ਬਾਂਹ/ਬਾਜੂ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-8847610125
ਮਨੁੱਖੀ ਸਰੀਰ ਦੇ ਅੰਗਾਂ ਵਿੱਚੋਂ ਬਾਂਹ ਦਾ ਵਿਸ਼ੇਸ਼ ਸਥਾਨ ਹੈ। ਸਾਰੀ ਜ਼ਿੰਦਗੀ ਮਨੁੱਖ ਬਾਹਵਾਂ ਆਸਰੇ ਰੋਜ਼ੀ ਰੋਟੀ ਕਮਾਉਂਦਾ ਤੇ ਕਿਰਤ ਕਰਦਾ ਹੈ। ਇਸ ਸ਼ਬਦ ਦੀ ਅਹਿਮੀਅਤ ਕਰਕੇ ਹੀ ਇਸਦਾ ਬਹੁਤ ਥਾਈਂ ਵਿਸਥਾਰ ਮਿਲਦਾ ਹੈ। ਪੰਜਾਬੀ ਕੋਸ਼ਾਂ ਅਨੁਸਾਰ ਬਾਂਹ ਸੰਸ।ਬਾਹ ਦਾ ਅਰਥ ਹੈ- ਹੱਥ ਤੋਂ ਲੈ ਕੇ ਮੋਢਿਆਂ ਤੱਕ ਦਾ ਸਰੀਰ ਦਾ ਅੰਗ, ਭੁਜਾ, ਬਾਜ਼ੂ; ਕਮੀਜ਼, ਕੋਟ ਆਦਿ ਕਪੜਿਆਂ ਦਾ ਉਹ ਹਿੱਸਾ ਜਿਸ ਵਿੱਚ ਬਾਂਹ ਪਾਈ ਜਾਂਦੀ ਹੈ; ਸਹਾਇਕ, ਮਦਦਗਾਰ; ਭਰਾ, ਸਾਕ ਸੰਬੰਧੀ; ਬਾਹੀ (ਮੰਜੀ ਦੀ); ਕਿਲ੍ਹੇ ਦੇ ਕੋਟ ਦਾ ਸਾਹਮਣਾ ਪਾਸਾ; ਕੁੜਮਾਈ ਜਾਂ ਵੱਟੇ ਜਾਂ ਪੈਸੇ ਲੈਣ ਕਰਕੇ ਕਿਸੇ ਔਰਤ ‘ਤੇ ਹੱਕ ਰੱਖਣ ਦਾ ਭਾਵ। ਪਰਿਕਰਮਾ ਦੀ ਬਾਹੀ।
ਇਸ ਨਾਲ ਅਨੇਕਾਂ ਸ਼ਬਦ ਤੇ ਮੁਹਾਵਰੇ ਜੁੜੇ ਹੋਏ ਹਨ, ਜਿਵੇਂ-ਬਾਂਹ ਖੜ੍ਹੀ ਕਰਨਾ-ਕਿਸੇ ਦੇ ਹੱਕ ਵਿੱਚ ਰਾਏ ਦੇਣੀ; ਬਾਂਹ ਟੁੱਟਣੀ- ਕਿਸੇ ਸੱਜਣ ਮਿੱਤਰ ਦਾ ਚਲਾਣਾ; ਬਾਂਹ ਦੇਣਾ- ਸਹਾਰਾ ਦੇਣਾ; ਬਾਂਹ ਨਾ ਛੱਡਣਾ- ਤੋੜ ਨਿਭਾਉਣਾ; ਬਾਂਹ ਫੜਨਾ- ਸ਼ਰਨ ਵਿੱਚ ਲੈਣਾ, ਪਨਾਹ ਦੇਣਾ; ਬਾਂਹ ਫੜਾਉਣਾ- ਜ਼ਿੰਮੇਵਾਰੀ ਸੌਂਪਣਾ; ਬਾਂਹ ਬਣਨਾ- ਮਦਦ ਕਰਨ ਦੇ ਕਾਬਲ ਹੋਣਾ; ਬਾਂਹ ਭੱਜਣਾ; ਬਾਂਹ ਲੁਡਾਉਣਾ- ਬੇਫਿਕਰੀ ਨਾਲ ਮਗਨ ਹੋ ਕੇ ਚਲਣਾ ‘ਕਹੁ ਨਾਨਕ ਬਾਹ ਲੁਡਾਈਐ॥’; ਬਾਂਹ ਵਧਾਉਣਾ; ਬਾਹਵਾਂ ਕੁੰਜਣਾ/ਟੁੰਗਣਾ/ ਚੜ੍ਹਾਉਣਾ- ਲੜਨ ਲਈ ਤਿਆਰ ਹੋਣਾ; ਬਾਂਹਾਂ ਉਲਾਰਣਾ- ਖੁਸ਼ੀ ਪ੍ਰਗਟ ਕਰਨੀ; ਬਾਂਹਾਂ ਆਕੜਨਾ- ਕਿਸੇ ਨੂੰ ਮਿਲਣ ਲਈ ਬੇਚੈਨ ਹੋਣਾ; ਬਾਂਹਾਂ ਪਾਸਾਰ ਮਿਲਣਾ- ਬੜੇ ਪਿਆਰ ਨਾਲ ਮਿਲਣਾ; ਬਾਂਹਾਂ ਖੜ੍ਹੀਆਂ ਕਰਕੇ ਰੋਣਾ- ਢਾਹੀਂ ਮਾਰ ਕੇ ਰੋਣਾ; ਬਾਂਹਾਂ ਚਾ ਕੇ ਦੁਹਾਈ ਦੇਣਾ- ਉੱਚੀ ਉੱਚੀ ਰੌਲਾ ਪਾਉਣਾ; ਬਾਂਹਾਂ ਟੁੱਕ ਟੁੱਕ ਖਾਣਾ- ਰੰਜ ਤੇ ਬੇਵਸੀ ਦੀ ਹਾਲਤ ਵਿੱਚ ਹੋਣਾ ‘ਰੋਵਣ ਬਾਂਹਾਂ ਟੁੱਕ ਟੁੱਕ ਖਾਵਣ, ਕਰ ਕਰ ਮੰਦਾ ਹੀਲਾ’ (ਸੈਫ।); ਭੱਜੀਆਂ ਬਾਂਹਾਂ ਗਲ ਨੂੰ ਆਉਣੀਆਂ- ਮੁਸੀਬਤ ਵੇਲੇ ਆਪਣੇ ਕੰਮ ਆਉਂਦੇ; ਬਾਂਹਾਂ ਮਜਬੂਤ ਹੋਣੀਆਂ- ਧੜਾ ਭਾਰਾ ਹੋਣਾ; ਬਾਂਹਾਂ ਮਾਰਨਾ- ਕੋਸ਼ਿਸ਼ ਕਰਨਾ; ਬਾਂਹਾਂ ਲਮਕਾਉਂਦੇ ਆਉਣਾ- ਖਾਲੀ ਹੱਥ ਆਉਣਾ; ਬਾਂਹਾਂ ਲੰਮੀਆਂ ਹੋਣੀਆਂ- ਪਹੁੰਚ ਵਾਲਾ ਹੋਣਾ; ਬਾਂਹਾਂ ਵੱਢ ਵੱਢ ਖਾਣਾ- ਕਚੀਚੀਆਂ ਵੱਟਣਾ; ਚੱਕੀਂ ਬਾਂਹਾਂ ਕੱਪਣਾ- ਤਿਲਮਿਲਾਣਾ; ਖੁੱਚ ਬਾਂਹੋਂ ਫੜਨਾ- ਪਤਾ ਕੱਢਣਾ; ਵੇਲਣੇ ‘ਚ ਬਾਂਹ ਆਉਣੀ- ਵੱਡੀ ਮੁਸੀਬਤ ਵਿੱਚ ਫਸਣਾ; ਅਸਮਾਨ ਜਿੱਡੇ ਖਲਾਰਿਆਂ ਲਈ ਰੱਬ ਜਿੱਡੀ ਬਾਂਹ ਚਾਹੀਦੀ ਹੈ- ਵੱਡੇ ਕੰਮ ਲਈ ਵੱਡੇ ਯਤਨਾਂ ਦੀ ਲੋੜ; ਉੱਲਰ ਬਾਂਹ ਸੁਲੱਖਣੀ ਪਿਛੋਂ ਪੱਛੀ ਸੱਖਣੀ- ਫੋਕਾ ਵਿਖਾਵਾ ਕਰਨਾ; ਬਾਂਹ ਬੇਲੀ; ਬਾਂਹਾਂ ਵਾਲਾ; ਸੱਜੀ ਬਾਂਹ ਆਦਿ।
ਨਿਰੁਕਤ ਕੋਸ਼ ਅਨੁਸਾਰ- ਭੁਜਾ, ਪ੍ਰਾ।ਬਾਹੁ; ਬਾਹ; ਸਿੰਧੀ ਬਾਂਹ, ਬੰਗਾ।ਬਾਹ, ਗੁਜ।ਬਾਹੁ, ਮਰਾਠੀ ਬਾਹੀ, ਬਾਂਹ, ਫਾ।ਬਾਜੂ; ਬਾਹੀ ਮੰਜੇ ਦੀ, ਕਿਸੇ ਚੀਜ਼ ਦਾ ਇਕ ਪਾਸਾ, ਚੁਗਾਠ ਦੀ ਲੰਮੇ ਪਾਸੇ ਦੀ ਲੱਕੜ। ਨਵਾਂ ਸੰਪੂਰਨ ਮਹਾਨ ਕੋਸ਼ ਅਨੁਸਾਰ ਬਾਹ-(ਪ੍ਰਾ। ਪਾਲੀ, ਅਪਭ੍ਰੰਸ਼ ਬਾਹਾ, ਬਾਹਡਿ, ਬਾਹੁ, ਸੰਸ।ਬਾਹਹæ, ਫਾ।ਬਾਜ਼ੂ), ਬਾਂਹ, ਭੁਜਾ, ਪੋਟਿਆਂ ਤੋਂ ਕੂਹਣੀ ਤੱਕ ਦਾ ਹਿੱਸਾ: ‘ਉਰਵਾਰਿ ਪਾਰਿ ਮੇਰਾ ਸਹੁ ਵਸੈ, ਹਉ ਮਿਲਉਗੀ ਬਾਹ ਪਸਾਰਿ॥, ਬਾਹ ਪਕੜਿ ਗੁਰਿ ਕਾਢਿਆ, ਸੋਈ ਉਤਰਿਆ ਪਾਰਿ॥’ ਮੰਜੇ ਦੀ ਬਾਹੀ, ਕਿਲ੍ਹੇ ਦਾ ਕੋਈ ਪਾਸਾ, ਦਸਤਾ, ਮੁੱਠਾ, ਘੋੜਾ, ਤਰੁੰਗ। ਬਾਂਹ-ਬਾਜੂ, ਭੁਜਾ ‘ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ।, ਬਾਂਹ ਪਕੜਿ ਠਾਕੁਰਿ ਹਉ ਘਿਧੀ॥ ‘ਵੈਦ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥’
ਅਰਬੀ-ਫਾਰਸੀ ਕੋਸ਼ ਅਨੁਸਾਰ- ਬਾਜ਼ੂ=ਤਾਕਤ, ਖੰਬ, ਕੂਹਣੀ ਤੋਂ ਲੈ ਕੇ ਮੋਢੇ ਤੱਕ ਦਾ ਹਿੱਸਾ, ਬਾਂਹ, ਹੱਥ, ਭੁਜਾ; ਪਸ਼ੂ ਦੀਆਂ ਮੂਹਰਲੀਆਂ ਲੱਤਾਂ; ਚੋਗੇ ਜਾਂ ਕਮੀਜ਼ ਦੀ ਬਾਂਹ; ਬਗਲ; ਪੰਛੀਆਂ ਦੇ ਸਰੀਰ ਦਾ ਉਹ ਹਿੱਸਾ ਜਿਸ ‘ਤੇ ਖੰਭ ਹੁੰਦੇ ਹਨ; ਪਾਸਾ; ਸਕਾ ਭਾਈ; ਦੋਸਤ; ਮਦਦਗਾਰ; ਕੁਰਸੀ ਦੀ ਬਾਂਹ; ਮੰਜੇ ਦੀ ਬਾਹੀ; ਚੁਗਾਠ ਦੀਆਂ ਖੜਵੀਆਂ ਲੱਕੜਾਂ। ਬਾਜ਼ੂਬੰਦ-ਬਾਂਹਾਂ ਦਾ ਗਹਿਣਾ। ਫਾਰਸੀ ਕੋਸ਼ ਅਨੁਸਾਰ ਬਾਜ਼ੂ-ਬਾਂਹ, ਕੂਹਣੀ, ਸ਼ਕਤੀ, ਯੋਗਤਾ, ਪਰਨਾ, ਚੋਗਾਠ ਦੀਆਂ ਬਾਹੀਆਂ, ਮੰਜੀ ਦੀ ਬਾਹੀ, ਦੋਸਤ, ਸਾਥੀ, ਸਹਿ ਗਾਇਕ, ਹਰਨੋਟਾ, ਹਰਨ॥ ਬਾਜ਼ੂ ਦਾਦਨ-ਮਦਦ ਕਰਨੀ; ਬਾਜ਼ੂ ਦਰਾਜ਼-ਜਬਰਦਸਤ, ਲੰਮੀਆਂ ਬਾਂਹਾਂ ਵਾਲਾ, ਜ਼ਾਲਮ; ਬਾਜ਼ੂ ਸ਼ਿਕਨ- ਤਾਕਤਵਰ, ਜ਼ੋਰਾਵਰ; ਬਾਜ਼ੂ ਕੁਸ਼ਾਦਨ- ਬਹਾਦਰੀ ਵਖਾਉਣਾ, ਬਖਸ਼ਿਸ਼ ਕਰਨੀ।
ਬਾਂਹ ਸ਼ਬਦ ਮੂਲ ਰੂਪ ਵਿੱਚ ਇੰਡੋ-ਇਰਾਨੀ ਭਾਸ਼ਾ ਪਰਿਵਾਰ ਦਾ ਹੈ। ਬਾਂਹ ਤੇ ਬਾਜ਼ੂ ਇੱਕ ਹੀ ਮੂਲ ਦੀ ਉਪਜ ਹਨ। ਸੰਸਕ੍ਰਿਤ ਦਾ ਬਾਹੁ ਅਵੇਸਤਾ ਵਿੱਚ ਬਾਜ਼ੂ ਬਣ ਜਾਂਦਾ ਹੈ। ਬਾਹੁ ਬਣਿਆ ਹੈ ਸੰਸਕ੍ਰਿਤ ਦੀ ਧਾਤੂ /ਬੰਹੑ/ ਤੋਂ ਜਿਸ ਵਿੱਚ ਉੱਗਣ, ਵਧਣ ਦੇ ਭਾਵ ਹਨ। ਮਨੁੱਖੀ ਧੜ ਵਿੱਚੋਂ ਨਿਕਲੀਆਂ ਦੋ ਸ਼ਾਖਾਵਾਂ, ਜੋ ਜਵਾਨੀ ਤੱਕ ਵੱਧ ਕੇ ਸਰੀਰ ਦਾ ਮਹੱਤਵਪੂਰਨ ਅੰਗ ਬਣ ਜਾਂਦੀਆਂ ਹਨ। ਉਂਜ ਸੰਸਕ੍ਰਿਤ ਦੀ ਧਾਤੂ /ਵਹੑ/ ਤੋਂ ਵੀ ਬਾਹੁ ਦਾ ਵਿਕਾਸ ਮੰਨਿਆ ਜਾਂਦਾ ਹੈ। ਵਹੑ ਵਿੱਚ ਵਹਿਣ, ਅੱਗੇ ਜਾਣ, ਨਿਕਲਣ, ਢੋਣ ਵਰਗੇ ਭਾਵ ਹਨ। ਹੱਥ ਸਰੀਰ ਦੇ ਅੱਗੇ ਵੱਲ ਨਿਕਲੇ ਅੰਗ ਹਨ। ਇਨ੍ਹਾਂ ਰਾਹੀਂ ਮੁਦਰਾਵਾਂ, ਇਸ਼ਾਰੇ ਤੇ ਕਿਰਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਲਈ ਵਹੑ ਤੋਂ ਵਾਹਣਾ ਭਾਵ ਉਠਾਉਣ ਜਾਂ ਚੁੱਕਣ ਵਾਲਾ ਤੇ ਵਾਹ ਧਾਤੂ ਤੋਂ ਵਾਹੁ ਭਾਵ ਬਾਂਹ ਬਣਿਆ ਹੈ। ਸੰਸਕ੍ਰਿਤ ਵਿੱਚ ‘ਵ’ ਦਾ ‘ਬ’ ਵਿੱਚ ਰੂਪਾਂਤਰ ਹੋ ਜਾਂਦਾ ਹੈ, ਇਸ ਲਈ ਵਾਹੁ ਦਾ ਇੱਕ ਰੂਪ ਬਾਹੁ ਵੀ ਮਿਲਦਾ ਹੈ। ਬਾਹੁ ਦੀ ਵੀ ਇਹੀ ਵਿਓਤਪਤੀ ਹੈ। ਜਿਥੇ ਬੰਹੑ ਵਿੱਚ ਉੱਗਣ-ਵਧਣ ਦੇ ਭਾਵ ਹਨ, ਇਸ ਲਿਹਾਜ਼ ਨਾਲ ਸਰੀਰ ਦੇ ਹਰ ਅੰਗ ਨੂੰ ਬਾਹੁ ਕਿਹਾ ਜਾ ਸਕਦਾ ਹੈ, ਕਿਉਂਕਿ ਉਮਰ ਦੇ ਵਧਣ ਨਾਲ ਸਾਰੇ ਅੰਗ ਵਧਦੇ ਹਨ। ਬੰਹੑ ਵਿੱਚ ਵਧਣ, ਅੱਗੇ ਜਾਣ ਤੇ ਢੋਣ ਦੇ ਭਾਵ ਬਾਂਹ ਦੇ ਕੰਮਾਂ ਨਾਲ ਮੇਲ ਖਾਂਦੇ ਹਨ।
ਯੂਰਪੀ ਭਾਸ਼ਾਵਾਂ ਦੀ ਸਕੀਰੀ ਵੀ ਬਾਂਹ ਜਾਂ ਬਾਜ਼ੂ ਨਾਲ ਨਿਕਲਦੀ ਹੈ, ਕਿਉਂਕਿ ਮੂਲ ਰੂਪ ਵਿੱਚ ਇਨ੍ਹਾਂ ਦੋਹਾਂ ਸ਼ਬਦਾਂ ਦਾ ਰਿਸ਼ਤਾ ਭਰੋਪੀ ਭਾਸ਼ਾ ਪਰਿਵਾਰ ਨਾਲ ਜੁੜਦਾ ਹੈ। ਪੁਰਾਣੀ ਅੰਗਰੇਜ਼ੀ ਵਿੱਚ ਬਾਓ, ਬ੍ਹੋ (bough, boh) ਦਾ ਅਰਥ ਵੀ ਮੋਢਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਦੇ ਬ੍ਹੋ ਦਾ ਅਰਥ ਸ਼ਾਖਾ ਜਾਂ ਟਹਿਣੀ ਹੈ। ਬਾਂਹ ਵੀ ਸਰੀਰ ਵਿੱਚੋਂ ਨਿਕਲੀ ਸ਼ਾਖਾ ਹੈ। ਸੰਸਕ੍ਰਿਤ ਦਾ ਬਹੁ ਅਵੇਸਤਾ ਵਿੱਚ ਬਾਜ਼ੂ ਬਣਦਾ ਹੈ ਤੇ ਮੱਧਕਾਲੀ ਫਾਰਸੀ ਵਿੱਚ ਬਾਜ਼ੁਕ, ਜਿਸ ਵਿੱਚ ਬਾਂਹ ਜਾਂ ਹੱਥਾਂ ਦਾ ਭਾਵ ਹੈ। ਬਾਹੁ ਤੋਂ ਹੀ ਬਾਹੂਬਲ ਜਾਂ ਬਾਹੂਬਲੀ ਵਰਗੇ ਸ਼ਬਦ ਬਣੇ ਹਨ, ਜਿਨ੍ਹਾਂ ਦਾ ਭਾਵ ਸਰੀਰਕ ਤਾਕਤ ਤੋਂ ਹੈ। ਬਾਹੂਬਲੀ ਦਾ ਅਰਥ ਭਲਵਾਨ, ਤਾਕਤਵਰ ਜਾਂ ਗੁੰਡਾ ਵੀ ਕੀਤਾ ਜਾਂਦਾ ਹੈ। ਬਾਜੂਬੰਦ ਗਹਿਣਾ ਹੈ, ਪਰ ਕਈ ਥਾਈਂ ਵਿਸ਼ਿਸ਼ਟ ਕੁਲਗੋਤਰ ਦੀ ਪਛਾਣ ਲਈ ਵੀ ਔਰਤਾਂ-ਪੁਰਸ਼ ਇਹਨੂੰ ਪਹਿਨਦੇ ਸਨ। ਬਾਂਹ ਲਈ ਭੁਜਾ ਸ਼ਬਦ ਵੀ ਪ੍ਰਚਲਤ ਹੈ। ਭੁਜਾ ਸ਼ਬਦ ਦੀ ਵਿਓਤਪਤੀ ਸੰਸਕ੍ਰਿਤ ਧਾਤੂ /ਭੁਜੑ/ ਤੋਂ ਹੋਈ ਹੈ। ਇਹਦਾ ਸੰਬੰਧ /ਭਜੑ/ ਧਾਤੂ ਨਾਲ ਜੁੜਦਾ ਹੈ, ਜਿਸ ਤੋਂ ਭੱਗ, ਭਗਵਾਨ, ਭਾਗ ਵਰਗੇ ਸ਼ਬਦ ਬਣੇ ਹਨ। ਭੁਜੑ ਤੋਂ ਹੀ ਭੁਜਾ ਜਾਂ ਬਾਂਹ ਬਣਿਆ ਹੈ। ਭੁਜਾ ਅਜਿਹਾ ਅੰਗ ਹੈ, ਜੋ ਵਿਭਿੰਨ ਦਿਸ਼ਾਵਾਂ ਵਿੱਚ ਮੁੜ ਜਾਂਦਾ ਹੈ। ਇਸ ਤਰ੍ਹਾਂ ਇਸ ਵਿੱਚ ਮੁੜਨ, ਝੁਕਣ ਦੇ ਭਾਵ ਵੀ ਪਏ ਹਨ।
ਭੋਜਨ ਦਾ ਅਰਥ ਵਿਆਪਕ ਰੂਪ ਵਿੱਚ ਆਹਾਰ ਨਾ ਹੋ ਕੇ ਭੋਗ ਸਮੱਗਰੀ ਦੇ ਰੂਪ ਵਿੱਚ ਹੈ। ਭੱਜੑ ਦਾ ਅਰਥ ਵੰਡਣਾ, ਵੱਖ-ਵੱਖ ਕਰਨਾ, ਟੁਕੜੇ ਕਰਨਾ ਵੀ ਹੈ। ਭੁਜੑ ਦਾ ਅਰਥ ਖਾਣਾ, ਨਿਗਲਣਾ, ਝੁਕਾਣਾ, ਮੋੜਨਾ, ਅਨੰਦ ਲੈਣਾ, ਮਜ਼ੇ ਕਰਨਾ ਵੀ ਕੀਤਾ ਜਾਂਦਾ ਹੈ। ਭੋਜਨ ਗ੍ਰਹਿਣ ਕਰਨ ਤੋਂ ਬਾਅਦ ਉਹਦੇ ਅੰਸ਼ ਜਾਂ ਚਿੱਥ ਚਿੱਥ ਕੇ ਟੋਟੇ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਪਕਾਉਣ ਤੋਂ ਪਹਿਲਾਂ ਵੀ ਸਬਜ਼ੀ ਕੱਟ ਕੱਟ ਕੇ ਉਹਦੇ ਬਾਰੀਕ ਟੋਟੇ ਕਰ ਦਿੱਤੇ ਜਾਂਦੇ ਹਨ। ਮੂੰਹ ਵਿੱਚ ਪਾਉਣ ਤੋਂ ਪਹਿਲਾਂ ਰੋਟੀ ਦੀਆਂ ਗ੍ਰਾਹੀਆਂ ਜਾਂ ਬੁਰਕੀਆਂ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਤੋੜੇ, ਮਰੋੜੇ ਭੋਜਨ ਨੂੰ ਮੂੰਹ ਵਿੱਚ ਦੰਦਾਂ ਨਾਲ ਚਿੱਥ ਚਿੱਥ ਕੇ ਹੋਰ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਅਹਾਰ ਦੇ ਅਰਥਾਂ ਵਿੱਚ ਭੋਜਨ ਸ਼ਬਦ ਬਣਿਆ ਹੈ, ਭੋਜਨਮੑ ਤੋਂ। ਇਸ ਵਿੱਚ ਟੁਕੜੇ ਕਰਨ, ਮੋੜਨ, ਨਿਗਲਣ ਦੇ ਭਾਵ ਮਿਲਦੇ ਹਨ। ਬਾਂਹ ਜਾਂ ਬਾਜ਼ੂ ਲਈ ਅੰਗਰੇਜ਼ੀ ਦਾ ਸ਼ਬਦ ਆਰਮ (arm) ਹੈ, ਜਿਸ ਵਿੱਚ ਸਰੀਰ ਦੇ ਹਿੱਸੇ ਜਾਂ ਅੰਗ ਦਾ ਭਾਵ ਹੈ। ਮੂਲ ਰੂਪ ਵਿੱਚ ਇਹ ਭਰੋਪੀ ਧਾਤੂ /ਅਰੑ/ ਤੋਂ ਬਣਿਆ ਹੈ, ਜਿਸ ਵਿੱਚ ਜੁੜਨ ਦਾ ਭਾਵ ਹੈ। ਅੰਗਰੇਜ਼ੀ ਵਿੱਚ ਆਰਮੀ ਅਰਥਾਤ ਫੌਜ ਸ਼ਬਦ ਵਿੱਚ ਵੀ ਇਹੀ ਧਾਤੂ ਹੈ।
ਸੰਸਕ੍ਰਿਤ ਵਿੱਚ ਏਸੇ ਮੂਲ ਦਾ ਸ਼ਬਦ ‘ਈਮਰ’ ਹੈ, ਜਿਸਦਾ ਅਰਥ ਹੈ- ਬਾਂਹ ਜਾਂ ਭੁਜਾ (ਵਿਲੀਅਮ ਮੋਨੀਅਰ)। ਸਪੱਸ਼ਟ ਹੈ, ਫੌਜ ਦੇ ਰੂਪ ਵਿੱਚ ਇਸਨੇ ਸਮੂਹਵਾਚੀ ਭਾਵ ਗ੍ਰਹਿਣ ਕਰ ਲਿਆ ਹੈ। ਅਰੑ ਤੋਂ ਲੈਟਿਨ ਵਿੱਚ ਆਰਮੇਅਰ (armare) ਸ਼ਬਦ ਬਣਦਾ ਹੈ, ਜਿਸਦਾ ਭਾਵ ਹੈ ਜੁੜਨਾ। ਅੰਗਰੇਜ਼ੀ ਵਿੱਚ ਇਸ ਤੋਂ ਕਈ ਸ਼ਬਦ ਬਣਦੇ ਹਨ ਜਿਵੇਂ- armament, armada, armadillo, armageddon, armature, armistice, armor, army ਆਦਿ। ਇਸ ਤਰ੍ਹਾਂ ਬਾਂਹ ਜਾਂ ਬਾਜ਼ੂ ਸ਼ਬਦ ਦਾ ਵਿਸਥਾਰ ਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *