ਰਫ਼ਤਾਰ ਦਾ ਸੌਦਾਗਰ ਰਾਵਲਪਿੰਡੀ ਐਕਸਪ੍ਰੈਸ ਸ਼ੋਏਬ ਅਖ਼ਤਰ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (21)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਦੁਨੀਆਂ ਦੇ ਸਭ ਤੋਂ ਤੇਜ਼-ਤਰਾਰ ਗੇਂਦਬਾਜ਼ ਸ਼ੋਏਬ ਅਖ਼ਤਰ ਦਾ ਜ਼ਿਕਰ ਹੈ, ਜਿਸ ਨੂੰ ਕ੍ਰਿਕਟ ਦੀ ਦੁਨੀਆਂ ਵਿੱਚ ਰਾਵਲਪਿੰਡੀ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ; ਪਰ ਆਪਣੀ ਤੇਜ਼ ਗੇਂਦ ਵਾਲੇ ਹਮਲਾਵਰ ਸੁਭਾਅ ਦਾ ਅਸਰ ਉਸ ਦੇ ਖੇਡ ਜੀਵਨ ਉਪਰ ਵੀ ਬਹੁਤ ਪਿਆ। ਉਹ ਮੈਦਾਨ ਵਿੱਚ ਵਿਰੋਧੀ ਖਿਡਾਰੀਆਂ ਨਾਲ ਹਮਲਾਵਰ ਹੁੰਦਾ ਹੋਇਆ ਅਕਸਰ ਉਲਝਦਾ ਰਿਹਾ, ਪਰ ਕੁਮੈਂਟਰੀ ਬਾਕਸ ਵਿੱਚ ਭਾਰਤੀ ਕ੍ਰਿਕਟਰਾਂ ਨਾਲ ਉਸ ਦੇ ਮੋਹ ਤੇ ਅਪਣੱਤ ਵਾਲੇ ਰਿਸ਼ਤੇ ਹਨ। ਖੈਰ! ਤੇਜ਼ ਗੇਂਦਬਾਜ਼ੀ ਦੀ ਜਦੋਂ ਵੀ ਗੱਲ ਤੁਰੇਗੀ ਤਾਂ ਸ਼ੋਏਬ ਬਿਨਾ ਹਰ ਚਰਚਾ ਅਧੂਰੀ ਰਹੇਗੀ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਪਾਕਿਸਤਾਨ ਕ੍ਰਿਕਟ ਨੂੰ ਤੇਜ਼ ਗੇਂਦਬਾਜ਼ਾਂ ਦੀ ਖਾਨ ਆਖਿਆ ਜਾਂਦਾ ਹੈ, ਜਿਸ ਵਿੱਚੋਂ ਇੱਕ ਤੋਂ ਇੱਕ ਤੇਜ਼ ਗੇਂਦਬਾਜ਼ ਨਿਕਲਿਆ। ਉਪ ਮਹਾਂਦੀਪ ਦੀਆਂ ਦੋ ਕ੍ਰਿਕਟ ਸ਼ਕਤੀਆਂ- ਭਾਰਤ ਤੇ ਪਾਕਿਸਤਾਨ ਬਾਰੇ ਵੀ ਇਹੋ ਆਖਿਆ ਜਾਂਦਾ ਹੈ ਕਿ ਭਾਰਤ ਨੇ ਵਿਸ਼ਵ ਕ੍ਰਿਕਟ ਨੂੰ ਚੋਟੀ ਦੇ ਬੱਲੇਬਾਜ਼ ਦਿੱਤੇ ਹਨ ਅਤੇ ਪਾਕਿਸਤਾਨ ਨੇ ਤੇਜ ਗੇਂਦਬਾਜ਼। ਪਾਕਿਸਤਾਨੀ ਪੇਸਰਾਂ ਵਿੱਚ ਪ੍ਰਾਪਤੀਆਂ ਪੱਖੋਂ ਵਸੀਮ ਅਕਰਮ, ਵੱਕਾਰ ਯੂਨਿਸ, ਇਮਰਾਨ ਖਾਨ ਦੇ ਨਾਮ ਚੋਟੀ ਉਤੇ ਹਨ ਪਰ ਮਕਬੂਲੀਅਤ, ਚਰਚਾਵਾਂ ਅਤੇ ਖ਼ੌਫ਼ ਪੈਦਾ ਕਰਨ ਵਾਲੇ ਤੇਜ਼ ਗੇਂਦਬਾਜ਼ਾਂ ਵਿੱਚ ਸ਼ੋਏਬ ਅਖ਼ਤਰ ਦਾ ਨਾਮ ਆਉਂਦਾ ਹੈ, ਜਿਸ ਨੂੰ ਦੁਨੀਆਂ ਦਾ ਸਭ ਤੋਂ ਤੇਜ਼ ਗੇਂਦਬਾਜ਼ ਬਣਨ ਦਾ ਮਾਣ ਹਾਸਲ ਹੈ। ਇਸੇ ਲਈ ਉਸ ਨੂੰ ਕ੍ਰਿਕਟ ਦੀ ਦੁਨੀਆਂ ਵਿੱਚ ਰਾਵਲਪਿੰਡੀ ਐਕਸਪ੍ਰੇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਰਫ਼ਤਾਰ ਦਾ ਇਹ ਸੌਦਾਗਰ ਸਭ ਤੋਂ ਤੇਜ਼ ਗੇਂਦ ਸੁੱਟਣ ਵਿੱਚ ਮੀਰੀ ਹੈ। ਕ੍ਰਿਕਟ ਦੀ ਖੇਡ ਵਿੱਚ ਸਭ ਤੋਂ ਤੇਜ਼ ਗੇਂਦ ਸ਼ੋਏਬ ਅਖ਼ਤਰ ਨੇ 2003 ਵਿੱਚ ਇੰਗਲੈਂਡ ਖਿਲਾਫ 161.3 ਕਿਲੋਮੀਟਰ (100.2 ਮੀਲ) ਪ੍ਰਤੀ ਘੰਟਾ ਦੇ ਹਿਸਾਬ ਨਾਲ ਸੁੱਟੀ ਹੈ। ਵਿਸ਼ਵ ਕ੍ਰਿਕਟ ਵਿੱਚ ਸਿਰਫ ਤਿੰਨ ਗੇਂਦਬਾਜ਼ ਹਨ, ਜਿਨ੍ਹਾਂ 100 ਮੀਲ ਪ੍ਰਤੀ ਘੰਟਾ ਤੋਂ ਵੱਧ ਸਪੀਡ ਨਾਲ ਗੇਂਦ ਸੁੱਟੀ ਹੈ ਅਤੇ ਪੰਜ ਗੇਂਦਬਾਜ਼ਾਂ ਨੇ 160 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਗੇਂਦ ਸੁੱਟੀ ਹੈ। ਸ਼ੋਏਬ ਅਖ਼ਤਰ ਤੋਂ ਬਾਅਦ ਨਿਊਜ਼ੀਲੈਂਡ ਦੇ ਸ਼ੌਨ ਟੇਟ ਨੇ 161.1 ਕਿਲੋਮੀਟਰ (100.1 ਮੀਲ ਪ੍ਰਤੀ ਘੰਟਾ), ਆਸਟਰੇਲੀਆ ਦੇ ਬਰੈਟ ਲੀ ਨੇ ਵੀ 161.1 ਕਿਲੋਮੀਟਰ (100.1 ਮੀਲ ਪ੍ਰਤੀ ਘੰਟਾ), ਆਸਟਰੇਲੀਆ ਦੇ ਹੀ ਜੈਫਰੀ ਥੌਮਸਨ ਨੇ 160.6 ਕਿਲੋਮੀਟਰ (99.8 ਮੀਲ ਪ੍ਰਤੀ ਘੰਟਾ) ਤੇ ਮਿਸ਼ੇਲ ਸਟਾਰਕ ਨੇ 160.4 ਕਿਲੋਮੀਟਰ (99.7 ਮੀਲ ਪ੍ਰਤੀ ਘੰਟਾ) ਸਭ ਤੋਂ ਤੇਜ਼ ਗੇਂਦ ਸੁੱਟੀ ਹੈ। ਪਾਕਿਸਤਾਨ ਵਿੱਚ ਸ਼ੋਏਬ ਅਖ਼ਤਰ ਤੋਂ ਬਾਅਦ ਤੇਜ਼ ਸੁੱਟਣ ਵਾਲਾ ਗੇਂਦਬਾਜ਼ ਮੁਹੰਮਦ ਸਾਮੀ ਹੈ, ਜਿਸ ਨੇ 156.5 ਕਿਲੋਮੀਟਰ ਪ੍ਰਤੀ ਘੰਟਾ (97.1 ਮੀਲ) ਦੀ ਸਪੀਡ ਨਾਲ ਗੇਂਦ ਸੁੱਟੀ ਸੀ, ਜੋ ਕਿ ਵਿਸ਼ਵ ਕ੍ਰਿਕਟ ਵਿੱਚ ਨੌਵੇਂ ਨੰਬਰ ਉਤੇ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਾ ਗੇਂਦਬਾਜ਼ ਹੈ।
ਸ਼ੋਏਬ ਅਖ਼ਤਰ ਦਾ ਜਨਮ 13 ਅਗਸਤ 1975 ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਰਾਵਲਪਿੰਡੀ ਦੇ ਪੰਜਾਬੀ ਗੁੱਜਰ ਪਰਿਵਾਰ ਵਿੱਚ ਹੋਇਆ। ਸ਼ੋਏਬ ਦਾ ਪਿਤਾ ਮੁਹੰਮਦ ਅਖ਼ਤਰ ਧਾਰਮਿਕ ਬਿਰਤੀ ਦੇ ਸੁਭਾਅ ਦਾ ਮਿਹਨਤੀ ਇਨਸਾਨ ਸੀ, ਜੋ ਆਰਥਿਕ ਤੌਰ ਉਤੇ ਬਹੁਤ ਕਮਜ਼ੋਰ ਸੀ। ਉਹ ਰਾਤ ਨੂੰ ਪੈਟਰੋਲ ਪੰਪ ਉਤੇ ਚੌਕੀਦਾਰ ਦੀ ਡਿਊਟੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮੁਹੰਮਦ ਅਖ਼ਤਰ ਤੇ ਉਸ ਦੀ ਬੇਗਮ ਹਮੀਦਾ ਅਵਾਨ ਦੇ ਪੰਜ ਬੱਚੇ ਸਨ, ਜਿਨ੍ਹਾਂ ਵਿੱਚ ਚਾਰ ਲੜਕੇ ਅਤੇ ਚੌਥਾ ਸ਼ੋਏਬ ਸੀ। ਸ਼ੋਏਬ ਦਾ ਬਚਪਨ ਆਰਥਿਤ ਤੰਗੀਆਂ-ਤੁਰਸ਼ੀਆਂ ਵਿੱਚ ਬੀਤਿਆ। ਉਹ ਰਾਵਲਪਿੰਡੀ ਦੇ ਅਸਗਰ ਮੱਲ ਕਾਲਜ ਤੋਂ ਉਚ ਸਿੱਖਿਆ ਹਾਸਲ ਕਰ ਰਿਹਾ ਸੀ। ਘਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉਸ ਨੇ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਕ੍ਰਿਕਟ ਟੀਮ ਜੁਆਇਨ ਕਰ ਲਈ। ਟੀਮ ਦੇ ਟਰਾਇਲਾਂ ਵਿੱਚ ਹਿੱਸਾ ਲੈਣ ਮੌਕੇ ਉਸ ਕੋਲ ਬੱਸ ਦਾ ਕਿਰਾਇਆ ਦੇਣ ਜੋਗੇ ਵੀ ਪੈਸੇ ਨਹੀਂ ਸਨ, ਜਿਸ ਲਈ ਉਸ ਨੇ ਬੱਸ ਦੀ ਛੱਤ ਉਤੇ ਬੈਠ ਕੇ ਸਫਰ ਕੀਤਾ।
ਸ਼ੋਏਬ ਨੇ ਆਪਣਾ ਲਿਸਟ-ਏ ਕਰੀਅਰ 1993-94 ਵਿੱਚ ਸ਼ੁਰੂ ਕੀਤਾ ਅਤੇ ਫਸਟ ਕਲਾਸ ਕਰੀਅਰ 1994-95 ਵਿੱਚ। ਸ਼ੋਏਬ ਆਪਣੀਆਂ ਸਟੀਕ ਯਾਰਕਰ ਅਤੇ ਤੇਜ਼ ਗੇਂਦਾਂ ਨਾਲ ਜਲਦ ਹੀ ਸੁਰਖੀਆਂ ਵਿੱਚ ਆ ਗਿਆ। ਇਸ ਦੌਰਾਨ ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਾਬਕਾ ਕਪਤਾਨ ਮਜੀਦ ਖਾਨ ਦੀਆਂ ਨਜ਼ਰਾਂ ਉਤੇ ਚੜ੍ਹ ਗਿਆ। ਸ਼ੋਏਬ ਪਾਕਿਸਤਾਨ ‘ਏ’ ਟੀਮ ਵਿੱਚ ਚੁਣਿਆ ਗਿਆ। 1996 ਵਿੱਚ ਪਾਕਿਸਤਾਨ ‘ਏ’ ਟੀਮ ਦੇ ਇੰਗਲੈਂਡ ਦੌਰੇ ਤੋਂ ਬਾਅਦ ਉਸ ਦੀ ਚੋਣ ਪਾਕਿਸਤਾਨ ਦੀ ਟੀਮ ਵਿੱਚ ਹੋ ਗਈ, ਜਿੱਥੇ ਉਸ ਨੇ ਨਵੰਬਰ 1997 ਵਿੱਚ ਵੈਸਟ ਇੰਡੀਜ਼ ਖਿਲਾਫ ਆਪਣਾ ਪਹਿਲਾ ਟੈਸਟ ਖੇਡਿਆ। ਮਾਰਚ 1998 ਵਿੱਚ ਜ਼ਿੰਬਾਬਵੇ ਖਿਲਾਫ ਆਪਣਾ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਿਆ। ਉਸ ਵੇਲੇ ਪਾਕਿਸਤਾਨ ਟੀਮ ਵਿੱਚ ਵਸੀਮ ਅਕਰਮ ਤੇ ਵੱਕਾਰ ਯੂਨਿਸ ਦੋ ਚੋਟੀ ਦੇ ਤੇਜ਼ ਗੇਂਦਬਾਜ਼ ਮੌਜੂਦ ਸਨ ਅਤੇ ਤੀਜਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਮੌਜੂਦ ਸੀ। ਸ਼ੋਏਬ ਦੇ ਨਾਲ ਇੱਕ ਹੋਰ ਤੇਜ਼ ਗੇਂਦਬਾਜ਼ ਆਲ ਰਾਊਂਡਰ ਅਜ਼ਹਰ ਮਹਿਮੂਦ ਨੇ ਪਾਕਿਸਤਾਨ ਟੀਮ ਵਿੱਚ ਦਾਖਲਾ ਪਾਇਆ। ਡੇਢ ਸਾਲ ਬਾਅਦ ਛੇਵਾਂ ਤੇਜ਼ ਗੇਂਦਬਾਜ਼ ਆਲ ਰਾਊਂਡਰ ਅਬਦੁਲ ਰਜ਼ਾਕ ਵੀ ਟੀਮ ਵਿੱਚ ਆ ਗਿਆ। ਉਸ ਵੇਲੇ ਸਕਲੇਨ ਮੁਸ਼ਤਾਕ ਤੇ ਮੁਸ਼ਤਾਕ ਅਹਿਮਦ ਜਿਹੇ ਦੋ ਚੋਟੀ ਦੇ ਫਿਰਕੀ ਗੇਂਦਬਾਜ਼ ਪਾਕਿਸਤਾਨ ਟੀਮ ਦਾ ਹਿੱਸਾ ਸਨ। ਸ਼ਾਹਿਦ ਅਫਰੀਦੀ ਤੇ ਸੋਹੇਲ ਅੱਬਾਸ ਵਰਗੇ ਆਲ ਰਾਊਂਡਰ ਵੀ ਟੀਮ ਦਾ ਹਿੱਸਾ ਸਨ। ਨੱਬੇਵਿਆਂ ਦੇ ਅਖੀਰ ਵਿੱਚ ਪਾਕਿਸਤਾਨ ਕ੍ਰਿਕਟ ਕੋਲ ਵਿਸ਼ਵ ਦੇ ਬਿਹਤਰੀਨ ਗੇਂਦਬਾਜ਼ ਮੌਜੂਦ ਸਨ, ਜਿਸ ਕਰਕੇ ਆਖਰੀ ਗਿਆਰਾਂ ਖਿਡਾਰੀਆਂ ਵਿੱਚ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਸੀ। ਵੱਕਾਰ ਤੇ ਵਸੀਮ ਦੇ ਹੁੰਦਿਆਂ ਸ਼ੋਏਬ ਨੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਟੀਮ ਵਿੱਚ ਪੁਜੀਸ਼ਨ ਪੱਕੀ ਕਰਦਿਆਂ ਪਹਿਲੇ ਅੱਠ ਟੈਸਟਾਂ ਵਿੱਚ 18 ਵਿਕਟਾਂ ਲਈਆਂ।
1999 ਵਿੱਚ ਸ਼ੋਏਬ ਅਖ਼ਤਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਸੁਰਖੀਆਂ ਬਟੋਰਨ ਵਾਲਾ ਗੇਂਦਬਾਜ਼ ਬਣਿਆ, ਜਦੋਂ ਉਸ ਨੇ ਏਸ਼ੀਅਨ ਟੈਸਟ ਚੈਂਪੀਅਨਸ਼ਿਪ ਦੇ ਮੁਕਾਬਲੇ ਵਿੱਚ ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਭਾਰਤ ਖਿਲਾਫ ਖੇਡਦਿਆਂ ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ- ਸਚਿਨ ਤੇਂਦੁਲਕਰ ਤੇ ਰਾਹੁਲ ਦਰਾਵਿੜ ਨੂੰ ਦੋ ਲਗਾਤਾਰ ਗੇਂਦਾਂ ਉਤੇ ਕਲੀਨ ਬੋਲਡ ਕੀਤਾ। ਖਚਾਖਚ ਭਰੇ ਈਡਨ ਗਾਰਡਨਜ਼ ਵਿੱਚ ਇੱਕ ਵਾਰ ਤਾਂ ਪੂਰੀ ਤਰ੍ਹਾਂ ਚੁੱਪੀ ਛਾ ਗਈ ਸੀ। ਸ਼ੋਏਬ ਨੇ ਦੋ ਸਟੀਕ ਇਨ ਸਵਿੰਗ ਯਾਰਕਰ ਬਾਲਾਂ ਸੁੱਟੀਆਂ, ਜਿਸ ਨੂੰ ਕ੍ਰਿਕਟ ਜਗਤ ਵਿੱਚ ਸਰਵੋਤਮ ਗੇਂਦਾਂ ਵਿੱਚੋਂ ਇੱਕ ਆਖਿਆ ਜਾ ਸਕਦਾ। ਇਸ ਨੂੰ ਖੇਡਣ ਵਿੱਚ ਦੋਵੇਂ ਭਾਰਤੀ ਬੱਲੇਬਾਜ਼- ਸਚਿਨ ਤੇ ਦਰਾਵਿੜ ਪੂਰੀ ਤਰ੍ਹਾਂ ਅਸਫਲ ਰਹੇ ਅਤੇ ਕਲੀਨ ਬੋਲਡ ਹੋ ਗਏ। ਸ਼ੋਏਬ ਅਖ਼ਤਰ ਨੇ ਵਿਸ਼ਵ ਕ੍ਰਿਕਟ ਵਿੱਚ ਆਪਣੀ ਮੌਜੂਦਗੀ ਦਰਸਾ ਦਿੱਤੀ। ਉਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸ਼ੋਏਬ ਨੇ ਸਚਿਨ ਦੀ ਵਿਕਟ ਲਈ। ਇਸ ਤੋਂ ਬਾਅਦ ਸ਼ੋਏਬ ਪਾਕਿਸਤਾਨ ਟੀਮ ਦਾ ਅਟੁੱਟ ਹਿੱਸਾ ਬਣ ਗਿਆ।
1999 ਵਿੱਚ ਇੰਗਲੈਂਡ ਵਿਖੇ ਖੇਡੇ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ੋਏਬ ਨੇ ਵਸੀਮ, ਵੱਕਾਰ ਤੇ ਅਜ਼ਹਰ ਨਾਲ ਮਿਲ ਕੇ ਪਾਕਿਸਤਾਨੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੀਤੀ ਅਤੇ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਉਪ ਜੇਤੂ ਰਿਹਾ। 2003 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ੋਏਬ ਅਖ਼ਤਰ ਦੀ ਧਾਰ ਖੁੰਢੀ ਹੁੰਦੀ ਜਾਪੀ। ਹਾਲਾਂਕਿ ਉਸ ਨੇ ਆਪਣੇ ਕਰੀਅਰ ਅਤੇ ਵਿਸ਼ਵ ਕ੍ਰਿਕਟ ਦੀ ਸਭ ਤੋਂ ਤੇਜ਼ 161.3 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੇਂਦ ਸੁੱਟੀ, ਪਰ ਉਹ ਸਪੀਡ ਦੇ ਚੱਕਰ ਵਿੱਚ ਗੇਂਦ ਦੀ ਦਿਸ਼ਾ ਅਤੇ ਲੰਬਾਈ ਉਪਰ ਕੰਟਰੋਲ ਗਵਾ ਰਿਹਾ ਸੀ। ਭਾਰਤ ਖਿਲਾਫ ਅਹਿਮ ਮੈਚ ਵਿੱਚ ਸਚਿਨ ਤੇਂਦੁਲਕਰ ਨੇ ਜਦੋਂ ਸ਼ੋਏਬ ਦੀ ਬਾਊਂਸਰ ਉਤੇ ਥਰਡ ਮੈਨ ਤੇ ਡੀਪ ਬੈਕ ਪੁਆਇੰਟ ਵੱਲ ਛੱਕਾ ਜੜਿਆ ਤਾਂ ਜਾਪਿਆ ਜਿਵੇਂ ਸਚਿਨ 1999 ਦੇ ਕਲੀਨ ਬੋਲਡ ਦਾ ਬਦਲਾ ਲੈ ਰਿਹਾ ਹੋਵੇ। ਵਿਸ਼ਵ ਕੱਪ ਤੋਂ ਬਾਅਦ ਸ਼ੋਏਬ ਟੀਮ ਤੋਂ ਬਾਹਰ ਹੋ ਗਿਆ ਅਤੇ ਫੇਰ ਨਿਊਜ਼ੀਲੈਂਡ ਖਿਲਾਫ਼ ਟੈਸਟ ਵਿੱਚ ਮੁੜ ਵਾਪਸੀ ਹੋਈ। 2004 ਵਿੱਚ ਭਾਰਤ ਖਿਲਾਫ ਮੁਕਾਬਲਿਆਂ ਵਿੱਚ ਵੀ ਸ਼ੋਏਬ ਸੰਘਰਸ਼ ਕਰਦਾ ਨਜ਼ਰ ਆਇਆ।
2005 ਵਿੱਚ ਇੰਗਲੈਂਡ ਖਿਲਾਫ ਸ਼ੋਏਬ ਦੀ ਖੇਡ ਇੱਕ ਵਾਰ ਫੇਰ ਸ਼ਬਾਬ ਉਤੇ ਸੀ। ਉਸ ਨੇ ਆਪਣੀਆਂ ਤੇਜ਼ ਗੇਂਦਾਂ ਦੇ ਨਾਲ ਹੌਲੀ ਗੇਂਦ ਸੁੱਟਣ ਦੀ ਕਲਾ ਨਾਲ ਵੀ ਵਿਰੋਧੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਅਤੇ 17 ਵਿਕਟਾਂ ਲੈ ਕੇ ਸਰਵੋਤਮ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣਿਆ। ਸ਼ੋਏਬ ਆਪਣੀ ਫਾਰਮ ਅਤੇ ਫਿਟਨੈਸ ਦੇ ਨਾਲ ਕਈ ਵਿਵਾਦਾਂ ਕਰਕੇ ਵੀ ਟੀਮ ਵਿੱਚ ਲਗਾਤਾਰ ਅੰਦਰ-ਬਾਹਰ ਹੁੰਦਾ ਰਿਹਾ। ਬਾਲ ਟੈਂਪਰਿੰਗ, ਡਰੱਗ ਅਤੇ ਮੈਦਾਨ ਵਿੱਚ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਉਲਝਣ ਕਰਕੇ ਉਸ ਉਪਰ ਪਾਬੰਦੀ ਵੀ ਲੱਗਦੀ ਰਹੀ। ਉਹ ਦੂਜਾ ਕ੍ਰਿਕਟਰ ਹੈ, ਜਿਸ ਉਤੇ ਬਾਲ ਟੈਂਪਰਿੰਗ ਕਰਕੇ ਮੈਚ ਖੇਡਣ ਦੀ ਪਾਬੰਦੀ ਲੱਗੀ। ਇਸੇ ਤਰ੍ਹਾਂ ਇੱਕ ਵਾਰ ਉਸ ਨੇ ਦੱਖਣੀ ਅਫਰੀਕੀ ਗੇਂਦਬਾਜ਼ ਪਾਲ ਐਡਮਜ਼ ਨਾਲ ਗਾਲੀ ਗਲੋਚ ਵੀ ਕੀਤੀ, ਜਿਸ ਕਰਕੇ ਉਸ ਉਪਰ ਪਾਬੰਦੀ ਲੱਗੀ। ਆਪਣੀ ਤੇਜ਼ ਗੇਂਦ ਵਾਲੇ ਹਮਲਾਵਰ ਸੁਭਾਅ ਦਾ ਅਸਰ ਉਸ ਦੇ ਖੇਡ ਜੀਵਨ ਉਪਰ ਵੀ ਬਹੁਤ ਪਿਆ। ਉਹ ਮੈਦਾਨ ਵਿੱਚ ਵਿਰੋਧੀ ਖਿਡਾਰੀਆਂ ਨਾਲ ਹਮਲਾਵਰ ਹੁੰਦਾ ਹੋਇਆ ਅਕਸਰ ਉਲਝਦਾ ਰਿਹਾ।
2007 ਵਿੱਚ ਮੈਚਾਂ ਦੀ ਪਾਬੰਦੀ ਤੋਂ ਵਾਪਸੀ ਕਰਦਿਆਂ ਸ਼ੋਏਬ ਨੇ ਦੱਖਣੀ ਅਫਰੀਕਾ ਖਿਲਾਫ ਲੜੀ ਦੇ ਆਖਰੀ ਤੇ ਫੈਸਲਾਕੁੰਨ ਮੈਚ ਵਿੱਚ 4 ਵਿਕਟਾਂ ਲੈ ਕੇ ਆਪਣਾ ਦਮ ਦਿਖਾਇਆ। ਦਸੰਬਰ 2007 ਵਿੱਚ ਭਾਰਤ ਖਿਲਾਫ ਉਸ ਨੇ ਆਪਣਾ ਆਖਰੀ ਟੈਸਟ ਖੇਡਿਆ, ਜਦੋਂ ਕਿ ਆਪਣਾ ਆਖਰੀ ਇੱਕ ਰੋਜ਼ਾ ਮੈਚ ਮਾਰਚ 2011 ਵਿੱਚ ਜਦੋਂ ਭਾਰਤ ਵਿਖੇ ਵਿਸ਼ਵ ਕੱਪ ਖੇਡਿਆ ਗਿਆ। ਹਾਲਾਂਕਿ ਸ਼ੋਏਬ ਨੇ ਆਪਣੀ ਰਿਟਾਇਰਮੈਂਟ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈ ਲਵੇਗਾ, ਪਰ ਵਿਸ਼ਵ ਕੱਪ ਵਿੱਚ ਉਸ ਨੇ ਆਪਣਾ ਆਖਰੀ ਮੈਚ ਨਿਊਜ਼ੀਲੈਂਡ ਖਿਲਾਫ ਗਰੁੱਪ ਸਟੇਜ ਵਿੱਚ ਖੇਡਿਆ। ਨਾਕ ਆਊਟ ਸਟੇਜ ਵਿੱਚ ਉਸ ਨੂੰ ਖੇਡਣ ਦਾ ਮੌਕਾ ਨਾ ਮਿਲਿਆ।
ਸ਼ੋਏਬ ਅਖ਼ਤਰ ਨੇ ਆਪਣੇ ਇੱਕ ਡੇਢ ਦਹਾਕਾ ਕਰੀਅਰ ਵਿੱਚ 46 ਟੈਸਟ ਖੇਡ ਕੇ 178 ਵਿਕਟਾਂ ਹਾਸਲ ਕੀਤੀਆਂ। ਉਸ ਨੇ 12 ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਅਤੇ ਦੋ ਵਾਰ ਇੱਕ ਮੈਚ ਵਿੱਚ 10 ਵਿਕਟਾਂ ਹਾਸਲ ਕੀਤੀਆਂ। 11 ਦੌੜਾਂ ਦੇ ਕੇ 6 ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਰਿਹਾ। ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੋਏਬ ਨੇ 163 ਮੈਚ ਖੇਡ ਕੇ 247 ਵਿਕਟਾਂ ਲਈਆਂ। 4 ਵਾਰ ਪੰਜ ਵਿਕਟਾਂ ਲਈਆਂ, ਜਦੋਂ ਕਿ 16 ਦੌੜਾਂ ਦੇ ਕੇ 6 ਵਿਕਟਾਂ ਸਰਵੋਤਮ ਪ੍ਰਦਰਸ਼ਨ ਰਿਹਾ। ਟਵੰਟੀ–20 ਕੌਮਾਂਤਰੀ ਮੈਚ 15 ਖੇਡੇ, ਜਿਨ੍ਹਾਂ ਵਿੱਚ 19 ਵਿਕਟਾਂ ਲਈਆਂ ਅਤੇ ਸਰਵੋਤਮ ਪ੍ਰਦਰਸ਼ਨ 38 ਦੌੜਾਂ ਦੇ ਕੇ 3 ਵਿਕਟਾਂ ਸਨ। ਸ਼ੋਏਬ ਨੇ ਫਸਟ ਕਲਾਸ ਕ੍ਰਿਕਟ ਵਿੱਚ 133 ਮੈਚ ਖੇਡ ਕੇ 467 ਵਿਕਟਾਂ ਅਤੇ ਲਿਸਟ-ਏ ਕ੍ਰਿਕਟ ਵਿੱਚ 221 ਮੈਚ ਖੇਡ ਕੇ 338 ਵਿਕਟਾਂ ਹਾਸਲ ਕੀਤੀਆਂ ਹਨ।
ਪਾਕਿਸਤਾਨ ਕ੍ਰਿਕਟ ਤੋਂ ਇਲਾਵਾ ਸ਼ੋਏਬ ਨੇ ਘਰੇਲੂ ਕਰੀਅਰ ਵਿੱਚ ਪੀ.ਆਈ.ਏ., ਇਸਲਾਮਾਬਾਦ, ਰਾਵਲਪਿੰਡੀ, ਖਾਨ ਰਿਸਰਚ ਲੈਬ, ਖੇਤੀਬਾੜੀ ਵਿਕਾਸ ਬੈਂਕ ਪਾਕਿਸਤਾਨ ਦੀਆਂ ਟੀਮਾਂ ਵੱਲੋਂ ਕ੍ਰਿਕਟ ਖੇਡੀ। ਇੰਗਲਿਸ਼ ਕਾਊਂਟੀ ਸੀਜ਼ਨ ਵਿੱਚ ਸਰੇ, ਸਮਰਸੈਟ ਵੱਲੋਂ ਕ੍ਰਿਕਟ ਖੇਡੀ। ਆਈ.ਪੀ.ਐਲ. ਦੇ ਸਾਲ 2008 ਸੀਜ਼ਨ ਵਿੱਚ ਉਹ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਿਆ, ਜਿੱਥੇ ਉਸ ਨੇ ਦਿੱਲੀ ਡੇਅਰਡੈਵਲਿਜ਼ ਖਿਲਾਫ ਇੱਕ ਮੈਚ ਵਿੱਚ 133 ਸਕੋਰ ਨੂੰ ਬਚਾਉਂਦਿਆਂ 11 ਦੌੜਾਂ ਦੇ ਕੇ 4 ਵਿਕਟਾਂ ਲੈ ਲਈਆਂ ਤੇ ਵਿਰੋਧੀ ਟੀਮ ਨੂੰ 110 ਉਤੇ ਆਲ ਆਊਟ ਕਰਵਾਇਆ।
ਸ਼ੋਏਬ ਦਾ 2014 ਵਿੱਚ ਰੁਬਾਬ ਖਾਨ ਨਾਲ ਨਿਕਾਹ ਹੋਇਆ ਅਤੇ ਉਸ ਦੇ ਦੋ ਬੇਟੇ- ਮੀਕਾਈਲ ਅਲੀ ਤੇ ਮੁਜਾਦੀਦ ਅਤੇ ਇੱਕ ਬੇਟੀ ਨੂਰੀਹ ਅਲੀ ਹੈ। ਸ਼ੋਏਬ ਨੇ ਸਤੰਬਰ 2011 ਵਿੱਚ ਆਪਣੀ ਸਵੈ-ਜੀਵਨੀ ਵੀ ‘ਕੰਟਰੋਵਰਸਲੀ ਯੂਅਰਜ਼’ ਲਿਖੀ। ਉਸ ਨੇ ਓ.ਟੀ.ਟੀ. ਪਲਟੇਫਾਰਮ ਉਤੇ ਆਪਣਾ ਸ਼ੋਏਬ ਅਖ਼ਤਰ ਸ਼ੋਅ ਵੀ ਸ਼ੁਰੂ ਕੀਤਾ। ਉਸ ਨੇ ਟੀ.ਵੀ. ਸ਼ੋਅਜ਼ ਅਤੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਸ਼ੋਏਬ ਦੇ ਯੂ-ਟਿਊਬ ਚੈਨਲ ਦੇ 35 ਲੱਖ ਤੋਂ ਵੱਧ ਸਬਸਕਰਾਈਬਰਜ਼ ਹਨ। ਸ਼ੋਏਬ ਕ੍ਰਿਕਟ ਮੈਚਾਂ ਦੀ ਕੁਮੈਂਟਰੀ ਵੀ ਕਰਦਾ ਹੈ। ਲਹਿੰਦੇ ਪੰਜਾਬ ਦਾ ਹੋਣ ਕਰਕੇ ਉਸ ਦੀ ਪੰਜਾਬੀ ਵਿੱਚ ਕੁਮੈਂਟਰੀ ਭਾਰਤ ਵਿੱਚ ਬਹੁਤ ਸਲਾਹੀ ਜਾਂਦੀ ਹੈ। ਭਾਰਤੀ ਕ੍ਰਿਕਟਰਾਂ ਨਾਲ ਉਹ ਜਿੱਥੇ ਖੇਡ ਮੈਦਾਨ ਵਿੱਚ ਤਲਖ਼ੀ ਨਾਲ ਪੇਸ਼ ਆਉਂਦਾ ਰਿਹਾ, ਉਥੇ ਕੁਮੈਂਟਰੀ ਬਾਕਸ ਵਿੱਚ ਭਾਰਤੀ ਕ੍ਰਿਕਟਰਾਂ ਨਾਲ ਉਸ ਨੇ ਮੋਹ ਤੇ ਅਪਣੱਤ ਵਾਲੇ ਰਿਸ਼ਤੇ ਹਨ। ਆਪਣੀ ਬੇਬਾਕ ਤੇ ਸਪੱਸ਼ਟ ਗੱਲ ਕਰਕੇ ਉਹ ਕ੍ਰਿਕਟ ਮਾਹਿਰ ਵਜੋਂ ਭਾਰਤੀ ਟੀ.ਵੀ. ਚੈਨਲਾਂ ਦੀ ਵੀ ਪਹਿਲੀ ਪਸੰਦ ਹੈ। ਉਹ ਅਕਸਰ ਭਾਰਤੀ ਟੀ.ਵੀ. ਚੈਨਲਾਂ ਉਪਰ ਮਾਹਿਰ ਵਜੋਂ ਟਿੱਪਣੀਆਂ ਕਰਦਾ ਨਜ਼ਰ ਆਉਂਦਾ ਹੈ। ਸ਼ੋਏਬ ਦਾ ਖੇਡ ਕਰੀਅਰ ਭਾਵੇਂ ਵੱਡੇ ਖਿਡਾਰੀਆਂ ਵਾਂਗ ਲੰਬਾ ਨਹੀਂ ਰਿਹਾ ਅਤੇ ਵਿਵਾਦ ਵੀ ਕਈ ਹੋਏ, ਪਰ ਆਪਣੀ ਤੇਜ਼ ਗੇਂਦ ਅਤੇ ਸਟੀਕ ਯਾਰਕਰ ਕਰਕੇ ਉਸ ਦੀ ਗਿਣਤੀ ਹਮੇਸ਼ਾ ਹੀ ਖੌਫ਼ਨਾਕ ਗੇਂਦਬਾਜ਼ਾਂ ਵਿੱਚ ਹੁੰਦੀ ਰਹੇਗੀ। ਉਹ ਆਪਣੇ ਲੰਬੇ ਰਨ-ਅੱਪ ਲਈ ਜਾਣਿਆ ਜਾਂਦਾ ਰਿਹਾ, ਜਿਹੜਾ ਕਰੀਬ-ਕਰੀਬ ਬਾਊਂਡਰੀ ਤੋਂ ਭੱਜ ਕੇ ਗੇਂਦ ਸੁੱਟਣ ਆਉਂਦਾ ਸੀ। ਆਪਣੇ ਲੰਬੇ ਵਾਲਾਂ ਨਾਲ ਤੇਜ਼ੀ ਨਾਲ ਭੱਜਦਿਆਂ ਉਸ ਦੇ ਹਵਾ ਵਿੱਚ ਲਹਿਰਾਉਂਦੇ ਵਾਲ ਉਸ ਨੂੰ ਹੋਰ ਵੀ ਦਰਸ਼ਨੀ ਬਣਾਉਂਦੇ ਸਨ। ਵਿਕਟ ਹਾਸਲ ਕਰਨ ਤੋਂ ਬਾਅਦ ਬਾਹਾਂ ਖਿਲਾਰ ਕੇ ਹਵਾ ਵਿੱਚ ਉਡਦਾ ਉਹ ਹੋਰ ਵੀ ਖਿੱਚ ਭਰਪੂਰ ਲੱਗਦਾ ਸੀ। ਉਸ ਦਾ ਤੇਜ਼ ਐਕਸ਼ਨ ਅਤੇ ਸਿੱਧੀ ਜਰਕ ਨਾਲ ਬਾਲ ਸੁੱਟਣ ਦਾ ਅੰਦਾਜ਼ ਵੀ ਨਿਵੇਕਲਾ ਸੀ ਅਤੇ ਆਲੋਚਕ ਉਸ ਦੇ ਐਕਸ਼ਨ ਨੂੰ ਚਕਿੰਗ (ਜਰਕ ਨਾਲ ਸੁੱਟਣਾ) ਦੱਸ ਕੇ ਵਿਵਾਦਤ ਵੀ ਦੱਸਦੇ ਸਨ, ਪਰ ਉਸ ਉਪਰ ਕਿਤੇ ਵੀ ਸ੍ਰੀਲੰਕਾਈ ਸਪਿੰਨਰ ਮੁਥੱਈਆ ਮੁਰਲੀਧਰਨ ਵਾਂਗ ਗੇਂਦਬਾਜ਼ੀ ਐਕਸ਼ਨ ਕਰਕੇ ਪਾਬੰਦੀ ਲੱਗਣ ਦੀ ਨੌਬਤ ਨਹੀਂ ਆਈ। ਤੇਜ਼ ਗੇਂਦਬਾਜ਼ੀ ਦੀ ਜਦੋਂ ਵੀ ਗੱਲ ਤੁਰੇਗੀ ਤਾਂ ਸ਼ੋਏਬ ਬਿਨਾ ਹਰ ਚਰਚਾ ਅਧੂਰੀ ਰਹੇਗੀ।

Leave a Reply

Your email address will not be published. Required fields are marked *