ਅਦਾਲਤਾਂ ਤੱਕ ਪਹੁੰਚੇ ‘ਕਿੱਸੇ ਅੱਯਾਸ਼ੀ ਦੇ’

ਆਮ-ਖਾਸ ਸਿਆਸੀ ਹਲਚਲ

ਅਕਸਰ ਵੱਡਿਆਂ ਘਰਾਂ ਦੇ ਕਾਕਿਆਂ ਦੀਆਂ ਕਰਤੂਤਾਂ ਦੇ ਕਿੱਸੇ, ਛੁਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚਰਚਾ ਵਿੱਚ ਆ ਹੀ ਜਾਂਦੇ ਹਨ। ਪੈਸੇ ਪੱਖੋਂ ਜਾਂ ਸਮਾਜ ਵਿੱਚ ਰੁਤਬੇਦਾਰ ਹੋਣ, ਜਾਂ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਕਰਨ ਅਤੇ ਸਿਆਸਤ ਵਿੱਚ ਸਰਗਰਮ ਹੋਣ ਦੇ ਨਜ਼ਰੀਏ ਤੋਂ ਵੱਡੀ ਸ਼ਖਸੀਅਤ ਹੁੰਦਿਆਂ ਵੀ ਉਨ੍ਹਾਂ ਆਪਣੇ ‘ਸਪੂਤਾਂ’ ਦੇ ਕਾਰਿਆਂ ਕਾਰਨ ਨਕਾਰਾਤਮਿਕ ਚਰਚਿਤ ਹੋ ਜਾਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ- ਦੇਸ਼ ਜਾਂ ਸਮਾਜ ਕੋਈ ਵੀ ਹੋਵੇ, ਕਿਸੇ ਵੀ ਧਿਰ ਦੀ ਅੱਯਾਸ਼ੀ ਦੇ ਕਿੱਸੇ ਜ਼ੁਬਾਨ-ਰਸੀ ਦਾ ਸਬੱਬ ਬਣ ਜਾਂਦੇ ਹਨ। ਇਸ ਪੱਖੋਂ ਪੰਜਾਬ ਦੀ ਸਿਆਸਤ ਹੀ ਨਹੀਂ, ਸਗੋਂ ਸੰਸਾਰ ਪੱਧਰ ਦੀ ਰਾਜਨੀਤੀ ਵਿੱਚ ਵੀ ਕਈ ਨਾਂ ਚਰਚਿਤ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤ ਹੰਟਰ ਬਾਇਡਨ ਦਾ ਕਿੱਸਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਪੇਸ਼ ਹੈ, ਮੀਡੀਆ ਸਰੋਤਾਂ ਤੋਂ ਇਕੱਤਰ ਜਾਣਕਾਰੀ ਦੇ ਆਧਾਰ ਉਤੇ ਇਹ ਲੇਖ…

ਸੈਮ ਕੈਬਰਲ

ਗੈਰ-ਕਾਨੂੰਨੀ ਤੌਰ ‘ਤੇ ਬੰਦੂਕ ਰੱਖਣ ਅਤੇ ਖ਼ਰੀਦਣ ਵੇਲੇ ਡਰੱਗਜ਼ ਦੀ ਵਰਤੋਂ ਬਾਰੇ ਝੂਠ ਬੋਲਣ ਦਾ ਦੋਸ਼ੀ ਮੰਨੇ ਜਾਣ `ਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਬੇਟਾ ਹੰਟਰ ਬਾਇਡਨ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੌਜੂਦਾ ਅਮਰੀਕੀ ਆਗੂ ਦੇ ਬੱਚੇ ਨੂੰ ਕਿਸੇ ਫੈਡਰਲ ਅਪਰਾਧ ਵਿੱਚ ਦੋਸ਼ੀ ਮੰਨਿਆ ਗਿਆ ਹੋਵੇ, ਪਰ ਉਹ ਸਤੰਬਰ ਵਿੱਚ ਇੱਕ ਵੱਖਰੇ ਮੁਕੱਦਮੇ `ਚ ਟੈਕਸ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨ ਲਈ ਮੁੜ ਅਦਾਲਤ ਵਿੱਚ ਹੋਵੇਗਾ।
ਪਿਛਲੀਆਂ ਗਰਮੀਆਂ ਵਿੱਚ 54 ਸਾਲਾ ਹੰਟਰ ਬਾਇਡਨ ਜਦੋਂ ਮੁਕੱਦਮਾ ਸੁਲਝਾਉਣ ਅਤੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਜ਼ਰੀਏ ਜੇਲ੍ਹ ਜਾਣ ਤੋਂ ਬਚਣ ਦੀਆਂ ਚਾਰਾਜੋਈਆਂ ਕਰ ਰਿਹਾ ਸੀ, ਤਾਂ ਉਦੋਂ ਮਸਲਾ ਵੱਖਰਾ ਲੱਗ ਰਿਹਾ ਸੀ; ਪਰ ਡੀਲ ਅਦਾਲਤ ਵਿੱਚ ਸਫ਼ਲ ਨਾ ਹੋ ਸਕੀ ਅਤੇ ਜਾਂਚ ਦੀ ਅਗਵਾਈ ਕਰ ਰਹੇ ਸਰਕਾਰੀ ਵਕੀਲਾਂ ਨੇ ਬੰਦੂਕ ਸਬੰਧੀ ਇਲਜ਼ਾਮ ਲਗਾਏ।
ਦਸੰਬਰ ਵਿੱਚ ਇੱਕ ਹੋਰ ਇਲਜ਼ਾਮ ਮੁਤਾਬਕ ਹੰਟਰ ਨੇ 2016 ਤੋਂ 2019 ਟੈਕਸ ਸਾਲਾਂ ਦਾ ਤਕਰੀਬਨ 14 ਲੱਖ ਡਾਲਰ ਟੈਕਸ ਨਹੀਂ ਭਰਿਆ ਸੀ। ਕੰਗਰੈਸ਼ਨਲ ਰਿਪਬਲਿਕਨਜ਼ ਨੇ ਹੰਟਰ ਵੱਲੋਂ ਕਥਿਤ ਤੌਰ `ਤੇ ਪਿਤਾ ਦੇ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਰਾਸ਼ਟਰਪਤੀ ਬਾਇਡਨ ਲਈ ਮਹਾਂਦੋਸ਼ ਸੁਣਵਾਈ ਵੀ ਕੀਤੀ। ਮਹੀਨਿਆਂ ਤੱਕ ਚੱਲੀ ਇਸ ਜਾਂਚ ਵਿੱਚ ਕੁਝ ਗਲਤ ਨਹੀਂ ਮਿਲਿਆ; ਪਰ ਇਸ ਦਰਮਿਆਨ ਹੰਟਰ ਦੇ ਵਿਅਕਤੀਤਵ ਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਅਲਕੋਹਲ ਤੋਂ ਡਰੱਗਜ਼ ਦੀ ਦੁਰਵਰਤੋਂ ਅਤੇ ਰਿਸ਼ਤੇ ਵਿੱਚ ਝਗੜੇ ਵਰਗੇ ਮਸਲੇ ਖੁੱਲ੍ਹ ਕੇ ਜਨਤਾ ਦੇ ਸਾਹਮਣੇ ਆ ਗਏ।
ਸਾਲ 1970 ਵਿੱਚ ਹੰਟਰ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਨੀਲੀਆ ਦੇ ਘਰ ਜਨਮੇ। ਹੰਟਰ ਦਾ ਨਾਮ ਉਸ ਦੀ ਮਾਂ ਦੇ ਨਾਮ ਪਿੱਛੇ ਰੱਖਿਆ ਗਿਆ। ਦਸੰਬਰ 1972 ਵਿੱਚ ਜਦੋਂ ਉਹ ਮਹਿਜ਼ ਦੋ ਸਾਲ ਦਾ ਸੀ ਅਤੇ ਉਸ ਦੇ ਪਿਤਾ ਦੇ ਅਮਰੀਕਾ ਸੈਨੇਟ ਵਿੱਚ ਚੁਣੇ ਜਾਣ ਨੂੰ ਛੇ ਹਫ਼ਤੇ ਵੀ ਨਹੀਂ ਹੋਏ ਸੀ ਕਿ ਕਾਰ ਦੀ ਟਰੱਕ ਨਾਲ ਟੱਕਰ ਦੌਰਾਨ ਹੰਟਰ ਦੀ ਮਾਂ ਤੇ ਛੋਟੀ ਭੈਣ ਨਾਓਮੀ ਦੀ ਜਾਨ ਚਲੀ ਗਈ ਅਤੇ ਉਹ ਤੇ ਉਸ ਦਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜੋਅ ਬਾਇਡਨ ਉਸ ਵੇਲੇ ਕਾਰ ਵਿੱਚ ਨਹੀਂ ਸਨ। ਬਾਇਡਨ ਨੇ ਉਸ ਵੇਲੇ ਹਸਪਤਾਲ ਵਿੱਚ ਆਪਣੇ ਬੱਚਿਆਂ ਕੋਲ ਹੀ ਅਹੁਦੇ ਦੀ ਸਹੁੰ ਚੁੱਕੀ ਸੀ।
ਹੰਟਰ ਨੇ ਹਾਸ਼ੀਏ `ਤੇ ਪਏ ਭਾਈਚਾਰਿਆਂ ਦੀ ਸੇਵਾ ਕਰਨ ਵਾਲਾ ਇੱਕ ਕੈਥੋਲਿਕ ਗਰੁੱਪ ‘ਜੇਸੂਟ ਵਾਲੰਟੀਅਰ ਕੌਰਪਸ’ ਜੁਆਇਨ ਕੀਤਾ। ਉੱਥੇ ਉਸ ਦੀ ਮੁਲਾਕਾਤ ਕੈਥਲੀਨ ਬੂਹਲ ਨਾਲ ਹੋਈ, ਜਿਸ ਨਾਲ 1993 ਵਿੱਚ ਉਸ ਨੇ ਵਿਆਹ ਕਰਵਾਇਆ। ਉਨ੍ਹਾਂ ਦੇ ਤਿੰਨ ਬੱਚੇ ਹਨ- ਨਾਓਮੀ, ਫਿਨੇਗਨ ਅਤੇ ਮੇਜ਼ੀ। ਹੰਟਰ ਅਤੇ ਕੈਥਲੀਨ 2017 ਵਿੱਚ ਅਲੱਗ ਰਹਿਣ ਲੱਗੇ ਸਨ।
ਹੰਟਰ ਬਾਇਡਨ ਸਾਲ 2013 ਵਿੱਚ ਅਮਰੀਕਨ ਨੇਵੀ ਰਿਜ਼ਰਵ ਵਿੱਚ ਸ਼ਾਮਲ ਹੋਇਆ ਅਤੇ ਆਪਣੇ ਪਿਤਾ ਸਾਹਮਣੇ ਸਹੁੰ ਚੁੱਕੀ, ਜੋ ਕਿ ਉਸ ਵੇਲੇ ਉਪ-ਰਾਸ਼ਟਰਪਤੀ ਸਨ; ਪਰ ਨੇਵਲ ਬੇਸ `ਤੇ ਆਪਣੇ ਪਹਿਲੇ ਹੀ ਦਿਨ ਉਹ ਕੋਕੀਨ ਇਸਤੇਮਾਲ ਦੇ ਟੈਸਟ ਵਿੱਚ ਪੌਜ਼ੀਟਿਵ ਪਾਇਆ ਗਿਆ ਅਤੇ ਉਸ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ।
ਨਿਊ ਯਾਰਕ ਟਾਈਮਜ਼ ਮੁਤਾਬਕ 2015 ਵਿੱਚ ਆਪਣੇ ਵੱਡੇ ਭਰਾ ਬਿਊ ਦੀ ਦਿਮਾਗ਼ ਦੇ ਕੈਂਸਰ ਕਾਰਨ ਹੋਈ ਮੌਤ ਤੋਂ ਬਾਅਦ ਹੰਟਰ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਕਈ ਵਾਰ ਸਿਰਫ਼ ਵੋਡਕਾ ਖ਼ਰੀਦਣ ਲਈ ਹੀ ਘਰੋਂ ਬਾਹਰ ਨਿਕਲਦਾ ਸੀ। ਹੰਟਰ ਦੀ ਬੇਟੀ ਨਾਓਮੀ ਨੇ ਇੱਕ ਵਾਰ ਟਵਿੱਟਰ `ਤੇ ਲਿਖਿਆ ਸੀ, “ਉਹ ਅਤੇ ਬਿਊ ਇੱਕ ਸਨ। ਇੱਕ ਦਿਲ, ਇੱਕ ਰੂਹ, ਇੱਕ ਮਨ।”
ਤਲਾਕ ਦੌਰਾਨ ਹੰਟਰ ਦੀ ਪਹਿਲੀ ਪਤਨੀ ਕੈਥਲੀਨ ਬੂਹਲ ਨੇ ਇਲਜ਼ਾਮ ਲਾਇਆ ਸੀ ਕਿ “ਹੰਟ ਡਰੱਗਜ਼, ਅਲਕੋਹਲ, ਵੇਸਵਾਵਾਂ, ਸਟਰਿਪ ਕਲੱਬਾਂ ਅਤੇ ਉਨ੍ਹਾਂ ਔਰਤਾਂ ਲਈ ਤੋਹਫ਼ੇ ਖ਼ਰੀਦਣ ਵਿੱਚ ਬਹੁਤ ਪੈਸੇ ਉਜਾੜਦਾ ਹੈ, ਜਿਨ੍ਹਾਂ ਨਾਲ ਉਸ ਦੇ ਜਿਨਸੀ ਸੰਬੰਧ ਸਨ। ਜਿਸ ਕਾਰਨ ਪਰਿਵਾਰ ਕੋਲ ਬਿੱਲ ਭਰਨ ਲਈ ਵੀ ਪੈਸੇ ਨਹੀਂ ਬਚਦੇ ਸਨ।”
ਪਿਛਲੇ ਸਾਲ ਆਪਣੀ ਚੁੱਪੀ ਤੋੜਦਿਆਂ ‘ਗੁੱਡ ਮੌਰਨਿੰਗ ਅਮਰੀਕਾ’ ਨੂੰ ਕੈਥਲੀਨ ਨੇ 24 ਸਾਲਾ ਵਿਆਹੁਤਾ ਰਿਸ਼ਤੇ ਬਾਰੇ ਕਿਹਾ ਸੀ, “ਉਹ ਨਸ਼ੇ ਦੀ ਭੈੜੀ ਆਦਤ ਨਾਲ ਜੂਝ ਰਿਹਾ ਸੀ। ਇਹ ਬਹੁਤ ਦਿਲ ਤੋੜਨ ਵਾਲਾ ਅਤੇ ਦਰਦਨਾਇਕ ਸੀ ਅਤੇ ਇਹ ਉਹ ਨਹੀਂ ਸੀ, ਜਿਸ ਨਾਲ ਮੈਂ ਵਿਆਹ ਕਰਵਾਇਆ ਸੀ।”
ਸਾਲ 2021 ਵਿੱਚ ਆਪਣੀ ਕਿਤਾਬ ‘ਬਿਊਟੀਫੁਲ ਥਿੰਗਜ਼’ ਵਿੱਚ ਹੰਟਰ ਨੇ ਲਿਖਿਆ ਕਿ ਉਸ ਦੀ ਬੇਵਫ਼ਾਈ ਉਨ੍ਹਾਂ ਦਾ ਵਿਆਹ ਟੁੱਟਣ ਦਾ ਅੰਤਿਮ ਕਾਰਨ ਸੀ। ਸਾਲ 2019 ਵਿੱਚ ਇੱਕ ਡੀ.ਐੱਨ.ਏ. ਟੈਸਟ ਵਿੱਚ ਪਾਇਆ ਗਿਆ ਕਿ ਉਹ ਅਰਕਾਨਸਸ ਤੋਂ ਇੱਕ ਡਾਂਸਰ ਲੂਡਿਨ ਅਲੈਕਸਿਸ ਰੋਬਰਟਸ ਦੇ ਬੱਚੇ ਦਾ ‘ਕਾਨੂੰਨੀ ਅਤੇ ਬਾਇਓਲਾਜੀਕਲ’ ਪਿਤਾ ਹੈ। ਆਪਣੀ ਕਿਤਾਬ ਵਿੱਚ ਹੰਟਰ ਦਾਅਵਾ ਕਰਦਾ ਹੈ ਕਿ ਉਸ ਨੂੰ ਮਿਸ ਰੋਬਰਟਸ ਨਾਲ ਸਾਹਮਣਾ ਹੋਣ ਬਾਰੇ ਕੁਝ ਵੀ ਯਾਦ ਨਹੀਂ, ਪਰ ਉਨ੍ਹਾਂ ਮੁਕੱਦਮੇ ਤੋਂ ਬਾਅਦ ਬੱਚੇ ਦੇ ਪਾਲਣ ਪੋਸ਼ਣ ਲਈ ਰਾਸ਼ੀ ਦਿੰਦਾ ਰਿਹਾ। ਬਾਇਡਨ ਪਰਿਵਾਰ ਵਿੱਚੋਂ ਕੋਈ ਵੀ ਹੁਣ ਚਾਰ ਸਾਲ ਦੀ ਹੋ ਚੁੱਕੀ ਨੇਵੀ ਰੋਬਰਟਸ ਨੂੰ ਨਹੀਂ ਮਿਲਿਆ ਸੀ; ਪਰ ਮੀਡੀਆ ਦੇ ਦਬਾਅ ਹੇਠ ਪਿਛਲੀਆਂ ਗਰਮੀਆਂ ਵਿੱਚ ਰਾਸ਼ਟਰਪਤੀ ਬਾਇਡਨ ਨੂੰ ਆਪਣੇ ਸੱਤਵੇਂ ‘ਗਰੈਂਡ ਚਾਈਲਡ’ ਨੂੰ ਸਵੀਕਾਰ ਕਰਨਾ ਪਿਆ।
ਕੈਥਲੀਨ ਬੂਹਲ ਨਾਲ ਵੱਖਰਾ ਹੋਣ ਦੀ ਕਾਰਵਾਈ ਖ਼ਤਮ ਹੋਣ ਤੋਂ ਪਹਿਲਾਂ ਹੰਟਰ ਦੇ ਸਬੰਧ ਆਪਣੇ ਭਰਾ ਦੀ ਵਿਧਵਾ ਹੈਲੀ ਬਾਇਡਨ ਨਾਲ ਬਣ ਗਏ। ਡੇਲਾਵੇਅਰ ਮੁਕੱਦਮੇ ਵਿੱਚ ਆਪਣਾ ਪੱਖ ਰੱਖਦਿਆਂ ਹੈਲੀ ਬਾਇਡਨ ਨੇ ਬਿਆਨ ਦਿੱਤਾ ਕਿ ਹੰਟਰ ਨੇ ਉਸ ਨੂੰ ਕੋਕੀਨ ‘ਕਰੈਕ ਕਰਨਾ’ ਸਿਖਾਇਆ ਅਤੇ ਉਸ ਦੀ ਮੌਜੂਦਗੀ ਵਿੱਚ ਉਹ ਡਰੱਗਜ਼ ਲਿਆਉਂਦਾ ਰਿਹਾ ਹੈ।
ਸਾਲ 2018 ਵਿੱਚ ਨਸ਼ਾ ਛੁਡਾਊ ਕੇਂਦਰ ਵਿੱਚ ਦੋ ਮਹੀਨੇ ਬਿਤਾਉਣ ਬਾਅਦ ਹੰਟਰ ਬਾਇਡਨ ਨੇ ਇੱਕ ਬੰਦੂਕ ਖਰੀਦੀ; ਜਿਸ ਬਾਰੇ ਉਸ ਦੀ ਬਚਾਅ ਟੀਮ ਦਾ ਕਹਿਣਾ ਹੈ ਕਿ ਗੰਨ ਸਟੋਰ ਦੇ ਮਾਲਕ ਵੱਲੋਂ ਦਬਾਅ ਪਾਏ ਜਾਣ ਕਾਰਨ ਉਹ ਇੱਕ ਆਵੇਗ ਖਰੀਦ ਲਿਆਇਆ ਸੀ। ਸਰਕਾਰੀ ਵਕੀਲਾਂ ਮੁਤਾਬਕ ਹੰਟਰ ਨੇ ਹਥਿਆਰ ਐਪਲੀਕੇਸ਼ਨ ਫ਼ਾਰਮ ਉਤੇ ਉਸ ਵੇਲੇ ਝੂਠ ਬੋਲਿਆ ਕਿ ਇਸ ਵੇਲੇ ਉਹ ਡਰੱਗਜ਼ ਨਹੀਂ ਲੈ ਰਿਹਾ। ਹੰਟਰ ਬਾਇਡਨ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਹੰਟਰ ਨੇ ਖ਼ੁਦ ਨੂੰ ਨਸ਼ੇੜੀ ਨਹੀਂ ਮੰਨਿਆ ਅਤੇ ਉਸ ਵੇਲੇ ਉਹ ਡਰੱਗਜ਼ ਨਹੀਂ ਲੈ ਰਿਹਾ ਸੀ।
ਹੈਲੀ ਬਾਇਡਨ, ਜਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਹੰਟਰ ਬਾਇਡਨ ਦਾ ਡਰੱਗਜ਼ ਦੇ ਇਸਤੇਮਾਲ ਬਾਰੇ ਸਾਹਮਣਾ ਕੀਤਾ ਹੈ ਤੇ ਹੰਟਰ ਦੀ ਕਾਰ ਵਿੱਚੋਂ ਕੋਕੀਨ ਅਤੇ ਹੋਰ ਡਰੱਗਜ਼ ਦਾ ਬਚਿਆ-ਖੁਚਿਆ ਸਮਾਨ ਹਟਾਉਂਦਿਆਂ ਉਸ ਨੂੰ ਅਸਲਾ ਵੀ ਮਿਲਿਆ। ਉਹ ਕਹਿੰਦੀ ਹੈ ਕਿ ਉਹ ਘਬਰਾ ਗਈ ਸੀ ਅਤੇ ਕਾਹਲ਼ੀ ਵਿੱਚ ਉਹ ਬੰਦੂਕ ਉਸ ਨੇ ਸ਼ੌਪਿੰਗ ਬੈਗ ਵਿੱਚ ਪਾ ਦਿੱਤੀ ਤੇ ਫਿਰ ਕਚਰੇ ਦੇ ਡੱਬੇ ਵਿੱਚ ਸੁੱਟ ਦਿੱਤੀ; ਇਹ ਅਸਲਾ ਖ਼ਰੀਦਣ ਤੋਂ 11 ਦਿਨ ਬਾਅਦ ਦੀ ਗੱਲ ਹੈ। ਸੁੱਟੀ ਗਈ ਬੰਦੂਕ ਲੱਭਣ ਲਈ ਸਥਾਨਕ ਪੁਲਿਸ, ਐੱਫ.ਬੀ.ਆਈ. ਅਤੇ ਕਚਰੇ ਵਿੱਚੋਂ ਐਲੂਮੀਨੀਅਮ ਤੇ ਪਲਾਸਟਿਕ ਛਾਂਟ ਰਿਹਾ ਇੱਕ ਬਜ਼ੁਰਗ ਸ਼ਾਮਲ ਸੀ।
2019 ਵਿੱਚ ਜੋਅ ਬਾਇਡਨ ਵੱਲੋਂ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਆਪਣਾ ਨਾਮ ਦੇਣ ਤੋਂ ਹਫ਼ਤੇ ਦੇ ਅੰਦਰ-ਅੰਦਰ ਹੈਲੀ ਅਤੇ ਹੰਟਰ ਦੇ ਆਪਸੀ ਸਹਿਮਤੀ ਨਾਲ ਵੱਖ ਹੋਣ ਦੀਆਂ ਖ਼ਬਰਾਂ ਆਈਆਂ। ਮਹਿਜ਼ ਕੁਝ ਹਫ਼ਤਿਆਂ ਬਾਅਦ ਹੰਟਰ ਨੇ ਅਫਰੀਕਨ ਫ਼ਿਲਮਸਾਜ਼ ਮੈਲੀਸਾ ਕੋਹੇਨ ਨਾਲ ਛੇ ਦਿਨਾਂ ਦੇ ਰੋਮਾਂਸ ਬਾਅਦ ਵਿਆਹ ਕਰਵਾ ਲਿਆ, ਦੋਹਾਂ ਦਾ ਇੱਕ ਬੇਟਾ ਵੀ ਹੈ।
ਮੁਕੱਦਮੇ ਦੌਰਾਨ ਹੰਟਰ ਬਾਇਡਨ ਨੇ ਖੁਦ ਲਈ ਸਟੈਂਡ ਨਹੀਂ ਲਿਆ, ਪਰ ਉਹ ਅਤੇ ਕੁਝ ਪਰਿਵਾਰਕ ਮੈਂਬਰ ਤਿੰਨ ਪਿਛਲੇ ਸਾਥੀਆਂ ਦੇ ਭਾਵੁਕ ਬਿਆਨਾਂ ਦੌਰਾਨ ਬੈਠੇ ਰਹੇ। ਇਨ੍ਹਾਂ ਵਿੱਚ ਕੈਥਲੀਨ ਬੂਹਲ ਅਤੇ ਉਸ ਦੀ ਬੇਟੀ ਨਾਓਮੀ ਨੇ ਵੀ ਬਿਆਨ ਦਿੱਤਾ। ਸਾਲ 2019 ਵਿੱਚ ਆਪਣੇ ਸੰਘਰਸ਼ ਬਾਰੇ ਹੰਟਰ ਨੇ ਕਿਹਾ ਸੀ, “ਤੁਹਾਨੂੰ ਇਸ ਤੋਂ ਛੁਟਕਾਰਾ ਨਹੀਂ ਮਿਲਦਾ, ਤੁਹਾਨੂੰ ਇਸ ਨਾਲ ਨਜਿੱਠਣਾ ਆ ਜਾਂਦਾ ਹੈ।” ‘ਬਿਊਟੀਫੁੱਲ ਥਿੰਗਜ਼’ ਵਿੱਚ ਉਹ ਆਪਣੇ ਬਚਾਅ ਦਾ ਸਿਹਰਾ ਪਰਿਵਾਰ ਦੇ ਪਿਆਰ ਸਿਰ ਬੰਨ੍ਹਦਾ ਹੈ।
ਪਿਛਲੇ ਸਾਲਾਂ ਵਿੱਚ ਹੰਟਰ ਨੇ ਥੈਰੇਪੀ ਵਜੋਂ ਪੇਂਟਿੰਗ ਕੀਤੀ। ਉਸ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ, “ਇਹ ਮੈਨੂੰ ਉਨ੍ਹਾਂ ਲੋਕਾਂ ਅਤੇ ਥਾਂਵਾਂ ਤੋਂ ਦੂਰ ਰੱਖਦੀ ਹੈ, ਜਿੱਥੇ ਮੈਨੂੰ ਨਹੀਂ ਹੋਣਾ ਚਾਹੀਦਾ।” ਪਰ ਉਸ ਦੇ ਆਰਟਵਰਕ ਦਾ ਇੱਕ ਪੀਸ 5 ਲੱਖ ਡਾਲਰ ਤੱਕ ਦਾ ਵਿਕਣ ਨੇ ਵ੍ਹਾਈਟ ਹਾਊਸ ਲਈ ਇੱਕ ਨੈਤਿਕ ਦੁਚਿੱਤੀ ਪੈਦਾ ਕਰ ਦਿੱਤੀ ਹੈ।
ਰਾਸ਼ਟਰਪਤੀ ਬਾਇਡਨ ਨੇ ਕਈ ਮੌਕਿਆਂ `ਤੇ ਆਪਣੇ ਪੁੱਤ ਦਾ ਬਚਾਅ ਕੀਤਾ ਹੈ, ਜਿਸ ਵਿੱਚ 2020 ਵਿੱਚ ਡੋਨਲਡ ਟਰੰਪ ਨਾਲ ਰਾਸ਼ਟਰਪਤੀ ਅਹੁਦੇ ਦੀ ਜ਼ੋਰਦਾਰ ਬਹਿਸ ਵੀ ਸ਼ਾਮਲ ਹੈ। ਮੁਕੱਦਮੇ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ, “ਮੈਂ ਇੱਕ ਰਾਸ਼ਟਰਪਤੀ ਹਾਂ, ਪਰ ਮੈਂ ਇੱਕ ਪਿਤਾ ਵੀ ਹਾਂ ਤੇ ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਹ ਅੱਜ ਜੋ ਵੀ ਹੈ, ਸਾਨੂੰ ਉਸ ਉੱਤੇ ਮਾਣ ਹੈ।” ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਅਦਾਲਤ ਹੰਟਰ ਬਾਇਡਨ ਨੂੰ ਦੋਸ਼ੀ ਪਾਉਂਦੀ ਹੈ ਤਾਂ ਉਹ ਮਾਫ਼ੀ ਦੀ ਉਮੀਦ ਨਾ ਕਰੇ।
ਹੰਟਰ ਨੇ ਕਿਸ਼ੋਰ ਉਮਰ ਵਿੱਚ ਹੀ ਪੀਣੀ ਸ਼ੁਰੂ ਕਰ ਦਿੱਤੀ ਸੀ ਅਤੇ ਕਾਲਜ ਦੇ ਦਿਨਾਂ ਵਿੱਚ ਕੋਕੀਨ ਦਾ ਨਸ਼ਾ ਕਰਨ ਦੀ ਗੱਲ ਵੀ ਕਬੂਲੀ। ਯੇਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੰਟਰ ਨੇ ਡੇਲਾਵੇਅਰ ਦੀ ਇੱਕ ਬੈਂਕ ਹੋਲਡਿੰਗ ਕੰਪਨੀ ਐੱਮ.ਬੀ.ਐੱਨ.ਏ. ਅਮਰੀਕਾ ਵਿੱਚ ਕੰਮ ਕੀਤਾ। ਡੇਲਾਵੇਅਰ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਅਤੇ ਸਿਆਸੀ ਮੁਹਿੰਮਾਂ ਦੇ ਖ਼ਾਸ ਸਹਿਯੋਗੀ ਇਸ ਬੈਂਕ ਨਾਲ ਜੋਅ ਬਾਇਡਨ ਦੇ ਨਜ਼ਦੀਕੀ ਸਬੰਧਾਂ ਕਰਕੇ ਹੰਟਰ ਨੂੰ ‘ਦ ਸੈਨੇਟਰ ਫ਼ਰੌਮ ਐੱਮ.ਬੀ.ਐਨ.ਏ.’ ਉਪਨਾਮ ਵੀ ਦਿੱਤਾ ਗਿਆ। ਜਦੋਂ ਹੰਟਰ ਨੂੰ ਐਗਜ਼ਿਕਿਊਟਿਵ ਵਾਈਸ-ਪ੍ਰੈਜ਼ੀਡੈਂਟ ਦੇ ਅਹੁਦੇ `ਤੇ ਪ੍ਰਮੋਟ ਕੀਤਾ ਗਿਆ, ਜੋਅ ਬਾਇਡਨ ਨੇ ਸੈਨੇਟ ਜ਼ਰੀਏ ਦੀਵਾਲੀਆਪਨ ਸੁਧਾਰ ਕਾਨੂੰਨ ਲਿਆਂਦਾ।
2000ਵਿਆਂ ਦੀ ਸ਼ੁਰੂਆਤ ਵਿੱਚ ਜਦੋਂ ਹੰਟਰ ਹਾਲੇ ਬੈਂਕ ਤੋਂ ਕੰਸਲਟਿੰਗ ਫ਼ੀਸ ਲੈ ਰਿਹਾ ਸੀ, ਹੰਟਰ ਨੇ ਵਾਸ਼ਿੰਗਟਨ ਲੌਬਿੰਗ ਪ੍ਰੈਕਟਿਸ ਦੀ ਸ਼ੁਰੂਆਤ ਕੀਤੀ। ਪੋਲਿਟਿਕੋ ਮੈਗਜ਼ੀਨ ਮੁਤਾਬਕ, “ਇਸ ਨੇ ਹੰਟਰ ਨੂੰ ਉਹ ਗਾਹਕ ਦਿੱਤੇ, ਜਿਨ੍ਹਾਂ ਦੀਆਂ ਰੁਚੀਆਂ ਉਸ ਦੇ ਪਿਤਾ ਦੀ ਕਮੇਟੀ ਦੇ ਕੰਮਾਂ ਅਤੇ ਲੈਜਿਸਲੇਟਿਵ ਤਰਜੀਹਾਂ ਨਾਲ ਓਵਰਲੈਪ ਕਰਦੀਆਂ ਸਨ।”
ਸਾਲ 2006 ਵਿੱਚ ਤਤਕਾਲੀ ਸੈਨੇਟਰ ਜੋਅ ਬਾਇਡਨ ਜੋ ਕਿ ਸੈਨੇਟ ਦੇ ਵਿਦੇਸ਼ੀ ਸੰਬੰਧਾਂ ਬਾਰੇ ਕਮੇਟੀ ਦੀ ਚੇਅਰਮੈਨਸ਼ਿਪ ਹਾਸਿਲ ਕਰਨ ਲਈ ਤਿਆਰ ਸਨ, ਨੇ ਹੰਟਰ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਮਿਲ ਕੇ ਹੈੱਜ ਫੰਡ ਗਰੁੱਪ ਦੀ ਖਰੀਦ ਕੀਤੀ। ਪੈਰਾਡਿਗਮ ਗਲੋਬਲ ਐਡਵਾਈਜ਼ਰ ਦਾ ਕਾਰਜਕਾਲ ਬਰਾਕ ਓਬਾਮਾ ਦੀ 2008 ਵਿੱਚ ਰਾਸ਼ਟਰਪਤੀ ਅਤੇ ਜੋਅ ਬਾਇਡਨ ਦੇ ਉਪ-ਰਾਸ਼ਟਰਪਤੀ ਦੀ ਚੋਣ ਹੋਣ ਨਾਲ ਵਧਿਆ।
ਇਸ ਸਮੇਂ ਦੌਰਾਨ ਫੰਡ ਕਈ ਕਥਿਤ ਧੋਖੇਬਾਜ਼ਾਂ ਨਾਲ ਜੋੜਿਆ ਗਿਆ, ਜਿਨ੍ਹਾਂ ਵਿੱਚ ਅਮਰੀਕਨ ਇਤਿਹਾਸ ਦੀ ਸਭ ਤੋਂ ਵੱਡੀ ਪੁੰਜੀ ਸਕੀਮ ਚਲਾਉਣ ਦੇ ਇਲਜ਼ਾਮਾਂ ਵਿੱਚ ਘਿਰੇ ਟੈਕਸਸ ਦਾ ਇੱਕ ਫਾਈਨਾਂਸਰ ਵੀ ਸ਼ਾਮਲ ਹੈ। ਦੂਜੇ ਪਾਸੇ ਬਾਇਡਨ ਪਰਿਵਾਰ ਨੇ ਕਿਸੇ ਤਰ੍ਹਾਂ ਦੇ ਗ਼ਲਤ ਕੰਮਾਂ ਦੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਸਾਲ 2010 ਵਿੱਚ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰ ਦਿੱਤੇ।
ਪਿਤਾ ਦੇ ਉਪ-ਰਾਸ਼ਟਰਪਤੀ ਹੁੰਦਿਆਂ ਹੰਟਰ ਦੇ ਵਿਦੇਸ਼ੀ ਕਾਰੋਬਾਰਾਂ ਬਾਰੇ ਪਿਛਲੇ ਸਾਲਾਂ ਵਿੱਚ ਕਾਫੀ ਚਰਚਾ ਰਹੀ ਹੈ। 2013 ਵਿੱਚ ਉਸ ਨੇ ਚੀਨੀ ਪ੍ਰਾਈਵੇਟ ਇਕੁਇਟੀ ਫ਼ਰਮ ਕੰਪਨੀ ਬੀ.ਐੱਚ.ਆਰ. ਵਿੱਚ ਫਾਊਂਡਿੰਗ ਬੋਰਡ ਸੀਟ ਲੈ ਲਈ। ਪਹਿਲਾਂ ਅਨਪੇਡ ਮੈਂਬਰ ਵਜੋਂ ਅਤੇ ਫਿਰ ਫੰਡ ਵਿੱਚ 10 ਫੀਸਦੀ ਇਕੁਇਟੀ ਸਟੇਕ ਨਾਲ। ਹੰਟਰ ਵੱਲੋਂ ਆਪਣੇ ਉਪ-ਰਾਸ਼ਟਰਪਤੀ ਪਿਤਾ ਦੇ ਚੀਨ ਦੌਰੇ `ਤੇ ਨਾਲ ਜਾਣ ਅਤੇ ਬੀ.ਐੱਚ.ਆਰ. ਦੇ ਚੀਫ ਐਗਜ਼ਿਕਿਊਟਿਵ ਨੂੰ ਕੌਫ਼ੀ ‘ਤੇ ਮਿਲਣ ਦੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸ਼ੰਘਾਈ ਵਿੱਚ ਇਹ ਕੰਪਨੀ ਰਜਿਸਟਰ ਹੋਈ ਸੀ।
ਪਿਤਾ ਦੇ ਅਹੁਦਾ ਛੱਡਣ ਤੋਂ ਬਾਅਦ ਹੰਟਰ ਨੇ ਚੀਨੀ ਤੇਲ ਕੰਪਨੀ ਮਾਲਿਕ ਯੇ ਜੀਆਨਮਿੰਗ ਨਾਲ ਲੂਈਸਿਆਨਾ ਵਿੱਚ ਕੁਦਰਤੀ ਗੈਸ ਪ੍ਰੌਜੈਕਟ ਲਈ ਪਾਰਟਰਨਸ਼ਿਪ ਕਰ ਲਈ। ਯੇ ਜੀਆਨਮਿੰਗ ਨੂੰ ਚੀਨੀ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕਰ ਲੈਣ ਅਤੇ ਫਿਰ ਉਸ ਦੇ ਲਾਪਤਾ ਹੋ ਜਾਣ ਬਾਅਦ ਡੀਲ ਫ਼ੇਲ੍ਹ ਹੋ ਗਈ।
ਹੰਟਰ ਦੀਆਂ ਯੁਕਰੇਨ ਵਿੱਚ ਡੀਲਾਂ ਨੇ ਹੋਰ ਵਿਵਾਦਾਂ ਨੂੰ ਜਨਮ ਦਿੱਤਾ, ਕਿਉਂਕਿ ਉਸ ਦੇ ਪਿਤਾ ਅਮਰੀਕਾ-ਯੁਕਰੇਨ ਰਿਸ਼ਤਿਆਂ ਬਾਰੇ ਓਬਾਮਾ ਸਰਕਾਰ ਦੇ ਨੁਮਾਇੰਦੇ ਸਨ। ਸਾਲ 2014 ਵਿੱਚ ਉਸ ਨੇ ਯੁਕਰੇਨੀਅਨ ਐਨਰਜੀ ਕੰਪਨੀ ਬੁਰਸਿਮਾ ਹੋਲਡਿੰਗਜ਼ ਜੁਆਇਨ ਕਰ ਲਈ, ਜਿੱਥੇ ਉਸ ਨੂੰ ਪ੍ਰਤੀ ਸਾਲ ਕਰੀਬ 12 ਲੱਖ ਡਾਲਰ ਅਦਾ ਕੀਤਾ ਜਾਂਦਾ ਸੀ।
ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦੇ ਹਿੱਸੇ ਵਜੋਂ ਉਪ-ਰਾਸ਼ਟਰਪਤੀ ਜੋਅ ਬਾਇਡਨ ਉਸ ਵੇਲੇ ਚੋਟੀ ਦੇ ਸਰਕਾਰੀ ਵਕੀਲ ਵਿਕਟਰ ਸ਼ੋਕਿਨ ਨੂੰ ਕੱਢਣ ਲਈ ਰੈਲੀ ਕਰ ਰਹੇ ਸਨ। ਸ਼ੋਕਿਨ ਨੂੰ 2016 ਵਿੱਚ ਪਾਰਲੀਮੈਂਟ ਨੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ, ਪਰ ਆਲੋਚਕਾਂ ਦੀ ਦਲੀਲ ਹੈ ਕਿ ਬੁਰਸਿਮਾ ਬਾਰੇ ਜਾਂਚ ਕਰਨ ਦੇ ਨਤੀਜੇ ਵਜੋਂ ਹੀ ਸ਼ੋਕਿਨ ਦੀ ਨੌਕਰੀ ਖੋਹੀ ਗਈ। ਰਿਪਬਲਿਕਨਜ਼ ਜੋਅ ਅਤੇ ਹੰਟਰ- ਦੋਵਾਂ ਉੱਤੇ ਸ਼ੋਕਿਨ ਨੂੰ ਕਢਵਾਉਣ ਬਦਲੇ ਬੁਰਸਿਮਾ ਦੇ ਅਧਿਕਾਰੀਆਂ ਤੋਂ 5 ਲੱਖ ਡਾਲਰ ਲੈਣ ਦਾ ਇਲਜ਼ਾਮ ਲਗਾਉਂਦੇ ਹਨ; ਪਰ ਉਹ ਇਲਜ਼ਾਮ ਫਿੱਕੇ ਪੈ ਗਏ, ਜਦੋਂ ਇੱਕ ਸਾਬਕਾ ਐੱਫ.ਬੀ.ਆਈ. ਸੂਚਨਾਕਾਰ ਉਤੇ ਰਿਸ਼ਵਤਖੋਰੀ ਦੀ ਸਕੀਮ ਘੜਨ ਦੇ ਇਲਜ਼ਾਮ ਲੱਗੇ।
ਹੰਟਰ ਦੇ ਇੱਕ ਸਾਬਕਾ ਬਿਜਨਸ ਪਾਰਟਨਰ ਨੇ ਵੀ ਬਿਆਨ ਦਿੱਤਾ ਕਿ ਕਈ ਵਾਰ ਹੰਟਰ ਦੀਆਂ ਵੱਖੋ-ਵੱਖ ਲੋਕਾਂ ਨਾਲ ਫ਼ੋਨ ਕਾਲਜ਼ ਦੌਰਾਨ ਜੋਅ ਬਾਇਡਨ ਸਪੀਕਰ ਰਾਹੀਂ ਗੱਲਬਾਤ ਸੁਣ ਰਹੇ ਹੁੰਦੇ ਸਨ। ਭ੍ਰਿਸ਼ਟਾਚਾਰ ਦੇ ਇਲਜ਼ਾਮ ਰਾਸ਼ਟਰਪਤੀ ਟਰੰਪ ਲਈ ਵੀ 2019 ਵਿੱਚ ਮਹਾਂਦੋਸ਼ ਦਾ ਕਾਰਨ ਬਣੇ ਸਨ।
ਹੰਟਰ ਵੱਲੋਂ ਡੇਲਾਵੇਅਰ ਦੀ ਇੱਕ ਰਿਪੇਅਰ ਦੀ ਦੁਕਾਨ ਉਤੇ ਛੱਡੇ ਗਏ ਲੈਪਟਾਪ ਅਤੇ ਉਸ ਵਿੱਚੋਂ ਮਿਲੀ ਜਾਣਕਾਰੀ 2020 ਦੀ ਰਾਸ਼ਟਰਪਤੀ ਚੋਣ ਦੌਰਾਨ ਵੀ ਸੁਰਖ਼ੀਆਂ ਬਟੋਰਦੀ ਰਹੀ ਸੀ। ਬਾਇਡਨ ਦੀ ਟੀਮ ਨੇ ਉਸ ਵੇਲੇ ਦਲੀਲ ਦਿੱਤੀ ਸੀ ਕਿ ਇਹ ਰੂਸ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਤਿਆਰ ਕੀਤੀ ਗਈ ਇੱਕ ਮੁਹਿੰਮ ਸੀ, ਪਰ ਲੈਪਟਾਪ ਦੀ ਹਾਰਡ ਡਰਾਈਵ ਨੂੰ ਅਮਰੀਕੀ ਮੀਡੀਆ ਵੱਲੋਂ ਪ੍ਰਮਾਣਿਤ ਕੀਤਾ ਗਿਆ ਅਤੇ ਹੁਣ ਉਹ ਐੱਫ.ਬੀ.ਆਈ. ਦੇ ਕੋਲ ਹੈ। ਇਸ ਦੇ ਕੰਟੈਂਟ ਦੇ ਵਿਸ਼ਲੇਸ਼ਣ ਨੇ ਹੰਟਰ ਦੀ ਚੀਨ ਅਤੇ ਯੁਕਰੇਨ ਵਿੱਚ ਕੰਮਾਂ ਤੋਂ ਵੱਡੀ ਕਮਾਈ ਦੇ ਸਬੂਤ ਦਿੱਤੇ ਹਨ ਅਤੇ ਉਸ ਦੀ ਸ਼ਰਾਬ ਅਤੇ ਡਰੱਗਜ਼ ਲੈਣ ਦੇ ਵੀ ਸਬੂਤ ਦਿੱਤੇ ਹਨ।
ਜਿਵੇਂ ਜਿਵੇਂ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਮੁੜ-ਚੋਣ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਦੇ ਬੇਟੇ ਦਾ ਕਾਨੂੰਨੀ ਡਰਾਮਾ, ਕਾਰੋਬਾਰੀ ਹਿੱਤ ਅਤੇ ਨਿੱਜੀ ਹਲਚਲ ਭਰੀ ਜ਼ਿੰਦਗੀ ਅਣਚਾਹੀ ਭਟਕਣਾ ਪੈਦਾ ਕਰ ਰਹੀ ਹੈ।

Leave a Reply

Your email address will not be published. Required fields are marked *