ਖਿਡਾਰੀ ਪੰਜ-ਆਬ ਦੇ (22)
ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ
ਸੁਨਹਿਰੀ ਨਿਸ਼ਾਨਚੀ ਅਭਿਨਵ ਬਿੰਦਰਾ
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਛੋਟੀ ਉਮਰੇ ‘ਅਰਜੁਨ ਐਵਾਰਡ’ ਅਤੇ ‘ਰਾਜੀਵ ਗਾਂਧੀ ਖੇਲ ਰਤਨ’ ਪੁਰਸਕਾਰ ਹਾਸਲ ਕਰਨ ਵਾਲੇ ਨਿਸ਼ਾਨਚੀ ਅਭਿਨਵ ਬਿੰਦਰਾ ਦਾ ਕਿੱਸਾ ਛੋਹਿਆ ਗਿਆ ਹੈ। ਅਭਿਨਵ ਨਾ ਸਿਰਫ ਪੰਜਾਬ ਬਲਕਿ ਭਾਰਤ ਦਾ ਪਹਿਲਾ ਖਿਡਾਰੀ ਹੈ, ਜਿਸ ਨੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵਿਅਕਤੀਗਤ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੋਵੇ। ਅਭਿਨਵ ਬਾਰੇ ਉਸ ਦੇ ਸਾਥੀ ਨਿਸ਼ਾਨਚੀ ਇਹੋ ਕਹਿੰਦੇ ਹਨ ਕਿ ਇਹ ਕਿਸੇ ਵੱਖਰੀ ਹੀ ਮਿੱਟੀ ਦਾ ਬਣਿਆ ਹੈ, ਜਿਹੜਾ ਚੁੱਪ-ਚਾਪ ਖੇਡ ਵੱਲ ਹੀ ਧਿਆਨ ਦਿੰਦਾ ਹੈ। ਪੇਸ਼ ਹੈ, ਅਭਿਨਵ ਦੀਆਂ ਪ੍ਰਾਪਤੀਆਂ ਦਾ ਸੰਖੇਪ ਵੇਰਵਾ…
*ਅਮਰੀਕਾ ਦੀ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਬੀ.ਬੀ.ਏ. ਪਾਸ ਅਭਿਨਵ ਬਿੰਦਰਾ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਚੈਂਪੀਅਨ ਬਣਿਆ।
*ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਚਾਰ ਸੋਨੇ, ਦੋ ਚਾਂਦੀ ਤੇ ਇੱਕ ਕਾਂਸੀ ਦੇ ਤਮਗੇ ਸਣੇ ਕੁੱਲ ਸੱਤ ਤਮਗੇ ਜਿੱਤੇ ਹਨ। ਏਸ਼ਿਆਈ ਖੇਡਾਂ ਵਿੱਚ ਉਸ ਨੇ ਇੱਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ।
*‘ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ’ (ਆਈ.ਐਸ.ਐਸ.ਐਫ.) ਨੇ ਅਭਿਨਵ ਦਾ ਨਿਸ਼ਾਨੇਬਾਜ਼ੀ ਖੇਡ ਦੇ ਸਰਵੋਤਮ ਸਨਮਾਨ ‘ਬਲਿਊ ਕਰਾਸ’ ਨਾਲ ਸਨਮਾਨ ਕੀਤਾ। ਹੁਣ ਅਭਿਨਵ ਨੂੰ ਪੈਰਿਸ ਵਿਖੇ ਓਲੰਪਿਕਸ ਆਰਡਰ ਨਾਲ ਸਨਮਾਨਿਆ ਜਾ ਰਿਹਾ ਹੈ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਹਜ਼ਾਰੋ ਬਰਸ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ।
ਅਭਿਨਵ ਬਿੰਦਰਾ ਭਾਰਤੀ ਖੇਡਾਂ ਦੇ ਮੁਕਟ ਵਿੱਚ ਜੁੜਿਆ ਉਹ ਰਤਨ ਹੈ, ਜਿਸ ਦੀ ਚਮਕ ਦੂਰੋਂ-ਦੁਰਾਡਿਓਂ ਆਪਣਾ ਚਾਨਣ ਬਿਖੇਰ ਰਹੀ ਹੈ। ਅਭਿਨਵ ਨਾ ਸਿਰਫ ਪੰਜਾਬ ਬਲਕਿ ਭਾਰਤ ਦਾ ਪਹਿਲਾ ਖਿਡਾਰੀ ਹੈ, ਜਿਸ ਨੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵਿਅਕਤੀਗਤ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੋਵੇ। ਹੁਣ ਪੈਰਿਸ ਵਿਖੇ ਓਲੰਪਿਕਸ ਚੱਲ ਰਹੀਆਂ ਹਨ ਅਤੇ ਭਾਰਤ ਨੇ ਓਲੰਪਿਕ ਖੇਡਾਂ ਦੇ 128 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ 10 ਸੋਨ ਤਮਗੇ ਜਿੱਤੇ ਹਨ। ਇਨ੍ਹਾਂ ਵਿੱਚੋਂ 8 ਖੇਡ ਹਾਕੀ ਵਿੱਚ ਹਨ, ਜਦੋਂ ਕਿ ਵਿਅਕਤੀਗਤ ਵਰਗ ਵਿੱਚ ਅਭਿਨਵ ਬਿੰਦਰਾ ਤੇ ਨੀਰਜ ਚੋਪੜਾ ਨੇ ਸੋਨ ਤਮਗ਼ਾ ਜਿੱਤਿਆ। ਅਭਿਨਵ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਚੈਂਪੀਅਨ ਬਣਿਆ। ਅਭਿਨਵ ਬਿੰਦਰਾ ਨੇ ਓਲੰਪਿਕ ਖੇਡਾਂ ਵਿੱਚ ਇੱਕ ਵਾਰ ਚੈਂਪੀਅਨ ਬਣਨ ਸਮੇਤ ਤਿੰਨ ਵਾਰ ਫਾਈਨਲ ਖੇਡਿਆ, ਜਿਨ੍ਹਾਂ ਵਿੱਚੋਂ ਇੱਕ ਵਾਰ ਚੌਥੇ ਸਥਾਨ ’ਤੇ ਰਿਹਾ। ਉਸ ਨੇ ਇੱਕ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਆਪਣੇ 22 ਵਰਿ੍ਹਆਂ ਦੇ ਖੇਡ ਕਰੀਅਰ ਵਿੱਚ ਉਸ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ 150 ਦੇ ਕਰੀਬ ਤਮਗੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਚਾਰ ਸੋਨੇ, ਦੋ ਚਾਂਦੀ ਤੇ ਇੱਕ ਕਾਂਸੀ ਦੇ ਤਮਗੇ ਸਣੇ ਕੁੱਲ ਸੱਤ ਤਮਗੇ ਜਿੱਤੇ ਹਨ। ਏਸ਼ਿਆਈ ਖੇਡਾਂ ਵਿੱਚ ਉਸ ਨੇ ਇੱਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ। ਅਭਿਨਵ ਨੇ ਨਿਸ਼ਾਨੇਬਾਜ਼ੀ ਖੇਡ ਤੋਂ ਸੰਨਿਆਸ ਰੀਓ ਓਲੰਪਿਕਸ ਵਿੱਚ ਹਿੱਸਾ ਲੈਣ ਤੋਂ ਬਾਅਦ 5 ਸਤੰਬਰ 2016 ਨੂੰ ਲਿਆ। ਇਸ ਤੋਂ ਬਾਅਦ ਉਸ ਨੇ ਅਭਿਨਵ ਬਿੰਦਰਾ ਫਾਊਂਡੇਸ਼ਨ ਬਣਾਈ। ਬਿਨਾ ਕਿਸੇ ਲਾਭ ਤੋਂ ਇਹ ਸੰਸਥਾ ਸਪੋਰਟਸ ਸਾਇੰਸ, ਤਕਨਾਲੋਜੀ, ਵਧੀਆ ਪ੍ਰਦਰਸ਼ਨ ਲਈ ਫਿਜ਼ੀਕਲ ਟਰੇਨਿੰਗ ਉਤੇ ਕੰਮ ਕਰਦੀ ਹੈ।
ਅਭਿਨਵ ਬਿੰਦਰਾ ਸਭ ਤੋਂ ਛੋਟੀ ਉਮਰੇ ‘ਅਰਜੁਨ ਐਵਾਰਡ’ ਅਤੇ ‘ਰਾਜੀਵ ਗਾਂਧੀ ਖੇਲ ਰਤਨ’ ਪੁਰਸਕਾਰ ਹਾਸਲ ਕਰਨ ਵਾਲਾ ਖਿਡਾਰੀ ਹੈ। ਉਸ ਨੂੰ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਨਿਸ਼ਾਨੇਬਾਜ਼ੀ ਖੇਡ ਦਾ ਸਰਵਉੱਚ ਅਤੇ ਭਾਰਤੀ ਖੇਡ ਦਾ ਸਰਵੋਤਮ ਸਨਮਾਨ ਮਿਲ ਚੁੱਕਾ ਹੈ। ਅਭਿਨਵ ਨੂੰ 2000 ਵਿੱਚ ‘ਅਰਜੁਨ ਐਵਾਰਡ’, 2002 ਵਿੱਚ ਭਾਰਤ ਦਾ ਸਭ ਤੋਂ ਵੱਡਾ ਖੇਡ ਐਵਾਰਡ ‘ਰਾਜੀਵ ਗਾਂਧੀ ਖੇਲ ਰਤਨ’ ਅਤੇ 2009 ਵਿੱਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪਦਮਾ ਭੂਸ਼ਣ’ ਮਿਲ ਚੁੱਕਾ ਹੈ। ਨਿਸ਼ਾਨੇਬਾਜ਼ੀ ਖੇਡ ਦੀ ਕੌਮਾਂਤਰੀ ਸੰਸਥਾ ‘ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ’ (ਆਈ.ਐਸ.ਐਸ.ਐਫ.) ਨੇ ਭਾਰਤ ਦੇ ਇਸ ਸੁਨਹਿਰੀ ਨਿਸ਼ਾਨਚੀ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਸਰਵੋਤਮ ਸਨਮਾਨ ‘ਬਲਿਊ ਕਰਾਸ’ ਨਾਲ ਸਨਮਾਨਤ ਕੀਤਾ। 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਗੁੱਡਵਿੱਲ ਅੰਬੈਡਸਰ ਨਿਯੁਕਤ ਕੀਤਾ। 2010 ਦੀਆਂ ਰਾਸ਼ਟਰਮੰਡਲ ਖੇਡਾਂ, ਜਿਸ ਦੀ ਭਾਰਤ ਨੇ ਪਹਿਲੀ ਵਾਰ ਮੇਜ਼ਬਾਨੀ ਕੀਤੀ ਸੀ, ਵਿੱਚ ਉਹ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਹੁਣ ਅਭਿਨਵ ਨੂੰ ਪੈਰਿਸ ਵਿਖੇ ਓਲੰਪਿਕਸ ਆਰਡਰ ਨਾਲ ਸਨਮਾਨਿਆ ਜਾ ਰਿਹਾ ਹੈ। ਉਹ ਪੈਰਿਸ ਵਿਖੇ ਮਸ਼ਾਲ ਲੈ ਕੇ ਵੀ ਦੌੜਿਆ।
ਭਾਰਤੀ ਸੈਨਾ ਉਸ ਨੂੰ ਆਨਰੇਰੀ ਲੈਫਟੀਨੈਂਟ ਕਰਨਲ ਦੇ ਰੈਂਕ ਨਾਲ ਵੀ ਸਨਮਾਨ ਦੇ ਚੁੱਕੀ ਹੈ। ਐਸ.ਆਰ.ਐਮ. ਯੂਨੀਵਰਸਿਟੀ ਅਮਰਾਵਤੀ ਵੱਲੋਂ ਅਭਿਨਵ ਨੂੰ ਆਨਰੇਰੀ ਡਾਕਟਰੇਟ (ਡੀ.ਲਿਟ) ਦੀ ਡਿਗਰੀ ਦਿੱਤੀ ਗਈ। ਅਸਾਮ ਦੀ ਕਾਜ਼ੀਰੰਗਾ ਯੂਨੀਵਰਸਿਟੀ ਨੇ ਡੀ.ਫਿਲ ਦੀ ਡਿਗਰੀ ਦਿੱਤੀ। ਉਹ ਕੌਮਾਂਤਰੀ ਓਲੰਪਿਕ ਕਮੇਟੀ ਅਥਲੀਟ ਕਮਿਸ਼ਨ ਦਾ ਮੌਜੂਦਾ ਮੈਂਬਰ ਹੈ। ਅਭਿਨਵ ਖੇਡਾਂ ਦੇ ਨਾਲ ਪੜ੍ਹਾਈ ਵਿੱਚ ਵੀ ਮੋਹਰੀ ਰਿਹਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਉਸ ਨੇ ਬੀ.ਬੀ.ਏ. ਪਾਸ ਕੀਤੀ ਹੈ। ਖੇਡਾਂ ਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਤੇ ਖੋਜਾਂ ਨੂੰ ਲਿਆਉਣ ਵਾਲੀ ਸੰਸਥਾ ਅਭਿਨਵ ਬਿੰਦਰਾ ਫਿਊਚਰਸਟਿਕ ਲਿਮਟਿਡ ਦਾ ਉਹ ਸੀ.ਈ.ਓ. ਹੈ। ਅਭਿਨਵ ਨੇ 2011 ਵਿੱਚ ਆਪਣੇ ਖੇਡ ਸਫਰ ’ਤੇ ਸਵੈ-ਜੀਵਨੀ ‘ਏ ਸ਼ੂਟ ਐਟ ਹਿਸਟਰੀ: ਮਾਈ ਓਬੈਸਿਸਵ ਜਰਨੀ ਟੂ ਓਲੰਪਿਕ ਗੋਲਡ’ ਲਿਖੀ, ਜਿਹੜੀ ਹਾਰਪਰ ਸਪੋਰਟ ਨੇ ਪ੍ਰਕਾਸ਼ਿਤ ਕੀਤੀ। ਅਭਿਨਵ ਦੀ ਜ਼ਿੰਦਗੀ ’ਤੇ ਬਾਇਓ ਪਿਕ ਵੀ ਬਣ ਰਹੀ ਹੈ, ਜਿਸ ਵਿਚ ਉਸ ਹਰਸ਼ਵਰਧਨ ਕਪੂਰ ਮੁੱਖ ਕਿਰਦਾਰ ਨਿਭਾਅ ਰਿਹਾ ਹੈ।
28 ਸਤੰਬਰ 1982 ਨੂੰ ਜਨਮੇ ਅਭਿਨਵ ਬਿੰਦਰਾ ਨੇ ਜ਼ੀਰਕਪੁਰ ਨੇੜੇ ਬਿੰਦਰਾ ਫਾਰਮ ਵਿੱਚ ਆਪਣੇ ਘਰ ਬਣਾਈ ਸ਼ੂਟਿੰਗ ਰੇਂਜ ਵਿੱਚ ਵੀ ਛੋਟੇ ਹੁੰਦਿਆਂ ਓਲੰਪਿਕ ਜਿੱਤਣ ਦਾ ਸੁਫਨਾ ਸੰਜੋਇਆ ਸੀ। 10 ਮੀਟਰ ਏਅਰ ਰਾਈਫਲ ਈਵੈਂਟ ਵਾਲਾ ਬਿੰਦਰਾ ਸਿਡਨੀ ਓਲੰਪਿਕ ਖੇਡਾਂ (2000) ਵਿੱਚ ਸਭ ਤੋਂ ਛੋਟੀ ਉਮਰ ਦਾ ਨਿਸ਼ਾਨੇਬਾਜ਼ ਸੀ। ਇਸ ਤੋਂ ਪਹਿਲਾਂ ਉਸ ਨੇ 15 ਵਰਿ੍ਹਆਂ ਦੀ ਉਮਰੇ 1998 ਦੀਆਂ ਕੁਆਲਾਲੰਪਰ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ। ਕੌਮਾਂਤਰੀ ਪੱਧਰ ’ਤੇ ਅਭਿਨਵ ਦੀ ਪਹਿਲੀ ਵੱਡੀ ਪਛਾਣ 2001 ਵਿੱਚ ਬਣੀ, ਜਦੋਂ ਉਸ ਨੇ ਮਿਊਨਿਖ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਪਹਿਲੀ ਵਾਰ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਿਆ।
2006 ਵਿੱਚ ਅਭਿਨਵ ਨੇ ਜ਼ੈਗਰੇਬ ਵਿਖੇ ਵਿਸ਼ਵ ਚੈਂਪੀਅਨ ਬਣ ਕੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਦਾ ਸੋਨ ਤਮਗਾ ਦਿਵਾਇਆ। ਉਸ ਦੇ ਨਾਲ ਇਹੋ ਪ੍ਰਾਪਤੀ ਪੰਜਾਬ ਦੇ ਇੱਕ ਹੋਰ ‘ਖੇਡ ਰਤਨ’ ਮਾਨਵਜੀਤ ਸਿੰਘ ਸੰਧੂ ਨੇ ਵੀ ਦਿਵਾਈ ਸੀ। 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ ਉਹ ਫ਼ਾਈਨਲ ਵਿੱਚ ਤਮਗੇ ਤੋਂ ਖੁੰਝ ਗਿਆ। ਬਿੰਦਰਾ ਨੇ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ 700.5 ਅੰਕ ਲੈ ਕੇ ਭਾਰਤ ਨੂੰ ਪਹਿਲੀ ਵਾਰ ਵਿਅਕਤੀਗਤ ਖੇਡਾਂ ਵਿੱਚ ਓਲੰਪਿਕ ਚੈਂਪੀਅਨ ਬਣਨ ਦਾ ਮਾਣ ਬੀਜਿੰਗ ਦੀ ਲੁਸੇਲ ਰੇਂਜ ਵਿਖੇ 10 ਅਗਸਤ ਨੂੰ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫ਼ਲ ਈਵੈਂਟ ਵਿੱਚ ਦਿਵਾਇਆ। ਉਸ ਵੇਲੇ ਮੈਂ ‘ਪੰਜਾਬੀ ਟ੍ਰਿਬਿਊਨ’ ਤਰਫੋਂ ਬੀਜਿੰਗ ਵਿਖੇ ਓਲੰਪਿਕ ਖੇਡਾਂ ਦੀ ਕਵਰੇਜ਼ ਲਈ ਆਇਆ ਸੀ ਅਤੇ ਇਤਿਹਾਸ ਬਣਦਿਆਂ ਅੱਖੀਂ ਵੇਖਿਆ।
ਅਭਿਨਵ ਬਿੰਦਰਾ ਨੇ ਪੰਜ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ। ਉਸ ਨੇ 2000 ਵਿੱਚ ਸਿਡਨੀ, 2004 ਵਿੱਚ ਏਥਨਜ਼, 2008 ਵਿੱਚ ਬੀਜਿੰਗ, 2012 ਵਿੱਚ ਲੰਡਨ ਅਤੇ 2016 ਵਿੱਚ ਰੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ। ਰੀਓ ਓਲੰਪਿਕਸ ਦੇ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਉਹ ਦੂਜੀ ਵਾਰ ਓਲੰਪਿਕ ਪੋਡੀਅਮ ’ਤੇ ਪਹੁੰਚਣ ਤੋਂ ਇੱਕ ਕਦਮ ਪਿੱਛੇ ਰਹਿ ਗਿਆ। ਇਹ ਉਸ ਦੀ ਆਖਰੀ ਓਲੰਪਿਕ ਸੀ, ਜਿੱਥੇ ਉਹ ਚੌਥੇ ਨੰਬਰ ’ਤੇ ਰਿਹਾ। ਰਾਸ਼ਟਰਮੰਡਲ ਖੇਡਾਂ ਦੀ ਗੱਲ ਕਰੀਏ ਤਾਂ ਬਿੰਦਰਾ ਨੇ 2002 ਵਿੱਚ ਮਾਨਚੈਸਟਰ, 2006 ਵਿੱਚ ਮੈਲਬਰਨ, 2010 ਵਿੱਚ ਦਿੱਲੀ ਅਤੇ 2014 ਵਿੱਚ ਗਲਾਸਗੋ ਵਿਖੇ ਹੋਈਆਂ ਕ੍ਰਮਵਾਰ ਚਾਰੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਰ ਸੋਨ ਤਮਗੇ, 2 ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। 2010 ਵਿੱਚ ਹੀ ਗੁਆਂਗਜ਼ੂ ਏਸ਼ਿਆਈ ਖੇਡਾਂ ਵਿੱਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ।
ਅਭਿਨਵ ਦੀ ਖੇਡ ਭਾਵੇਂ ਨਿਸ਼ਾਨੇਬਾਜ਼ੀ ਹੈ, ਪਰ ਪਤਲਾ ਛਾਟਵਾਂ ਸਰੀਰ ਹੋਣ ਕਰ ਕੇ ਦੇਖਣ ਵਾਲਾ ਉਸ ਦੇ ਅਥਲੀਟ ਹੋਣ ਤਾਂ ਭੁਲੇਖਾ ਖਾ ਲੈਂਦਾ। ਦੇਖਣ ਨੂੰ ਸੋਹਣਾ ਸੁਨੱਖਾ ਇਹ ਨਿਸ਼ਾਨਚੀ ਕਿਸੇ ਫਿਲਮੀ ਐਕਟਰ ਤੋਂ ਵੀ ਘੱਟ ਨਹੀਂ ਲੱਗਦਾ। ਅਭਿਨਵ ਬਾਰੇ ਉਸ ਦੇ ਸਾਥੀ ਨਿਸ਼ਾਨਚੀ ਇਹੋ ਕਹਿੰਦੇ ਹਨ ਕਿ ਇਹ ਕਿਸੇ ਵੱਖਰੀ ਹੀ ਮਿੱਟੀ ਦਾ ਬਣਿਆ ਹੈ, ਜਿਹੜਾ ਚੁੱਪ-ਚਾਪ ਖੇਡ ਵੱਲ ਹੀ ਧਿਆਨ ਦਿੰਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਉਹ ਭਾਰਤ ਦਾ ਇਕਲੌਤਾ ਓਲੰਪਿਕ ਚੈਂਪੀਅਨ ਖਿਡਾਰੀ ਹੈ। ਇਕਾਗਰਤਾ ਦੇ ਨਾਲ ਉਹ ਪ੍ਰੈਕਟਿਸ ਵੱਲ ਵਿਸ਼ੇਸ਼ ਧਿਆਨ ਦਿੰਦਾ ਅਤੇ ਆਪਣੇ ਖੇਡ ਕਰੀਅਰ ਦੌਰਾਨ ਰੋਜ਼ਾਨਾ 9-10 ਘੰਟੇ ਦੇ ਪ੍ਰੈਕਟਿਸ ਸ਼ਡਿਊਲ ਵਿੱਚ ਉਹ 8 ਘੰਟੇ ਸਿਰਫ ਨਿਸ਼ਾਨੇਬਾਜ਼ੀ ਹੀ ਕਰਦਾ ਹੁੰਦਾ ਸੀ। ਜਰਮਨੀ ਵਿੱਚ ਕੋਚਿੰਗ ਲੈਣ ਤੋਂ ਇਲਾਵਾ ਉਹ ਜਦੋਂ ਜ਼ੀਰਕਪੁਰ ਸਥਿਤ ਆਪਣੇ ਬਿੰਦਰਾ ਫਾਰਮ ਆਇਆ ਹੁੰਦਾ ਹੈ ਤਾਂ ਉਥੇ ਵੀ ਪਿਤਾ ਏ.ਐਸ. ਬਿੰਦਰਾ ਵੱਲੋਂ ਘਰ ਵਿੱਚ ਹੀ ਕੌਮਾਂਤਰੀ ਮਿਆਰ ਦੀ ਬਣਾਈ ਏਅਰ ਕੰਡੀਸ਼ਨਡ ਸ਼ੂਟਿੰਗ ਰੇਂਜ ਵਿੱਚ ਅਭਿਆਸ ਕਰਦਾ ਹੁੰਦਾ ਸੀ। ਉਸ ਦੇ ਪਿਤਾ ਵੱਲੋਂ ਘਰ ਵਿੱਚ ਬੀਜਿੰਗ ਦੀ ਲੁਸੇਲ ਰੇਂਜ ਵਾਲਾ ਮਾਹੌਲ ਸਿਰਜਿਆ ਗਿਆ ਸੀ। ਉਹੋ ਜਿਹਾ ਤਪਮਾਨ, ਇੱਥੋਂ ਤੱਕ ਸ਼ੂਟਿੰਗ ਰੇਂਜ ਦੀਆਂ ਦੀਵਾਰਾਂ, ਟਾਈਲਾਂ ਦਾ ਰੰਗ-ਰੋਗਨ ਵੀ ਬੀਜਿੰਗ ਵਾਲਾ ਕੀਤਾ ਗਿਆ ਸੀ। ਅਭਿਨਵ ਦੀ ਸੁਨਹਿਰੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਵੱਲੋਂ ਮੁਹੱਈਆ ਕਰਵਾਏ ਗਏ ਮਾਹੌਲ ਦਾ ਵੀ ਅਹਿਮ ਯੋਗਦਾਨ ਸੀ।