ਟੈਕਨੀਕ/ਤਕਨੀਕ

ਸ਼ਬਦੋ ਵਣਜਾਰਿਓ

ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਤਕਨਾਲੌਜੀ ਨੇ ਸਾਰੀ ਦੁਨੀਆ ਨੂੰ ਸੂਤਰ ਵਿੱਚ ਪਰੋ ਦਿੱਤਾ ਹੈ। ਅਨਪੜ੍ਹ ਵਿਅਕਤੀ ਵੀ ਇਸਦੀ ਗ੍ਰਿਫਤ ਵਿੱਚ ਹੈ। ਜੇ ਇਹ ਕਹਿ ਲਿਆ ਜਾਵੇ ਕਿ ਅਸੀਂ ਇਸ ਸ਼ਬਦ ਵਿੱਚ ਜਿਊਂਦੇ, ਜਾਗਦੇ, ਸਾਹ ਲੈਂਦੇ ਤੇ ਮਰਦੇ ਹਾਂ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਸਗੋਂ ਮਰਨ ਤੋਂ ਬਾਅਦ ਵੀ ਅਸੀਂ ਇਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੁੰਦੇ ਹਾਂ। ਜਦੋਂ ਇਹ ਸ਼ਬਦ ਪਹਿਲੀ ਵਾਰ ਸਾਡੀਆਂ ਭਾਸ਼ਾਵਾਂ ਵਿੱਚ ਆਇਆ ਤਾਂ ਲੋਕ ਹੈਰਾਨ ਸਨ; ਪਰ ਜੇ ਇਸ ਦੀਆਂ ਅੰਗਲੀਆਂ-ਸੰਗਲੀਆਂ ਜੋੜੀਏ ਤਾਂ ਇਹ ਸਾਡੇ ਹੁਨਰ, ਕਲਾ ਤੇ ਜੁਗਾੜ ਨਾਲ ਪ੍ਰਨਾਇਆ ਨਜ਼ਰ ਆਉਂਦਾ ਹੈ। ਸੰਸਕ੍ਰਿਤ ਦਾ ਇੱਕ ਸ਼ਬਦ ਹੈ- ‘ਦਖਸ਼’, ਇਹਦਾ ਅਰਥ ਹੈ ਕਿਸੇ ਚੀਜ਼ ਵਿੱਚ ਮਾਹਿਰ ਹੋਣਾ, ਕਾਬਲ ਹੋਣਾ। ਇਹਦੇ ਬਰਾਬਰ ਦਾ ਸ਼ਬਦ ਤਕਨੀਕ ਹੈ। ਇਨ੍ਹਾਂ ਦਾ ਜਨਮ ਸ੍ਰੋਤ ਵੀ ਇੱਕੋ ਮੂਲ ਦਾ ਹੈ।

ਦਰਅਸਲ ਇਹ ਸ਼ਬਦ ਅੰਗਰੇਜ਼ੀ ਟੈਕਨੀਕ ਤੋਂ ਲਿਆ ਗਿਆ ਹੈ। ਇਹਦਾ ਅਰਥ ਹੈ- ਸੂਝਬੂਝ, ਸ਼ਿਲਪ, ਕੌਸ਼ਲ, ਤਕਨੀਕੀ ਹੁਨਰ, ਕਾਰੀਗਰੀ ਆਦਿ। ਚੈਂਬਰਜ਼ ਵਿਓਤਪਤੀ ਕੋਸ਼ ਅਨੁਸਾਰ ਟੈਕਨੀਕ ਦਾ ਭਾਵ ਹੈ- ਮਸ਼ੀਨੀ ਹੁਨਰ, ਕੌਸ਼ਲ। ਇਹ ਸ਼ਬਦ 1817 ਵਿੱਚ ਘੜਿਆ ਗਿਆ। ਇਹਦੇ ਮੂਲ ਵਿੱਚ ਗਰੀਕ ਸ਼ਬਦ ‘Technikos’ ਹੈ। ਇਸ ਤੋਂ ਕਈ ਸ਼ਬਦ ਬਣੇ ਹਨ- Technical-skilled in a particular art or subject, technician-person experienced in the technicalcalities of a subject, techno-art, craft, skill especially mechanical or industrial crafts and systems. Tecnocracy-government by technical experts. Tecnology-dicourse or treatise on the arts. Technologist-person skilled in technology. ਇਹ ਉਹ ਸ਼ਬਦ ਹਨ, ਜੋ ਅੱਜ ਅਸੀਂ ਆਮ ਵਰਤਦੇ ਹਾਂ। ਤਕਨੀਕ ਸ਼ਬਦ ਦਾ ਮੂਲ ਆਧਾਰ ਅੰਗਰੇਜ਼ੀ ਸ਼ਬਦ ਹੈ, ਜੋ ਅੱਗੋਂ ਗ੍ਰੀਕ ਸ਼ਬਦ ‘ਤੇਖਤੇ’ ਤੋਂ ਬਣਿਆ ਹੈ। ਉਪਰੋਕਤ ਸ਼ਬਦ ਇਸੇ ਤੋਂ ਨਿਰਮਤ ਹੋਏ ਹਨ। ਸੰਸਕ੍ਰਿਤ ਦੀ ਧਾਤੂ ‘ਦਖਸ਼’ ਤੇ ਗ੍ਰੀਕ ਧਾਤੂ ‘ਤੇਖਤੇ’ ਤੋਂ ਹੀ ਸੰਸਕ੍ਰਿਤ ਸ਼ਬਦ ਦਖਸ਼ ਤੇ ਤਖਸ਼ ਬਣੇ ਹਨ। ਸੰਸਕ੍ਰਿਤ ਦਖਸ਼ ਦਾ ਅਰਥ ਹੈ- ਕਿਸੇ ਕੰਮ ਵਿੱਚ ਨਿਪੁੰਨ ਹੋਣਾ, ਯੋਗ, ਚਤੁਰ, ਸਿਆਣਾ, ਜੁਗਤੀ, ਕੁਸ਼ਲ ਆਦਿ। ਤਖਸ਼ ਦਾ ਅਰਥ ਹੈ- ਕਿਸੇ ਚੀਜ਼ ਨੂੰ ਬਣਾਉਣਾ, ਨਿਰਮਾਣ ਕਰਨਾ, ਰਚਨਾ ਆਦਿ।
ਇਸ ਤੋਂ ਇਲਾਵਾ ਛਿੱਲਣਾ, ਕੱਟਣਾ, ਤੋੜਨਾ, ਤਰਾਸ਼ਣਾ ਵਰਗੇ ਅਰਥ ਵੀ ਇਸ ਵਿੱਚ ਸ਼ਾਮਲ ਹਨ। ਡਾ. ਰਾਮ ਵਿਲਾਸ ਸ਼ਰਮਾ ਦਾ ਮਤ ਹੈ ਕਿ-ਤਰਖਾਣ ਅਥਵਾ ਕਾਰੀਗਰ ਸ਼ਬਦ ਇਸੇ ਕਰਕੇ ਮਹੱਤਵਪੂਰਨ ਹੈ। ਗ੍ਰੀਕ ਵਿੱਚ ਇਹਦੇ ਬਰਾਬਰ ਦਾ ਸ਼ਬਦ ਕੌਸ਼ਲ ਹੈ। ਤੈਖ਼ਤੇ ਦਾ ਅਰਥ ਕੌਸ਼ਲ ਤੇ ਤੈਖ਼ਨਿਤੇਸ ਦਾ ਕਲਾਕਾਰ ਜਾਂ ਕਾਰੀਗਰ ਕੀਤਾ ਜਾਂਦਾ ਹੈ। ਇਹ ਸ਼ਬਦ ਫ੍ਰੈਂਚ ਰਾਹੀਂ ਹੁੰਦਾ ਅੰਗਰੇਜ਼ੀ ਵਿੱਚ ਟੈਕਨੀਕ ਬਣਿਆ ਹੈ। ਤਖ਼ਸ਼ ਵਿੱਚ ਛਿੱਲਣ, ਚੀਰਨ, ਕੱਟਣ, ਤਰਾਸ਼ਣ, ਘੜਨ, ਬਣਾਉਣ ਵਰਗੇ ਸ਼ਬਦ ਤਰਖਾਣ ਦੀ ਮਹਿਮਾ ਨਾਲ ਜੁੜੇ ਹੋਏ ਹਨ। ਇਸੇ ਲਈ ਸੰਸਕ੍ਰਿਤ ਵਿੱਚ ਤਰਖਾਣ ਲਈ ਤਖਸ਼ਣੑ ਜਾਂ ਤਖਸ਼ਕ ਵਰਗੇ ਸ਼ਬਦ ਮਿਲਦੇ ਹਨ। ਤਖਸ਼ਕ ਸੂਤਰਧਾਰ ਨੂੰ ਵੀ ਕਿਹਾ ਜਾਂਦਾ ਹੈ, ਜੋ ਕਿਸੇ ਕੰਮ ਦੀ ਸ਼ੁਰੂਆਤ ਕਰਦਾ ਹੈ। ਸ਼ਿਲਪ ਦੇ ਦੇਵਤੇ ਵਿਸ਼ਵਕਰਮਾ ਦਾ ਇੱਕ ਨਾਂ ਤਖਸ਼ਕ ਹੈ। ਤਖਸ਼ਕ ਇੱਕ ਪ੍ਰਸਿੱਧ ਨਾਗ ਵੀ ਹੈ, ਜੋ ਨਾਗਲੋਕ ਅਥਵਾ ਪਤਾਲ ਦਾ ਵਾਸੀ ਮੰਨਿਆ ਗਿਆ ਹੈ।
ਪੱਛਮੀ ਪੰਜਾਬ ਵਿੱਚ ਤਖਸ਼ਿਲਾ ਜਾਂ ਟੈਕਸਲਾ ਨਾਂ ਦੀ ਯੂਨੀਵਰਸਿਟੀ ਕਿਸੇ ਸਮੇਂ ਸਿਖਿਆ ਦਾ ਉਚਤਮ ਕੇਂਦਰ ਰਹੀ ਹੈ। ਇਸਦਾ ਇਤਿਹਾਸ ਪੁਰਾਣਾਂ ਤੱਕ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਰਤ, ਜਿਸਦੇ ਨਾਂ ਤੋਂ ਭਾਰਤ ਦੇਸ਼ ਬਣਿਆ, ਨੇ ਆਪਣੇ ਪੁੱਤਰ ਤਖ਼ਸ਼ ਦੇ ਨਾਂ `ਤੇ ਤਖ਼ਸ਼ਿਲਾ ਨਗਰ ਵਸਾਇਆ ਸੀ। ਇਸਦੀ ਰਾਜਧਾਨੀ ਗੰਧਾਰ ਸੀ। ਤਕਰੀਬਨ ਡੇਢ ਹਜ਼ਾਰ ਸਾਲ ਪਹਿਲਾਂ ਤੱਕ ਇਹ ਆਬਾਦ ਸੀ। ਇਹਦੇ ਖੰਡਰ ਅੱਜ ਵੀ ਰਾਵਲਪਿੰਡੀ ਦੇ ਆਲੇ-ਦੁਆਲੇ ਮਿਲਦੇ ਹਨ। ਪ੍ਰਸਿੱਧ ਵਿਆਕਰਣਕਾਰ ਪਾਣਿਨੀ ਤੇ ਚਾਣਕਿਆ ਇੱਥੇ ਅਧਿਆਪਕ ਰਹੇ ਹਨ। ਚੰਦਰ ਗੁਪਤ ਇੱਥੇ ਵਿਦਿਆਰਥੀ ਰਿਹਾ ਹੈ।
ਇੱਥੇ ਫ਼ਾਰਸੀ ਦੇ ਸ਼ਬਦ ਤਖ਼ਤ ਨੂੰ ਦੇਖਿਆ ਜਾ ਸਕਦਾ ਹੈ। ਲੱਕੜ ਦੇ ਕੱਟੇ, ਤਰਾਸ਼ੇ ਹੋਏ ਚੌੜੇ ਫੱਟੇ ਲਈ ਤਖ਼ਤ ਜਾਂ ਤਖ਼ਤਾ ਸ਼ਬਦ ਵਰਤਿਆ ਜਾਂਦਾ ਹੈ। ਮੱਦਾਹ ਸਾਹਿਬ ਦੇ ਉਰਦੂ ਕੋਸ਼ ਅਨੁਸਾਰ ਲੱਕੜ ਦਾ ਲੰਮਾ, ਚੌੜਾ ਤੇ ਥੋੜ੍ਹਾ ਮੋਟਾ ਟੁਕੜਾ, ਜਹਾਜ਼ ਦੇ ਫਰਸ਼ ਦਾ ਹਰ ਟੁਕੜਾ, ਕਾਗਜ਼ ਦੀ ਸ਼ੀਟ, ਲੱਕੜੀ ਦਾ ਫੱਟਾ ਜਿਸ `ਤੇ ਮੁਰਦੇ ਨੂੰ ਨਵ੍ਹਾਇਆ ਜਾਂਦਾ ਹੈ। ਇਹ ਮੂਲ ਰੂਪ ਵਿੱਚ ਤਖ਼ਸ਼ ਹੀ ਹੈ। ਬਾਅਦ ਵਿੱਚ ਲੱਕੜ ਤੋਂ ਬਣੀ ਚੌਂਕੀ, ਪਲੰਘ ਤੇ ਬਾਦਸ਼ਾਹ ਦੇ ਆਸਣ ਦੇ ਅਰਥਾਂ ਵਿੱਚ ਤਖ਼ਤ ਦੀ ਵਰਤੋਂ ਹੋਣ ਲੱਗੀ। ਹੁਣ ਤਾਂ ਤਖ਼ਤ ਦਾ ਅਰਥ ਹਕੂਮਤ ਹੋ ਗਿਆ ਹੈ। ਫਾਰਸੀ ਕੋਸ਼ ਅਨੁਸਾਰ- ਤਖ਼ਤ, ਸਿੰਘਾਸਨ, ਬੈਠਣ ਦੀ ਚੌਂਕੀ, ਬਾਦਸ਼ਾਹ ਦਾ ਆਸਣ, ਮਸਨਦ, ਲੱਕੜ ਦਾ ਤਖ਼ਤ, ਪਲੰਘ; ਇਸ ਤੋਂ ਨਿਰਮਤ ਕਈ ਸ਼ਬਦ ਨਜ਼ਰ ਆਉਂਦੇ ਹਨ- ਤਖ਼ਤ-ਏ-ਆਬਨੂਸੀ=ਰਾਤ; ਤਖ਼ਤ-ਏ-ਉਰਦਸ਼ੀਰ=ਸੰਗੀਤ ਦੀ ਇੱਕ ਸੁਰ; ਤਖ਼ਤ-ਬਖ਼ਤ=ਅਸੀਸ; ਤਖ਼ਤ-ਪੋਸ਼=ਤਖ਼ਤ ਦੀ ਚਾਦਰ; ਤਖ਼ਤ-ਏ-ਹੈਰਾਂ=ਯਜ਼ਦ ਦੇ ਟਿੱਲੇ ਦਾ ਨਾਂ; ਤਖਤਦਾਰ-ਵਿਛੌਣਾ; ਤਖ਼ਤ-ਏ-ਰਵਿੰਦਾ=ਉਹ ਤਖ਼ਤ ਜਿਸ `ਤੇ ਬਾਦਸ਼ਾਹ ਸਵਾਰ ਹੁੰਦਾ ਹੈ ਤੇ ਕਹਾਰ ਉਸਨੂੰ ਮੋਢਿਆਂ `ਤੇ ਚੁੱਕਦੇ ਹਨ, ਮਟਕ ਚਾਲ ਵਾਲਾ ਘੋੜਾ, ਅਸਮਾਨ, ਸੱਤ ਸਿਤਾਰੇ, ਮੰਜੀ-ਪੀੜ੍ਹਾ, ਹਜਰਤ ਸੁਲੇਮਾਨ ਦਾ ਤਖਤ, ਜਿਸਨੂੰ ਪਰੀਆਂ ਹਵਾ ਵਿੱਚ ਉਡਾਉਂਦੀਆਂ ਫਿਰਦੀਆਂ ਹਨ, ਤਖ਼ਤ-ਏ-ਸਿਰਾਜ=ਸ਼ੈਖ਼ ਅਬੂਇਸਹਾਕ ਗਾਜ਼ਰਵਨੀ ਦਾ ਮਦਰੱਸਾ ਜਿਸ ਵਿੱਚ ਉਹਨੇ ਚਿਰਾਗ਼ ਰੌਸ਼ਨ ਕੀਤਾ ਸੀ, ਤਖ਼ਤ-ਏ-ਤਾਊਸ=ਸ਼ਾਹਜਹਾਨ ਦਾ ਮੋਰ ਦੀ ਸ਼ਕਲ ਦਾ ਪ੍ਰਸਿੱਧ ਤਖ਼ਤ, ਜਿਸਦੀ ਲਾਗਤ ਛੇ ਕਰੋੜ ਮੰਨੀ ਜਾਂਦੀ ਹੈ। ਨਾਦਰਸ਼ਾਹ 1738 ਵਿੱਚ ਇਸਨੂੰ ਲੁੱਟ ਕੇ ਈਰਾਨ ਲੈ ਗਿਆ ਸੀ। ਉਹਦੀ ਮੌਤ ਤੋਂ ਬਾਅਦ ਉਹਦੇ ਵਾਰਸਾਂ ਨੇ ਇਹਦੇ ਟੋਟੇ ਕਰਕੇ ਆਪਸ ਵਿੱਚ ਵੰਡ ਲਿਆ।
ਤਖ਼ਤ-ਏ-ਆਜ=ਹਾਥੀ ਦੰਦ ਦਾ ਤਖ਼ਤ; ਤਖ਼ਤ-ਏ-ਫ਼ੀਰੋਜ਼ਾ=ਅਸਮਾਨ; ਤਖ਼ਤਗਾਹ-ਤਖ਼ਤ ਰੱਖਣ ਵਾਲੀ ਥਾਂ, ਇਸਫ਼ਹਾਨ ਵਿੱਚ ਇੱਕ ਸੈਰਗਾਹ; ਤਖ਼ਤਗੀਰ-ਤਖ਼ਤ ਜਾਂ ਰਾਜ ਖੋਹਣ ਵਾਲਾ ਤਾਕਤਵਰ ਬਾਦਸ਼ਾਹ; ਤਖ਼ਤ-ਨਸ਼ੀਨ=ਤਖ਼ਤ `ਤੇ ਬਹਿਣ ਵਾਲਾ ਬਾਦਸ਼ਾਹ; ਤਖ਼ਤ-ਨਸ਼ੀਨੀ-ਰਾਜ ਗੱਦੀ `ਤੇ ਬੈਠਣਾ; ਤਖ਼ਤ-ਓ-ਤਾਜ= ਮੁਲਕ, ਰਾਜਪਾਟ; ਤਖ਼ਤ-ਏ-ਹੁਮਾਯੂਨ=ਸ਼ੁਭ ਤਖ਼ਤ, ਸ਼ਾਹੀ ਮਹਿਲ; ਤਖ਼ਤਾ-ਏ-ਅੱਵਲ=ਬੱਚਿਆਂ ਦੇ ਲਿਖਣ ਵਾਲੀ ਫੱਟੀ; ਤਖ਼ਤਾ-ਬਸਤਾ=ਬੰਦ ਮੇਜ਼; ਤਖ਼ਤਾ-ਬੰਦ=ਕੈਦ, ਕੈਦੀ, ਟੁੱਟਿਆ ਹੋਇਆ ਜੋੜ ਜਾਂ ਬੰਦ ਜਿਸ ਉਪਰ ਫੱਟੀ ਬੰਨ੍ਹੀ ਜਾਂਦੀ ਹੈ; ਤਖ਼ਤਾ-ਬੰਦੀ=ਲੱਕੜ ਦੇ ਤਖ਼ਤਿਆਂ ਦਾ ਫ਼ਰਸ਼, ਕਿਆਰੀਆਂ ਦੀ ਤਰਤੀਬ; ਤਖ਼ਤਾ-ਏ-ਪੁਲ=ਲੱਕੜ ਦਾ ਪੁਲ; ਤਖ਼ਤਾ-ਏ-ਤਾਬੂਤ=ਮੁਰਦੇ ਦੀ ਸੀੜ੍ਹ; ਤਖ਼ਤਾ ਜ਼ਦਨ-ਰੂੰ ਪਿੰਜਣਾ, ਨਸਾਰੀਆਂ ਦੀ ਇੱਕ ਪੂਜਾ ਜਿਸ ਵਿੱਚ ਉਹ ਤਖ਼ਤੇ `ਤੇ ਤਖ਼ਤਾ ਮਾਰਦੇ ਹਨ; ਤਖ਼ਤਾ-ਏ-ਮਸ਼ਕ=ਤਖ਼ਤੀ; ਤਖ਼ਤਾ-ਏ-ਮੀਨਾ=ਅਸਮਾਨ; ਤਖ਼ਤਾ-ਏ-ਨਰਦ=ਨਰਦਾਂ ਖੇਡਣ ਦਾ ਤਖ਼ਤਾ ਆਦਿ।
ਸਿੱਖ ਪੰਥ ਵਿੱਚ ਪੰਜ ਤਖ਼ਤ ਵਿਸ਼ੇਸ਼ ਸਥਾਨ ਰਖਦੇ ਹਨ। ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ-ਤਖਤੁ ਸਭਾ ਸਭ ਮੰਡਨ ਦੋਲੀਚੇ॥ (ਪੰਨਾ 179); ਤਖਤ ਨਿਵਾਸੀ ਪੰਚ ਸਮਾਇ॥ (ਪੰਨਾ 411); ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (ਪੰਨਾ 580); ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ (ਪੰਨਾ 785); ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥ (ਪੰਨਾ 947); ਏਕੋ ਤਖਤੁ ਏਕੋ ਪਾਤਿਸਾਹੁ॥ (ਪੰਨਾ 1188); ਤਖਤ ਹਜ਼ਾਰਾ-ਪੱਛਮੀ ਪੰਜਾਬ ਦਾ ਇੱਕ ਨਗਰ; ਤਖਤੂਪੁਰਾ-ਜ਼ਿਲ੍ਹਾ ਮੋਗੇ ਦਾ ਇੱਕ ਪ੍ਰਸਿੱਧ ਪਿੰਡ।
ਤਖ਼ਤ ਨਾਲ ਜੁੜੇ ਪੰਜਾਬੀ ਵਿੱਚ ਕਈ ਮੁਹਾਵਰੇ ਤੇ ਅਖਾਣ ਵੀ ਪ੍ਰਸਿੱਧ ਹਨ-ਤਖ਼ਤ ਹੰਢਾਉਣਾ-ਹਕੂਮਤ ਕਰਨੀ; ‘ਤਖਤ ਹੰਢਾਏ ਬਾਦਸ਼ਾਹ ਨਾਲ ਦੁਨੀਆਦਾਰੀ।’ ਤਖ਼ਤ ਛੱਡਣਾ-ਰਾਜ ਭਾਗ ਤਿਆਗਣਾ; ਤਖ਼ਤ ਤਾਜ ਰੁੜ੍ਹਨਾ-ਰਾਜ ਭਾਗ ਖਤਮ ਹੋਣਾ; ਤਖ਼ਤ `ਤੇ ਪੈਰ ਧਰਨਾ- ਰਾਜ ਗੱਦੀ ਸੰਭਾਲਣਾ; ਤਖ਼ਤ `ਤੇ ਬਿਠਾਉਣਾ-ਬਾਦਸ਼ਾਹ ਦੀ ਤਾਜਪੋਸ਼ੀ; ਤਖ਼ਤ ਤੋਂ ਤਖ਼ਤੇ `ਤੇ ਜਾ ਡਿੱਗਣਾ-ਅਮੀਰ ਤੋਂ ਕੰਗਾਲ ਹੋਣਾ; ਤਖ਼ਤ ਤੋਂ ਤਖ਼ਤਾ-ਉਚੇ ਰੁਤਬੇ ਤੋਂ ਹੇਠਾਂ ਆ ਜਾਣਾ; ਤਖ਼ਤ ਮੂਧਾ ਹੋਣਾ-ਬਰਬਾਦ ਹੋਣਾ; ਤਖਤੋਂ ਉਤਰਨਾ/ਉਤਾਰਨਾ-ਰਾਜ ਗੱਦੀ ਤੋਂ ਲਾਂਭੇ ਹੋ ਜਾਣਾ; ਤਖ਼ਤਾ ਉਲਟ ਜਾਣਾ ਜਾਂ ਉਲਟਾ ਦੇਣਾ-ਬਰਬਾਦ ਕਰ ਦੇਣਾ; ਤਖ਼ਤਾ ਹੋ ਜਾਣਾ-ਸਰੀਰ ਦਾ ਆਕੜ ਜਾਣਾ; ਤਖ਼ਤਾ ਮੂਧਾ ਕਰਨਾ-ਬਰਬਾਦ ਕਰਨਾ; ਤਖ਼ਤੇ ਤੋਂ ਤਖ਼ਤ ਬਣਾਉਣਾ-ਕੰਗਾਲ ਤੋਂ ਅਮੀਰ ਹੋ ਜਾਣਾ; ਤਖ਼ਤ ਸਲਾਮ ਹੋਵੇ ਦਿਨ ਰਾਤੀ-ਕੁਰਸੀ ਨੂੰ ਸਲਾਮਾਂ ਹੁੰਦੀਆਂ ਨੇ। ਇਸ ਤਰ੍ਹਾਂ ਦਖ਼ਸ਼ ਤੋਂ ਤਖ਼ਤ ਤੱਕ ਦਾ ਸਫਰ ਬੜਾ ਲੰਮਾ ਤੇ ਦਿਲਚਸਪ ਹੈ।
ਤਖਸ਼, ਦਖਸ਼ ਨਾਲ ਜੁੜੇ ਸ਼ਬਦਾਂ ਵਿੱਚ ਕੰਮ ਕਰਨ ਦੀ ਪ੍ਰਵਿਰਤੀ ਪ੍ਰਮੁੱਖ ਹੈ। ਦੂਸਰਾ ਹੱਥਾਂ ਦੀ ਵਰਤੋਂ ਵਿਸ਼ੇਸ਼ ਹੈ। ਦਖਸ਼ ਹੋਣ ਲਈ ਸੱਜੇ ਹੱਥ ਦਾ ਕਾਬਲ ਹੋਣਾ ਜ਼ਰੂਰੀ ਹੈ। ਸੱਜੇ ਹੱਥ ਦੀ ਖੇਡ ਮੁਹਾਵਰਾ ਇਸ ਵੱਲ ਸੰਕੇਤ ਕਰਦਾ ਹੈ। ਕਾਰ, ਕਿਰਤ ਇਸੇ ਦੀ ਕਰਾਮਾਤ ਹੈ। ਦਖਸ਼ ਦਾ ਹੀ ਅਗਲਾ ਰੂਪ ਹੈ- ਕੁਸ਼ਲ ਕਾਰੀਗਰ, ਕਲਾਕਾਰ, ਮਾਹਰ। ਇਹ ਤਬਦੀਲੀ ਭਰੋਪੀ ਭਾਸ਼ਾ ਪਰਿਵਾਰ ਵਿੱਚ ਪੂਰਬ ਤੋਂ ਪੱਛਮ ਵੱਲ ਸਾਰੀਆਂ ਭਾਸ਼ਾਵਾਂ ਵਿੱਚ ਹੋਈ ਹੈ। ਸੰਸਕ੍ਰਿਤ ਵਿੱਚ ਹੱਥ ਲਈ ਹਸਤ ਸ਼ਬਦ ਮਿਲਦਾ ਹੈ। ਅਵੇਸਤਾ ਰਾਹੀਂ ਇਹਦਾ ਫ਼ਾਰਸੀ ਰੂਪ ਦਸਤ ਬਣਦਾ ਹੈ। ਡਾ. ਰਾਮ ਵਿਲਾਸ ਸ਼ਰਮਾ ਅਨੁਸਾਰ ਪੂਰਵ ਵੇਦਿਕ ਕਾਲ ਵਿੱਚ ਕਿਸੇ ਮੂਲ ਭਾਸ਼ਾ ਵਿੱਚ ਇਨ੍ਹਾਂ ਦੋਹਾਂ ਦਾ ਸਾਂਝਾ ਰੂਪ ‘ਧਸਤ’ ਸੀ। ਅਵੇਸਤਾ ਵਿੱਚ ਧਸਤ ਵਿੱਚ ‘ਧ’ ਦਾ ਲੋਪ ਹੋ ਕੇ ‘ਦ’ ਰਹਿ ਗਿਆ ਤੇ ਦਸਤ ਬਣ ਗਿਆ। ਸੰਸਕ੍ਰਿਤ ਵਿੱਚ ‘ਧ’ ਦਾ ਲੋਪ ਹੋ ਕੇ ‘ਹ’ ਰਹਿ ਗਿਆ ਤੇ ਹਸਤ: ਬਣ ਗਿਆ। ਇਸ ਵਿੱਚ ਮੂਲ ਧਾਤੂ ‘ਦਸੑ’ ਹੈ। ਇਹ ਵੀ ਦਖਸ਼ ਵਾਂਗ ਬਣੀ ਹੈ।
ਅੰਗਰੇਜ਼ੀ ਦੀ ਟੇਕ (take) ਕਿਰਿਆ ਦੀ ਇਸ ਨਾਲ ਸਕੀਰੀ ਹੈ। ਟੇਕ ਦਾ ਅਰਥ ਹੈ- ਲੈਣਾ। ਲੈਣ ਦਾ ਕੰਮ ਹੱਥ ਕਰਦੇ ਹਨ। ਦਖਸ਼ ਤੋਂ ਬਣੇ ਦਕਸ਼ਣਾ ਸ਼ਬਦ ਵਿੱਚ ਵੀ ਇਹੀ ਭਾਵ ਹਨ। ਇਸੇ ਤਰ੍ਹਾਂ ਅੰਗਰੇਜ਼ੀ ਦੀ ਟੇਕ ਕਿਰਿਆ ਟੈਕਸ ਜਾਂ ਕਰ ਨਾਲ ਜੁੜੀ ਹੋਈ ਹੈ। ਕਰ ਜਾਂ ਟੈਕਸ ਲਿਆ ਜਾਂਦਾ ਹੈ। ਕਰ ਦੀ ਵਿਓਤਪਤੀ ਸੰਸਕ੍ਰਿਤ ਦੀ /ਕ੍ਹ/ ਧਾਤੂ ਤੋਂ ਹੋਈ ਹੈ, ਜਿਸ ਵਿੱਚ ਕਰਨ ਦਾ ਭਾਵ ਸ਼ਾਮਲ ਹੈ। ਕਰ ਜਾਂ ਟੈਕਸ ਅਦਾ ਕਰਨ ਲਈ ਕੰਮ ਕਰਨਾ ਪੈਂਦਾ ਹੈ, ਜੋ ਹੱਥਾਂ ਨਾਲ ਹੁੰਦਾ ਹੈ। ਲੈਣਾ, ਦੇਣਾ ਦੋਵੇਂ ਕਿਰਿਆ ਰੂਪ ਹਨ। ਹੱਥਾਂ ਲਈ ਕਰ ਤੇ ਕਿਰਤ ਸ਼ਬਦ ਇਸੇ ਮੂਲ ਦੇ ਹਨ। ‘ਕਰ ਕਮਲਾਂ ਨਾਲ’ ਉਕਤੀ ਇਸੇ ਤੋਂ ਬਣੀ ਹੈ। ਅੰਗਰੇਜ਼ੀ ਟੈਕਸ (tax) ਦੀ ਸਕੀਰੀ ਭਰੋਪੀ ਧਾਤੂ ‘tag’ ਨਾਲ ਹੈ, ਜਿਸ ਵਿੱਚ ਛੋਹਣ ਜਾਂ ਹੱਥਾਂ ਨਾਲ ਫੜਨ ਦੇ ਭਾਵ ਹਨ।
ਸਵਾਰੀ ਗੱਡੀ ਦੇ ਰੂਪ ਵਿੱਚ ਟੈਕਸੀ ਨੂੰ ਦੇਖਿਆ ਜਾ ਸਕਦਾ ਹੈ। ਕਿਸੇ ਸਮੇਂ ਟੈਕਸੋਮੀਟਰ ਕਾਰਾਂ ਹੁੰਦੀਆਂ ਸਨ, ਭਾਵ ਜਿਨ੍ਹਾਂ ਵਿੱਚ ਬਹਿਣ ਤੋਂ ਬਾਅਦ ਨਿਸਚਿਤ ਥਾਂ `ਤੇ ਪਹੁੰਚਣ ਦਾ ਭਾੜਾ ਮੀਟਰ ਰਾਹੀਂ ਪਤਾ ਲੱਗ ਜਾਂਦਾ ਸੀ। ਇਸਦੀ ਸ਼ੁਰੂਆਤ ਜਰਮਨੀ ਵਿੱਚ 1890 ਦੇ ਨੇੜੇ-ਤੇੜੇ ਮੰਨੀ ਜਾਂਦੀ ਹੈ। ਅੰਗਰੇਜ਼ੀ ਦਾ ਟੈਕਸ (tax) ਸ਼ਬਦ ਲੈਟਿਨ ਦੇ ਟੇਕਸੇਅਰ (taxare) ਤੋਂ ਬਣਿਆ ਹੈ, ਜਿਸ ਵਿੱਚ ਫੜਨ, ਛੋਹਣ ਦੇ ਭਾਵ ਹਨ। ਮੂਲ ਰੂਪ ਵਿੱਚ ਇਹਦਾ ਅਰਥ ਕਰ ਦੇਣਾ ਜਾਂ ਲੈਣਾ ਹੈ। ਗੱਲ ਭਾਵੇਂ ਟੈਕਸੀ ਚਲਾਉਣ ਦੀ ਹੋਵੇ ਜਾਂ ਟੈਕਸ ਲਾਉਣ/ਉਗਰਾਹੁਣ ਦੀ, ਦਖਸ਼ਤਾ ਜ਼ਰੂਰੀ ਹੈ। ਅੱਜ ਜਦੋਂ ਅਸੀਂ ਟੈਕਨੀਕ ਜਾਂ ਤਕਨੀਕ ਦੀ ਗੱਲ ਕਰਾਂਗੇ ਤਾਂ ਸਾਨੂੰ ਦਖਸ਼ ਨੂੰ ਧਿਆਨ ਵਿੱਚ ਰੱਖਣਾ ਪਏਗਾ।

Leave a Reply

Your email address will not be published. Required fields are marked *