ਸ਼ਾਹਸਵਾਰ

ਆਮ-ਖਾਸ ਸਾਹਿਤਕ ਤੰਦਾਂ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਦਿਲਬਾਗ ਹੁਣ ਬਦਲੇ ਵਾਲੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਵੱਲ ਜੁਟ ਗਿਆ। ਉਸ ਨੇ ਯੂ.ਪੀ. ਦੇ ਤਰਾਈ ਇਲਾਕੇ ਦੀ ਰੈਕੀ ਕਰਨ ਦੀ ਡਿਊਟੀ ਸਭ ਤੋਂ ਛੋਟੇ ਗੋਲੂ ਦੀ ਲਗਾਈ। ਉਹ ਮਜ੍ਹਬੀ ਸਿੱਖਾਂ ਦਾ ਮੁੰਡਾ ਸੀ। ਰੰਗ ਰੂਪ ਪੱਖੋਂ ਉਹ ਸਥਾਨਕ ਲੋਕਾਂ ਵਿੱਚ ਰਚ ਮਿਚ ਸਕਦਾ ਸੀ। ਉਹ ਇਲਾਕਾ ਜਿੱਥੇ ਕਿਸਾਨਾਂ ‘ਤੇ ਗੱਡੀ ਚੜ੍ਹਾਈ ਸੀ, ਦਿਲਬਾਗ ਨੇ ਆਪ ਜਾ ਕੇ ਵੀ ਵੇਖਿਆ। ਗੋਲੂ ਕਿਸਾਨ ਸੰਘਰਸ਼ ਵਿੱਚੋਂ ਗੁਜ਼ਰ ਕੇ ਕਾਫੀ ਸਿਆਣਾ ਹੋ ਗਿਆ ਸੀ। ਉਸ ਵਿੱਚ ਸਰੀਰਕ ਫੁਰਤੀ ਅਤੇ ਹੱਡਾਂ ਦੀ ਸਖਤਾਈ ਤਾਂ ਪਹਿਲਾਂ ਹੀ ਸੀ, ਸੂਝ ਉਸ ਦੀ ਵਿਕਸਤ ਹੋ ਰਹੀ ਸੀ। ਦਿਲਬਾਗ ਨੂੰ ਭਰੋਸਾ ਸੀ ਕਿ ਇਹ ਮੁੰਡਾ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਉਸ ਛੋਕਰੇ ਦੀ ਸੂਹ ਕੱਢ ਸਕਦਾ ਹੈ। ਇਹ ਪਤਾ ਕਰਨਾ ਵੀ ਜ਼ਰੂਰੀ ਸੀ ਕਿ ਕਦੋਂ ਉਹ ਇਕੱਲਾ ਸੈਰ ਵਗੈਰਾ ਲਈ ਨਿਕਲਦਾ ਹੈ। ਉਸ ਦੇ ਗੋਲੀ ਮਾਰ ਕੇ ਮਾਰਨਾ ਤਾਂ ਆਸਾਨ ਕੰਮ ਸੀ, ਪਰ ਦਿਲਬਾਗ ਉਸ ਨੂੰ ਗੱਡੀ ਥੱਲੇ ਦਰੜ ਕੇ ਮਾਰਨਾ ਚਾਹੁੰਦਾ ਸੀ, ਜਿਵੇਂ ਉਸ ਨੇ ਕਿਸਾਨ ਦਰੜ ਕੇ ਮਾਰੇ ਸਨ। ਜਿੰਨਾ ਦਿਲਬਾਗ ਸੋਚਦਾ ਸੀ, ਗੋਲੂ ਉਸ ਤੋਂ ਵੀ ਤੇਜ਼ ਨਿਕਲਿਆ। ਉਹ ਪੰਜਾਬੀ ਮਿਕਸ ਹਿੰਦੀ ਤੋਂ ਸਥਾਨਕ ਲੋਕਾਂ ਦੀ ਲੋਕਲ ਭਾਸ਼ਾ ਵੀ ਬੋਲਣ ਲੱਗਾ। ਛੇ ਕੁ ਮਹੀਨੇ ਗੁਜ਼ਰਨ ਬਾਅਦ ਲਗਦਾ ਹੀ ਨਹੀਂ ਸੀ ਕਿ ਇਹ ਉਹੋ ਗੁਲਵਿੰਦਰ (ਗੋਲੂ) ਹੈ, ਜਿਸ ਨੂੰ ਉਹ ਭੋਲੇ ਪਾਤਸ਼ਾਹ ਸਮਝਦੇ ਸਨ। ਉਹ ਆਪਣੇ ਨਿਸ਼ਾਨੇ ਦੀ ਪੈੜ ਵੀ ਨੱਪਣ ਲੱਗਾ, ਪਰ ਉਸ ਨੇ ਕਦੀ ਉਸ ਨੂੰ ਭਾਰੀ ਸਿਕਿਉਰਿਟੀ ਤੋਂ ਬਿਨਾ ਨਹੀਂ ਸੀ ਵੇਖਿਆ। ਉਸ ਨੂੰ ਜੇ ਸਿੱਧਾ ਗੋਲੀ ਮਾਰ ਕੇ ਮਾਰਨਾ ਹੁੰਦਾ ਤਾਂ ਦਿਲਬਾਗ ਹੋਰੀਂ ਉਸ ਨੂੰ ਸਿਕਿਉਰਿਟੀ ਸਮੇਤ ਮਾਰਨ ਦਾ ਖਤਰਾ ਵੀ ਉਠਾ ਸਕਦੇ ਸਨ, ਪਰ ਇਹ ਉਨ੍ਹਾਂ ਦਾ ਨਿਸ਼ਾਨਾ ਨਹੀਂ ਸੀ। ਇਸ ਦਰਮਿਆਨ ਇੱਕ ਮੁਸਲਿਮ ਮੁੰਡਾ ਗੋਲੂ ਦਾ ਦੋਸਤ ਬਣ ਗਿਆ। ਉਹ ਉਸ ਕਸਬਾਨੁਮਾ ਪਿੰਡ ਦਾ ਵਾਸੀ ਸੀ, ਜਿਸ ਪਿੰਡ ਦਾ ਮੰਤਰੀ ਦਾ ਮੁੰਡਾ ਵਸਨੀਕ ਸੀ। ਗੱਲਾਂ-ਗੱਲਾਂ ‘ਚ ਉਸ ਨੇ ਦੱਸਿਆ ਕਿ ਸਿਰਫ ਹੋਲੀ ਵਾਲੇ ਦਿਨ ਇਹ ਲੋਕ ਸਿਕਿਉਰਿਟੀ ਤੋਂ ਲਾਪ੍ਰਵਾਹ ਹੁੰਦੇ ਹਨ। ਗੋਲੂ ਨੇ ਇਹ ਗੱਲ ਦਿਲਬਾਗ ਨਾਲ ਬੈਠ ਕੇ ਸਾਂਝੀ ਕੀਤੀ। ਹੋਲੀ ਹਾਲੇ ਕਾਫੀ ਦੂਰ ਸੀ। ਮੁੰਡੇ ਪੂਰੀ ਤਿਆਰੀ ਨਾਲ ਹਮਲਾ ਕਰ ਸਕਦੇ ਸਨ। ਦਿਲਬਾਗ ਨੇ ਆਪ ਵੀ ਸਾਰੇ ਇਲਾਕੇ ਦੇ ਚੱਪੇ ਚੱਪੇ ਦੀ ਰੈਕੀ ਕੀਤੀ। ਸਲੀਮ ਬਖ਼ਸ਼ ਨੇ ਦੱਸਿਆ ਸੀ ਕਿ ਇਹ ਲਾਗੇ ਵਗਦੀ ਇੱਕ ਨਦੀ ‘ਦੇ ਕਿਨਾਰੇ ਜਾ ਕੇ ਹੋਲੀ ਖੇਡਦੇ ਹਨ। ਉਥੇ ਚੰਗਾ ਇਕੱਠ ਹੋ ਜਾਂਦੈ। ਬਹੁਤੀਆਂ ਔਰਤਾਂ ਹੁੰਦੀਆਂ ਹਨ। ਹੋਲੀ ਇੰਨਾ ਮਸਤੀ ਭਰਿਆ ਤਿਉਹਾਰ ਬਣ ਜਾਂਦਾ ਕਿ ਸੁਰੱਖਿਆ ਵਾਲਾ ਮਸਲਾ ਭੁੱਲ-ਭੁਲਾ ਜਾਂਦੇ ਹਨ। ਦਿਲਬਾਗ ਨੇ ਯੂ.ਪੀ. ਅਸੈਂਬਲੀ ਦੇ ਉਸ ਮਨਿਸਟਰ ਦੇ ਘਰ ਦਾ ਆਲਾ-ਦੁਆਲਾ ਚੰਗੀ ਤਰ੍ਹਾਂ ਵਾਚਿਆ, ਜਿਸ ਨੇ ਕਿਸਾਨਾਂ ਨੂੰ ਦਰੜਨ ਵਾਲੇ ਲੋਕਾਂ ਦੀ ਅਗਵਾਈ ਕੀਤੀ ਸੀ। ਕੈਮਰਿਆਂ ਤੋਂ ਬਚਾਅ ਲਈ ਉਸ ਨੇ ਮਾਸਕ ਪਹਿਨ ਲਿਆ ਸੀ। ਨਦੀ ਵੱਲ ਨੂੰ ਜਾਂਦੇ-ਆਉਂਦੇ ਰਾਹ ਉਸ ਨੇ ਚੰਗੀ ਤਰ੍ਹਾਂ ਗਾਹੇ। ਇੱਥੇ ਘਟਨਾ ਤੋਂ ਬਾਅਦ ਕਿਵੇਂ ਤੇ ਕਿੱਧਰ ਨੂੰ ਉਹ ਬਚ ਕੇ ਨਿਕਲ ਸਕਦੇ ਹਨ, ਇਹਦੇ ਕਾਗਜ਼ਾਂ ‘ਤੇ ਨਕਸ਼ੇ ਬਣਾਏ, ਆਪਣੇ ਬੰਦਿਆਂ ਨੂੰ ਸਮਝਾਏ। ਹਰ ਇੱਕ ਨੂੰ ਨਕਸ਼ੇ ਦੀ ਇੱਕ ਇੱਕ ਕਾਪੀ ਦਿੱਤੀ। ਉਹ ਥਾਵਾਂ ਨਕਸ਼ੇ ‘ਤੇ ਦਰਸਾਈਆਂ, ਜਿੱਥੇ ਐਕਸ਼ਨ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੋਣਾ ਸੀ। ਫਿਰ ਉਸ ਨੂੰ ਲੱਗਾ ਕਿ ਇਸ ਮੌਕੇ ਉਹ ਕਿਸੇ ਇਕੱਠ ਦੇ ਦਰਮਿਆਨ ਹੋਵੇਗਾ ਅਤੇ ਉਸ ਨੂੰ ਆਸਾਨੀ ਨਾਲ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ। ਇਸ ਕੰਮ ਲਈ ਦਿਲਬਾਗ ਨੇ ਆਪਣੀਆਂ ਦੋ ਵੱਡੀਆਂ ਗੱਡੀਆਂ ਤਿਆਰ ਕੀਤੀਆਂ। ਇੱਕ ਫੋਰ ਬਾਈ ਫੋਰ ਪਿੱਕੇ ਨੂੰ ਬੁਲਟ ਪਰੂਫ ਗੱਡੀ ਵਿੱਚ ਬਦਲਿਆ। ਵਧੀਆ ਕੁਆਲਟੀ ਦੇ ਛੋਟੇ ਹਥਿਆਰ ਖਰੀਦੇ। ਇਕ ਬਾਰਾਂ ਬੋਰ ਦੀ ਦੋਨਾਲੀ ਰਾਈਫਲ ਦੀ ਪਾਈਪ ਕੱਟ ਕੇ ਪਿਸਤੌਲ ਦੀ ਸ਼ਕਲ ਦੇ ਲਈ। ਇਸ ਤੋਂ ਇਲਾਵਾ ਤਿੰਨਾਂ ਲਈ ਇੱਕੋ ਜਿਹੇ ਪਿਸਤੌਲ ਅਤੇ ਗੋਲੀਆਂ ਦਾ ਪੂਰਾ ਬਕਸਾ ਖਰੀਦਿਆ। ਦਿਲਬਾਗ ਤਿਆਰੀ ਇਸ ਤਰ੍ਹਾਂ ਕਰ ਰਿਹਾ ਸੀ ਕਿ ਸ਼ਿਕਾਰ ਕਿਸੇ ਵੀ ਤਰ੍ਹਾਂ ਬਚ ਕੇ ਨਾ ਨਿਕਲੇ। ਉਹਨੇ ਆਪ ਹਿੰਦੀ ਭਾਸ਼ਾ ਬੋਲਣ ਵਿੱਚ ਮੁਹਾਰਤ ਹਾਸਲ ਕੀਤੀ। ਨਾਲ ਦੇ ਮੁੰਡਿਆਂ ਨੂੰ ਇਸ ਵਿੱਚ ਮਾਸਟਰ ਕੀਤਾ ਤਾਂ ਕਿ ਕਿਤੇ ਵੀ ਸਧਾਰਨ ਨਾਕੇ ਵਗੈਰਾ ‘ਤੇ ਇਉਂ ਨਾ ਲੱਗੇ ਮੁੰਡੇ ਕਿਸੇ ਬਾਹਰਲੀ ਸਟੇਟ ਤੋਂ ਆਏ ਹਨ।

ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਦਿਲਬਾਗ ਪੰਜਾਬ ਆ ਗਿਆ। ਉਹ ਕਈ ਦਿਨਾਂ ਤੋਂ ਬਘੇਲੇ ਬਾਰੇ ਫਿਕਰਮੰਦ ਸੀ। ਜਦੋਂ ਦਾ ਉਹ ਉਹਦੇ ਘਰ ਹੋ ਕੇ ਆਇਆ ਸੀ, ਉਸ ਨੇ ਬਘੇਲੇ ਦਾ ਪਤਾ ਨਹੀਂ ਸੀ ਕੀਤਾ। ਫਿਲੌਰ ਲਾਗੇ ਨਗਰ ਪਿੰਡ ਦੇ ਨੇੜੇ ਉਨ੍ਹਾਂ ਦਾ ਖੇਤਾਂ ਵਿੱਚ ਘਰ ਸੀ। ਦਿਲਬਾਗ ਜਦੋਂ ਬਘੇਲੇ ਦੇ ਘਰ ਪੁੱਜਾ ਤਾਂ ਉਸ ਦੀ ਭੈਣ ਅਤੇ ਮਾਂ ਦਿਲਬਾਗ ਨੂੰ ਬੜੇ ਨਿੱਘ ਨਾਲ ਮਿਲੀਆਂ। ਬਘੇਲੇ ਦਾ ਚਿਹਰਾ ਪਹਿਲਾਂ ਨਾਲੋਂ ਨਿਖਰ ਆਇਆ ਸੀ। ਪੇਟ ਵੀ ਘਟ ਗਿਆ ਸੀ। ਉਹਦਾ ਸਰੀਰ ਹੁਣ ਗੇੜ ‘ਚ ਲੱਗਣ ਲੱਗਾ। ਹੱਥ-ਪੈਰ ਵੀ ਪਹਿਲਾਂ ਨਾਲੋਂ ਤੰਦਰੁਸਤ ਸਨ। ਦਿਲਬਾਗ ਨੂੰ ਵੇਖ ਕੇ ਉਹਨੂੰ ਖੁਸ਼ੀ ਹੋਈ। ਬਘੇਲੇ ਦੀ ਮਾਂ ਦੱਸਣ ਲੱਗੀ, ਅਸੀਂ ਤੇਰੇ ਜਾਣ ਪਿੱਛੋਂ ਪਹਿਲੀ ਗੱਲ ਇਹ ਕੀਤੀ ਕਿ ਇਹਨੂੰ ਦਇਆਨੰਦ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਕੁਝ ਡਾਕਟਰਾਂ ਨਾਲ ਇਹਦੀ ਮਿੱਤਰਤਾ ਬਣ ਗਈ। ਕਈਆਂ ਨੇ ਇਸ ਨੂੰ ਜੇ.ਸੀ.ਟੀ. ਵੱਲੋਂ ਖੇਡਦਾ ਵੀ ਵੇਖਿਆ ਸੀ। ਬੜੀ ਚੰਗੀ ਕੇਅਰ ਕੀਤੀ। ਉਹਦੀ ਭੈਣ ਹੁਣ ਐਮ.ਏ. ਸਾਈਕੌਲੋਜੀ ਕਰਦੀ ਸੀ। ਆਖਣ ਲਗੀ, ‘ਵੀਰ ਇਹਦਾ ਜ਼ਿੰਦਗੀ ‘ਚੋਂ ਵਿਸ਼ਵਾਸ਼ ਟੁੱਟ ਗਿਆ ਸੀ, ਜਿਸ ਦਿਨ ਤੁਸੀਂ ਆਏ, ਉਸ ਤੋਂ ਬਾਅਦ ਇਹਦਾ ਜ਼ਿੰਦਗੀ ਵਿੱਚ ਜਿਵੇਂ ਮੁੜ ਭਰੋਸਾ ਬਣਨ ਲੱਗਾ। ਫਿਰ ਦਇਆਨੰਦ ਵਾਲੇ ਡਾਕਟਰਾਂ ਦੀ ਟੀਮ ਨੇ ਇਸ ਨੂੰ ਬਹੁਤ ਉਤਸ਼ਾਹਿਤ ਕੀਤਾ। ਹੁਣ ਤਾਂ ਕਈ ਵਾਰ ਇਹ ਸਾਨੂੰ ਮੱਤਾਂ ਦੇਣ ਲੱਗ ਪੈਂਦਾ।’ ਬਘੇਲਾ ਇਸ ਵਾਰ ਦਿਲਬਾਗ ਨੂੰ ਜੱਫੀ ਪਾ ਕੇ ਮਿਲਿਆ। ਉਹਨੇ ਦਿਲਬਾਗ ਨੂੰ ਕਿੰਨੀ ਦੇਰ ਜੱਫੀ ਵਿੱਚੋਂ ਨਾ ਛੱਡਿਆ। ਜਦੋਂ ਛੱਡਿਆ ਤਾਂ ਅੱਖਾਂ ਨੀਵੀਆਂ ਕਰ ਲਈਆਂ। ਦਿਲਬਾਗ ਨੇ ਜਦੋਂ ਉਹਦਾ ਮੂੰਹ ਉਤਾਂਹ ਚੁੱਕਿਆ ਤਾਂ ਉਹਦੀਆਂ ਅੱਖਾਂ ਸਿੱਲ੍ਹੀਆਂ ਸਨ। ਇਹ ਬਘੇਲੇ ਦਾ ਦਿਲਬਾਗ ਲਈ ਇੱਕ ਕਿਸਮ ਦਾ ਸ਼ੁਕਰਾਨਾ ਸੀ। ਦਿਲਬਾਗ ਨੇ ਉਸ ਨੂੰ ਇੱਕ ਵਾਰ ਫਿਰ ਜੱਫੀ ਵਿੱਚ ਘੁੱਟਿਆ ਤੇ ਆਖਿਆ, ‘ਇਹ ਤੇ ਗੱਲ ਈ ਕੁਸ਼ ਨੀ ਯਾਰ, ਤੂੰ ਹੋਰ ਦੱਸ ਤੇਰੇ ਲਈ ਅਸੀਂ ਕੀ ਕਰ ਸਕਦੇ ਆਂ।’
‘ਬਸ ਤੂੰ ਮਿਲਦਾ-ਗਿਲਦਾ ਰਿਹਾ ਕਰ ਭਾਅ’ ਬਘੇਲੇ ਨੇ ਭਰੇ ਮਨ ਨਾਲ ਬਸ ਇੰਨੀ ਗੱਲ ਕਹੀ। ਉਹਦੀ ਮਾਂ ਨੇ ਦੱਸਿਆ ਕਿ ਹੁਣ ਇਹ ਨਸ਼ੇ ਤੋਂ ਤਾਂ ਮੁਕਤ ਹੋ ਚੁੱਕਾ, ਪਰ ਡਾਕਟਰਾਂ ਵਲੋਂ ਦਿੱਤੀਆਂ ਕੁਝ ਦਵਾਈਆਂ ਹਾਲੇ ਦਿਨੇ ਹਾਂ।
‘ਕੋਈ ਚਿੰਤਾ ਨਾ ਕਰੋ ਮਾਤਾ, ਠੀਕ ਹੋ ਜਾਣਾ ਇਹਨੇ, ਨਾਲੇ ਹਾਲੇ ਤਾਂ ਆਪਾਂ ਫੁੱਟਬਾਲ ਅਕੈਡਮੀ ਬਣਾਉਣੀ, ਜੀਹਦਾ ਇਹਨੂੰ ਮੁੱਖ ਕੋਚ ਬਣਾਉਣਾ।’ ਦਿਲਬਾਗ ਨੇ ਬਘੇਲੇ ਨੂੰ ਦਿਲਾਸਾ ਦਿੱਤਾ। ਉਹ ਉਸ ਨੂੰ ਜ਼ਿੰਦਗੀ ਦੇ ਗਹਿਗੱਚ ਮੇਲੇ ਵਿੱਚ ਖਿੱਚ ਲਿਆਉਣਾ ਚਾਹੁੰਦਾ ਸੀ। ਸਰਸਰੀ ਦਿਲਬਾਗ ਨੇ ਬਘੇਲੇ ਤੋਂ ਤਲਵਿੰਦਰ ਬਾਰੇ ਪੁੱਛਿਆ ਜਿਹੜਾ ਉਹਦੇ ਨਾਲ ਕੌਮੀ ਟੀਮ ਵਿੱਚ ਸਲੈਕਟ ਹੋਇਆ ਸੀ।
‘ਉਹਦੀ ਏਅਰ ਫੋਰਸ ਵਿੱਚ ਸਲੈਕਸ਼ਨ ਹੋ ਗਈ ਸੀ’ ਬਘੇਲੇ ਨੇ ਦੱਸਿਆ।
‘ਉਹਦਾ ਫੋਨ ਆਇਆ ਸੀ ਇੱਕ ਦਿਨ, ਮੈਂ ਨੰਬਰ ਫੀਡ ਕੀਤਾ ਹੋਇਆ। ਕਹੇਂ ਤਾਂ ਤੇਰੀ ਗੱਲ ਕਰਾਵਾਂ?’ ਬਘੇਲੇ ਨੇ ਪੁਛਿਆ।
‘ਕਰਵਾ ਦੇ ਯਾਰ, ਬੰਦੇ ਮਿਲਦੇ-ਗਿਲਦੇ ਹੀ ਚੰਗੇ ਆ।’ ਦਿਲਬਾਗ ਨੇ ਜਲਦੀ ਨਾਲ ਕਿਹਾ। ਬਘੇਲੇ ਨੇ ਫੋਨ ਕੀਤਾ, ਅੱਗੋਂ ਫੋਨ ਬੰਦ ਆ ਰਿਹਾ ਸੀ। ਬਘੇਲੇ ਨੇ ਦਿਲਬਾਗ ਨੂੰ ਉਹਦਾ ਫੋਨ ਨੰਬਰ ਨੋਟ ਕਰਵਾ ਦਿੱਤਾ। ਦਿਲਬਾਗ ਸ਼ਾਮ ਨੂੰ ਆਪਣੇ ਟਿਕਾਣੇ ‘ਤੇ ਆ ਗਿਆ। ਅੰਬਾ ਉਸ ਤੋਂ ਪਹਿਲਾਂ ਘਰ ਪਹੁੰਚ ਗਿਆ ਸੀ। ਉਹ ਕਈ ਦੇਰ ਬਾਅਦ ਇਕੱਠੇ ਹੋਏ ਸਨ। ਸਕੂਲ ਲੱਗਣ ਲੱਗ ਪਏ ਸਨ। ਅੱਧੇ ਬੱਚੇ ਇੱਕ ਦਿਨ ਸੱਦੇ ਜਾਂਦੇ, ਅੱਧੇ ਅਗਲੇ ਦਿਨ। ਇੰਜ ਹੀ ਅੱਧੇ ਟੀਚਰ ਇੱਕ ਦਿਨ ਸੱਦੇ ਜਾਂਦੇ ਅਤੇ ਅੱਧੇ ਅਗਲੇ ਦਿਨ। ਸਿਮਰਨ ਹੁਣ ਇੱਕ ਦਿਨ ਛੱਡ ਕੇ ਆਉਣ ਲੱਗ ਪਈ ਸੀ। ਦਿਲਬਾਗ ਦੂਜੇ ਦਿਨ ਸਵੇਰੇ ਉਸ ਨੂੰ ਉਡੀਕਣ ਲੱਗਾ, ਪਰ ਸਿਮਰਨ ਦੀ ਛੁੱਟੀ ਸੀ। ਉਹਦੇ ਨਾ ਆਉਣ ‘ਤੇ ਦਿਲਬਾਗ ਨੂੰ ਨਿਰਾਸ਼ਾ ਜਿਹੀ ਹੋਈ, ਪਰ ਉਹਨੇ ਜਲਦੀ ਇਸ ਨੂੰ ਛੱਡ ਦਿੱਤਾ। ਅਗਲੇ ਦਿਨ ਸਿਮਰਨ ਆਪਣੇ ਐਕਟਿਵਾ ‘ਤੇ ਸਕੂਲ ਪੁੱਜੀ। ਇਸ ਵਾਰ ਵੀ ਉਨ੍ਹਾਂ ਦੀਆਂ ਨਜ਼ਰਾਂ ਮਿਲੀਆਂ ਤੇ ਫਿਰ ਮੂੰਹ ਪਾਸੇ ਹੋ ਗਏ। ਵੀਰਦੀਪ ਦਾ ਵਾਅਦਾ ਉਨ੍ਹਾਂ ਨੂੰ ਇਕਦਮ ਯਾਦ ਆ ਗਿਆ ਸੀ। ਹੁਣ ਦਿਲਬਾਗ ਸਰੂਰ ਵਿੱਚ ਸੀ। ਉਸ ਦਾ ਸਾਰਾ ਦਿਨ ਚੜ੍ਹਦੀ ਕਲਾ ਵਿੱਚ ਨਿਕਲਿਆ। ਇੰਨੇ ਨੂੰ ਅੰਬਾ ਕੱਖ ਕੰਡੇ ਤੋਂ ਵਿਹਲਾ ਹੋ ਚੁੱਕਾ ਸੀ। ਉਹ ਹੁਣ ਵੀਰਦੀਪ ਦੀ ਸਿਮਰਨ ਵਾਸਤੇ ਉਡੀਕ ਨੂੰ ਨੋਟ ਕਰਨ ਲੱਗਾ ਸੀ। ਇੱਕ ਦਿਨ ਉਹ ਦਿਲਬਾਗ ਨੂੰ ਟੋਹਣ ਲੱਗਾ, ‘ਦਿਲਬਾਗ ਬਾਈ ਯਾਰ ਵਿਆਹ ਵਿਹੂ ਈ ਕਰਵਾ ਲੋ ਕੋਈ ਜਣਾ, ਰੋਟੀ ਟੁੱਕ ਦਾ ਕੰਮ ਤਾਂ ਸੌਖਾ ਹੋ ਜੇ। ਊਂ ਵੀ ਲੋਕ ਸਾਲੇ ਕੁਨੱਖੇ ਜੇ ਝਾਕਦੇ ਬਈ `ਕੱਲੇ ਮੁੰਡੇ ਜਿਹੇ ਈ ਰਹੀ ਜਾਂਦੇ, ਪਤਾ ਨੀ ਕੀ ਕਰਦੇ।’
‘ਆਪਾਂ ਵਿਆਹ ਵਾਲਾ ਕੋਈ ਕੰਮ ਕਰਦੇ? ਆਪਾਂ ਨੂੰ ਕਿਹੜਾ ਕੁੜੀ ਦੇ ਦੂ?’ ਦਿਲਬਾਗ ਮੱਠਾ ਜਿਹਾ ਹੱਸਿਆ।
‘ਕੱਢ ਕੁਢ ਈ ਲਿਆਈਏ ਕੋਈ ਮਿਰਜ਼ੇ ਵਾਂਗੂੰ, ਅਗਲਾ ਤਾਂ ਤੀਰਾਂ ਦੇ ਸਿਰ ‘ਤੇ ਘੋੜੀ ‘ਤੇ ਬਿਠਾ ਲਿਆਇਆ ਸੀ, ਆਪਣੇ ਕੋਲ ਘੋੜੀਆਂ ਵੀ ਖੜ੍ਹੀਆਂ ਤੇ ਸੁੱਖ ਨਾਲ ਹਿੱਕ ਫੂਕਣੀਆਂ ਵੀ ਪਈਆਂ’ ਅੰਬੇ ਨੂੰ ਹੁਣ ਗੱਲਾਂ ਆਉਣ ਲੱਗੀਆਂ ਸਨ। ਉਹ ਦਿਲਬਾਗ ਦਾ ਦਿਲ ਵੀ ਵੇਖਣਾ ਚਾਹੁੰਦਾ ਸੀ।
‘ਇਹੋ ਜੇ ਕੰਮਾਂ ਲਈ ਨੀ ਆਪਾਂ ਘਰ ਛੱਡੇ ਅੰਬੇ, ਆਪਾਂ ਕਿਸੇ ਹੋਰ ਨਿਸ਼ਾਨੇ ‘ਤੇ ਪਹੁੰਚਣਾ’ ਦਿਲਬਾਗ ਆਖਣ ਲੱਗਾ।
‘ਇਹਾ ਜਿਆ ਨਿਸ਼ਾਨਾ ਕਿੱਥੇ ਆ, ਜਿੱਥੇ ਆਪਾਂ ਪਹੁੰਚਣਾ?’ ਮੁੰਡੇ ਨੇ ਸਹਿ-ਸੁਭਾਅ ਪੁੱਛਿਆ।
‘ਇਹਦੇ ਬਾਰੇ ਬਹੁਤਾ ਕੁਝ ਤਾਂ ਆਪਣਾ ਵਕੀਲ ਵੀਰਦੀਪ ਈ ਦੱਸ ਸਕਦਾ’ ਦਿਲਬਾਗ ਨੇ ਗੱਲ ਟਾਲੀ।
‘ਤੈਨੂੰ ਵੀ ਤਾਂ ਪਤਾ ਈ ਹੋਣਾ ਬਾਈ’ ਅੰਬਾ ਹੁਣ ਭੋਲਾ ਪੰਛੀ ਲੱਗ ਰਿਹਾ ਸੀ। ਗੱਲ ਉਸ ਦੀ ਸਮਝ ਤੋਂ ਬਾਹਰ ਹੋ ਗਈ।
‘ਇਹੋ ਜਿਹੀਆਂ ਗੱਲਾਂ ਸਮਝਣ ਲਈ ਵਕੀਲ ਚਾਹੀਦੇ ਆ ਅਮਰਜੀਤ ਸਿਆਂ। ਵੀਰਦੀਪ ਆਪਣਾ ਵਕੀਲ ਈ ਤਾਂ ਹੈ। ਇੰਨੀ ਗੱਲ ਆਖ ਕੇ ਦਿਲਬਾਗ ਮੁਸਕਰਾ ਪਿਆ। ਉਹ ਗੱਲ ਟਾਲਣ ਵਿੱਚ ਸਫਲ ਹੋ ਗਿਆ ਸੀ।

ਹੋਲੀ ਵਿੱਚ ਹਾਲੇ ਦੇਰ ਸੀ, ਦਿਲਬਾਗ ਸੋਚਣ ਲੱਗਾ ਕਿਉਂ ਨਾ ਗੋਲੂ ਨੂੰ ਵੀ ਇੱਥੇ ਹੀ ਬੁਲਾ ਲਈਏ। ਫਿਰ ਉਸ ਦੇ ਦਿਮਾਗ ਵਿੱਚ ਆਇਆ ਪਈ ਉਹਨੂੰ ਯੂ.ਪੀ. ਹੀ ਰਹਿਣ ਦੇਨੇ ਆਂ, ਕੋਈ ਨਾ ਕੋਈ ਹੋਰ ਸੂਹ ਕੱਢੇਗਾ, ਫਿਰ ਤੁਰ ਕੇ ਇਲਾਕਾ ਵੇਖਦਾ ਰਹੇਗਾ। ਇਲਾਕੇ ਦੀ ਚੰਗੀ ਤਰ੍ਹਾਂ ਵਾਕਫੀਅਤ ਵੀ ਹੋ ਜਾਵੇਗੀ। ਇਹ ਵੀ ਇਤਫਾਕ ਹੀ ਸੀ ਕਿ ਖੂਨੀ ਛੋਕਰੇ ਦੇ ਪਿੰਡ ਦਾ ਮੁੰਡਾ ਸਲੀਮ ਬਖਸ਼ ਹਰ ਆਏ ਦਿਨ ਗੋਲੂ ਦੇ ਨਜ਼ਦੀਕ ਆ ਰਿਹਾ ਸੀ। ਉਹ ਨੇਤਾ ਦੇ ਪਰਿਵਾਰ ਬਾਰੇ ਨਵੀਆਂ ਨਵੀਆਂ ਗੱਲਾਂ ਗੋਲੂ ਨੂੰ ਦੱਸਦਾ ਰਹਿੰਦਾ। ਗੋਲੂ ਕਈ ਵਾਰ ਸਲੀਮ ਨਾਲ ਉਹਦੇ ਪਿੰਡ ਵੀ ਚਲਾ ਜਾਂਦਾ। ਇੰਜ ਉਹ ਨੇਤਾ ਜੀ ਦੇ ਪਿੰਡ ਦੇ ਰਾਹਾਂ, ਖੂਹਾਂ, ਚੋਆਂ ਅਤੇ ਪਗਡੰਡੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ ਸੀ। ਜਦੋਂ ਵੀ ਦਿਲਬਾਗ ਮਿਲਦਾ ਤਾਂ ਉਹ ਉਹਦੇ ਨਾਲ ਇਸ ਸਭ ਕੁਝ ਬਾਰੇ ਬਾਰੀਕੀ ਵਿੱਚ ਗੱਲਾਂ ਕਰਦਾ। ਦਿਲਬਾਗ ਗੋਲੂ ਦੀ ਵਿਕਸਤ ਹੋ ਰਹੀ ਸੂਝ-ਬੂਝ ਤੋਂ ਹੈਰਾਨ ਸੀ। ਉਸ ਨੂੰ ਉਸ ਇਲਾਕੇ ਦੀ ਜਿਉਗਰਾਫੀ, ਰਹਿਣ-ਸਹਿਣ, ਆਦਤਾਂ ਅਤੇ ਬੋਲਬਾਣੀ ਬਾਰੇ ਕਾਫੀ ਜਾਣਕਾਰੀ ਹਾਸਲ ਹੋ ਗਈ ਸੀ। ਉਸ ਨੇ ਆਪਣੇ ਆਪ ਨੂੰ ਇਸ ਰੰਗ ਵਿੱਚ ਰਚਾ ਵੀ ਲਿਆ ਸੀ। ਲਗਦਾ ਹੀ ਨਹੀਂ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਇਸ ਇਲਾਕੇ ਦਾ ਰਹਿਣ ਵਾਲਾ ਨਹੀਂ ਹੈ। ਇਧਰ ਦਿਲਬਾਗ ਨੂੰ ਹੁਣ ਆਪਣੇ ਟਿਕਾਣੇ ‘ਤੇ ਕਿਸੇ ਔਰਤ ਦੀ ਹੋਂਦ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਸੀ। ਪਹਿਲਾਂ ਉਹ ਸੋਚਣ ਲੱਗਾ ਕਿ ਚਲੋ ਬੀਬੀ ਨੂੰ ਚੁੱਕ ਕੇ ਇੱਥੇ ਲੈ ਆਉਂਦੇ ਹਾਂ; ਪਰ ਉਹਦੀ ਮਾਤਾ ਪੈਰਾਂ ‘ਤੇ ਪਾਣੀ ਨਹੀਂ ਸੀ ਪੈਣ ਦਿੰਦੀ। ਫਿਰ ਸਿਮਰਨ ਬਾਰੇ ਖਿਆਲ ਉਹਦੇ ਮਨ ‘ਚ ਆਇਆ, ਪਰ ਉਹ ਇੱਥੇ ਰਹਿ ਹੀ ਨਹੀਂ ਸੀ ਸਕਦੀ। ਇਹਦੇ ਨਾਲ ਉਨ੍ਹਾਂ ਦੀ ਆਪਣੀ ਸੁਰੱਖਿਆ ਖਤਰੇ ਵਿੱਚ ਪੈ ਜਾਣੀ ਸੀ। ਅਖੀਰ ਉਹ ਅੰਬੇ ਨਾਲ ਸੁਲਾਹ ਮਾਰਨ ਲੱਗਾ, ‘ਅੰਬੇ ਯਾਰ ਜੇ ਤੇਰਾ ਵਿਆਹ ਕਰ ਲਈਏ ਭਲਾਂ ਕਿਵੇਂ ਲੱਗੂ!’
‘ਬੜੇ ਭਾਈ ਦੇ ਹੁੰਦਿਆਂ ਛੋਟੇ ਭਲਾਂ ਕਿਵੇਂ ਵਿਆਹੇ ਜਾ ਸਕਦੇ’ ਅੰਬੇ ਨੇ ਪਿਆਰ ਨਾਲ ਉੱਤਰ ਦਿੱਤਾ।
‘ਬੜੇ ਭਾਈ ਨੇ ਤਾਂ ਵਿਆਹ ਕਰਵਾਉਣਾ ਨੀ’ ਦਿਲਬਾਗ ਨੇ ਦੋ ਟੁੱਕ ਜਵਾਬ ਦਿੱਤਾ।
‘ਇਹ ਤੇ ਬਾਈ ਕੋਈ ਗੱਲ ਨਾ ਹੋਈ’ ਅੰਬਾ ਆਖਣ ਲੱਗਾ।
‘ਇਹੀ ਗੱਲ ਪੱਕੀ ਆ ਅੰਬਾ ਸਿਆਂ’ ਦਿਲਬਾਗ ਨੇ ਆਪਣੀ ਕਥਨੀ ਇੱਟ ਵਾਂਗ ਪੱਕੀ ਕੀਤੀ।
‘ਉਦਾਂ ਬਾਈ ਇੱਕ ਅੱਧੀ ਔਰਤ ਤਾਂ ਚਾਹੀਦੀ ਘਰ ‘ਚ ਤੁਰੀ ਫਿਰਦੀ।’
‘ਚਲ ਵੇਖਦੇ ਆਂ’ ਇੰਨਾ ਆਖ ਕੇ ਦਿਲਬਾਗ ਚੁੱਪ ਕਰ ਗਿਆ।
ਥੋੜ੍ਹੀ ਦੇਰ ਬਾਅਦ ਦਿਲਬਾਗ ਨੇ ਉਸ ਪੂਰਬੀਏ ਨੂੰ ਬੁਲਾਇਆ, ਜਿਹੜਾ ਉਨ੍ਹਾਂ ਦੀਆਂ ਮੱਝਾਂ ਤੇ ਘੋੜਿਆਂ ਦਾ ਪੱਠਾ ਦੱਥਾ ਸਾਂਭਦਾ ਸੀ।
‘ਆਪ ਯਹਾਂ ਹਮਾਰੇ ਸਾਥ ਰਹਿ ਸਕਤੇ ਹੋ ਪਰਿਵਾਰ ਕੇ ਸਾਥ’ ਦਿਲਬਾਗ ਨੇ ਭੱਈਏ ਨਾਲ ਗੱਲ ਕੀਤੀ। ਭੱਈਆ ਸਾਫ ਮੁੱਕਰ ਗਿਆ। ‘ਮੈਂ ਤੋ ਸਰਦਾਰ ਜੀ ਦਿਨ ਭਰ ਬਸ ਦਿਹਾੜੀ ਕਰ ਸਕਤਾ ਹੂੰ।’ ਪੂਰਬੀਏ ਨੂੰ ਲੱਗਾ ਬਈ ਇਉਂ ਤਾਂ ਇਹ ਮੈਨੂੰ ਚੌਵੀ ਘੰਟੇ ਦਾ ਨੌਕਰ ਬਣਾ ਲੈਣਗੇ। ਦਿਲਬਾਗ ਨੂੰ ਸੀ ਕਿ ਹੋਲੀ ਵਾਲੇ ਐਕਸ਼ਨ ਵਿੱਚ ਕੁਝ ਦਿਨ ਲੱਗ ਸਕਦੇ ਹਨ। ਉਦੋਂ ਤਿੰਨਾਂ ਜਣਿਆਂ ਦੀ ਉਥੇ ਲੋੜ ਵੀ ਹੋਵੇਗੀ। ਇੱਥੇ ਰਹਿਣ ਲਈ ਵੀ ਕੋਈ ਚਾਹੀਦਾ ਹੈ। ਕਿਸੇ ਸੁਲਝੇ ਹੋਏ ਜਰਨੈਲ ਵਾਂਗ ਦਿਲਬਾਗ ਸਾਰੇ ਕੁਝ ਦਾ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੁੰਦਾ ਸੀ। ਕਿਸੇ ਸਥਿਤੀ ਵਿੱਚ ਘਿਰ ਜਾਣ ‘ਤੇ ਨਿਕਲਣ ਲਈ ਉਸ ਨੇ ਸਾਈਨਾਈਡ ਵਾਲੇ ਤਵੀਤਾਂ ਦਾ ਵੀ ਪ੍ਰਰਬੰਧ ਕਰ ਲਿਆ ਸੀ। ਜਿਸ ਕਿਸਮ ਦਾ ਐਕਸ਼ਨ ਉਹ ਉਲੀਕ ਰਹੇ ਸਨ, ਉਸ ਵਿੱਚ ਖਰਚ ਕੋਈ ਅਹਿਮੀਅਤ ਨਹੀਂ ਸੀ ਰੱਖਦਾ। ਉਨ੍ਹਾਂ ਇਸ ਐਕਸ਼ਨ ਲਈ ਫੋਰ ਬਾਈ ਫੋਰ ਦੀਆਂ ਦੋ ਸੈਕੰਡ ਹੈਂਡ ਹੈਵੀ ਗੱਡੀਆਂ ਖਰੀਦੀਆਂ। ਆਪ ਉਨ੍ਹਾਂ ਨੂੰ ਚਲਾਉਣ ਵਿੱਚ ਚੰਗੀ ਤਰ੍ਹਾਂ ਟਰਂੇਡ ਹੋਇਆ। ਗੋਲੂ ਨੂੰ ਕੁਝ ਦਿਨਾਂ ਲਈ ਉਸ ਨੇ ਵਾਪਸ ਸੱਦ ਲਿਆ। ਉਸ ਨੂੰ ਵੀ ਨਵੀਆਂ ਗੱਡੀਆਂ ਚਲਾਉਣ ਵਿੱਚ ਟਰੇਂਡ ਕੀਤਾ। ਕਿਤੇ ਖਾਲੀ ਵਾਹਣ ਵੇਖ ਕੇ ਉਹ ਗੱਡੀਆਂ ਨੂੰ ਵਾਹਣ ‘ਚ ਸੁੱਟ ਲੈਂਦੇ। ਉੱਚੇ-ਨੀਵੇਂ, ਗਿੱਲੇ-ਸੁੱਕੇ ਥਾਵਾਂ ਵਿੱਚ ਦੀ ਕੱਢਦੇ। ਥੋੜ੍ਹੇ ਮੋਟੇ ਪਾਣੀ ਵਾਲੇ ਛੱਪੜ ਵਿੱਚ ਦੀ ਕੱਢਦੇ। ਯੂ.ਪੀ. ਦੇ ਨੰਬਰਾਂ ਵਾਲੀਆਂ ਨਕਲੀ ਨੰਬਰ ਪਲੇਟਾਂ ਤਿਆਰ ਕੀਤੀਆਂ। ਗੱਡੀਆਂ ਦੇ ਯੂ.ਪੀ. ਰਾਜ ਦੇ ਨਕਲੀ ਕਾਗਜ਼ ਪੱਤਰ ਤਿਆਰ ਕੀਤੇ। ਗੋਲੂ ਦਾ ਆਧਾਰ ਕਾਰਡ ਯੂ.ਪੀ. ਦਾ ਬਣਾਇਆ, ਜਿੱਥੇ ਉਹ ਰਹਿੰਦਾ ਸੀ। ਫਿਰ ਆਪਣੇ ਨਕਲੀ ਆਧਾਰ ਕਾਰਡ ਯੂ.ਪੀ. ਦੇ ਬਣਵਾਏ।
ਇੱਕ ਦਿਨ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਹਿਲਪੁਰ ਵਿੱਚੋਂ ਲੰਘ ਰਹੇ ਸਨ। ਭੀੜ ਨਾਲ ਗੱਡੀ ਸਲੋਅ ਹੋ ਗਈ। ਜਿਸ ਸਾਈਡ ‘ਤੇ ਦਿਲਬਾਗ ਬੈਠਾ ਸੀ, ਉਸੇ ਪਾਸੇ ਕਸਬੇ ਦੀ ਮਸ਼ਹੂਰ ਮਠਿਆਈਆਂ ਦੀ ਦੁਕਾਨ ‘ਤੇ ਇੱਕ ਬਰੀਜਾ ਗੱਡੀ ਵਿੱਚੋਂ ਫਿਰੋਜ਼ੀ ਜਿਹੀ ਪੱਗ ਬੰਨ੍ਹੀ ਇੱਕ ਜਵਾਨ ਮੁੰਡਾ ਉਤਰਿਆ। ਦਿਲਬਾਗ ਨੇ ਧਿਆਨ ਨਾਲ ਵੇਖਿਆ, ਇਹ ਤਲਵਿੰਦਰ ਸੀ। ਦਿਲਬਾਗ ਨੇ ਗੱਡੀ ਰੁਕਵਾਈ। ਉਹਨੇ ਹੌਲੀ ਜਿਹੇ ਪਿਛੋਂ ਜਾ ਕੇ ਤਲਵਿੰਦਰ ਨੂੰ ਜੱਫੀ ਪਾ ਲਈ। ਮੁੰਡੇ ਨੇ ਮੁੜ ਕੇ ਵੇਖਿਆ। ਦਿਲਬਾਗ ਦਾ ਹੱਸਦਾ ਚਿਹਰਾ ਵੇਖ ਕੇ ਉਹ ਹੈਰਾਨ ਰਹਿ ਗਿਆ। ਉਹ ਬੜੇ ਨਿੱਘ ਨਾਲ ਮਿਲੇ। ਉਹਦੀ ਘਰਵਾਲੀ ਤੇ ਬੱਚਾ ਵੀ ਨਾਲ ਸਨ। ਤਲਵਿੰਦਰ ਹਾਲੇ ਪਹਿਲਾਂ ਵਰਗਾ ਹੀ ਲਗਦਾ ਸੀ; ‘ਬੱਲੇ ਅੱਜ ਤਾਂ ਬਈ ਰੱਬ ਨੇੜੇ ਹੋ ਕੇ ਬਹੁੜਿਆ’ ਤਲਵਿੰਦਰ ਅਸਚਰਜ ਭਰੀ ਖੁਸ਼ੀ ਨਾਲ ਬੋਲਿਆ। ‘ਕੀ ਕਾਰੋਬਾਰ ਰੱਖਿਆ ਫਿਰ ਅੱਜ ਕੱਲ੍ਹ?’ ਤਲਵਿੰਦਰ ਨੇ ਪੈਂਦੀ ਸੱਟੇ ਪੁੱਛਿਆ। ‘ਮੱਝਾਂ ਦਾ ਵਪਾਰ ਕਰਦਾਂ, ਹੋਰ ਆਪਾਂ ਕੀ ਕਰਨਾ, ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣਾਂ’, ਦਿਲਬਾਗ ਨੇ ਬਣੀ ਬਣਾਈ ਗੱਲ ਅੱਗੇ ਵਧਾਈ। ਇੱਥੋਂ ਨਜ਼ਦੀਕ ਹੀ ਤਲਵਿੰਦਰ ਦਾ ਜੱਦੀ ਪਿੰਡ ਸੀ। ਉਹ ਦਿਲਬਾਗ ‘ਤੇ ਪਿੰਡ ਜਾਣ ਲਈ ਜ਼ੋਰ ਪਾਉਣ ਲੱਗਾ, ਪਰ ਉਹ ਮੰਨਿਆ ਨਾ। ਕਦੀ ਆਉਣੇ ਹੋਏ ਤਾਂ ਆਵੀਂ ਯੂ.ਪੀ., ਤਲਵਿੰਦਰ ਨੇ ਹੋਰ ਸੁਲ੍ਹਾ ਮਾਰੀ।
‘ਹਾਲੇ ਪੱਕਾ ਨੀ, ਪਰ ਸ਼ਾਇਦ ਹੋਲੀ ਦੇ ਨੇੜੇ ਗੇੜਾ ਮਾਰੀਏ, ਉਥੇ ਇੱਕ ਮੇਰਾ ਹੋਰ ਯਾਰ ਰਹਿੰਦਾ ਆਗਰੇ, ਉਹਨੇ ਬੁਲਾਇਆ ਹੋਇਆ ਹੋਲੀ ਦੇ ਤਿਉਹਾਰ ‘ਤੇ, ਆਏ ਤਾਂ ਤੇਰੇ ਵੱਲ ਵੀ ਗੇੜਾ ਮਾਰਾਂਗੇ।’ ਦਿਲਬਾਗ ਨੇ ਕੈਜ਼ੂਅਲ ਜਿਹੀ ਗੱਲ ਕੀਤੀ।
‘ਊਂ ਹਾਲੇ ਕੱਚਾ ਪੱਕਾ ਜਿਹਾ ਈ ਆ, ਪਰ ਜੇ ਆਏ ਤਾਂ ਜ਼ਰੂਰ ਮਿਲਾਂਗੇ’ ਦਿਲਬਾਗ ਨੇ ਜਾਣ ਲਈ ਹੱਥ ਮਿਲਾਉਂਦਿਆਂ ਕਿਹਾ।
‘ਆ ਜਾ ਬਹਿ ਜਾ ਯਾਰ ਦਿਲਬਾਗ ਕਿੰਨੀ ਦੇਰ ਬਾਅਦ ਮਿਲਿਆਂ, ਨੈਸ਼ਨਲ ਟੀਮ ਵਿੱਚ ਸਲੈਕਸ਼ਨ ਵੇਲੇ ਹੀ ਮਿਲੇ ਸਾਂ ਆਪਾਂ। ਮੈਨੂੰ ਦਿਲਬਾਗ ਤੇਰੇ ਰਹਿ ਜਾਣ ‘ਤੇ ਸਾਲੀ ਬੜੀ ਤਕਲੀਫ ਹੋਈ।’ ਤਲਵਿੰਦਰ ਦਾ ਇਹ ਅਫਸੋਸ ਰਸਮੀ ਨਹੀਂ ਸੀ, ਉਹ ਦਿਲੋਂ ਆਖ ਰਿਹਾ ਸੀ।
‘ਚਲ ਛੱਡ ਹੁਣ ਪਰੇ ਯਾਰ ਇਹ ਗੱਲਾਂ, ਵਕਤ ਬੜਾ ਦੂਰ ਲੈ ਗਿਆ ਹੁਣ ਆਪਾਂ ਨੂੰ।’ ਦਿਲਬਾਗ ਨੇ ਹੱਸਦਿਆਂ ਕਿਹਾ।
‘ਜੇ ਆਪਾਂ ਮਿਲਣਾ ਚਾਹੀਏ ਤਾਂ ਵਕਤ ਕਿਤੇ ਨੀ ਲਿਜਾ ਸਕਦਾ ਸਾਨੂੰ। ਤੂੰ ਆਈਂ ਯਾਰ ਹੋਲੀ ਵੇਲੇ ਉਥੇ, ਇੱਥੇ ਹੋਰ ਬੜੇ ਕੰਮ ਨੇ, ਉਥੇ ਕਰਾਂਗੇ ਆਪਾਂ ਰੱਜ ਕੇ ਗੱਲਾਂਬਾਤਾਂ।’ ਤਲਵਿੰਦਰ ਨੇ ਇੰਨਾ ਇੱਕ ਵਾਰ ਫਿਰ ਕਿਹਾ ਤੇ ਦਿਲਬਾਗ ਨੇ ਉਸ ਤੋਂ ਵਿਦਾ ਲੈ ਲਈ।
ਤਲਵਿੰਦਰ ਨੂੰ ਮਿਲਣ ਤੋਂ ਬਾਅਦ ਦਿਲਬਾਗ ਨੂੰ ਲੱਗਾ ਕਿ ਉਸ ਦੀ ਯੋਜਨਾ ਹੁਣ ਮੁਕੰਮਲ ਹੋ ਗਈ ਹੈ। ਉਸ ਨੂੰ ਇਹ ਫਿਕਰ ਸੀ ਕਿ ਘਟਨਾ ਤੋਂ ਬਾਅਦ ਗਾਇਬ ਹੋਣ ਲਈ ਉਨ੍ਹਾਂ ਨੂੰ ਸਥਾਨਕ ਲਿੰਕ ਚਾਹੀਦੇ ਹਨ। ਪ੍ਰਭਾਵਤ ਕਿਸਾਨਾਂ ਦੇ ਉਹ ਜਾ ਨਹੀਂ ਸਨ ਸਕਦੇ, ਇਸ ਨਾਲ ਉਨ੍ਹਾਂ ਨਿਗਾਹ ਵਿੱਚ ਆ ਜਾਣਾ ਸੀ।

Leave a Reply

Your email address will not be published. Required fields are marked *