*ਬਹੁਮਤਿ ਤੋਂ ਕਾਫੀ ਫਾਸਲੇ ‘ਤੇ ਰਹਿ ਗਈ ਭਾਜਪਾ
*ਸਮਾਜਵਾਦੀ ਪਾਰਟੀ ਦੀ ਯੂ.ਪੀ. ਵਿੱਚ ਵੱਡੀ ਜਿੱਤ, ਯੋਗੀ-ਮੋਦੀ ਪਸਤ
ਜੇ.ਐਸ. ਮਾਂਗਟ
ਭਾਜਪਾ ਅਤੇ ਐਨ.ਡੀ.ਏ. ਨੂੰ 300 ਤੋਂ ਲੈ ਕੇ 400 ਤੱਕ ਸੀਟਾਂ ਦੇ ਰਹੇ ਸਾਰੇ ਐਗਜ਼ਿਟ ਪੋਲ ਅਤੇ ਉਪੀਨੀਅਨ ਪੋਲਾਂ ਦੀਆਂ ਸਾਰੀਆਂ ਭਵਿੱਖਵਾਣੀਆਂ ਨੂੰ ਸਿਰ ਪਰਨੇ ਕਰਦਿਆਂ ਜਿਸ ਕਿਸਮ ਦੇ ਚੋਣ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਵਿੱਚ ਅਗਲੀ ਕੇਂਦਰ ਸਰਕਾਰ ਕੁਲੀਸ਼ਨ ਹੋਵੇਗੀ। ਸਰਕਾਰ ਭਾਵੇਂ ਭਾਜਪਾ ਦੀ ਅਗਵਾਈ ਵਿੱਚ ਬਣੇ ਜਾਂ ਕਾਂਗਰਸ ਦੀ ਅਗਵਾਈ ਵਿੱਚ, ਇਸ ਦਾ ਲੱਕ ਸਿੱਧਾ ਨਹੀਂ ਹੋਵੇਗਾ। ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਆਪਣੇ ਤੌਰ ‘ਤੇ ਬਹੁਮਤਿ (240) ਨਹੀਂ ਮਿਲਿਆ, ਪਰ ਕਾਂਗਰਸ ਪਾਰਟੀ ਪਿਛਲੀ ਵਾਰ ਨਾਲੋਂ ਆਪਣੀਆਂ ਸੀਟਾਂ (100) ਲਗਪਗ ਦੁੱਗਣੀਆਂ ਕਰ ਗਈ ਹੈ।
ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਤਿੰਨ ਸਹਿਜ਼ਾਦਿਆਂ ਦੀ ਜੋੜੀ ਆਖ ਕੇ ਟਿੱਚਰ ਕਰਦੇ ਸਨ, ਉਨ੍ਹਾਂ ਨੇ ਭਾਜਪਾ ਨੂੰ ਜ਼ਬਰਦਸਤ ਟੱਕਰ ਦਿੱਤੀ ਤੇ ਅਖੀਰ ਦਮੋਂ ਕੱਢ ਲਿਆ। ਅਖਿਲੇਸ਼ ਨੇ ਉੱਤਰ ਪ੍ਰਦੇਸ ਵਿੱਚ, ਤੇਜਸਵੀ ਯਾਦਵ ਨੇ ਬਿਹਾਰ ਵਿੱਚ ਅਤੇ ਹਿੰਦੁਸਤਾਨ ਪੱਧਰ ‘ਤੇ ਰਾਹੁਲ ਗਾਂਧੀ ਨੇ ਭਜਪਾ ਦੇ ਗਰੂਰ ਨੂੰ ਪੰਕਚਰ ਕੀਤਾ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਅਤੇ ਸਟਾਲਨ ਨੇ ਤਾਮਿਲਨਾਡੂ ਵਿੱਚ ਆਪੋ-ਆਪਣਾ ਕਿਲਾ ਬਚਾ ਕੇ ਰੱਖਿਆ। ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨਾਲ ਮਿਲ ਕੇ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੇ ਤੇਲਗੂ ਦੇਸਮ ਪਾਰਟੀ ਨੇ ਜਗਨ ਮੋਹਨ ਰੈਡੀ ਦਾ ਪਾਸਾ ਪਲਟ ਦਿੱਤਾ। ਇਸ ਤੋਂ ਇਲਾਵਾ ਉੜੀਸਾ ਵਿੱਚ ਭਾਜਪਾ ਨੇ ਬੀਜੂ ਜਨਤਾ ਦਲ ਦਾ ਪੱਤਾ ਸਾਫ ਕਰ ਦਿੱਤਾ। ਸਭ ਤੋਂ ਅਣਕਿਆਸੇ ਨਤੀਜੇ ਉੱਤਰ ਪ੍ਰਦੇਸ ਵਿੱਚ ਆਏ ਹਨ, ਜਿੱਥੇ ਸਮਾਜਵਾਦੀ ਪਾਰਟੀ 45 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣ ਗਈ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਸੱਟ ਵੱਜੀ ਹੈ। ਆਪਣੇ ਰਵਾਇਤੀ ਗੜ੍ਹ ਮੱਧ ਪ੍ਰਦੇਸ਼ ਵਿੱਚ ਭਾਜਪਾ ਭਾਵੇਂ ਹੂੰਝਾ ਫੇਰ ਗਈ ਹੈ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਨਾਲੋਂ ਵੱਧ ਸੀਟਾਂ ਜਿੱਤ ਕੇ ਅਖਿਲੇਸ਼ ਨੇ ਭਾਜਪਾ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਨੇ ਭਾਜਪਾ ਦੀ ਜਿੱਤ ਲਈ ਸਾਰੇ ਦੇਸ਼ ਵਿੱਚ ਤਕਰੀਬਨ 200 ਰੈਲੀਆਂ ਕੀਤੀਆਂ, ਪਰ ਆਪਣਾ ਘਰ ਨਾ ਬਚਾ ਸਕੇ। ਪੰਜਾਬ ਵਿੱਚ ਬਹੁਗਿਣਤੀ (7) ਸੀਟਾਂ ਕਾਂਗਰਸ ਪਾਰਟੀ ਲੈ ਗਈ ਹੈ, 3 ਸੀਟਾਂ ਆਪ ਨੇ ਜਿੱਤੀਆਂ ਹਨ। ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ। ਅਕਾਲੀ ਦਲ ਬਠਿੰਡਾ ਤੋਂ ਚੋਣ ਜਿੱਤਿਆ। ਹਰਸਿਮਰਤ ਕੌਰ ਬਾਦਲ ਨੇ ਇਹ ਸੀਟ ਫਿਰ ਜਿੱਤ ਲਈ ਹੈ। ਇਹ ਸੀਟ ਜਿੱਤਣ ਨਾਲ ਅਕਾਲੀ ਦਲ ਨੇ ਆਪਣੀ ਪਤਿ ਭਾਵੇਂ ਬਚਾ ਲਈ ਹੈ, ਪਰ ਵੋਟ ਸੇLਅਰ ਦੇ ਮਾਮਲੇ ਵਿੱਚ ਉਹ ਭਾਜਪਾ ਨਾਲੋਂ ਪਛੜ ਗਿਆ ਹੈ। ਅਕਾਲੀ ਦਲ (ਬਾਦਲ) ਨੇ ਜੇ ਮਾਨ ਦਲ ਵਾਂਗੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਹਟਾ ਲਿਆ ਹੁੰਦਾ ਤਾਂ ਬਾਕੀ ਸੀਟਾਂ ‘ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਮਦਰਦੀ ਵੋਟ ਮਿਲ ਜਾਣੀ ਸੀ, ਪਰ ਹੁਣ 2 ਨਵੇਂ ਸਿੱਖ ਨੌਜਵਾਨਾਂ ਦੇ ਸਿਆਸੀ ਸੀਨ ‘ਤੇ ਉਭਰ ਆਉਣ ਨਾਲ ਨਵੇਂ ਸਿੱਖ ਰਾਜਨੀਤਿਕ ਸੰਗਠਨ ਦੇ ਹੋਂਦ ਵਿੱਚ ਆਉਣ ਦੇ ਆਸਾਰ ਵੀ ਬਣ ਗਏ ਹਨ। ਇਹਦੇ ਲਈ ਸ਼ਰਤ ਇਹ ਹੈ ਕਿ ਜਿਹੜੇ ਸਿੱਖ ਆਜ਼ਾਦ ਉਮੀਦਵਾਰ ਜਿੱਤੇ ਹਨ, ਉਹ ਤੇਜ਼ੀ ਨਾਲ ਸੰਗਠਨ ਬਣਾਉਣ ਵੱਲ ਅੱਗੇ ਵਧਣ। ਜੇ ਅਜਿਹਾ ਨਹੀਂ ਕਰਦੇ ਤਾਂ ਇੱਕ-ਅੱਧੀ ਟਰਮ ਤੋਂ ਬਾਅਦ ਉਨ੍ਹਾਂ ਦਾ ਪ੍ਰਭਾਵ ਵੀ ਮੱਧਮ ਪੈ ਜਾਵੇਗਾ। ਇਸ ਹਾਲਤ ਵਿੱਚ ਉਨ੍ਹਾਂ ਦੀ ਵਿਅਕਤੀਗਤ ਹੈਸੀਅਤ ਦੀ ਵੀ ਬਹੁਤੀ ਬੁੱਕਤ ਨਹੀਂ ਰਹਿਣੀ।
ਕੌਮੀ ਸਿਆਸਤ ਦੀ ਗੱਲ ਕਰੀਏ ਤਾਂ ਨਤੀਜਿਆਂ ਦੀ ਦਿਸ਼ਾ ਸਾਹਮਣੇ ਆਉਣ ਨਾਲ ਦੋਵਾਂ ਗੁੱਟਾਂ ਨੇ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਰੋਧੀ ਗੁੱਟਾਂ ਵਿੱਚ ਮੌਜੂਦ ਉੱਚ ਪੱਧਰੇ ਸੂਤਰਾਂ ਅਨੁਸਾਰ ਇੰਡੀਆ ਗੁੱਟ ਨਾਲ ਜੁੜੇ ਮਰਾਠਾ ਆਗੂ ਸ਼ਰਦ ਪਵਾਰ, ਨਿਤੀਸ਼ ਕੁਮਾਰ ਨਾਲ ਸੰਪਰਕ ਵਿੱਚ ਹਨ। ਹੁਣ ਕੁਲੀਸ਼ਨ ਵਾਲੀ ਸਥਿਤੀ ਵਿੱਚ ਕੌਮੀ ਪਾਰਟੀਆਂ ਨੂੰ ਛੋਟੀਆਂ ਪਾਰਟੀਆਂ ਦੀ ਜ਼ਰੂਰਤ ਖੜ੍ਹੀ ਹੋਏਗੀ। ਛੋਟੀਆਂ ਪਾਰਟੀਆਂ ਦੇ ਆਗੂ ਇਸ ਸਥਿਤੀ ਵਿੱਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਕੋਈ ਹੋਰ ਵੱਡਾ ਅਹੁਦਾ ਹਾਸਲ ਕਰਨ ਲਈ ਕਿਸੇ ਵੀ ਧਿਰ ਨਾਲ ਗੱਠਜੋੜ ਕਰ ਸਕਦੇ ਹਨ। ਨਿਤੀਸ਼ ਕੁਮਾਰ ਚਿਰ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰੀਝ ਪਾਲ ਰਹੇ ਹਨ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀਆਂ ਖਾਹਿਸ਼ਾਂ ਵੀ ਛੋਟੀਆਂ ਨਹੀਂ ਹਨ। ਉਂਝ ਉਨ੍ਹਾਂ ਦੀ ਪਾਰਟੀ ਹਾਲੇ ਅਜਿਹੀ ਸਥਿਤੀ ਵਿੱਚ ਨਹੀਂ ਹੈ ਕਿ ਟੀਸੀ ਦਾ ਬੇਰ ਤੋੜ ਸਕੇ। ਜੇਲ੍ਹ ਵਿੱਚ ਬੰਦ ਹੋਣ ਕਾਰਨ ਵੀ ਹਾਲ ਦੀ ਘੜੀ ਉਹ ਆਪਣਾ ਦਾਅਵਾ ਅੱਗੇ ਨਹੀਂ ਵਧਾ ਸਕਣਗੇ। ਇਸ ਦੀ ਗੈਰ-ਹਾਜ਼ਰੀ ਵਿੱਚ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ‘ਤੇ ਵੀ ਗੁਣਾ ਪੈ ਸਕਦਾ ਹੈ।
ਵੈਸੇ ਸਭ ਤੋਂ ਵੱਡੀ ਪਾਰਟੀ ਬਣਨ ਕਾਰਨ ਰਾਸ਼ਟਰਪਤੀ ਵੱਲੋਂ ਸਰਕਾਰ ਬਣਾਉਣ ਦਾ ਪਹਿਲਾ ਸੱਦਾ ਭਾਜਪਾ ਨੂੰ ਹੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਨ.ਡੀ.ਏ. ਕੋਲ 270 ਸੀਟਾਂ ਹਨ। ਇਸ ਕਰਕੇ ਰਾਸ਼ਟਰਪਤੀ ਵਲੋਂ ਐਨ.ਡੀ.ਏ. ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਣਾ ਹੈ। ਜੇ ਉਹ ਆਪਣਾ ਬਹੁਮਤਿ ਸਿੱਧ ਕਰ ਦਿੰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਬਣ ਜਾਵੇਗੀ। ਦੂਜੇ ਪਾਸੇ ‘ਇੰਡੀਆ’ ਗੱਠਜੋੜ ਐਨ.ਡੀ.ਏ. ਵਿੱਚ ਹੋਣ ਵਾਲੀ ਕਿਸੇ ਵੀ ਟੁੱਟ-ਭੱਜ ‘ਤੇ ਤਿੱਖੀ ਨਜ਼ਰ ਰੱਖੇਗਾ। ਇਹ ਸਮਝਿਆ ਜਾ ਰਿਹਾ ਹੈ ਕਿ ਤੈਲਗੂ ਦੇਸਮ ਪਾਰਟੀ ਅਤੇ ਨਿਤੀਸ਼ ਦੀ ਅਗਵਾਈ ਵਾਲਾ ਜਨਤਾ ਦਲ ਯੂਨਾਈਟਡ ਇੰਡੀਆ ਗਠਜੋੜ ਵੱਲ ਵੀ ਖਿਸਕ ਸਕਦਾ ਹੈ। ਕੁਝ ਵੀ ਹੋਵੇ, ਬਣੇਗੀ ਇੱਕ ਲਟਕਵੀਂ ਸਰਕਾਰ ਹੀ। ਇਸ ਨਾਲ ਭਾਜਪਾ ਦੇ ਫਿਰਕੂ ਅਤੇ ਤਾਨਾਸ਼ਾਹ ਰਵੱਈਏ ਵਾਲੇ ਡੰਗ ਨੂੰ ਮਾਰਨ ਵਾਲੇ ਸਿਆਸੀ ਸਮੀਕਰਣ ਜ਼ਰੂਰ ਬਣ ਗਏ ਹਨ।
ਚੋਣ ਨਤੀਜਿਆਂ ਤੋਂ ਬਾਅਦ ਮੀਡੀਏ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਕੇਵਲ ਸਾਡੀ ਨਹੀਂ, ਸਾਰੇ ਦੇਸ਼ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿਹੜੀ ਭਾਜਪਾ 400 ਪਾਰ ਜਾਣ ਦੇ ਦਾਅਵੇ ਕਰਦੀ ਸੀ, ਉਹ 240 ਸੀਟਾਂ ‘ਤੇ ਸਿਮਟ ਗਈ ਹੈ। ਉਨ੍ਹਾਂ ਕਿਹਾ ਕਿ ਲੜਾਈ ਸਾਡੇ ਤੇ ਭਾਜਪਾ ਵਿਚਾਲੇ ਨਹੀਂ, ਲੋਕਾਂ ਅਤੇ ਭਾਜਪਾ ਵਿਚਾਲੇ ਰਹੀ। ਇਸੇ ਦੌਰਾਨ ਰਾਹੁਲ ਗਾਂਧੀ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਇਹ ਲੜਾਈ ਹਿੰਦੁਸਤਾਨ ਦੇ ਲੋਕਾਂ ਨੇ ਸਵਿੰਧਾਨ, ਜਮਹੂਰੀਅਤ ਅਤੇ ਵੱਖ-ਵੱਖ ਸੰਸਥਾਵਾਂ ਦੀ ਰਾਖੀ ਲਈ ਲੜੀ ਹੈ। ਸਾਡੀ ਟੱਕਰ ਸਿਰਫ ਭਾਜਪਾ ਨਾਲ ਨਹੀਂ ਸੀ, ਸਗੋਂ ਸਰਕਾਰ ਵੱਲੋਂ ਹਥਿਆਰਾਂ ਵਾਂਗ ਵਰਤੀਆਂ ਜਾ ਰਹੀ ਕੇਂਦਰੀ ਏਜੰਸੀਆਂ, ਈ.ਡੀ., ਸੀ.ਬੀ.ਆਈ. ਅਤੇ ਅਥਾਹ ਕਾਰਪੋਰੇਟ ਸਰਮਾਏ ਨਾਲ ਵੀ ਸੀ। ਸਾਡੇ ਬੰਦਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ, ਕੇਸ ਬਣਾਏ ਗਏ, ਡਰਾਇਆ ਧਮਕਾਇਆ ਗਿਆ। ਸਾਡੇ ਖਾਤੇ ਜਾਮ ਕੀਤੇ ਗਏ। ਇਸ ਦੇ ਬਾਵਜੂਦ ਸਾਡੇ ਵਰਕਰਾਂ ਨੇ ਦਲੇਰੀ ਨਾਲ ਚੋਣ ਲੜੀ ਅਤੇ ਭਾਜਪਾ ਦੇ ਜਾਬਰ ਹਥਕੰਡਿਆਂ ਦਾ ਮੁਕਾਬਲਾ ਕੀਤਾ।
ਇਕ ਹੋਰ ਕਾਂਗਰਸੀ ਆਗੂ ਨੇ ਬੜੀ ਦਿਲਚਸਪ ਗੱਲ ਕਹੀ। ਉਸ ਨੇ ਆਖਿਆ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਨਾ ਸਿਰਫ ਭਾਜਪਾ ਨੂੰ ਹਰਾਇਆ ਸਗੋਂ ਖੁਦ ਭਾਜਪਾ ਨੂੰ ਇਕ ਡਿਕਟੇਟਰ (ਮੋਦੀ) ਤੋਂ ਮੁਕਤੀ ਦਿਵਾਈ। ਉਸ ਨੂੰ ਭਾਜਪਾ ਦੇ ਵਰਕਰਾਂ ਦੇ ਹਵਾਲੇ ਕੀਤਾ। ਤੋੜੀਆਂ-ਮਰੋੜੀਆਂ ਜਾ ਰਹੀਆਂ ਖਦਮੁਖਤਾਰ ਭਾਰਤੀ ਸੰਸਥਾਵਾਂ ਨੂੰ ਵੀ ਮੁਕਤ ਕਰਵਾਇਆ ਹੈ। ਹੁਣ ਇੱਕ ਤਰ੍ਹਾਂ ਨਾਲ ਮਾਹੌਲ ਖੁਲ੍ਹ ਗਿਆ ਹੈ। ਸਾਰੀਆਂ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਆਪਣੇ ਨਿਵੇਕਲੇ ਅੰਦਾਜ਼ ਵਿੱਚ ਵਿਚਰ ਸਕਣਗੀਆਂ।