ਪੰਜਾਬੀ ਅਤੇ ਅਮਰੀਕੀ ਖੇਡ ਪਰੰਪਰਾ ਦਾ ਸੁਮੇਲ

ਗੂੰਜਦਾ ਮੈਦਾਨ

ਖੇਡਾਂ ਤੇ ਸਭਿਆਚਾਰ
ਅਮਨੀਤ ਕੌਰ ਸ਼ਿਕਾਗੋ
ਅਮਰੀਕੀ ਸਭਿਆਚਾਰ ਵਿੱਚ ਬੱਚਿਆਂ ਦੇ ਜੀਵਨ ਵਿੱਚ ਖੇਡਾਂ ਦਾ ਖ਼ਾਸ ਮਹੱਤਵ ਹੈ। ਅਮਰੀਕਾ ਵਿੱਚ ਵੱਡੇ ਹੁੰਦਿਆਂ ਅਸੀਂ ਉਲੰਪਿਕਸ ਵਿੱਚ ਖਿਡਾਰੀਆਂ ਨੂੰ ਮੁਕਾਬਲਾ ਕਰਦੇ ਵੇਖਦੇ ਹਾਂ। ਖੇਡਾਂ ਅਮਰੀਕੀ ਜੀਵਨ ਦਾ ਮੂਲ ਅੰਗ ਹਨ: ਬੁਨਿਆਦੀ ਤੌਰ `ਤੇ ਮਿਹਨਤ ਅਤੇ ਦੇਸ਼ ਭਗਤੀ ਦਾ ਪ੍ਰਤੀਕ ਹਨ। ਅਮਰੀਕੀ ਸਭਿਆਚਾਰ ਦੇ ਨਾਲ ਨਾਲ, ਪੰਜਾਬ ਵਿੱਚ ਵੀ ਖੇਡਾਂ ਦਾ ਕਾਫ਼ੀ ਪ੍ਰਭਾਵ ਸੀ। ਦੁੱਖ ਦੀ ਗੱਲ ਹੈ ਕਿ ਸਾਡੀ ਪੀੜੀ ਇਸ ਖੇਡਾਂ ਦੀ ਲੜੀ ਨੂੰ ਅਗਾਂਹ ਤੋਰਨ ਵਿੱਚ ਨਾਕਾਮਯਾਬ ਰਹੀ।

ਜੇ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ 16ਵੀਂ ਸਦੀ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਵੀ ਇਹ ਕਿਹਾ ਕਿ ਸਰੀਰਕ ਕਸਰਤ ਕਿੰਨੀ ਜ਼ਰੂਰੀ ਹੈ। ਗੁਰੂ ਅੰਗਦ ਦੇਵ ਜੀ ਨੇ ਖੇਡਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਆਪਣੇ ਸਮੇਂ ਵਿੱਚ ਅਖਾੜੇ ਬਣਾਏ, ਤਾਂ ਕਿ ਸਭ ਸਰੀਰਕ ਰੂਪ ਵਿੱਚ ਤੰਦਰੁਸਤ ਰਹਿ ਸਕਣ। ਅਜੋਕੇ ਇਤਿਹਾਸ ਵਿੱਚ ‘ਹਾਕੀ ਦਾ ਮੱਕਾ’ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ ਦੀ ਗੱਲ ਕਰ ਸਕਦੇ ਹਾਂ, ਜਿੱਥੋਂ ਉੱਠ ਕੇ 14 ਹਾਕੀ ਦੇ ਖਿਡਾਰੀਆਂ ਨੇ ਭਾਰਤ ਦੇ ਨਾਲ ਨਾਲ ਕੀਨੀਆ ਅਤੇ ਕੈਨੇਡਾ ਵਰਗੇ ਮੁਲਕਾਂ ਦੀ ਅਗਵਾਈ ਕੀਤੀ। ਸਾਡੇ ਇੰਨੇ ਤਕੜੇ ਪਿਛੋਕੜ ਨੂੰ ਗਵਾਉਣ ਦੀ ਥਾਂ, ਇਸ ਵਿੱਚ ਪਏ ਵਕਫ਼ੇ ਨੂੰ ਭਰਨ ਦੀ ਲੋੜ ਹੈ। ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਵਿੱਚੋਂ ਕਰਨੀ ਪਵੇਗੀ।
ਮੇਰੇ ਆਪਣੇ ਪਰਿਵਾਰ ਵਿਚ, ਪਰਿਵਾਰ ਦੇ ਕਈ ਜੀਅ ਖੇਡਾਂ ਦਾ ਸ਼ੌਕ ਰੱਖਦੇ ਹਨ। ਜਿਨ੍ਹਾਂ `ਚ ਮੇਰੇ ਨਾਨਾ ਜੀ ਦੀ ਖੇਡਾਂ ਵਿੱਚ ਬਹੁਤ ਦਿਲਚਸਪੀ ਸੀ। ਜਦੋਂ ਉਹ ਪਹਿਲੀ ਵਾਰੀ 2009 ਵਿੱਚ ਅਮਰੀਕਾ ਆਏ ਸਨ, ਉਨ੍ਹਾਂ ਨੇ ਮੇਰੇ ਮਾਪਿਆ ਨੂੰ ਆਖਿਆ, “ਸਾਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਪਾਉਣਾ ਚਾਹੀਦਾ ਹੈ।” ਮੇਰੇ ਨਾਨਾ ਜੀ ਆਪ ਕੁਸ਼ਤੀ ਦਾ ਸ਼ੌਕ ਰੱਖਦੇ ਸਨ। ਮੇਰੇ ਮੰਮੀ ਜੀ ਦੱਸਦੇ ਹੁੰਦੇ ਕਿ ਸਵਖਤੇ ਉੱਠ ਕੇ 3-4 ਕਿਲੋਮੀਟਰ ਦੌੜਦੇ ਹੁੰਦੇ ਸੀ ਤੇ ਹਵੇਲੀ ਜਾ ਕੇ ਆਪਣੀ ਵਰਜਿਸ਼ ਕਰਦੇ ਸਨ। ਨੱਬੇਵੇਂ ਦੇ ਦਹਾਕੇ ਵਿੱਚ, ਜਦੋਂ ਮੇਰੇ ਮੰਮੀ ਅਤੇ ਮਾਸੀਆਂ ਵੱਡੀਆਂ ਹੋ ਰਹੀਆਂ ਸਨ ਤਾਂ ਮੇਰੇ ਨਾਨਾ ਜੀ ਨੇ ਉਨ੍ਹਾਂ ਵਾਸਤੇ ਬਾਸਕਟਬਾਲ ਦੇ ਰਿੰਗ ਵਿਹੜੇ ਵਿੱਚ ਲਗਵਾਏ ਤਾਂ ਕਿ ਉਹ ਘਰ ਵਿੱਚ ਖੇਡ ਸਕਣ। ਉਹ ਵਿਹੜੇ ਵਿੱਚ ਆਪਣੀਆਂ ਤਿੰਨ ਧੀਆਂ ਨਾਲ ਬਾਸਕਟਬਾਲ ਖੇਡਦੇ ਸਨ। ਜਦੋਂ ਮੈਂ ਵਿਹੜੇ ਦੀ ਥਾਂ ਆਪ ਵੇਖੀ, ਉਹ ਤਕਰੀਬਨ ਬਾਸਕਟਬਾਲ ਕੋਰਟ ਜਿੱਡੀ ਹੀ ਸੀ। ਅੱਜ ਮੈਂ 3 ਦਹਾਕਿਆਂ ਬਾਅਦ ਆਪਣੇ ਨਾਨਾ ਜੀ ਦੀ ਸੋਚ ਨੂੰ ਸਲਾਮ ਕਰਦੀ ਹਾਂ। ਉਨ੍ਹਾਂ ਨੇ ਉਸ ਜ਼ਮਾਨੇ ਵਿੱਚ ਉਹ ਕੀਤਾ, ਜੋ ਆਮ ਪ੍ਰਚਲਤ ਨਹੀਂ ਸੀ! ਮੇਰੀਆਂ ਮਾਸੀਆਂ ਨੇ ਬਾਅਦ ਵਿੱਚ ਕਾਲਜ ਟੀਮਾਂ ਵਿੱਚ ਬਾਸਕਟਬਾਲ ਖੇਡੀ। ਜਦੋਂ ਨਾਨਾ ਜੀ ਸਾਡੇ ਕੋਲ ਅਮਰੀਕਾ ਆਉਂਦੇ ਸਨ ਤਾਂ ਸਾਨੂੰ ਘਰ ਦੇ ਆਲ਼ੇ-ਦੁਆਲੇ ਦੌੜ ਲਾਉਣ ਨੂੰ ਆਖਦੇ। ਨਾਲੇ ਮੈਨੂੰ ਤੇ ਮੇਰੀਆਂ ਭੈਣਾਂ ਨੂੰ ਘਰ ਦੀ ਬੈਠਕ ਵਿੱਚ ਹੀ ਕਬੱਡੀ ਖੇਡਣ ਲਾਉਂਦੇ ਸਨ। ਉਹ ਹਮੇਸ਼ਾ ਕਹਿੰਦੇ ਹੁੰਦੇ ਸਨ, “ਕੁੜੀਆਂ ਕਿੱਸੇ ਗੱਲੋਂ ਘੱਟ ਨਹੀਂ ਹਨ।”
ਇਸ ਤੋਂ ਅੱਗੇ, ਮੇਰੇ ਡੈਡੀ ਜੀ ਵੀ ਖੇਡਾਂ ਦਾ ਸ਼ੌਕ ਰੱਖਦੇ ਸਨ। ਉਨ੍ਹਾਂ ਨੇ ਪੇਂਡੂ ਪੱਧਰ `ਤੇ ਕਬੱਡੀ ਖੇਡੀ ਸੀ, ਫੇਰ ਆਪਣੇ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਂਦੇ ਸਨ ਅਤੇ ਸ਼ਿਕਾਗੋ ਵਿੱਚ ਵੀ ਕਬੱਡੀ ਟੂਰਨਾਮੈਂਟ ਦੇ ਸਰਗਰਮ ਮੈਂਬਰ ਸਨ। ਉਹ ਹਮੇਸ਼ਾ ਕਹਿੰਦੇ ਸਨ, “ਕਬੱਡੀ ਵਿੱਚ ਕਈ ਦੋਸਤ-ਮਿੱਤਰ ਬਣਦੇ ਸਨ ਅਤੇ ਕਬੱਡੀ ਤੁਹਾਨੂੰ ਸਿਖਾਉਂਦੀ ਹੈ ਕਿ ਜਦੋਂ ਤੁਹਾਡੇ `ਤੇ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਉਸ ਦਾ ਸਾਹਮਣਾ ਕਰਨਾ ਹੈ, ਨਾ ਕਿ ਮੈਦਾਨ ਛੱਡ ਕੇ ਭੱਜਣਾ ਹੈ।”
ਮੈਂ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਖੇਡਾਂ ਨੇ ਮੇਰੀ ਸ਼ਖਸੀਅਤ ਬਦਲੀ। ਮੇਰਾ ਸੋਚਣ ਦਾ ਨਜ਼ਰੀਆ ਬਦਲ ਦਿੱਤਾ। 21ਵੀਂ ਸਦੀ ਵਿੱਚ ਜਿੱਥੇ ਬੱਚੇ ਬਹੁਤ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ, ਉੱਥੇ ਖੇਡਾਂ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਮੈਂ ਪਿਛਲੇ 10 ਸਾਲ ਤੈਰਾਕੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਮੈਨੂੰ 8 ਸਾਲਾਂ ਦੀ ਉਮਰ ਵਿੱਚ ਤੈਰਾਕੀ ਦੀ ਟੀਮ ਵਿੱਚ ਭਰਤੀ ਕਰਾ ਦਿੱਤਾ। ਇਸ ਸਮੇਂ ਦੌਰਾਨ ਮੈਂ ਹਫ਼ਤੇ ਦੇ 6 ਦਿਨ ਵਿੱਚ 2 ਘੰਟੇ ਰੋਜ਼ ਅਭਿਆਸ ਕਰਦੀ ਸੀ। ਮੇਰੇ ਮੰਮੀ ਜੀ ਨੇ ਕਿੰਨੇ ਸਾਲਾਂ ਤਕ ਰੋਜ਼ 45 ਮਿੰਟ ਗੱਡੀ ਚਲਾ ਕੇ ਸਾਨੂੰ ਤੈਰਾਕੀ ਦੇ ਅਭਿਆਸ `ਤੇ ਲੈ ਕੇ ਜਾਣਾ ਤੇ 2 ਘੰਟੇ ਇੰਤਜ਼ਾਰ ਕਰਕੇ ਵਾਪਸ 45 ਮਿੰਟ ਗੱਡੀ ਚਲਾ ਕੇ ਘਰ ਆਉਣਾ। ਸ਼ੁੱਕਰਵਾਰ, ਸਨਿੱਚਰਵਾਰ ਅਤੇ ਐਤਵਾਰ ਸਾਡੇ ਤੈਰਾਕੀ ਦੇ ਮੁਕਾਬਲੇ ਹੁੰਦੇ ਸਨ ਤੇ ਮੇਰੇ ਡੈਡੀ ਜੀ ਸਾਡੇ ਹਰ ਮੁਕਾਬਲਿਆਂ ਨੂੰ ਦੇਖਣ ਪਹੁੰਚਦੇ ਸਨ। ਉਹ ਸੋਲ਼ਾਂ-ਸੋਲ਼ਾਂ ਘੰਟੇ ਕੰਮ ਕਰਕੇ ਰਤਾ ਭਰ ਸ਼ਿਕਾਇਤ ਨਾ ਕਰਦੇ ਤੇ ਸਾਡੇ ਮੁਕਾਬਲਿਆਂ `ਤੇ ਪਹੁੰਚ ਹੀ ਜਾਂਦੇ ਸਨ। ਸਾਡਾ ਖੇਡਾਂ ਵਿੱਚ ਹਿੱਸਾ ਲੈਣਾ ਤਾਂ ਹੀ ਮੁਮਕਿਨ ਸੀ ਕਿ ਸਾਡੇ ਮਾਂ-ਬਾਪ ਨੇ ਆਪਣੇ ਕਈ ਸਮਾਜਕ ਕੰਮਕਾਰ ਛੱਡੇ ਤੇ ਸਾਨੂੰ ਵਖਤ ਦਿੱਤਾ। ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਇੱਕ ਦਿਨ ਵਿੱਚ ਦੋ-ਦੋ ਵਾਰੀ ਅਭਿਆਸ ਕਰਦੀਆਂ ਸੀ। ਸਵੇਰੇ ਢਾਈ ਘੰਟੇ ਅਤੇ ਸ਼ਾਮਾਂ ਨੂੰ ਵੀ 2 ਘੰਟੇ ਤੈਰਦੇ ਸੀ। ਇੱਕ ਦਿਨ ਵਿੱਚ ਅਸੀਂ ਤਕਰੀਬਨ 8-9 ਮੀਲਾਂ ਤੈਰਦੇ ਸੀ। ਹਾਈ ਸਕੂਲ ਵਿੱਚ ਮੈਂ 4 ਸਾਲਾਂ ਲਈ ਵਾਰਸਿਟੀ ਟੀਮ ਵਿੱਚ ਹਿੱਸਾ ਲਿਆ। ਤੈਰਾਕੀ ਨੇ ਮੇਰੀ ਜ਼ਿੰਦਗੀ ਵਿੱਚ ਅਨੁਸ਼ਾਸਨ ਤੇ ਉੱਦਮ ਲਿਆਂਦਾ। ਇਹ ਮੇਰੇ ਲਈ ਇੱਕ ਅਮੋਲ ਗੁਣ ਹੈ।
ਮੇਰੇ ਤੈਰਾਕੀ ਦੇ ਕੋਚ, ਜਿਸ ਦਾ ਨਾਮ ਕੋਚ ਪੀਅਰ ਹੈ, ਨੇ ਸਿਖਾਇਆ ਕਿ ਤੁਸੀਂ ਹਮੇਸ਼ਾ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਹੈ। ਕੋਚ ਪੀਅਰ ਦੀ ਉਮਰ ਇਕਾਸੀਆਂ ਸਾਲਾਂ ਦੀ ਹੈ ਤੇ ਹਾਲੇ ਵੀ ਬੱਚਿਆਂ ਨੂੰ ਤੈਰਾਕੀ ਦੀ ਸਿਖਲਾਈ ਦਿੰਦਾ ਹੈ। ਕੋਚ ਪੀਅਰ ਦਾ ਪਿਛੋਕੜ ਬੜਾ ਦਿਲਚਸਪ ਹੈ। ਉਹ ਯਤੀਮਖ਼ਾਨੇ ਵਿੱਚ ਪਲਿਆ, ਵੱਡਾ ਹੋਇਆ। ਉਸ ਵੱਲੋਂ ਦਿੱਤੇ ਹੋਏ ਜ਼ਿੰਦਗੀ ਦੇ ਸਬਕ ਅਸੀਂ ਤਿੰਨੋ ਭੈਣਾਂ ਕਦੇ ਨਹੀਂ ਭੁੱਲ ਸਕਦੀਆਂ।
ਕੋਚ ਪੀਅਰ ਨੇ ਇਕੱਲੀ ਤੈਰਾਕੀ ਨਹੀਂ ਸਿਖਾਈ, ਪਰ ਸਾਨੂੰ ਹੋਰ ਬੜੀਆਂ ਚੀਜ਼ਾਂ ਸਿਖਾਈਆਂ। ਕੋਚ ਪੀਅਰ ਇੰਨਾ ਸਖ਼ਤ ਹੈ ਕਿ ਅਸੀਂ ਕਈ ਵਾਰੀ ਹੱਸਣਾ ਕਿ ਉਹ ਪੰਜਾਬ ਦੇ ਡੰਡੇ ਵਾਲ਼ੇ ਮਾਸਟਰ ਵਾਂਗ ਕੱਬਾ ਹੈ। ਉਸ ਅਨੁਸਾਰ ਜ਼ਿੰਦਗੀ ਦਾ ਕੋਈ ਵੀ ਨਿਰਣੇ ਲੈਣਾ ਹੈ, ਸੋਚ ਸਮਝ ਕੇ ਲਓ, ਕਿਉਂਕਿ ਭਟਕਣ ਲੱਗਿਆਂ ਬਹੁਤੀ ਦੇਰ ਨਹੀਂ ਲੱਗਦੀ। ਕੋਚ ਪੀਅਰ ਨੇ ਆਪ ਯੂ.ਐਸ. ਸਿਵਲ ਰਾਈਟਸ ਲਹਿਰ ਨੂੰ ਹੰਢਾਇਆ। ਉਸਦਾ ਦੱਸਣਾ ਹੈ ਕਿ ਇੱਕ ਅਫ਼ਰੀਕੀ-ਅਮਰੀਕਨ ਹੋਣ ਦੇ ਨਾਤੇ, ਜੋ ਕੁੱਝ ਉਸ ਨੇ ਹੰਢਾਇਆ ਹੈ, ਉਸ ਦੇ ਮੁਕਾਬਲੇ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਹੂਲਤਾਂ ਮਿਲੀਆਂ ਹੋਈਆਂ ਹਨ, ਜੋ ਕੋਚ ਪੀਅਰ ਨੂੰ ਵੱਡੇ ਹੁੰਦਿਆਂ ਨਹੀਂ ਸੀ ਮਿਲੀਆਂ। ਉਹ ਸਭ ਤੋਂ ਵੱਡੀ ਗੱਲ ਕਹਿੰਦਾ ਹੁੰਦਾ ਸੀ ਕਿ ਤੁਹਾਡੇ ਕੋਲ ਮਾਂ-ਬਾਪ ਤੇ ਭੈਣ-ਭਰਾ ਹਨ, ਉਸ ਕੋਲ ਨਹੀਂ ਸਨ। ਤਾਂ ਹਮੇਸ਼ਾ ਉਸ ਚੀਜ਼ ਦੀ ਕਦਰ ਕਰਿਆ ਕਰੋ। ਕੋਚ ਪੀਅਰ ਦੀ ਤੈਰਾਕੀ-ਪ੍ਰਤੀ ਸਮਰਪਣ ਕਰਕੇ ਮੈਂ 24 ਗਜ ਤੈਰਾਕੀ ਦੀ ਸ਼ੁਰੂਆਤ ਤੋਂ ਚੈਂਪੀਅਨਸ਼ਿਪ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਕੋਚ ਪੀਅਰ ਦੀ ਸਿਫ਼ਤ ਹੈ ਕਿ ਉਹ ਆਪਣੇ ਤੇਜ਼ ਖਿਡਾਰੀਆਂ ਦੇ ਨਾਲ ਨਾਲ ਹੌਲੇ ਖਿਡਾਰੀਆਂ ਉੱਤੇ ਵੀ ਓਨੀ ਹੀ ਨਿਗਾਹ ਰੱਖਦਾ ਸੀ; ਸਾਰੇ ਬੱਚਿਆਂ ਨੂੰ ਝਿੜਕਾਂ ਵੀ ਰੱਜ ਕੇ ਪੈਂਦੀਆਂ ਸਨ ਅਤੇ ਪਿਆਰ ਵੀ ਰੱਜ ਕੇ ਮਿਲਦਾ ਸੀ।
ਹੁਣ ਮੈਂ ਯੂਨੀਵਰਸਿਟੀ ਆਫ਼ ਵਿਸਕਾਨਸਿਨ ਮੈਡੀਸਨ ਦੀ ਵਿਦਿਆਰਥਣ ਹਾਂ ਤੇ ਉੱਥੇ ਜਾ ਕੇ ਮੈਂ ਕੁੱਝ ਨਵਾਂ ਕਰਨਾ ਚਾਹੁੰਦੀ ਸੀ। ਮੈਨੂੰ ਉੱਥੇ ਜਾ ਕੇ ਘੋੜਸਵਾਰੀ ਦਾ ਸ਼ੌਕ ਜਾਗਿਆ ਤੇ ਮੈਂ ਅੰਤਰ-ਕਾਲਜ ਘੋੜਸਵਾਰੀ (ਇੰਟਰਕੋਲੀਜਿਟ ਹੋਰਸ ਸ਼ੋਅ ਐਸੋਸੀਏਸ਼ਨ: ਆਈ.ਐਚ.ਐਸ.ਏ.) ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹਾਂ।
ਪੰਜਾਬੀ ਸਭਿਆਚਾਰ ਵਿੱਚ ਘੋੜਿਆਂ ਦਾ ਬਹੁਤ ਮਹੱਤਵ ਹੈ। ਘੋੜਸਵਾਰੀ ਦਾ ਸ਼ੌਕ ਤਾਂ ਪਿਆ ਜਦੋਂ ਮੈਂ ਨਾਨਕੇ ਪੰਜਾਬ ਜਾਂਦੀ ਸੀ; ਉਦੋਂ ਮੇਰੇ ਨਾਨਾ ਜੀ ਕੋਲ ਘੋੜੀਆਂ ਸਨ। ਇੱਕ ਦਾ ਨਾਮ ‘ਬਸੰਤੀ’ ਸੀ, ਇੱਕ ‘ਲੈਲਾ’ ਸੀ ਤੇ ਉਸ ਦਾ ਇੱਕ ਵਛੇਰਾ ਸੀ। ਘੋੜਸਵਾਰੀ ਮੈਂ ਤਾਂ ਸ਼ੁਰੂ ਕੀਤੀ, ਕਿਉਂਕਿ ਮੈਂ ਆਪਣੇ ਨਾਨਾ ਜੀ ਨੂੰ ਚੇਤੇ ਰੱਖਣ ਲਈ ਕੁੱਝ ਕਰਨਾ ਚਾਹੁੰਦੀ ਸਾਂ। ਮੈਂ ਇੰਗਲਿਸ਼ ਰਾਈਡਿੰਗ ਵਿੱਚ ਮੁਕਾਬਲਾ ਕਰਦੀ ਹਾਂ। ਘੋੜਿਆਂ ਦੇ ਨਾਲ ਰਹਿ ਕੇ, ਘੋੜਿਆਂ ਦੀ ਸਾਂਭ-ਸੰਭਾਲ ਕਰਕੇ ਮੇਰੇ ਵਿੱਚ ਬਹੁਤ ਨਿਮਰਤਾ ਆਈ। ਜਿੱਥੇ ਜ਼ਿਆਦਾਤਰ ਮੇਰੀ ਉਮਰ ਦੇ ਬੱਚੇ ਬੁਰੀ ਸੰਗਤ ਵੱਲ ਆਪਣੇ ਆਪ ਨੂੰ ਖਿੱਚਦੇ ਹਨ, ਉੱਥੇ ਘੋੜਸਵਾਰੀ ਅਤੇ ਖੇਡਾਂ ਨੇ ਇਸ ਸਭ ਤੋਂ ਮੈਨੂੰ ਬਚਾਅ ਕੇ ਰੱਖਿਆ।
ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਹੋਣ ਦਾ ਇੱਕ ਹੋਰ ਵੱਡਾ ਕਾਰਨ ਹੈ ਕਿ ਬੱਚੇ ਆਪਣੇ ਸਮਾਜਕ ਮਿੱਤਰਤਾ ਵਧਾ ਸਕਦੇ ਹਨ। ਇਹ ਮਿੱਤਰਤਾ ਖੇਡ ਦੇ ਮੈਦਾਨ ਤੋਂ ਬਾਹਰ ਸਾਰੀ ਉਮਰ ਦਾ ਸਾਥ ਬਣਦੀ ਹੈ। ਇਸ ਤੋਂ ਅੱਗੇ ਖੇਡਾਂ ਤੁਹਾਡੀ ਮਾਨਸਿਕ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਸਰੀਰਕ ਕਸਰਤ ਮਾਨਸਿਕ ਤਣਾਅ ਨੂੰ ਦੂਰ ਕਰਦੀ ਹੈ। ਅਮਰੀਕਾ ਵਿੱਚ ਪੜ੍ਹਾਈ ਦਾ ਬਹੁਤ ਤਣਾਅ ਰਹਿੰਦਾ ਹੈ ਤੇ ਖੇਡਾਂ ਉਸ ਤਣਾਅ ਨੂੰ ਦੂਰ ਕਰਨ ਵਾਸਤੇ ਬਹੁਤ ਸਹਾਈ ਹੁੰਦੀਆਂ ਹਨ। ਨਾਲੇ ਖੇਡਾਂ ਸਾਨੂੰ ਸਮੇਂ ਦੀ ਪਾਬੰਦੀ ਦੇ ਨਾਲ ਨਾਲ ਟੀਮ-ਵਰਕ ਅਤੇ ਅਗਵਾਈ ਕਰਨ ਦੀ ਸਿੱਖਿਆ ਦਿੰਦੀਆਂ ਹਨ। ਖੇਡਾਂ ਸਿਖਾਉਂਦੀਆਂ ਹਨ ਕਿ ਹਾਰਨ ਤੋਂ ਬਾਅਦ ਦਿਲ ਛੱਡ ਕੇ ਬੈਠ ਨਹੀਂ ਜਾਣਾ, ਸਗੋਂ ਜਿਹੜੀਆਂ ਕਮੀਆਂ ਪਹਿਲਾਂ ਰਹਿ ਗਈਆਂ ਸਨ, ਉਨ੍ਹਾਂ ਨੂੰ ਸੁਧਾਰ ਕੇ ਅਗਲੇ ਮੁਕਾਬਲੇ ਲਈ ਤਿਆਰ ਹੋਣਾ ਹੈ।
ਖੇਡਾਂ ਨੇ ਮੈਨੂੰ ਹਾਰਨ ਦੀ ਮਹੱਤਤਾ ਵੀ ਸਿਖਾਈ। ਜਦੋਂ ਕੋਈ ਵੀ ਖਿਡਾਰੀ ਜਿੱਤਦਾ ਹੈ, ਉਸ ਦੇ ਨਾਲ ਨਾਲ ਉਹ 10 ਵਾਰੀ ਹਾਰਿਆ ਵੀ ਹੁੰਦਾ ਹੈ। ਖੇਡਾਂ ਨੇ ਮੈਨੂੰ ਆਪਣੇ ਗ਼ੁੱਸੇ `ਤੇ ਕਾਬੂ ਕਰਨਾ ਸਿਖਾਇਆ; ਚਿਹਰੇ `ਤੇ ਮੁਸਕਰਾਹਟ ਰੱਖਣ ਦਾ ਇਲਮ ਬਖ਼ਸ਼ਿਆ ਹੈ। ਜੇ ਮੈਂ ਇੱਕ ਮੁਕਾਬਲੇ ਵਿੱਚ ਚੰਗਾ ਨਹੀਂ ਕਰਦੀ ਸੀ ਤਾਂ ਖੇਡਾਂ ਨੇ ਮੈਨੂੰ ਅਗਲੇ ਮੁਕਾਬਲੇ ਲਈ ਵਧੀਆ ਕਰਨ ਵਾਸਤੇ, ਤਿਆਰ ਹੋਣ ਦੀ ਸਿੱਖਿਆ ਦਿੱਤੀ। ਤਜਰਬਿਆਂ ਨੇ ਮੈਨੂੰ ਨਿਮਾਣਾ ਰਹਿਣ ਦੀ ਸਿੱਖਿਆ ਦਿੱਤੀ।
ਨਤੀਜੇ ਵਜੋਂ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਫ਼ੋਨ ਅਤੇ ਸਕਰੀਨ `ਤੇ ਬਿਤਾਇਆ ਵਕਤ ਅਜਾਈਂ ਜਾਂਦਾ ਹੈ, ਉੱਥੇ ਖੇਡਾਂ ਸੰਤੁਲਨ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਖੇਡਾਂ ਸਰੀਰਕ ਵਰਜਿਸ਼ ਦੇ ਨਾਲ ਨਾਲ, ਇੱਕ ਦੂਜੇ ਨਾਲ ਆਹਮੋ ਸਾਹਮਣੇ ਗੱਲ ਕਰਨ, ਤੇ ਜ਼ਿੰਦਗੀ ਦਾ ਜਿਊਣ ਢੰਗ ਸਿਖਾਉਂਦੀਆਂ ਹਨ। ਅੱਜ ਦੇ ਜ਼ਮਾਨੇ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਹਰ ਇੱਕ ਕੁੜੀ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਪੰਜਾਬੀ ਭਾਈਚਾਰੇ ਵਿੱਚ ਇਹ ਗੁਣ ਹੈ ਕਿ ਉਹ ਭਵਿੱਖ ਦੇ ਵਿੱਚ ਬਦਲਾਅ ਲਿਆ ਸਕਦਾ ਹੈ।

Leave a Reply

Your email address will not be published. Required fields are marked *