ਰੋਜ਼ਮੱਰ੍ਹਾ ਦੀ ਜ਼ਿੰਦਗੀ ਅਤੇ ਕੈਥਾਰਸਿਸ ਦੀ ਲੋੜ

ਅਧਿਆਤਮਕ ਰੰਗ ਆਮ-ਖਾਸ

ਡਾ. ਅਰਵਿੰਦਰ ਸਿੰਘ ਭੱਲਾ*
ਫੋਨ: +91-9463062603
*ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਮਨੁੱਖ ਨੂੰ ਜਿਵੇਂ-ਜਿਵੇਂ ਜ਼ਿੰਦਗੀ ਨੂੰ ਕਰੀਬ ਤੋਂ ਸਮਝਣ ਦਾ ਮੌਕਾ ਮਿਲਦਾ ਹੈ, ਉਸ ਨੂੰ ਜ਼ਿੰਦਗੀ ਦੀ ਬੁਝਾਰਤ ਪਹਿਲਾਂ ਨਾਲੋਂ ਹੋਰ ਵੀ ਉਲਝਦੀ ਹੋਈ ਮਹਿਸੂਸ ਹੁੰਦੀ ਹੈ। ਕਿਤਾਬੀ ਗਿਆਨ ਦੇ ਤਮਾਮ ਸਬਕ ਦੁਨਿਆਵੀ ਤਜ਼ਰਬਿਆਂ, ਤਲਖ਼ ਹਕੀਕਤਾਂ ਅਤੇ ਨਿੱਤ ਰੂਪ ਵਟਾਉਂਦੀ ਜ਼ਿੰਦਗੀ ਦੇ ਸਾਹਮਣੇ ਅਕਸਰ ਤਰਕਹੀਣ, ਅਪ੍ਰਸੰਗਿਕ ਅਤੇ ਖੋਖਲੇ ਜਿਹੇ ਜਾਪਦੇ ਹਨ। ਜ਼ਿੰਦਗੀ ਦੇ ਸਫ਼ਰ ਦੌਰਾਨ ਅਕਸਰ ਭਾਂਤ-ਭਾਂਤ ਦੇ ਲੋਕਾਂ ਨਾਲ ਮਿਲਦਿਆਂ-ਜੁਲਦਿਆਂ ਹਰ ਇਨਸਾਨ ਕੋਲੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।

ਇਸ ਸੱਚਾਈ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਜ਼ਿੰਦਗੀ ਦੇ ਵੰਨ-ਸੁਵੰਨੇ ਤਜਰਬੇ, ਬਹੁਪਰਤੀ ਵਿਰੋਧਾਭਾਸ ਅਤੇ ਨਾਕਾਬਲੇ ਬਰਦਾਸ਼ਤ ਸੱਚਾਈਆਂ ਸਾਨੂੰ ਜ਼ਿੰਦਗੀ ਦੇ ਸਭ ਤੋਂ ਬੇਸ਼ਕੀਮਤੀ ਸਬਕ ਸਿਖਾਉਣ ਵਿੱਚ ਮਰਕਜ਼ੀ ਕਿਰਦਾਰ ਨਿਭਾਉਂਦੀਆਂ ਹਨ। ਹਰ ਚੰਗਾ-ਮਾੜਾ ਵਰਤਾਰਾ ਅਤੇ ਹਰ ਅਜ਼ਮਾਇਸ਼ ਦਰਅਸਲ ਸਾਨੂੰ ਜੀਵਨ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਸਹਾਈ ਹੁੰਦੀ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਧੇਰੇ ਕਰਕੇ ਲੋਕ ਅਕਸਰ ਆਪਣੇ ਅਤੀਤ ਨੂੰ ਯਾਦ ਕਰਦਿਆਂ ਆਪਣੇ ਵਰਤਮਾਨ ਨੂੰ ਕੋਸਦੇ ਹੋਏ ਆਪਣੇ ਆਉਣ ਵਾਲੇ ਕੱਲ੍ਹ ਨਾਲ ਵਾਬਸਤਾ ਸੁਪਨੇ ਬੁਣਦਿਆਂ ਆਪਣੇ ਭਵਿੱਖ ਨੂੰ ਲੈ ਕੇ ਅਨੇਕਾਂ ਵਸਵਸਿਆਂ, ਅੰਦੇਸ਼ਿਆਂ ਅਤੇ ਚਿੰਤਾਵਾਂ ਵਿੱਚ ਘਿਰੇ ਰਹਿੰਦੇ ਹਨ।
ਸ਼ਾਇਦ ਇਸ ਨੂੰ ਇਨਸਾਨੀ ਫ਼ਿਤਰਤ ਹੀ ਕਿਹਾ ਜਾ ਸਕਦਾ ਹੈ ਕਿ ਇਨਸਾਨ ਆਪਣੇ ਚੰਚਲ ਅਤੇ ਵਿਚਲਿਤ ਮਨ ਕਰਕੇ ਹਮੇਸ਼ਾ ਖੁਦ ਨੂੰ ਅਸ਼ਾਂਤ, ਅਸੁਰੱਖਿਅਤ ਅਤੇ ਖੌਫ਼ਜ਼ਦਾ ਮਹਿਸੂਸ ਕਰਨ ਦਾ ਆਦੀ ਹੋ ਚੁੱਕਾ ਹੈ। ਆਪਣੇ ਹੱਥੀਂ ਆਪਣੇ ਸਕੂਨ ਨੂੰ ਬੇਫ਼ਜੂਲ ਦੀਆਂ ਸੋਚਾਂ ਅਤੇ ਫਿਕਰਾਂ ਦੀ ਭੱਠੀ ਵਿੱਚ ਝੋਕ ਕੇ ਮਨੁੱਖ ਆਪਣੇ ਸੋਹਣੇ ਰੱਬ ਅਤੇ ਆਪਣੇ ਨਸੀਬਾਂ ਨੂੰ ਦੋਸ਼ ਦਿੰਦਾ ਹੈ। ਜਦੋਂ ਕਦੇ ਇਨਸਾਨ ਦੇ ਸੁਪਨੇ ਅੱਧਵਾਟੇ ਚਕਨਾਚੂਰ ਹੋ ਜਾਂਦੇ ਹਨ, ਜਦੋਂ ਕਦੇ ਉਸ ਦੀਆਂ ਹਸਰਤਾਂ ਅਧੂਰੀਆਂ ਰਹਿ ਜਾਂਦੀਆਂ ਹਨ, ਜਦੋਂ ਕਦੇ ਉਸ ਦੇ ਖ਼ਿਆਲਾਂ ਨੂੰ ਹਰਫ਼ਾਂ ਅਤੇ ਅਲਫਾਜ਼ਾਂ ਦੇ ਲਿਬਾਸ ਨਸੀਬ ਨਹੀਂ ਹੁੰਦੇ ਹਨ, ਜਦੋਂ ਕਦੇ ਉਸ ਦੀ ਸੋਚ ਅਮਲ ਦੀ ਦਹਲੀਜ਼ ਉਤੇ ਆ ਕੇ ਖੜੋ ਜਾਂਦੀ ਹੈ ਅਤੇ ਜਦੋਂ ਕਦੇ ਉਸ ਦੇ ਸ਼ਬਦ ਇਬਾਰਤ ਵਿੱਚ ਢਲਣ ਤੋਂ ਮੁਨਕਰ ਹੋ ਜਾਂਦੇ ਹਨ ਤਾਂ ਉਹ ਖੁਦ ਨੂੰ ਮਾਯੂਸ, ਲਾਚਾਰ ਅਤੇ ਬਦਕਿਸਮਤ ਸਮਝਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨੂੰ ਸਵੈ-ਪ੍ਰਗਟਾਵੇ ਲਈ ਵੀ ਜਦੋਜਹਿਦ ਕਰਨੀ ਪੈਂਦੀ ਹੈ। ਜ਼ਿਹਨੀ ਕਸ਼ਮਕਸ਼, ਮਾਨਸਿਕ ਤਣਾਓ ਅਤੇ ਆਪਣੀ ਨਫ਼ਸ ਉੱਤੇ ਕਾਬੂ ਨਾ ਰੱਖ ਸਕਣ ਦੀ ਵਜ੍ਹਾ ਨਾਲ ਮਨੁੱਖ ਆਪਣੀਆਂ ਭਾਵਨਾਵਾਂ ਦਾ ਉਚਿਤ ਪ੍ਰਗਟਾਵਾ ਨਹੀਂ ਕਰ ਪਾਉਂਦਾ ਹੈ। ਭਾਵਨਾਤਮਕ ਤੌਰ ਉੱਪਰ ਇਕੱਲਤਾ ਦਾ ਸ਼ਿਕਾਰ ਮਨੁੱਖ ਆਪਣੇ ਆਪ ਨੂੰ ਲੋਕਾਂ ਦੀ ਭੀੜ ਵਿੱਚ ਵੀ ਤਨਹਾ ਮਹਿਸੂਸ ਕਰਦਾ ਹੈ। ਅਸਲ ਵਿੱਚ ਮਨੁੱਖ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਸ ਨੂੰ ਉਨ੍ਹਾਂ ਲੋਕਾਂ ਦੀ ਸੰਗਤ ਮਾਨਣ ਦਾ ਮੌਕਾ ਮਿਲੇ, ਜਿਨ੍ਹਾਂ ਦੀ ਸੁਹਬਤ ਵਿੱਚ ਖੁਦ ਨੂੰ ਪੁਰਸਕੂਨ, ਖੁਸ਼ ਅਤੇ ਮੁਤਮੀਨ ਮਹਿਸੂਸ ਕਰੇ।
ਆਸ-ਪਾਸ ਦੇ ਸ਼ੋਰੋਗੁਲ ਅਤੇ ਰੋਜ਼ਮੱਰ੍ਹਾ ਦੀ ਦੌੜ-ਭੱਜ ਉੱਪਰ ਗ਼ੌਰ ਕਰਦਿਆਂ ਆਮ ਤੌਰ ਉੱਪਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਰਫ਼ਤਾ-ਰਫ਼ਤਾ ਮਨੁੱਖ ਅੰਦਰ ਖਾਮੋਸ਼ੀ ਜਾਂ ਨਕਾਰਾਤਮਕਤਾ ਪੈਰ ਪਸਾਰਦੀ ਹੈ ਤਾਂ ਇਨਸਾਨ ਨੂੰ ਇੱਕ ਅਜ਼ੀਬ ਜਿਹੀ ਘੁਟਣ ਜਾਂ ਬੇਜਾਰੀ ਦਾ ਅਹਿਸਾਸ ਹੋਣ ਲੱਗਦਾ ਹੈ। ਅਜਿਹੀ ਕੈਫ਼ੀਅਤ ਮਨੁੱਖ ਲਈ ਬੇਹੱਦ ਤਕਲੀਫ਼ਦੇਹ ਹੁੰਦੀ ਹੈ। ਇਸ ਤਰ੍ਹਾਂ ਦੀ ਮਨੋਦਸ਼ਾ ਦੇ ਪ੍ਰਭਾਵ ਹੇਠ ਉਹ ਕਿਸੇ ਅਜਿਹੇ ਵਿਅਕਤੀ ਨੂੰ ਆਪਣਾ ਦੋਸਤ ਜਾਂ ਹਮਰਾਜ਼ ਬਣਾਉਣਾ ਲੋਚਦਾ ਹੈ, ਜਿਸ ਦੇ ਮੋਢੇ ਉੱਪਰ ਸਿਰ ਰੱਖ ਕੇ ਉਹ ਬਿਨਾ ਕਿਸੇ ਖ਼ੌਫ਼ ਜਾਂ ਝਿਜਕ ਦੇ ਕੈਥਾਰਸਿਸ (ਵਿਰੇਚਨ) ਕਰ ਸਕੇ। ਇਹ ਵੀ ਆਪਣੇ ਆਪ ਵਿੱਚ ਕਿੰਨਾ ਅਜੀਬ ਜਿਹਾ ਵਰਤਾਰਾ ਹੁੰਦਾ ਹੈ ਕਿ ਕਦੇ ਮਨੁੱਖ ਸਾਰੀ ਲੋਕਾਈ ਤੋਂ ਆਪਣਾ ਸੁੱਖ-ਦੁੱਖ ਛੁਪਾ-ਛੁਪਾ ਕੇ ਰੱਖਣਾ ਚਾਹੁੰਦਾ ਹੈ, ਕਦੇ ਉਹ ਉੱਚੀ-ਉੱਚੀ ਹੱਸ ਕੇ ਦੂਜਿਆਂ ਨਾਲ ਆਪਣੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਹੈ ਅਤੇ ਕਦੇ ਉਹ ਭੁੱਬਾਂ ਮਾਰ-ਮਾਰ ਕੇ ਆਪਣੇ ਦੁਖੜੇ ਦੂਸਰਿਆਂ ਅੱਗੇ ਬਿਆਨ ਕਰਨਾ ਚਾਹੁੰਦਾ ਹੈ।
ਦਰਅਸਲ ਕੈਥਾਰਸਿਸ ਮਨੁੱਖ ਨੂੰ ਹਰ ਉਸ ਅਸਹਿ ਅਤੇ ਅਕਹਿ ਮਾਨਸਿਕ ਪੀੜਾ ਤੋਂ ਨਿਜ਼ਾਤ ਦਿਵਾਉਣ ਦੇ ਸਮਰੱਥ ਹੁੰਦਾ ਹੈ, ਜੋ ਪੀੜਾ ਕਿਤੇ ਨਾ ਕਿਤੇ ਉਸ ਨੂੰ ਧੁਰ ਅੰਦਰ ਤੀਕ ਸਿਉਂਕ ਦੀ ਤਰ੍ਹਾਂ ਖੋਖਲਾ ਕਰ ਰਹੀ ਹੁੰਦੀ ਹੈ। ਕੈਥਾਰਸਿਸ ਮਨੁੱਖ ਨੂੰ ਸਹਿਜ ਤੇ ਸਕੂਨ ਦੇ ਸਾਹਿਲ ਤੱਕ ਪਹੁੰਚਾਉਣ ਵਿੱਚ ਬੇਹੱਦ ਕਾਰਗਰ ਭੂਮਿਕਾ ਨਿਭਾਉਂਦਾ ਹੈ। ਕੈਥਾਰਸਿਸ ਤੋਂ ਬਿਨਾ ਮਨੁੱਖ ਅੰਦਰ ਨਾ ਤਾਂ ਜਿਊਣ ਦਾ ਚਾਅ ਪੈਦਾ ਹੁੰਦਾ ਹੈ, ਨਾ ਉਸ ਨੂੰ ਜ਼ਿਹਨੀ ਸਕੂਨ ਮਿਲਦਾ ਹੈ ਅਤੇ ਨਾ ਹੀ ਕਦੇ ਮਨੁੱਖ ਅੰਦਰ ਖੇੜਾ ਜਾਂ ਵਿਸਮਾਦ ਅੰਗੜਾਈ ਲੈਂਦਾ ਹੈ।
ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਹਰੇਕ ਪਲ ਹਰ ਸ਼ਖ਼ਸ ਅੰਦਰ ਖ਼ਿਆਲਾਂ ਅਤੇ ਭਾਵਨਾਵਾਂ ਦਾ ਇੱਕ ਸ਼ੂਕਦਾ ਹੋਇਆ ਦਰਿਆ ਵਹਿੰਦਾ ਹੈ। ਜੇਕਰ ਗ਼ੌਰ ਕੀਤਾ ਜਾਵੇ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਖ਼ਿਆਲਾਂ ਦੀ ਉਧੇੜ-ਬੁਣ ਮਨੁੱਖੀ ਜੀਵਨ ਦਾ ਅਨਿੱਖੜਵਾਂ ਹਿੱਸਾ ਹੁੰਦੀ ਹੈ। ਆਪਣੀਆਂ ਮਨੋਭਾਵਨਾਵਾਂ ਦਾ ਇਜ਼ਹਾਰ ਕਰਨਾ ਮਨੁੱਖੀ ਫ਼ਿਤਰਤ ਹੈ, ਲੇਕਿਨ ਜਿਥੇ ਇੱਕ ਤਰਫ਼ ਆਪਣੇ ਵਿਚਾਰਾਂ ਨੂੰ ਸਰਲ, ਸਹਿਜ ਅਤੇ ਸੁਖਾਲੇ ਢੰਗ ਨਾਲ ਵਿਅਕਤ ਕਰਨਾ ਹਰੇਕ ਮਨੁੱਖ ਲਈ ਕਦੇ ਵੀ ਇੰਨਾ ਆਸਾਨ ਨਹੀਂ ਹੁੰਦਾ ਹੈ, ਉਥੇ ਦੂਜੀ ਤਰਫ਼ ਕੈਥਾਰਸਿਸ ਮਨੁੱਖ ਦੀ ਸ਼ਖ਼ਸੀਅਤ ਨੂੰ ਸੰਵਾਰਨ, ਨਿਖ਼ਾਰਨ, ਤਰਾਸ਼ਣ ਅਤੇ ਸੇਧ ਦੇਣ ਵਿੱਚ ਮਰਕਜ਼ੀ ਕਿਰਦਾਰ ਨਿਭਾਉਂਦਾ ਹੈ। ਜਦੋਂ ਕਦੇ ਮਨੁੱਖ ਆਪਣੀਆਂ ਭਾਵਨਾਵਾਂ ਅਤੇ ਮਨੋਸਥਿਤੀ ਦਾ ਪ੍ਰਗਟਾਵਾ ਕਰਨ ਵਿੱਚ ਦਿੱਕਤ ਮਹਿਸੂਸ ਕਰਦਾ ਹੈ ਤਾਂ ਉਸ ਦੇ ਜੀਵਨ ਵਿੱਚ ਇੱਕ ਖ਼ਲਾਅ, ਤਣਾਅ ਜਾਂ ਅਸੰਤੁਲਨ ਸੁਭਾਵਿਕ ਰੂਪ ਵਿੱਚ ਪੈਦਾ ਹੁੰਦਾ ਹੈ। ਕੈਥਾਰਸਿਸ ਦੀ ਅਣਹੋਂਦ ਵਿੱਚ ਮਨੁੱਖ ਦਾ ਸੁਭਾਅ, ਕਿਸੇ ਵਰਤਾਰੇ ਪ੍ਰਤੀ ਉਸ ਦਾ ਰੱਦੇਅਮਲ ਅਤੇ ਆਪਣੇ ਆਸ-ਪਾਸ ਦੇ ਲੋਕਾਂ ਪ੍ਰਤੀ ਉਸ ਦੇ ਨਜ਼ਰੀਏ ਵਿੱਚ ਲਾਜ਼ਮੀ ਤੌਰ ਉੱਪਰ ਵਿਕਾਰ ਪੈਦਾ ਹੁੰਦਾ ਹੈ। ਜਦੋਂ ਤੱਕ ਮਨੁੱਖ ਆਪਣੇ ਚੰਚਲ ਮਨ ਦੀ ਉਥਲ-ਪੁਥਲ ਅਤੇ ਮਾਨਸਿਕ ਉਲਝਣਾਂ ਦੇ ਚੱਕਰਵਿਊ ਵਿੱਚ ਉਲਝਿਆ ਰਹਿੰਦਾ ਹੈ, ਜਦੋਂ ਤੱਕ ਉਹ ਅੰਦਰੂਨੀ ਜਾਂ ਬਾਹਰੀ ਕਾਰਨਾਂ ਕਰਕੇ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਖਾਹਿਸ਼ਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਪ੍ਰਗਟ ਨਹੀਂ ਕਰ ਪਾਉਂਦਾ ਹੈ ਅਤੇ ਜਦੋਂ ਤੱਕ ਉਹ ਆਪਣੇ ਸੁੱਖ-ਦੁੱਖ ਨੂੰ ਦੂਸਰਿਆਂ ਨਾਲ ਸਹਿਜ ਰੂਪ ਵਿੱਚ ਵੰਡਾਉਣ ਵਿੱਚ ਕਿਸੇ ਰੁਕਾਵਟ ਦਾ ਸਾਹਮਣਾ ਕਰਦਾ ਹੈ ਤਾਂ ਸੱਚ ਜਾਣਿਓ! ਤਦ ਤੱਕ ਮਨੁੱਖ ਆਪਣੇ ਧੁਰ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਛਟਪਟਾਉਂਦਾ ਰਹਿੰਦਾ ਹੈ। ਲਿਹਾਜ਼ਾ ਕਦੇ ਖੁਸ਼ਗਵਾਰ ਤਜਰਬੇ ਵਿੱਚੋਂ ਗੁਜ਼ਰਦਿਆਂ, ਕਦੇ ਤਲਖ਼ ਹਕੀਕਤਾਂ ਦਾ ਸਾਹਮਣਾ ਕਰਦਿਆਂ, ਕਦੇ ਮਰਿਆਦਾਵਾਂ ਦੀਆਂ ਸੀਮਾਵਾਂ ਵਿੱਚ ਰਹਿੰਦਿਆਂ ਜਾਂ ਕਦੇ ਬੇਪ੍ਰਵਾਹੀ ਦੇ ਆਲਮ ਵਿੱਚ, ਕਦੇ ਸਹਿਜ ਸੁਭਾਅ ਜਾਂ ਫਿਰ ਕਦੇ ਪਹਿਲਾਂ ਤੋਂ ਮਿਥ ਕੇ ਇਨਸਾਨ ਲਈ ਕਿਸੇ ਵੀ ਮਾਧਿਅਮ ਰਾਹੀਂ ਆਪਣੇ ਖਿਆਲਾਂ ਦਾ ਪ੍ਰਗਟਾਵਾ ਹਰ ਸੂਰਤ ਵਿੱਚ ਆਵੱਸ਼ਕ ਹੈ। ਆਪਣੇ ਆਲੇ-ਦੁਆਲੇ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਧਾਰਮਿਕ ਅਤੇ ਸਾਹਿਤਕ ਮੁੱਦਿਆਂ ਤੇ ਸਰੋਕਾਰਾਂ ਬਾਰੇ ਕੈਥਾਰਸਿਸ ਕੇਵਲ ਇੱਕ ਮਨੁੱਖੀ ਅਮਲ ਜਾਂ ਵਰਤਾਰਾ ਹੀ ਨਹੀਂ, ਸਗੋਂ ਮਨੁੱਖ ਦੀ ਇੱਕ ਬੁਨਿਆਦੀ ਜ਼ਰੂਰਤ ਵੀ ਹੈ। ਇਹ ਇੱਕ ਇਤਿਹਾਸਕ ਤੱਥ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਅਤੇ ਵਹਾਅ ਦੇ ਰਸਤੇ ਵਿੱਚ ਕਿਸੇ ਤਰ੍ਹਾਂ ਦਾ ਵੀ ਵਿਘਨ ਮਨੁੱਖ, ਮੁਆਸ਼ਰੇ ਅਤੇ ਸਮੁੱਚੇ ਨਿਜ਼ਾਮ ਲਈ ਹਮੇਸ਼ਾ ਬੇਹੱਦ ਘਾਤਕ ਸਿੱਧ ਹੁੰਦਾ ਹੈ।
ਬੁਨਿਆਦੀ ਤੌਰ ਉੱਪਰ ਹਰੇਕ ਮਨੁੱਖ ਕਿਤੇ ਨਾ ਕਿਤੇ ਇਹ ਚਾਹੁੰਦਾ ਹੈ ਕਿ ਕੋਈ ਉਸ ਨੂੰ ਸੁਣੇ, ਕੋਈ ਉਸ ਨੂੰ ਸਮਝੇ ਅਤੇ ਕੋਈ ਉਸ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੋਵੇ। ਹਰੇਕ ਮਨੁੱਖ ਇਹ ਵੀ ਚਾਹੁੰਦਾ ਹੈ ਕਿ ਕਾਸ਼! ਜ਼ਿੰਦਗੀ ਵਿੱਚ ਉਸ ਨੂੰ ਕਿਸੇ ਅਜਿਹੇ ਮਨੁੱਖ ਦਾ ਸਾਥ ਨਸੀਬ ਹੋਵੇ, ਜਿਸ ਦੇ ਸੰਗ ਉਹ ਬੇਤਕੁਲਫ ਹੋ ਕੇ ਵਿਚਰ ਸਕੇ। ਜਦੋਂ ਅਸੀਂ ਦੂਸਰਿਆਂ ਨਾਲ ਝਿਜਕਦੇ ਹੋਏ, ਸ਼ਰਮਾਉਂਦੇ ਹੋਏ ਜਾਂ ਕੁਝ ਦੂਰੀ ਬਣਾ ਕੇ ਵਿਚਰਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਮਖੌਟੇ ਪਹਿਨਣੇ ਪੈਂਦੇ ਹਨ। ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਾਂ ਨਾਲ ਸਾਡੇ ਮਸਨੂਈ ਅਤੇ ਵਕਤੀ ਤੌਰ ਉੱਪਰ ਸੰਬੰਧ ਉਸ ਸਮੇਂ ਬਣਦੇ ਹਨ, ਜਦੋਂ ਅਸੀਂ ਉਨ੍ਹਾਂ ਨਾਲ ਖੋਖਲੇ ਜਿਹੇ ਜਜ਼ਬਾਤ ਸਹਿਤ ਕੇਵਲ ਸਤਹੀ ਪੱਧਰ ਉੱਪਰ ਵਿਚਰਦੇ ਹਾਂ। ਕੁਰਬਤ, ਰਫ਼ਾਕਤ ਅਤੇ ਜਜ਼ਬਾਤ ਦੇ ਰਿਸ਼ਤੇ ਕੇਵਲ ਉਸ ਸਮੇਂ ਹੀ ਹੋਂਦ ਵਿੱਚ ਆਉਂਦੇ ਹਨ, ਜਦੋਂ ਅਸੀਂ ਜ਼ਿਹਨੀ ਤੌਰ ਉੱਪਰ ਕਿਸੇ ਨਾਲ ਦਿਲ ਦੇ ਭੇਦ ਸਾਂਝੇ ਕਰਨ ਲਈ ਸਹਿਜ ਰੂਪ ਵਿੱਚ ਸੱਚੇ ਦਿਲੋਂ ਤਿਆਰ ਹੋਈਏ। ਬਿਨਾ ਕਿਸੇ ਡਰ, ਵਸਵਸੇ ਜਾਂ ਝਿਜਕ ਦੇ ਦੂਜਿਆਂ ਨਾਲ ਵਿਚਰਦੇ ਹੋਏ ਜਦੋਂ ਸਾਨੂੰ ਆਪਣੇ ਧੁਰ ਅੰਦਰੋਂ ਇਹ ਆਵਾਜ਼ ਆਏ ਕਿ ਸਾਹਮਣੇ ਵਾਲਾ ਬੇਗਾਨਾ ਜਾਂ ਪਰਾਇਆ ਨਹੀਂ, ਸਗੋਂ ਮੇਰਾ ਆਪਣਾ ਹੈ ਤਾਂ ਇਹ ਵੀ ਸੱਚ ਜਾਣਿਓ! ਉਸ ਸਮੇਂ ਤੁਹਾਡੇ ਵਲੋਂ ਕੀਤਾ ਗਿਆ ਕੈਥਾਰਸਿਸ ਤੁਹਾਨੂੰ ਮਾਨਸਿਕ ਤੌਰ ਉੱਪਰ ਭਾਰ ਮੁਕਤ ਕਰਨ ਦੇ ਨਾਲ-ਨਾਲ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਮਨੁੱਖੀ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ।

Leave a Reply

Your email address will not be published. Required fields are marked *