ਲਹਿੰਦੇ ਪੰਜਾਬ ਵਿੱਚ ਪੰਜਾਬੀ ਦੇ ਮੁੱਦਈ: ਉਸਤਾਦ ਦਾਮਨ

Uncategorized ਅਦਬੀ ਸ਼ਖਸੀਅਤਾਂ

ਉਜਾਗਰ ਸਿੰਘ
ਫੋਨ: +91-9417813072
1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪਰ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ- ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਇਹ ਖ਼ਬਰਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਉਹ ਬੋਲੀ ਕਦੀ ਵੀ ਖ਼ਤਮ ਨਹੀਂ ਹੋ ਸਕਦੀ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ।

ਪੰਜਾਬੀ ਬੋਲੀ, ਜਿਸ ਦਾ ਸਬੰਧ ਗੁਰੂਆਂ, ਪੀਰਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਹੋਵੇ, ਉਸ ਦੇ ਖ਼ਤਮ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਪਰ ਹੋ ਸਕਦਾ ਸਮੇਂ ਦੇ ਬੀਤਣ ਨਾਲ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਘਟ ਜਾਵੇ। ਪੰਜਾਬੀ ਤਾਂ ਸੰਸਾਰ ਵਿੱਚ ਫ਼ੈਲੇ ਹੋਏ ਹਨ, ਉਥੇ ਵੀ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ। ਪਾਕਿਸਤਾਨ ਵਿੱਚ ਵੀ ਅੱਜ ਕਲ੍ਹ ਪੰਜਾਬੀ ਦੇ ਅਲੰਬਰਦਾਰ ਉਥੋਂ ਦੇ ਬਾਸ਼ਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ। ਦੇਸ਼ ਨੂੰ ਆਜ਼ਾਦ ਕਰਨ ਸਮੇਂ ਗੋਰਿਆਂ ਨੇ ਭਾਰਤੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪਾਕਿਸਤਾਨ ਵੱਖਰਾ ਦੇਸ਼ ਬਣਾ ਦਿੱਤਾ। ਦੋਹਾਂ ਦੇਸ਼ਾਂ ਦੇ ਸਿਆਸੀ ਨੇਤਾਵਾਂ ਦੀ ਕਾਰਗੁਜ਼ਾਰੀ ਵੀ ਚੰਗੀ ਨਹੀਂ ਰਹੀ। ਅਜਿਹੀ ਆਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ, ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ-ਖੇਰੂੰ ਹੋ ਗਏ ਸਨ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤਕਾਰਾਂ ਨੇ ਖ਼ੂਨੀ ਬਿਰਤਾਂਤ ਲਿਖਿਆ ਸੀ। ਲਹਿੰਦੇ ਪੰਜਾਬ ਤੋਂ ਭਾਰਤ ਵਿੱਚ ਆਈ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਦੀ ਵੰਡ ਬਾਰੇ ਬਹੁਤ ਹੀ ਭਾਵਨਾਤਮਿਕ ਕਵਿਤਾ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਆਪਣੀਆਂ ਭਾਵਪੂਰਤ ਕਵਿਤਾਵਾਂ ਵਿੱਚ ਸਰਲ ਤੇ ਸਾਦੀ ਬੋਲੀ ਵਿੱਚ ਲਿਖੀਆਂ ਸਨ। ਉਸਤਾਦ ਦਾਮਨ ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਨੇ ਆਪਣੇ ਨਾਮ ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਦੇ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ। ਭੂਗੋਲਿਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ, ਪਹਿਰਾਵਾ, ਰਸਮੋ-ਰਿਵਾਜ, ਹਵਾ-ਪਾਣੀ, ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿੱਚ ਵੰਡੇ ਜਾ ਚੁੱਕੇ ਸਨ, ਪਰ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ `ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ।
ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿੱਚੋਂ ਚਿਰਾਗ ਦੀਨ ਦਾਮਨ ਨੂੰ ਦੇਸ ਦੀ ਵੰਡ ਦੀ ਚੀਸ ਹਮੇਸ਼ਾ ਰੜਕਦੀ ਰਹੀ। ਇਸ ਕਰਕੇ ਉਹ ਦੇਸ ਦੀ ਵੰਡ ਤੋਂ ਬਾਅਦ ਵੀ ਭਾਰਤ ਵਿੱਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਉਸਤਾਦ ਦਾਮਨ ਵਰਗੇ ਸਿਰੜ੍ਹੀ ਪੰਜਾਬੀ ਭਾਸ਼ਾ `ਤੇ ਪਹਿਰਾ ਦਿੰਦੇ ਰਹਿਣਗੇ ਤਾਂ ਇਹ ਬੋਲੀ ਕਦੀਂ ਵੀ ਖਤਮ ਨਹੀਂ ਹੋ ਸਕਦੀ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ। ਵੇਖੋ ਸਬਜੀ ਦੀ ਸਫਾਈ ਰੱਖਣ ਬਾਰੇ ਉਸਤਾਦ ਦਾਮਨ ਕਿੰਨੀ ਸਰਲ ਸ਼ਬਦਾਵਲੀ ਵਰਤਦਾ ਹੈ:
ਸਬਜੀ ਲਿਆਓ ਭੱਜ ਕੇ, ਖਾਓ ਸਾਰੇ ਰੱਜ ਕੇ, ਬਾਕੀ ਰੱਖੋ ਕੱਜ ਕੇ।
ਕਵਿਤਾ ਪੜ੍ਹਨ `ਤੇ ਇਉਂ ਲਗਦਾ ਹੈ ਕਿ ਜਿਵੇਂ ਹਲਕੀ ਫੁਲਕੀ ਜਿਹੀ ਹੈ, ਪਰ ੂ ਨੀਝ ਲਾ ਕੇ ਸਮਝੋ ਕਿ ਸਰਲ ਸ਼ਬਦਾਂ ਵਿੱਚ ਕਿਤਨੀ ਵੱਡੀ ਗੱਲ ਕਰ ਗਿਆ ਹੈ। ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿੱਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਵਾਰ-ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿੱਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿੱਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿੱਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ,
ਪੁਛਦੇ ਹੋ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ।
ਮੈਨੂੰ ਕਈਆਂ ਨੇ ਆਖਿਆ ਕਈ ਵਾਰ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ
ਗੋਦੀ ਜਿਹਦੀ ਵਿੱਚ ਪਲ ਕੇ ਜਵਾਨ ਹੋਇਆਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ,
ਜਿੱਥੇ ਖਲੋਤਾ ਏਂ ਥਾਂ ਛੱਡ ਦੇ
ਮੈਨੂੰ ਇੰਜ ਲੱਗਦੈ ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿੱਚ ਕਵਿਤਾ ਲਿਖਣ ਤੋਂ ਵਰਜਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ:
ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ ਵਿੱਚ ਕਿਤਾਬਾਂ ਦੇ ਠੱਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ,
ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਨੌਜਵਾਨ ਪੀੜ੍ਹੀ `ਤੇ ਕਟਾਖਸ ਕਰਨ ਲੱਗਿਆਂ ਵੀ ਕਮਾਲ ਦੀਆਂ ਪੰਜਾਬੀ ਦੀਆਂ ਠੇਠ ਤਸ਼ਬੀਹਾਂ ਆਪਣੀਆਂ ਕਵਿਤਾਵਾਂ ਵਿੱਚ ਦਿੰਦਾ ਸੀ, ਜਿਹੜੀਆਂ ਅੱਜ 77 ਸਾਲ ਬਾਅਦ ਵੀ ਢੁਕਦੀਆਂ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ `ਤੇ ਵਿਅੰਗ ਕਸਦਾ ਉਹ ਲਿਖਦਾ ਹੈ:
ਇਹ ਕਾਲਜ ਏ ਕਿ ਫੈਸ਼ਨ ਦੀ ਫੈਕਟਰੀ ਏ,
ਕੁੜੀਆਂ ਮੁੰਡਿਆਂ ਨਾਲ ਇੰਜ ਫਿਰਨ,
ਜਿਵੇਂ ਅਲਜਬਰੇ ਨਾਲ ਜੁਮੈਟਰੀ ਏ।
ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵੱਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿੱਚ ਬੰਦ ਰੱਖਿਆ ਗਿਆ, ਪਰ ਉਸ ਨੇ ਸਰਕਾਰਾਂ ਨਾਲ ਆਢਾ ਲਾਈ ਰੱਖਿਆ। ਫ਼ੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ, ਸਗੋਂ ਉਸਨੇ ਫ਼ੌਜੀ ਰਾਜ `ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ:
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ,
ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।
ਇਹ ਕੀ ਕਰੀ ਜਾਨਾ,
ਕਦੀ ਚੀਨ ਜਾਨਾ ਕਦੀ ਰੂਸ ਜਾਨਾ।
ਕਦੀ ਸ਼ਿਮਲੇ ਜਾਨਾ ਕਦੀ ਮਰੀ ਜਾਨਾ,
ਜਿਧਰ ਜਾਨਾ ਬਣਕੇ ਜਲੂਸ ਜਾਨਾ।
ਲਈ ਖੇਸ ਜਾਨਾ ਖਿੱਚੀ ਦਰੀ ਜਾਨਾ,
ਇਹ ਕੀ ਕਰੀ ਜਾਨਾ।
ਜੇਲ੍ਹ ਵਿੱਚ ਰਹਿਣ ਕਰਕੇ ਉਸਦੀ ਵਿਆਹੁਤਾ ਜ਼ਿੰਦਗੀ ਵੀ ਬਹੁਤੀ ਸਫਲ ਨਹੀਂ ਰਹੀ। ਉਸਦਾ ਵਿਆਹ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਦਾ ਇੱਕ ਲੜਕਾ ਵੀ ਸੀ, ਪਰ ਬਹੁਤਾ ਸਮਾਂ ਜੇਲ੍ਹ ਵਿੱਚ ਰਹਿਣ ਕਰਕੇ ਇੱਕ ਵਾਰ ਵਿਛੜਿਆ ਪਰਿਵਾਰ ਮੁੜ ਕੇ ਮਿਲ ਨਹੀਂ ਸਕਿਆ। ਜਿਉਂਦੇ ਜੀਅ ਗ਼ਰੀਬੀ ਕਰਕੇ ਉਹ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਪੁਸਤਕ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿੱਚ ਪ੍ਰਕਾਸ਼ਤ ਹੀ ਨਹੀਂ ਕੀਤੀ, ਸਗੋਂ ਉਰਦੂ ਵਿੱਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿੱਚ ਹੀ ਰਿਹਾ ਹੈ। ਉਹ ਇਹ ਵੀ ਆਮ ਕਹਿੰਦਾ ਸੀ ਕਿ ਉਸ ਦਾ ਕਮਰਾ ਹੀ ਬਹੁਤ ਛੋਟਾ ਸੀ, ਜਿਸ ਕਰਕੇ ਉਸ ਉਪਰ ਬੰਬ ਰੱਖਣ ਦੇ ਕੇਸ ਬਣਦੇ ਰਹੇ, ਜੇਕਰ ਮੇਰਾ ਕਮਰਾ ਵੱਡਾ ਹੁੰਦਾ ਤਾਂ ਟੈਂਕ ਰੱਖਣ ਦੇ ਕੇਸ ਵੀ ਹੋ ਸਕਦੇ ਸਨ। ਜੇਲ੍ਹ ਵਿੱਚ ਰਹਿਣ ਸਬੰਧੀ ਉਹ ਲਿਖਦਾ ਹੈ:
ਸਟੇਜਾਂ `ਤੇ ਆਈਏ ਸਿਕੰਦਰ ਹੋਈਦਾ ਏ,
ਸਟੇਜੋਂ ਉਤਰ ਕੇ ਕਲੰਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ,
ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।
ਉਸਤਾਦ ਦਾਮਨ ਦਾ ਪਿਤਾ ਫ਼ੌਜੀ ਦਰਜੀਖਾਨੇ ਵਿੱਚ ਕਪੜੇ ਸਿਉਣ ਦਾ ਕੰਮ ਕਰਦਾ ਸੀ। ਦਾਮਨ ਦੀਆਂ ਕ੍ਰਾਂਤੀਕਾਰੀ ਅਤੇ ਧਾਰਮਿਕ ਜਨੂੰਨੀਆਂ ਦੇ ਵਿਰੁੱਧ ਹੋਣ ਕਰਕੇ ਉਸਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਤਾਂ ਉਸਨੇ ਇੱਕ ਕਵਿਤਾ ਵਿੱਚ ਲਿਖਿਆ:
ਕਿਸੇ ਤੀਲ੍ਹੀ ਐਸੀ ਲਗਾਈ ਏ,
ਥਾਂ ਥਾਂ `ਤੇ ਅੱਗ ਮਚਾਈ ਏ।
ਪਈ ਸੜਦੀ ਲੋਕਾਈ ਏ,
ਤੇ ਪੈਂਦੀ ਹਾਲ ਦੁਹਾਈ ਏ।
ਆਜ਼ਾਦੀ ਤੋਂ ਬਾਅਦ ਇੱਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹੇ ਦਿੱਲੀ ਵਿੱਚ ਹੋਏ ਇੱਕ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਪੜ੍ਹ ਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ:
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ,
ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।
ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
ਪੰਡਤ ਜਵਾਹਰ ਲਾਲ ਨਹਿਰੂ ਜਿਹੜੇ ਖੁਦ ਸਿਆਸਤਦਾਨ ਦੇ ਨਾਲ ਵਿਦਵਾਨ ਲੇਖਕ ਵੀ ਸਨ, ਨੇ ਉਸਤਾਦ ਦਾਮਨ ਨੂੰ ਉਠ ਕੇ ਕਲਾਵੇ ਵਿੱਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿੱਚ ਹੀ, ਭਾਵੇਂ ਜੇਲ੍ਹ ਵਿੱਚ ਹੀ ਰਹਿਣਾ ਪਵੇ।

Leave a Reply

Your email address will not be published. Required fields are marked *