ਪਰਮਜੀਤ ਢੀਂਗਰਾ
ਫੋਨ: +91-94173581
ਨਜ਼ਦੀਕ, ਨੇੜੇ, ਨੇੜਲਾ ਸ਼ਬਦ ਲੜੀ ਭਾਰਤੀ ਭਾਸ਼ਾਵਾਂ ਵਿੱਚ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਜਦੋਂ ਮਨੁੱਖ ਨੇ ਭਾਸ਼ਾ ਰਾਹੀਂ ਵਸਤਾਂ ਦਾ ਗਿਆਨ ਹਾਸਲ ਕੀਤਾ ਤਾਂ ਉਹਨੇ ਕਿਸੇ ਵਸਤੂ ਦੀ ਸਥਿਤੀ ਨੂੰ ਪਰਿਭਾਸ਼ਤ ਕਰਨ ਲਈ ਨਜ਼ਦੀਕ ਅਥਵਾ ਨੇੜੇ ਸ਼ਬਦ ਦੀ ਕਾਢ ਕੱਢੀ। ਇਸਦਾ ਵਿਸਥਾਰ ਰਿਸ਼ਤਿਆਂ, ਵਸਤਾਂ, ਮਾਪ ਤੇ ਕਈ ਹੋਰ ਸਥਿਤੀਆਂ ਲਈ ਕੀਤਾ ਗਿਆ। ਨਜ਼ਦੀਕ ਸ਼ਬਦ ਅਰਬੀ-ਫ਼ਾਰਸੀ ਮੂਲ ਦਾ ਹੈ, ਪਰ ਇਹਦਾ ਖਾਸਾ ਸੈਮਟਿਕ ਨਹੀਂ ਸਗੋਂ ਇਹ ਅਵੇਸਤਾ- ਸੰਸਕ੍ਰਿਤ ਦੀ ਸਕੀਰੀ ਦੀ ਉਪਜ ਹੈ।
ਇਹ ਫ਼ਾਰਸੀ ਦੇ ਨਜ਼ਦ+ਇੱਕ ਤੋਂ ਬਣਿਆ ਹੈ। ਨਜ਼ਦ ਦਾ ਅਰਥ ਹੈ- ਨੇੜੇ, ਕੋਲ, ਸਮੀਪ, ਨਿਕਟ। ਵੇਦਿਕ ਸੰਸਕ੍ਰਿਤ ਵਿੱਚ ਕਦੇ ‘ਨੇਦ’ ਸ਼ਬਦ ਪ੍ਰਚਲਤ ਸੀ, ਜਿਸਦਾ ਅਰਥ ਸੀ- ਨਿਕਟ, ਕੋਲ, ਨੇੜੇ, ਪਾਸ ਆਦਿ। ਇਸ ਤੋਂ ਨੇਦੀਅਸ, ਨੇਦਿਸ਼ਠ ਵਰਗੇ ਰੂਪ ਬਣੇ। ਨੇਦ ਦਾ ਭਾਵ ਸੀ ਨੇੜੇ, ਨੇਦੀਅਸ ਭਾਵ ਬਹੁਤ ਨੇੜੇ ਅਤੇ ਨੇਦਿਸ਼ਠ ਦਾ ਭਾਵ ਸੀ ਸਭ ਤੋਂ ਨੇੜੇ।
ਸ਼ਤਪਥ ਬ੍ਰਾਹਮਣ ਵਿੱਚ ਇੱਕ ਉਕਤੀ ਆਉਂਦੀ ਹੈ- ‘ਪੁਰਸ਼ੋ ਵੈ ਪ੍ਰਜਾਪਤੇਨਿਰਦਿਸ਼ਠਮੑ’ ਭਾਵ ਹੋਰ ਪ੍ਰਾਣੀਆਂ ਦੀ ਨਿਸਬਤ ਪੁਰਸ਼ ਹੀ ਪ੍ਰਜਾਪਤੀ ਦੇ ਨੇਦਿਸ਼ਠ ਭਾਵ ਸਭ ਤੋਂ ਨੇੜੇ ਹੈ। ਨੇਦੀਅਸ ਜਾਂ ਨੇਦਿਸ਼ਠ ਵਰਗੇ ਰੂਪ ਤੋਂ ਹੀ ਅਵੇਸਤਾ ਵਿੱਚ ਨਜ਼ਦ ਸ਼ਬਦ ਦਾ ਵਿਕਾਸ ਹੋਇਆ, ਜੋ ਬਰਾਸਤਾ ਪਹਿਲਵੀ ਵਿੱਚੋਂ ਫ਼ਾਰਸੀ ਵਿੱਚ ਨਜ਼ਦ ਤੋਂ ਨਜ਼ਦੀਕ ਵਿੱਚ ਢਲ ਗਿਆ। ਪ੍ਰਸਿੱਧ ਵਿਦਵਾਨ ਡਾ. ਰਾਮ ਵਿਲਾਸ ਸ਼ਰਮਾ ਅਨੁਸਾਰ- ‘ਨ’ ਵਿੱਚ ‘ਦ’ ਮੂਲ ਰੂਪ ਵਿੱਚ ‘ਧ’ ਜੋੜ ਕੇ ‘ਨੇਦ’ ਬਣਾਇਆ ਗਿਆ ਹੈ। ਇਸੇ ਨੇਦ ਦੇ ਆਧਾਰ `ਤੇ ਨੇੜੇ, ਨੇਰੇ ਤੇ ਅੰਗਰੇਜ਼ੀ ਦਾ ‘ਨੀਅਰ’ ਸ਼ਬਦ ਬਣੇ ਹਨ। ਫ਼ਾਰਸੀ ਨਜ਼ਦੀਕ ਵਿੱਚ ਮੂਲ ‘ਨਜ਼’ ਜਾਂ ‘ਨਜ਼ਦ’ ਦਾ ਆਧਾਰ ਪ੍ਰਾਚੀਨ ਰੂਪ ‘ਨਧ’ ਹੈ। ਨਵੇਂ ਤੇ ਵੱਡੇ ਮਹਾਨ ਕੋਸ਼ ਅਨੁਸਾਰ- ਨੇਰਿ ਭਾਵ ਨੇੜੇ, ਕੋਲ- ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥ (336); ਜਾਨਤ ਦੂਰਿ ਤੁਮਹਿ ਪ੍ਰਭ ਨੇਰਿ॥ (680); ਕੋਟਿ ਬਿਘਨ ਨਹੀ ਆਵਹਿ ਨੇਰਿ॥ (888); ਨੇਰਿਆ-ਨੇੜੇ, ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ॥ (704); ਨੇਰੀ-ਨੇੜੇ ਤੋਂ, ਨਾਨਕ ਨੇਰ ਨੇਰੀ (214); ਨੇਰੇ- ਪਾਸ, ਕੋਲ, ਸਮੀਪ, ਪ੍ਰਭ ਸੇਵਾ ਜਮੁ ਲਗੈ ਨ ਨੇਰੈ॥ (197); ਆਠ ਪਹਰ ਪ੍ਰਭ ਜਾਨਹੁ ਨੇਰੇ॥ (807); ਨੇਰੈ- ਨੇੜੇ ਜੋ ਦੂਰ ਨਹੀਂ, ਸੋ ਪ੍ਰਭ ਨੇਰੈ ਹੂ ਤੇ ਨੇਰੈ॥ (530); ਬਿਪਤਿ ਪਰੀ ਸਭ ਹੀ ਸੰਗੁ ਛਾਡਿਤ, ਕੋਊ ਨ ਆਵਤ ਨੇਰੈ॥ (634); ਨੇਰੋ- ਪ੍ਰਭ ਜੁ ਤੂ ਮੇਰੋ ਠਾਕੁਰੁ ਨੇਰੋ॥ (618); ਨੇੜ, ਨੇੜਤਾ-ਨੇੜੇ ਹੋਣ ਦਾ ਭਾਵ, ਨੇੜਾ-ਨੇੜੇ, ਕੋਲ, ਨਜ਼ਦੀਕ ‘ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ॥’ (1098); ਸਾਹਮਣੇ- ‘ਤਿਸ ਹੀ ਸੁਖ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ॥ (1082); ਨਜ਼ਦੀਕ-ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ॥ (1378); ਨੇੜਿ-ਜਨ ਨਾਨਕ ਗੁਰਮੁਖ ਨੇੜਿ ਨ ਆਵਾ (370); ਕੰਕਰੁ ਨੇੜਿ ਨ ਆਵਈ ਗੁਰ ਸਿਖ ਪਿਆਰੇ॥ (818); ਨੇੜੇ, ਨੇੜੈ-ਪਾਸ ਕੋਲ, ਨਜ਼ਦੀਕ, ਹਿਰਦੇ ਵਿੱਚ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (8); ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ (464); ਪਹੁੰਚ ਰਿਹਾ- ‘ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ॥ (78); ਦੁਸਮਨੁ ਦੂਖੁ ਨ ਆਵੈ ਨੇੜੈ ਹਰਿ ਮਤਿ ਪਾਵੈ ਕੋਈ॥ (1328)
ਗੁਰਬਾਣੀ ਵਿਚਲੀ ਨੇੜੇ/ਨਜ਼ਦੀਕ ਦੀ ਸ਼ਬਦ ਲੜੀ ਬੜੀ ਮਾਨੀਖੇਜ਼ ਹੈ, ਕਿਉਂਕਿ ਇਸਦੀ ਵਰਤੋਂ ਅਨੇਕਾਂ ਸੰਦਰਭਾਂ ਵਿੱਚ ਕੀਤੀ ਗਈ ਹੈ ਤਾਂ ਕਿ ਉਦੇਸ਼ ਸਪਸ਼ਟ ਹੋ ਸਕੇ। ਰਾਮ ਵਿਲਾਸ ਸ਼ਰਮਾ ਨੇ ਨੇੜਾ ਦਾ ਜ਼ਿਕਰ ਨਹੀਂ ਕੀਤਾ ਜਦ ਕਿ ਗੁਰਬਾਣੀ ਵਿੱਚ ਇਹਦਾ ਵਿਸ਼ਾਲ ਪਾਸਾਰਾ ਨਜ਼ਰ ਆਉਂਦਾ ਹੈ। ਅਨੇਕਾਂ ਸੰਦਰਭਾਂ ਵਿੱਚ ਨੇੜਾ ਤੇ ਨਿਅਰ ਦੀ ਵਿਓਤਪਤੀ ਨੇਦ ਜਾਂ ਨੇਦਿਸ਼ਠ ਤੋਂ ਨਹੀਂ, ਸਗੋਂ ਨਿਕਟ ਤੋਂ ਦੱਸੀ ਗਈ ਹੈ, ਜੋ ਤਾਰਕਿਕ ਜਾਪਦੀ ਹੈ। ਨਿਅਰ ਤੇ ਨੇੜਾ ਸ਼ਬਦ ਰੂਪਾਂ ਦਾ ਚਲਣ ਕਈ ਭਾਰਤੀ ਭਾਸ਼ਾਵਾਂ ਵਿੱਚ ਮਿਲਦਾ ਹੈ। ਦੋਵਾਂ ਦਾ ਮੂਲ ਸੰਸਕ੍ਰਿਤ ਦੇ ‘ਨਿਕਟਮੑ’ ਤੋਂ ਹੈ। ਪੂਰਬੀ ਤੇ ਪੱਛਮੀ ਸ਼ੈਲੀਆਂ ਵਿੱਚ ਤਬਦੀਲੀ ਦਾ ਕ੍ਰਮ ਇਸ ਤਰ੍ਹਾਂ ਦਾ ਮਿਲਦਾ ਹੈ- ‘ਨਿਕਟਮੑ-ਨਿਅਡਮ -ਨਿਅਰਾ-ਨਿਅਰ-ਨਿਯਰ’ ਜਾਨ ਪਲੈਟਸ ਨੇ ਆਪਣੇ ਕੋਸ਼ ਵਿੱਚ ਨਜ਼ਦੀਕ ਲਈ ਨਜ਼ਦੀਗ ਜਾਂ ਨਜ਼ਿਦਸ਼ਠ ਸ਼ਬਦ ਤੋਂ ਇਹਦਾ ਵਿਕਾਸ ਦੱਸਿਆ ਹੈ। ਪਲੈਟਸ ਨਜ਼ਿਦਸ਼ਠ ਨੂੰ ਨਜ਼ਦ ਦਾ ਸੁਪਰਲੇਟਿਵ ਗ੍ਰੇਡ ਦਸਦਾ ਹੈ। ਨਜ਼ਿਦਸ਼ਠ ਦੀ ਤੁਲਨਾ ਸੰਸਕ੍ਰਿਤ ਦੇ ਨੇਦਿਸ਼ਠ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਕੋਲ, ਸਮੀਪ, ਦੁਆਰਾ, ਜੁੜਿਆ ਹੋਇਆ, ਨੇੜੇ, ਨੇੜਲਾ, ਨਿਕਟ ਆਦਿ ਭਾਵ ਹਨ। ਅਲੈਗਜ਼ੈਂਡਰ ਮਰੇ ਤੇ ਡੇਵਿਡ ਸਕਾਟ ਨੇ ‘ਹਿਸਟਰੀ ਆਫ ਯੂਰਪੀਅਨ ਲੈਂਗੂਵੇਜ਼ਸ’ ਵਿੱਚ ਸੁਪਰਲੇਟਿਵ ਗ੍ਰੇਡ ਵਿੱਚ ‘ਨੇਦ>ਨੇਦੀਅਸ>ਨੇਦਿਸ਼ਠ’ ਦੀ ਤੁਲਨਾ ਅੰਗਰੇਜ਼ੀ ਦੇ ‘near>near> near’ ਨਾਲ ਕੀਤੀ ਹੈ, ਜਦ ਕਿ ਵਿਓਤਪਤੀ ਦੀ ਦ੍ਰਿਸ਼ਟੀ ਤੋਂ ‘nigh> near>next’ ਹੋਣਾ ਚਾਹੀਦਾ। ‘ਨਾਈ’ ਵਿੱਚ ਨੇੜੇ ਦਾ ਭਾਵ ਹੈ, ਜਦ ਕਿ ਨੀਅਰ ਵਿੱਚ ਜ਼ਿਆਦਾ ਨੇੜੇ ਤੇ ਨੈਕਸਟ ਵਿੱਚ ਬਿਲਕੁਲ ਨਾਲ ਜੁੜੇ ਦਾ ਭਾਵ ਹੈ। ਇਹਦਾ ਮੂਲ ਗੋਥਿਕ ‘nehwa’ ਮੰਨਿਆ ਜਾਂਦਾ ਹੈ। ਓਲਡ ਅੰਗਰੇਜ਼ੀ ਵਿੱਚ ਇਹਦੇ ਰੂਪ ‘neh-nah’ ਹਨ। ਨੈਕਸਟ ਦੇ ਓਲਡ ਅੰਗਰੇਜ਼ੀ ਵਿੱਚ ‘neihsta, nyhsta/ ਆਦਿ ਰੂਪ ਮਿਲਦੇ ਹਨ, ਜੋ ਸੰਸਕ੍ਰਿਤ ਦੇ ਨੇਦਿਸ਼ਠ ਨਾਲ ਮੇਲ ਖਾਂਦੇ ਹਨ।
ਨੇੜੇ, ਨਜ਼ਦੀਕ, ਕਰੀਬ ਲਈ ਇੱਕ ਸ਼ਬਦ ਨਿਕਟ ਹੈ। ‘ਕਟੑ’ ਸੰਸਕ੍ਰਿਤ ਦੀ ਧਾਤੂ ਹੈ, ਜਿਸ ਵਿੱਚ ਸਪਸ਼ਟ ਕਰਨ, ਦਿਖਾਉਣ ਦੇ ਭਾਵ ਹਨ। ‘ਨਿ’ ਅਗੇਤਰ ਕਈ ਸ਼ਬਦਾਂ ਵਿੱਚ ਲਗਦਾ ਹੈ। ਇਸ ਵਿੱਚ ਇਕ ਭਾਵ ਹੈ- ਕੋਲ, ਪਾਸ, ਸਮੀਪ। ਕਟੑ ਧਾਤੂ ਨਾਲ ਜਦੋਂ ‘ਨਿ’ ਅਗੇਤਰ ਜੁੜਦਾ ਹੈ ਤਾਂ-‘ਨਿ+ਕਟੑ=ਨਿਕਟ’ ਸ਼ਬਦ ਬਣਦਾ ਹੈ। ਇਸ ਕਟੑ ਵਿੱਚ ਜੁੜਨ, ਨਜ਼ਦੀਕ, ਪਾਸ, ਕੋਲ ਦੇ ਭਾਵ ਹਨ। ਇਸ ਤੋਂ ਹੀ ਸੰਸਕ੍ਰਿਤ ਦਾ ਸ਼ਬਦ ਬਣਦਾ ਹੈ- ਨੈਕਟਿਕ, ਜਿਸਦਾ ਅਰਥ ਹੈ- ਨਜ਼ਦੀਕ, ਕੋਲ, ਜੁੜਿਆ ਹੋਇਆ, ਨੇੜਲਾ। ਨੈਕਟਿਕ ਦਾ ਇੱਕ ਅਰਥ ਸਾਧੂ, ਸੰਨਿਆਸੀ, ਭਿਖਸ਼ੂ ਵੀ ਕੀਤਾ ਜਾਂਦਾ ਹੈ। ਨੈਕਟਿਕ ਵਿੱਚ ਸੰਨਿਆਸੀ ਵੈਰਾਗ ਰਾਹੀਂ ਆਪਣੇ ਨੇੜੇ ਜਾਂ ਨਜ਼ਦੀਕ ਪਹੁੰਚਦਾ ਹੈ। ਉਹ ਆਪਣੇ ਆਪ ਨੂੰ ਵਧੇਰੇ ਨਿਕਟਤਾ ਨਾਲ ਪਛਾਣ ਸਕਦਾ ਹੈ। ਇਹੀ ਨੈਕਟਿਕ: ਅਸਲ ਵਿੱਚ ਨਿਕੰਮਾ, ਨਿਖੱਟੂ, ਕੰਮਚੋਰ, ਵਿਹਲੇ ਦੇ ਅਰਥ ਰੱਖਦਾ ਹੈ। ਨਾਕਾਰਾ, ਨਿਕੰਮੇ, ਨਿਖੱਟੂ ਲਈ ਨੈਕਟਿਕ ਸ਼ਬਦ ਦੀ ਵਰਤੋਂ ਉਨ੍ਹਾਂ ਦੀ ਜੜ੍ਹਤਾ ਵੱਲ ਇਸ਼ਾਰਾ ਕਰਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦਾ ਵਿਸਥਾਰ ਤੇ ਅਰਥ ਲੜੀ ਦਸਦੀ ਹੈ ਕਿ ਇਸ ਸ਼ਬਦ ਨੇ ਸਫਰ ਤੈਅ ਕਰਦਿਆਂ ਕਈ ਦਿਸ਼ਾਵਾਂ ਸਿਰਜੀਆਂ ਹਨ।