ਐੱਮ ਪੌਕਸ: ਵਿਸ਼ਵ ਸਿਹਤ ਸੰਗਠਨ ਤੇ ਗਲੋਬਲ ਹੈਲਥ ਐਮਰਜੈਂਸੀ

ਆਮ-ਖਾਸ

ਵਿਸ਼ਵ ਸਿਹਤ ਸੰਗਠਨ ਨੇ ਐੱਮ ਪੌਕਸ ਯਾਨਿ ਮੰਕੀ ਪੌਕਸ ਲਈ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਤਾਂ ਇਹ ਸਵਾਲ ਪੂਰੀ ਦੁਨੀਆਂ ਵਿੱਚ ਪੁੱਛੇ ਜਾਣ ਲੱਗੇ ਕਿ ਕੀ ਐੱਮ ਪੌਕਸ ਨਵਾਂ ਕੋਰੋਨਾ ਹੈ? ਕੀ ਐੱਮ ਪੌਕਸ ਵੱਡੀ ਮਹਾਮਾਰੀ ਬਣ ਸਕਦਾ ਹੈ? ਕੀ ਇਸ ਵਾਇਰਸ ਲਈ ਬਣਾਏ ਟੀਕੇ ਕਾਰਗਰ ਹਨ? ਵਗੈਰਾ ਵਗੈਰਾ। ਵਿਗਿਆਨੀਆਂ ਅਤੇ ਸਿਹਤ ਮਾਹਰਾਂ ਦਾ ਜਵਾਬ ਹੈ- ਨਹੀਂ ਅਜਿਹਾ ਨਹੀਂ ਹੈ; ਪਰ ਹਾਂ, ਲੋਕਾਂ ਦੀ ਫਿਕਰ ਜਾਇਜ਼ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐੱਮ. ਪੌਕਸ ਬਾਰੇ ਚਿੰਤਾ ਵਧ ਰਹੀ ਹੈ। ਇਸ ਮਹਾਮਾਰੀ ਨਾਲ ਦੁਨੀਆ ਭਰ ਵਿੱਚ ਲਗਭਗ 15 ਮਿਲੀਅਨ ਮੌਤਾਂ ਹੋਈਆਂ ਹਨ। ਥਾਈਲੈਂਡ ਅਫਰੀਕਾ ਤੋਂ ਬਾਅਦ ਦੂਜਾ ਦੇਸ਼ ਹੈ, ਜਿਸਨੇ ਵੇਰੀਐਂਟ ਦੇ ਇੱਕ ਨਵੇਂ ਕੇਸ ਦੀ ਪੁਸ਼ਟੀ ਕੀਤੀ ਹੈ। ਇਸ ਸਾਲ 13 ਅਫਰੀਕੀ ਦੇਸ਼ਾਂ ਵਿੱਚ 18 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਅਤੇ 600 ਦੇ ਕਰੀਬ ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 95% ਤੋਂ ਵੱਧ ਕੇਸ ਅਤੇ ਮੌਤਾਂ ਕਾਂਗੋ ਵਿੱਚ ਹੋਈਆਂ ਹਨ।
ਯੂਰਪ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ. ਹਾਨਸ ਕਲੂਗੋ ਨੇ ਕਿਹਾ ਹੈ, “ਐੱਮ ਪੌਕਸ ਨਵਾਂ ਕੋਰੋਨਾ ਨਹੀਂ ਹੈ, ਆਮ ਆਬਾਦੀ ਲਈ ਖ਼ਤਰਾ ਘੱਟ ਹੈ। ਸਾਨੂੰ ਪਤਾ ਹੈ ਕਿ ਐੱਮ ਪੌਕਸ ਕਿਵੇਂ ਕਾਬੂ ਕਰਨਾ ਹੈ। ਯੂਰਪ ਵਿੱਚ ਇਸ ਲਾਗ ਨੂੰ ਕਿਵੇਂ ਰੋਕਣਾ ਹੈ, ਇਸ ਬਾਰੇ ਵੀ ਅਸੀਂ ਜਾਣਦੇ ਹਾਂ।”
ਚੇਤੇ ਰਹੇ, ਕੋਰੋਨਾ ਅਤੇ ਐੱਮ ਪੌਕਸ- ਦੋਵੇਂ ਬੀਮਾਰੀਆਂ ਵਾਇਰਸ ਕਾਰਨ ਹੁੰਦੀਆਂ ਹਨ, ਪਰ ਦੋਵਾਂ ਦੇ ਲੱਛਣ ਕਾਫ਼ੀ ਵੱਖਰੇ ਹਨ ਅਤੇ ਫੈਲਣ ਦਾ ਤਰੀਕਾ ਵੀ ਵੱਖਰਾ ਹੈ। ਕੀਨੀਆ ਦੇ ਆਗਾ ਖ਼ਾਨ ਯੂਨੀਵਰਸਿਟੀ ਹਸਪਤਾਲ ਦੇ ਪ੍ਰੋਫੈਸਰ ਰੋਡਨੇ ਐਡਮ ਅਨੁਸਾਰ ਦੋਵਾਂ ਬੀਮਾਰੀਆਂ ਦੇ ਵਿੱਚ ਸਮਾਨਤਾਵਾਂ ਨਾਲੋਂ ਜ਼ਿਆਦਾ ਫਰਕ ਹਨ।
ਐੱਮ ਪੌਕਸ ਕੋਰੋਨਾ ਵਾਇਰਸ ਵਾਂਗ ਨਵਾਂ ਵਾਇਰਸ ਨਹੀਂ ਹੈ। ਐੱਮ ਪੌਕਸ ਪਹਿਲਾਂ ਮੰਕੀ ਪੌਕਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਬੀਮਾਰੀ ਸਾਲ 1958 ਤੋਂ ਮੌਜੂਦ ਹੈ। ਇਹ ਵਾਇਰਸ ਸਭ ਤੋਂ ਪਿਹਲਾਂ ਡੈਨਮਾਰਕ ਦੇ ਬਾਂਦਰਾਂ ਵਿੱਚ ਮਿਲਿਆ ਸੀ। ਮਨੁੱਖ ਦੇ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਦਾ ਪਹਿਲਾ ਮਾਮਲਾ ਲੋਕਤੰਤਰੀ ਗਣਰਾਜ ਕਾਂਗੋ ਵਿੱਚ 1970 ਵਿੱਚ ਦੇਖਣ ਨੂੰ ਮਿਲਿਆ। ਉਦੋਂ ਤੋਂ ਲੈ ਕੇ ਪੱਛਮ ਅਤੇ ਮੱਧ ਅਫਰੀਕਾ ਵਿੱਚ ਇਹ ਵਾਇਰਸ ਕਈ ਵਾਰ ਫੈਲ ਚੁੱਕਾ ਹੈ।
ਐੱਮ ਪੌਕਸ ਬਾਰੇ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ 2022 ਵਿੱਚ ਸਭ ਤੋਂ ਪਹਿਲਾਂ ਕੀਤਾ ਗਿਆ ਸੀ। ਇਹ ਵਾਇਰਸ 70 ਦੇਸਾਂ ਵਿੱਚ ਫੈਲ ਚੁੱਕਾ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਪਹਿਲਾ ਹਮਲਾ 2019 ਵਿੱਚ ਚੀਨ ਦੇ ਵੁਹਾਨ ਵਿੱਚ ਦੇਖਣ ਨੂੰ ਮਿਲਿਆ ਸੀ ਅਤੇ ਜਲਦੀ ਹੀ ਇਹ ਪੂਰੀ ਦੁਨੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਤੇ ਵਿਸ਼ਵੀ ਮਹਾਮਾਰੀ ਬਣ ਗਿਆ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋਵਾਂ ਹੀ ਵਾਇਰਸਾਂ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਿਆ ਗਿਆ, ਪਰ ਹੁਣ ਅਸੀਂ ਐੱਮ ਪੌਕਸ ਬਾਰੇ ਕੋਰੋਨਾ ਨਾਲੋਂ ਜ਼ਿਆਦਾ ਜਾਣਦੇ ਹਾਂ। ਐੱਮ ਪੌਕਸ ਕੋਰੋਨਾ ਵਾਂਗ ਲਾਗਸ਼ੀਲ ਨਹੀਂ ਹੈ। ਹਾਲਾਂਕਿ ਦੋਵੇਂ ਹੀ ਬੀਮਾਰੀਆਂ ਕਰੀਬੀ ਸੰਪਰਕ ਵਿੱਚ ਆਉਣ ਨਾਲ ਫੈਲਦੀਆਂ ਹਨ, ਪਰ ਕੋਰੋਨਾ ਤੇਜ਼ੀ ਨਾਲ ਫੈਲਦਾ ਹੈ ਅਤੇ ਏਅਰਬੋਰਨ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾ ਕਿਸੇ ਇਨਸਾਨ ਦੇ ਖੰਘਣ, ਛਿੱਕਣ, ਬੋਲਣ, ਗਾਉਣ, ਨੇੜੇ ਬੈਠਣ ਨਾਲ ਵੀ ਫੈਲ ਜਾਂਦਾ ਹੈ। ਉੱਥੇ ਹੀ ਐੱਮ ਪੌਕਸ ਕਿਸੇ ਲਾਗ ਵਾਲੇ ਵਿਅਕਤੀ ਨਾਲ ਨਜ਼ਦੀਕ ਆਉਣ ਨਾਲ ਫ਼ੈਲਦਾ ਹੈ। ਜਿਵੇਂ ਤੁਸੀਂ ਮਰੀਜ਼ ਦੀ ਚਮੜੀ ਨੂੰ ਛੂਹ ਲਵੋਂ, ਸਰੀਰਕ ਸੰਬੰਧ ਕਾਇਮ ਹੋ ਜਾਣ, ਮਰੀਜ਼ ਦੇ ਬਿਸਤਰੇ ਉੱਤੇ ਪੈਣ ਨਾਲ ਜਾਂ ਉਸਦੇ ਕੱਪੜੇ ਵਰਤਣ ਨਾਲ। ਦੇਰ ਤੱਕ ਆਹਮੋ-ਸਾਹਮਣੇ ਗੱਲ ਕਰਨ ਨਾਲ ਵੀ ਐੱਮ ਪੌਕਸ ਵਾਇਰਸ ਇੱਕ ਦੂਜੇ ਮਨੁੱਖ ਵਿੱਚ ਜਾ ਸਕਦਾ ਹੈ। ਕੋਰੋਨਾ ਦੇ ਮੁੱਖ ਲੱਛਣ ਸਨ- ਬੁਖਾਰ, ਸਰਦੀ, ਗਲੇ ਵਿੱਚ ਖੁਰਕ; ਜਦਕਿ ਐੱਮ ਪੌਕਸ ਦੇ ਲੱਛਣ ਹਨ- ਬੁਖਾਰ, ਸਿਰ ਦਰਦ, ਪਿੰਡਾ ਦਰਦ, ਗਲੇ ਦੀ ਸੋਜ ਅਤੇ ਦਾਗ।
ਦਸੰਬਰ 2019 ਤੋਂ ਅਗਸਤ 2023 ਤੱਕ 76 ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਸਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਮਈ 2022 ਤੋਂ ਹੁਣ ਤੱਕ ਐੱਮ ਪੌਕਸ ਦੇ ਦੁਨੀਆਂ ਭਰ ਵਿੱਚ ਇੱਕ ਲੱਖ ਦੇ ਲਗਭਗ ਕੇਸ ਦਰਜ ਕੀਤੇ ਗਏ ਹਨ। ਅਫ਼ਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰਿਵੈਂਸ਼ਨ (ਸੀ.ਡੀ.ਸੀ.) ਨੇ ਕਿਹਾ ਹੈ ਕਿ ਕਰੀਬ 18 ਹਜ਼ਰ ਕੇਸ ਦਰਜ ਕੀਤੇ ਗਏ ਅਤੇ 600 ਤੋਂ ਜ਼ਿਆਦਾ ਮੌਤਾਂ ਹੋਈਆਂ।
ਕੋਰੋਨਾ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਵੈਕਸੀਨ ਬਣਾਉਣੀ ਹੋਵੇਗੀ, ਫਿਰ ਉਸਦਾ ਟਰਾਇਲ ਹੋਵੇਗਾ, ਫਿਰ ਮਨਜ਼ੂਰੀ ਮਿਲੇਗੀ ਅਤੇ ਫਿਰ ਜਾ ਕੇ ਕੋਰੋਨਾ ਉੱਤੇ ਕਾਬੂ ਕੀਤਾ ਜਾ ਸਕੇਗਾ; ਪਰ ਐੱਮ ਪੌਕਸ ਤੋਂ ਬਚਣ ਲਈ ਵੈਕਸੀਨ ਪਹਿਲਾਂ ਹੀ ਉਪਲਭਦ ਹੈ। ਐੱਮ ਪੌਕਸ ਛੋਟੀ ਚੇਚਕ ਵਰਗਾ ਹੈ। ਵੈਕਸੀਨ ਰਾਹੀਂ ਇਸ ਨਾਲ ਨਿਪਟਣ ਦਾ ਇੰਤਜ਼ਾਮ 1980 ਵਿੱਚ ਹੋ ਗਿਆ ਸੀ। ਜਿਸ ਵੈਕਸੀਨ ਨਾਲ ਸਮਾਲ ਪੌਕਸ ਨਾਲ ਨਜਿੱਠਿਆ ਜਾਂਦਾ ਹੈ, ਉਹੀ ਵੈਕਸੀਨ ਐੱਮ ਪੌਕਸ ਤੋਂ ਵੀ ਬਚਾਅ ਰਹੀ ਹੈ; ਖਾਸ ਕਰਕੇ ਜਦੋਂ 2022 ਵਿੱਚ ਇਹ ਬੀਮਾਰੀ ਫੈਲੀ ਸੀ।
ਪ੍ਰੋਫੈਸਰ ਐਡਮ ਅਨੁਸਾਰ “ਇਹ 100 ਫੀਸਦੀ ਸੁਰੱਖਿਆ ਮੁਹਈਆ ਨਹੀਂ ਕਰਵਾਉਂਦੀ ਹੈ। ਜਦੋਂ 2022 ਵਿੱਚ ਇਹ ਬੀਮਾਰੀ ਯੂਰਪ ਅਤੇ ਅਮਰੀਕਾ ਵਿੱਚ ਫੈਲੀ, ਉਦੋਂ ਬਜ਼ਰੁਗਾਂ ਵਿੱਚ ਇਸ ਦਾ ਖ਼ਤਰਾ ਘੱਟ ਸੀ। ਅਜਿਹਾ ਇਸ ਲਈ ਵੀ ਹੋਇਆ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਪਹਿਲਾ ਛੋਟੀ ਚੇਚਕ ਦੀ ਵੈਕਸੀਨ ਲੱਗੀ ਹੋਵੇਗੀ।”
ਸਮਾਲ ਪੌਕਸ ਉੱਤੇ ਅਧਿਕਾਰਿਤ ਐੱਮ ਪੌਕਸ ਐੱਮ.ਵੀ.ਏ.-ਬੀ.ਐੱਨ. ਵੈਕਸੀਨ ਦੇ ਨਾਮ ਤੋਂ ਜਾਣੀ ਜਾਂਦੀ ਹੈ। 2022 ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਬਾਵੇਰਿਅਨ ਨੌਰਡਿਕ ਨੇ ਡੇਢ ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਸਪਲਾਈ ਕੀਤੀ ਸੀ। ਇਹ ਵੈਕਸੀਨ 76 ਦੇਸਾਂ ਵਿੱਚ ਭੇਜੀ ਗਈ ਸੀ।
ਸਮੇਂ ਦੇ ਨਾਲ ਵਾਇਰਸ ਬਦਲਦਾ ਹੈ, ਪਰ ਕੁਝ ਵਾਇਰਸ ਤੇਜ਼ੀ ਨਾਲ ਆਪਣਾ ਰੂਪ ਬਦਲਦੇ ਹਨ, ਜਿਵੇਂ ਕੋਰੋਨਾ। ਲੇਕਿਨ ਐੱਮ ਪੌਕਸ ਅਜਿਹਾ ਨਹੀਂ ਹੈ। ਐੱਮ ਪੌਕਸ ਡੀ.ਐੱਨ.ਏ. ਵਾਇਰਸ ਨਾਲ ਹੁੰਦਾ ਹੈ; ਜਦਕਿ ਕੋਰੋਨਾ ਆਰ.ਐੱਨ.ਏ. ਵਾਇਰਸ ਨਾਲ ਹੁੰਦਾ ਹੈ। ਅਮਰੀਕੀ ਸੁਸਾਇਟੀ ਆਫ਼ ਮਾਈਕ੍ਰੋਬਾਇਓਲੌਜੀ ਮੁਤਾਬਕ ਡੀ.ਐੱਨ.ਏ. ਵਾਇਰਸ ਆਰ.ਐੱਨ.ਏ. ਵਾਇਰਸ ਜਿੰਨੀ ਤੇਜ਼ੀ ਨਾਲ ਰੂਪ ਨਹੀਂ ਬਦਲਦੇ ਹਨ। ਐੱਮ ਪੌਕਸ ਦੇ ਦੋ ਸਟਰੇਨ ਜਾਂ ਰੂਪ ਹਨ- ਕਲੇਡ-1 ਅਤੇ ਕਲੇਡ-2; ਸਾਰਸ-ਕੋਵ2 ਵਾਇਰਸ ਦੇ 20 ਤੋਂ ਜ਼ਿਆਦਾ ਕਲੇਡ ਹਨ। ਅਜੇ ਤਾਂ ਐੱਮ ਪੌਕਸ ਦੀ ਲਾਗ ਫੈਲ ਰਹੀ ਹੈ। ਉਹ ਕਲੇਡ-1 ਨਾਲ ਫੈਲ ਰਿਹਾ ਹੈ, ਜਿਸ ਨੂੰ ਕਲੇਡ-1ਬੀ ਵੀ ਕਹਿੰਦੇ ਹਨ।
ਆਕਸਫੋਰਡ ਯੂਨੀਵਰਸਿਟੀ ਵਿੱਚ ਗਲੋਬਲ ਹੈਲਥ ਰਿਸਰਚ ਦੇ ਪ੍ਰੋਫੈਸਰ ਟੂਡੀ ਲੇਂਗ ਮੁਤਾਬਕ “ਅਸੀਂ ਕਲੇਡ-1ਬੀ ਦੇ ਨਾਲ ਇਹ ਦੇਖ ਰਹੇ ਹਾਂ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਸਰੀਰਕ ਸੰਬੰਧਾਂ ਦੇ ਕਾਰਨ ਫੈਲ ਰਿਹਾ ਹੈ, ਪਰ ਇਹ ਵਿਅਕਤੀਆਂ ਦੇ ਆਪਸੀ ਸੰਪਰਕ ਨਾਲ ਵੀ ਫੈਲ ਰਿਹਾ ਹੈ। ਜਿਵੇਂ ਮਾਂ-ਬੇਟੇ, ਬੱਚਿਆਂ ਤੋਂ ਬੱਚਿਆਂ ਵਿੱਚ ਜਾਂ ਫਿਰ ਬੱਚੇ ਦੀ ਦੇਖਭਾਲ ਦੇ ਕਾਰਨ।” ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ 1ਬੀ ਸਟਰੇਨ ਬਾਕੀ ਸਟਰੇਨ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
ਕਈ ਲੋਕਾਂ ਦੇ ਮਨ ਵਿੱਚ ਇਹ ਡਰ ਵੀ ਸੀ ਕਿ ਐੱਮ ਪੌਕਸ ਨੂੰ ਜਦੋਂ ਵਿਸ਼ਵੀ ਬੀਮਾਰੀ ਦੱਸਦੇ ਹੋਏ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਤਾਂ ਹਾਲਾਤ ਕਿਤੇ 2020 ਵਰਗੇ ਤਾਂ ਨਹੀਂ ਹੋ ਜਾਣਗੇ! ਜਦੋਂ ਦੁਨੀਆਂ ਭਰ ਵਿੱਚ ਲਾਕਡਾਊਨ ਲਾਇਆ ਗਿਆ ਸੀ ਅਤੇ ਸਰਹੱਦਾਂ ਉੱਤੇ ਪਾਬੰਦੀਆਂ ਲੱਗ ਗਈਆਂ ਸਨ। ਕਿੰਨੇ ਲੋਕਾਂ ਦੀ ਨੌਕਰੀ ਚਲੀ ਗਈ ਸੀ ਅਤੇ ਹਾਲਾਤ ਬਹੁਤ ਮੁਸ਼ਕਿਲ ਹੋ ਗਏ ਸਨ। ਸ਼ੁਕਰ ਹੈ, ਐੱਮ ਪੌਕਸ ਦੇ ਮਾਮਲੇ ਵਿੱਚ ਹੁਣ ਅਜਿਹਾ ਨਹੀਂ ਹੈ। ਪਿਛਲੇ ਦੋ ਸਾਲਾਂ ਵਿੱਚ ਐੱਮ ਪੌਕਸ ਅਫ਼ਰੀਕਾ ਦੇ 16 ਦੇਸਾਂ ਵਿੱਚ ਫੈਲ ਚੁੱਕਿਆ ਹੈ, ਪਰ ਅਫ਼ਰੀਕਾ ਸੀ.ਡੀ.ਸੀ. ਨੇ ਕਿਸੇ ਸਰਹੱਦ ਉੱਤੇ ਬੰਦਿਸ਼ਾਂ ਲਾਉਣ ਜਾਂ ਲਾਕਡਾਊਨ ਲਾਉਣ ਦੀ ਲੋੜ ਨਹੀਂ ਦੱਸੀ। ਅਫ਼ਰੀਕਾ ਸੀ.ਡੀ.ਸੀ. ਦੇ ਨਿਰਦੇਸ਼ਕ ਜਨਰਲ ਡਾ. ਜੀਨ ਕਾਸਿਆ ਮੁਤਾਬਕ, ਅਜੇ ਅਜਿਹਾ ਕੋਈ ਸਬੂਤ ਨਹੀਂ ਹੈ, ਜਿਸ ਦੇ ਆਧਾਰ ਉੱਤੇ ਲੋਕਾਂ ਦੀ ਆਵਾਜਾਈ ਉੱਤੇ ਰੋਕ ਲਾਈ ਜਾਵੇ ਜਾਂ ਫਿਰ ਮਾਲ ਦੀ ਢੋਆ-ਢੁਆਈ ਨੂੰ ਰੋਕਿਆ ਜਾਵੇ। ਡਾ. ਜੀਨ ਮੁਤਾਬਕ, ਜਿਸ ਤਰ੍ਹਾਂ ਦਾ ਸਮਾਂ ਹੁਣ ਤੱਕ ਚਲਦਾ, ਉਵੇਂ ਹੀ ਚੱਲਦਾ ਰਹੇਗਾ; ਅਸੀਂ ਇਸ ਨਾਲ ਨਿਪਟਣ ਦੇ ਇੰਤਜ਼ਾਮ ਮੁਹਈਆ ਕਰਵਾ ਰਹੇ ਹਾਂ।
ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮਾਂ ਦੇ ਕਾਰਜਕਾਰੀ ਮੁਖੀ ਡਾ. ਮਾਈਕ ਰਿਆਨ ਵੀ ਸਹਿਮਤੀ ਜਤਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐੱਮ ਪੌਕਸ ਅਜਿਹਾ ਵਾਇਰਸ ਹੈ, ਜਿਸ ਨੂੰ ਸਹੀ ਸਮੇਂ ਉੱਤੇ ਸਹੀ ਕਦਮ ਚੁੱਕ ਕੇ ਕਾਬੂ ਕੀਤਾ ਜਾ ਸਕਦਾ ਹੈ। ਐੱਮ ਪੌਕਸ ਆਮ ਤੌਰ ਉੱਤੇ ਤੁਲਨਾਤਮਿਕ ਤੌਰ `ਤੇ ਕਮਜ਼ੋਰ ਵਾਇਰਸ ਹੈ ਅਤੇ ਲੋਕ ਦੋ ਤੋਂ ਚਾਰ ਹਫ਼ਤੇ ਵਿੱਚ ਤੰਦਰੁਸਤ ਹੋ ਜਾਂਦੇ ਹਨ। ਹਾਲਾਂਕਿ ਕੁਝ ਲੋਕਾਂ ਦੀ ਹਾਲਤ ਵਿਗੜਦੀ ਵੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈ। ਐੱਮ ਪੌਕਸ ਤੋਂ ਪੀੜਤ ਵਿਅਕਤੀ ਜਾਂ ਉਸ ਨਾਲ ਸੰਬੰਧਿਤ ਚੀਜ਼ਾਂ ਦੇ ਸੰਪਰਕ ਤੋਂ ਦੂਰ ਰਹਿ ਕੇ ਇਸ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
-ਪੰਜਾਬੀ ਪਰਵਾਜ਼ ਫੀਚਰਜ਼

Leave a Reply

Your email address will not be published. Required fields are marked *