‘ਪੰਜਾਬੀ ਪਰਵਾਜ਼ ਨਾਈਟ’ ਨੂੰ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ

ਖਬਰਾਂ ਗੂੰਜਦਾ ਮੈਦਾਨ

*ਉਮਦਾ ਤਕਰੀਰਾਂ ਤੇ ਵਿਚਾਰਾਂ ਨਾਲ ਲਬਾਲਬ ਅਤੇ ਰੌਣਕ ਤੇ ਮਨੋਰੰਜਨ ਭਰਪੂਰ ਸਮਾਗਮ ਦੀ ਮਹਿਮਾਨਾਂ ਵੱਲੋਂ ਸ਼ਲਾਘਾ
ਸ਼ਿਕਾਗੋ: ਅਖਬਾਰ ‘ਪੰਜਾਬੀ ਪਰਵਾਜ਼’ ਵੱਲੋਂ ਇੱਕ ਸਾਲ ਦਾ ਸਫਰ ਮੁਕੰਮਲ ਕਰਨ `ਤੇ ਮਨਾਈ ਗਈ ਪਹਿਲੀ ‘ਪੰਜਾਬੀ ਪਰਵਾਜ਼ ਨਾਈਟ’ ਨੂੰ ਭਾਈਚਾਰੇ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਮੌਕੇ ਹੋਈਆਂ ਉਮਦਾ ਤਕਰੀਰਾਂ ਤੇ ਵਿਚਾਰਾਂ ਨਾਲ ਲਬਾਲਬ ਅਤੇ ਰੌਣਕ ਤੇ ਮਨੋਰੰਜਨ ਭਰਪੂਰ ਸਮਾਗਮ ਦੀ ਦੂਰੋਂ-ਨੇੜਿਓਂ ਆਏ ਸਾਰੇ ਮਹਿਮਾਨਾਂ ਨੇ ਸ਼ਲਾਘਾ ਕੀਤੀ। ਮੀਡੀਆ ਖੇਤਰ ਵਿੱਚ ‘ਪੰਜਾਬੀ ਪਰਵਾਜ਼’ ਦੀ ਹੋਰ ਉਨਤੀ ਦੀ ਕਾਮਨਾ ਕਰਦਿਆਂ ਬੁਲਾਰਿਆਂ ਨੇ ਪਿੰ੍ਰਟ ਮੀਡੀਆ ਦੀ ਮਹੱਤਤਾ ਦੇ ਨਾਲ ਨਾਲ ਇਸ ਨੂੰ ਦਰਪੇਸ਼ ਚੁਣੌਤੀਆਂ ਉਤੇ ਚਰਚਾ ਕੀਤੀ। ਇਸ ਤੋਂ ਇਲਾਵਾ ਅੱਜ ਦੇ ਦੌਰ ਵਿੱਚ ਚਲਾਵੇਂ ਸੋਸ਼ਲ ਮੀਡੀਏ ਕਾਰਨ ਲੋਕਾਂ ਤੱਕ ਪਹੁੰਚ ਰਹੀ ਤੱਥਾਂ ਦੇ ਆਧਾਰ ਤੋਂ ਬਿਨਾ ਤੇ ਭੜਕਾਵੀਂ ਜਾਣਕਾਰੀ ਤੋਂ ਸੁਚੇਤ ਰਹਿਣ ਉਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਇੰਡੀਆਨਾ ਤੋਂ ਆਏ ਸ. ਸਰਵਣ ਸਿੰਘ ਟਿਵਾਣਾ ਨੇ ਕਿਹਾ ਕਿ ਅੱਜ ਜਿਹੜੇ ਮਹਿਮਾਨ ਇਕੱਤਰ ਹੋਏ ਹਨ, ਸਾਨੂੰ ਪਤਾ ਹੈ ਕਿ ਅਸੀਂ ਪਰੇਦਸਾਂ ਵਿੱਚ ਕਿਹੜੀ ਜ਼ਿੰਦਗੀ ਹੰਢਾਈ ਹੈ! ਰੋਜ਼ੀ-ਰੋਟੀ ਲਈ ਪਰਵਾਸ ਕਰਨਾ, ਆਪਣੇ ਪਿਛਲੇ ਪਰਿਵਾਰਾਂ ਦੇ ਚੰਗੇ ਭਵਿੱਖ ਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਿਹਨਤ ਕਰਨੀ ਅਤੇ ਵਿਦੇਸ਼ਾਂ ਵਿੱਚ ਆਪਣੀ ਮਿੱਟੀ ਨੂੰ ਯਾਦ ਰੱਖਣਾ ਤੇ ਆਪਣੇ ਪਰਿਵਾਰਾਂ ਨਾਲੋਂ ਟੁੱਟ ਕੇ ਇੱਥੇ ਰਹਿਣਾ ਐਨਾ ਸੁਖਾਲਾ ਨਹੀਂ ਹੈ। ਉਨ੍ਹਾਂ ਇਹ ਸਤਰਾਂ ‘ਪਰਦੇਸੀ ਪੁੱਤ ਪੂੰਝਦੇ ਅੱਖਾਂ ਪੌਂਡਾਂ ਦੇ ਨਾਲ, ਕਬਰਾਂ ਵਿੱਚ ਸੁੱਤੀਆਂ ਮਾਵਾਂ ਨੂੰ ਯਾਦ ਕਰ ਕੇ’ ਪੜ੍ਹਦਿਆਂ ਦੱਸਿਆ ਕਿ ਪਿਛਲੇ ਦਿਨੀਂ ਮੈਂ ‘ਪੰਜਾਬੀ ਟ੍ਰਿਬਿਊਨ’ ਪੜ੍ਹ ਰਿਹਾ ਸੀ, ਉਸ `ਚ ਕੁਲਜੀਤ ਦਿਆਲਪੁਰੀ ਦਾ ਲੇਖ ਛਪਿਆ ਸੀ; ਉਹ ਪੜ੍ਹ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਸਨ। ਲੇਖ ਵਿੱਚ ਜੋ ਦਿਆਲਪੁਰੀ ਨੇ ਲਿਖਿਆ ਹੈ, ਉਹ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਸਾਰਿਆਂ ਦੀ ਕਹਾਣੀ ਸੀ। ਅਸੀਂ ਮਾਵਾਂ ਤੋਂ ਦੂਰ ਹੋ ਗਏ ਹਾਂ ਤੇ ਮਾਂ ਦਾ ਵਿਛੋੜਾ, ਧਰਤੀ ਦਾ ਵਿਛੋੜਾ ਜਰਨਾ ਬੜਾ ਔਖਾ ਹੁੰਦਾ ਹੈ। ਸ. ਟਿਵਾਣਾ ਵੱਲੋਂ ਵਿਛੜ ਗਈਆਂ ਸਾਰੀਆਂ ਮਾਵਾਂ ਨੂੰ ਸ਼ਰਧਾਂਜਲੀ ਦੇਣ ਲਈ ਕਹਿਣ ਮਗਰੋਂ ਹਾਜ਼ਰੀਨ ਨੇ ਖੜ੍ਹੇ ਹੋ ਮੌਨ ਧਾਰ ਕੇ ਸ਼ਰਧਾ ਭੇਟ ਕੀਤੀ।
ਤਕਰੀਰ ਜਾਰੀ ਰੱਖਦਿਆਂ ਸ. ਟਿਵਾਣਾ ਨੇ ਕਿਹਾ ਕਿ ਜਿਨ੍ਹਾਂ ਕੌਮਾਂ ਵਿੱਚ ਬੋਲੀ/ਭਾਸ਼ਾ ਖਤਮ ਹੋ ਜਾਂਦੀ ਹੈ, ਉਹ ਕੌਮਾਂ ਆਪਣੇ ਆਪ ਮਰ ਜਾਂਦੀਆਂ ਹਨ। ਬੇਸ਼ਕ ਕੌਮ ਹੋਰ ਕਿੰਨੀਆਂ ਤਰੱਕੀਆਂ ਕਰ ਲਵੇ ਜਾਂ ਸੰਘਰਸ਼ ਲੜ ਲਵੇ, ਪਰ ਆਪਣੀ ਬੋਲੀ ਤੋਂ ਬਿਨਾ ਜਿਉਂਦੀ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਤੇ ਬਾਅਦ ਵਿੱਚ ਜੇ ਅੱਜ ਤੱਕ ਅਸੀਂ ਪੰਜਾਬੀ ਬੋਲੀ ਨਾਲ ਜੁੜੇ ਹੋਏ ਹਾਂ, ਤਾਂ ਇਹ ਵੱਡੇ ਵੱਡੇ ਲੇਖਕਾਂ/ਕਵੀਆਂ ਦੀ ਹੀ ਦੇਣ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਲੜਾਈ ਲੜੀ ਹੈ, ਉਹ ਹਥਿਆਰਾਂ ਨਾਲ ਨਹੀਂ ਸਗੋਂ ਆਪਣੇ ਵਿਚਾਰਾਂ ਨੂੰ ਗੁਰਬਾਣੀ ਦੇ ਲਿਖਤੀ ਰੂਪ ਵਿੱਚ ਢਾਲ ਕੇ ਲੋਕਾਂ ਨੂੰ ਚੇਤੰਨ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਇਕੱਲਾ ਯਾਦ ਰੱਖਣਾ ਜ਼ਰੂਰੀ ਨਹੀਂ, ਸਗੋਂ ਉਸ `ਤੇ ਪਹਿਰਾ ਦੇਣ ਦੀ ਵੀ ਲੋੜ ਪੈਂਦੀ ਹੈ।
ਸ. ਟਿਵਾਣਾ ਨੇ ਕਿਹਾ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਅਮੈਰਿਕਾ ਤੋਂ ਗੱਲ ਹੋਈ ਤਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਗਦਰੀ ਬਾਬਿਆਂ ਵੱਲੋਂ ਵੀ ਅਖਬਾਰ ਸ਼ੁਰੂ ਕੀਤਾ ਗਿਆ ਸੀ, ਜਿਸ ਨੇ ਆਪਣੀ ਆਵਾਜ਼ ਦੁਨੀਆਂ ਤੱਕ ਪਹੁੰਚਾਈ ਸੀ ਅਤੇ ਲੋਕਾਂ ਵਿੱਚ ਦੇਸ਼ ਦੀ ਆਜ਼ਾਦੀ ਪ੍ਰਤੀ ਚਿਣਗ ਲਾਈ ਸੀ। ਉਨ੍ਹਾਂ ਦੱਸਿਆ ਕਿ ਪਹਿਲ ਪਲੱਕੜਿਆਂ ਵਿੱਚ ਅਮਰੀਕਾ ਵਿੱਚ ਪੰਜਾਬੀ ਜਾਂ ਹਿੰਦੀ ਦੀ ਕੋਈ ਅਖਬਾਰ ਨਹੀਂ ਸੀ ਮਿਲਦੀ, ਸਗੋਂ ਭਾਰਤੀ ਕੌਂਸਲੇਟ ਵਿੱਚ ਇੰਡੀਆ ਤੋਂ ਆਉਂਦੇ ਅਖਬਾਰ ਹੀ ਪੜ੍ਹਨ ਨੂੰ ਮਿਲਦੇ ਸਨ। ਜਿਉਂ ਜਿਉਂ ਪੰਜਾਬੀ ਭਾਈਚਾਰਾ ਵਿਦੇਸ਼ਾਂ ਵਿੱਚ ਵਧਦਾ ਗਿਆ, ਸਾਨੂੰ ਆਪਣੇ ਮੀਡੀਏ ਦੀ ਲੋੜ ਮਹਿਸੂਸ ਹੁੰਦੀ ਗਈ- ਭਾਵੇਂ ਉਹ ਅਖਬਾਰ ਹੋਣ, ਮੈਗਜ਼ੀਨ ਹੋਣ; ਰੇਡੀਓ ਜਾਂ ਟੀ.ਵੀ. ਚੈਨਲ ਹੋਣ। ਬਾਅਦ ਵਿੱਚ ਕੁਝ ਮੈਗਜ਼ੀਨ ਸ਼ੁਰੂ ਹੋ ਗਏ, ਜੋ ਮਹੀਨੇ ਪਿੱਛੋਂ ਛਪਦੇ ਸਨ। ਸਮੇਂ ਦੇ ਨਾਲ ਅਖਬਾਰ ਪੰਦਰਵਾੜਾ ਜਾਂ ਹਫਤਾਵਾਰੀ ਹੋ ਗਏ; ਕੈਨੇਡਾ ਵਿੱਚ ਕੁਝ ਥਾਵਾਂ `ਤੇ ਰੋਜ਼ਾਨਾ ਅਖਬਾਰ ਵੀ ਛਪਦੇ ਹਨ।
ਉਨ੍ਹਾਂ ਕਿਹਾ ਕਿ ਅਖਬਾਰ ਕੱਢਣੇ ਜਾਂ ਮੀਡੀਏ ਨੂੰ ਲੋਕਾਂ ਤੱਕ ਲੈ ਕੇ ਜਾਣਾ ਕੋਈ ਸੌਖਾ ਕੰਮ ਨਹੀਂ ਹੈ। ਹੁਣ ਚੁਣੌਤੀਆਂ ਵਧ ਗਈਆਂ ਹਨ ਅਤੇ ਸਾਡੀ ਅਜੋਕੀ ਪੀੜ੍ਹੀ ਵੱਖਰੀ ਕਿਸਮ ਦਾ ਮੀਡੀਆ ਭਾਲਦੀ ਹੈ; ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜੇ ਵਿਦੇਸ਼ਾਂ ਵਿੱਚ ਆਪਣੇ ਸਭਿਆਚਾਰ ਤੇ ਬੋਲੀ ਨੂੰ ਅੱਗੇ ਵਧਾਉਣਾ ਹੈ ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਜੰਮੇ-ਪਲ਼ੇ ਪੰਜਾਬੀ ਕੌਮ ਦੇ ਬੱਚੇ ਸਾਡੇ ਪਿਛੋਕੜ/ਪੰਜਾਬ ਨਾਲ ਜੁੜੇ ਰਹਿਣ ਤਾਂ ਸਾਨੂੰ ਆਪਣੇ ਮੀਡੀਏ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਇਸ ਮੌਕੇ ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਰੋਨਾ ਸਮੇਂ ਕਈ ਅਖਬਾਰਾਂ ਨੂੰ ਕਾਫੀ ਢਾਹ ਲੱਗੀ ਹੈ ਤੇ ਕੁਝ ਤਾਂ ਛਪਣੇ ਬੰਦ ਵੀ ਹੋ ਗਏ ਹਨ। ਦੂਜਾ, ਈ-ਪੇਪਰਾਂ ਨੇ ਪ੍ਰਿੰਟ ਮੀਡੀਆ `ਤੇ ਅਸਰ ਪਾਇਆ ਹੈ। ਸੋਸ਼ਲ ਮੀਡੀਏ ਕਾਰਨ ਸਥਿਤੀ ਇਹ ਹੋ ਗਈ ਹੈ ਕਿ ਮੀਡੀਏ ਦਾ ਮਿਆਰ ਡਿੱਗਦਾ ਜਾ ਰਿਹਾ ਹੈ।
ਸ. ਟਿਵਾਣਾ ਨੇ ਕਿਹਾ ਕਿ ਮੀਡੀਆ ਖੇਤਰ ਵਿੱਚ ਹੁਣ ਇਸ ਕਦਰ ਸਮੱਸਿਆਵਾਂ ਦਰਪੇਸ਼ ਹਨ ਕਿ ਉਨ੍ਹਾਂ ਨਾਲ ਕਿਸ ਤਰ੍ਹਾਂ ਨਜਿੱਠਦੇ ਹਾਂ, ਇਹ ਅਸੀਂ ਹੀ ਜਾਣਦੇ ਹਾਂ। ਜ਼ਿਕਰਯੋਗ ਹੈ ਕਿ ਸ. ਟਿਵਾਣਾ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਰੀਬ 13 ਸਾਲਾਂ ਤੋਂ ‘ਰੇਡੀਓ ਚੰਨ ਪਰਦੇਸੀ’ ਚਲਾ ਰਹੇ ਹਨ। ਇਸ ਮੌਕੇ ਉਨ੍ਹਾਂ ਸ਼ਿਕਾਗਲੈਂਡ ਤੇ ਨੇੜਲੀਆਂ ਸਟੇਟਾਂ ਦੀਆਂ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਕਿ ਉਹ ਆਪਣੇ ਸੱਭਿਆਚਾਰ, ਖੇਡਾਂ ਤੇ ਧਾਰਮਿਕ ਵਿਰਾਸਤ ਨੂੰ ਪ੍ਰਫੁਲਤ ਕਰਨ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਪੰਜਾਬੀ ਪਰਵਾਜ਼’ ਨੇ ਇੱਕ ਸਾਲ ਵਿੱਚ ਉਹ ਮਿਆਰ ਕਾਇਮ ਕੀਤਾ ਹੈ, ਜਿਸ ਲਈ ਕੁਝ ਅਖਬਾਰਾਂ ਨੂੰ ਦਸ-ਦਸ ਸਾਲ ਦਾ ਸਮਾਂ ਲੱਗਾ ਹੈ। ਉਨ੍ਹਾਂ ਅਖਬਾਰ ਨਾਲ ਜੁੜੇ ਪੱਤਰਕਾਰ ਜਸਵੀਰ ਸਿੰਘ ਸ਼ੀਰੀ ਅਤੇ ਹੋਰ ਲੇਖਕਾਂ ਦਾ ਹਵਾਲਾ ਵੀ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਇਕਬਾਲ ਸਿੰਘ ਨੰਦਰਾ ਦੀ ਗੱਲ ਕਰਦਿਆਂ ਸ. ਟਿਵਾਣਾ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਵਿੱਚ ਵੱਡਾ ਨਾਂ ਹੈ ਅਤੇ ‘ਪੰਜਾਬੀ ਪਰਵਾਜ਼’ ਵਿੱਚ ਡਾ. ਨੰਦਰਾ ਬਾਰੇ ਪੜ੍ਹ ਕੇ ਹੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ। ਉਨ੍ਹਾਂ ਵਿਸ਼ੇਸ਼ ਮਹਿਮਾਨ ਬਿਜਨਸਮੈਨ ਲਖਬੀਰ ਸਿੰਘ ਢੀਂਡਸਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਅਖਬਾਰ ਹੀ ਹਨ, ਜੋ ਸਾਨੂੰ ਆਪਣੇ ਭਾਈਚਾਰੇ ਦੇ ਰੂਬਰੂ ਕਰਵਾਉਂਦੇ ਹਨ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਵਾਂਗੂੰ ਅੱਗੇ ਵਧ ਸਕੇ। ਉਨ੍ਹਾਂ ‘ਪੰਜਾਬੀ ਪਰਵਾਜ਼’ ਨੂੰ ਸੁਝਾਅ ਦਿੱਤਾ ਕਿ ਆਪਣੇ ਭਾਈਚਾਰੇ ਦੇ ਉਨ੍ਹਾਂ ਹੋਰ ਲੋਕਾਂ ਬਾਰੇ ਵੀ ਲੇਖ ਲਿਖੇ ਜਾਣ, ਜਿਨ੍ਹਾਂ ਨੇ ਵਿਦੇਸ਼ ਵਿੱਚ ਤਰੱਕੀਆਂ ਕੀਤੀਆਂ ਹਨ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਾਲ ਦੀ ਘੜੀ ‘ਪੰਜਾਬੀ ਪਰਵਾਜ਼’ ਹਰ ਪੰਦਰੀਂ ਦਿਨੀਂ ਛਪਦਾ ਹੈ, ਕੋਸ਼ਿਸ਼ ਕਰੋ ਕਿ ਇਹ ਹਰ ਹਫਤੇ ਤੁਹਾਡੇ ਤੱਕ ਪਹੁੰਚੇ। ਆਪਣੀ ਤਕਰੀਰ ਦੇ ਅਖੀਰ ਵਿੱਚ ਉਨ੍ਹਾਂ ਆਏ ਮਹਿਮਾਨਾਂ ਨੂੰ ਅਖਬਾਰ ਦੀ ਵੱਧ ਤੋਂ ਵੱਧ ਵਿੱਤੀ ਮਦਾਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਭਾਈਚਾਰੇ ਦੇ ਜਾਣੇ-ਪਛਾਣੇ ਸੱਜਣ ਸ. ਦਵਿੰਦਰ ਸਿੰਘ ਰੰਗੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸ਼ਿਕਾਗੋ ਵਿੱਚ ਇੱਕ ਨਵਾਂ ਅਖਬਾਰ ਆਇਆ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦਾ ਮੀਡੀਆ ਜਿੰਨਾ ਮਜਬੂਤ ਹੋਵੇਗਾ, ਅਸੀਂ ਆਪਣੀ ਗੱਲ ਕਹਿੰਦੇ ਰਹਾਂਗੇ ਤੇ ਆਪਣੇ ਵਿਰਸੇ ਨਾਲ ਜੁੜੇ ਰਹਾਂਗੇ। ਉਨ੍ਹਾਂ ਕਿਹਾ ਕਿ ਛਪਣ ਵਾਲੀ ਵਧੀਆ ਸਮੱਗਰੀ ਲਈ ਅਖਬਾਰ ਕੋਸ਼ਿਸ਼ਾਂ ਕਰਦੇ ਹਨ ਅਤੇ ਸਾਡੇ ਤੱਕ ਪਹੁੰਚਾਉਂਦੇ ਹਨ; ਕਿਉਂਕਿ ਮੀਡੀਏ ਜ਼ਰੀਏ ਸਾਡਾ ਆਪਸੀ ਭਾਈਚਾਰਕ ਸੰਪਰਕ ਬਣਿਆ ਰਹਿੰਦਾ ਹੈ, ਇਸ ਲਈ ਚਾਹੀਦਾ ਹੈ ਕਿ ਸਾਡਾ ਆਪਣਾ ਮੀਡੀਆ ਮਜਬੂਤ ਹੋਵੇ ਅਤੇ ਅਸੀਂ ਰੀਡਰ ਦੇ ਨਾਲ ਨਾਲ ਲੀਡਰ ਵੀ ਬਣੀਏ ਤੇ ਸਥਾਨਕ ਰਾਜਨੀਤੀ ਵਿੱਚ ਵਿਚਰੀਏ।
ਸ. ਰੰਗੀ ਨੇ ਇੰਗਲੈਂਡ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਥੇ ਆਪਣੇ ਭਾਈਚਾਰੇ ਦੇ ਲੋਕ ਅੱਗੇ ਆਏ ਹਨ ਅਤੇ ਉਹ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ। ਕੈਨੇਡਾ ਵਿੱਚ ਵੀ ਪੰਜਾਬੀ ਲੋਕ ਸਿਆਸਤ ਤੇ ਪੰਜਾਬੀ ਮੀਡੀਏ ਜ਼ਰੀਏ ਸਰਗਰਮ ਹਨ, ਪਰ ਇੱਥੇ ਹਾਲੇ ਇੰਨੇ ਨਹੀਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇੱਥੇ ਵੀ ਵੱਧ ਸਰਗਰਮ ਹੋਈਏ ਅਤੇ ਆਪਣੇ ਮੀਡੀਏ ਰਾਹੀਂ ਭਾਈਚਾਰੇ ਦੀ ਗੱਲ ਰੱਖਦੇ ਰਹੀਏ। ਉਨ੍ਹਾਂ ਅਖਬਾਰ ਦੇ ਬੋਰਡ ਮੈਂਬਰਾਂ ਤੇ ਸਪਾਂਸਰਾਂ ਦਾ ਵਿੱਤੀ ਸਹਿਯੋਗ ਅਤੇ ਸਲਾਹ-ਮਸ਼ਵਰੇ ਲਈ ਉਚੇਚਾ ਧੰਨਵਾਦ ਕੀਤਾ।
ਉਪਰੰਤ ਸ਼ਿਕਾਗੋ ਦੀ ਉਘੀ ਸ਼ਖਸੀਅਤ ਸ. ਅਮਰੀਕ ਸਿੰਘ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿਹੜੀ ਰੌਣਕ ਲੱਗੀ ਹੈ, ਇੱਥੋਂ ਤੱਕ ਪਹੁੰਚਣ ਲਈ ਕੁਲਜੀਤ ਸਿੰਘ ਨੂੰ ਜੋ ਸਮਾਂ ਲੱਗਾ, ਉਹਦੇ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਪਹਿਲੀ ‘ਪੰਜਾਬੀ ਪਰਵਾਜ਼ ਨਾਈਟ’ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਉਨ੍ਹਾਂ ਇਹ ਸਤਰਾਂ ਤਰੰਨਮ ਵਿੱਚ ਪੜ੍ਹੀਆਂ:
ਥੱਕ ਟੁੱਟ ਕੇ ਜਦ ਮੈਂ ਸੌਂ ਗਿਆ ਸੀ
ਤਦ ਦੂਰੋਂ ਕੰਨੀਂ ਪਈ ਆਵਾਜ਼
ਚਲ ਹੰਭਲਾ ਮਾਰ ਕੇ ਉੱਠ ਜਾਹ
ਤੇਰੀ ਰਾਹ ਤੱਕੇ ‘ਪੰਜਾਬੀ ਪਰਵਾਜ਼’
ਫਿਰ ਯਾਰੋ ਮੈਂ ਅੱਖਾਂ ਮਲ਼ਦਾ ਉਠਿਆ
ਮਾਰੀ ਚਾਰੇ ਪਾਸੇ ਸੋਚਾਂ ਦੀ ਇੱਕ ਉਡਾਰੀ
ਤੁਸੀਂ ਸਾਰੇ ਮੇਰੇ ਨਾਲ ਆ ਕੇ ਖੜ੍ਹ ਗਏ
ਇੰਜ ਹੋ ਗਿਆ ਸਾਲ ਪਹਿਲੇ ਦਾ ਆਗਾਜ਼,
ਪੰਜਾਬੀ ਲੋਕਾਂ ਲਈ ਸ਼ੁਰੂ ਹੋ ਗਈ
‘ਪੰਜਾਬੀ ਪਰਵਾਜ਼’, ਇਹ ‘ਪੰਜਾਬੀ ਪਰਵਾਜ਼।’
ਵਿਸਕਾਨਸਿਨ ਤੋਂ ਆਏ ਨਾਮੀ ਬਿਜਨਸਮੈਨ ਸ. ਅੰਮ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਅਖਬਾਰ ਦਾ ਸਮਾਗਮ ਜੁੜਿਆ ਹੈ, ਅੱਜ ਦਾ ਦਿਨ ਖਾਸ ਹੋ ਗਿਆ ਹੈ। ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਨਾ ਹੁੰਗਾਰਾ ਭਰਿਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਬੰਦਾ ਜਾਂ ਸੰਸਥਾ ਕੰਮ ਕਰਦੇ ਹਨ ਤਾਂ ਲੋਕਾਂ ਦਾ ਹੌਸਲਾ ਉਨ੍ਹਾਂ ਨੂੰ ਹੋਰ ਵਧੀਆ ਕੰਮ ਕਰਨ ਵਾਸਤੇ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਆਪਣੇ ਤਜਰਬੇ `ਚੋਂ ਮੀਡੀਏ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਆਪਣੇ ਵਿਦਿਆਰਥੀ ਜੀਵਨ ਦੀ ਗੱਲ ਸਾਂਝੀ ਕੀਤੀ ਕਿ ਉਨ੍ਹੀਂ ਦਿਨੀਂ ਮਨੋਜ ਕੁਮਾਰ ਦੀ ਮੂਵੀ ‘ਕ੍ਰਾਂਤੀ’ ਆਈ ਸੀ। ਹੋਸਟਲ ਵਿੱਚ ਜਦੋਂ ਇੱਕ ਵਿਦਿਆਰਥੀ ਨੇ ਫਿਲਮ ਦੀ ਸ਼ਲਾਘਾ ਕੀਤੀ ਤਾਂ ਮੈਂ ‘ਅਜੀਤ’ ਅਖਬਾਰ ਵਿੱਚ ਫਿਲਮ ਬਾਰੇ ਛਪੀ ਸਮੀਖਿਆ ਪੜ੍ਹਨ ਨੂੰ ਕਿਹਾ। ਆਲੋਚਨਾ ਪੜ੍ਹਨ ਉਪਰੰਤ ਉਸ ਵਿਦਿਆਰਥੀ ਦੇ ਵਿਚਾਰ ਬਦਲ ਗਏ ਸਨ; ਕਿਉਂਕਿ ਫਿਲਮ ਵਿੱਚ ਕ੍ਰਾਂਤੀ ਦੀ ਪਰਿਭਾਸ਼ਾ ਨੂੰ ਝੁਠਲਾਇਆ ਗਿਆ ਸੀ।
ਸ. ਗਿੱਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖਬਰਾਂ ‘ਫਿਲ ਐਂਡ ਦਾ ਬਲੈਂਕਸ’ ਹਨ, ਜਦਕਿ ਅਖਬਾਰਾਂ ਵਿੱਚ ਛਪਦੇ ਲੇਖਾਂ ਦੀ ਮਹੱਤਤਾ ਹੁੰਦੀ ਹੈ; ਕਿਉਂਕਿ ਉਸ ਵਿੱਚ ਸੀਨੀਅਰ ਲੇਖਕਾਂ, ਪੱਤਰਕਾਰਾਂ ਨੇ ਤਜਰਬੇ ਵਿੱਚੋਂ ਗੱਲ ਕਹੀ ਹੁੰਦੀ ਹੈ ਅਤੇ ਇੱਕ ਇੱਕ ਲਫਜ਼ ਨੂੰ ਸੋਚ-ਸਮਝ ਕੇ ਵਰਤਿਆ ਹੁੰਦਾ ਹੈ, ਜੋ ਸੇਧ ਦੇਣ ਦਾ ਕੰਮ ਕਰਦੇ ਹਨ। ਕਿਸਾਨੀ ਅੰਦੋਲਨ ਦੌਰਾਨ ਸੋਸ਼ਲ ਮੀਡੀਏ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਲੋਕ ਤੱਥਾਂ ਰਹਿਤ ਖਬਰਾਂ ਜਾਂ ਵੀਡੀਓਜ਼ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨਾਲ ਬੇਇਤਫਾਕੀ ਦਾ ਮਾਹੌਲ ਬਣ ਜਾਂਦਾ ਹੈ। ਸ. ਗਿੱਲ ਨੇ ਪ੍ਰਿੰਟ ਮੀਡੀਏ ਦੇ ਹੱਕ ਵਿੱਚ ਕਿਹਾ ਕਿ ਅਖਬਾਰਾਂ ਵਿੱਚ ਛਪਣ ਤੋਂ ਪਹਿਲਾਂ ਖਬਰਾਂ/ਲੇਖਾਂ ਨੂੰ ਸੰਪਾਦਿਤ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਕੋਲ ਸਹੀ ਜਾਣਕਾਰੀ ਪਹੁੰਚ ਸਕੇ। ਉਨ੍ਹਾਂ ਪ੍ਰਿੰਟ ਮੀਡੀਏ ਦੀ ਪਹੁੰਚ ਨਾਲ ਆਉਂਦੇ ਬਦਲਾਅ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਅਤੇ ‘ਪੰਜਾਬੀ ਪਰਵਾਜ਼’ ਨਾਲ ਖੜ੍ਹੇ ਹੋਣ ਦਾ ਤਹੱਈਆ ਕਰਦਿਆਂ ਭਾਈਚਾਰੇ ਦੇ ਹੋਰ ਪਤਵੰਤਿਆਂ ਨੂੰ ਵੀ ਅਖਬਾਰ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ।
ਮਿਲਵਾਕੀ ਤੋਂ ਆਏ ਸ. ਬੇਅੰਤ ਸਿੰਘ ਬੋਪਾਰਾਏ ਨੇ ‘ਪੰਜਾਬੀ ਪਰਵਾਜ਼’ ਦੀ ਪਹਿਲੀ ਵਰ੍ਹੇਗੰਢ ਮਨਾਉਣ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੀ ਮਾਂ ਬੋਲੀ ਅਲੋਪ ਹੋ ਰਹੀ ਹੈ, ਪਰ ਭਾਈਚਾਰੇ ਵਿੱਚ ਇਸ ਪ੍ਰਤੀ ਚਿੰਤਾ ਵੀ ਹੈ। ਇਸ ਨੂੰ ਸੁਰਜੀਤ ਰੱਖਣ ਵਾਸਤੇ ‘ਪੰਜਾਬੀ ਪਰਵਾਜ਼’ ਜੋ ਉਪਰਾਲਾ ਕਰ ਰਿਹਾ ਹੈ, ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਦੀ ਮਦਦ ਕਰੀਏ। ਉਨ੍ਹਾਂ ਸਮਾਗਮ ਦੀ ਸ਼ਾਨ ਵਧਾਉਣ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਬੋਰਡ ਮੈਂਬਰਾਂ, ਸੁਪੋਰਟਰਾਂ ਅਤੇ ਕਲਾਕਾਰਾਂ ਦਾ ਖਾਸ ਧੰਨਵਾਦ ਕੀਤਾ। ਸਮਾਗਮ ਦਾ ਵਧੀਆ ਪੱਖ ਇਹ ਰਿਹਾ ਕਿ ਸਾਰੀਆਂ ਤਕਰੀਰਾਂ ਦੌਰਾਨ ਮਹਿਮਾਨਾਂ ਦਾ ਧਿਆਨ ਬੁਲਾਰਿਆਂ ਦੇ ਵਿਚਾਰਾਂ ਵੱਲ ਹੀ ਸੀ; ਕਿਉਂਕਿ ਬੁਲਾਰਿਆਂ ਨੇ ਮੀਡੀਏ ਨਾਲ ਸਬੰਧਤ ਗੱਲਾਂ ਕੀਤੇ ਜਾਣ ਨੂੰ ਹੀ ਵਧੇਰੇ ਤਵੱਜੋ ਦਿੱਤੀ।
ਸਮਾਗਮ ਦਾ ਸੰਚਾਲਨ ਕਰਦਿਆਂ ਸ. ਮਨਜੀਤ ਸਿੰਘ ਗਿੱਲ ਨੇ ਹਾਜ਼ਰੀਨ ਦੀ ਤਾਰੀਫ ਵਿੱਚ ਕਿਹਾ ਕਿ ਤੁਹਾਡੀ ਸ਼ਮੂਲੀਅਤ ਤੋਂ ਪਤਾ ਲੱਗਦਾ ਹੈ, ਤੁਸੀਂ ਦਿਲਾਂ ਵਾਲੇ ਬੰਦੇ ਓਂ, ਇਕੱਲੀਆਂ ਗੱਲਾਂਬਾਤਾਂ ਵਾਲੇ ਨਹੀਂ। ਨਾਲ ਹੀ ਉਨ੍ਹਾਂ ਸ਼ੇਅਰ ਪੜ੍ਹਿਆ, ‘ਬਾਤ ਜੋ ਦਿਲ ਤੋਂ ਨਿਕਲਦੀ ਹੈ ਅਸਰ ਰੱਖਦੀ ਹੈ, ਪੰਖ ਨਹੀਂ ਪਰ ਫੇਰ ਵੀ ਤਾਕਤ-ਏ-ਪਰਵਾਜ਼ ਰੱਖਦੀ ਹੈ।’ ਉਨ੍ਹਾਂ ਕਿਹਾ ਕਿ ‘ਪੰਜਾਬੀ ਪਰਵਾਜ਼’ ਕੋਈ ਛੋਟੀ-ਮੋਟੀ ਪੇਸ਼ਕਸ਼ ਨਹੀਂ ਹੈ, ਇਸ ਨੂੰ ਚਲਾਉਣ ਲਈ ਜਿੱਥੇ ਇਸ ਦੀ ਟੀਮ ਮਿਹਨਤ ਕਰ ਰਹੀ ਹੈ, ਉਥੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ‘ਪੰਜਾਬੀ ਪਰਵਾਜ਼’ ਦੇ ਪਹਿਲੇ ਅੰਕ ਨੇ ਹੀ ਜੋ ਪਾਠਕਾਂ ਦੇ ਦਿਲਾਂ `ਤੇ ਛਾਪ ਲਾਈ, ਉਹ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਅਖਬਾਰ ਜ਼ਰੀਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਰਹਿਣ ਲਈ ਤੁਹਾਡੇ ਸਭ ਦੇ ਸਹਿਯੋਗ ਦੀ ਲੋੜ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਵਿਚਾਰ ਵੀ ਇਸ ਪਰਚੇ ਜ਼ਰੀਏ ਲੋਕਾਂ ਨਾਲ ਸਾਂਝੇ ਕਰ ਸਕਦੇ ਹੋ।
ਇਸ ਦੇ ਨਾਲ ਹੀ ਉਨ੍ਹਾਂ ‘ਪੰਜਾਬੀ ਪਰਵਾਜ਼’ ਦੇ ਕੁਲਜੀਤ ਦਿਆਲਪੁਰੀ, ਉਨ੍ਹਾਂ ਦੀ ਪਤਨੀ ਅਨੁਰੀਤ ਕੌਰ ਅਤੇ ਜਲੰਧਰ ਤੋਂ ਸੀਨੀਅਰ ਪੱਤਰਕਾਰ/ਲੇਖਕ ਜਸਵੀਰ ਸਿੰਘ ਸ਼ੀਰੀ ਵੱਲੋਂ ਪਰਚਾ ਚਲਾਉਣ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕੁਲਜੀਤ ਪਿਛਲੇ ਕਰੀਬ 22 ਸਾਲਾਂ ਤੋਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਪੱਤਰਕਾਰੀ ਦਾ ਆਗਾਜ਼ ‘ਪੰਜਾਬੀ ਟ੍ਰਿਬਿਊਨ’ ਤੋਂ ਕੀਤਾ ਸੀ। ਅਮਰੀਕਾ ਆਉਣ ਉਪਰੰਤ ਵੀ ਉਹ ਪੱਤਰਕਾਰੀ ਖੇਤਰ ਨਾਲ ਜੁੜੇ ਰਹੇ ਹਨ।
ਇਸ ਮੌਕੇ ਕੁਲਜੀਤ ਦਿਆਲਪੁਰੀ ਨੇ ‘ਪੰਜਾਬੀ ਪਰਵਾਜ਼’ ਦੀ ਤਰਫੋਂ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ। ਉਪਰੰਤ ਉਨ੍ਹਾਂ ਦੀ ਛੋਟੀ ਬੇਟੀ ਅਜੂਨੀ ਕੌਰ ਨੇ ਪੰਜਾਬੀ ਪਰਵਾਜ਼ ਦੀ ਪਹਿਲੀ ਵਰ੍ਹੇਗੰਢ ਉਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵੱਡੀ ਬੇਟੀ ਅਸੀਸ ਕੌਰ ਨੇ ਇਹ ਸਤਰਾਂ ਪੇਸ਼ ਕਰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ:
ਔਖਾ ਕੰਮ ਨਾ ਕੋਈ ਜਹਾਨ ਉਤੇ
ਹੁੰਦਾ ਕਰਨਾ ਸਦਾ ਅਰੰਭ ਔਖਾ,
ਹੋਵੇ ਹੌਸਲਾ ਤਾਂ ਚੁੱਕ ਪਹਾੜ ਦਈਏ
ਪਰ ਬਿਨਾ ਹੌਸਲੇ ਚੁੱਕਣਾ ਖੰਭ ਔਖਾ।
ਅਨੁਰੀਤ ਕੌਰ ਨੇ ਅਖਬਾਰ ਨਾਲ ਜੁੜੀਆਂ ਉਨ੍ਹਾਂ ਸ਼ਖਸੀਅਤਾਂ ਦਾ ਵੀ ਧੰਨਵਾਦ ਕੀਤਾ, ਜੋ ਨਿੱਜੀ ਰੁਝੇਵਿਆਂ ਕਾਰਨ ਸਮਾਗਮ ਵਿੱਚ ਪਹੁੰਚ ਨਹੀਂ ਸਕੀਆਂ।
ਇਸ ਮੌਕੇ ਮੰਚ ਸੰਚਾਲਕ ਸ. ਗਿੱਲ ਦੇ ਇਹ ਬੋਲ ਵੀ ਗੂੰਜੇ:
ਜੋ ਵੀ ਭੁੱਲਣਾ ਭੁੱਲੋ, ਪਰ ਮਾਂ ਬੋਲੀ ਯਾਦ ਰਹੇ
ਰਹਿੰਦੀ ਦੁਨੀਆਂ ਤੱਕ ਪੰਜਾਬੀ ਜ਼ਿੰਦਾਬਾਦ ਰਹੇ,
‘ਪੰਜਾਬੀ ਪਰਵਾਜ਼’ ਦੀ ਚੜ੍ਹਦੀ ਕਾਲ ਰਹੇ
ਚੜ੍ਹਦੀ ਕਲਾ ਵਿੱਚ ‘ਪੰਜਾਬੀ ਪਰਵਾਜ਼’ ਰਹੇ।
ਤਕਰੀਰਾਂ ਤੋਂ ਬਾਅਦ ਮੰਚ ਸੰਚਾਲਕ ਨੇ ‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰਾਂ- ਬਲਵਿੰਦਰ ਸਿੰਘ (ਬੌਬ) ਸੰਧੂ, ਦਵਿੰਦਰ ਸਿੰਘ ਰੰਗੀ, ਜੋਧ ਸਿੰਘ ਸਿੱਧੂ, ਯਾਦਵਿੰਦਰ ਸਿੰਘ (ਰਿੰਪੀ) ਖੱਟੜਾ, ਅਮਰੀਕ ਸਿੰਘ ਸ਼ਿਕਾਗੋ, ਕਿਰਪਾਲ ਸਿੰਘ ਰੰਧਾਵਾ, ਅੰਮ੍ਰਿਤਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਚੱਠਾ, ਦਰਸ਼ਨ ਸਿੰਘ ਪੰਮਾ, ਬੇਅੰਤ ਸਿੰਘ ਬੋਪਾਰਾਏ, ਅਮਰਜੀਤ ਸਿੰਘ ਢੀਂਡਸਾ, ਗੁਰਵਿੰਦਰ ਸਿੰਘ (ਬੱਬੂ) ਐਪਲਟਨ, ਗੁਰਿੰਦਰਜੀਤ ਸਿੰਘ ਗਰੇਵਾਲ, ਦੀਦਾਰ ਸਿੰਘ ਧਨੋਆ, ਬਿਕਰਮ ਸਿੰਘ ਸਿੱਧੂ, ਮਿੰਨੀ ਮੁਲਤਾਨੀ, ਗੁਰਪ੍ਰੀਤ ਕੇ. ਸਿੰਘ, ਇੰਦਰ ਹੁੰਜਣ, ਮਨਮਿੰਦਰ ਸਿੰਘ ਹੀਰ ਤੇ ਜਿਗਰਦੀਪ ਸਿੰਘ ਢਿੱਲੋਂ ਨੂੰ ਮੰਚ `ਤੇ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦਾ ਤੁਆਰਫ ਕਰਵਾਇਆ। ਬੋਰਡ ਮੈਂਬਰਾਂ ਦੀ ਯਾਦਗਾਰੀ ਗਰੁੱਪ ਤਸਵੀਰ ਖਿੱਚੀ ਗਈ ਅਤੇ ਉਨ੍ਹਾਂ ਵੱਲੋਂ ਕੀਤੀ ਵਿੱਤੀ ਇਮਦਾਦ ਲਈ ਉਚੇਚਾ ਧੰਨਵਾਦ ਕੀਤਾ ਗਿਆ। ਕੁਝ ਬੋਰਡ ਮੈਂਬਰ- ਮਨਜਿੰਦਰ ਸਿੰਘ (ਮੈਕ) ਭਮਰਾ, ਹਰਕੇਵਲ ਸਿੰਘ ਲਾਲੀ, ਅਮਨਦੀਪ ਸਿੰਘ ਕੁਲਾਰ, ਜਗਜੀਤ ਸਿੰਘ ਖੇੜਾ (ਓਕਲਾਹੋਮਾ), ਸੰਨੀ ਧੂੜ (ਮਿਸ਼ੀਗਨ), ਪਰਮਿੰਦਰ ਸਿੰਘ ਖੇੜਾ (ਯੂਬਾ ਸਿਟੀ) ਅਤੇ ਹਰਮੀਕ ਸਿੰਘ ਗਿਰਨ ਜ਼ਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ।
ਮੁੱਖ ਮਹਿਮਾਨ ਡਾ. ਗੁਰਇਕਬਾਲ ਸਿੰਘ ਨੰਦਰਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਚ `ਤੇ ਸੱਦਿਆ ਗਿਆ। ਬੋਰਡ ਮੈਂਬਰਾਂ ਨੇ ਮੁੱਖ ਮਹਿਮਾਨ ਦਾ ਅਖਬਾਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸੇ ਦੌਰਾਨ ਸਮਾਗਮ ਦੇ ਵਿਸ਼ੇਸ਼ ਮਹਿਮਾਨ ਉੱਘੇ ਬਿਜਨਸਮੈਨ ਲਖਬੀਰ ਸਿੰਘ ਢੀਂਡਸਾ ਦਾ ਵੀ ਉਚੇਚਾ ਸਨਮਾਨ ਕੀਤਾ ਗਿਆ। ਭਾਈਚਾਰੇ ਦੀ ਬਹੁਤ ਹੀ ਪ੍ਰਮਾਣਿਤ ਸ਼ਖਸੀਅਤ ਡਾ. ਹਰਬੰਸ ਕੌਰ ਦਿਓਲ ਅਤੇ ਗਾਇਕ ਰੈਵ ਇੰਦਰ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ‘ਪੰਜਾਬੀ ਪਰਵਾਜ਼’ ਵਿੱਚ ਡਾ. ਦਿਓਲ ਦੇ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਣਕਾਰੀ ਭਰਪੂਰ ਲੇਖ ਵੀ ਛਪਦੇ ਰਹੇ ਹਨ। ਬੋਰਡ ਮੈਂਬਰਾਂ- ਮਿੰਨੀ ਮੁਲਤਾਨੀ ਤੇ ਗੁਰਪ੍ਰੀਤ ਕੇ. ਸਿੰਘ ਤੋਂ ਇਲਾਵਾ ਅਮਰੀਕਨ ਰਾਜਨੀਤੀ ਵਿੱਚ ਸਰਗਰਮ ਲਾਡੀ ਕੇ. ਸਿੰਘ ਅਤੇ ‘ਸਵੇਰਾ–ਸਿੱਖ ਵੁਮਨ ਈਰਾ’ ਦੀ ਸਰਕਰਦਾ ਜਸਬੀਰ ਕੌਰ ਮਾਨ ਨੇ ਗਾਇਕਾ ਅਵਨੀ ਸਿੰਘ, ਪੂਜਾ ਧਾਲੀਵਾਲ ਤੇ ਹਰਲੀਨ ਔਜਲਾ ਦਾ ਫੁਲਕਾਰੀ ਦੇ ਕੇ ਮਾਣ-ਤਾਣ ਕੀਤਾ।
ਇਸ ਮੌਕੇ ਡਾ. ਨੰਦਰਾ ਨੇ ਸਾਰਿਆਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਉਣ ਉਪਰੰਤ ‘ਪੰਜਾਬੀ ਪਰਵਾਜ਼’ ਵੱਲੋਂ ਭਾਈਚਾਰੇ ਵਿੱਚ ਇਹ ਸਤਿਕਾਰ ਦੇਣ ਨੂੰ ਵੱਡੇ ਮਾਣ ਵਾਲੀ ਗੱਲ ਕਿਹਾ ਤੇ ਅਖਬਾਰ ਦੇ ਬੋਰਡ ਮੈਂਬਰਾਂ ਦਾ ਧੰਨਵਾਦ ਕੀਤਾ। ਡਾ. ਨੰਦਰਾ ਨੇ ਆਪਣੇ ਕਿੱਤੇ ਬਾਰੇ ਦੱਸਿਆ ਕਿ ਮਾਨਸਿਕ ਸਿਹਤ ਲਈ ਕੇਟਾਮਾਈਨ ਉਦਯੋਗ ਵਿੱਚ ਉਨ੍ਹਾਂ ਕੋਲ ਸ਼ਿਕਾਗੋ ਦੇ ਆਈ.ਵੀ. ਸੋਲਿਊਸ਼ਨ ਕੇਟਾਮਾਈਨ ਸੈਂਟਰਾਂ ਦੀ ਅਗਵਾਈ ਕਰਨ ਦਾ ਅੱਠ ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਐਨਸਥੀਸੀਆ ਅਤੇ ਕ੍ਰਿਟੀਕਲ ਕੇਅਰ ਵਿੱਚ ਇੱਕ ਐਨਸਥੀਸੀਓਲੌਜਿਸਟ ਵਜੋਂ ਉਨ੍ਹਾਂ ਕੋਲ ਕੋਈ 25 ਸਾਲਾਂ ਦਾ ਕਲਿਨਿਕਲ ਤਜਰਬਾ ਹੈ। (ਡਾ. ਨੰਦਰਾ ਸ਼ਿਕਾਗੋ ਦੇ ਆਈ.ਵੀ. ਸੋਲਿਊਸ਼ਨ ਕੇਟਾਮਾਈਨ ਦੇ ਮੈਡੀਕਲ ਨਿਰਦੇਸ਼ਕ ਅਤੇ ਸੰਸਥਾਪਕ ਹਨ।) ਉਨ੍ਹਾਂ ਮਾਣ ਨਾਲ ਦੱਸਿਆ ਕਿ ਡਿਪਰੈਸ਼ਨ, ਚਿੰਤਾ, ਪੀ.ਟੀ.ਐਸ.ਡੀ. ਅਤੇ ਹੋਰ ਮਾਨਸਿਕ ਬਿਮਾਰੀਆਂ ਲਈ ਉਨ੍ਹਾਂ ਦੇ ਕਲਿਨਿਕ ਦੇ ਨਤੀਜੇ ਇਸ ਖੇਤਰ ਵਿੱਚ ਮੋਹਰੀ ਹਨ।
ਉਨ੍ਹਾਂ ਦੱਸਿਆ ਕਿ ਸਬੰਧਤ ਮਰੀਜ਼ਾਂ ਕੋਲ ਕੋਈ ਇੰਸ਼ੋਰੈਂਸ ਕਵਰੇਜ ਨਾ ਹੋਣ ਕਾਰਨ ਸਾਲ 2019 ਵਿੱਚ ਮੇਰੀ ਪਤਨੀ ਜਿਲ ਨੇ ਇੱਕ ਗੈਰ-ਮੁਨਾਫਾ ਸੰਸਥਾ ਸੈਰੇਨਿਟੀ ਫਾਊਂਡੇਸ਼ਨ ਸ਼ੁਰੂ ਕੀਤੀ ਅਤੇ ਇਕੱਤਰ ਫੰਡ ਨਾਲ ਲੋੜਵੰਦਾਂ ਲਈ ਇਲਾਜ ਵਿੱਚ ਮਦਦ ਕੀਤੀ। ਸਾਡਾ ਟੀਚਾ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨ ਦਾ ਹੈ ਅਤੇ ਮੇਰੇ ਲਈ ਇਹ ਇੱਕ ਤਰ੍ਹਾਂ ‘ਸੇਵਾ’ ਕਰਨ ਦੇ ਸਮਾਨ ਹੈ। ਨਿਊ ਯਾਰਕ ਵਿਖੇ ‘ਐਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਮੈਡਲ ਮੇਰੇ ਜਾਂ ਮੇਰੇ ਪਰਿਵਾਰ ਲਈ ਹੀ ਨਹੀਂ ਸਗੋਂ ਸਮੂਹ ਸਿੱਖ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ, ਕਿਉਂਕਿ ਸੰਸਾਰ ਪੱਧਰ `ਤੇ ਇਹ ਸਨਮਾਨ ਸਿਰਫ ਦੋ ਸਿੱਖ ਸ਼ਖਸੀਅਤਾਂ ਨੂੰ ਹੀ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਨਮਾਨ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੂੰ ਮਿਲਿਆ ਸੀ। ਇਹ ਸਨਮਾਨ ਅਮਰੀਕਾ ਦੇ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਦੇਸ਼ ਦੀ ਖੁਸ਼ਹਾਲੀ ਲਈ ਪਰਵਾਸੀਆਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਪਰਵਾਸੀਆਂ ਤੇ ਉਨ੍ਹਾਂ ਦੀ ਸੰਤਾਨ ਦੁਆਰਾ ਅਮਰੀਕਾ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਡਾ. ਨੰਦਰਾ ਦੇ ਪਿਤਾ ਡਾ. ਮੁਖਤਾਰ ਸਿੰਘ ਨੰਦਰਾ, ਮਾਤਾ ਹਰਭਜਨ ਕੌਰ, ਪਤਨੀ ਜਿਲ ਅਤੇ ਦੋ ਧੀਆਂ- ਲੁਏਲਾ ਅਤੇ ਲਿਵ ਤੋਂ ਇਲਾਵਾ ਭਰਾ ਡਾ. ਸੰਨੀ ਨੰਦਰਾ ਤੇ ਭਾਬੀ ਗੌਰੀਆ ਵੀ ਉਚੇਚਾ ਸਮਾਗਮ ਵਿੱਚ ਹਾਜ਼ਰ ਸਨ।
ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਸ. ਗਿੱਲ ਨੇ ਵੱਖ-ਵੱਖ ਮੀਡੀਏ ਦੀ ਸੋਚ ਅਤੇ ਅਖਬਾਰ ਕੱਢਣ ਦੀ ਜੱਦੋਜਹਿਦ ਦੱਸਣ ਲਈ ਬੁਲਾਰਿਆਂ ਦਾ ਧੰਨਵਾਦ ਕੀਤਾ। ਭਾਈਚਾਰੇ ਦੇ ਲੋਕ ਪ੍ਰੋਗਰਾਮ ਦੇ ਮਿੱਥੇ ਸਮੇਂ ਮੁਤਾਬਕ ਹੀ ਆਉਣੇ ਸ਼ੁਰੂ ਹੋ ਗਏ ਸਨ। ਸਮਾਗਮ ਦਾ ਪਹਿਲਾ ਇੱਕ ਘੰਟਾ ਲੋਕਾਂ ਦੇ ਮਿਲਣ-ਗਿਲਣ ਤੇ ਚਾਹ-ਪਾਣੀ ਲਈ ਰੱਖਿਆ ਗਿਆ ਸੀ। ਬਾਅਦ ਵਿੱਚ ਜਿਉਂ ਹੀ ਰਸਮੀ ਤੌਰ `ਤੇ ਸਮਾਗਮ ਅਰੰਭ ਹੋਇਆ ਤਾਂ ਮਿੱਥੇ ਮੁਤਾਬਕ ਪ੍ਰੋਗਰਾਮ ਤਰਤੀਬਬੱਧ ਚੱਲਦਾ ਗਿਆ। ਸਮਾਗਮ ਦੌਰਾਨ ਹਾਜ਼ਰ ਮੁਅੱਜਜ਼ ਮਹਿਮਾਨਾਂ ਨੇ ਤਵੱਜੋ ਦਿੰਦਿਆਂ ਤਕਰੀਰਾਂ ਸੁਣੀਆਂ ਅਤੇ ਪਿਆਰ ਤੇ ਖਲੂਸ ਪ੍ਰਗਟਾਉਂਦਿਆਂ ‘ਪੰਜਾਬੀ ਪਰਵਾਜ਼’ ਨਾਲ ਭਵਿੱਖ ਵਿੱਚ ਹੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਤਹੱਈਆ ਕੀਤਾ।

—————————————–

ਸੱਭਿਆਚਾਰਕ ਗੀਤਾਂ ਦੀ ਲੱਗੀ ਛਹਿਬਰ…
‘ਪੰਜਾਬੀ ਪਰਵਾਜ਼’ ਦੇ ਪਲੇਠੇ ਸਮਾਗਮ ਦੌਰਾਨ ਵੱਖ-ਵੱਖ ਸਟੇਟਾਂ ਤੋਂ ਆਏ ਗਾਇਕਾਂ ਨੇ ਸੱਭਿਆਚਾਰਕ ਗੀਤਾਂ ਦੀ ਭਰਵੀਂ ਛਹਿਬਰ ਲਾਈ ਅਤੇ ਸਮਾਗਮ ਨੂੰ ਭਰਪੂਰ ਮਨੋਰੰਜਕ ਬਣਾਇਆ। ਰਸਮੀ ਤੌਰ `ਤੇ ਪ੍ਰੋਗਰਾਮ ਸ਼ੁਰੂ ਕਰਦਿਆਂ ਲੰਮਾ ਸਮਾਂ ਰੇਡੀਓ ‘ਰੌਣਕ ਮੇਲਾ’ ਚਲਾਉਂਦੇ ਰਹੇ ਹੋਸਟ ਪੰਮੀ ਗਿੱਲ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ‘ਪੰਜਾਬੀ ਪਰਵਾਜ਼’ ਦੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਗਮ ਬਹੁਤ ਹੀ ਸਲੀਕੇ ਵਾਲਾ ਤੇ ਉਚੇ ਮਿਆਰ ਵਾਲਾ ਹੈ। ਇਸ ਮੌਕੇ ਉਨ੍ਹਾਂ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਡਾ. ਸੁਰਜੀਤ ਪਾਤਰ ਦੀਆਂ ਸਤਰਾਂ ਪੇਸ਼ ਕੀਤੀਆਂ:
ਇਸ ਧਰਤੀ ਦਾ ਲਾਲ ਹੈਂ, ਤਾਂ ਆਪਣੀ ਬੋਲੀ ਬੋਲ
ਆਪਣਾ ਬਣ ਕੇ ਬੈਠ ਤੂੰ, ਆਪਣਿਆਂ ਦੇ ਕੋਲ।
ਲੱਖ ਤੂੰ ਬੋਲ ਅੰਗਰੇਜ਼ੀਆਂ, ਜਿੱਥੇ ਜਿਸ ਦੀ ਲੋੜ
ਐਪਰ ਝੂਠੀ ਸ਼ਾਨ ਲਈ, ਮਾਂ ਤੋਂ ਮੁੱਖ ਨਾ ਮੋੜ।
ਇਸ ਮੌਕੇ ਪੰਮੀ ਗਿੱਲ ਨੇ ਸਾਜ਼ ਤੋਂ ਬਿਨਾ ਗੁਰਦਾਸ ਮਾਨ ਦਾ ਗੀਤ ‘ਸੱਜਣਾ ਵੇ ਸੱਜਣਾ’ ਪੇਸ਼ ਕੀਤਾ।
ਮਿਲਵਾਕੀ ਤੋਂ ਆਈ ਗਾਇਕਾ ਪੂਜਾ ਧਾਲੀਵਾਲ ਨੇ ਬਹੁਤ ਹੀ ਮਿਆਰੀ ਗੀਤ ‘ਖਾਲੀ ਆਏ ਖਾਲੀ ਜਾਣਾ, ਨਾਲ ਨਹੀਂ ਜਾਣਾ ਧੇਲਾ; ਸਭ ਲਈ ਇੱਕੋ ਜਿਹਾ ਇਹ ਦੁਨੀਆਂ ਦਾ ਮੇਲਾ’ ਪੇਸ਼ ਕਰਕੇ ਸਭ ਦਾ ਧਿਆਨ ਖਿੱਚ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ‘ਸੁਰਮੇਦਾਨੀ ਵਰਗਾ ਏ ਮੇਰਾ ਮਾਹੀ’ ਵੀ ਆਪਣੀ ਮਧੁਰ ਆਵਾਜ਼ ਵਿੱਚ ਪੇਸ਼ ਕੀਤਾ।
ਸਥਾਨਕ ਗਾਇਕਾ ਅਵਨੀ ਸਿੰਘ ਨੇ ‘ਬਾਜਰੇ ਦਾ ਸਿੱਟਾ ਵੇ ਅਸਾਂ ਤਲੀ `ਤੇ ਮਰੋੜਿਆ’ ਅਤੇ ‘ਕਾਲਾ ਡੋਰੀਆ’ ਸਮੇਤ ‘ਸੂਹੇ ਵੇ ਚੀਰੇ ਵਾਲਿਆ’, ‘ਆ ਜਾ ਦੋਵੇਂ ਨੱਚੀਏ’, ‘ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ’, ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’ ਅਤੇ ‘ਕਾਲਾ ਸ਼ਾਹ ਕਾਲਾ’ ਆਦਿ ਗੀਤਾਂ ਦੇ ਮੁਖੜੇ ਗਾ ਕੇ ਚੰਗਾ ਰੰਗ ਬੰਨਿਆ।
ਹਰਲੀਨ ਔਜਲਾ ਨੇ ‘ਭੱਜ ਗਈਆਂ ਮੇਰੀਆਂ ਵੰਗਾਂ, ਹਾੜਾ ਵੇ ਮੇਰੀ ਛੱਡ ਵੀਣੀ’, ‘ਜਦੋਂ ਹੌਲ਼ੀ ਜਿਹੀ ਲੈਨਾਂ ਮੇਰਾ ਨਾਂ, ਮੈਂ ਥਾਏਂ ਮਰ ਜਾਨੀ ਆਂ’ ਅਤੇ ‘ਹੋਣ ਨਾ ਦੀਦਾਰ ਜਦੋਂ ਤੇਰੇ ਮੈਨੂੰ ਸੋਹਣਿਆ, ਦਿਲ ਖੜ੍ਹ ਜਾਂਦਾ ਤੇ ਨਬਜ਼ ਰੁਕਦੀ’ ਗੀਤ ਪੇਸ਼ ਕਰਕੇ ਆਪਣੀ ਗਾਇਕੀ ਦੀ ਛਾਪ ਛੱਡੀ। ਉਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਉਚੇਚਾ ਆਪਣੇ ਮਾਪਿਆਂ ਨਾਲ ਇੰਡੀਅਨਐਪੋਲਿਸ ਤੋਂ ਆਏ ਸੀ।
ਸਮਾਗਮ ਦੌਰਾਨ ਓਹਾਇਓ ਤੋਂ ਆਏ ਗਾਇਕ ਰੈਵ ਇੰਦਰ ਨੇ ਗੀਤ ‘ਇੱਕੋ ਗੱਲ ਹੁੰਦੀ ਚੰਗੀ ਮਾੜੇ ਟਾਈਮ ਦੀ ਕਿ ਉਹ ਵੀ ਲੰਘ ਜਾਂਦਾ ਏ’ ਨਾਲ ਸ਼ੁਰੂਆਤ ਕਰਨ ਪਿੱਛੋਂ ‘ਗੋਲੀ ਮਾਰੋ ਇਹੋ ਜਿਹੇ ਬਨਾਉਟੀ ਯਾਰ ਦੇ, ਜਿਹੜਾ ਅੱਖ ਦੀ ਰਮਜ਼ ਦਾ ਪਛਾਣੇ’ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਗੀਤ ‘ਹੁੰਦੀ ਕੀ ਗਰੀਬੀ ਨਖਰੋ, ਅਸੀਂ ਮਾਰ ਕੇ ਚਪੇੜੇ ਘਰੋਂ ਕੱਢੀ ਐ’ ਪੇਸ਼ ਕੀਤਾ। ਫਿਰ ਉਸ ਨੇ ਪਰਵਾਸੀਆਂ ਦੇ ਦਰਦ ਨੂੰ ਟੋਹੰਦਾ ਤੇ ਬੜਾ ਹੀ ਭਾਵੁਕ ਕਰ ਦੇਣ ਵਾਲਾ ਗੀਤ ‘ਦਿੱਲੀ ਏਅਰਪੋਰਟ ਜ਼ਹਿਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਨੂੰ’ ਗਾਇਆ।
ਇਸ ਉਪਰੰਤ ਉਸ ਨੇ ਨੱਚਣ-ਟੱਪਣ ਵਾਲੇ ਗੀਤਾਂ ਦੀਆਂ ਸੁਰਾਂ ਛੇੜ ਲਈਆਂ। ‘ਚੜ੍ਹਦੀ ਜਵਾਨੀ ਠੇਢੇ ਵੱਜਦੇ ਹੀ ਨੇ’, ‘ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ’ ਸਮੇਤ ਹੋਰ ਗੀਤ ਗਾਉਂਦਿਆਂ ਉਸ ਨੇ ਮਹਿਮਾਨਾਂ ਨੂੰ ਨੱਚਣ ਦਾ ਸੱਦਾ ਦੇ ਦਿੱਤਾ ਅਤੇ ਨਾਲ ਹੀ ‘ਉਹਨੂੰ ਦਿਲ ਵੀ ਦਿਆਂਗੇ, ਨੱਚੀ ਜੋ ਸਾਡੇ ਨਾਲ’ ਗੀਤ ਛੋਹ ਲਿਆ। ਸੰਗੀਤ ਉਤੇ ਝੂਮਦੇ ਕੁਝ ਮਹਿਮਾਨ ਤਾਂ ਪਹਿਲਾਂ ਹੀ ਤਿਆਰ ਸਨ ਅਤੇ ਰੈਵ ਦੇ ਬੋਲਾਂ ‘ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣੇ ਦਾ ਯਾਰੋ ਢੰਗ ਹੋਵੇ’ ਉਤੇ ਉਹ ਨੱਚਣ ਲੱਗ ਪਏ। ਕੁਝ ਮਹਿਮਾਨਾਂ ਦੇ ਐਕਸ਼ਨ ਗੀਤਾਂ ਦੇ ਬੋਲਾਂ ਨਾਲ ਪੇਸ਼ ਪੇਸ਼ ਸਨ। ਫਿਰ ਰੈਵ ਇੰਦਰ ਨੇ ਬੱਬੂ ਮਾਨ ਦੇ ਗੀਤ ‘ਪਿੰਡ ਪਹਿਰਾ ਲੱਗਦਾ’ ਤੇ ‘ਸੌਣ ਦੀ ਝੜੀ’ ਗੀਤ ਗਾਏ। ਸਰਦੂਲ ਸਿਕੰਦਰ ਦਾ ਗੀਤ ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ’ ਗਾਇਆ ਅਤੇ ‘ਵੈਲੀ ਛੱਡ ਸਕਦੇ ਨੇ ਵੈਲਦਾਰੀਆਂ’ ਸਮੇਤ ਕੁਝ ਪੁਰਾਣੇ ਗੀਤਾਂ ਦੇ ਮੁਖੜੇ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆ। ਮਹਿਮਾਨਾਂ ਨੇ ਗੀਤ-ਸੰਗੀਤ ਦੇ ਨਾਲ ਨਾਲ ਮਿਲਵਾਕੀ ਤੋਂ ‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਸਵਾਦੀ ਖਾਣੇ ਦਾ ਵੀ ਭਰਪੂਰ ਅਨੰਦ ਮਾਣਿਆ। ਭਾਂਤ-ਸੁਭਾਂਤੇ ਭੋਜ-ਪਦਾਰਥ ਸੇਵਾ ਵਿੱਚ ਹਾਜ਼ਰ ਸਨ। ਸਮਾਗਮ ਦੇ ਵਧੀਆ ਤਰੀਕੇ ਨਾਲ ਹੋ ਜਾਣ ਉਤੇ ਮਹਿਮਾਨ ਖੁਸ਼ ਸਨ।

Leave a Reply

Your email address will not be published. Required fields are marked *