ਦਿਲਜੀਤ ਸਿੰਘ ਬੇਦੀ
ਬੰਗਲਾਦੇਸ਼ ਅਤੇ ਪਾਕਿਸਤਾਨ- ਦੋਵੇਂ ਦੱਖਣੀ ਏਸ਼ੀਆਈ ਮੁਸਲਿਮ ਦੇਸ਼ ਹਨ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੰਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ 24 ਸਾਲਾਂ ਲਈ ਇੱਕ ਸਿੰਗਲ ਰਾਜ ਬਣਾਇਆ। 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਨਤੀਜੇ ਵਜੋਂ ਪੂਰਬੀ ਪਾਕਿਸਤਾਨ ਨੂੰ ਪੀਪਲਜ਼ ਰੀਪਬਲਿਕ ਆਫ਼ ਬੰਗਲਾਦੇਸ਼ ਵਜੋਂ ਵੱਖ ਕੀਤਾ ਗਿਆ। ਪਾਕਿਸਤਾਨ (ਪਹਿਲਾਂ ਪੱਛਮੀ ਪਾਕਿਸਤਾਨ) ਨੇ 1974 ਵਿੱਚ ਬੰਗਲਾਦੇਸ਼ ਨੂੰ ਮਾਨਤਾ ਦਿੱਤੀ। ਅੱਜ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਦੁਵੱਲੇ ਸਬੰਧਾਂ ਨੂੰ ਸੁਹਿਰਦ ਮੰਨਿਆ ਜਾਂਦਾ ਹੈ।
ਪੰਜਾਬ ਦੀ ਵੰਡ ਤੋਂ ਪਹਿਲਾਂ, ਲਾਹੌਰ ਅਤੇ ਅੰਮ੍ਰਿਤਸਰ ਅਣਵੰਡੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਅਤੇ ਵੱਡੇ ਵਪਾਰਕ ਕੇਂਦਰ ਸਨ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਰਹੱਦੀ ਪਿੱਲਰ ਨੰਬਰ 102 ਦੇ ਨੇੜੇ ਅਟਾਰੀ ਵਾਹਗਾ ਬਾਰਡਰ `ਤੇ ਇੱਕ ਸਾਂਝੀ ਚੈਕ ਪੋਸਟ ਸਥਾਪਿਤ ਕੀਤੀ ਗਈ ਸੀ, ਜੋ ਇਤਿਹਾਸਕ ਮਾਰਗ ਸ਼ੇਰ ਸ਼ਾਹ ਸੂਰੀ ਰੋਡ ਅਤੇ ਦੂਜਾ ਨਾਮ ਗ੍ਰੈਂਡ ਟਰੰਕ ਰੋਡ `ਤੇ ਹੈ। ਇਹ ਨੈਸ਼ਨਲ ਹਾਈਵੇਅ 01 ਦਾ ਸ਼ੁਰੂਆਤੀ ਬਿੰਦੂ ਹੈ, ਇਹ ਇਤਿਹਾਸਕ ਸੜਕ ਅਤੇ ਏ.ਐਚ.-1 ਦਾ ਹਿੱਸਾ ਹੈ, ਏਸ਼ੀਅਨ ਹਾਈਵੇਅ ਨੈੱਟਵਰਕ ਦਾ ਸਭ ਤੋਂ ਲੰਬਾ ਰਸਤਾ ਹੈ।
ਅਟਾਰੀ ਪਿੰਡ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਜੱਦੀ ਪਿੰਡ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲਾਂ ਵਿੱਚੋਂ ਇੱਕ ਸੀ। ਪਿੰਡ ਵਾਹਗਾ ਅਟਾਰੀ ਦੇ ਜਗੀਰਦਾਰ ਸਰਦਾਰ ਸ਼ਾਮ ਸਿੰਘ ਦੀ ਜਾਗੀਰ ਸੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਇਸ `ਤੇ ਸਹਿਮਤੀ ਬਣੀ ਸੀ। ਬੀਟਿੰਗ ਦੀ ਰੀਟਰੀਟ ਰਸਮ 1959 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 1947 ਵਿੱਚ ਭਾਰਤੀ ਫੌਜ ਨੂੰ ਏ.ਐਚ.-1 `ਤੇ ਸਥਿਤ ਸੰਯੁਕਤ ਚੈਕ ਪੋਸਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜੋ ਦੋਹਾਂ ਦੇਸ਼ਾਂ ਵਿੱਚ ਸ਼ਾਮਲ ਹੋਣ। ਸ਼ੁਰੂ ਵਿੱਚ ਫੌਜ ਦੀ ਕੁਮਾਉਂ ਰੈਜੀਮੈਂਟ ਨੇ ਪਹਿਲੀ ਟੁਕੜੀ ਪ੍ਰਦਾਨ ਕੀਤੀ ਸੀ। ਪਹਿਲਾ ਝੰਡਾ ਲਹਿਰਾਉਣ ਦੀ ਰਸਮ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਦੁਆਰਾ 11 ਅਕਤੂਬਰ 1947 ਨੂੰ ਦੇਖੀ ਗਈ ਸੀ। 1950 ਦੇ ਦਹਾਕੇ ਦੇ ਅੱਧ ਦੌਰਾਨ ਜੇ.ਸੀ.ਪੀ. ਨੂੰ ਪੰਜਾਬ ਪੁਲਿਸ ਨੇ ਸੰਭਾਲ ਲਿਆ ਸੀ। ਆਪਣੀ ਕਿਸਮ ਦਾ ਪਹਿਲਾ ਰੀਟਰੀਟ ਸਮਾਰੋਹ 1952 ਵਿੱਚ ਸ਼ੁਰੂ ਕੀਤਾ ਗਿਆ ਸੀ। ਦੋਹਾਂ ਦੇਸ਼ਾਂ ਦੇ ਬੁੱਧੀਜੀਵੀ ਸਿਰਕੱਢ ਸੱਜਣਾਂ ਵੱਲੋਂ ਦੋਹਾਂ ਦੇਸ਼ਾਂ ਅੰਦਰ ਸਾਂਤੀ ਬਣਾਈ ਰੱਖਣ ਅਤੇ ਆਪਸੀ ਮਿਲਵਰਤਣ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ। ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅੰਮ੍ਰਿਤਸਰ, ਸਾਫਮਾ ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਅਤੇ ਪੰਜਾਬ ਜਾਗ੍ਰਤੀ ਮੰਚ ਜਲੰਧਰ, ਸਾਂਈ ਮੀਆਂ ਮੀਰ ਫਾਊਂਡੇਸ਼ਨ (ਰਜਿ.) ਅੰਮ੍ਰਿਤਸਰ ਆਦਿ ਸੰਸਥਾਵਾਂ ਕੌਮਾਂਤਰੀ ਪੱਧਰ `ਤੇ ਸਰਗਰਮ ਰਹੀਆਂ ਹਨ।
ਚਾਰ ਕੁ ਦਹਾਕੇ ਪਹਿਲਾਂ ਨਾਮਵਰ ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ, ਸ. ਸਤਨਾਮ ਸਿੰਘ ਮਾਣਕ, ਇਮਤਿਆਜ ਆਲਮ, ਸ. ਹਰਭਜਨ ਸਿੰਘ ਬਰਾੜ ਅਤੇ ਹੋਰ ਪ੍ਰਤਿਸ਼ਟ ਸ਼ਖ਼ਸੀਅਤਾਂ ਵੱਲੋਂ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਂਦਾ ਰਿਹਾ ਤੇ ਹੋ ਰਿਹਾ ਹੈ। ਸਮਝੌਤਾ ਐਕਸਪ੍ਰੈਸ ਦਾ ਬੰਦ ਹੋਣਾ, ਲਾਹੌਰ ਤੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਚਲਣ ਵਾਲੀ ਬਸ ਵੀ ਸੌੜੇ ਰਾਜਨੀਤਕ ਪਹਿਲੂਆਂ ਦਾ ਸ਼ਿਕਾਰ ਹੋਈ ਹੈ। ਅੱਜ ਕਰਤਾਰਪੁਰ ਕੋਰੀਡੋਰ ਵਾਂਗ ਨਨਕਾਣਾ ਸਾਹਿਬ ਕੋਰੀਡੋਰ ਦੀ ਭਾਰਤ ਦੇ ਸੰਸਦ ਹਾਊਸ ਵਿੱਚ ਇੱਕ ਸੰਸਦ ਮੈਂਬਰ ਵੱਲੋਂ ਮੰਗ ਕੀਤੀ ਗਈ ਹੈ। ਦੂਸਰੇ ਪਾਸੇ ਪਹਿਲਾਂ ਟਰਾਂਸਪੋਰਟ ਰਾਹੀਂ ਚੱਲਣ ਵਾਲਾ ਵਪਾਰ ਦੋਹਾਂ ਦੇਸ਼ਾਂ ਵੱਲੋਂ ਬੰਦ ਕੀਤਾ ਹੋਇਆ ਹੈ। ਭਾਵੇਂ ਇਸ ਸਾਂਝੀ ਚੈਕ ਪੋਸਟ ਉਤੇ ਸਮੇਂ ਸਮੇਂ ਤਿਉਹਾਰਾਂ ਦੌਰਾਨ ਇੱਕ ਦੂਜੇ ਪਾਸਿਓਂ ਮਠਿਆਈਆਂ, ਫਲਾਂ ਦਾ ਸ਼ੁਭਭਾਵਨਾਵਾਂ ਸਹਿਤ ਅਦਾਨ-ਪ੍ਰਦਾਨ ਵੀ ਹੁੰਦਾ ਰਹਿੰਦਾ ਹੈ, ਪਰ ਸੁਹਿਰਦ ਸ਼ਖ਼ਸੀਅਤਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਵੀ ਉਸ ਸਮੇਂ ਖੁਰਦੀਆਂ ਨਜ਼ਰ ਆਉਂਦੀਆਂ ਹਨ, ਜਦੋਂ ਰੀਟਰੀਟ ਰਸਮ-ਇੱਕ ਦੂਜੇ ਦੇਸ਼ ਦੇ ਲੋਕਾਂ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਝਾਕੀ ਪੇਸ਼ ਕਰਦੀ ਹੈ। ਇਸ ਵਿੱਚ ਸਦਭਾਵਨਾ, ਮਿੱਤਰਤਾਈ ਤੇ ਮਨੁੱਖਤਾ ਦੇ ਭਲੇ ਲਈ ਉਪਦੇਸ਼ ਪੈਦਾ ਹੋਣਾ ਚਾਹੀਦਾ ਹੈ।
ਦੋਹਾਂ ਦੇਸ਼ਾਂ ਦੇ ਲੋਕ ਆਪੋ ਆਪਣੀਆਂ ਗੈਲਰੀਆਂ ‘ਚ ਬੈਠੇ ਫੌਜੀ ਕਾਰਵਾਈ `ਤੇ ਤਾੜੀਆਂ ਮਾਰਦੇ ਤੇ ਨਾਅਰੇ ਲਾਉਂਦੇ ਹਨ, ਉਧਰੋ ਆਵਾਜ਼ ਆਉਂਦੀ ਹੈ ਪਾਕਿਸਤਾਨ ਪਾਇੰਦਾਬਾਦ, ਏਧਰੋਂ ਉਚੀ ਸਾਰੀ ਆਵਾਜ਼ ਉਠਦੀ ਹੈ- ਹਿੰਦੋਸਤਾਨ ਜ਼ਿੰਦਾਬਾਦ-ਜ਼ਿੰਦਾਬਾਦ, ਇਹ ਨਾਅਰੇ ਫਿਰ ਜਿੱਦੋ ਜਿੱਦੀ ਲਗਦੇ ਹਨ। ਕੁੱਝ ਪਲ ਤਾਂ ਏਵੇਂ ਮਹਿਸੂਸ ਹੁੰਦੇ ਹਨ ਕਿ ਹੁਣੇ ਹੀ ਦੋਹਾਂ ਦੇਸ਼ਾਂ ਦੇ ਲੋਕ ਇੱਕ-ਦੂਜੇ ਨਾਲ ਲੜ ਪੈਣਗੇ। ਬਹੁਤ ਨੇੜਿਓ ਅੱਖੀਂ ਵੇਖਿਆ ਕਿ ਪਰੇਡ ਦੇ ਜ਼ਰੀਏ ਇੱਕ-ਦੂਜੇ ਨੂੰ ਨਫ਼ਰਤੀ ਭਾਵਨਾ ‘ਚ ਦੇਖਿਆ ਜਾਂਦਾ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸੈਲਾਨੀਆਂ ਦੇ ਜਥੇ ਪੰਜਾਬ ਦੀ ਯਾਤਰਾ `ਤੇ ਆਉਂਦੇ ਹਨ, ਉਹ ਜਿਥੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਦਰਸ਼ਨ ਕਰਦੇ, ਉਥੋਂ ਉਹ ਸ੍ਰੀ ਹਰਿਮੰਦਰ ਸਾਹਿਬ ਜਿਥੇ ਹਰ ਵਕਤ ਵਾਰ ਵਾਰ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਬਿਨਾ ਭਿੰਨਭੇਦ ਦੇ ਇੱਕੋ ਪੰਗਤ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਹੈ; ਜਿੱਥੋਂ ਅੰਮ੍ਰਿਤਮਈ ਧੁਨਾਂ ਦਾ ਅਲਾਪ ਹਰ ਵੇਲੇ ਚਲਦਾ ਹੈ; ਮਿੱਠੀਆਂ ਮਧੁਰ ਗੁਰਬਾਣੀ ਦੀਆਂ ਧੁਨਾਂ ਹਰ ਜੀਵ ਨੂੰ ਆਤਮਿਕ ਪੱਧਰ `ਤੇ ਸਰਸ਼ਾਰ ਕਰਦੀਆਂ ਹਨ, ਪਰਿਕਰਮਾ ‘ਚ ਸ਼ਾਮਲ ਹੁੰਦਿਆਂ ਹੀ ਹਿਰਦੇ ਸੀਤਲ ਹੋ ਜਾਂਦੇ ਹਨ। ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਲੋਕ ਸ਼ਾਮ ਨੂੰ ਰੀਟਰੀਟ ਦੇਖਣ ਲਈ ਬੱਸਾਂ, ਕਾਰਾਂ, ਟੈਂਪੂਆਂ ਰਾਹੀਂ ਹੁੰਮ ਹੁੰਮਾ ਕੇ ਵਾਹਗਾ-ਅਟਾਰੀ ਬਾਰਡਰ `ਤੇ ਪੁਜਦੇ ਹਨ, ਉਨ੍ਹਾਂ ਅੰਦਰ ਭਾਰਤੀ ਫੌਜੀਆਂ ਤੇ ਦੇਸ਼ ਲਈ ਪਿਆਰ ਡੁਲ੍ਹ-ਡੁਲ੍ਹ ਪੈਂਦਾ ਹੈ। ਉਹ ਫੌਜੀਆਂ ਨਾਲ ਸੈਲਫ਼ੀਆਂ ਲੈਂਦੇ ਤੇ ਵੱਖ-ਵੱਖ ਥਾਵਾਂ `ਤੇ ਫੋਟੋਆਂ ਖਿਚਦੇ ਹਨ, ਲੋਕਲ ਟੈਕਸੀਆਂ ਤੇ ਟੈਂਪੂਆਂ ਵਾਲੇ ਮੂੰਹ ਮੰਗੇ ਪੈਸੇ ਲੈਂਦੇ ਹਨ, ਕੋਈ ਕਿਰਾਇਆ ਨਿਰਧਾਰਤ ਨਹੀਂ ਕੀਤਾ ਗਿਆ ਅਤੇ ਨਾ ਹੀ ਯਾਤਰੂਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਬਾਰੇ ਕਦੀ ਪ੍ਰਸ਼ਾਸਨ ਦੇ ਕਿਸੇ ਵਿਭਾਗ ਨੇ ਚੈੱਕ ਤੱਕ ਨਹੀਂ ਕੀਤਾ। ਇਸ ਹੁੰਦੀ ਅੰਨੀ ਲੁੱਟ ਬਾਰੇ ਸਭ ਖਾਮੋਸ਼ ਹਨ। ਇਸ ਵਾਰ ਪੰਦਰਾਂ ਅਗਸਤ `ਤੇ ਡੇਢ ਲੱਖ ਤੋਂ ਵੱਧ ਲੋਕਾਂ ਨੇ ਇਸ ਰਸਮ ਵਿੱਚ ਹਿੱਸਾ ਲਿਆ ਹੈ।
ਨਾਅਰੇ ਲਾਉਣ ਵਾਲਿਆਂ ਦੇ ਵੱਡ ਵਡੇਰੇ ਵੰਡ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿੱਚ ਇੱਕ-ਦੂਜੇ ਨਾਲ ਜੱਫੀਆਂ ਪਾ ਕੇ ਇੱਕੋ ਘਰ, ਮਹੱਲੇ, ਪਿੰਡ, ਸ਼ਹਿਰ ਦੇ ਵੱਸਣ ਵਾਲੇ ਸਨ- ਭਾਵੇਂ ਜ਼ਮੀਨੀ ਪੱਧਰ `ਤੇ ਵੰਡ ਹੋ ਗਈ, ਪਰ ਮੁਹੱਬਤ ਨੂੰ ਕੋਈ ਵੰਡ ਨਹੀਂ ਸਕਿਆ। ਅੱਜ ਵੀ ਉਸ ਪੀੜੀ ਦੇ ਲੋਕਾਂ ਨੂੰ ਆਪਣੇ ਸਾਥੀਆਂ, ਰਿਸ਼ਤੇਦਾਰਾਂ ਨੂੰ ਮਿਲਣ ਦੀ ਤਾਂਘ ਹਰ ਵੇਲੇ ਬਣੀ ਰਹਿੰਦੀ ਹੈ।
ਮੱਖਣ ਬਰਾੜ ਦਾ ਲਿਖਿਆ ਗੀਤ ਹਰਦੀਪ ਗਿੱਲ ਦਾ ਗਾਇਆ, ‘ਪੰਜਾਬ ਵਿਛੜਿਆ ਜਦੋਂ ਪੰਜਾਬ ਕੋਲੋਂ’ ਏਥੇ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ:
ਸੁਖੀ ਵਸੇ ਕਸ਼ਮੀਰ, ਮੁੱਕੇ ਰੇੜਕਾ ਪਿਸ਼ੌਰ ਦਾ
ਕਰੀਂ ਕਿਤੇ ਮੇਲ ਮੌਲਾ, ਦਿੱਲੀ ਤੇ ਲਾਹੌਰ ਦਾ
ਮਿੱਟ ਜਾਣ ਹੱਦਾਂ ਬੰਨੇ, ਗੱਡੀ ਜਾਵੇ ਸ਼ੂਕਦੀ
ਵੇਚ ਦਈਏ ਤੋਪਾਂ, ਲੋੜ ਪਵੇ ਨਾ ਬੰਦੂਕ ਦੀ
ਬੜਾ ਮੁੱਲ ਤਾਰਿਆ ਏ, ਲੀਡਰਾਂ ਦੀ ਟੌਹਰ ਦਾ…
ਇੱਕੋ ਜਿਹਾ ਰੰਗ ਹੋ ਜਾਵੇ, ਮੁੜ ਕੇ ਰੁਪੱਈਆਂ ਦਾ
ਲੈਣ ਦੇਣ ਹੋ ਜਾਵੇ ਸਾਡਾ, ਦਾਤੀਆ ਤੇ ਕਹੀਆਂ ਦਾ
ਮੈਂ ਮੀਆਂ ਵਾਲੀ ਮੰਡੀ ਵੇਚਾਂ, ਵੈਹੜਕਾ ਨਗੌਰ ਦਾ…।
ਬਹੁਤ ਸਾਰੀਆਂ ਮੁਹੱਬਤੀ ਜਥੇਬੰਦੀਆਂ ਅੱਜ ਵੀ ਏਨ੍ਹਾਂ ਦੋਹਾਂ ਪੰਜਾਬਾਂ ਵਿਚਲਾ ਫਾਸਲਾ ਮਿਟਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਵੱਲੋਂ ਸਮੇਂ ਸਮੇਂ ਸੈਮੀਨਾਰ ਕਰਾਏ ਜਾਂਦੇ ਹਨ, ਸਾਂਝੀ ਪੋਸਟ ਨਜ਼ਦੀਕ ਆ ਕੇ ਸਾਂਝ ਅਤੇ ਸਾਂਤੀ ਲਈ ਦੀਵੇ ਜਗਾਏ ਜਾਂਦੇ ਹਨ। ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ; ਪਰ ਦੋਹਾਂ ਪੰਜਾਬਾਂ ਦੇ ਲੋਕ ਬਾਹਾਂ ਅੱਡੀ ਖੜ੍ਹੇ ਹਨ ਕਿ ਕਦੋਂ ਜੱਫੀਆਂ ਪੈਣਗੀਆਂ? ਕਦੋਂ ਵਿੱਥਾਂ ਦੂਰ ਹੋਣਗੀਆਂ, ਕਦੋਂ ਕੰਡਿਆਲੀਆਂ ਤਾਰਾਂ ਦੂਰ ਹੋਣਗੀਆਂ, ਕਦੋਂ ਮਨੁੱਖਤਾ ਦੀ ਸਾਂਝ ਦਾ ਬੋਲਬਾਲਾ ਗੂੰਜੇਗਾ?