ਸੰਦੀਪ ਸ਼ਰਮਾ ਦੀ ਕਵਿਤਾ ਦਾ ਸੁਹਜ
ਪਰਮਜੀਤ ਸੋਹਲ
ਜਿਵੇਂ ਕਹਿੰਦੇ ਹੁੰਦੇ ਹਨ ਕਿ ਪਿੰਡ ਦੇ ਭਾਗ ਫਿਰਨੀ ਦੇ ਦੋਪਾਸੀਂ ਪਾਥੀਆਂ ਦੇ ਗੁਹਾਰਿਆਂ ਤੋਂ ਹੀ ਉਜਾਗਰ ਹੋ ਜਾਂਦੇ ਹਨ, ਇਵੇਂ ਹੀ ਸੰਦੀਪ ਸ਼ਰਮਾ ਦੀ ਕਾਵਿ-ਪੁਸਤਕ ‘ਓਹ ਸਾਂਭਣਾ ਜਾਣਦੀ ਮੈਨੂੰ’ ਦੇ ਮੁੱਖ ਪੰਨੇ ਦੇ ਕਲਾਤਮਿਕ ਚਿੱਤਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਸਦੀ ਕਵਿਤਾ ਕਿਹੋ ਜਿਹੇ ਅਹਿਸਾਸ ਦੀ ਕਵਿਤਾ ਹੈ। ਮੁੱਖ ਚਿੱਤਰ ਵਿੱਚ ਇੱਕ ਔਰਤ ਇੱਕ ਪਾਲਤੂ ਬੱਤਖ ਨੂੰ ਗੋਡੇ ’ਤੇ ਬਿਠਾ ਕੇ ਦੁਲਾਰ ਰਹੀ ਹੈ।
ਸੰਦੀਪ ਸ਼ਰਮਾ ਦੇ ਪਰਿਵਾਰਕ ਪਿਛੋਕੜ ’ਚੋਂ ਉਪਜੀ ਕਵਿਤਾ ਬਾਰੇ ਇਹ ਚਿੱਤਰ ਪਹਿਲੋਂ ਹੀ ਨਿਸ਼ਾਨਦੇਹੀ ਕਰ ਦਿੰਦਾ ਹੈ। ‘ਆੱਟਮ ਆਰਟ’ ਵਲੋਂ ਖ਼ੂਬਸੂਰਤੀ ਸਹਿਤ ਛਾਪੀ ਗਈ ਇਹ ਪਲੇਠੀ ਕਾਵਿ-ਪੁਸਤਕ ਕਵੀ ਨੇ ਆਪਣੇ ਬੱਚਿਆਂ ‘ਧੀ ਲੋਰੀ ਤੇ ਪੁੱਤਰ ਸੁਰਖ਼ਾਬ’ ਨੂੰ ਸਮਰਪਿਤ ਕੀਤੀ ਹੈ। ਬੱਚਿਆਂ ਜਿਹੀ ਮਾਸੂਮੀਅਤ ਵਾਲੀਆਂ ਗੱਲਾਂ ਦਾ ਕਵੀ ਮਨ ’ਤੇ ਜੋ ਛਿੜਕਾਅ ਹੁੰਦਾ ਹੈ, ਉਸ ਵਿੱਚੋਂ ਕਵਿਤਾ ਦੀ ਵਾਸ਼ਨਾ ਨੂੰ ਮਾਣਿਆ ਜਾ ਸਕਦਾ ਹੈ।
ਉਸਦੇ ਪਿਆਰੇ ਮਿੱਤਰ ਸ਼ਾਇਰ ਗੁਰਪ੍ਰੀਤ ਦੁਆਰਾ ਲਿਖੇ ਮੁੱਖ ਬੰਦ ਦੀ ਸਾਰਥਕਤਾ ਨੂੰ ਵੀ ਉਸਦੀ ਸ਼ਾਇਰੀ ਦੇ ਸੰਦਰਭ ਵਿੱਚ ਰੱਖ ਕੇ ਨਿਰਖਿਆ-ਪਰਖਿਆ ਜਾ ਸਕਦਾ ਹੈ, ਜਿਸ ਦੀ ਮੈਂ ਪ੍ਰੋੜ੍ਹਤਾ ਕਰਦਾ ਹਾਂ, ਵਿਆਖਿਆ ਨਹੀਂ। ਇਸ ਸ਼ੀਸ਼ੇ ’ਚੋਂ ਸੰਦੀਪ ਸ਼ਰਮਾ ਦੀ ਕਵਿਤਾ ਦੇ ਨੈਣ-ਨਕਸ਼ ਪਛਾਣੇ ਸਿਆਣੇ ਜਾ ਸਕਦੇ ਹਨ। ਕਿਸੇ ਅਹਿਸਾਸਮੰਦ ਕਵੀ ਮਨ ਵਿੱਚ ਕਵਿਤਾ ਕਿਵੇਂ ਸਾਹ ਲੈਂਦੀ ਹੈ, ਉਸਦੀਆਂ ਕਵਿਤਾਵਾਂ ਵਿਚਲੀ ਕਾਵਿਕਤਾ ਕਿਵੇਂ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰਦੀ ਹੈ, ਇਸ ਬਾਤ ਨੂੰ ‘ਓਹ ਸਾਂਭਣਾ ਜਾਣਦੀ ਮੈਨੂੰ’ ਦੇ ਕੋਮਲ ਪਾਣੀਆਂ ਵਰਗੇ ਅਹਿਸਾਸਾਂ ਵਿੱਚ ਉਤਰਨ ਨਾਲ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਖ਼ੁਦ ਨੂੰ ਕਿਵੇਂ ਕਵਿਤਾ ਦੇ ਲਾਗੇ ਲਾਗੇ ਜਾਂ ਕਵਿਤਾ ਨੂੰ ਆਪਣੇ ਨੇੜੇ-ਤੇੜੇ ਦੇ ਮਾਹੌਲ ਵਿੱਚੋਂ ਮਹਿਸੂਸਿਆ ਜਾ ਸਕਦਾ ਹੈ। ਕਵੀ ਦੇ ਆਪਣੀ ਧੀ ਲੋਰੀ ਦੇ ਰਾਬਤੇ ਨਾਲ ਗੱਲ ਸ਼ੁਰੂ ਕਰਿਆਂ ਪਤਾ ਲਗਦਾ ਹੈ ਕਿ ਕਿਵੇਂ ਧੀ ਲੋਰੀ ਹਜ਼ਾਰਾਂ ਧੀਆਂ ਬਣ ਜਾਂਦੀ ਹੈ ਤੇ ਕਵੀ ਹਜ਼ਾਰਾਂ ਧੀਆਂ ਦਾ ਬਾਪ। ਗੁਰਪ੍ਰੀਤ ਦੇ ਹਵਾਲੇ ਅਨੁਸਾਰ ‘ਕਵਿਤਾ ਦਾ ਅਜਿਹਾ ਕਾਰਜ ਹੀ ਬੰਦੇ ਨੂੰ ਬੇਚੈਨ ਕਰ ਦਿੰਦਾ ਹੈ।’ ਕਵੀ ਨੂੰ ਕਵਿਤਾ ਦੁਆਰਾ ਇਸ ਤਰ੍ਹਾਂ ਸਾਂਭੇ ਜਾਣਾ ਹੀ ਉਹ ਜ਼ਿੰਮੇਵਾਰੀ ਦਾ ਮੁਕਾਮ ਹੈ, ਜਿਸ ਨੂੰ ਉਸਦੇ ਸ਼ਬਦਾਂ ਦੇ ਆਰ-ਪਾਰ ਵਿਚਰਦਿਆਂ ਅਸੀਂ ਮਹਿਸੂਸ ਕਰ ਸਕਦੇ ਹਾਂ।
ਸੰਦੀਪ ਸ਼ਰਮਾ ਦੀ ਕਵਿਤਾ ‘ਚੌਂਕੇ ’ਚ ਰੋਟੀਆਂ ਲਾਹੁੰਦੀ ਮਾਂ ਦੇ ਫ਼ਿਕਰ ਵਾਂਗ’ ਜਾਗਦੀ ਹੈ। ਜ਼ਿੰਦਗੀ ਦੇ ਨਿੱਕੇ-ਨਿੱਕੇ ਵੇਰਵਿਆਂ ਵਿੱਚੋਂ, ਪਰਿਵਾਰਕ ਮੈਂਬਰਾਂ ਤੇ ਯਾਰਾਂ-ਦੋਸਤਾਂ ਦੇ ਸਾਥ ਵਿੱਚੋਂ ਉਹ ਕਵਿਤਾ ਵਰਗੀਆਂ ਗੱਲਾਂ ਰਾਹੀਂ ਆਪਣੇ ਮਨ ਦੇ ਬੂਹੇ ਖੋਲ੍ਹਦਾ ਹੈ। ਉਸ ਅੰਦਰੋਂ ਆਪਣੇ ਬੱਚਿਆਂ ਨਾਲ ਵਾਰਤਾਲਾਪੀ ਲਹਿਜ਼ੇ ’ਚੋਂ ਮਾਸੂਮੀਅਤ ਭਰੀ ਕਵਿਤਾ ਦੇ ਅਹਿਸਾਸ ਸਫੁਟਿਤ ਹੁੰਦੇ ਹਨ। ਮੱਥੇ ਦੇ ਚਾਨਣ ’ਚ ਹਰਿਆਲੇ ਰੁੱਖਾਂ ਦੀ ਜ਼ਿਆਦਾ ਕਾਂਟ-ਛਾਂਟ ਦੀ ਬਜਾਏ ਬੇਤਰਤੀਬੇ ਤੇ ਆਪ-ਮੁਹਾਰੇ ਫੈਲਣ/ਮੌਲਣ ਵਿੱਚੋਂ ਕਵਿਤਾ ਦੇ ਪੁੰਗਾਰੇ ਫੁੱਟ ਆਉਂਦੇ ਹਨ। ਨਿੱਕੀਆਂ ਕੁੜੀਆਂ ਦੇ ਪਤਾਸੇ ’ਚੋਂ ਤੋੜ ਕੇ ਦਿੱਤਾ ਪ੍ਰਸਾਦ ਕਵਿਤਾ ਦੀ ਮਿਠਾਸ ਬਣ ਜਾਂਦਾ ਹੈ। ਇੰਞ ਗੱਲਾਂ ਕਵਿਤਾ ਵਰਗੀਆਂ ਤੇ ਕਵਿਤਾ ਗੱਲਾਂ ਵਰਗੀ ਹੋ ਜਾਂਦੀ ਹੈ। ਜਿਸ ਤੋਂ ਖ਼ੂਬਸੂਰਤ ਭਲਾਂ ਹੋਰ ਕੀ ਵਾਪਰ ਸਕਦਾ ਹੈ? ਕਈ ਵਾਰ ਸਹਿਜੇ ਹੀ ਉਸ ਦੀ ਕਵਿਤਾ ਦੀਆਂ ਆਖ਼ਰੀ ਸਤਰਾਂ ਪਾਠਕ ਦੇ ਮਨ ਅੰਦਰ ਬਹੁਤ ਕੁਝ ਕਹਿ ਕੇ ਵੀ ਬਹੁਤ ਕੁਝ ਅਣਕਿਹਾ ਛੱਡ ਜਾਂਦੀਆਂ ਹਨ। ਤੁਸੀਂ ਕਵਿਤਾ ਦੇ ਨਾਲ ਨਾਲ ਤੁਰਦਿਆਂ ਮਹਿਸੂਸ ਕਰਦੇ ਹੋ ਕਿ ‘ਰੁੱਖਾਂ ਤੇ ਮਨੁੱਖਾਂ ’ਚ ਬਹੁਤਾ ਫ਼ਰਕ ਨਹੀਂ ਹੁੰਦਾ।’ ਇਸੇ ਤਰ੍ਹਾਂ,
‘ਟੁੱਟ ਕੇ ਡਿੱਗਣ ਤੋਂ ਬਾਅਦ
ਸੁੱਕ ਸੜ ਜਾਣ ਤੋਂ ਪਹਿਲਾਂ
ਕਈ ਰੰਗ ਬਦਲਦੇ ਨੇ ਪੱਤੇ।’
ਜਾਂ ‘ਪੈੜਾਂ’ ਕਵਿਤਾ ਦੀਆਂ ਆਖ਼ਰੀ ਸਤਰਾਂ:
ਹੱਥਾਂ ਦੀਆਂ ਘਸੀਆਂ ਲਕੀਰਾਂ
ਪਾਟੀਆਂ ਬਿਆਈਆਂ
ਸਫ਼ਰ ਬਹੁਤ ਲੰਮੇਰੇ ਨੇ
ਮੇਰੇ ਕੋਲ ਤਾਂ ਬੱਸ ਥੋੜ੍ਹਾ ਹੀ ਪਾਣੀ ਹੈ। ਆਖ ਕੇ ਕਵੀ ਪਾਠਕ ਨੂੰ ਕਿਸੇ ਹੋਰ ਹੀ ਮਨੋ ਅਵਸਥਾ ਵਿੱਚ ਲੈ ਜਾਂਦਾ ਹੈ।
ਜਾਂ ‘ਮੌਜ ਦਾ ਸਫ਼ਰ’ ਦੀਆਂ ਪ੍ਰਸ਼ੰਸਨੀਯ ਖੂਬਸੂਰਤ ਸਤਰਾਂ ਗੌਰਤਲਬ ਹਨ:
ਮੈਨੂੰ ਕਾਹਲ ਨਹੀਂ
ਨਾ ਜਿੱਦ ਹੈ
ਮੈਂ ਸਮੇਂ ਤੋਂ ਅਗਾਂਹ ਨਹੀਂ ਲੰਘਣਾ
ਨਾ ਨਾਲ ਨਾਲ ਤੁਰਨਾ
ਮੈਂ ਤਾਂ ਪਛੜਕੇ ਹੀ ਪਹੁੰਚਾਂਗਾ
ਗਾਹੇ ਹੋਏ ਰਾਹਾਂ ਦੀ ਖ਼ੁਸ਼ਬੂ ਲੈ ਕੇ
ਭਾਵੇਂ ਭਾਰਤ ਦੇ ਵਿਕਾਸ ਦੀ ਰਫ਼ਤਾਰ ਜਾਂ ਕਹਿ ਲਓ, ਸ਼ਹਿਰੀਕਰਨ ਦੀ ਦੌੜ ਅੰਦਰ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਰਾਹਾਂ ਦੀ ਖਸਤਾ ਹਾਲਤ ਦੇਖ ਕੇ ਪਿੰਡਾਂ ਦੇ ਪਛੜ ਜਾਣ ਦਾ ਅਹਿਸਾਸ ਹੁੰਦਾ ਹੈ; ਫਿਰ ਵੀ ਸੰਦੀਪ ਸ਼ਰਮਾ ਦੀ ਕਵਿਤਾ ਵਿੱਚ ਪਿੰਡਾਂ ਦਾ ਮੋਹ ਜਾਂ ਉਦਰੇਵਾਂ ਉਸਦੀ ‘ਪਿੰਡ ਨੂੰ ਜਾਂਦਾ ਰਾਹ’ ਕਵਿਤਾ ਦੀਆਂ ਅਖ਼ਰੀਲੀਆਂ ਸਤਰਾਂ ਪ੍ਰੇਰਨਾਦਾਇਕ ਹਨ:
‘ਸ਼ੁਕਰ ਹੈ
ਮੈਂ ਵਾਰ ਵਾਰ ਪਿੰਡ ਮੁੜ ਆਉਂਦਾ ਹਾਂ’
ਇਹ ਸਤਰ ਬਹੁਤ ਕੁਝ ਕਹਿ ਜਾਂਦੀ ਹੈ। ਇਹ ਸਾਨੂੰ ਫਿਰ ਤੋਂ ਆਪਣੇ ਪਿੰਡਾਂ ਨਾਲ ਜੁੜਨ ਦਾ, ਜੜ੍ਹਾਂ ਵੱਲ ਮੁੜਨ ਦਾ ਚੇਤਾ ਕਰਾਉਂਦੀ ਹੈ। ਪਿੰਡ ਹੀ ਹੈ, ਜੋ ਸਾਨੂੰ ਬੇਫ਼ਿਕਰੀ ਤੇ ਸਹਿਜਤਾ ਵੱਲ ਲੈ ਕੇ ਜਾਂਦਾ ਹੈ।
ਸੰਦੀਪ ਸ਼ਰਮਾ ਦੇ ਸੁਭਾਅ ਵਿਚਲੀ ਸੂਖ਼ਮਤਾ ਨੂੰ ‘ਸ਼ੀਸ਼ੇ ਦੇ ਸਨਮੁੱਖ’ ਕਵਿਤਾ ਦੀਆਂ ਵਾਰਤਾਲਾਪੀ ਸਤਰਾਂ ਵਿੱਚੋਂ ਮਹਿਸੂਸਿਆ ਜਾ ਸਕਦਾ ਹੈ।
‘ਕੱਲ੍ਹ ਜਦੋਂ ਪਾਪਾ ਨੇ ਮੈਨੂੰ ਝਿੜਕਿਆ
ਮੈਨੂੰ ਲੱਗਿਆ
ਜਿਵੇਂ ਪਾਪਾ ਨੇ ਕੋਈ ਫੁੱਲ ਤੋੜਿਆ ਹੋਵੇ।’
ਬੱਚੇ ਨੂੰ ਝਿੜਕਣਾ ਵੀ ਫੁੱਲ ਤੋੜਨ ਵਰਗਾ ਕੁਕਰਮ ਹੈ। ਇਸ ਗੱਲ ਦੀ ਸੁਕੋਮਲਤਾ ਸਾਡਾ ਹਿਰਦਾ ਬਦਲਣ ਦੇ ਯੋਗ ਸਿੱਧ ਹੁੰਦੀ ਹੈ। ਇਸ ਵਾਕ ਨਾਲ ਅੰਦਰੋਂ ਝੰਜੋੜਨ ਵਰਗੀ ਦਸ਼ਾ ਸਹਿਜੇ ਹੀ ਵਾਪਰ ਜਾਂਦੀ ਹੈ। ਇਸੇ ਤਰ੍ਹਾਂ ਹੀ ਕਈ ਹੋਰ ਨਿੱਕੇ-ਨਿੱਕੇ ਵਾਰਤਾਲਾਪਾਂ ਵਿੱਚੋਂ ਕਵਿਤਾ ਸਿਰਜਣ ਦੀ ਕਲਾ ਦਾ ਰੁਝਾਨ ‘ਘਰ ਮੁੜਨ ਦਾ ਚਾਅ’, ‘ਲੋਰੀ’, ‘ਸਫ਼ਰ ਅਨੰਤ’, ‘ਦਿਲ ਦੀਆਂ ਸਿਆਣਪਾਂ’, ‘ਵਲਗਣਾਂ ਦੇ ਪਰਲੇ ਪਾਸੇ’, ‘ਮਹਾਂਕਾਵਿ’ ਅਤੇ ‘ਧੀ ਦਾ ਪਿਉ’ ਕਵਿਤਾਵਾਂ ਵਿੱਚੋਂ ਵੀ ਦ੍ਰਿਸ਼ਟੀਗਤ ਹੁੰਦਾ ਹੈ।
ਜਿਸ ਕੋਲ ਬੱਚੇ ਦੀ ਨਜ਼ਰ ਹੈ, ਉਹ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਊਂਦਾ ਤੇ ਮਾਣਦਾ ਹੈ। ਬਹੁਤਾ ਸੋਚਣ ਨਾਲ ਜ਼ਿੰਦਗੀ ਦੀ ਸਹਿਜ ਤੋਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਸਾਨੂੰ ਬੱਚਿਆਂ ਦੀ ਨਜ਼ਰ ਵਾਂਗ ਵੇਖਿਆਂ ਜ਼ਿੰਦਗੀ ਜਿਵੇਂ ਚਲਦੀ ਹੈ, ਇਸ ਨੂੰ ਚਲਣ ਦੇਣਾ ਚਾਹੀਦਾ ਹੈ। ਜ਼ਿੰਦਗੀ ਦੇ ਬਹੁਤ ਸਾਰੇ ਵਰਤਾਰਿਆਂ ਦੇ ਸਰਲ ਅਰਥ ਨਹੀਂ ਹੋ ਸਕਦੇ। ਉਨ੍ਹਾਂ ਨੂੰ ਫ਼ਾਸਲੇ ਤੋਂ ਦੇਖਣਾ ਹੀ ਵਾਜਿਬ ਹੁੰਦਾ ਹੈ। ਨੇੜੇ ਹੋਇਆਂ ਫੋਕਸ ਆਊਟ ਹੋ ਜਾਂਦਾ ਹੈ ਤੇ ਅਕਸ ਧੁੰਦਲਾ ਜਾਂਦੇ ਹਨ। ਦਰਅਸਲ ਇਹੀ ਜੀਣ ਦਾ ਸੁਹਿਰਦ ਸਲੀਕਾ ਹੈ। ਕਈ ਵਾਰ ਅਸੀਂ ਜ਼ਿੰਦਗੀ ਨੂੰ ਉਲਝੀ ਤਾਣੀ ਬਣਾ ਲੈਂਦੇ ਹਾਂ। ਪਤੰਗ ਉਡਾਉਂਦੇ ਬੱਚੇ ਵਾਂਗ ਅਸੀਂ ਆਪਣੇ ਸਾਹਾਂ ਦੀ ਡੋਰ ਉਲਝਾ ਬਹਿੰਦੇ ਹਾਂ। ‘ਉਲਝੀ ਤਾਣੀ’ ਸਹਿਵਨ ਹੀ ਇਸ ਦਾ ਅਹਿਸਾਸ ਕਰਵਾ ਜਾਂਦੀ ਹੈ।
ਸੰਦੀਪ ਸ਼ਰਮਾ ਦੀ ‘ਬੀਤੇ ਦੀ ਪਰਿਕਰਮਾ’ ਕਵਿਤਾ ਨਿੱਕੀ ਹੋਣ ਦੇ ਬਾਵਜੂਦ ਬਹੁਤ ਗਹਿਰੀ ਹੈ:
ਪਿਛਾਂਹ ਤੱਕਿਆ
ਕੁਝ ਸ਼ਬਦ ਸਨ
ਜਾਣੇ-ਪਛਾਣੇ
ਅਣਜਾਣੇ
ਭੀੜ ਬਹੁਤ ਸੀ
ਮੈਥੋਂ ਬਸ
ਪਿਆਰ
ਪੜ੍ਹ ਹੋਇਆ।
ਜ਼ਿੰਦਗੀ ਦੀ ਪਿਛਲ ਝਾਤ ਵਿੱਚੋਂ ਪਿਆਰ ਦੇ ਅੱਖਰ ਪੜ੍ਹ ਲੈਣਾ ਕਵਿਤਾ ਵਰਗੀ ਗੱਲ ਹੈ। ਇਸੇ ਤਰ੍ਹਾਂ ‘ਗੈਰ-ਹਾਜ਼ਰ ਮੈਂ’ ਵਿੱਚ ‘ਸਭ ਕੁਝ ਕਰਦਿਆਂ ਵੀ ਕੁਝ ਨਾ ਕਰਨਾ ਤੇ ਕੁਝ ਨਾ ਕਰਦਿਆਂ ਸਭ ਕੁਝ ਕਰੀ ਜਾਣਾ’ ਕਵਿਤਾ ਦੀ ਅਭਿਧਾ ਸ਼ਕਤੀ ਦਾ ਪ੍ਰਮਾਣ ਹੈ।
ਸੰਦੀਪ ਸ਼ਰਮਾ ਦੀ ਇੱਕ ਹੋਰ ਸ਼ਸਕਤ ਕਵਿਤਾ ‘ਬਿਲਾਲ ਦੀ ਚਿੰਤਾ’ ਜੋ ਉਸਦੀ ਇੱਕ ਬਿਆਨੀਆ ਕਵਿਤਾ ਹੈ। ਕਵੀ ਇਸ ਕਵਿਤਾ ਵਿੱਚ ਉਸਦੇ ਪਿੰਡ ਸ਼ਾਲਾਂ, ਲੋਈਆਂ ਵੇਚਣ ਆਏ ਕਸ਼ਮੀਰੀ ਮੁੰਡੇ ਬਿਲਾਲ ਦਾ ਪਾਤਰ ਚਿਤਰਨ ਕਰਦਾ ਹੈ। ਜਿਵੇਂ-ਜਿਵੇਂ ਕਵੀ ਉਸ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਬਿਆਨ ਕਰਦਾ ਹੈ, ਤਿਵੇਂ-ਤਿਵੇਂ ਉਸ ਨਾਲ ਪਾਠਕ ਦੇ ਭਾਵ ਵੀ ਜੁੜ ਜਾਂਦੇ ਹਨ। ਚਰਮਸੀਮਾ ਉਦੋਂ ਦੇਖਣ ਨੂੰ ਮਿਲਦੀ ਹੈ, ਜਦੋਂ ਪੱਥਰਬਾਜ਼ੀ ਦੀ ਘਟਨਾ ਵਿੱਚ ਕਿਸੇ ਦੀ ਮੌਤ ਕਵੀ ਨੂੰ ਬਿਲਾਲ ਦੀ ਮੌਤ ਲਗਦੀ ਹੈ, ਫਿਰ ਉਸਦੀ ਲਾਸ਼ ਤੋਂ ਹਵਾ ਨਾਲ ਮੂੰਹ ਨੰਗਾ ਹੋਣ ਤੇ ਪਤਾ ਲਗਦਾ ਹੈ ਕਿ ਉਹ ਬਿਲਾਲ ਨਹੀਂ ਹੈ ਤਾਂ ਕਵੀ ਦੀ ਚਿੰਤਾ ਮੁੱਕਦੀ ਹੈ। ਸੰਦੀਪ ਆਪਣੀ ਗੱਲ ਕਹਿ ਚੁਕਾ ਹੁੰਦਾ ਹੈ, ਪਰ ਪਾਠਕ ਦੇ ਜ਼ਿਹਨ ਵਿੱਚ ਬਿਲਾਲ ਦਾ ਚਿਤਰ ਉਸੇ ਤਰ੍ਹਾਂ ਖੜ੍ਹਾ ਰਹਿੰਦਾ ਹੈ।
ਆਖ਼ਰ ’ਤੇ ਕਿਹਾ ਜਾ ਸਕਦਾ ਹੈ ਕਿ ‘ਓਹ ਸਾਂਭਣਾ ਜਾਣਦੀ ਮੈਨੂੰ’ ਪਲੇਠੇ ਕਾਵਿ ਸੰਗ੍ਰਹਿ ਰਾਹੀਂ ਸੰਦੀਪ ਸ਼ਰਮਾ ਪੰਜਾਬੀ ਕਾਵਿ ਖੇਤਰ ਵਿੱਚ ਨਵੀਂ ਕਵਿਤਾ ਦੇ ਇੱਕ ਗੰਭੀਰ, ਸੰਵੇਦਨਸ਼ੀਲ, ਅਹਿਸਾਸਮੰਦ ਤੇ ਸਮਰੱਥ ਕਵੀ ਵਜੋਂ ਪ੍ਰਵੇਸ਼ ਕਰਦਾ ਹੈ। ਉਹ ਲੁਧਿਆਣਾ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਵਜੋਂ ਕਾਰਜ ਵੀ ਨਿਭਾਅ ਰਿਹਾ ਹੈ। ਉਸਦੇ ਸਾਹਿਤਕ ਦੋਸਤਾਂ ਦਾ ਦਾਇਰਾ ਬੜਾ ਵਸੀਹ ਹੈ ਅਤੇ ਨਵੀਂ ਕਵਿਤਾ ਦੇ ਕਈ ਚਰਚਿਤ ਕਵੀਆਂ ਨਾਲ ਉਹਦੀ ਦੋਸਤੀ, ਸਾਂਝ ਤੇ ਮੇਲ-ਜੋਲ ਹੈ। ਰੱਬ ਕਰੇ, ਉਸਦੀ ਇਹੋ ਜਿਹੀ ਕਵਿਤਾ ਦਾ ਮੁਹਾਂਦਰਾ ਹੋਰ ਨਿਖਰੇ, ਵਧੇ-ਫੁਲੇ ਤੇ ਪਾਠਕਾਂ ਲਈ ਉਹ ਗੱਲਾਂ ਵਰਗੀ ਕਵਿਤਾ ਤੇ ਕਵਿਤਾ ਵਰਗੀਆਂ ਗੱਲਾਂ ਇਸੇ ਤਰ੍ਹਾਂ ਕਰਦਾ ਰਹੇ।