*ਖੇਡ ਤੇ ਸੱਭਿਆਚਾਰਕ ਮੇਲੇ ਲਈ ਤਿਆਰੀਆਂ ਅਰੰਭ
*ਹਰਜੀਤ ਹਰਮਨ ਲਾਏਗਾ ਗਾਇਕੀ ਦਾ ਖੁੱਲ੍ਹਾ ਅਖਾੜਾ
*ਰੱਸਾਕਸ਼ੀ ਤੇ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ
ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ੇਰ-ਏ-ਪੰਜਾਬ ਸਪੋਰਟਸ ਕਲੱਬ (ਮਿਡਵੈਸਟ) ਸ਼ਿਕਾਗੋ ਦਾ ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਲੇਬਰ ਡੇਅ ਵੀਕਐਂਡ `ਤੇ ਪਹਿਲੀ ਸਤੰਬਰ 2024 (ਐਤਵਾਰ) ਨੂੰ ਬਸੀ ਵੁੱਡਜ਼ ਸਾਊਥ, ਗਰੋਵ 5, ਐਲਕ ਗਰੂਵ ਵਿਲੇਜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਦੇ ਨਾਮੀ ਖਿਡਾਰੀ ਆਪਣੀ ਖੇਡ ਦੇ ਜ਼ੌਹਰ ਨਾਲ ਕਬੱਡੀ ਮੈਚਾਂ ਨੂੰ ਦਿਲਚਸਪ ਬਣਾਉਣਗੇ।
ਇਸ ਸਬੰਧੀ ਬੀਤੇ ਐਤਵਾਰ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਕਲੱਬ ਦੀ ਮੀਟਿੰਗ ਦੌਰਾਨ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਲੱਬ ਮੁਤਾਬਕ ਇਸ ਸਾਲ ਦਾ ਇਹ ਕਬੱਡੀ ਕੱਪ ਯਾਦਗਾਰੀ ਹੋ ਨਿਬੜੇਗਾ, ਕਿਉਂਕਿ ਇਸ ਵਿੱਚ ਨਾਮੀ ਕਬੱਡੀ ਟੀਮਾਂ ਆਪਣੀ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਵਾਲੀਬਾਲ ਦੇ ਮੁਕਾਬਲਿਆਂ ਸਮੇਤ ਬੀਬੀਆਂ ਅਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਭਾਈਚਾਰੇ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਤੇ ਮਨੋਰੰਜਨ ਦੇ ਮੱਦੇਨਜ਼ਰ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇੰਡੀਆਨਾ ਤੋਂ ਦੋ ਟੀਮਾਂ ਇਸ ਮੁਕਾਬਲੇ ਲਈ ਤਿਆਰ ਹਨ। ਕਲੱਬ ਅਨੁਸਾਰ ਸ਼ਿਕਾਗੋ ਅਤੇ ਮਿਲਵਾਕੀ ਵਾਲਿਆਂ ਦੀ ਟੀਮ ਨੂੰ ਵੀ ਹੁਣ ਰੱਸਾਕਸ਼ੀ ਮੁਕਾਬਲੇ ਲਈ ਤਿਆਰੀ ਅਰੰਭ ਕਰ ਲੈਣੀ ਚਾਹੀਦੀ ਹੈ। ਇਹ ਮੇਲਾ ਸਮੂਹ ਸੱਭਿਆਚਾਰਕ, ਧਾਰਮਿਕ ਅਤੇ ਖੇਡ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜੋ ਸਵੇਰੇ 10:30 ਵਜੇ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇਗਾ।
ਖੇਡ ਮੁਕਾਬਲਿਆਂ ਉਪਰੰਤ ਨਾਮੀ ਪੰਜਾਬੀ ਗਾਇਕ ਹਰਜੀਤ ਹਰਮਨ ਆਪਣੀ ਉਮਦਾ ਗਾਇਕੀ ਦਾ ਖੁੱਲ੍ਹਾ ਅਖਾੜਾ ਲਾਵੇਗਾ। ਮੇਲੇ ਦੌਰਾਨ ਮੁੱਖ ਮਹਿਮਾਨ ਅਮਰਜੀਤ ਸਿੰਘ ਢੀਂਡਸਾ ਤੇ ਲਖਬੀਰ ਸਿੰਘ ਢੀਂਡਸਾ ਹੋਣਗੇ। ਮੇਲੇ ਦੇ ਚੇਅਰਮੈਨ ਬਲਦੇਵ ਸਿੰਘ ਸੱਲ੍ਹਾਂ ਹਨ, ਜਦਕਿ ‘ਡਾਇਰੈਕਟਰ ਆਫ ਈਵੈਂਟ’ ਗੁਰਜਤਿੰਦਰ ਸਿੰਘ ਗਰੇਵਾਲ ਹਨ। ਇਸ ਤੋਂ ਇਲਾਵਾ ਭਾਈਚਾਰੇ ਦੇ ਹੋਰ ਵੀ ਖਾਸ ਮਹਿਮਾਨ ਮੇਲੇ ਵਿੱਚ ਸ਼ਿਰਕਤ ਕਰਨਗੇ।
ਕਲੱਬ ਅਨੁਸਾਰ ਆਏ ਮਹਿਮਾਨਾਂ ਲਈ ਪਾਰਕਿੰਗ ਮੁਫਤ ਹੋਵੇਗੀ ਅਤੇ ਖਾਣ-ਪੀਣ ਦਾ ਖੁੱਲ੍ਹਾ ਤੇ ਵਧੀਆ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਸੁਰੱਖਿਆ ਦਾ ਉਚੇਚਾ ਪ੍ਰਬੰਧ ਹੋਵੇਗਾ। ਕਲੱਬ ਨੇ ਸਮੂਹ ਭਾਈਚਾਰੇ, ਖਿਡਾਰੀਆਂ ਅਤੇ ਖੇਡ ਪ੍ਰੋਮੋਟਰਾਂ ਨੂੰ ਮੇਲੇ ਦੀ ਰੌਣਕ ਵਧਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਹੈ। ਇਸੇ ਦੌਰਾਨ ਕਲੱਬ ਨੇ ਅਪੀਲ ਕੀਤੀ ਹੈ ਕਿ ਦਰਸ਼ਕ ਪਾਰਕਿੰਗ ਲਾਟ ਵਿੱਚ ਆਪਣੀਆਂ ਗੱਡੀਆਂ ਤਰਤੀਬਬੱਧ ਹੀ ਖੜ੍ਹੀਆਂ ਕਰਨ, ਤਾਂ ਜੋ ਹੋਰ ਦਰਸ਼ਕਾਂ ਨੂੰ ਗੱਡੀਆਂ ਪਾਰਕ ਕਰਨ ਦੀ ਸਹੂਲਤ ਰਹੇ। ਕਲੱਬ ਨੇ ਸਭ ਨੂੰ ਮੇਲੇ ਦੇ ਮਿੱਥੇ ਸਮੇਂ ਮੁਤਾਬਕ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਮੇਲਾ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ ਅਤੇ ਵਿਲੇਜ ਵੱਲੋਂ ਦਿੱਤੀ ਪ੍ਰਵਾਨਗੀ ਤਹਿਤ ਮੇਲਾ ਸਮੇਂ ਸਿਰ ਸੰਪਨ ਹੋ ਸਕੇ।
ਕਲੱਬ ਦੇ ਨੁਮਾਇੰਦਿਆਂ ਮੁਤਾਬਕ ਇਸ ਮੇਲੇ ਦਾ ਮੁੱਖ ਮਕਸਦ ਖੇਡਾਂ ਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਨਾ ਹੈ। ਯਾਦ ਰਹੇ, ਇਹ ਕਲੱਬ ਪਿਛਲੇ ਕਈ ਸਾਲਾਂ ਤੋਂ ਖੇਡ ਤੇ ਸੱਭਿਆਚਾਰਕ ਮੇਲੇ ਕਰਵਾਉਂਦਾ ਆ ਰਿਹਾ ਹੈ ਅਤੇ ਹੁਣ ਤੱਕ ਕਈ ਕਬੱਡੀ ਖਿਡਾਰੀਆਂ ਤੇ ਗਾਇਕਾਂ ਨੂੰ ਪ੍ਰੋਮੋਟ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮਿਡਵੈਸਟ ਵਿੱਚ ਹੁੰਦੇ ਖੇਡ ਤੇ ਸੱਭਿਆਚਾਰਕ ਮੇਲਿਆਂ ਦੌਰਾਨ ਜਿੱਥੇ ਭਾਈਚਾਰਾ ਜੁੜ ਕੇ ਆਪਣੇ ਵਿਰਸੇ ਤੇ ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਯੋਗਦਾਨ ਪਾਉਂਦਾ ਹੈ, ਉਥੇ ਇਹ ਮੇਲੇ ਮਨੋਰੰਜਨ ਦੇ ਮੌਕੇ ਵੀ ਹੋ ਨਿਬੜਦੇ ਹਨ। ਕਲੱਬ ਨੇ ਸਪਾਂਸਰਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਨਾਲ ਫੋਨ: 815-690-0941, ਮੀਤ ਪ੍ਰਧਾਨ ਜਸਰੂਪ ਸਿੰਘ ਫੋਨ: 224-578-2939, ਖਜ਼ਾਨਚੀ ਅੰਮ੍ਰਿਤਪਾਲ ਮਾਂਗਟ ਫੋਨ: 847-890-0704 ਜਾਂ ਹੋਰ ਕਲੱਬ ਮੈਂਬਰਾਂ- ਅੰਮ੍ਰਿਤਪਾਲ ਸਿੰਘ ਗਿੱਲ ਫੋਨ: 920-460-1001, ਹਰਦੀਪ ਸਿੰਘ ਬੰਦੇਸ਼ਾ ਫੋਨ: 815-546-0525, ਗੁਰਦੇਵ ਸਿੰਘ ਗਿੱਲ ਫੋਨ: 847-271-7451, ਪਰਮਿੰਦਰ ਸਿੰਘ ਵਾਲੀਆ ਫੋਨ: 847-477-1613, ਅਮਰਦੇਵ ਸਿੰਘ ਬੰਦੇਸ਼ਾ ਫੋਨ: 708-612-7963, ਬਲਵਿੰਦਰ ਸਿੰਘ ਚੱਠਾ ਫੋਨ: 630-523-3412, ਦਰਸ਼ਨ ਸਿੰਘ ਪੰਮਾਂ ਫੋਨ: 847-561-7101, ਅਮਰਜੀਤ ਸਿੰਘ ਬੰਦੇਸ਼ਾ ਫੋਨ: 815-474-5424 ਜਾਂ ਮਨਜਿੰਦਰ ਸਿੰਘ ਚੀਮਾ ਨਾਲ ਫੋਨ: 815-261-2148 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।