ਖਿਡਾਰੀ ਪੰਜ-ਆਬ ਦੇ-20
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਕੌਮਾਂਤਰੀ ਪੱਧਰ ’ਤੇ 22 ਸੋਨੇ, 7 ਚਾਂਦੀ ਤੇ 7 ਕਾਂਸੀ ਦੇ ਤਮਗੇ ਜਿੱਤਣ ਵਾਲੀ ਭਾਰਤੀ ਅਥਲੈਟਿਕਸ ਦੀ ‘ਗੋਲਡਨ ਗਰਲ’ ਮਨਜੀਤ ਕੌਰ ਦਾ ਕਿੱਸਾ ਛੋਹਿਆ ਹੈ। ਮਨਜੀਤ ਏਸ਼ਿਆਈ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡਨ ਹੈਟ੍ਰਿਕ ਮਾਰਨ ਵਾਲੀ ਪਹਿਲੀ ਅਥਲੀਟ ਹੈ। ਕਿਸੇ ਸਮੇਂ ਉਹ ਰਿਲੇਅ ਟੀਮ ਦਾ ਬ੍ਰਹਮ ਅਸਤਰ ਵਜੋਂ ਜਾਣੀ ਜਾਂਦੀ ਸੀ
ਨਵਦੀਪ ਸਿੰਘ ਗਿੱਲ
ਫੋਨ: +91-9780036216
ਮਨਜੀਤ ਕੌਰ ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ਹੈ, ਜਿਸ ਤੋਂ ਵੱਧ ਪ੍ਰਾਪਤੀਆਂ ਕਿਸੇ ਭਾਰਤੀ ਅਥਲੀਟ ਦੇ ਹਿੱਸੇ ਨਹੀਂ ਆਈਆਂ। ਉਹ ਏਸ਼ਿਆਈ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਦੋਵਾਂ ਵਿੱਚ ਗੋਲਡਨ ਹੈਟ੍ਰਿਕ ਮਾਰਨ ਵਾਲੀ ਪਹਿਲੀ ਅਥਲੀਟ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਵਾਰ ਚੈਂਪੀਅਨ ਤੇ ਦੂਜੀ ਵਾਰ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਨਜੀਤ ਨੂੰ ਰਿਲੇਅ ਟੀਮ ਦਾ ਬ੍ਰਹਮ ਅਸਤਰ ਕਿਹਾ ਜਾਂਦਾ ਸੀ, ਜਿਹੜਾ ਕਦੇ ਵੀ ਅਚੂਕ ਨਹੀਂ ਗਿਆ। ਮਹਿਲਾ ਅਥਲੈਟਿਕਸ ਵਿੱਚ ਜੇ ਪੀ.ਟੀ. ਊਸ਼ਾ ਨੂੰ ਕੇਰਲਾ ਐਕਸਪ੍ਰੈਸ ਕਿਹਾ ਜਾਂਦਾ ਹੈ ਤਾਂ ਮਨਜੀਤ ਕੌਰ ਵੀ ਪੰਜਾਬ ਮੇਲ ਹੈ। ਮਨਜੀਤ ਤੋਂ ਪਹਿਲਾਂ ਭਾਰਤੀ ਅਥਲੈਟਿਕਸ ਵਿੱਚ ਸਿਰਫ ਮਿਲਖਾ ਸਿੰਘ ਇੱਕੋ ਵੇਲੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਸੀ।
ਮਨਜੀਤ ਕੌਰ ਨੂੰ ਟਰੈਕ ਦੀ ਮਲਿਕਾ ਵੀ ਆਖਿਆ ਜਾਂਦਾ ਹੈ ਅਤੇ ਭਾਰਤੀ ਅਥਲੈਟਿਕਸ ਦੀ ਸ਼ਾਹ ਅਸਵਾਰ ਵੀ। ਉਹ ਸਿਰੜ ਤੇ ਸਿਦਕ ਦੀ ਮੁਜੱਸਮਾ ਹੈ। ਸਾਊ ਤੇ ਸਹਿਣਸ਼ੀਲ ਉਸ ਤੋਂ ਵੱਡੀ ਕੋਈ ਅਥਲੀਟ ਨਹੀਂ ਹੈ। ਉਸ ਨੇ ਸਭ ਤੋਂ ਲੰਬਾ ਸਮਾਂ ਅਤੇ ਸਭ ਤੋਂ ਵੱਧ ਟਰੈਕ ’ਤੇ ਰਾਜ ਕੀਤਾ ਹੈ। ਜਦੋਂ ਉਹ ਆਪਣੀਆਂ ਲੰਬੀਆਂ-ਲੰਬੀਆਂ ਲੱਤਾਂ ਨਾਲ ਹਿਰਨ ਵਾਂਗ ਦੌੜਦੀ ਹੋਈ ਫਿਨਿਸ਼ਿੰਗ ਲਾਈਨ ’ਤੇ ਪਹੁੰਚਣ ਵਾਲੀ ਹੁੰਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਨਾਲ ਨਾਲ ਜਿੱਤ ਦਾ ਸਰੂਰ ਵੀ ਹੁੰਦਾ ਹੈ। ਦੌੜਦੇ ਸਮੇਂ ਉਸ ਦੀ ਗੁੱਤ ਵੀ ਪਿੱਠ ਉੱਪਰ ਛਾਲਾਂ ਲਗਾ ਰਹੀ ਹੁੰਦੀ ਹੈ। 400 ਮੀਟਰ ਦੀ ਕਰਵ ਉਤੇ ਉਸ ਦੀ ਦੌੜ ਵਿੱਚ ਹੋਰ ਵੀ ਤੇਜ਼ੀ ਆ ਜਾਂਦੀ ਸੀ। ਉਸ ਨੇ ਕਹਿੰਦੀਆਂ ਕਹਾਉਂਦੀਆਂ ਅਥਲੀਟਾਂ ਨੂੰ ਇਸੇ ਕਰਵ ਉਤੇ ਮਾਤ ਦੇ ਕੇ ਆਪਣਾ ਸੋਨ ਤਮਗਾ ਪੱਕਾ ਕੀਤਾ ਹੈ। ਉਸ ਦੇ ਸਿਰੜ ਦੀ ਗੱਲ ਕਰੀਏ ਤਾਂ ਇੱਕ ਵਾਰ ਜ਼ਖਮਾਂ ਦੀ ਤਾਬ ਝਲਦੀ ਹੋਈ ਮਨਜੀਤ ਨੇ ਭਾਰਤ ਨੂੰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਾਇਆ। ਮਨਜੀਤ ਦੇ ਘਰਦਿਆਂ ਨੇ ਜਦੋਂ ਉਸ ਲਈ ਮੁੰਡਾ ਲੱਭਿਆ ਤਾਂ ਉਹ ਵੀ ਏਸ਼ੀਆ ਦਾ ਚੈਂਪੀਅਨ ਤੇ ਹਾਕੀ ਓਲੰਪੀਅਨ।
ਮਨਜੀਤ ਕੌਰ ਦਾ ਜਨਮ 4 ਅਪਰੈਲ 1982 ਨੂੰ ਪਿੰਡ ਸੈਣਪੁਰ ਵਿਖੇ ਹਰਭਜਨ ਸਿੰਘ ਸੈਣੀ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਹੋਇਆ। ਮਨਜੀਤ ਹੁਰੀਂ ਪੰਜਾਂ ਭੈਣਾਂ ਅਤੇ ਇੱਕ ਭਰਾ ਹਨ। ਮਨਜੀਤ ਤੋਂ ਵੱਡੀਆਂ ਤਿੰਨ ਭੈਣਾਂ ਹਨ। 1996 ਵਿੱਚ ਅਥਲੈਟਿਕਸ ਸ਼ੁਰੂ ਕਰਨ ਵਾਲੀ ਮਨਜੀਤ ਦਾ ਮੁਢਲਾ ਕੋਚ ਨਵਤੇਜ ਸਿੰਘ ਸੀ। ਰਾਸ਼ਟਰੀ ਸਕੂਲ ਖੇਡਾਂ ਵਿੱਚ ਉਸ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਨਹਿਰੂ ਗਾਰਡਨ ਹੋਸਟਲ ਜਲੰਧਰ ਵਿੱਚ ਕੋਚ ਆਰ.ਐਸ. ਸਿੱਧੂ ਨੇ ਮਨਜੀਤ ਨੂੰ 100 ਮੀਟਰ ਦੀ ਬਜਾਏ 400 ਮੀਟਰ ਦੌੜਨ ਲਈ ਆਖਿਆ।
ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਮਨਜੀਤ ਨੇ ਲਗਾਤਾਰ ਤਿੰਨ (ਬੁਸਾਨ-2002, ਦੋਹਾ-2006 ਤੇ ਗੁਆਂਗਜ਼ੂ-2010) ਵਿਖੇ 4 ਜਰਬ 400 ਮੀਟਰ ਰਿਲੇਅ ਦੌੜ ਵਿੱਚ ਸੋਨ ਤਮਗੇ ਜਿੱਤੇ। ਦੋਹਾ ਵਿਖੇ ਉਸ ਨੇ ਵਿਅਕਤੀਗਤ 400 ਮੀਟਰ ਵਿੱਚ ਚਾਂਦੀ ਦਾ ਤਮਗਾ ਵੀ ਜਿੱਤਿਆ। ਦੋਹਾ ਵਿਖੇ ਮਨਜੀਤ ਪੱਟਾਂ ਉਤੇ ਸੂਪ ਡੁੱਲ੍ਹਣ ਤੋਂ ਬਾਅਦ ਛਾਲਿਆਂ ਦੇ ਬਾਵਜੂਦ ਦੌੜੀ ਅਤੇ ਉਸ ਨੇ ਭਾਰਤ ਨੂੰ ਸੋਨੇ ਤੇ ਚਾਂਦੀ ਦਾ ਤਮਗਾ ਜਿਤਾਉਣ ਲਈ ਆਪਣੇ ਪਸੀਨੇ ਦੇ ਨਾਲ ਖੂਨ ਵੀ ਵਹਾਇਆ। 2006 ਵਿੱਚ ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਚਾਂਦੀ ਅਤੇ 2010 ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਸ ਨੇ ਦੋ ਓਲੰਪਿਕ ਖੇਡਾਂ (ਏਥਨਜ਼-2004 ਤੇ ਬੀਜਿੰਗ-2008) ਵਿੱਚ ਵੀ ਹਿੱਸਾ ਲਿਆ। ਏਥਨਜ਼ ਵਿਖੇ ਮਨਜੀਤ ਵੱਲੋਂ ਵਿੱਤੋਂ ਵੱਧ ਕੇ ਜ਼ੋਰ ਲਗਾਏ ਜਾਣ ਕਰਕੇ ਭਾਰਤੀ ਟੀਮ ਫਾਈਨਲ ਵਿੱਚ ਪੁੱਜੀ।
ਸਾਲ 2004 ਵਿੱਚ ਉਸ ਨੇ ਪੈਰਿਸ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤਾ। ਸਾਲ 2007 ਵਿੱਚ ਜਪਾਨ ਵਿਖੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਨਜੀਤ ਦੀ ਅਗਵਾਈ ਹੇਠ ਰਿਲੇਅ ਟੀਮ ਨੇ ਸੱਤਵਾਂ ਸਥਾਨ ਹਾਸਲ ਕੀਤਾ। 2004 ਵਿੱਚ ਉਸ ਨੇ ਥਾਈਲੈਂਡ, ਸ੍ਰੀਲੰਕਾ ਤੇ ਫਿਲਪਾਈਨਜ਼ ਵਿਖੇ ਹੋਈਆਂ ਤਿੰਨ ਏਸ਼ੀਅਨ ਗਰੈਂਡ ਪ੍ਰੀਕਸ (ਗ੍ਰਾਂ.ਪ੍ਰੀ.) ਮੁਕਾਬਲਿਆਂ ਵਿੱਚ ਤਿੰਨ ਸੋਨ ਤਮਗੇ ਜਿੱਤੇ। ਇਸੇ ਸਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪਹਿਲੀਆਂ ਖੇਡਾਂ ਵਿੱਚ ਮਨਜੀਤ ਨੇ 200 ਤੇ 400 ਮੀਟਰ- ਦੋਵੇਂ ਦੌੜਾਂ ਵਿੱਚ ਸੋਨ ਤਮਗੇ ਜਿੱਤੇ। ਸਾਲ 2006 ਵਿੱਚ ਪੁਣੇ, ਬੈਂਕਾਕ ਤੇ ਬੰਗਲੌਰ ਵਿਖੇ ਹੋਈਆਂ ਤਿੰਨ ਏਸ਼ੀਅਨ ਗ੍ਰਾਂ.ਪ੍ਰੀ. ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਤਿੰਨੇ ਥਾਂ 400 ਮੀਟਰ ਵਿਅਕਤੀਗਤ ਦੌੜ ਵਿੱਚ ਕਾਂਸੀ ਦੇ ਤਮਗੇ ਜਿੱਤੇ।
ਜੂਨ 2004 ਵਿੱਚ ਚੇਨੱਈ ਵਿਖੇ ਹੋਈ ਨੈਸ਼ਨਲ ਸਰਕਟ ਅਥਲੈਟਿਕਸ ਮੀਟ ਵਿੱਚ ਮਨਜੀਤ ਨੇ 51.05 ਸਕਿੰਟ ਦੇ ਸਮੇਂ ਨਾਲ 400 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ। 2005 ਵਿੱਚ ਮਨਜੀਤ ਦੀ ਖੇਡ ਸਿਖਰ ’ਤੇ ਸੀ, ਜਦੋਂ ਉਸ ਨੇ ਇੰਚੇਓਨ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਵਿਅਕਤੀਗਤ ਅਤੇ 4 ਜਰਬ 400 ਮੀਟਰ ਰਿਲੇਅ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ। 2007 ਵਿੱਚ ਅਮਾਨ ਵਿਖੇ ਵੀ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। 2009 ਵਿੱਚ ਉਸ ਨੇ ਗੁਆਂਗਜ਼ੂ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ’ਚ ਕਾਂਸੀ ਤੇ ਰਿਲੇਅ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸਾਲ 2008 ਵਿੱਚ ਮਨਜੀਤ ਨੇ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵੀ ਜਿੱਤੀ ਅਤੇ ਵੀਅਤਨਾਮ, ਬੈਂਕਾਕ ਤੇ ਬੀਜਿੰਗ ਵਿਖੇ ਚਾਰ ਏਸ਼ੀਅਨ ਗਰੈਂਡ ਪ੍ਰੀਕਸ ਮੀਟਾਂ ਵਿੱਚ ਚਾਰ ਸੋਨ ਤਮਗੇ ਜਿੱਤੇ।
ਪੰਜਾਬ ਪੁਲਿਸ ਵਿੱਚ ਐਸ.ਪੀ. ਲੱਗੀ ਮਨਜੀਤ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਪੰਜ ਵਾਰ ਚੈਂਪੀਅਨ ਰਹੀ। ਤਿੰਨ ਵਾਰ ਉਹ ਬੈਸਟ ਅਥਲੀਟ ਰਹੀ। ਕੌਮੀ ਚੈਂਪੀਅਨਸ਼ਿਪ, ਕੌਮੀ ਖੇਡਾਂ, ਫੈਡਰੇਸ਼ਨ ਕੱਪ, ਇੰਟਰ-ਸਟੇਟ ਮੀਟ, ਨੈਸ਼ਨਲ ਸਰਕਟ ਮੀਟ ਆਦਿ ਮੁਕਾਬਲਿਆਂ ਵਿੱਚ ਤਾਂ ਉਸ ਨੇ ਢੇਰਾਂ ਤਮਗੇ ਜਿੱਤੇ। ਮਨਜੀਤ ਨੇ ਆਪਣੇ ਖੇਡ ਕਰੀਅਰ ਵਿੱਚ 79 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚੋਂ ਕੌਮਾਂਤਰੀ ਪੱਧਰ ’ਤੇ 36 ਅਤੇ ਕੌਮੀ ਪੱਧਰ ’ਤੇ ਜਿੱਤੇ 43 ਤਮਗੇ ਸ਼ਾਮਲ ਹਨ। ਇਨ੍ਹਾਂ ਵਿੱਚੋਂ 49 ਤਾਂ ਉਸ ਦੇ ਗੋਲਡ ਮੈਡਲ ਹੀ ਹਨ। ਕੌਮਾਂਤਰੀ ਪੱਧਰ ’ਤੇ ਉਸ ਨੇ 22 ਸੋਨੇ, 7 ਚਾਂਦੀ ਤੇ 7 ਕਾਂਸੀ ਦੇ ਤਮਗੇ ਜਿੱਤੇ। ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ 29 ਸੋਨੇ, 8 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ ਹਨ।
ਮਨਜੀਤ ਕੌਰ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨਤ ਕੀਤੀਆਂ 550 ਪ੍ਰਸਿੱਧ ਸਿੱਖ ਹਸਤੀਆਂ ਵਿੱਚ ਮਨਜੀਤ ਨੂੰ ਵੀ ਸਨਮਾਨਤ ਕੀਤਾ ਗਿਆ। ਮਨਜੀਤ ਨੂੰ ਮਿਲੇ ਹੋਰ ਸਨਮਾਨਾਂ ਵਿੱਚ ਪੰਜਾਬ ਰੂਰਲ ਸਪੋਰਟਸ ਕੌਂਸਲ ਨੇ ‘ਪੰਜਾਬ ਖੇਡ ਰਤਨ’, ਕਲਪਨਾ ਚਾਵਲਾ ਯਾਦਗਾਰੀ ਸੰਸਥਾ ਪੈਕ ਚੰਡੀਗੜ੍ਹ ਨੇ ‘ਕਲਪਨਾ ਚਾਵਲਾ ਐਵਾਰਡ’, ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ ਦੌਰਾਨ ‘ਮਾਝੇ ਦਾ ਮਾਣ’, ਜਰਖੜ ਤੇ ਪੁਰੇਵਾਲ ਦੀਆਂ ਖੇਡਾਂ ਉਤੇ ਵਿਸ਼ੇਸ਼ ਸਨਮਾਨ ਹੈ। ਰਾਜਦੀਪ ਸਿੰਘ ਗਿੱਲ ਨੇ ਹਰ ਵਾਰ ਉਸ ਦੀ ਪ੍ਰਾਪਤੀ ਤੋਂ ਬਾਅਦ ਸਨਮਾਨਤ ਕੀਤਾ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋਹਰਾ ਸੋਨ ਤਮਗਾ ਜਿੱਤ ਕੇ ਆਈ ਤਾਂ ਉਸ ਵੇਲੇ ਦੇ ਰਾਜ ਸਭਾ ਮੈਂਬਰ ਡਾ. ਮਨੋਹਰ ਸਿੰਘ ਗਿੱਲ (ਸਾਬਕਾ ਕੇਂਦਰੀ ਖੇਡ ਮੰਤਰੀ) ਨੇ ਦੋ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਮਨਜੀਤ ਕੌਰ ਦੇ ਪਤੀ ਹਾਕੀ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਨੇ 2014 ਵਿੱਚ ਇੰਚੇਓਨ ਵਿਖੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਮਨਜੀਤ ਤੇ ਗੁਰਵਿੰਦਰ ਦੀ ਜੋੜੀ ਭਾਰਤੀ ਖੇਡ ਜਗਤ ਦੀਆਂ ਖਾਸ ਜੋੜੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਦਾ ਸੋਨੇ ਦਾ ਤਮਗਾ ਵੀ ਜਿੱਤਿਆ ਹੈ ਅਤੇ ਓਲੰਪਿਕ ਵਿੱਚ ਵੀ ਭਾਰਤ ਦੀ ਅਗਵਾਈ ਕੀਤੀ ਹੈ। ਗੁਰਵਿੰਦਰ ਸਿੰਘ ਚੰਦੀ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਲੱਗਿਆ ਹੈ, ਜਿਸ ਦੀ ਤਾਇਨਾਤੀ ਪੀ.ਏ.ਪੀ. ਜਲੰਧਰ ਵਿਖੇ ਹੈ। ਉਨ੍ਹਾਂ ਦੀ ਚਾਰ ਵਰਿ੍ਹਆਂ ਦੀ ਬੇਟੀ ਮਨਸੀਰਤ ਐਲ.ਕੇ.ਜੀ. ਵਿੱਚ ਪੜ੍ਹਦੀ ਹੈ। ਮਨਜੀਤ ਦਾ ਭਰਾ ਦਵਿੰਦਰ ਸਿੰਘ ਪਹਿਲਾ ਉਚੀ ਛਾਲ ਲਗਾਉਂਦਾ ਸੀ ਅਤੇ ਫੇਰ ਉਸ ਨੇ 400 ਮੀਟਰ ਦੌੜ ਸ਼ੁਰੂ ਕੀਤੀ। ਉਹ ਸੈਫ ਖੇਡਾਂ ਦਾ ਵੀ ਚੈਂਪੀਅਨ ਰਿਹਾ। ਗੁਰਵਿੰਦਰ ਤੇ ਦਵਿੰਦਰ ਨੂੰ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਮਨਜੀਤ ਕੌਰ ਦੀਆਂ ਇਹ ਸੁਨਹਿਰੀ ਪ੍ਰਾਪਤੀਆਂ ਉਸ ਦੀ ਤਕੜੀ ਸਾਧਨਾ ਤੇ ਤਪੱਸਿਆ ਦਾ ਹੀ ਫਲ ਹੈ। ਉਹ ਮਹੀਨਿਆਂ ਬੱਧੀ ਘਰੋਂ ਦੂਰ ਕੈਂਪ ਵਿੱਚ ਰਹਿੰਦੀ। ਮਨਜੀਤ ਭਾਰਤੀ ਅਥਲੈਟਿਕਸ ਦੀ ਮਾਣਮੱਤੀ ਅਥਲੀਟ ਹੈ। ਉਹ ਸੱਚਮੁੱਚ ਗੋਲਡਨ ਗਰਲ ਹੈ, ਜਿਸ ਦੀਆਂ ਸੁਨਹਿਰੀ ਪ੍ਰਾਪਤੀਆਂ ਆਉਣ ਵਾਲੇ ਅਥਲੀਟਾਂ ਲਈ ਚੁਣੌਤੀ ਵੀ ਹੋਣਗੀਆਂ ਅਤੇ ਪ੍ਰੇਰਨਾ ਸ੍ਰੋਤ ਵੀ।