ਪਰਮਜੀਤ ਢੀਂਗਰਾ
ਫੋਨ: +91-9417358120
ਪੰਜਾਬੀ ਕੋਸ਼ ਅਨੁਸਾਰ ਹਿੰਦੀ, ਗੁਜਰਾਤੀ, ਬੰਗਾਲੀ, ਅਸਾਮੀ ਵਿੱਚ ਬਾਬੂ ਸ਼ਬਦ ਵਰਤਿਆ ਜਾਂਦਾ ਹੈ, ਜਦ ਕਿ ਕੰਨੜ ਵਿੱਚ– ਬਬ। ਇਹ ਇੱਕ ਆਦਰ ਸੂਚਕ ਸ਼ਬਦ ਹੈ। ਕਲਰਕ, ਮੁਨਸ਼ੀ, ਦਫਤਰ ਦਾ ਕਰਮਚਾਰੀ, ਪਿਓ, ਪਿਤਾ, ਬੱਚਾ, ਮਿੱਤਰ, ਭਾਈ, ਘਰ ਦਾ ਮਾਲਕ (ਮੰਗਤਿਆਂ ਦੀ ਬੋਲੀ ਵਿਚ); ਬਾਬੂਆਣੀ- ਬਾਬੂ ਦੀ ਵਹੁਟੀ, ਬਾਬੂਗਿਰੀ-ਬਾਬੂ ਦਾ ਕੰਮ, ਮੁਨਸ਼ੀਪੁਣਾ, ਕਲਰਕੀ, ਸ਼ੁਕੀਨੀ। ਪੰਜਾਬੀ ਵਿੱਚ ਬਾਬੂ ਲਈ ਬਾਊ ਜੀ ਆਦਰ ਸੂਚਕ ਵੀ ਪ੍ਰਚਲਤ ਹੈ, ਜੋ ਪਿਤਾ ਲਈ ਵਰਤਿਆ ਜਾਂਦਾ ਹੈ। ਸ. ਨਾਨਕ ਸਿੰਘ ਨਾਵਲਿਸਟ ਹੋਰਾਂ ਨੂੰ ਸਾਰੇ ‘ਬਾਊ ਜੀ’ ਕਹਿੰਦੇ ਸਨ। ਬਾਬੂ ਦਾ ਇੱਕ ਹੋਰ ਅਰਥ ਸਰ ਦੇ ਕਾਨਿਆਂ ਉਪਰਲਾ ਬੁਰਦਾਰ ਸਿੱਟਾ ਵੀ ਕੀਤਾ ਜਾਂਦਾ ਹੈ, ਮਕਈ ਦੇ ਉਪਰਲੇ ਵਾਲ, ਬਾਬੂ ਆਉਣੇ ਜਾਂ ਬਾਬੂ ਨਿਕਲਣੇ ਇਹਦੇ ਨਾਲ ਸੰਬੰਧਤ ਹੈ। ਇਹਦੇ ਲਈ ਬੁੰਬਲ ਸ਼ਬਦ ਵੀ ਵਰਤਿਆ ਜਾਂਦਾ ਹੈ।
ਫ਼ਾਰਸੀ ਵਿੱਚ ਬਾਬੂ ਸ਼ਬਦ ਦੀ ਵਰਤੋਂ ਕਲੰਦਰਾਂ ਦੇ ਮੁਖੀ ਤੇ ਭਾਈ ਲਈ ਵੀ ਕੀਤੀ ਜਾਂਦੀ ਹੈ। ਆਮ ਸ਼ਬਦਾਂ ਵਿੱਚ ਇਹ ਕਲਰਕ ਲਈ ਰੂੜ੍ਹ ਹੋ ਗਿਆ ਹੈ। ਬ੍ਰਿਟਿਸ਼ ਰਾਜ ਵਿੱਚ ਅੰਗਰੇਜ਼ਾਂ ਦਾ ਕੰਮ ਕਾਰ ਚਲਾਉਣ ਲਈ ਬਾਬੂ ਜਾਂ ਕਲਰਕ ਭਰਤੀ ਕੀਤੇ ਜਾਂਦੇ ਸਨ। ਇਹਦੇ ਪਿਛੇ ਉਸ ਕਾਲ ਵਿੱਚ ਨਸਲੀ ਘ੍ਰਿਣਾ ਵੀ ਨਜ਼ਰ ਆਉਂਦੀ ਹੈ। ਬ੍ਰਿਟਿਸ਼ ਰਾਜ ਦੇ ਉਚੇ ਅਹੁਦਿਆਂ ’ਤੇ ਬੈਠੇ ਵਿਅਕਤੀ ਭਾਰਤੀਆਂ ਲਈ ਇਹਦਾ ਸੰਬੋਧਨ ਅਪਮਾਨਜਨਕ ਤਰੀਕੇ ਨਾਲ ਕਰਦੇ ਸਨ। ਉਨ੍ਹਾਂ ਦੀ ਮਾਨਤਾ ਸੀ ਕਿ ਬਾਬੂ ਸ਼ਬਦ ਬਾਂਦਰ ਦੀ ਇੱਕ ਅਫਰੀਕੀ ਨਸਲ ‘ਬੈਬੂਨ’ ਤੋਂ ਨਿਕਲਿਆ ਹੈ, ਜਿਸਦੀ ਵਰਤੋਂ ਭਾਰਤੀਆਂ ਦੀ ਪੜ੍ਹੀ-ਲਿਖੀ ਨੌਕਰੀਪੇਸ਼ਾ ਜਮਾਤ ਲਈ ਕਰਨ ਨਾਲ ਅੰਗਰੇਜ਼ਾਂ ਦੀ ਹਉਮੈ ਸ਼ਾਂਤ ਹੁੰਦੀ ਸੀ ਕਿ ਉਹ ਰਾਜ ਕਰਨ ਵਾਲੀ ਸ਼੍ਰੇਣੀ ਹਨ। ਚੈਂਬਰਜ਼ ਦੇ ਵਿਓਤਪਤੀ ਕੋਸ਼ ਵਿੱਚ ਬੈਬੂਨ ਨੂੰ ਇੱਕ ਵੱਡੇ ਬਾਂਦਰ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਇਹ ਵੀ ਓਲਡ ਫਰੈਂਚ ਦੇ ਬਅਬੋੁਨਿ ਬਅਬੋੋਨ, ਾੋੋਲ ਦੇ ਅਰਥਾਂ ਵਿੱਚ ਆਇਆ ਹੈ। ਇਹ ਓਲਡ ਫਰੈਂਚ ਦੇ ਭਅਬਨਿੲ-ਲਪਿ ਅਤੇ ਬਅਬਲਿਲੲਰ-ਬਅਬਬਲੲ ਤੋਂ ਆਇਆ ਹੈ। ਹਾਲਾਂਕਿ ਬੈਬੂਨ ਤੋਂ ਇਸ ਸ਼ਬਦ ਦੀ ਵਿਓਤਪਤੀ ਦਾ ਪੁਖਤਾ ਪ੍ਰਮਾਣ ਨਹੀਂ ਮਿਲਦਾ। ਅਸਲ ਵਿੱਚ ਭਾਰਤੀ ਕਲਰਕਾਂ, ਪੜ੍ਹੇ-ਲਿਖੇ ਲੋਕਾਂ ਨੂੰ ਬਾਬੂ ਕਹਿਣ ਦਾ ਸਿਲਸਿਲਾ ਹਿੰਦੋਸਤਾਨੀਆਂ ਦੇ ਅੰਗਰੇਜ਼ਦਾਂ ਬਣਨ ਨਾਲ ਜੁੜਿਆ ਹੋਇਆ ਹੈ। ਕਰੀਬ ਡੇੜ ਸੌ ਵਰ੍ਹੇ ਪਹਿਲਾਂ ਅੰਗਰੇਜ਼ੀ ਪੜ੍ਹੇ-ਲਿਖੇ ਭਾਰਤੀਆਂ ਦਾ ਦਰਜਾ ਅਚਾਨਕ ਸਮਾਜ ਵਿੱਚ ਉੱਚਾ ਹੋ ਗਿਆ, ਕਿਉਂਕਿ ਉਹ ਆਪਣੇ ’ਤੇ ਰਾਜ ਕਰਨ ਵਾਲੇ ਬਦੇਸ਼ੀਆਂ ਦੀ ਭਾਸ਼ਾ ਸਿੱਖ ਗਏ ਸਨ। ਉਹ ਉਨ੍ਹਾਂ ਲਾਟ ਸਾਹਿਬਾਂ ਵਿੱਚ ਅੰਗਰੇਜ਼ੀ ਭਾਸ਼ਾ ਕਰਕੇ ਬਹਿਣ ਦੇ ਕਾਬਲ ਹੋ ਗਏ ਸਨ।
ਮੈਕਾਲੇ ਨੇ ਜਦੋਂ ਪੂਰੇ ਹਿੰਦੋਸਤਾਨ ਵਿੱਚ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਨੂੰ ਬਣਾਉਣ ਦਾ ਫੈਸਲਾ ਕੀਤਾ ਤਾਂ ਇਸ ਪਿਛੇ ਉਹਦਾ ਇੱਕ ਮੰਤਵ ਭਾਰਤੀ ਕਲਰਕ ਅਥਵਾ ਬਾਬੂ ਪੈਦਾ ਕਰਨੇ ਵੀ ਸੀ ਤਾਂ ਜੋ ਅੰਗਰੇਜ਼ਾਂ ਨੂੰ ਟਿਕੇ ਰਹਿਣ ਲਈ ਵਧ ਤੋਂ ਵਧ ਮੋਹਲਤ ਮਿਲ ਸਕੇ। ਉਨ੍ਹਾਂ ਵਿੱਚ ਇਸ ਭਾਸ਼ਾ ਰਾਹੀਂ ਅੰਗਰੇਜ਼ੀ ਭਗਤੀ ਦਾ ਜਜ਼ਬਾ ਵੀ ਕੁੱਟ ਕੁੱਟ ਕੇ ਭਰਿਆ ਜਾਂਦਾ ਸੀ। ਇਹ ਵੀ ਦਿਲਚਸਪ ਗੱਲ ਹੈ ਕਿ ਸ਼ਾਇਦ ਹੀ ਕੋਈ ਪੜ੍ਹਿਆ-ਲਿਖਿਆ ਭਾਰਤੀ ਬੈਬੂਨ ਦੇ ਅਰਥ ਜਾਣਦਾ ਹੋਵੇ। ਜੇ ਬਾਬੂ ਦਾ ਮੂਲ ਅਫਰੀਕੀ ਬੈਬੂਨ ਹੈ ਤਾਂ ਇਹ ਅਸਲ ਵਿੱਚ ਭਾਰਤੀ ਕਲਰਕਾਂ ਨੂੰ ਨੀਵਾਂ ਦਿਖਾਉਣ ਦੀ ਇੱਕ ਵਿਧੀ ਹੀ ਹੋ ਸਕਦਾ ਹੈ। ਮੂਲ ਰੂਪ ਵਿੱਚ ਬਾਬੂ ਭਾਰਤੀ ਸ਼ਬਦ ਹੈ, ਜੋ ਪਿਤਾ ਅਥਵਾ ਪਾਲਣਹਾਰੇ ਦੇ ਰੂਪ ਵਿੱਚ ਵਿਕਸਤ ਹੋਇਆ ਹੈ। ਪਿਤਾ ਰਖਿਅਕ ਵੀ ਹੈ, ਪਾਲਕ ਵੀ ਤੇ ਜਨਮਦਾਤਾ ਵੀ। ਵਲੀ, ਮੌਲਾ, ਪੀਰ, ਮੁਰਸ਼ਦ, ਰਿਸ਼ੀ ਸ਼ਬਦ ਇਸੇ ਵਰਗ ਵਿੱਚ ਆਉਂਦੇ ਹਨ।
ਭਰੋਪੀ ਭਾਸ਼ਾ ਦੀਆਂ ‘ਪ’ ਅਤੇ ‘ਪਾ’ ਧੁਨੀਆਂ ਵਿੱਚ ਪਾਲਣਹਾਰੇ, ਰਖਿਅਕ, ਅਗਵਾਈ ਕਰਨ ਵਾਲੇ ਦੇ ਭਾਵ ਹਨ। ਇਸਦਾ ਇੱਕ ਅਰਥ ਹਵਾ ਜਾਂ ਵਾਯੂ ਵੀ ਕੀਤਾ ਜਾਂਦਾ ਹੈ। ਵਾਯੂ ਵਿੱਚ ਲੈ ਜਾਣ, ਰਾਹ ਦਿਖਾਉਣ, ਦਿਸ਼ਾ ਬੋਧ ਦਾ ਭਾਵ ਹੈ। ‘ਪ’ ਦਾ ਅਗਲਾ ਪੜਾਅ ‘ਫ’ ਅਤੇ ‘ਬ’ ਹੈ। ਪਿਤਰ ਤੋਂ ਬਣਿਆ ਪਿਤਾ, ਪਾਲਕ ਅੰਗਰੇਜ਼ੀ ਵਿੱਚ ਫਾਦਰ, ਪਾਦਰੀ। ਸਪੈਨਿਸ਼-ਪੁਰਤਗਾਲੀ ਵਿੱਚ ਪੈਡਰੋ ਤੇ ਫ਼ਾਰਸੀ ਵਿੱਚ ਪੀਰ ਅਜਿਹੇ ਭਾਵਾਂ ਵਾਲੇ ਸ਼ਬਦ ਹਨ ਜੋ ਪ੍ਰਮੁਖ, ਮੁਖੀ, ਸਵਾਮੀ, ਨਰੇਸ਼, ਗੁਰੂ, ਪਾਲਕ, ਮਾਰਗਦਰਸ਼ਕ ਦਾ ਭਾਵ ਰੱਖਦੇ ਹਨ। ਅੰਗਰੇਜ਼ੀ ਪੋਪ ਤੇ ਪਾਪਾ ਸਾਰਿਆਂ ਵਿੱਚ ‘ਪ’ ਧੁਨੀ ਹੈ। ਕੁਝ ਹੋਰ ਸ਼ਬਦਾਂ ਵਿੱਚ ਵੀ ਇਹ ਧੁਨੀ ਚਮਕਦੀ ਹੈ- ਬਾਪ, ਅੱਪਾ, ਅੱਬਾ, ਬਾਬਾ, ਬਾਬੂ, ਬਾਊ, ਬਾਬਲ, ਬੱਬਾ, ਬੱਪਾ, ਬਾਪੂ ਆਦ ਵਿੱਚ ਸੰਸਕ੍ਰਿਤ ਦੀ ‘ਬਪੑ’ ਧਾਤੂ ਤੋਂ ਇਹਦਾ ਨਿਕਾਸ ਮੰਨਿਆ ਜਾਂਦਾ ਹੈ। ‘ਬਪੑ’ ਦਾ ਅਰਥ ਹੈ– ਬੀਜਨਾ, ਪੌਦਾ ਲਾਉਣਾ ਆਦਿ। ਸੰਸਕ੍ਰਿਤ ਵਿੱਚ ਬੀਜਪਨ ਦਾ ਅਰਥ ਹੈ– ਬੀਜਨਾ। ਇਹ ਸਾਰੇ ਸੁਰੱਖਿਆ, ਪਾਲਣ ਅਤੇ ਦੇਖ-ਰੇਖ ਨਾਲ ਜੁੜੇ ਕਰਮ ਹਨ। ‘ਬਪੑ’ ਅਤੇ ‘ਬਾਪ’ ਵਿੱਚ ਸਮਾਨਤਾ ਨਜ਼ਰ ਆਉਂਦੀ ਹੈ। ਦੋਵੇਂ ‘ਵ+ਪ’ ਤੋਂ ਮਿਲ ਕੇ ਬਣੇ ਹਨ। ‘ਵ’ ਵਿੱਚ ਮੁਖ ਅਰਥ ਵਾਯੂ ਦਾ ਹੈ, /ਵਪ੍ਰ:/ ਸ਼ਬਦ ਦਾ ਇੱਕ ਅਰਥ ਖੇਤ ਤੇ ਦੂਸਰਾ ਪਿਤਾ ਹੈ।
ਸ਼ਬਦਸਾਗਰ ਵਿੱਚ ਵਾਪਕ ਦਾ ਅਰਥ ਹੀ ਬੀਜ ਬੀਜਣ ਵਾਲਾ ਹੈ; ‘ਵਪਤਾ’ ਦਾ ਅਰਥ ਹੈ– ਜਨਮਦਾਤਾ। ‘ਵਾਪਰ > ਵਾਪਕ > ਵਪਤਾ > ਬਾਪ’ ਦੀ ਕੜੀ ਵਿੱਚ ਇਹਦਾ ਰੂਪਾਂਤਰ ਹੁੰਦਾ ਹੈ। ਇਹਦੇ ਬਾਰੇ ਬੱਪਾ, ਬਾਪੂ, ਬਾਬਲ, ਬਾਬਾ, ਬੱਬਾ ਸ਼ਬਦ ਵੀ ਵੱਖ-ਵੱਖ ਬੋਲੀਆਂ ਵਿੱਚ ਪ੍ਰਚਲਤ ਹਨ। ਵਪਰ ਤੋਂ ਉਤਪੰਨ ਬਾਪ ਤੋਂ ਬਾਬਾ ਤੇ ਬਾਪੂ ਦੇ ਰੂਪਾਂਤਰ ਵਿੱਚੋਂ ਹੀ ਬਾਬੂ ਦਾ ਜਨਮ ਹੋਇਆ ਹੈ। ਅੰਗਰੇਜ਼ੀ ਰਾਜ ਵਿੱਚ ਭਾਰਤੀ ਨੌਕਰੀ ਪੇਸ਼ਾ ਲਈ ਬਬੂਨ ਤੋਂ ਬਾਬੂ ਸ਼ਬਦ ਕਲਕੱਤੇ ਦੇ ਉਨ੍ਹਾਂ ਕਰਿਆਨੇ ਵਾਲਿਆਂ ਲਈ ਪ੍ਰਚਲਤ ਹੋਇਆ, ਜੋ ਮੂਲ ਰੂਪ ਵਿੱਚ ਕੰਪਨੀ ਰਾਜ ਦੇ ਦੌਰ ਵਿੱਚ ਬ੍ਰਿਟਿਸ਼ ਵਪਾਰੀਆਂ ਤੇ ਭਾਰਤੀ ਏਜੰਟਾਂ ਦਾ ਹਿਸਾਬ-ਕਿਤਾਬ ਰੱਖਦੇ ਸਨ। ਬਾਬੂ ਸ਼ਬਦ ਕਬੀਰ ਬਾਣੀ ਵਿੱਚ ਵੀ ਮਿਲਦਾ ਹੈ। ਜਾਨ ਪਲੈਸਟ (1888) ਨੇ ਵੀ ਆਪਣੇ ਕੋਸ਼ ਵਿੱਚ ਬਾਬੂ ਦੀ ਵਿਓਤਪਤੀ ਵਪਰ ਤੋਂ ਹੀ ਹੋਈ ਮੰਨੀ ਹੈ। ਉਹਨੇ ਇਹਦੇ ਅਰਥ ਪ੍ਰਭਾਵਸ਼ਾਲੀ, ਵੱਡਾ ਆਦਮੀ, ਰਾਜ ਪੁਰਸ਼, ਬਜ਼ੁਰਗ ਕੀਤੇ ਹਨ। ਬੰਗਾਲ ਵਿੱਚ ਇਹ ਸ਼ਬਦ ਭੱਦਰ ਪੁਰਸ਼ਾਂ ਲਈ ਵਰਤਿਆ ਜਾਂਦਾ ਸੀ। ਇਸ ਤਰ੍ਹਾਂ ਸਪਸ਼ਟ ਹੈ ਕਿ ਬਾਬੂਨ ਨਾਲ ਇਹਦੀ ਸਕੀਰੀ ਨਹੀਂ ਸਗੋਂ ਬਾਪ ਨਾਲ ਹੈ। ਇਹ ਸ਼ਬਦ ਉਚਤਾ ਦਾ ਧਾਰਨੀ ਸੀ, ਪਰ ਬ੍ਰਿਟਿਸ਼ ਕਾਲ ਵਿੱਚ ਇਹ ਹੀਣ ਜਾਂ ਦੁਜੈਲੇ ਅਰਥਾਂ ਦੀ ਮਾਨਸਿਕਤਾ ਵਿੱਚ ਬਦਲ ਗਿਆ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਇਹਨੂੰ ਭਲੇ ਮਾਨਸ ਦੇ ਰੂਪ ਵਿੱਚ ਵਰਤਿਆ ਹੈ। ‘ਬਾਬੂ ਐਸਾ ਸੰਸਾਰ ਤੁਮ੍ਹਾਰਾ ਯੇ ਕਲਿ ਹੈ ਵਿਵਹਾਰਾ॥ ਕੋ ਅਬ ਅਣਖ ਸਹੈ ਪ੍ਰਤਿਦਿਨ ਕੋ ਨਾਹਿਨ ਰਹਿਨਿ ਹਮਾਰਾ॥’ ਇਸ ਤਰ੍ਹਾਂ ਇਸ ਸ਼ਬਦ ਦੇ ਅਰਥਾਂ ਵਿੱਚ ਲੰਮਾ ਇਤਿਹਾਸ ਪਿਆ ਹੈ, ਜੋ ਅਰਥਾਂ ਦੀ ਮਾਨਸਿਕਤਾ ਵਿੱਚ ਪ੍ਰਗਟ ਹੁੰਦਾ ਹੈ।
—————————
‘ਬਾਬੂ’ ਭਾਰਤੀ ਉਪ-ਮਹਾਂਦੀਪ ਵਿੱਚ ਸ਼ਾਸਕਾਂ ਅਤੇ ਸਰਦਾਰਾਂ ਦੁਆਰਾ ਵਰਤੀ ਜਾਂਦੀ ਰਾਇਲਟੀ ਅਤੇ ਰਈਸ ਦਾ ਇੱਕ ਇਤਿਹਾਸਕ ਸਿਰਲੇਖ ਹੈ। ਇਹ ਕਿਸੇ ਖੇਤਰ ਦੇ ਡਿਊਕ (ਰਾਜਕੁਮਾਰ ਜਾਂ ਮੁਖੀ) ਵਰਗੇ ਯੂਰਪੀਅਨ ਸਿਰਲੇਖਾਂ ਦੇ ਸਮਾਨ ਹੈ। ਮਿਸ਼ਰਿਤ ਸਿਰਲੇਖਾਂ ਵਿੱਚ ‘ਬਾਬੂ ਸਾਹਿਬ’ ਅਤੇ ‘ਬਾਬੂ ਜੀ’ ਸ਼ਾਮਲ ਹਨ।
ਬ੍ਰਿਟਿਸ਼ ਭਾਰਤ ਵਿੱਚ ‘ਬਾਬੂ’ ਅਕਸਰ ਇੱਕ ਮੂਲ ਭਾਰਤੀ ਕਲਰਕ ਨੂੰ ਕਿਹਾ ਜਾਂਦਾ ਸੀ। ਇਹ ਸ਼ਬਦ ਅਸਲ ਵਿੱਚ ਇੱਕ ਉਚਿਤ ਨਾਮ ਨਾਲ ਜੁੜੇ ਸਤਿਕਾਰ ਦੇ ਸ਼ਬਦ ਵਜੋਂ ਵਰਤਿਆ ਗਿਆ ਸੀ, ‘ਮਿਸਟਰ’ ਦੇ ਬਰਾਬਰ ਅਤੇ ‘ਬਾਬੂ ਜੀ’ ਨੂੰ ‘ਸਰ’ ਮਤਲਬ ਇੱਕ ਸੱਜਣ ਦੇ ਸੰਬੋਧਨ ਵਜੋਂ ਵਰਤਿਆ ਗਿਆ ਸੀ; ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ‘ਬਾਬੂ ਸੱਭਿਆਚਾਰ’ ਵੀ ਕਿਹਾ ਜਾਂਦਾ ਸੀ, ਅਕਸਰ ਹਾਸੇ ਵਿੱਚ ‘ਬਾਬੂਵਾਦ’ ਵਜੋਂ ਵੀ ਅਪੀਲ ਕੀਤੀ ਜਾਂਦੀ ਸੀ।
ਬਰਤਾਨਵੀ ਅਧਿਕਾਰੀਆਂ ਨੇ ਬਾਬੂਆਂ ਨਾਲ ਉਨ੍ਹਾਂ ਮਜ਼ਦੂਰਾਂ ਵਾਂਗ ਵਿਹਾਰ ਕੀਤਾ, ਜਿਨ੍ਹਾਂ ਦੇ ਭਾਰਤੀ ਅਤੇ ਬ੍ਰਿਟਿਸ਼ ਦੋਵੇਂ ਸਬੰਧ ਸਨ। 20ਵੀਂ ਸਦੀ ਦੇ ਮੱਧ ਤੋਂ ‘ਬਾਬੂ’ ਸ਼ਬਦ ਨੂੰ ਅਕਸਰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਦੇ ਨੌਕਰਸ਼ਾਹਾਂ ਅਤੇ ਹੋਰ ਸਰਕਾਰੀ ਅਧਿਕਾਰੀਆਂ, ਖਾਸ ਕਰਕੇ ਭਾਰਤੀ ਮੀਡੀਆ ਦੁਆਰਾ ਨਿੰਦਣਯੋਗ ਢੰਗ ਨਾਲ ਵਰਤਿਆ ਜਾਂਦਾ ਰਿਹਾ ਹੈ, ਜਦੋਂ ਕਿ ਭਾਰਤੀ ਨੌਕਰਸ਼ਾਹੀ ਨੂੰ ‘ਬਾਬੂਡੋਮ’ ਕਿਹਾ ਜਾਂਦਾ ਹੈ, ਜਿਵੇਂ ਕਿ ‘ਬਾਬੂਆਂ ਦੇ ਰਾਜ’ ਵਿੱਚ।