ਪਰਮਜੀਤ ਸਿੰਘ ਸੋਹਲ
ਸ਼ਮੀਲ ਦੀ ‘ਟਰੇਨ ਕਵਿਤਾ’ ਯਾਂਤਰਿਕ ਊਰਜਾ ਦਾ ਅਨੁਭਵ ਕਰਾਉਂਦੀ ਹੈ ਤੇ ਗਤੀਸ਼ੀਲਤਾ ਦਾ ਵੀ ਅਤੇ ਤਕਨਾਲੋਜੀ ਦੀ ਦੌੜ ਵਿੱਚ ਹਫ਼ ਰਹੇ ਥੱਕੇ-ਹਾਰੇ ਮਨੁੱਖ ਲਈ ਢਾਰਸ ਬਣਦੀ ਹੈ। ਉਸਦੇ ਅੰਦਰ ਜਦੋਂ ਦੂਰ ਜਾਣ ਦੀ, ਵਿੱਥ ਸਿਰਜਣ ਦੀ ਗੱਲ ਫੁਰੀ, ਕਵਿਤਾ ਤੁਰੀ ਆਪਣੇ ਕੇਂਦਰ ਵੱਲ, ਉਹ ਜੋ ਬ੍ਰਹਿਮੰਡ ਵਿੱਚ ਰਹਿੰਦਿਆਂ ਬ੍ਰਹਿਮੰਡ ਦੇਖਣਾ ਲੋਚਦਾ ਹੈ। ਗੱਲ ਕਵਿਤਾ ਲਿਖਣ ਲਈ ਪੈੱਨ, ਕਾਪੀ ਦੀ ਨਹੀਂ, ਨਾ ਹੀ ਟਰੇਨ ਦੀ ਹੈ, ਗੱਲ ਤਾਂ ਸਾਰੀ ਦੌੜ-ਭੱਜ ਤੋਂ ਆਰਾਮ ਦੀ ਹੈ, ਜੋ ਸਾਧਨਾ ’ਚੋਂ ਮਿਲਦਾ ਹੈ। ਸ਼ਮੀਲ ਨੇ ਸਾਧਨਾ ਨੂੰ ਟਰੇਨ ਨਾਲ, ਮੋਬਾਈਲ ਨਾਲ ਜੋੜ ਲਿਆ ਹੈ। ਉਸਦਾ ਕਵਿਤਾ ਲਿਖਣਾ ਵੀ ਗਤੀਸ਼ੀਲ ਸਾਧਨਾ ਦਾ ਰੂਪ ਹੈ।
ਇਸ ਸਾਧਨਾ ’ਚ ਰੂਹਾਨੀਅਤ ਦੇ ਨਾਲ ਨਾਲ ਘਰ, ਪਰਿਵਾਸ ਦਾ ਦੁੱਖ ਵੀ ਸ਼ਾਮਿਲ ਹੈ। ਜਿੱਥੋਂ ਤੱਕ ਸਵੈ ਦੀ ਤਲਾਸ਼ ਦੀ ਗੱਲ ਹੈ, ਉਹ ਜ਼ਿੰਦਗੀ ਦੀ ਟਰੇਨ ਨਾਲ ਜੁੜੀ ਹੋਈ ਹੈ, ਜਿਸ ਵਿੱਚ ਕੋਈ ਜੰਕਸ਼ਨ ਨਹੀਂ ਆਉਂਦਾ, ਜੋ ਮੌਤ ਤੱਕ ਨਿਰੰਤਰ ਦੌੜਦੀ ਹੈ ਤੇ ਉਸ ਤੋਂ ਬਾਅਦ ਵੀ ਜਿਸ ਦਾ ਸਫ਼ਰ ਜਾਰੀ ਰਹਿੰਦਾ ਹੈ।
ਹਵਾ ਫੜਨੀ ਲੋਹੇ ਦੇ ਟੁਕੜੇ ਖਾਣ ਵਰਗਾ ‘ਕਰੜਾ ਸਾਰ’ ਹੈ। ਦਰਅਸਲ ਮਨ ਹੀ ਹਵਾ ਹੈ, ਜੋ ਕਾਇਨਾਤ ਵਿੱਚ ਫੈਲਿਆ ਹੋਇਆ ਹੈ। ਇਸ ਮਨ ਤੋਂ ਉਨਮਨ ਤੱਕ ਸਾਧਨਾ ਮੁਸੱਲਸਲ ਜਾਰੀ ਰਹਿੰਦੀ ਹੈ। ਉਹ ਆਪਣੇ ਅੰਦਰ ਬੈਠੇ ਟਿੱਪਣੀਕਾਰ ਨੂੰ ਚੁੱਪ ਕਰਾਉਣ ਦੀ ਸਾਧਨਾ ’ਚ ਲੀਨ ਹੈ। ਉਹ ਸਿਰਫ਼ ਟਰੇਨ ’ਤੇ ਨਹੀਂ ਜਾਂਦਾ, ਉਹਦੇ ਅੰਦਰ ਵੀ ਇੱਕ ਟਰੇਨ ਚਲਦੀ ਹੈ, ਜੋ ਖ਼ਿਆਲਾਂ ਦੀਆਂ ਸਵਾਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੀ ਹੈ। ਉਸਦਾ ਮਨ ਵੀ ਜਿਵੇਂ ਰੇਲਵੇ ਸਟੇਸ਼ਨ ਹੈ। ਸ਼ਮੀਲ ਦੀ ਟਰੇਨ ਕਵਿਤਾ ਮਨ ਦੇ ਦਿਸਹੱਦੇ ਤੱਕ ਜਾਂਦੀ ਹੈ… ਦਿਸਹੱਦੇ ਦੇ ਧੁੰਦਲਕੇ ਨੂੰ ਪਾਰ ਨਹੀਂ ਕਰਦੀ। ਉਹ ਜਿਸ ਜਾਵੀਏ ਤੋਂ ਸੰਸਾਰ ਦੀ ਸਾਰੀ ਗਤੀ ਨੂੰ ਦੇਖਦਾ ਹੈ, ਉਸਦਾ ਇਉਂ ਦੇਖਣਾ ਹੀ ਉਸਦੀ ਕਵਿਤਾ ਦੀ ਪਰਿਕਰਮਾ ਹੈ।
ਕਿਤੇ ਕਿਤੇ ਕਵਿਤਾ ਬਚੀ ਹੈ, ਕਿਤੇ ਕਿਤੇ ਕਵੀ। ਕੁਦਰਤ ਨਾਲ ਪ੍ਰੇਮ ਕਰਨਾ ਹੀ ਸਭ ਤੋਂ ਵੱਡੀ ਕਵਿਤਾ ਹੈ। ਇਸ ਨੂੰ ਕਹਿ ਦੇਣਾ ਵੀ ਕਵਿਤਾ ਦੀ ਪਰਿਭਾਸ਼ਾ ਹੀ ਹੈ। ਬਚੇ ਹੋਏ ਕਵੀ ਗਵਾਹੀ ਹਨ ਕਿ ਅਜੇ ਕਵਿਤਾ ਕਾਇਨਾਤ ਦੀ, ਕਵਿਤਾ ਮਾਨਵਤਾ ਦੀ, ਕਵਿਤਾ ਰੱਬ ਦੀ ਬਚੀ ਹੋਈ ਹੈ। ਇਸ ਤਰ੍ਹਾਂ ਕਵਿਤਾ ਦਾ ਬਚੇ ਹੋਣਾ ਹੀ ਸੱਚ ਦੀ ਪੈੜ ਬਣਦਾ ਹੈ; ਜਿਸ ’ਤੇ ਮਨੁੱਖਤਾ ਦੇ ਪੈਰਾਂ ਨੇ ਤੁਰਨਾ ਹੈ।
ਸ਼ਮੀਲ ਕੋਲ ਦੁੱਖਾਂ ਨੂੰ ਕਸ਼ੀਦ ਕੇ ਕਵਿਤਾ ਬਣਾਉਣ ਦਾ ਹੁਨਰ ਹੈ। ਸੰਧੂਰ ਹੀ ਕਵਿਤਾ ਹੈ, ਬਾਕੀ ਤਾਂ ਸਭ ਕੁਝ ਸਲੀਕਾ ਹੈ; ਜੋ ਗ਼ੈਰ-ਹਾਜ਼ਰ ਨਹੀਂ ਹੈ। ਹਰ ਕਿਤੇ, ਹਰ ਤਰਤੀਬ ਵਿੱਚ ਮੌਜੂਦ ਹੈ। ਇਹ ਸਹਿਜ ਹੀ ਕਾਵਿਕਤਾ ਦੀ ਭਰਪੂਰ ਹਾਜ਼ਰੀ ਹੈ। ਘਰ ਦੀ ਦਾਰੂ ਕੱਢਣ ਦੀ ਖ਼ੁਸ਼ੀ ਨੂੰ ਪਹਿਲੇ ਤੋੜ ਤੋਂ ਨਤਮਸਤਕ ਹੋਣ ਤੀਕ ਬਿਹਬਲੀ ਉਡੀਕ ’ਚੋਂ ਸ਼ਬਦਾਂ ਦੇ ਹਾੜੇ ਦੀ ਤਰਲਾਮਈ ਖ਼ਾਹਿਸ਼ ਨੇ ਉਸ ਅੰਦਰ ਕਸ਼ੀਦੀ ਸ਼ਾਇਰੀ ਦਾ ਰੂਪ ਧਾਰ ਲਿਆ ਹੈ।
ਕਵਿਤਾ ਧੂਫ਼ ਵਾਂਗ ਹੀ ਨਹੀਂ ਬਲਦੀ; ਬਲਕਿ ਧੂਫ਼ ਦੀ ਮਹਿਕ ਵਾਂਗ ਸਾਨੂੰ ਸੰਮੋਹਿਤ ਵੀ ਕਰਦੀ ਹੈ। ਹਰ ਸ਼ੈਅ ਜਿਵੇਂ ਵੱਖੋ-ਵੱਖਰੇ ਸੈਂਟ ਹੋਣ… ਹਰ ਲਫ਼ਜ਼ ਜਿਵੇਂ ਧੂਫ਼ ਦੇ ਧੂੰਏਂ ਦਾ ਛੱਲਾ… ਅਸੀਮ ਖ਼ਲਾਅ ਵਿੱਚ ਘੁਲ ਕੇ ਮਿਸਮਾਰ ਹੁੰਦਾ।
ਧੂਫ਼ ਧੁਖ਼ਦੀ ਹੈ ਤੇ ਧੂਫ਼ ਨਾਲ ਜੁੜੀਆਂ ਯਾਦਾਂ ’ਚੋਂ ਰੂਹਾਨੀਅਤ ਦੀਆਂ ਰਮਜ਼ਾਂ ਜਾਗਦੀਆਂ ਹਨ। ਇਹ ਸਾਧਨਾ ਉਸਦੀ ਸਮੁੱਚੀ ਕਵਿਤਾ ਰਾਹੀਂ ਸਾਡੇ ਮਨ ਮਸਤਕ ਨੂੰ ਮੁਅੱਤਰ ਕਰਦੀ ਹੈ ਅਤੇ ਸੰਵੇਦਨਾ ਦੇ ਪਲਾਂ ਵਿੱਚ ਮਾਨਵੀ ਦੁੱਖ ਦੀ ਕਥਾ ਛੇੜਦੀ ਹੋਈ ਜੋਤ ਵਾਂਗ ਜਗਦੀ ਹੈ। ਧੂਫ਼ ਤੇ ਜੋਤ ਨਾਲ ਜੁੜੀਆਂ ਯਾਦਾਂ ’ਚੋਂ ਮਾਂ ਦੀ ਅਸੀਮ ਮੁਹੱਬਤ ਆਪਣੀਆਂ ਵਾਤਸਲੀ ਬਾਹਾਂ ਪਸਾਰਦੀ ਹੈ।
ਸੁਆਲ ਕਾਇਨਾਤ ਦੇ ਵੱਡੀ ਹੋਣ ਦਾ ਨਹੀਂ, ਦੁੱਖ ਦੀ ਮਾਰਮਿਕਤਾ ਦਾ ਹੈ, ਜਾੜ੍ਹ ਬਿੰਬ ’ਚੋਂ ਜੋ ਸੰਵੇਦਨਾ ਟਸਕਦੀ ਹੈ, ਉਹ ਮਹਾਤਮਾ ਬੁੱਧ ਦੇ ‘ਸੰਸਾਰ ਦੁੱਖਾਂ ਦਾ ਘਰ ਹੈ’ ਵਾਲੇ ਫ਼ਲਸਫ਼ੇ ਵੱਲ ਸੰਕੇਤਿਤ ਹੈ।
ਕਵਿਤਾ ਬੰਦੇ ਦੀ ਘਰ ਵਾਪਸੀ ਹੈ। ਦੁੱਖ ਵਿੱਚ ਡੁੱਬੇ ਹੋਏ ਨੂੰ ਮਾਂ ਵਾਂਗ ਰਾਹਤ ਦਿੰਦੀ, ਭੀੜ ਤੋਂ ਨਿਜਾਤ ਦਿਵਾਉਂਦੀ ਕੋਈ ਟੇਕ ਹੈ ਕਵਿਤਾ। ਇੱਥੇ ਥੱਕੇ-ਹਾਰੇ ਮਨੁੱਖ ਦੀ ਨਿਮਰਤਾ, ਖ਼ਿਮਾ, ਉਪਕਾਰ ਤੇ ਸੰਵੇਦਨਾ ਦੀ ਸਾਂਝ ਹੈ। ਅਹਿ ਤੇ ਅਗਲੇ ਦੇ ਦਵੰਦ ’ਚ ਹੀ ਕਵਿਤਾ ਹੈ। ਦਰਅਸਲ ਕਵੀ ਦੀ ਮਾਨਸਿਕਤਾ ਵਿੱਚ ਘਰ ਤੇ ਬਾਹਰ ਦਾ ਦਵੰਦ ਸਫ਼ਰ ਦੀ ਮੱਧ ਅਵਸਥਾ ਬਣਦਾ ਹੈ। ਦੁੱਧ ’ਚ ਪੱਤੀ ਦਾ ਤਕੀਆ ਕਲਾਮ ਸਰੋਦੀ ਤਰੰਗਾਂ ’ਚ ਰੁਪਾਂਤ੍ਰਿਤ ਹੋ ਜਾਂਦਾ ਹੈ। ਪਿਓ ਘਰ ਦੀ ਵਿਰਾਸਤ ਦਾ ਇੱਕ ਅਨੁਭਵ ਹੀ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਪ੍ਰਸਾਰਿਤ ਹੁੰਦਾ ਰਹਿੰਦਾ ਹੈ।
ਸ਼ਮੀਲ ਦੀ ਕਵਿਤਾ ਅਹਿਸਾਸ ਦੇ ਵਧੇਰੇ ਨੇੜੇ ਹੈ। ਕਿਤਾਬ ਦੇ ਤੀਸਰੇ ਭਾਗ ਵਿੱਚ ਉਹ ਸਮੂਹਿਕ ਵਰਤਾਰੇ ਪ੍ਰਤੀ ਸੰਵੇਦਨਸ਼ੀਲਤਾ ਤੇ ਕਾਵਿਕਤਾ ਦੇ ਖੁੱਲ੍ਹ ਕੇ ਅਹਿਸਾਸ ਵਿਅਕਤ ਕਰਦਾ ਹੈ।
ਇਸ ਔਰਗੈਨਿਕ ਵਸਤਾਂ ਵਾਲੇ ਬਿੰਬਾਂ ਪਿੱਛੇ ਛੁਪੀ ਖ਼ਾਲਸ ਮੁਹੱਬਤ ਜੋ ਫ਼ਰਕ ਦਰਸਾਉਂਦੀ ਹੈ, ਉਸ ਪਿੱਛੇ ਆਧੁਨਿਕ ਤਰਜ਼ੇ-ਜ਼ਿੰਦਗੀ ਦੀ ਨਕਾਰਾਤਮਕਤਾ ਨੂੰ ਦਰਸਾਇਆ ਗਿਆ ਹੈ। ਸ਼ਬਦਾਂ ਦੇ ਫਾਸਟ ਫੂਡ ’ਤੇ ਕਵਿਤਾ ਦੀ ਖ਼ਾਲਸ ਖ਼ੁਰਾਕ ਵਿੱਚ ਇਹੋ ਅੰਤਰ ਹੈ। ਕੀ ਸਮਾਜਿਕ ਹੈ ਤੇ ਕੀ ਨਿੱਜੀ, ਇਸ ਦਾ ਨਿਰਣਾ ਪਾਠਕ ਹੀ ਕਰ ਸਕਦੇ ਹਨ। ਗੱਲ ਤਾਂ ਸੰਵੇਦਨਸ਼ੀਲਤਾ ਨੂੰ ਬਚਾ ਕੇ ਕਵਿਤਾ ਦੇ ਮਾਧਿਅਮ ਰਾਹੀਂ ਪ੍ਰਗਟਾ ਦੇਣ ਦੀ ਹੈ, ਜੋ ਨਿਰਸੰਦੇਹ ਸ਼ਮੀਲ ਆਪਣੀ ਸਮੁੱਚੀ ਕਵਿਤਾ ਵਾਂਗ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਵੀ ਸਫ਼ਲਤਾ ਪੂਰਵਕ ਕਰਦਾ ਹੈ।
ਕੈਨੇਡੀਅਨ ਤਰਜ਼ੇ-ਜ਼ਿੰਦਗੀ ਦੇ ਨਾਲ ਪਿੰਡ ਦਾ ਉਦਰੇਵਾਂ ਤੁਰਨਾ ਸੁਭਾਵਕ ਹੈ। ਦਰਅਸਲ ਬੰਦਾ ਕਦੇ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਜੀਅ ਹੀ ਨਹੀਂ ਸਕਦਾ; ਭਾਵੇਂ ਬਿਗਾਨੀ ਧਰਤੀ ’ਤੇ ਜਾ ਕੇ ਜੜ੍ਹਾਂ ਲਾਉਣੀਆਂ ਪੈਣ, ਉਨ੍ਹਾਂ ਵਿੱਚ ਵੀ ਪਿਛੋਕੜ ਦੇ ਪ੍ਰਭਾਵ ਅਸਰਅੰਦਾਜ਼ ਹੁੰਦੇ ਹਨ। ਪੰਜਾਬੀ ਕੈਨੇਡੀਅਨ (ਪਰਵਾਸੀ) ਹੋ ਕੇ ਵੀ ਆਪਣੀਆਂ ਜੜ੍ਹਾਂ ਤੋਂ ਨਹੀਂ ਟੁੱਟ ਸਕਦਾ। ਕੋਈ ਆਪਣੇ ਪਿਛੋਕੜ ਤੋਂ ਟੁੱਟ ਕੇ ਜੀਅ ਨਹੀਂ ਸਕਦਾ। ਆਪਣੀ ਮਿੱਟੀ ਦੀ ਖ਼ੁਸ਼ਬੋ ਹੀ ਉਸਨੂੰ ਵਿਭਿੰਨ ਫਲਾਂ, ਸਬਜ਼ੀਆਂ ’ਚੋਂ ਮਹਿਸੂਸ ਹੁੰਦੀ ਹੈ। ਪਿੰਡ ਕੇਵਲ ਉਦਰੇਵਾਂ ਹੀ ਨਹੀਂ ਹੁੰਦਾ, ਬਲਕਿ ਪਿੰਡ ਤਾਂ ਧੁੱਪ-ਛਾਂ ਤੇ ਦੁੱਖ-ਸੁੱਖ ਦੀ ਥਾਂ ਹੈ। ਇਸ ਦਾ ਪਤਾ ਧਰਤੀ ਦਾ ਚੱਕਰ ਕੱਟਣ ਪਿਛੋਂ ਲਗਦਾ ਹੈ। ਟੋਭੇ ਕੰਢੇ ਦੀਵਾਲੀ ਨੂੰ ਦੀਵੇ ਧਰਨੇ ਪਾਣੀ-ਪਿਤਾ ਦੀ ਮਹਾਨਤਾ ਨੂੰ ਪੂਜਣਾ ਹੈ; ਪਰ ਮਨੁੱਖ ਦੀ ਮਲੀਨ ਮਾਨਸਿਕਤਾ ਨੇ ਇਸਨੂੰ ਵੀ ਗ਼ਲੀਜ਼ ਕਰਕੇ ਦਲਿੱਦਰੀ ਤੇ ਮੁਸੀਬਤਾਂ ਸਹੇੜੀਆਂ ਹਨ। ਪਿਛੋੜਕ ਨਾਲ ਜੁੜੇ ਅਹਿਸਾਸ, ਸੁਲਝੀ ਹੋਈ ਬਜ਼ੁਰਗੀ ਤੇ ਅਸ਼ੀਰਵਾਦਾਂ ਦੀ ਕਮੀ ਸਾਡੇ ਕੋਲੋਂ ਮਹਾਨ ਵਿਰਸਾਤ ਦੇ ਗੁੰਮ ਜਾਣ ਦੇ ਤੌਖ਼ਲੇ ਦੀ ਸ਼ਾਹਦੀ ਭਰਦੀ ਹੈ। ਸਾਡੀ ਸੰਸਕ੍ਰਿਤੀ ਜੋ ਆਪਣੇ ਧਾਰਮਿਕ ਵਿਰਸੇ ਕਾਰਨ ਜਾਣੀ ਜਾਂਦੀ ਸੀ, ਅੱਜ ਕੱਲ੍ਹ ਇਸ ਦੀਆਂ ਕਦਰਾਂ-ਕੀਮਤਾਂ ਕਿੰਨੀਆਂ ਬਦਲ ਗਈਆਂ ਹਨ। ਕਵੀ ਆਪਣੀ ਸੂਖਮ ਬਿਰਤੀ ਰਾਹੀਂ ਇਨ੍ਹਾਂ ’ਤੇ ਕਟਾਖ਼ਸ਼ੀ ਚਮਕਾਰੇ ਪਾਉਂਦਾ ਹੈ।
ਗੱਲ ਰੂਹਾਨੀਅਤ ਦਾ ਜ਼ਿਕਰ ਕਰਨ ਦੇ ਫ਼ੈਸ਼ਨ ਦੀ ਨਹੀਂ, ਗੱਲ ਤਾਂ ਆਪਣੇ ਅੰਦਰਲੀ ਤਰਲਤਾ ਤੇ ਸੰਵੇਦਨਸ਼ੀਲਤਾ ਨੂੰ ਰੂਹਾਨੀਅਤ ਜਿਹੇ ਅਹਿਸਾਸਾਂ ਵਿੱਚ ਮੁਅੱਤਰ ਕਰ ਲੈਣ ਦੀ ਹੈ। ਧੰਨੇ ਦੇ ਆਰਤੇ ਦੀ ਮਿੱਥ ਨੂੰ ਸਾਮਰਾਜੀ ਤਾਕਤਾਂ ਦੀ ਭਗਤੀ ਤੋਂ ਇਨਕਾਰਤਾ ਦਰਸਾ ਕੇ ਕਵੀ ਇਨ੍ਹਾਂ ਤਾਕਤਾਂ ਦੇ ਬੇਰਹਿਮ ਨੀਤੀ ਸ਼ਾਸਤਰ ਦਾ ਪਰਦਾਫਾਸ਼ ਕਰਦਾ ਹੈ। ਕਿਤੇ ਕਿਤੇ ਅਜਿਹੇ ਵਿਦਰੋਹੀ ਅਹਿਸਾਸ ਵੀ ਜਗਦੀ ਜੋਤ ਵਾਂਗ ਸ਼ਮੀਲ ਦੀ ਰਚਨਾ ਵਿੱਚ ਨਮੂਦਾਰ ਹੁੰਦੇ ਹਨ।
ਮੌਤ ਅਟੱਲ ਸੱਚਾਈ ਹੈ। ਕਵੀ ਮੌਤ ਨੂੰ ਨਕਾਰ ਦੀ ਭਾਸ਼ਾ ’ਚ ਦ੍ਰਿੜ੍ਹ ਕਰਵਾਉਂਦਾ ਹੈ। ਦੁਨਿਆਵੀ ਕਾਰੋਬਾਰ, ਵਡਿੱਤਣ, ਰੁਤਬਾ, ਜਾਇਦਾਦ ਆਦਿ ਵੀ ਮੌਤ ਤੋਂ ਨਹੀਂ ਬਚਾ ਸਕਦੇ। ਗ਼ਰੀਬੀ ਤੇ ਅਮੀਰੀ ਮੌਤ ਅੱਗੇ ਬੇਮਾਇਨੇ ਹਨ। ਧਰਮ ਦੀ ਆਧਾਰਸ਼ਿਲਾ ਦਇਆ ਹੈ। ਦਇਆ ਧਰਮ ਰਾਹੀਂ ਰੂਹਾਨੀ ਅਨੁਭਵਾਂ ਵਿੱਚ ਜਾਗਿਆ ਇਨਸਾਨ ਹਾਕਮੀ ਤਾਕਤ ਤੋਂ ਬੇਪਰਵਾਹ ਹੁੰਦਾ ਹੈ, ਉਸ ਕੋਲ ਹੀ ਜੋਗੀਆਂ ਵਾਲੀ ਬਾਦਸ਼ਾਹੀ ਹੁੰਦੀ ਹੈ। ਇਹ ਬਾਦਸ਼ਾਹੀ ਤਿਆਗ ’ਚੋਂ ਝਲਕਦੀ ਹੈ। ਹਿਰਸ ’ਚੋਂ ਤਾਂ ਅਮੀਰੀ ਦੀ ਕੰਗਾਲੀ ਹੀ ਝਲਕਦੀ ਹੁੰਦੀ ਹੈ। ਫ਼ਕੀਰੀ ਰੱਬ ਦੀ ਗਜ਼ਾ ਹੈ। ਇਹ ਗਜ਼ਾ ਉਗਰਾਹੁਣ ਵਾਲੇ ਦਰਦ ਦੀ ਬੁੱਕਲ ਮਾਰ ਲੈਂਦੇ ਹਨ। ਕਿਸ਼ਤੀ ਬਿੰਬ ਰਾਹੀਂ ਕਵੀ ਰੂਹਾਨੀਅਤ ਦੀ ਬਾਤ ਪਾਉਂਦਾ ਹੈ। ਦਰਦ ਦੀ ਪਤਵਾਰ ਨਾਲ ਕਿਸ਼ਤੀ ਚਲਦੀ ਹੈ। ਹੜ੍ਹ ’ਚ ਫਸੇ ਲੋਕ ਦੁੱਖਾਂ ’ਚ ਘਿਰੀਆਂ ਰੂਹਾਂ ਦੇ ਪ੍ਰਤੀਕ ਹਨ। ਕਵੀ ਲਈ ਕਾਵਿ ਕਰਮ ਮੱਥਾ ਟੇਕਣ ਵਾਂਗ ਪਵਿੱਤਰ ਕਾਰਜ ਹੈ, ਜਿੱਥੋਂ ਰੂਹ ਨੂੰ ਸਕੂਨ ਮਿਲਦਾ ਹੈ।
ਧਰਤੀ ਮਾਂ ਦੇ ਪਾਸਾ ਲੈਣ ਦੀ ਅਤੇ ਉਨ੍ਹਾਂ ਨੂੰ ਅਸੀਸ ਦੇਣ ਦੀ ਸ਼ਾਹਦੀ ਭਰਦੀ ਹੈ, ਜੋ ਧਰਤੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਧਰਤੀ ਮਾਂ ਦੀ ਆਰਾਧਨਾ ’ਚੋਂ ਸਕੂਨ ਮਿਲਦਾ ਹੈ। ਖਾਣਾ ਤੇ ਸਵਾਦ ਕਾਹਦੇ ਨਾਲ ਜੁੜਿਆ ਹੋਇਆ ਹੈ? ਅਜਿਹਾ ਸੁਆਲ ਕਰਕੇ ਸ਼ਮੀਲ ਸੁਆਦ ਦਾ ਜੋ ਬਿੰਬ ਸਿਰਜਦਾ ਹੈ, ਉਸਨੂੰ ਉਸਦੀ ‘ਤੇਲ ਦੀ ਹਮਕ’ ਵਾਲੀ ਕਵਿਤਾ ਦੀ ਅੰਤਰੀਵੀ ਸੁਰ ਨੂੰ ਸਮਝਿਆ ਤੇ ਪਕੜਿਆ ਜਾ ਸਕਦਾ ਹੈ। ਇੱਕ ਹੋਰ ਕਵਿਤਾ ‘ਅੰਬਾਂ ਦਾ ਫਲੇਬਰ’ ਵਿੱਚ ਜਦੋਂ ਸੁਆਦ ਮਰਦਾ ਹੈ ਤਾਂ ਦੁਨੀਆਂ ਦੀ ਹੋਂਦ ਆਲੂ ਵਿੱਚ ਸਿਮਟ ਜਾਂਦੀ ਹੈ। ਰਿਸ਼ਤਗੀ ਦਾ ਬੇਰੰਗ ਹੋ ਜਾਣਾ ਤੇ ਸੁਆਦ ਦਾ ਮਰ ਜਾਣਾ ਯਕੀਨੋਂ ਬਾਹਰਾ ਹੈ। ਜਾਪਦਾ ਹੈ, ਜਿਵੇਂ ਸਾਰੇ ਪਦਾਰਥ ਆਲੂ ਹੋ ਗਏ ਹੋਣ। ਇੱਕ ਪਾਸੇ ਫ਼ਰਟੀਲਾਈਜ਼ਰ ਪਾ ਕੇ ਉਗਾਈਆਂ ਸਬਜ਼ੀਆਂ ਨੇ, ਦੂਸਰੀ ਤਰਫ਼ ਮਨੁੱਖ ਦੀ ਮੁਨਾਫ਼ੇਖ਼ੋਰੀ ਤੇ ਵਪਾਰਕ ਮਾਨਸਿਕਤਾ ਨੇ ਬਨਸਪਤੀ ਨੂੰ ਵੀ ਆਪਣੇ ਲਾਭ ਲਈ ਵਸਤ ਵਿੱਚ ਤਬਦੀਲ ਕਰ ਲਿਆ ਹੈ। ਸ਼ਮੀਲ ਸੁਆਲ ਉਠਾਉਂਦਾ ਹੈ ਕਿ ਕੀ ਔਰਗੈਨਿਕ ਬੰਦੇ ਦੀ ਅਨਔਰਗੈਨਿਕ ਬੰਦਿਆਂ ਨੂੰ ਲੋੜ ਹੋਵੇਗੀ? ਮਨੁੱਖ ਨੇ ਖੁਦ ਨੂੰ ਸਭਿਅਕ ਤੇ ਜੰਗਲ ਨੂੰ ਅਸਭਿਅਕ ਹੋਣ ਦਾ ਲਕਬ ਦਿੱਤਾ। ਜੰਗਲ ਹੁਣ ਬਾਗ਼ੀ ਹੋ ਗਿਆ ਹੈ; ਕਿਉਂਕਿ ਮਨੁੱਖ ਜੰਗਲੀ ਹੋ ਗਿਆ ਹੈ, ਖ਼ੂੰਖਾਰ ਹੋ ਗਿਆ ਹੈ। ਜੰਗਲੀ ਜੀਵ ਮਨੁਖ ਦੀ ਇਸ ਗ਼ੈਰ-ਮਨੁੱਖਤਾ ਵਾਲੀ ਰਾਜਨੀਤੀ ਤੋਂ ਨਾਬਰ ਹਨ।
ਮਨੁੱਖੀ ਇਤਿਹਾਸ ਖ਼ੂਨ, ਦੁੱਖ, ਮਹਾਂਭਾਰਤ, ਸਨਤਾਲੀ, ਘੱਲੂਘਾਰਿਆਂ ਤੇ ਵਿਨਾਸ਼ ਦਾ ਇਤਿਹਾਸ ਰਿਹਾ ਹੈ। ਇਹ ਤਾਂਡਵੀ ਨਾਚ ਨੱਚਦਾ ਹੈ, ਜ਼ਹਿਰ ਪੀਂਦਾ ਹੈ ਪਰ ਸ਼ਿਵ ਨਹੀਂ ਹੁੰਦਾ। ਸਮੁੰਦਰ ਪਿਤਾ ਤੋਂ ਮਨੁੱਖ ਨੇ ਸਿੱਖ ਹੋਣਾ ਨਹੀਂ ਸਿਖਿਆ।
ਆਖ਼ਰ ਵਿੱਚ ਇਨਸਾਨੀਅਤ ਰਾਹੀਂ ਮਨੁੱਖੀ ਨਸਲ ਦੇ ਸਲਾਮਤ ਰਹਿਣ ਦੀ ਉਮੀਦ ਨਾਲ ਹੀ ਜਹਾਨ ਨੇ ਗਤੀਮਾਨ ਰਹਿਣਾ ਹੈ। ਜਿਵੇਂ ਕਹਿੰਦੇ ਹੁੰਦੇ ਹਨ ਕਿ ‘ਨਗਰ ਵਸਦਾ ਭਲਾ, ਜੋਗੀ ਚਲਦੇ ਭਲੇ’ ਦੇ ਆਸ਼ਾਵਾਦੀ ਨਜ਼ਰੀਏ ਨਾਲ ਹੀ ਸੁੱਧ ਬੀਜ ਬਚੇ ਰਹਿਣਗੇ ਤੇ ਇਨ੍ਹਾਂ ਦਾ ਬੀਜੇ ਜਾਣਾ ਹੀ ਭਵਿੱਖ ਦੀ ਭਰਪੂਰ ਫ਼ਸਲ ਹੋਣ ਦੀ ਸਨਦ ਹੈ।