ਰਿਵਰਸ ਸਵਿੰਗ ਤੇ ਯਾਰਕਰ ਦਾ ਜਾਦੂਗਰ ਵੱਕਾਰ ਯੂਨਿਸ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (ਲੜੀ-19)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵੱਕਾਰ ਯੂਨਿਸ ਦਾ ਸੰਖੇਪ ਵੇਰਵਾ ਹੈ, ਜਿਹੜਾ ਘਰੇਲੂ ਪੱਧਰ ਉਤੇ ਬਹੁਤ ਥੋੜ੍ਹੇ ਮੁਕਾਬਲਿਆਂ ਤੋਂ ਬਾਅਦ ਹੀ ਸਿੱਧਾ ਕੌਮੀ ਟੀਮ ਵਿੱਚ ਚੁਣਿਆ ਗਿਆ। ਕ੍ਰਿਕਟ ਵਿੱਚ ਪਹਿਲੇ ਪਹਿਲ ਉਹ ਲੈਗ ਸਪਿੰਨ ਗੇਂਦਬਾਜ਼ੀ ਕਰਦਾ ਸੀ ਅਤੇ ਬਾਅਦ ਵਿੱਚ ਤੇਜ਼ ਗੇਂਦਬਾਜ਼ ਬਣ ਗਿਆ, ਤੇ ਫੇਰ ਉਹ ਤੇਜ਼ ਗੇਂਦਬਾਜ਼ ਵਜੋਂ ਹੀ ਪ੍ਰਵਾਨ ਹੋ ਗਿਆ। ਦਿਲਚਸਪ ਹੈ ਕਿ ਵਿਕਟਾਂ ਲੈਣ ਦੇ ਮਾਮਲੇ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਉਹ ਵਿਸ਼ਵ ਵਿੱਚ ਤੀਜੇ ਨੰਬਰ ਉਤੇ ਹੈ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਪਾਕਿਸਤਾਨ ਨੇ ਵਿਸ਼ਵ ਕ੍ਰਿਕਟ ਨੂੰ ਮਹਾਨ ਤੇਜ਼ ਗੇਂਦਬਾਜ਼ ਦਿੱਤੇ ਹਨ। ਇਸ ਸੂਚੀ ਵਿੱਚ ਵੱਕਾਰ ਯੂਨਿਸ ਚਮਕਦਾ ਸਿਤਾਰਾ ਹੋਇਆ ਹੈ, ਜਿਸ ਨੇ ਵਸੀਮ ਅਕਰਮ ਨਾਲ ਮਿਲ ਕੇ ਪਾਕਿਸਤਾਨ ਪੇਸ ਅਟੈਕ ਦੀ ਅਗਵਾਈ ਕਰਦਿਆਂ ਦੁਨੀਆਂ ਦੇ ਵੱਡੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਤੋਰਿਆ। ਡਬਲ ਡਬਲਿਊ ਦੇ ਨਾਮ ਨਾਲ ਜਾਣੀ ਜਾਂਦੀ ਜੋੜੀ ਨੇ 1600 ਤੋਂ ਵੱਧ ਕੌਮਾਂਤਰੀ ਵਿਕਟਾਂ ਝਟਕੀਆਂ ਹਨ। ਦੋਵੇਂ ਹੀ ਲਹਿੰਦੇ ਪੰਜਾਬ ਦੇ ਜੰਮਪਲ ਹਨ। ਵੱਕਾਰ ਨੂੰ ਪਾਕਿਸਤਾਨ ਕ੍ਰਿਕਟ ਦੇ ਮਹਾਨ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਖੋਜ ਆਖਿਆ ਜਾਂਦਾ ਹੈ। ਉਂਝ ਵੀ ਇਮਰਾਨ ਨੂੰ ਇਹ ਸਿਹਰਾ ਜਾਂਦਾ ਹੈ ਕਿ ਉਸ ਨੇ ਵਸੀਮ ਅਕਰਮ, ਵੱਕਾਰ ਯੂਨਿਸ, ਇੰਜਮਾਮ-ਉਲ-ਹੱਕ ਵਰਗੇ ਮਹਾਨ ਖਿਡਾਰੀਆਂ ਨੂੰ ਤਰਾਸ਼ਿਆ ਹੈ। ਵੱਕਾਰ ਯੂਨਿਸ ਦੀ ਤਾਕਤ ਉਸ ਦੀ ਰਿਵਰਸ ਸਵਿੰਗ ਅਤੇ ਯਾਰਕਰ ਗੇਂਦਾਂ ਦੇ ਨਾਲ ਬਾਊਂਸਰ ਵੀ ਸੀ ਜੋ ਕਿ ਤੇਜ਼ ਸਪੀਡ ਨਾਲ ਹੋਰ ਵੀ ਬੱਲੇਬਾਜ਼ਾਂ ਵਿੱਚ ਆਪਣਾ ਖੌਫ਼ ਪੈਦਾ ਕਰਦੀਆਂ ਸਨ। ਵੱਕਾਰ ਬਨਾਨਾ ਸਵਿੰਗ ਸੁੱਟਣ ਵਿੱਚ ਮੁਹਾਰਤ ਰੱਖਦਾ ਸੀ। ਵੱਕਾਰ ਨੇ ਕ੍ਰਿਕਟਰ, ਕਪਤਾਨ, ਕੋਚ ਤੇ ਕੁਮੈਂਟੇਟਰ- ਚਾਰੋਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਸ ਨੂੰ ਵਾਈਕੀ, ਬੂਰੇਵਾਲ ਐਕਸਪ੍ਰੈਸ, ਟੋਅ ਕਰੱਸ਼ਰ (ਯਾਰਕਰ ਨਾਲ ਪੈਰ ਦੇ ਅੰਗੂਠੇ ਭੰਨਣ ਵਾਲਾ) ਵੀ ਕਿਹਾ ਜਾਂਦਾ ਹੈ।
ਵੱਕਾਰ ਯੂਨਿਸ ਦਾ ਜਨਮ 16 ਨਵੰਬਰ 1971 ਨੂੰ ਲਹਿੰਦੇ ਪੰਜਾਬ ਦੇ ਵਿਹਾਰੀ ਜ਼ਿਲ੍ਹੇ ਦੇ ਬੂਰੇਵਾਲ ਸ਼ਹਿਰ ਦੇ ਜੱਟ ਪਰਿਵਾਰ ਵਿੱਚ ਹੋਇਆ। ਵਿਹਾਰੀ ਜ਼ਿਲ੍ਹਾ ਮੁਲਤਾਨ ਤੋਂ ਦਿੱਲੀ ਤੱਕ ਜਾਂਦੇ ਪੁਰਾਤਨ ਸ਼ੇਰਸ਼ਾਹ ਸੂਰੀ ਮਾਰਗ ਉਤੇ ਪੈਂਦਾ ਹੈ, ਜਿਹੜਾ ਮੁਲਤਾਨ ਤੋਂ 100 ਕਿਲੋਮੀਟਰ ਦੂਰੀ ਉਤੇ ਸਥਿਤ ਹੈ। ਵਿਹਾਰੀ ਜ਼ਿਲ੍ਹੇ ਨੇ ਪਾਕਿਸਤਾਨ ਨੂੰ ਦੋ ਵੱਡੇ ਖਿਡਾਰੀ ਦਿੱਤੇ ਹਨ- ਇੱਕ ਕ੍ਰਿਕਟਰ ਵੱਕਾਰ ਯੂਨਿਸ ਅਤੇ ਦੂਜਾ ਪਾਕਿਸਤਾਨ ਹਾਕੀ ਦਾ ਸਾਬਕਾ ਕਪਤਾਨ ਵਸੀਮ ਅਹਿਮਦ। ਵੱਕਾਰ ਯੂਨਿਸ ਨੇ ਮੁੱਢਲੀ ਸਕੂਲੀ ਸਿੱਖਿਆ ਸਾਦਿਕ ਪਬਲਿਕ ਸਕੂਲ ਬਹਾਲਪੁਰ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਸ ਦਾ ਪਰਿਵਾਰ ਸੰਯੁਕਤ ਅਰਬ ਅਮੀਰਾਤ ਸ਼ਿਫਟ ਹੋ ਗਿਆ, ਜਿੱਥੇ ਉਸ ਦੇ ਪਿਤਾ ਮੁਹੰਮਦ ਯੂਨਿਸ ਕੰਟਰੈਕਟ ਵਰਕਰ ਸਨ। ਵੱਕਾਰ ਨੇ ਪਾਕਿਸਤਾਨ ਇਸਲਾਮੀਆ ਸਕੂਲ ਸ਼ਾਰਜਾਹ ਤੋਂ ਸਕੂਲੀ ਪੜ੍ਹਾਈ ਮੁਕੰਮਲ ਕੀਤੀ। ਉਪਰੰਤ ਉਸ ਦਾ ਪਰਿਵਾਰ ਵਾਪਸ ਪਾਕਿਸਤਾਨ ਆ ਗਿਆ, ਜਿੱਥੇ ਆ ਕੇ ਉਸ ਨੇ ਕ੍ਰਿਕਟ ਖੇਡ ਸ਼ੁਰੂ ਕੀਤੀ। ਉਹ ਅਥਲੈਟਿਕਸ ਤੇ ਕ੍ਰਿਕਟ- ਦੋਵੇਂ ਨਾਲੋ ਨਾਲ ਕਰਦਾ ਸੀ। ਅਥਲੈਟਿਕਸ ਵਿੱਚ ਉਹ ਫਰਾਟਾ ਦੌੜਾਂ, ਜੈਵਲਿਨ ਥਰੋਅ, ਪੋਲ ਵਾਲਟਰ ਅਤੇ ਉਚੀ ਛਾਲ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ। ਡਿਕੈਥਲੀਟ ਵਾਲੇ ਸਾਰੇ ਗੁਣ ਉਸ ਵਿੱਚ ਮੌਜੂਦ ਸਨ। ਕ੍ਰਿਕਟ ਵਿੱਚ ਪਹਿਲੇ ਪਹਿਲ ਉਹ ਲੈਗ ਸਪਿੰਨ ਗੇਂਦਬਾਜ਼ੀ ਕਰਦਾ ਸੀ ਅਤੇ ਬਾਅਦ ਵਿੱਚ ਤੇਜ਼ ਗੇਂਦਬਾਜ਼ ਬਣ ਗਿਆ, ਤੇ ਫੇਰ ਉਹ ਤੇਜ਼ ਗੇਂਦਬਾਜ਼ ਵਜੋਂ ਹੀ ਪ੍ਰਵਾਨ ਹੋ ਗਿਆ।
ਵੱਕਾਰ ਯੂਨਿਸ ਨੇ 1987-88 ਵਿੱਚ 16 ਵਰਿ੍ਹਆਂ ਦੀ ਉਮਰੇ ਕ੍ਰਿਕਟ ਕਰੀਅਰ ਸ਼ੁਰੂ ਕਰ ਲਿਆ ਸੀ। ਛੋਟੇ ਹੁੰਦਿਆਂ ਉਹ ਨਹਿਰ ਵਿੱਚ ਡਿੱਗਣ ਕਾਰਨ ਆਪਣੇ ਖੱਬੇ ਹੱਥ ਦੀ ਚੀਚੀ ਗਵਾ ਬੈਠਾ ਸੀ, ਪਰ ਫੇਰ ਵੀ ਉਸ ਨੇ ਹੌਸਲਾ ਕਰਕੇ ਵਾਪਸੀ ਕੀਤੀ ਅਤੇ ਤੇਜ਼ ਗੇਂਦਬਾਜ਼ ਵਜੋਂ ਆਪਣਾ ਕਰੀਅਰ ਬਣਾਇਆ। ਵੱਕਾਰ ਉਨ੍ਹਾਂ ਖਿਡਾਰੀਆਂ ਵਿੱਚੋਂ ਹਨ, ਜਿਹੜੇ ਘਰੇਲੂ ਪੱਧਰ ਉਤੇ ਬਹੁਤ ਥੋੜ੍ਹੇ ਮੁਕਾਬਲਿਆਂ ਤੋਂ ਬਾਅਦ ਹੀ ਸਿੱਧਾ ਕੌਮੀ ਟੀਮ ਵਿੱਚ ਚੁਣੇ ਗਏ। ਵੱਕਾਰ ਉਦੋਂ ਹਾਲੇ 6 ਮੈਚ ਹੀ ਖੇਡਿਆ ਸੀ, ਜਦੋਂ ਉਹ ਇਮਰਾਨ ਖਾਨ ਦੀਆਂ ਨਜ਼ਰਾਂ ਵਿੱਚ ਚੜ੍ਹ ਗਿਆ। ਅਸਲ ਵਿੱਚ ਗੱਲ 1988-89 ਦੀ ਹੈ, ਜਦੋਂ ਯੂਨਾਈਟਿਡ ਬੈਂਕ ਲਿਮਟਿਡ ਅਤੇ ਦਿੱਲੀ ਇਲੈਵਨ ਵਿਚਾਲੇ ਮੈਚ ਸੀ ਅਤੇ ਉਹ ਮੈਚ ਵਿੱਚ ਇਮਰਾਨ ਖਾਨ ਅਤੇ ਉਸ ਵੇਲੇ ਦੇ ਇੱਕ ਹੋਰ ਗੇਂਦਬਾਜ਼ ਸਲੀਮ ਜ਼ਾਫ਼ਰ ਜ਼ਖ਼ਮੀ ਹੋਣ ਕਰਕੇ ਖੇਡ ਨਹੀਂ ਰਹੇ ਸੀ। ਉਸ ਮੈਚ ਵਿੱਚ ਵੱਕਾਰ ਨੇ ਵਧੀਆ ਗੇਂਦਬਾਜ਼ੀ ਕੀਤੀ ਕਿ ਇਮਰਾਨ ਖਾਨ ਟੀ.ਵੀ. ਉਪਰ ਹੀ ਉਸ ਨੂੰ ਖੇਡਦਾ ਦੇਖ ਦੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗਰਾਊਂਡ ਵਿੱਚ ਆ ਕੇ ਉਸ ਨੂੰ ਮਿਲਿਆ ਅਤੇ ਸ਼ਾਰਜਾਹ ਨਾਲ ਲੈ ਗਿਆ, ਜਿੱਥੋਂ ਉਹ ਪਾਕਿਸਤਾਨ ਟੀਮ ਵਿੱਚ ਆ ਗਿਆ।
ਵੱਕਾਰ ਯੂਨਿਸ ਨੇ ਆਪਣਾ ਪਹਿਲਾ ਕੌਮਾਂਤਰੀ ਮੈਚ ਵੈਸਟ ਇੰਡੀਜ਼ ਖਿਲਾਫ 14 ਅਕਤੂਬਰ 1989 ਨੂੰ ਇੱਕ ਰੋਜ਼ਾ ਮੈਚ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਮੈਚ ਭਾਰਤ ਖ਼ਿਲਾਫ ਖੇਡਿਆ ਸੀ, ਜਿਹੜਾ ਉਸ ਦੇ 18ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ 15 ਨਵੰਬਰ 1989 ਨੂੰ ਸ਼ੁਰੂ ਹੋਇਆ ਸੀ। ਇਤਫ਼ਾਕਨ ਇਹ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਵੀ ਪਹਿਲਾ ਟੈਸਟ ਮੈਚ ਸੀ। ਵਿਸ਼ਵ ਕ੍ਰਿਕਟ ਦੇ ਦੋ ਮਹਾਨ ਖਿਡਾਰੀਆਂ ਦਾ ਇੱਕੋ ਦਿਨ ਕੌਮਾਂਤਰੀ ਕ੍ਰਿਕਟ ਵਿੱਚ ਦਾਖਲਾ ਹੋਇਆ। ਇੱਕ ਬੱਲੇਬਾਜ਼ ਤੇ ਇੱਕ ਗੇਂਦਬਾਜ਼। ਪਹਿਲੇ ਹੀ ਮੈਚ ਵਿੱਚ ਵੱਕਾਰ ਨੇ ਚਾਰ ਵਿਕਟਾਂ ਹਾਸਲ ਕੀਤੀਆਂ, ਜਿਸ ਵਿੱਚ ਸਚਿਨ ਤੇਂਦੁਲਕਰ ਅਤੇ ਕਪਿਲ ਦੇਵ ਦੀਆਂ ਵਿਕਟਾਂ ਵੀ ਸ਼ਾਮਲ ਸਨ। 1991 ਵਿੱਚ ਵੱਕਾਰ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਵਿੱਚ ਉਸ ਵੇਲੇ ਪੂਰੀਆਂ ਸੁਰਖੀਆਂ ਵਿੱਚ ਆ ਗਿਆ, ਜਦੋਂ ਉਸ ਨੇ ਸਰੀ ਵੱਲੋਂ ਕਾਊਂਟੀ ਕ੍ਰਿਕਟ ਖੇਡਦਿਆਂ 582 ਓਵਰ ਕੀਤੇ ਅਤੇ 113 ਵਿਕਟਾਂ ਲਈਆਂ।
ਪੁਰਾਣੀ ਗੇਂਦ ਨਾਲ ਰਿਵਰਸ ਸਵਿੰਗ ਦੀ ਸ਼ੁਰੂਆਤ ਦਾ ਸਿਹਰਾ ਵੀ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਨੂੰ ਜਾਂਦਾ ਹੈ। ਵੱਕਾਰ ਨੇ ਆਪਣੇ ਸਮੇਂ ਦੇ ਤੇਜ਼ ਗੇਂਦਬਾਜ਼ ਸਰਫਰਾਜ਼ ਨਵਾਜ਼ ਨਾਲ ਮਿਲ ਕੇ ਸ਼ੁਰੂ ਕੀਤੀ। ਪੁਰਾਣੀ ਗੇਂਦ ਨਾਲ ਉਹ ਬਹੁਤ ਖਤਰਨਾਕ ਸਾਬਤ ਹੁੰਦਾ। ਵੱਕਾਰ ਨੇ 1994 ਵਿੱਚ ਨਿਊਜ਼ੀਲੈਂਡ ਖਿਲਾਫ ਇੱਕ ਰੋਜ਼ਾ ਮੈਚ ਖੇਡਦਿਆਂ ਹੈਟ੍ਰਿਕ ਵੀ ਜੜੀ। ਵੱਕਾਰ ਨੇ 14 ਸਾਲ ਕੌਮਾਂਤਰੀ ਕ੍ਰਿਕਟ ਖੇਡੀ, ਜਿਸ ਵਿੱਚ ਉਸ ਨੇ ਪਾਕਿਸਤਾਨ ਦੀ ਕਪਤਾਨੀ ਵੀ ਕੀਤੀ। 1999 ਵਿੱਚ ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਪਾਕਿਸਤਾਨ ਟੀਮ ਦਾ ਉਹ ਮੁੱਖ ਗੇਂਦਬਾਜ਼ ਸੀ। ਵੱਕਾਰ ਦੇ ਹੁੰਦਿਆਂ ਪਾਕਿਸਤਾਨ ਟੀਮ ਵਿਸ਼ਵ ਕ੍ਰਿਕਟ ਦੀਆਂ ਸਿਖਰਲੀਆਂ ਟੀਮਾਂ ਵਿੱਚ ਸ਼ੁਮਾਰ ਰਹੀ ਹੈ। ਵੱਕਾਰ ਨੇ ਆਪਣੇ ਡੇਢ ਦਹਾਕਾ ਕੌਮਾਂਤਰੀ ਕਰੀਅਰ ਵਿੱਚ 87 ਟੈਸਟ ਮੈਚ ਖੇਡ ਕੇ 373 ਵਿਕਟਾਂ ਹਾਸਲ ਕੀਤੀਆਂ। ਉਸ ਨੇ 22 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਅਤੇ 5 ਵਾਰ 10 ਵਿਕਟਾਂ ਇੱਕ ਮੈਚ ਵਿੱਚ ਹਾਸਲ ਕੀਤੀਆਂ। 76 ਦੌੜਾਂ ਦੇ ਕੇ 7 ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਸੀ। ਇੱਕ ਰੋਜ਼ਾ ਕ੍ਰਿਕਟ ਵਿੱਚ ਵੱਕਾਰ ਨੇ 262 ਮੈਚਾਂ ਵਿੱਚ 416 ਵਿਕਟਾਂ ਝਟਕੀਆਂ, ਜਿਨ੍ਹਾਂ ਵਿੱਚ 13 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਵੀ ਸ਼ਾਮਲ ਹਨ। 36 ਦੌੜਾਂ ਦੇ ਕੇ 7 ਵਿਕਟਾਂ ਉਸ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਸੀ, ਜੋ ਇੰਗਲੈਂਡ ਖਿਲਾਫ ਉਸ ਦੇ ਘਰ ਹੈਡਿੰਗਲੀ ਵਿਖੇ ਸੀ ਅਤੇ ਇੱਕ ਕਪਤਾਨ ਵਜੋਂ ਕਿਸੇ ਗੇਂਦਬਾਜ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਕਿਸੇ ਕਪਤਾਨ ਗੇਂਦਬਾਜ਼ ਨੇ ਸੱਤ ਵਿਕਟਾਂ ਹਾਸਲ ਕੀਤੀਆਂ। ਵੱਕਾਰ ਨੇ ਫਸਟ ਕਲਾਸ ਕ੍ਰਿਕਟ ਵਿੱਚ 228 ਮੈਚ ਖੇਡ ਕੇ 956 ਵਿਰਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਲਿਸਟ ‘ਏ’ ਦੇ ਕੁੱਲ 411 ਮੈਚ ਖੇਡ ਕੇ 675 ਵਿਕਟਾਂ ਲਈਆਂ ਹਨ।
ਵਿਕਟਾਂ ਲੈਣ ਦੇ ਮਾਮਲੇ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਉਹ ਵਿਸ਼ਵ ਵਿੱਚ ਤੀਜੇ ਨੰਬਰ ਉਤੇ ਹੈ। ਉਸ ਤੋਂ ਵੱਧ ਮੁਥੱਈਆ ਮੁਰਲੀਧਰਨ ਨੇ 534 ਤੇ ਵਸੀਮ ਅਕਰਮ ਨੇ 502 ਵਿਕਟਾਂ ਲਈਆਂ। ਵਿਸ਼ਵ ਕ੍ਰਿਕਟ ਵਿੱਚ ਸਿਰਫ ਚਾਰ ਗੇਂਦਬਾਜ਼ਾਂ ਨੇ ਹੀ 400 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਚੌਥੇ ਨੰਬਰ ਉਤੇ ਚਮਿੰਡਾ ਵਾਸ ਨੇ 400 ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ ਵਿਕਟਾਂ ਹਾਸਲ ਕਰਨ ਵਿੱਚ ਉਹ 22ਵੇਂ ਨੰਬਰ ਉਤੇ ਹੈ ਅਤੇ ਪਾਕਿਸਤਾਨ ਵੱਲੋਂ ਉਹ ਤੀਜੇ ਨੰਬਰ ਉਤੇ ਹੈ। ਉਸ ਤੋਂ ਵੱਧ ਵਸੀਮ ਅਕਰਮ ਨੇ 414 ਤੇ ਇਮਰਾਨ ਖਾਨ ਨੇ 362 ਵਿਕਟਾਂ ਲਈਆਂ। ਕੌਮਾਂਤਰੀ ਕ੍ਰਿਕਟ ਵਿੱਚ 789 ਵਿਕਟਾਂ ਨਾਲ ਉਹ ਦੁਨੀਆਂ ਦੇ ਗੇਂਦਬਾਜ਼ਾਂ ਵਿੱਚੋਂ ਨੌਵੇਂ ਨੰਬਰ ਉਤੇ ਹੈ, ਜਦੋਂ ਕਿ ਪਾਕਿਸਤਾਨ ਵੱਲੋਂ ਉਹ ਵਸੀਮ ਅਕਰਮ (916 ਵਿਕਟਾਂ) ਤੋਂ ਬਾਅਦ ਦੂਜੇ ਨੰਬਰ ਉਤੇ ਹੈ।
ਵੱਕਾਰ ਦੇ ਨਾਮ ਕਈ ਰਿਕਾਰਡ ਦਰਜ ਹੈ। ਜਦੋਂ ਉਸ ਨੇ ਪਹਿਲੀ ਵਾਰ ਕਪਤਾਨੀ ਕੀਤੀ ਤਾਂ ਉਮਰ 22 ਸਾਲ 15 ਦਿਨ ਸੀ ਅਤੇ ਉਹ ਪਾਕਿਸਤਾਨ ਦਾ ਸਭ ਤੋਂ ਛੋਟੀ ਉਮਰ ਦਾ ਕਪਤਾਨ ਬਣਿਆ। ਵੱਕਾਰ ਇੱਕ ਰੋਜ਼ਾ ਕ੍ਰਿਕਟ ਵਿੱਚ 400 ਵਿਕਟਾਂ ਹਾਸਲ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਗੇਂਦਬਾਜ਼ ਹੈ। ਵੱਕਾਰ ਆਈ.ਸੀ.ਸੀ. ਦੇ ਆਲ ਟਾਈਮ ਸਰਵੋਤਮ ਗੇਂਦਬਾਜ਼ਾਂ ਵਿੱਚ ਪਹਿਲੇ 10 ਵਿੱਚ ਸ਼ਾਮਲ ਹੈ। ਵਿਜ਼ਡਨ ਨੇ ਵਸੀਮ ਅਕਰਮ ਤੇ ਐਲਨ ਡੋਨਾਲਡ ਤੋਂ ਬਾਅਦ ਉਸ ਨੂੰ ਤੀਜਾ ਆਲ ਟਾਈਮ ਸਰਵੋਤਮ ਗੇਂਦਬਾਜ਼ ਐਲਾਨਿਆ ਹੈ। ਵੱਕਾਰ ਨੇ ਆਪਣੇ ਕਰੀਅਰ ਵਿੱਚ ਸਭ ਤੋਂ ਤੇਜ਼ ਗੇਂਦ 156 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਸੁੱਟੀ ਹੈ। ਪਿੱਠ ਦੀ ਸੱਟ ਕਾਰਨ ਵੱਕਾਰ ਨੇ ਆਪਣੀ ਗੇਂਦ ਦੀ ਸਪੀਡ ਘਟਾ ਲਈ ਸੀ, ਨਹੀਂ ਤਾਂ ਸੰਭਵ ਸੀ ਕਿ ਉਹ 160 ਕਿਲੋਮੀਟਰ (100 ਮੀਲ) ਦੀ ਸਪੀਡ ਵੀ ਪਾਰ ਕਰ ਦਿੰਦਾ। ਦੱਖਣੀ ਅਫਰੀਕਾ ਦੇ ਡੇਲ ਸਟੇਨ ਤੋਂ ਬਾਅਦ ਸਟਰਾਈਕ ਰੇਟ ਵਿੱਚ ਉਹ ਦੁਨੀਆਂ ਦਾ ਦੂਜੇ ਨੰਬਰ ਦਾ ਗੇਂਦਬਾਜ਼ ਸੀ। ਸਟੇਨ ਦੀ ਸਟਰਾਈਕ ਰੇਟ 43 ਸੀ ਅਤੇ ਵੱਕਾਰ ਦੀ 43.4 ਸੀ।
ਸ੍ਰੀਲੰਕਾ ਦਾ ਮਹਾਨ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਗੇਂਦਬਾਜ਼ੀ ਵਿੱਚ ਵੱਕਾਰ ਨੂੰ ਆਪਣਾ ਆਦਰਸ਼ ਮੰਨਦਾ ਸੀ। ਮਲਿੰਗਾ ਵੀ ਵੱਕਾਰ ਵਾਂਗ ਸਟੀਕ ਯਾਰਕਰ ਸੁੱਟਣ ਦਾ ਧਨੀ ਸੀ। ਦੁਨੀਆਂ ਦਾ ਮਹਾਨ ਅਤੇ ਸਭ ਤੋਂ ਤੇਜ਼ ਦੌੜਾਕ ਜਮਾਇਕਾ ਦਾ ਓਸੈਨ ਬੋਲਟ ਦਾ ਪਸੰਦੀਦਾ ਖਿਡਾਰੀ ਵੀ ਵੱਕਾਰ ਹੀ ਹੈ, ਜਿਸ ਨੂੰ ਉਹ ਆਪਣਾ ਹੀਰੋ ਮੰਨਦਾ ਹੈ। ਆਪਣੇ ਕਰੀਅਰ ਵਿੱਚ ਉਸ ਨੇ ਬਰਾਇਨ ਲਾਰਾ, ਹਰਸ਼ਿਲ ਗਿੱਬਜ਼, ਨਵਜੋਤ ਸਿੰਘ ਸਿੱਧੂ, ਇਆਨ ਬੌਥਮ, ਗਰਾਇਮ ਹਿੱਕ, ਟਫ਼ਨਲ ਜਿਹੇ ਦਿੱਗਜ਼ ਬੱਲੇਬਾਜ਼ਾਂ ਨੂੰ ਸਟੀਕ ਯਾਰਕਰ ਨਾਲ ਆਊਟ ਕੀਤਾ ਹੋਇਆ ਹੈ। ਟਫ਼ਨਲ ਤਾਂ ਇੱਕ ਵਾਰ ਅੰਗੂਠੇ ਉਤੇ ਬਾਲ ਵੱਜਣ ਕਾਰਨ ਬੱਲਾ ਛੱਡ ਕੇ ਗਰਾਊਂਡ ਉਤੇ ਕਰਲਾਉਂਦਾ ਹੋਇਆ ਲੇਟ ਹੀ ਗਿਆ ਸੀ। ਵੱਕਾਰ ਦੇ ਯਾਰਕਰ ਬੱਲੇਬਾਜ਼ਾਂ ਖਾਸ ਕਰਕੇ ਇੰਗਲਿਸ਼ ਬੱਲੇਬਾਜ਼ਾਂ ਲਈ ਇੰਨੀ ਖੌਫਨਾਕ ਸੀ ਕਿ ਇੱਕ ਦੰਦ ਕਥਾ ਵੀ ਜੁੜੀ ਕਿ ਇੱਕ ਮੈਚ ਵਿੱਚ ਵੱਕਾਰ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦੇ ਪੈਰਾਂ ਦੇ ਅੰਗੂਠੇ ਭੰਨ ਦਿੱਤੇ। ਵੱਕਾਰ ਦਾ ਗੇਂਦਬਾਜ਼ੀ ਐਕਸ਼ਨ ਬਹੁਤ ਹੀ ਰਿਦਮਿਕ ਤੇ ਦਰਸ਼ਨੀ ਰਿਹਾ। ਅਕਰਮ ਮੁਕਾਬਲੇ ਲੰਬੇ ਰਨ ਅੱਪ ਨਾਲ ਗੇਂਦ ਸੁੱਟ ਕੇ ਵਿਕਟ ਹਾਸਲ ਕਰਨ ਤੋਂ ਬਾਅਦ ਖੁਸ਼ੀ ਮਨਾਉਂਦਾ ਵੱਕਾਰ ਪੂਰੇ ਸਟੇਡੀਅਮ ਵਿੱਚ ਬੈਠੇ ਦਰਸ਼ਕਾਂ ਅੰਦਰ ਝਰਨਾਹਟ ਛੇੜ ਦਿੰਦਾ।
ਆਈ.ਸੀ.ਸੀ. ਹਾਲ ਆਫ਼ ਫੇਮ ਵਿੱਚ ਸ਼ਾਮਲ ਹੋਣ ਵਾਲਾ ਉਹ ਦੁਨੀਆਂ ਦਾ 70ਵਾਂ ਅਤੇ ਪਾਕਿਸਤਾਨ ਦਾ ਛੇਵਾਂ ਕ੍ਰਿਕਟਰ ਹੈ। ਉਸ ਤੋਂ ਪਹਿਲਾਂ ਪਾਕਿਸਤਾਨ ਦੇ ਹਨੀਫ਼ ਮੁਹੰਮਦ, ਜ਼ਹੀਰ ਅੱਬਾਸ, ਇਮਰਾਨ ਖਾਨ, ਜਾਵੇਦ ਮਿਆਂਦਾਦ ਤੇ ਵਸੀਮ ਅਕਰਮ ਨੂੰ ਇਹ ਮਾਣ ਮਿਲਿਆ। 1992 ਵਿੱਚ ਉਹ ਵਿਜ਼ਡਨ ਕ੍ਰਿਕਟਰ ਆਫ਼ ਦਾ ਯੀਅਰ ਚੁਣਿਆ ਗਿਆ। ਤਿੰਨ ਲਗਾਤਾਰ ਇੱਕ ਰੋਜ਼ਾ ਮੈਚਾਂ ਵਿੱਚ ਪੰਜ-ਪੰਜ ਵਿਕਟਾਂ ਲੈਣ ਵਾਲਾ ਉਹ ਦੁਨੀਆਂ ਦਾ ਇਕਲੌਤਾ ਗੇਂਦਬਾਜ਼ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਨੇ ਬਾਲਾਂ ਸੁੱਟਣ ਦੇ ਲਿਹਾਜ਼ ਨਾਲ ਸਭ ਤੋਂ ਤੇਜ਼ 300, 350 ਤੇ 400 ਵਿਕਟਾਂ ਲਈਆਂ ਹਨ। ਉਸ ਨੇ ਟੈਸਟ ਵਿੱਚ 1010 ਦੌੜਾਂ ਵੀ ਬਣਾਈਆਂ ਹਨ ਅਤੇ ਉਹ ਇਕਲੌਤਾ ਗੈਰ-ਬੱਲੇਬਾਜ਼ ਹੈ, ਜਿਸ ਨੇ ਬਿਨਾ ਅਰਧ ਸੈਂਕੜੇ ਦੀ ਮੱਦਦ ਨਾਲ 1000 ਤੋਂ ਵੱਧ ਦੌੜਾਂ ਬਣਾਈਆਂ ਹਨ। 10ਵੇਂ ਨੰਬਰ ਉਤੇ ਬੱਲੇਬਾਜ਼ੀ ਕਰਦਿਆਂ ਉਸ ਨੇ 478 ਦੌੜਾਂ ਬਣਾਈਆਂ, ਜੋ ਕਿ ਉਸ ਸਮੇਂ ਸਰਵੋਤਮ ਦੌੜਾਂ ਸਨ। ਪੰਜ ਵਿਕਟਾਂ ਲੈਣ ਵਿੱਚ ਵੀ ਉਹ ਸਭ ਤੋਂ ਨੌਜਵਾਨ ਕ੍ਰਿਕਟਰ ਸੀ, ਉਦੋਂ ਉਸ ਦੀ ਉਮਰ 18 ਸਾਲ 164 ਦਿਨ ਸੀ। ਇਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਚਾਰ ਵਿਕਟਾਂ 27 ਵਾਰ ਲੈਣ ਦਾ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ। ਤਿੰਨ ਵਾਰ ਤਿੰਨ ਮੈਚਾਂ ਵਿੱਚ ਲਗਾਤਾਰ ਚਾਰ ਵਿਕਟਾਂ ਲੈਣ ਦਾ ਵੀ ਰਿਕਾਰਡ ਵੱਕਾਰ ਦੇ ਨਾਮ ਹੈ। 252 ਇੱਕ ਰੋਜ਼ਾ ਮੈਚਾਂ ਵਿੱਚ 400 ਵਿਕਟਾਂ ਲੈਣ ਨਾਲ ਉਹ ਸਭ ਤੋਂ ਤੇਜ਼ 400 ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ। ਆਪਣੇ ਟੈਸਟ ਕਰੀਅਰ ਵਿੱਚ ਉਸ ਨੇ ਸਾਰੇ ਨੰਬਰਾਂ ਉਤੇ ਆਉਂਦੇ 11 ਬੱਲੇਬਾਜ਼ਾਂ ਨੂੰ ਆਊਟ ਕੀਤਾ ਹੋਇਆ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਨੇ 12,698 ਬਾਲਾਂ ਸੁੱਟੀਆਂ ਹਨ, ਜੋ ਕਿ ਬਾਲਾਂ ਸੁੱਟਣ ਵਿੱਚ 10ਵੇਂ ਨੰਬਰ ਉਤੇ ਹੈ।
ਵੱਕਾਰ ਨੇ ਆਪਣਾ ਘਰੇਲੂ ਕਰੀਅਰ ਮੁਲਤਾਨ ਵੱਲੋਂ ਖੇਡ ਕੇ ਸ਼ੁਰੂ ਕੀਤਾ ਅਤੇ ਫੇਰ ਕਰਾਚੀ, ਲਾਹੌਰ, ਲਾਹੌਰ ਬਲਿਊਜ਼ ਵੱਲੋਂ ਖੇਡਿਆ। ਵਿਭਾਗੀ ਮੁਕਾਬਲਿਆਂ ਵਿੱਚ ਉਸ ਨੇ ਯੂਨਾਈਟਿਡ ਬੈਂਕ ਲਿਮਟਿਡ, ਨੈਸ਼ਨਲ ਬੈਂਕ ਆਫ਼ ਪਾਕਿਸਤਾਨ ਤੇ ਅਲਾਈਡ ਬੈਂਕ ਲਿਮਟਿਡ ਵੱਲੋਂ ਵੀ ਕ੍ਰਿਕਟ ਖੇਡੀ ਅਤੇ ਇੰਗਲਿਸ਼ ਕਾਊਂਟੀ ਕ੍ਰਿਕਟ ਵਿੱਚ ਸਰੀ ਵੱਲੋਂ ਕ੍ਰਿਕਟ ਖੇਡੀ। ਵੱਕਾਰ ਨੇ ਪਾਕਿਸਤਾਨ ਟੀਮ ਦੇ ਗੇਂਦਬਾਜ਼ੀ ਕੋਚ ਅਤੇ ਮੁੱਖ ਕੋਚ ਵਜੋਂ ਦੋਵੇਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਵੱਕਾਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 2013 ਸੀਜ਼ਨ ਵਿੱਚ ਸਨਰਾਈਜਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਵਜੋਂ ਵੀ ਸੇਵਾਵਾਂ ਨਿਭਾਈਆਂ।
ਵੱਕਾਰ ਖੇਡ ਕਰੀਅਰ ਵਿੱਚ ਕਈ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਅਤੇ ਆਪਣੇ ਲੜਾਕੂ ਸੁਭਾਅ ਅਤੇ ਸਾਥੀ ਖਿਡਾਰੀਆਂ ਨਾਲ ਅਣਬਣ ਦੇ ਚੱਲਦਿਆਂ ਕਈ ਵਾਰ ਟੀਮ ਵਿੱਚੋਂ ਅੰਦਰ-ਬਾਹਰ ਵੀ ਹੁੰਦਾ ਰਿਹਾ। ਸਾਲ 2000 ਵਿੱਚ ਵਸੀਮ ਅਕਰਮ ਨਾਲ ਕਿਸੇ ਵਿਵਾਦ ਕਾਰਨ ਟੀਮ ਵਿੱਚੋਂ ਬਾਹਰ ਹੋਇਆ ਅਤੇ ਫੇਰ ਸਿੱਧੀ ਕਪਤਾਨ ਵਜੋਂ ਵਾਪਸੀ ਕੀਤੀ। 1996 ਵਿਸ਼ਵ ਕੱਪ ਦੇ ਕੁਆਰਟਰ ਫ਼ਾਈਨਲ ਵਿੱਚ ਬੰਗਲੌਰ ਵਿਖੇ ਭਾਰਤ ਖ਼ਿਲਾਫ਼ ਸਲੌਗ ਓਵਰਾਂ ਵਿੱਚ ਅਜੈ ਜਡੇਜਾ ਖ਼ਿਲਾਫ਼ ਉਹ ਬਹੁਤ ਮਹਿੰਗਾ ਸਾਬਤ ਹੋਇਆ ਤੇ ਪਾਕਿਸਤਾਨ ਦੀ ਹਾਰ ਤੋਂ ਬਾਅਦ ਪਾਕਿ ਕ੍ਰਿਕਟ ਪ੍ਰੇਮੀਆਂ ਦਾ ਟੀਮ ਉਪਰ ਪੂਰਾ ਗੁੱਸਾ ਫੁੱਟਿਆ। ਸਾਲ 2000 ਵਿੱਚ ਬਾਲ ਟੈਂਪਰਿੰਗ ਦੇ ਦੋਸ਼ਾਂ ਵਿੱਚ ਉਸ ਉਪਰ ਮੈਚ ਦੀ ਪਾਬੰਦੀ ਵੀ ਲੱਗੀ। ਅਜਿਹੀ ਪਾਬੰਦੀ ਝੱਲਣ ਵਾਲਾ ਵੀ ਉਹ ਪਹਿਲਾ ਖਿਡਾਰੀ ਸੀ। ਸਾਲ 2003 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਖਿਲਾਫ ਮੈਚ ਵਿੱਚ ਐਂਡਰਿਊ ਸਾਇਮੰਡਜ਼ ਦੇ ਬੀਮਰ ਮਾਰਨ ਕਰਕੇ ਗੇਂਦਬਾਜ਼ੀ ਤੋਂ ਹਟਾਇਆ ਗਿਆ ਅਤੇ ਇਹ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਵੀ ਉਹ ਪਹਿਲਾ ਗੇਂਦਬਾਜ਼ ਸੀ। ਵਿਸ਼ਵ ਕੱਪ ਤੋਂ ਬਾਅਦ ਉਸ ਦੀ ਕਪਤਾਨੀ ਅਤੇ ਖਿਡਾਰੀ ਦੋਵਾਂ ਵਜੋਂ ਛੁੱਟੀ ਹੋ ਗਈ ਅਤੇ ਅਗਲੇ ਸਾਲ 2004 ਵਿੱਚ ਵੱਕਾਰ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਵੱਕਾਰ ਨਾਲ ਜੁੜੇ ਵਿਵਾਦ ਖਿਡਾਰੀ ਤੇ ਕਪਤਾਨ ਤੋਂ ਬਾਅਦ ਕੋਚ ਵਜੋਂ ਵੀ ਨਾਲ ਜੁੜੇ ਰਹੇ। ਟੀਮ ਦੇ ਕੋਚ ਵਜੋਂ ਸੇਵਾ ਨਿਭਾਉਂਦਿਆਂ ਕਪਤਾਨ ਇੰਜਮਾਮ ਉਲ ਹੱਕ ਨਾਲ ਵਿਵਾਦ ਹੋਇਆ। ਵੱਕਾਰ ਦੇ ਕੋਚਿੰਗ ਦੇ ਦੌਰ ਵਿੱਚ ਹੀ ਇੰਗਲੈਂਡ ਖਿਲਾਫ ਮੈਚ ਵਿੱਚ ਤਿੰਨ ਖਿਡਾਰੀ ਮੁਹੰਮਦ ਆਮਿਰ, ਮੁਹੰਮਦ ਆਸਿਫ ਤੇ ਸਲਮਾਨ ਬੱਟ ਸਪਾਟ ਫਿਕਸਿੰਗ ਦੇ ਦੋਸ਼ਾਂ ਵਿੱਚ ਫਸੇ ਅਤੇ ਖੇਡਣ ਉਤੇ ਵੀ ਪਾਬੰਦੀ ਲੱਗੀ। ਸਾਲ 2016 ਵਿੱਚ ਵੱਕਾਰ ਨੇ ਕੋਚ ਵਜੋਂ ਅਸਤੀਫਾ ਇਹ ਗੱਲ ਕਹਿ ਕੇ ਦੇ ਦਿੱਤਾ ਕਿ ਉਸ ਦੀਆਂ ਸਿਫਾਰਸ਼ਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਨਣ ਤੋਂ ਵੀ ਇਨਕਾਰ ਕੀਤਾ ਅਤੇ ਉਪਰੋਂ ਬਾਹਰ ਲੀਕ ਵੀ ਕਰ ਦਿੱਤੀਆਂ। ਸਾਲ 2019 ਵਿੱਚ ਵੱਕਾਰ ਨੇ ਚੌਥੀ ਵਾਰ ਟੀਮ ਪ੍ਰਬੰਧਨ ਵਿੱਚ ਵਾਪਸੀ ਕਰਦਿਆਂ ਗੇਂਦਬਾਜ਼ੀ ਕੋਚ ਵਜੋਂ ਸੇਵਾਵਾਂ ਨਿਭਾਈਆਂ। 2021 ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਇੱਕ ਨਸਲੀ ਟਿੱਪਣੀ ਕਰਨ ਦੇ ਵਿਵਾਦ ਨਾਲ ਵੀ ਵੱਕਾਰ ਦਾ ਨਾਮ ਜੁੜਿਆ।
ਵੱਕਾਰ ਦਾ 2000 ਵਿੱਚ ਪਾਕਿਸਤਾਨ ਮੂਲ ਦੀ ਆਸਟਰੇਲੀਅਨ ਡਾਕਟਰ ਨਾਲ ਹੋਇਆ ਅਤੇ ਉਸ ਦਾ ਪਰਿਵਾਰ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿਖੇ ਰਹਿੰਦਾ ਹੈ। ਵੱਕਾਰ ਜੋੜੇ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੈ। ਵੱਕਾਰ ਦਾ ਇੱਕ ਭਰਾ ਅਲੀ ਯੂਨਿਸ ਕੁਮੈਂਟੇਟਰ ਹੈ, ਜਦੋਂ ਕਿ ਇੱਕ ਹੋਰ ਭਰਾ ਫੈਜ਼ਲ ਯੂਨਿਸ ਨੇ ਫਸਟ ਕਲਾਸ ਕ੍ਰਿਕਟ ਖੇਡੀ ਹੈ।

Leave a Reply

Your email address will not be published. Required fields are marked *