੇ ਮੋੜ ਕੇ ਉਸੇ ਖਿਡਾਰੀ ਨੂੰ ਦਿੱਤੀ, ਉਸ ਤੋਂ ਖੇਡ ਮਾਸਟਰ ਹੈਰਾਨ ਰਹਿ ਗਿਆ।
ਫਿਰ ਖੇਡਾਂ ਦੇ ਪੀਰੀਅਡ ਵਿੱਚ ਉਹ ਰੋਜ਼ ਗਰਾਊਂਡ ਆਉਣ ਲੱਗਾ। ਕੁਝ ਮਹੀਨੇ ਗੁਜ਼ਰਨ ਬਾਅਦ ਉਹ ਮੁੰਡਿਆਂ ਨਾਲ ਗੇਮ ਵਿੱਚ ਹਿੱਸੇਦਾਰੀ ਕਰਨ ਲੱਗਾ ਸੀ। ਬਾਲ ਰੋਕਦਿਆਂ ਉਹ ਕਈ ਵਾਰ ਪੰਜਵੀਂ ਛੇਵੀਂ ਵਾਲੇ ਮੁੰਡਿਆਂ ਨਾਲ ਭਿੜ ਜਾਂਦਾ। ਕਈ ਵਾਰ ਆਪਣੇ ਛੋਹਲੇ ਪੈਰਾਂ ਨਾਲ ਉਨ੍ਹਾਂ ਤੋਂ ਬਾਲ ਖੋਹ ਵੀ ਲੈਂਦਾ। ਵੱਡੇ ਮੁੰਡੇ ਖਿਝ ਜਾਂਦੇ। ਇੰਚਾਰਜ ਮਾਸਟਰ ਹਾਜ਼ਰ ਨਾ ਹੁੰਦਾ ਤਾਂ ਉਹ ਉਹਨੂੰ ਡਰਾਉਣ ਦੀ ਕੋਸ਼ਿਸ਼ ਵੀ ਕਰਦੇ। ਵੀਰਦੀਪ ਬੋਲਦਾ ਕੁਝ ਨਾ, ਪਰ ਉਹਦੇ ਚਿਹਰੇ ‘ਤੇ ਸਹਿਮ ਦਾ ਕੋਈ ਨਿਸ਼ਾਨ ਵੇਖਣ ਨੂੰ ਨਾ ਮਿਲਦਾ। ਉਹ ਆਪਣੀ ਲੈਅ ਵਿੱਚ ਖੇਡਦਾ ਰਹਿੰਦਾ। ਬਾਲ ਭਾਵੇਂ ਘੱਟ ਵੱਧ ਹੀ ਪੈਰ ਨੂੰ ਲਗਦੀ, ਪਰ ਉਹ ਹਰ ਪਾਸੇ ਤੋਂ ਬਾਲ ‘ਤੇ ਝਪਟਣ ਦਾ ਯਤਨ ਕਰਦਾ। ਵਿਰੋਧੀ ਖਿਡਾਰੀ ਭਾਵੇਂ ਵੱਡਾ ਹੋਵੇ ਜਾਂ ਛੋਟਾ। ਕੋਚਿੰਗ ਵਾਲਾ ਮਾਸਟਰ ਉਹਦੀ ਖੇਡ ਤੋਂ ਹੈਰਾਨ ਹੁੰਦਾ। ਖਾਸ ਕਰਕੇ ਉਸ ਦੇ ਸੁਭਾਅ ਅਤੇ ਐਟੀਚਿਊਟ ਤੋਂ। ਮਾਸਟਰ ਨੂੰ ਉਹਦੇ ਵਿੱਚ ਕੋਈ ਵੱਡਾ ਖਿਡਾਰੀ ਵਿਖਾਈ ਦੇਣ ਲੱਗਾ ਸੀ। ਸਕੂਲ ਵਿੱਚ ਕੁਝ ਨਵੀਆਂ ਫੁੱਟਬਾਲਾਂ ਆ ਗਈਆਂ ਸਨ। ਹੋਰ ਨਵੇਂ ਮੁੰਡੇ ਖੇਡਣ ਲੱਗੇ। ਗਰਾਊਂਡ ਵਿੱਚ ਇੱਕ ਪਾਸੇ ਨੈਸ਼ਨਲ ਸਟਾਈਲ ਕਬੱਡੀ ਦਾ ਗਰਾਊਂਡ ਸੀ। ਕਬੱਡੀ ਦੇ ਸ਼ੌਕੀਨ ਮੁੰਡੇ ਉਧਰ ਖੇਡਣ ਲੱਗਦੇ। ਬਹੁਤੇ ਫੁੱਟਬਾਲ ਨੂੰ ਲੱਤਾਂ ਮਾਰਨ ਵਾਲੇ ਹੀ ਸਨ। ਕਈ ਵਾਰ ਛੋਟੇ-ਵੱਡੇ ਪਾੜ੍ਹਿਆਂ ਵਿਚਕਾਰ ਚਾਰ ਟੀਮਾਂ ਵੀ ਖੇਡਦੀਆਂ ਰਹਿੰਦੀਆਂ। ਕੁੜੀਆਂ ਖੋਹ-ਖੋਹ ਖੇਡਣ ਲਗਦੀਆਂ। ਕਈ ਛੋਟੀਆਂ ਕੁੜੀਆਂ ਵਾਹਵਾ ਵਧੀਆ ਖੇਡਦੀਆਂ। ਸਗੋਂ ਜਿੰਨੀਆਂ ਨਿੱਕੇ ਕੱਦ ਦੀਆਂ ਹੁੰਦੀਆਂ, ਉਨੀਆਂ ਵੱਧ ਤਿੱਖੀਆਂ ਹੁੰਦੀਆਂ। ਖੇਡਾਂ ਦਾ ਪੀਰੀਅਡ ਬੱਚਿਆਂ ਲਈ ਜਿਵੇਂ ਮੇਲਾ ਜਿਹਾ ਬਣ ਜਾਂਦਾ। ਸਾਰੇ ਦਿਨ ਦੀ ਬੋਰੀਅਤ ਲਹਿ ਜਾਂਦੀ। ਇਹ ਆਖਰੀ ਪੀਰੀਅਡ ਹੁੰਦਾ, ਉਸ ਤੋਂ ਬਾਅਦ ਛੁੱਟੀ ਦਾ ਟਾਈਮ ਹੋ ਜਾਂਦਾ।
ਸਕੂਲੋਂ ਛੁੱਟੀ ਹੋਣ ਬਾਅਦ ਬੱਚੇ ਕੂੰਜਾਂ ਦੀਆਂ ਡਾਰਾਂ ਵਾਂਗ ਘਰਾਂ ਨੂੰ ਪਰਤਦੇ। ਕੁਝ ਕੁ ਸਭ ਤੋਂ ਅੱਗੇ, ਬਹੁਤੇ ਵਿਚਕਾਰ ਜਿਹੇ ਅਤੇ ਕਈ ਹਮਾਤੜ ਪਿਛਾਂਹ ਰਹਿ ਜਾਂਦੇ। ਵੀਰਦੀਪ ਪੈਰਾਂ ਦਾ ਤਿੱਖਾ ਸੀ, ਪਰ ਤੁਰਨ ਵੇਲੇ ਉਹ ਸਹਿਜ ਨਾਲ ਤੁਰਦਾ। ਦੌੜਨ ਵੇਲੇ ਸਭ ਤੋਂ ਅੱਗੇ-ਅੱਗੇ ਘਰ ਵੱਲ ਦੌੜਦਾ। ਉਹਦਾ ਬਾਪੂ ਹੱਡਾਂ ਦਾ ਚੀੜ੍ਹਾ ਸੀ। ਸ਼ਾਇਦ ਇਹ ਗੁਣ ਉਸ ਨੂੰ ਵਿਰਸੇ ਵਿੱਚ ਮਿਲੇ ਹੋਣ। ਮਿਸਤਰੀਆਂ ਦੀ ਸਿਮਰਨ ਵੀ ਉਹਦੇ ਨਾਲ ਹੀ ਸਕੂਲ ਵਿੱਚ ਦਾਖਲ ਹੋਈ ਸੀ। ਉਹ ਸਭ ਤੋਂ ਅਖੀਰਲੇ ਦੋਂਹ ਚਹੁੰ ਵਿੱਚ ਹੁੰਦੀ। ਪੀਲੀ ਤੇ ਪਤਲੀ ਜਿਹੀ ਚਮੜੀ ਵਿੱਚ ਲਿਪਟੀ ਉਹ ਉਂਝ ਕਮਜ਼ੋਰ ਜਿਹੀ ਲਗਦੀ। ਹੌਲੀ-ਹੌਲੀ ਪੈਰ ਪੁੱਟਦੀ। ਜਿਵੇਂ ਤੁਰਦਿਆਂ ਸਾਹ ਚੜ੍ਹਦਾ ਹੋਵੇ। ਪਰ ਮਾਸਟਰਾਂ ਦੇ ਸਮਝਾਏ ਨੁਕਤਿਆਂ ਨੂੰ ਤੇਜ਼ੀ ਨਾਲ ਸਮਝਦੀ। ਉਹਦਾ ਆਪਣਾ ਪਿਤਾ ਵੀ ਹਾਈ ਸਕੂਲ ਵਿੱਚ ਪੰਜਾਬੀ ਅਧਿਆਪਕ ਸੀ। ਵੀਰਦੀਪ ਨਾਲ ਉਸ ਦਾ ਕੁਝ ਵੀ ਮਿਲਦਾ ਨਹੀਂ ਸੀ- ਨਾ ਰੰਗ ਰੂਪ, ਨਾ ਸੂਝ ਬੂਝ, ਨਾ ਕੋਈ ਸਰੀਰਕ ਬਣਤਰ। ਬਿਲਕੁਲ ਹੀ ਇੱਕ ਦੂਜੇ ਦੇ ਉਲਟ ਦਿਸਦੇ ਸਨ।
ਸਰਕਾਰ ਨੇ ਪੰਜਾਬੀ ਤੇ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਵੀ ਪਹਿਲੀ ਕਲਾਸ ਤੋਂ ਲਾਗੂ ਕਰ ਦਿੱਤੀ ਸੀ। ਵੀਰਦੀਪ ਪੰਜਾਬੀ ਤਾਂ ਚੰਗੀ ਤਰ੍ਹਾਂ ਪੜ੍ਹ ਲੈਂਦਾ, ਪਰ ਅੰਗਰੇਜ਼ੀ ਦੇ ਅੱਖਰ ਉਠਾਲਣੇ ਉਸ ਨੇ ਮੁਸ਼ਕਲ ਨਾਲ ਸਿੱਖੇ। ਹਿਸਾਬ ਵੀ ਉਹਦਾ ਕਮਜ਼ੋਰ ਜਿਹਾ ਹੀ ਸੀ। ਪੰਜਵੀਂ ਤੱਕ ਇਨ੍ਹਾਂ ਵਿਸ਼ਿਆਂ ਦੀ ਕਮਜ਼ੋਰੀ ਉਸ ਨੂੰ ਰੜਕਣ ਲੱਗ ਪਈ ਸੀ। ਸਿਮਰਨ ਇਨ੍ਹਾਂ ਵਿਸ਼ਿਆਂ ਵਿੱਚ ਤੇਜ਼ ਨਿਕਲੀ। ਵੀਰਦੀਪ ਸਾਇੰਸ, ਅੰਗਰੇਜ਼ੀ ਤੇ ਹਿਸਾਬ ਨੂੰ ਸਮਝਣ ਲਈ ਸਿਮਰਨ ਦਾ ਸਹਾਰਾ ਲੈਂਦਾ। ਕਲਾਸ ਦੇ ਕਈ ਹੋਰ ਬੱਚੇ ਵੀ ਸਿਮਰਨ ਤੋਂ ਕਿਸੇ ਨਾ ਕਿਸੇ ਵਿਸ਼ੇ ਬਾਰੇ ਪੁੱਛਦੇ ਰਹਿੰਦੇ। ਇਹ ਕਮਜ਼ੋਰ ਜਿਹੀ ਕੁੜੀ ਪੜ੍ਹਨ ਨੂੰ ਤੇਜ਼ ਨਿਕਲ ਆਈ ਸੀ।
ਖੇਡਾਂ ਦੇ ਪੀਰੀਅਡ ਵਿੱਚ ਵੀਰਦੀਪ ਫੁੱਟਬਾਲ ਖੇਡਦਾ ਤੇ ਸਿਮਰਨ ਗਰਾਊਂਡ ਦੇ ਇੱਕ ਖੂੰਜੇ ਵਿੱਚ ਨਿੰਮ ਦੀ ਛਾਂ ਹੇਠਾਂ ਖੱਡਾ ਗੀਟੀ ਖੇਡਦੀ ਰਹਿੰਦੀ। ਉਹਨੂੰ ਵੱਡੀਆਂ ਖੇਡਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਆਪਣੇ ਵਰਗੀਆਂ ਪੜ੍ਹਾਕੂ ਕੁੜੀਆਂ ਹੀ ਉਸ ਦੀਆਂ ਸਹੇਲੀਆਂ ਸਨ। ਉਹ ਰਵਾਇਤੀ ਖੇਡਾਂ ਨਾਲ ਦਿਲ ਪਰਚਾ ਛੱਡਦੀਆਂ। ਪੰਜਵੀਂ ਤੱਕ ਪਹੁੰਚਦਿਆਂ ਵੀਰਦੀਪ ਚੰਗਾ ਖੇਡਣ ਲੱਗਾ ਸੀ। ਹੁਣ ਉਸ ਦਾ ਬਾਲ ‘ਤੇ ਕੰਟਰੋਲ ਵੀ ਕਾਫੀ ਹੋ ਗਿਆ ਸੀ ਅਤੇ ਆਪਣੀ ਟੀਮ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਾਹਿਰ ਹੋ ਗਿਆ। ਕਈ ਆਪਣੀ ਉਮਰ ਤੋਂ ਵੱਡੇ ਖਿਡਾਰੀਆਂ ਨੂੰ ਮਾਤ ਦੇਣ ਵਿੱਚ ਵੀ ਕਾਮਯਾਬ ਹੋ ਜਾਂਦਾ।
(ਅਗਲੀ ਕਿਸ਼ਤ ਅਗਲੇ ਅੰਕ ਵਿੱਚ ਪੜ੍ਹੋ)