ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਫੋਨ: +91-9878111445
ਕਿਸੇ ਦੀ ਮਾਂ-ਬੋਲੀ ਨੂੰ ਉਸ ਤੋਂ ਦੂਰ ਕਰ ਦੇਣਾ ਵੱਡਾ ਗੁਨਾਹ ਹੈ। ਬੋਲੀ ਦੇ ਸਿਰ ਉੱਤੇ ਹੀ ਕੌਮ ਦਾ ਵਿਕਾਸ ਖੜ੍ਹਾ ਹੁੰਦਾ ਹੈ। ਪੰਜਾਬੀਆਂ ਦੇ ਸਮਾਜ ਦੀ ਚੇਤਨਾ ਤੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਪੰਜਾਬੀ ਮਾਂ-ਬੋਲੀ ਦੀ ਬੁੱਕਲ ਵਿੱਚ ਹਨ। ਇਸ ਜਰੀਏ ਪੰਜਾਬੀਆਂ ਨੂੰ ਹੁਲਾਰਾ, ਹੁੰਗਾਰਾ ਅਤੇ ਸਰਬਪੱਖੀ ਉਤਸ਼ਾਹ ਮਿਲਦਾ ਹੈ। ਉਂਝ 1952 ਵਿੱਚ ਪੰਜਾਬ ਵਿੱਚ ਮਰਦਮਸ਼ੁਮਾਰੀ ਵੇਲੇ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਉਣ ਵਿੱਚ ਹੀ ਅਸੀਂ ਬੌਂਦਲ ਗਏ ਸਾਂ।
ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਦਮ ਚੁੱਕੇ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੰਜਾਬੀ ਬੋਲੀ ਦਾ ਪਹਿਰੇਦਾਰ ਬਣਨ ਲਈ ਸਿਹਰਾ ਨਹੀਂ ਲਿਆ; ਕਾਰਨ ਇਹ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਲਾਗੂ ਕਰਨ ਲਈ ਸਖਤੀ ਅਤੇ ਸ਼ਖਤ ਸਜ਼ਾ ਦਾ ਪ੍ਰਬੰਧ ਨਹੀਂ ਹੈ। ਇਸੇ ਕਰਕੇ ਪੰਜਾਬ ਬੋਲੀ ਤੋਂ ਬਾਅਦ ਬਹੁਪਰਤੀ ਸਮੱਸਿਆਵਾਂ ਵਿੱਚ ਘਿਰਦਾ ਗਿਆ। ਪਿਛੋਕੜ `ਤੇ ਝਾਤ ਮਾਰੀਏ ਤਾਂ ਦਾਨਿਸ਼ਵੰਦਾਂ ਦੇ ਕਥਨ ਅਨੁਸਾਰ, “ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ, ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ।” ਜਦੋਂ ਡਾਲੀ ਨਾਲੋਂ ਟੁੱਟ ਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ ਦੁੱਖਾਂ ਨੇ ਪੰਜਾਬ ਨੂੰ ਘੇਰ ਕੇ ਮੁਰਝਾਉਣ ਦੀ ਕੋਸ਼ਿਸ ਕੀਤੀ ਹੈ। ਸਾਰੇ ਮੁੱਦਿਆਂ ਤੋਂ ਅੱਜ ਪੰਜਾਬ ਦੀ ਨਸਲ, ਬਾਂਝਪਣ, ਨਾਮਰਦੀ ਅਤੇ ਟੈਸਟ ਟਿਊਬ ਸੈਂਟਰਾਂ ਦਾ ਮੁੱਦਾ ਸਭ ਤੋਂ ਉਪਰ ਹੋ ਗਿਆ ਹੈ।
ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿਕ ਰਚਨਾ ਰਾਹੀ ਨਕਸ਼ਾ ਪੇਸ਼ ਕੀਤਾ ਸੀ, “ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦੀ।”, “ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਨੀ ਸਈਓ।” ਇਸੇ ਤਰਜ਼ `ਤੇ ਦੇਖਿਆ ਜਾਵੇ ਤਾਂ ਪੰਜਾਬ ਸਿਰ ਦੁੱਖਾਂ ਦਾ ਕਾਰਵਾਂ ਵਧਦਾ ਗਿਆ। ਸਪਤ ਸਿੰਧੂ ਤੋਂ ਅੱਜ ਤੱਕ ਇਤਿਹਾਸਕ ਝਰੋਖੇ ਵਿੱਚੋਂ ਪੰਜਾਬ ਨੂੰ ਦੇਖਿਆ ਜਾਵੇ ਤਾਂ ਤਰ੍ਹਾਂ-ਤਰ੍ਹਾਂ ਦੇ ਦੁੱਖ ਹੰਢਾਅ ਕੇ ਫਿਰ ਵੀ ਖੁਸ਼ਹਾਲ ਰਿਹਾ। ਸਾਜ਼ਿਸੀ ਅਤੇ ਬਦਕਿਸਮਤੀ ਵਾਲਾ ਵਰਤਾਰਾ ਨਾਲ ਦੀ ਨਾਲ ਚੱਲਦਾ ਰਿਹਾ, ਪਰ ਆਪਣੇ ਸੁਭਾਅ ਅਤੇ ਆਦਤ ਸਦਕੇ ਦੁੱਖਾਂ ਦਾ ਪਹਾੜ ਢਾਹੁੰਦਾ ਰਿਹਾ।
ਬੋਲੀ ਤੋਂ ਬਾਅਦ ਪੰਜਾਬ ਨੂੰ ਹਰੀਕ੍ਰਾਂਤੀ ਰਾਹੀਂ ਉਤਸ਼ਾਹਿਤ ਕੀਤਾ ਗਿਆ। ਇਸ ਨਾਲ ਪੰਜਾਬ ਵੱਲੋਂ ਕੇਂਦਰੀ ਪੂਲ ਵਿੱਚ ਵੱਡਾ ਹਿੱਸਾ ਅਨਾਜ ਦਾ ਭੇਜਿਆ ਗਿਆ। ਪੰਜਾਬ ਵਿੱਚ ਝੋਨੇ ਨੂੰ ਉਤਸ਼ਾਹਿਤ ਕੀਤਾ ਗਿਆ, ਜਦੋਂ ਕਿ ਇਹ ਪੰਜਾਬ ਦੀ ਵਿਰਾਸਤੀ ਅਤੇ ਜੱਦੀ ਫਸਲ ਨਹੀਂ ਸੀ। ਇਸ ਵਰਤਾਰੇ ਨੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਲੱਖਾਂ ਮਣ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਰਾਹੀਂ ਬਰਬਾਦ ਕੀਤਾ ਗਿਆ। ਇਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਹਮੇਸ਼ਾ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸ ਦੇ ਮਾੜੇ ਪ੍ਰਭਾਵ ਵੀ ਦੇਖੇ ਜਾਂਦੇ ਹਨ। ਹਰੀ ਕ੍ਰਾਂਤੀ ਗੁਲਾਮੀ ਦਾ ਝੁੱਲ ਲਾਹੁਣ ਤੋਂ ਬਾਅਦ ਜਰੂਰੀ ਤਾਂ ਸੀ, ਪਰ ਇਸ ਦੇ ਭਵਿਖਮੁੱਖੀ ਨਾਂਹ-ਪੱਖੀ ਪ੍ਰਭਾਵ ਦੇਖੇ ਹੀ ਨਹੀਂ ਗਏ। ਇਸ ਲਈ ਪੰਜਾਬ ਦੀ ਜਰਖੇਜ਼ ਜ਼ਮੀਨ, ਪੰਜਾਬ ਦਾ ਸੁਗੰਧਮਈ ਵਾਤਾਵਰਨ ਅਤੇ ਪੰਜਾਬੀਆਂ ਦੀ ਸਿਹਤ ਨਾਲ ਜੋ ਧੋਖਾ ਹੋਇਆ ਹੈ, ਉਸ ਨੇ ਪੰਜਾਬੀਅਤ ਨੂੰ ਧੋਖਾ ਝੱਲਣ ਲਈ ਮਜਬੂਰ ਕੀਤਾ ਹੈ। ਝੋਨੇ ਅਤੇ ਖਾਦਾਂ, ਦਵਾਈਆਂ ਕਰਕੇ ਪਾਣੀ ਦਾ ਪੱਧਰ ਬਹੁਤ ਨੀਵਾਂ ਤੇ ਬਹੁਤ ਦੂਸ਼ਿਤ ਹੋ ਚੁੱਕਾ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਉਤਪੰਨ ਹੋ ਰਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਵੀ ਪੰਜਾਬ ਸਮੱਰਥ ਨਹੀਂ ਰਿਹਾ।
ਬੇਰੁਜ਼ਗਾਰੀ ਦੇ ਆਲਮ ਨੇ ਪੰਜਾਬ ਨੂੰ ਹਾਸ਼ੀਆਗਤ ਕੀਤਾ, ਇਸ ਵਿੱਚੋਂ ਦੋ ਰੋਗ ਨਸ਼ਾ ਅਤੇ ਪਰਵਾਸ ਪੈਂਦਾ ਹੋਏ। ਨਸ਼ੇ ਦੇ ਆਲਮ ਨੇ ਪੰਜਾਬ ਨੂੰ ‘ਉੜਦਾ ਪੰਜਾਬ’ ਬਣਾਇਆ। ਇਸ ਪਿੱਛੇ ਪੰਜਾਬੀ ਸੱਥਾਂ ਵਿੱਚ ਵੱਡੀ ਪਲਾਨਿੰਗ ਵਿਚਾਰੀ ਜਾਂਦੀ ਹੈ। ਜਿਸ ਤਰੀਕੇ ਨਾਲ ਨਸ਼ੇ ਦਾ ਕਹਿਰ ਪੰਜਾਬ ਵਿੱਚ ਭਾਰੂ ਰਿਹਾ/ਹੈ, ਉਸ ਤੋਂ ਮਾਪੇ ਘਬਰਾ ਕੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਹੀ ਜ਼ਿੰਦਗੀ ਦਾ ਮਕਸਦ ਸਮਝਣ ਲੱਗੇ। ਬੇਰੁਜ਼ਗਾਰੀ ਅਤੇ ਨਸ਼ੇ ਦੇ ਝੰਬੇ ਪੰਜਾਬ ਨੇ ਪਰਵਾਸ ਦਾ ਰੁੱਖ ਅਖਤਿਆਰ ਕੀਤਾ। ਇਸ ਨਾਲ ਪੰਜਾਬੀ ਜਵਾਨੀ ਦੀ ਬੁੱਧੀ ਅਤੇ ਪੈਸਾ ਬਾਹਰਲੇ ਮੁਲਕਾਂ ਵਿੱਚ ਚਲਾ ਗਿਆ; ਜੋ ਲਗਾਤਾਰ ਜਾਰੀ ਹੈ। ਇਸ ਸਮੱਸਿਆ ਨੇ ਪਿੱਛੇ ਰਹਿ ਰਹੇ ਬਜ਼ੁਰਗਾਂ ਲਈ ਇਕੱਲ ਦਾ ਰੋਗ ਪੈਂਦਾ ਕੀਤਾ, ਜਿਸ ਨਾਲ ਉਨ੍ਹਾਂ ਦਾ ਬੁਢਾਪਾ ਸਰਾਪਿਆ ਗਿਆ। ਬੱਚੇ ਵਿਦੇਸ਼ ਵਿੱਚ ਅਤੇ ਮਾਪੇ ਪੰਜਾਬ ਵਿੱਚ ਝੂਰਦੇ ਹਨ। ਆਪਣੇ ਦਿਲ ਦੇ ਪੱਥਰ ਧਰਨ ਲਈ ਇਸ ਗੱਲ ਦਾ ਸਹਾਰਾ ਲੈ ਲੈਂਦੇ ਹਨ ਕਿ ਚਲੋ ਇੱਥੋਂ ਤਾਂ ਚੰਗੇ ਹੀ ਹਨ। ਜਿਹੜੇ ਪੰਜਾਬ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਨਸ਼ਾ, ਬੇਰੁਜ਼ਗਾਰੀ ਅਤੇ ਸਿਹਤ ਦਾ ਭੂਤ ਹਰ ਪਲ ਸਤਾ ਰਿਹਾ ਹੈ। ਸਰਕਾਰੀ ਉਪਰਾਲੇ ਵੀ ਜਾਰੀ ਹਨ, ਪਰ ਬੇਵਸੀ ਦਾ ਆਲਮ ਚਾਰੇ ਪਾਸੇ ਫੈਲਿਆ ਹੋਇਆ ਹੈ। ਇਸ ਸਾਰੇ ਦਾ ਨਿਚੋੜ ਇਹ ਨਿਕਲਦਾ ਹੈ ਕਿ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਿਆ ਹੈ। “ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ।” – ਡਾ. ਸੁਰਜੀਤ ਪਾਤਰ
ਸੰਸਾਰ, ਸੰਤਾਨ, ਉਤਪਤੀ ਅਨੁਸਾਰ ਪੀੜ੍ਹੀ-ਦਰ-ਪੀੜ੍ਹੀ ਦੇ ਪਾੜੇ ਦਾ ਨਿਰੰਤਰ ਵਰਤਾਰਾ ਚੱਲਦਾ ਰਿਹਾ। ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ, ਇਹ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ। ਜੀਵ ਵਿਗਿਆਨਕ ਤੌਰ `ਤੇ ਚਾਰਲਸ ਡਾਰਵਿਨ ਦਾ ਸਿਧਾਂਤ ਵੀ ਉੱਤਪਤੀ `ਤੇ ਆਧਾਰਿਤ ਹੈ। ਪੰਜਾਬ ਅਤੇ ਮੁੱਦਿਆਂ ਤੇ ਚੁਣੌਤੀਆਂ ਦੀ ਹਾਲਤ ਇਹ ਬਣੀ ਹੈ ਕਿ ਕੋਈ ਮਾਵਾਂ ਨੂੰ ਰੋ ਰਿਹਾ, ਕੋਈ ਮਾਸੀਆਂ ਨੂੰ। ਬੇਰੁਜਗਾਰੀ, ਨਸ਼ਾ, ਬੇਇਨਸਾਫੀ, ਖੇਤੀ ਸੰਕਟ ਅਤੇ ਪਰਵਾਸ ਤੋਂ ਇਲਾਵਾ ਅੱਜ ਭਖਦਾ ਮਸਲਾ ਬੇਗਾਨਾ ਵੀਰਜ ਤੇ ਬੇਗਾਨੀ ਕੁੱਖ ਨੇ ਪੰਜਾਬ ਦੀ ਸੱਭਿਅਤਾ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਮਨੁੱਖੀ ਵਿਕਾਸ ਲਈ ਅੱਜ ਸੈਕਸੂਅਲ ਸਿਹਤ ਦੀ ਜਾਣ-ਪਹਿਚਾਣ ਦੀ ਸਖਤ ਜ਼ਰੂਰਤ ਹੈ। ਜਦੋਂ ਕਦੇ ਸੈਕਸੂਅਲ ਸਿਹਤ ਵਿਗੜਦੀ ਹੈ ਤਾਂ ਸਭ ਪਾਸੇ ਰੁਕਾਵਟਾਂ, ਚਿੰਤਾ, ਬੇਚੈਨੀ ਅਤੇ ਅਸੁਰੱਖਿਆ ਵੱਧ ਜਾਂਦੀ ਹੈ। ਸਮਾਜਿਕ ਹਿੰਸਾ ਅਤੇ ਸ਼ੰਕਾ ਸ਼ੁਰੂ ਹੋ ਜਾਂਦੀ ਹੈ।
ਸਵੈਮਾਣ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਪੰਜਾਬ ਅੱਜ ਨਸਲਾਂ ਤੇ ਫਸਲਾਂ ਨੂੰ ਉਜਾੜਨ ਵਾਲੇ ਵਿਰੁੱਧ ਲੜਾਈ ਲੜ ਰਿਹਾ ਹੈ, ਨਾਲ ਦੀ ਨਾਲ ਸੁਚੇਤ ਹੋ ਕੇ ਵੀ ਚੱਲ ਰਿਹਾ ਹੈ। ਇਸ ਪ੍ਰਤੀ ਹਰ ਪੰਜਾਬੀ ਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦੇ ਜੰਮੇ ਨਿੱਤ ਨਵੀਆਂ ਮੁਹਿੰਮਾਂ ਵਿੱਚ ਖੜ੍ਹਦੇ ਸਨ। ਸਰੀਰਿਕ, ਮਰਦਾਨਗੀ ਅਤੇ ਸਮਾਜਿਕ ਪੱਖੋਂ ਤਕੜੇ ਮੁਜੱਸਮੇ ਵਾਲੇ ਹੁੰਦੇ ਸਨ। ਪੰਜਾਬੀ ਮਾਵਾਂ ਦੀ ਕੁੱਖ ਵਿੱਚੋਂ ਦਾਤੇ, ਭਗਤ ਅਤੇ ਸੂਰਮੇ ਜੰਮਦੇ ਸਨ। ਅੰਗਰੇਜ਼ੀ ਕਾਲ ਦੌਰਾਨ ਸਿੱਖ, ਪੰਜਾਬ ਅਤੇ ਜੱਟ ਰੈਜਮੈਂਟਾਂ ਦੀ ਚੜ੍ਹਤ ਅੱਜ ਵੀ ਲੁਕੀ ਛਿਪੀ ਨਹੀਂ ਹੈ। ਅੱਜ ਪੈਦਾ ਹੋ ਰਹੀ ਪੀੜ੍ਹੀ ਬਾਰੇ ਪੜ੍ਹਿਆ-ਸੁਣਿਆ ਅਤੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਸ ਪਿੱਛੇ ਜ਼ਰੂਰ ਕੋਈ ਤਾਣਾ-ਬਾਣਾ ਬੁਣਿਆ ਗਿਆ ਹੈ। ਪਹਿਲੇ ਪੰਜਾਬ ਵਿੱਚ ਹਰ ਜੋੜੇ ਦੇ ਪੰਜ-ਸੱਤ ਬੱਚੇ ਹੁੰਦੇ ਸਨ, ਫਿਰ ਭੇਡ-ਚਾਲ ਨਾਲ ਦੋ ਤੱਕ ਸੀਮਿਤ ਹੋਏ। ਖੁਦ ਸਹੇੜੀਆਂ ਅਲਾਮਤਾਂ, ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ, ਨਸ਼ਾ ਅਤੇ ਜੀਵਨ ਜੀਊਣ ਦੀ ਜਾਂਚ ਨੇ ਗਰਭ ਅਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਅੱਠ ਜੋੜਿਆ ਪਿੱਛੇ ਇੱਕ ਜੋੜੇ ਨੂੰ ਗਰਭ ਧਾਰਨ ਦੀ ਸਮੱਸਿਆ ਆ ਰਹੀ ਹੈ। ਇੱਛੁਕ ਜੋੜੇ ਇੱਕ ਸਾਲ ਤੱਕ ਔਲਾਦ ਪੈਦਾ ਨਾ ਕਰਨ ਤਾਂ ਉਨ੍ਹਾਂ ਨੂੰ ਬੇ-ਔਲਾਦਪਣ ਵੱਲ ਦੇਖਿਆ ਜਾਂਦਾ ਹੈ। ਬੇ-ਔਲਾਦਪਣ ਸਿਰਫ ਔਰਤਾਂ ਦੀ ਸਮੱਸਿਆ ਨਹੀਂ, ਮਰਦਾਂ ਦੀ ਸਮੱਸਿਆ ਵੀ ਹੈ। ਦੋਵੇਂ ਲਿੰਗ 35-35 ਫੀਸਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਮਾਜਿਕ ਸਬੰਧ ਅਣ-ਸੁਖਾਵੇਂ ਬਣ ਰਹੇ ਹਨ। ਕੁਦਰਤੀ ਤੌਰ `ਤੇ ਤੰਦਰੁਸਤ ਜੋੜਿਆ ਨੂੰ ਗਰਭ ਧਾਰਨ ਅਤੇ ਬੱਚੇ ਪੈਦਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਇਸ ਲਈ ਜਵਾਨੀ ਨੂੰ ਇਸ ਬਾਰੇ ਖਾਸ ਸੂਝ ਹੋਣੀ ਚਾਹੀਦੀ ਹੈ। ਔਰਤ ਵਿੱਚ ਅੰਡਾ ਨਾ ਬਣਨਾ, ਵਾਰ-ਵਾਰ ਗਰਭ ਗਿਰਨਾ, ਟਿਊਬਾਂ ਵਿੱਚ ਨੁਕਸ, ਬੱਚੇ ਦਾਨੀ ਵਿੱਚ ਸੋਜ ਆਦਿ ਨੁਕਸ ਹੁੰਦੇ ਹਨ, ਜਦੋਂ ਕਿ ਮਰਦਾਂ ਵਿੱਚ ਸੁਕਰਾਣੂਆਂ ਦੀ ਕਮੀ, ਜਣਨ ਹਾਰਮੋਨ ਦੀ ਕਮੀ ਅਤੇ ਜਣਨ ਕਿਰਿਆ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਹੈ। ਇਸ ਸਭ ਵਰਤਾਰੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਠਦੀਆਂ ਹਨ ਕਿ ਪੰਜਾਬੀਆਂ ਦੀ ਨਸਲ ਖਰਾਬ ਕਰਨ ਦੀ ਸਾਜ਼ਿਸ਼ ਹੈ। ਇਸ ਪਿੱਛੇ ਆਪ ਸਹੇੜੀਆਂ ਕਰਤੂਤਾਂ ਤੋਂ ਅਸੀਂ ਪੱਲਾ ਝਾੜ ਕੇ ਗੇਂਦ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੇ ਹਾਂ।
ਪਿੱਛੇ ਜਿਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸਲਾਂ ਅਤੇ ਫਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਆਵਾਜ਼ ਮਾਰੀ, ਇੱਕ ਵਾਰ ਤਾਂ ਤਹਿਲਕਾ ਮਚ ਗਿਆ ਸੀ, ਪਰ ਹੌਲੀ-ਹੌਲੀ ਮੱਧਮ ਪੈ ਗਿਆ। ਅਕਾਲ ਤਖਤ ਸਾਹਿਬ ਦਾ ਫਰਮਾਨ ਦੁਨਿਆਵੀ ਫੁਰਮਾਨਾਂ ਤੋਂ ਉੱਚਾ ਹੈ, ਇਸ ਲਈ ਇਸ ਸੰਦੇਸ਼ `ਤੇ ਸਦਾ ਬਹਾਰ ਪਹਿਰਾ ਦੇ ਕੇ ਨਸਲ ਬਚਾਈ ਜਾ ਸਕਦੀ ਹੈ। ਸਿੰਘ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਅਣਡਿੱਠਾ ਜ਼ੁਲਮ ਸਾਨੂੰ ਆਪਣੀ ਧਰਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਅੰਕੜਾ ਦਿੱਤਾ ਸੀ ਕਿ ਪੰਜਾਬ ਵਿੱਚ 625 ਟੈਸਟ ਟਿਊਬ ਬੇਬੀ ਸੈਂਟਰ ਖੁੱਲ੍ਹੇ ਹੋਏ ਹਨ। ਉਨ੍ਹਾਂ ਵੱਲੋਂ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਟਿਊਬ ਸੈਂਟਰਾਂ ਵਿੱਚ ਵੀਰਜ ਗੈਰਾਂ ਦਾ ਹੁੰਦਾ ਹੈ, ਜਦੋਂ ਕਿ ਲੜਕੀ ਦੀ ਕੁੱਖ ਪੰਜਾਬੀ ਦੀ ਹੁੰਦੀ ਹੈ। ਸਿੰਘ ਸਾਹਿਬ ਦਾ ਇਹ ਫੁਰਮਾਨ ਇੱਕ ਲੋਕ ਲਹਿਰ ਵਾਂਗ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਸਿਰ ਜੋੜ ਕੇ ਨਸਲ ਖਰਾਬੀ ਦੀ ਬੁਰਾਈ ਦਾ ਮੁਕਾਬਲਾ ਕਰ ਸਕੇ। ਪੰਜਾਬੀਆਂ ਨੂੰ ਇਸ ਚਿੰਤਾ ਦਾ ਨਤੀਜਾ ਅਤੇ ਮੁਕਾਬਲਾ ਦੇਣਾ ਚਾਹੀਦਾ ਹੈ।
ਸਭ ਤੋਂ ਦੁਨਿਆਵੀ ਬੁਰਾਈ ਟੈਸਟ ਟਿਊਬ ਬੇਬੀ ਦੀ ਇਹ ਹੈ ਕਿ ਪੰਜਾਬੀਆਂ ਦੇ ਸਮਾਜਿਕ ਅਤੇ ਸੱਭਿਆਚਾਰ ਨਾਲ ਇਹ ਵਿਸ਼ਾ ਮੇਲ ਨਹੀਂ ਖਾਂਦਾ; ਪਰ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਤਕਨੀਕਾਂ ਨਾਲ ਵਿਆਹ ਵਾਲੇ ਜੋੜਿਆਂ ਦੇ ਸੰਭੋਗ ਤੋਂ ਬਿਨਾ ਲੈਬਾਰਟਰੀ ਦੀ ਮਦਦ ਨਾਲ ਮਾਨਵੀ ਸਪਰਮ ਅਦਾਨ-ਪ੍ਰਦਾਨ ਕਰਕੇ ਮੁਢਲੀ ਪ੍ਰਜਨਣ ਕਿਰਿਆ ਪੂਰੀ ਕੀਤੀ ਜਾਂਦੀ ਹੈ। ਪੰਜਾਬੀਆਂ ਦੇ ਮਨ ਵਿੱਚ ਇਸ ਕਿਰਿਆ ਪ੍ਰਤੀ ਤਰ੍ਹਾਂ-ਤਰ੍ਹਾਂ ਦੇ ਸ਼ੰਕੇ ਅਤੇ ਮਾਨਸਿਕ ਬੋਝ ਰਹਿੰਦਾ ਹੈ। ਵਿਗਿਆਨਿਕ ਸੋਝੀ ਵੀ ਮਾਨਸਿਕਤਾ ਨੂੰ ਮੋੜਾ ਨਹੀਂ ਦੇ ਰਹੀ। ਮੈਡੀਕਲ ਰਿਪੋਰਟ ਅਨੁਸਾਰ ਭਾਰਤ `ਚ ਬਾਂਝਪਣ ਨਾਲ ਜੁੜੇ ਮਾਹਰ ਇਸਤਰੀ ਰੋਗਾਂ ਦੇ ਹੀ ਮਾਹਰ ਹੁੰਦੇ ਹਨ। ਇਸ ਨਾਲ ਸੂਝ ਤੋਂ ਬਿਨਾ ਮਸਲਾ ਹੋਰ ਗੁੰਝਲਦਾਰ ਬਣ ਜਾਂਦਾ ਹੈ। ਖਦਸ਼ਾ ਹੈ ਕਿ ਕਿਰਾਏ ਦੀ ਕੁੱਖ ਦਾ ਕੌੜਾ ਸੱਚ ਵੀ ਮੈਡੀਕਲ ਮਾਹਰ ਅਤੇ ਜਨਤਾ ਜਾਣਦੀ ਹੈ। ਜਨਣ ਅੰਗਾਂ ਉੱਤੇ ਜਹਿਰਾਂ ਦਾ ਇੰਨਾ ਪ੍ਰਭਾਵ ਹੈ ਕਿ ਬਾਲਗ ਅਤੇ ਨਾਬਾਲਗ ਇਸ ਦੀ ਜਕੜ ਵਿੱਚ ਆ ਚੁੱਕੇ ਹਨ। ਪੰਜਾਬੀਆਂ ਦੀ ਸੰਤਾਨ ਉੱਤਪਤੀ ਜੰਮਣ ਸਾਰ ਹੀ ਦਵਾਈਆਂ ਨਾਲ ਲੜਨ ਲੱਗ ਪੈਂਦੀ ਹੈ, ਜਦੋਂ ਕਿ ਪਹਿਲਾ ਖਾਧ ਖੁਰਾਕਾਂ ਨਾਲ ਲੜ ਕੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੀ ਸੀ। ਇੱਕ ਮੋਟੇ ਅੰਦਾਜ਼ੇ ਅਨੁਸਾਰ 5 ਤੋਂ 20 ਜੋੜੇ ਬੇ-ਔਲਾਦੇ ਪਾਏ ਜਾਂਦੇ ਹਨ। ਔਰਤਾਂ 20 ਤੋਂ 25 ਫੀਸਦੀ ਤੱਕ ਗਰਭ ਗਿਰਨ ਅਤੇ ਗਰਭ ਠਹਿਰਨ ਤੋਂ ਪੀੜਤ ਹਨ। ਡਾਕਟਰ ਤੋਂ ਹਾਰਮੋਨ ਦੇ ਟੀਕੇ ਲਗਵਾ ਕੇ ਸੈਕਸ ਲਾਈਫ ਕਮਜ਼ੋਰ ਹੋ ਜਾਂਦੀ ਹੈ। ਪੰਜਾਬ ਵਿੱਚ ਆਮ ਧਾਰਨਾ ਕੰਮ ਕਰਦੀ ਹੈ ਕਿ ਪੋਤੇ ਦੇ ਵੀਰਜ ਸ਼ੁਕਰਾਣੂ ਦਾਦੇ ਨਾਲੋਂ ਅੱਜ ਘੱਟ ਹੁੰਦੇ ਹਨ। ਮਨੁੱਖੀ ਜੀਨਜ਼ ਨਾਲ ਖਿਲਵਾੜ ਅਤੇ ਬਿਗਾੜ ਪੈਦਾ ਹੋ ਚੁੱਕਾ ਹੈ। ਪੰਜਾਬ ਦੀ ਅਣਖ ਨੂੰ ਖੋਰਾ ਵੀ ਲੱਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬੀਆਂ ਦੇ ਜੀਨਸ਼ ਵੱਡੀ ਪੱਧਰ `ਤੇ ਖਰਾਬ ਹੋ ਰਹੇ ਹਨ। ਇਹ ਵੀ ਭਵਿੱਖੀ ਖਤਰੇ ਦੀ ਘੰਟੀ ਹੈ। ਖਿਲਵਾੜ ਹੋਣ ਤੋਂ ਬਾਅਦ ਆਯੂਰਵੈਦਿਕ ਅਤੇ ਤਾਂਤਰਿਕਾਂ ਦੇ ਜਾਲ ਵਿੱਚ ਫਸ ਕੇ ਪੰਜਾਬੀ ਹੋਰ ਵੀ ਨੀਵੇਂਪਣ ਵੱਲ ਜਾ ਰਹੇ ਹਨ। ਟੈਸਟ ਟਿਊਬ ਸੈਂਟਰ ਅਤੇ ਤਕਨੀਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਲੋਕਾਂ ਲਈ ਸਹੂਲਤਾਂ ਵੀ ਮਿਲਦੀਆਂ ਹਨ; ਪਰ ਜਿਹੜੇ ਸ਼ੰਕਾਵਾਂ ਅਤੇ ਹਨੇਰੇ ਵਿੱਚ ਰੱਖ ਕੇ ਗੁੰਮਰਾਹ ਕਰਦੇ ਹਨ, ਉਹ ਪੰਜਾਬੀਆਂ ਦੀ ਨਸਲ ਨੂੰ ਖਰਾਬ ਕਰਨ ਦੇ ਮੁੱਖ ਜ਼ਿੰਮੇਵਾਰ ਹਨ।
ਪੰਜਾਬ ਦੀ ਪ੍ਰਜਣਨ ਦਰ 1.6 ਹੈ। ਪੰਜਾਬੀ ਮਰਦ ਨੂੰ ਮਰਦਾਨਗੀ ਅਤੇ ਔਰਤ ਨੂੰ ਜਨਣ ਸਮਰੱਥਾ ਕਾਇਮ ਰੱਖਣੀ ਸ਼ੌਕ ਅਤੇ ਆਦਤ ਬਣਨੀ ਚਾਹੀਦੀ ਹੈ। ਇਸ ਨਾਲ ਮਿਲਗੋਭਾ ਜੀਨਸ਼ ਪੈਦਾ ਹੋਣ ਦੀ ਬਜਾਏ ਆਪਣੀ ਆਬਰੂ ਪੈਦਾ ਹੋਵੇਗੀ। ਟੈਸਟ ਟਿਊਬ ਬੇਬੀ ਦਾ ਸੱਚ ਅਤੇ ਹੋਂਦ ਸਬੱਬੀ ਨਹੀਂ ਹੁੰਦੀ, ਇਹ ਸਾਡੇ ਕਿਰਦਾਰ ਅਤੇ ਸੱਭਿਅਤਾ ਦੀ ਗਵਾਹੀ ਹੁੰਦੀ ਹੈ। ਕਿਸਮਤ ਵਾਲੇ ਹਨ ਉਹ ਜੋੜੇ, ਜੋ ਕੁਦਰਤੀ ਤਰੀਕੇ ਨਾਲ ਆਪਣੀ ਸੰਤਾਨ ਪੈਦਾ ਕਰਦੇ ਹਨ, ਮਾਨਸਿਕ ਬੋਝ ਤੋਂ ਮੁਕਤ ਰਹਿੰਦੇ ਹਨ। ਅੱਜ ਮੁੰਡੇ ਕੁੜੀਆਂ ਵਿਆਹ ਤੋਂ ਪਹਿਲਾ ਹੀ ਸੈਕਸ ਸਬੰਧ ਬਣਾ ਲੈਂਦੇ ਹਨ, ਫਿਰ ਗਰਭਪਾਤ ਕਰਵਾਉਂਦੇ ਹਨ। ਆਖਿਰ ਇਨ੍ਹਾਂ ਸੈਂਟਰਾਂ ਦੀ ਝੋਲੀ ਗਿਰ ਕੇ ਜੀਵਨ ਖਰਾਬ ਕਰਦੇ ਹਨ। 1978 ਵਿੱਚ ਪਹਿਲਾ ਟੈਸਟ ਟਿਊਬ ਬੱਚਾ ਹੋਇਆ ਸੀ, ਉਦੋਂ ਮਿਸਰ ਦੀ ਅਲਅੱਜ਼ਹਰ ਯੂਨੀਵਰਸਿਟੀ ਨੇ ਪਤੀ-ਪਤਨੀ ਦੇ ਅੰਡੇ ਹੋਣ ਨੂੰ ਜਾਇਜ਼ ਕਿਹਾ ਸੀ। ਪਤੀ-ਪਤਨੀ ਦੇ ਅੰਡੇ ਤੋਂ ਬਿਨਾ ਜਾਇਜ਼ ਨਹੀਂ ਸੀ। ਪਾਕਿਸਤਾਨ ਵਿੱਚ 1989 ਵਿੱਚ ਟੈਸਟ ਟਿਊਬ ਬੇਬੀ ਪੈਦਾ ਹੋਈ ਸੀ, ਮੌਲਵੀਆਂ ਨੇ ਇਸ ਨੂੰ ਹਰਾਮ ਅਤੇ ਅਮਰੀਕਾ ਦੀ ਸਾਜ਼ਿਸ਼ ਦੱਸਿਆ ਸੀ।
ਬਾਂਝਪਣ ਰੋਕਣ ਲਈ ਟੈਸਟ ਟਿਊਬ ਸੈਂਟਰ ਵਿਗਿਆਨਕ ਅਤੇ ਮੈਡੀਕਲੀ ਤਰੱਕੀ ਤਾਂ ਹੈ, ਇਸ ਦਾ ਲਾਭ ਲੋੜਵੰਦ ਅਤੇ ਜਾਣਕਾਰ ਲੈ ਰਹੇ ਹਨ, ਜੋ ਉਨ੍ਹਾਂ ਲਈ ਠੀਕ ਵੀ ਹੈ, ਪਰ ਜਦੋਂ ਵੀ ਕਿਸੇ ਤਰੱਕੀ ਵਿੱਚ ਸ਼ੰਕਾ ਜਾਂ ਪ੍ਰਤੱਖ ਪ੍ਰਮਾਣ ਹੋ ਜਾਂਦੇ ਹਨ ਤਾਂ ਸਭ ਕਾਸੇ `ਤੇ ਪੋਚਾ ਫਿਰ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਜੋ ਇਸ ਵਿਸ਼ੇ `ਤੇ ਸ਼ੰਕੇ ਹਨ, ਉਹ ਵਿਗਿਆਨਕ ਅਤੇ ਮੈਡੀਕਲ ਸੋਝੀ ਨਾਲ ਨਵਿਰਤ ਹੋਣੇ ਚਾਹੀਦੇ ਹਨ। ਇਹ ਦੱਸਣਾ ਵੀ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਜੇ ਬੰਦੇ ਵਿੱਚ ਬਿਲਕੁਲ ਨੁਕਸ ਹੈ ਤਾਂ ਵੀਰਜ ਕਿੱਥੋਂ ਆਵੇਗਾ? ਪਤੀ ਦੇ ਵੀਰਜ ਅਤੇ ਪਤਨੀ ਦੀ ਕੁੱਖ ਤੋਂ ਬਿਨਾ ਅਗਰ ਕੋਈ ਹੋਰ ਮੈਡੀਕਲ ਤੌਰ ਤਰੀਕਾ ਅਪਣਾਇਆ ਜਾਂਦਾ ਹੈ, ਫਿਰ ਇਹ ਪੰਜਾਬ ਨੂੰ ਮੁਆਫਿਕ ਆਉਣਾ ਜ਼ਰੂਰੀ ਨਹੀ ਹੈ। ਇਸ ਨਾਲ ਲੋਕ ਮੁਰਝਾ ਜਾਣਗੇ, ਉਨ੍ਹਾਂ ਦੀਆਂ ਨਜ਼ਰਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਇਨ੍ਹਾਂ ਸੈਂਟਰਾਂ ਲਈ ਪੰਜਾਬ ਦੇ ਸਮਾਜਿਕ ਅਤੇ ਮਾਨਸਿਕ ਪੱਖ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਪੰਜਾਬ ਵਿੱਚ ਨਪੁੰਸ਼ਕਤਾ ਦੀ ਦਰ ਵੀ 50 ਪ੍ਰਤੀਸ਼ਤ ਹੈ, ਨਵੇਂ ਜੋੜੇ ਵੀ ਇਸ ਦੇ ਸ਼ਿਕਾਰ ਹਨ। ਪਤੀ-ਪਤਨੀ ਕੁਦਰਤੀ ਔਲਾਦ ਪੈਦਾ ਕਰਨ ਤੋਂ ਬਿਨਾ ਅਧੂਰਾ ਲੱਗਦੇ ਹਨ। ਸਭ ਤੋਂ ਖਤਰਨਾਕ ਕੁਦਰਤੀ ਖਿਲਵਾੜ ਇਹ ਹੋ ਚੁੱਕਾ ਹੈ ਕਿ ਸੈਕਸ ਤੋਂ ਬਿਨਾ ਹੀ ਗਰਭ ਧਾਰਨ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਲਾਬ ਰੂਪੀ ਪੰਜਾਬ ਤਰ੍ਹਾਂ–ਤਰ੍ਹਾਂ ਦੇ ਦੁੱਖ ਹੰਢਾ ਰਿਹਾ ਹੈ; ਸਾਹਮਣਾ ਕਰਕੇ ਜੇਤੂ ਵੀ ਹੋ ਰਿਹਾ ਹੈ। ਪੰਜਾਬੀਆਂ ਦੀ ਨਸ਼ਲਕੁਸੀ ਅਤੇ ਮਿਲਗੋਭਾ ਪੈਦਾਇਸ਼ ਬਾਰੇ ਸਭ ਕਿਸਮ ਦੇ ਸ਼ੰਕੇ ਅਤੇ ਚਿੰਤਾਵਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬੀਆਂ ਦੀ ਨਸਲ ਬਚਾਉਣ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਨੂੰ ਸਰਕਾਰ, ਸਮਾਜ ਤੇ ਧਾਰਮਿਕ ਖੇਤਰ ਅੰਦਰ ਲੰਬਿਤ ਛੱਡਣ ਦੀ ਬਜਾਏ ਤੁਰੰਤ ਹੱਲ ਕਰਕੇ ਖੁਸ਼ ਗਵਾਰ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ। ਹੁਣ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਆਪਣੇ ਉਪਰਾਲਿਆਂ ਨਾਲ ਪੰਜਾਬੀਆਂ ਨੂੰ ਸੰਭਲਣ ਅਤੇ ਜਾਗਣ ਦਾ ਹੋਕਾ ਦਿੱਤਾ ਹੈ, ਇਸ ਨੂੰ ਸਵੀਕਾਰ ਕਰਨਾ ਪੰਜਾਬੀਆਂ ਦੇ ਹਿੱਤ ਵਿੱਚ ਹੈ। ਸਿੰਘ ਸਾਹਿਬਾਨ ਦੇ ਸੰਦੇਸ਼ ਨਹੀਂ, ਬਲਕਿ ਹੁਕਮ ਹੁੰਦੇ ਹਨ। ਇਸ ਲਈ ਜੋ ਹੁਕਮ ਹੋਏ ਹਨ, ਉਨ੍ਹਾਂ ਨੂੰ ਮੰਨ ਕੇ ਲਾਗੂ ਕਰਨਾ ਸਾਡਾ ਫਰਜ਼ ਹੈ।
ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਜਾਗੋ ਆਪਣੀ ਮਾਂ-ਬੋਲੀ, ਆਪਣੇ ਪੰਜਾਬ ਲਈ ਦਰਪੇਸ਼ ਵੰਗਾਰਾਂ ਦਾ ਹਰ ਪੱਖੋਂ ਮੁਕਾਬਲਾ ਕਰੀਏ। ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਅੱਜ ਤੋਂ ਪੰਜਾਬੀਆਂ ਦੀ ਨਸਲ, ਫਸਲ ਅਤੇ ਬਹੁਪੱਖੀ, ਬਹੁਪਰਤੀ ਚੁਣੌਤੀਆਂ ਨੂੰ ਕਬੂਲ ਕਰਕੇ ਇਨ੍ਹਾਂ ਦਾ ਨਿਵਾਰਨ ਕਰਨਾ ਹਰ ਪੰਜਾਬੀ ਦੀ ਜ਼ਿੰਮੇਵਾਰੀ ਹੈ। ਸਰਕਾਰਾਂ ਵੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਲੀਹਾਂ ਵੱਲ ਲਿਆ ਸਕਦੀਆਂ ਹਨ। “ਪੰਜਾਬੀਓ! ਜਾਗਦੇ ਕਿ ਸੁੱਤੇ?” ਦੇ ਸੰਕਲਪ ਵਿੱਚੋਂ ਪੰਜਾਬੀਅਤ ਲਈ ਇੱਕ ਪ੍ਰਮਾਣਿਤ ਅਤੇ ਸਰਬਪੱਖੀ ਲੋਕ ਲਹਿਰ ਅਰੰਭੀਏ, ਇਸ ਨਾਲ ਹੀ ਪੰਜਾਬ ਭਾਰਤ ਦੀ ਮੁੰਦਰੀ ਦਾ ਨਗ ਬਣਿਆ ਰਹੇਗਾ ਅਤੇ ਪੁਰਾਤਨ ਪੰਜਾਬ ਨੂੰ ਲੱਭਿਆ ਜਾ ਸਕੇਗਾ।