ਪੰਜਾਬੀ ਪਰਵਾਜ਼ ਬਿਊਰੋ
ਅਵਾਰਡ ਜੇਤੂ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਮ੍ਰਿਦੂ ਚੰਦਰਾ ਦਲੀਪ ਸਿੰਘ ਸੌਂਦ ਬਾਰੇ ਨਵੀਂ ਦਸਤਾਵੇਜ਼ੀ ਫਿਲਮ ਬਣਾ ਰਹੀ ਹੈ। ਦਲੀਪ ਸਿੰਘ ਸੌਂਦ ਨੇ 1956 ਵਿੱਚ ਕਾਂਗਰਸ ਲਈ ਚੋਣ ਲੜੀ ਅਤੇ ਦੂਜੇ ਵਿਸ਼ਵ ਯੁੱਧ ਦੇ ਇੱਕ ਪ੍ਰਮੁੱਖ ਨੇਤਾ ਨੂੰ ਹਰਾ ਕੇ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਪਹਿਲੇ ਏਸ਼ੀਆਈ, ਭਾਰਤੀ ਅਤੇ ਸਿੱਖ ਕਾਂਗਰਸਮੈਨ ਬਣੇ। ਉਨ੍ਹਾਂ ਨੇ ਤਿੰਨ ਵਾਰ ਕੈਲੀਫੋਰਨੀਆ ਦੇ 29ਵੇਂ ਜ਼ਿਲ੍ਹੇ ਦੀ ਸੇਵਾ ਕੀਤੀ।
ਮ੍ਰਿਦੂ ਚੰਦਰਾ ਅਨੁਸਾਰ ਦਲੀਪ ਸਿੰਘ ਸੌਂਦ ਬਾਰੇ ਕਹਾਣੀ ਜ਼ਿਆਦਾਤਰ ਅਣਜਾਣ ਰਹੀ ਹੈ ਅਤੇ ਉਹ ਆਪਣੀ ਨਵੀਂ ਦਸਤਾਵੇਜ਼ੀ ਨਾਲ ਇਸ ਨੂੰ ਬਦਲਣਾ ਚਾਹੁੰਦੀ ਹੈ। ਮ੍ਰਿਦੂ ਚੰਦਰਾ ਨਿਊਯਾਰਕ ਵਿੱਚ ਸਥਿਤ ਬਾਫਟਾ (ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ) ਅਤੇ ਐਮੀ ਅਵਾਰਡ ਜੇਤੂ ਫਿਲਮ ਨਿਰਮਾਤਾ ਹੈ। ਉਸਨੇ 12 ਫੀਚਰ ਦਸਤਾਵੇਜ਼ੀ ਅਤੇ 3 ਗਲਪ ਫਿਲਮਾਂ ਦਾ ਨਿਰਮਾਣ ਕੀਤਾ ਹੈ, ਜੋ ਨਾਗਰਿਕ ਅਧਿਕਾਰਾਂ, ਵਾਤਾਵਰਣ ਅਤੇ ਨਸਲੀ ਨਿਆਂ, ਤੇ ਲਿੰਗ ਸਮਾਨਤਾ ਦੇ ਵਿਸ਼ਿਆਂ `ਤੇ ਆਧਾਰਤ ਹਨ। ਉਸਦੀ ਪਹਿਲੀ ਡਾਕੁਮੈਂਟਰੀ (2003 ਵਿੱਚ ਰਿਲੀਜ਼ ਹੋਈ) ਬਾਯਰਡ ਰਸਟਿਨ ਬਾਰੇ ਸੀ, ਜੋ ਇਤਿਹਾਸ ਦਾ ਇੱਕ ਹੋਰ ਅਣਡਿੱਠ ਨਾਇਕ ਸੀ। ਰਸਟਿਨ ਨੇ ਅਹਿੰਸਕ ਟਾਕਰੇ ਦੀਆਂ ਗਾਂਧੀ ਦੀਆਂ ਰਣਨੀਤੀਆਂ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਬਾਰੇ ਵੀ। ਚੰਦਰਾ ਦੀਆਂ ਫਿਲਮਾਂ ਦੇ ਪ੍ਰੀਮੀਅਰ ਪ੍ਰਮੁੱਖ ਫਿਲਮ ਫੈਸਟੀਵਲਾਂ ਵਿੱਚ ਕੀਤੇ ਗਏ ਹਨ। ਸਨਡੈਂਸ ਫਿਲਮ ਫੈਸਟੀਵਲ ਅਤੇ ਯੂ.ਐਸ. ਕਾਂਗਰਸ ਤੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਲਈ ਸਕ੍ਰੀਨਿੰਗ ਕੀਤੀ ਗਈ ਹੈ।
ਭਾਰਤ ਵਿੱਚ ਪੈਦਾ ਹੋਈ ਅਤੇ ਵਰਜੀਨੀਆ ਵਿੱਚ ਵੱਡੀ ਹੋਈ ਮ੍ਰਿਦੂ ਚੰਦਰਾ ਦੇ ਸ਼ਬਦਾਂ ਵਿੱਚ “ਮੈਨੂੰ ਲਗਦਾ ਹੈ ਕਿ ਇਹ ਇੱਕ ਮਹੱਤਵਪੂਰਨ ਕਹਾਣੀ ਹੈ, ਜਿਸ ਬਾਰੇ ਸਾਡੇ ਪਬਲਿਕ ਸਕੂਲਾਂ ਵਿੱਚ ਵਿਆਪਕ ਤੌਰ `ਤੇ ਦੱਸੇ ਜਾਣ ਦੀ ਲੋੜ ਹੈ।” ਚੰਦਰਾ ਇੱਕ ਹਿੰਦੂ ਪੰਜਾਬੀ ਹੈ, ਜਿਸ ਦੇ ਦਾਦਾ-ਦਾਦੀ ਮੁਲਤਾਨ ਅਤੇ ਲਾਹੌਰ ਤੋਂ ਹਨ। ਉਸ ਦਾ ਮੰਨਣਾ ਹੈ ਕਿ ਇਹ ਕਹਾਣੀ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਹੈ; ਪਰ ਉਨ੍ਹਾਂ ਸਾਰੇ ਪਰਵਾਸੀਆਂ ਲਈ ਵੀ, ਜਿਨ੍ਹਾਂ ਨੇ ਆਪਣੇ ਆਪ ਨੂੰ ਅਮਰੀਕਾ ਦੀ ਕਹਾਣੀ ਵਿੱਚ ਦੇਖਣ ਲਈ ਸੰਘਰਸ਼ ਕੀਤਾ ਹੈ। ਇਹ ਉਹ ਵਿਅਕਤੀ ਹੈ, ਜੋ ਅਮਰੀਕੀ ਕਾਨੂੰਨ ਦੁਆਰਾ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਦੇਣ ਦੇ ਦਸ ਸਾਲ ਬਾਅਦ ਸਭ ਤੋਂ ਮਹੱਤਵਪੂਰਨ ਅਮਰੀਕੀ ਰਾਜਨੀਤਿਕ ਸੰਸਥਾਵਾਂ ਵਿੱਚੋਂ ਇੱਕ ਵਿੱਚ ਸੇਵਾ ਕਰਨ ਲਈ ਚੁਣਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਦਲੀਪ ਸਿੰਘ ਸੌਂਦ ਦਾ ਜਨਮ 1899 ਵਿੱਚ ਅੰਮ੍ਰਿਤਸਰ ਨੇੜੇ ਛੱਜਲਵਾੜੀ ਵਿੱਚ ਹੋਇਆ ਸੀ। ਪਹਿਲੀ ਸੰਸਾਰ ਜੰਗ ਦੌਰਾਨ ਭਾਰਤੀ ਅਖਬਾਰਾਂ ਵਿੱਚ ਵਿਆਪਕ ਤੌਰ `ਤੇ ਛਪੇ ਲੋਕਤੰਤਰ ਬਾਰੇ ਵੁੱਡਰੋ ਵਿਲਸਨ ਦੇ ਭਾਸ਼ਣਾਂ ਨੂੰ ਪੜ੍ਹ ਕੇ ਉਸ ਦੀ ਅਮਰੀਕਾ ਵਿੱਚ ਦਿਲਚਸਪੀ ਵਧੀ। ਸਮਾਨਤਾ ਅਤੇ ਪ੍ਰਤੀਨਿਧ ਸਰਕਾਰ ਦੇ ਜਮਹੂਰੀ ਸੰਕਲਪਾਂ ਨੇ ਉਸਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਪੜ੍ਹਨ ਲਈ 1919 ਵਿੱਚ ਬ੍ਰਿਟਿਸ਼ ਭਾਰਤ ਛੱਡ ਕੇ ਅਮਰੀਕਾ ਜਾਣ ਲਈ ਪ੍ਰੇਰਿਤ ਕੀਤਾ। ਉਸਨੂੰ ਜਲਦੀ ਪਤਾ ਲੱਗ ਗਿਆ ਕਿ ਉਸਨੂੰ ਉਸਦੀ ਵੱਖਰੀ ਨਸਲ ਹੋਣ ਕਰਕੇ ਅਮਰੀਕੀ ਲੋਕਤੰਤਰ ਵਿੱਚ ਪੂਰੀ ਭਾਗੀਦਾਰੀ ਤੋਂ ਬਾਹਰ ਰੱਖਿਆ ਗਿਆ ਸੀ। 1917 ਦੇ ਏਸ਼ੀਆਟਿਕ ਬੈਰਡ ਜ਼ੋਨ ਐਕਟ ਨੇ ਭਾਰਤੀਆਂ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਪਰਵਾਸ ਕਰਨ ਜਾਂ ਨਾਗਰਿਕਾਂ ਵਜੋਂ ਕੁਦਰਤੀਕਰਨ ਤੋਂ ਰੋਕਿਆ। ਸਿਰਫ ਕਾਕੇਸ਼ੀਅਨ, ਜਾਂ ਗੋਰੇ ਪਰਵਾਸੀਆਂ ਨੂੰ ਨਾਗਰਿਕਤਾ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਐਕਟ ਉਸ ਵੱਲੋਂ ਗਣਿਤ ਵਿੱਚ ਪੀਐਚ.ਡੀ. ਕਰਨ ਤੋਂ ਬਾਅਦ ਆਪਣੇ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨ ਦੌਰਾਨ ਅੜਿੱਕਾ ਬਣਿਆ। ਇਸ ਦੀ ਬਜਾਏ, ਉਸਨੇ ਪੱਛਮੀ ਤੱਟ `ਤੇ ਹੋਰ ਭਾਰਤੀ ਪਰਵਾਸੀਆਂ ਦੇ ਮਾਰਗ ਦੀ ਪਾਲਣਾ ਕੀਤੀ ਅਤੇ ਇੱਕ ਕਿਸਾਨ ਬਣ ਗਿਆ।
ਦਲੀਪ ਸਿੰਘ ਸੌਂਧ ਨੇ ਸਥਾਨਕ ਰਾਜਨੀਤਿਕ ਜੀਵਨ ਵਿੱਚ ਹਿੱਸਾ ਲਿਆ ਅਤੇ ਵੋਟ ਪਾਉਣ ਜਾਂ ਕੁਦਰਤੀਕਰਨ ਦੇ ਯੋਗ ਨਾ ਹੋਣ ਦੇ ਬਾਵਜੂਦ ਡੈਮੋਕਰੇਟਿਕ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। 1940 ਦੇ ਦਹਾਕੇ ਵਿੱਚ ਉਹ ਨਾਗਰਿਕਤਾ ਦੇ ਮੌਕੇ ਲਈ ਕਾਂਗਰਸ ਦੀ ਲਾਬੀ ਕਰਨ ਲਈ ਹੋਰ ਪ੍ਰਮੁੱਖ ਭਾਰਤੀ ਪਰਵਾਸੀਆਂ ਵਿੱਚ ਸ਼ਾਮਲ ਹੋਇਆ। 1946 ਵਿੱਚ ਰਾਸ਼ਟਰਪਤੀ ਹੈਰੀ ਟਰੂਮੈਨ ਦੁਆਰਾ ਲੂਸ-ਸੈਲਰ ਐਕਟ ਨੂੰ ਕਾਨੂੰਨ ਵਿੱਚ ਬਦਲਿਆ ਗਿਆ, ਜਿਸ ਨਾਲ ਹਰ ਸਾਲ ਭਾਰਤੀਆਂ ਅਤੇ ਫਿਲੀਪੀਨਜ਼ ਦੇ ਇੱਕ ਕੋਟੇ ਨੂੰ ਕੁਦਰਤੀ ਬਣਾਉਣ ਦੀ ਆਗਿਆ ਦਿੱਤੀ ਗਈ।
ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਦਲੀਪ ਸਿੰਘ ਸੌਂਦ ਇੱਕ ਜੱਜ ਦੇ ਅਹੁਦੇ ਲਈ ਲੜੇ ਅਤੇ ਵੈਸਟਮੋਰਲੈਂਡ, ਕੈਲੀਫੋਰਨੀਆ ਵਿੱਚ ਇੱਕ ਮਿਉਂਸਪਲ ਕੋਰਟਹਾਊਸ ਲਈ ਚੁਣੇ ਗਏ। ਉਹ ਆਪਣੇ ਜੱਦੀ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਨਿਆਂਪੂਰਨ ਤੇ ਨਿਰਪੱਖ ਹੋਣ ਲਈ ਵਿਆਪਕ ਤੌਰ `ਤੇ ਸਤਿਕਾਰੇ ਗਏ। ਚਾਰ ਸਾਲ ਬਾਅਦ 1956 ਵਿੱਚ, ਉਹ ਜੈਕੀ ਕੋਚਰਨ ਓਡਲਮ ਦੇ ਵਿਰੁੱਧ ਕਾਂਗਰਸ ਲਈ ਲੜੇ, ਜੋ ਆਪਣੇ ਆਪ ਵਿੱਚ ਇੱਕ ਅਸਾਧਾਰਨ ਔਰਤ ਸੀ। ਉਹ 1930 ਦੇ ਦਹਾਕੇ ਵਿੱਚ ਇੱਕ ਮਸ਼ਹੂਰ ਪਾਇਲਟ ਬਣ ਗਈ- ਜਿਵੇਂ ਕਿ ਅਮੇਲੀਆ ਈਅਰਹਾਰਟ, ਅਤੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਵਰਲਡ ਵਾਰ-2 ਵਿੱਚ ਔਰਤਾਂ ਨੂੰ ਯੁੱਧ ਦੇ ਯਤਨਾਂ ਵਿੱਚ ਲਿਆਉਣ ਲਈ ਯਕੀਨ ਦਿਵਾਇਆ। ਉਸਨੇ ਗੈਰ-ਲੜਾਈ ਭੂਮਿਕਾਵਾਂ ਵਿੱਚ ਵਾਲੰਟੀਅਰਾਂ ਵਜੋਂ ਸੇਵਾ ਕਰਨ ਲਈ ਲਗਭਗ 1200 ਮਹਿਲਾ ਪਾਇਲਟਾਂ ਨੂੰ ਸਿਖਲਾਈ ਦਿੱਤੀ ਸੀ।
ਮ੍ਰਿਦੂ ਚੰਦਰਾ ਕਹਿੰਦੀ ਹੈ, “ਮੇਰੀ ਦਸਤਾਵੇਜ਼ੀ ਫਿਲਮ ਇਨ੍ਹਾਂ ਦੋ ਬੇਮਿਸਾਲ ਉਮੀਦਵਾਰਾਂ ਵਿਚਕਾਰ ਕਾਂਗਰਸ ਦੀ ਮੁਹਿੰਮ `ਤੇ ਕੇਂਦਰਿਤ ਹੋਵੇਗੀ। ਜਿਵੇਂ ਕਿ ਉਹ 1956 ਵਿੱਚ ਕਾਂਗਰਸ ਲਈ ਲੜਦੇ ਹਨ, ਅਸੀਂ ਉਨ੍ਹਾਂ ਦੀਆਂ ਕਹਾਣੀਆਂ ਅਤੇ ਪਿਛੋਕੜ ਬਾਰੇ ਜਾਣਾਂਗੇ। ਇਹ ਵੀ ਦੇਖਾਂਗੇ ਕਿ ਉਨ੍ਹਾਂ ਦੋਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਧਿਆਨ ਮਿਲਿਆ। ਉਨ੍ਹਾਂ ਦੀ ਮੁਹਿੰਮ ਨੇ ਇਸ ਬਾਰੇ ਬਹਿਸ ਛੇੜ ਦਿੱਤੀ ਕਿ ਕੀ ਇੱਕ ਔਰਤ ਕਾਂਗਰਸ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰ ਸਕਦੀ ਹੈ, ਅਤੇ ਇਸ ਬਾਰੇ ਕਿ ਕੀ ਭਾਰਤ ਦਾ ਇੱਕ ਮਰਦ ਅਮਰੀਕੀਆਂ ਦੀ ਨੁਮਾਇੰਦਗੀ ਕਰ ਸਕਦਾ ਹੈ? ਉਨ੍ਹਾਂ ਦੋਵਾਂ ਨੇ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਜੋ ਅੱਜ ਵੀ ਔਰਤਾਂ ਅਤੇ ਰੰਗਾਂ ਵਾਲੇ ਲੋਕਾਂ ਨਾਲੋਂ ਵੱਖ ਨਹੀਂ ਹਨ।
ਦਲੀਪ ਸਿੰਘ ਸੌਂਦ 3300 ਵੋਟਾਂ ਨਾਲ ਚੋਣ ਜਿੱਤ ਗਏ ਸਨ। ਸਰਕਾਰ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦੇਸ਼ ਭਰ ਦੇ ਅਖਬਾਰਾਂ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ `ਤੇ ਅਮਰੀਕੀ ਲੋਕਤੰਤਰ ਦੇ ‘ਜਿਉਂਦੇ ਹੋਣ ਦੇ ਸਬੂਤ’ ਵਜੋਂ ਸ਼ਲਾਘਾ ਕੀਤੀ ਗਈ ਸੀ, ਅਤੇ ਦਲੀਪ ਸਿੰਘ ਸੌਂਦ ਨੇ 1957-1963 ਤੱਕ ਯੂ.ਐਸ. ਕਾਂਗਰਸ ਵਿੱਚ ਤਿੰਨ ਵਾਰ ਸੇਵਾ ਕੀਤੀ।
ਮ੍ਰਿਦੂ ਚੰਦਰਾ ਸਿੱਖ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨੂੰ ਫਿਲਮ ਦੀ ਕਹਾਣੀ ਪੇਸ਼ ਕਰਨ ਅਤੇ ਫਿਲਮ ਲਈ ਸਹਾਇਤਾ ਤੇ ਦਾਨ ਮੰਗਣ ਲਈ ਸ਼ਿਕਾਗੋ ਆਈ ਹੋਈ ਹੈ। ਉਹ ਕਿਸੇ ਅਜਿਹੇ ਸ਼ਖਸ ਦੀ ਭਾਲ ਵਿੱਚ ਵੀ ਹੈ, ਜਿਸ ਨੂੰ 1956 ਦੀ ਮੁਹਿੰਮ ਯਾਦ ਹੈ ਜਾਂ ਜਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ। ਦਸਤਾਵੇਜ਼ੀ ਇਸ ਸਮੇਂ ਖੋਜ ਅਤੇ ਵਿਕਾਸ ਦੇ ਪੜਾਅ ਵਿੱਚ ਹੈ ਅਤੇ ਉਸਦਾ ਟੀਚਾ ਚਾਰ ਲੱਖ ਡਾਲਰ ਇਕੱਤਰ ਕਰਨ ਦਾ ਹੈ। ਡਾਕੁਮੈਂਟਰੀ ਦੇ ਮੌਜੂਦਾ ਫੰਡ ਦੇਣ ਵਾਲਿਆਂ ਵਿੱਚ ਨੈਸ਼ਨਲ ਐਂਡੋਮੈਂਟ ਆਫ ਦਿ ਹਿਊਮੈਨਟੀਜ਼, ਦਿ ਡਰਕਸਨ ਕਾਂਗਰੇਸ਼ਨਲ ਸੈਂਟਰ, ਕੈਲੀਫੋਰਨੀਆ ਹਿਊਮੈਨਟੀਜ਼, ਦ ਸੈਂਟਰ ਫਾਰ ਏਸ਼ੀਅਨ ਅਮਰੀਕਨ ਮੀਡੀਆ, ਡਾ. ਅਮਰਜੀਤ ਸਿੰਘ ਮਾਰਵਾਹ ਅਤੇ ਹੋਰ ਉਦਾਰ ਵਿਅਕਤੀ ਸ਼ਾਮਲ ਹਨ। ਮ੍ਰਿਦੂ ਚੰਦਰਾ ਨੇ ਕਿਹਾ ਕਿ “ਫਿਲਮ ਦਾ ਬਜਟ ਇੱਕ ਮਿਲੀਅਨ ਦੇ ਨੇੜੇ ਹੈ, ਪਰ ਮੈਨੂੰ ਭਰੋਸਾ ਹੈ ਕਿ ਮੈਂ ਫਿਲਮ ਦੇ ਖੋਜ ਅਤੇ ਵਿਕਾਸ ਪੜਾਅ ਨੂੰ ਪੂਰਾ ਕਰਨ ਤੋਂ ਬਾਅਦ ਬਾਕੀ ਫੰਡ ਫਿਲਮ ਉਦਯੋਗ ਦੇ ਅੰਦਰੋਂ ਇਕੱਠਾ ਕਰ ਸਕਦੀ ਹਾਂ। ਇਹ ਫਿਲਮ ਅਮਰੀਕੀ ਇਤਿਹਾਸ ਦੇ ਇਸ ਅਣਦੇਖੇ ਅਧਿਆਏ ਦੀ ਮੇਰੀ ਮੂਲ ਖੋਜ `ਤੇ ਆਧਾਰਿਤ ਹੈ। ਮੈਂ ਪਿਛਲੇ ਸਾਲ ਪੁਰਾਲੇਖਾਂ ਤੋਂ ਜਾਣਕਾਰੀ ਇਕੱਠੀ ਕਰਨ ਵਿੱਚ ਬਿਤਾਏ ਹਨ, ਅਤੇ ਹੁਣ ਮੇਰੇ ਕੋਲ 2000 ਤੋਂ ਵੱਧ ਅਖਬਾਰਾਂ ਦੇ ਲੇਖ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਨਾਟਕੀ ਘਟਨਾਵਾਂ ਦਾ ਖੁਲਾਸਾ ਕੀਤਾ ਹੈ; ਜੋ ਉਦੋਂ ਵਾਪਰੀਆਂ ਸਨ, ਜਦੋਂ ਦਲੀਪ ਸਿੰਘ ਸੌਂਦ ਅਤੇ ਜੈਕੀ ਕੋਚਰਨ ਕਾਂਗਰਸ ਲਈ ਲੜੇ ਸਨ।”
_____________________________
ਗੁਰਦੁਆਰਾ ਓਕ ਕਰੀਕ `ਚ ਫੰਡ ਇਕੱਤਰ ਕੀਤਾ
ਫਿਲਮ ਨਿਰਮਾਤਾ ਮ੍ਰਿਦੂ ਚੰਦਰਾ ਨੇ ਐਤਵਾਰ, 25 ਅਗਸਤ ਨੂੰ ਓਕ ਕਰੀਕ ਗੁਰਦੁਆਰੇ ਦਾ ਦੌਰਾ ਕੀਤਾ ਅਤੇ ਕਾਂਗਰਸਮੈਨ ਦਲੀਪ ਸਿੰਘ ਸੌਂਦ ਬਾਰੇ ਆਪਣੇ ਨਵੇਂ ਪ੍ਰੋਜੈਕਟ ਬਾਰੇ ਗੱਲ ਕੀਤੀ। ਦਲੀਪ ਸਿੰਘ ਸੌਂਦ ਨੇ ਇਤਿਹਾਸ ਵਿੱਚ ਅਮਰੀਕਾ ਦੇ ਪਹਿਲੇ ਏਸ਼ੀਆਈ, ਭਾਰਤੀ ਅਤੇ ਸਿੱਖ ਕਾਂਗਰਸਮੈਨ ਵਜੋਂ ਤਿੰਨ ਵਾਰ ਸੇਵਾ ਕੀਤੀ। ਮ੍ਰਿਦੂ ਚੰਦਰਾ ਨੇ ਓਕ ਕਰੀਕ ਵਿਖੇ ਆਪਣੀ ਖੋਜ ਨੂੰ ਸੰਗਤ ਸਾਹਮਣੇ ਪੇਸ਼ ਕੀਤਾ ਅਤੇ ਦੱਸਿਆ ਕਿ ਦਲੀਪ ਸਿੰਘ ਸੌਂਦ ਦੀ ਕਹਾਣੀ ਨੂੰ ਅਮਰੀਕੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਨਾ ਕਿੰਨਾ ਜ਼ਰੂਰੀ ਹੈ।
ਮ੍ਰਿਦੂ ਚੰਦਰਾ ਨੇ ਦਲੀਪ ਸਿੰਘ ਸੌਂਦ ਬਾਰੇ ਇਸ ਡਾਕੁਮੈਂਟਰੀ ਦੇ ਨਿਰਮਾਣ ਦਾ ਸਮਰਥਨ ਕਰਨ ਲਈ 10,382 ਡਾਲਰ ਇਕੱਠੇ ਕੀਤੇ ਹਨ ਅਤੇ 2026 ਤੱਕ ਫਿਲਮ ਨੂੰ ਪੂਰਾ ਕਰਨ ਦੀ ਉਮੀਦ ਜਤਾਈ, ਜਦੋਂ ਅਮਰੀਕਾ ਆਜ਼ਾਦੀ ਦੇ ਐਲਾਨ ਦੀ 250ਵੀਂ ਵਰ੍ਹੇਗੰਢ ਮਨਾਏਗਾ। ਚੰਦਰਾ ਨੇ ਓਕ ਕਰੀਕ ਗੁਰਦੁਆਰਾ ਪ੍ਰਬੰਧਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਗਤ ਤੋਂ ਫੰਡ ਇਕੱਠਾ ਕਰਨ ਵਿੱਚ ਸਹਿਯੋਗ ਦਿੱਤਾ।
ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਵੱਲੋਂ ਪਹਿਲੀ ਸਤੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਵੀ ਮ੍ਰਿਦੂ ਚੰਦਰਾ ਵਿਸ਼ੇਸ਼ ਤੌਰ ‘ਤੇ ਪੁੱਜ ਰਹੀ ਹੈ। ਇਸ ਮੌਕੇ ਫਿਲਮ ਬਾਰੇ ਜਾਣਕਾਰੀ ਵਾਲਾ ਇੱਕ ਟੇਬਲ ਸਵੇਰੇ 11 ਵਜੇ ਤੋਂ ਦੁਪਹਿਰ 3:30 ਵਜੇ ਤੱਕ ਸਥਾਪਤ ਕੀਤਾ ਜਾਵੇਗਾ। ਮ੍ਰਿਦੂ ਕਬੱਡੀ ਮੇਲੇ ਬਾਰੇ ਇੱਕ ਡਾਕੁਮੈਂਟਰੀ ਵੀ ਬਣਾਏਗੀ। ਹੋਰ ਜਾਣਕਾਰੀ ਲਈ ਮ੍ਰਿਦੂ ਚੰਦਰਾ ਨਾਲ ਫੋਨ: 1-917-312-2204 ਅਤੇ ਸਰਵਣ ਸਿੰਘ ਬੋਲੀਨਾ ਨਾਲ ਫੋਨ: 224-628-5522 ਉਤੇ ਸੰਪਰਕ ਕੀਤਾ ਜਾ ਸਕਦਾ ਹੈ।