‘ਸ਼ਿਕਾਗੋ ਕਬੱਡੀ ਕੱਪ’ ਵਿੱਚ ਖੇਡਾਂ ਤੇ ਗਾਇਕੀ ਦੇ ਰੰਗ ਖਿੜੇ

ਖਬਰਾਂ ਗੂੰਜਦਾ ਮੈਦਾਨ

*ਕਬੱਡੀ ਕੱਪ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ ਦੀ ਸਾਂਝੀ ਟੀਮ ਨੇ ਜਿੱਤਿਆ
*ਰੱਸਾਕੱਸ਼ੀ ਦੌਰਾਨ ਜ਼ੋਰ-ਅਜ਼ਮਾਈ ਵਿੱਚ ਚੜ੍ਹਦੀ ਕਲਾ-ਗਰੀਨਫੀਲਡ ਟੀਮ ਮੋਹਰੀ
*ਵਾਲੀਬਾਲ ਮੁਕਾਬਲਿਆਂ ਵਿੱਚ ਮਿਲਵਾਕੀ ਸਪੋਰਟਸ ਕਲੱਬ ਦੀ ਟੀਮ ਪ੍ਰਥਮ ਰਹੀ

ਕੁਲਜੀਤ ਦਿਆਲਪੁਰੀ
ਸ਼ਿਕਾਗੋ: ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਸਾਲਾਨਾ ਕਬੱਡੀ ਕੱਪ ਵਿੱਚ ਕਬੱਡੀ ਟੀਮਾਂ ਨੇ ਤਾਂ ਵਧੀਆ ਪ੍ਰਦਰਸ਼ਨ ਕੀਤਾ ਹੀ; ਪਰ ਰੱਸਾਕਸ਼ੀ, ਵਾਲੀਬਾਲ ਅਤੇ ਸਥਾਨਕ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਗਤਕੇ ਦੇ ਦਿਖਾਏ ਜੌਹਰ ਵੀ ਦਿਲਚਸਪ ਸਨ। ਕਬੱਡੀ ਦਾ ਫਾਈਨਲ ਮੈਚ ਤਾਂ ਕਈਆਂ ਨੇ ਪੱਬਾਂ ਭਾਰ ਹੋ ਹੋ ਕੇ ਵੇਖਿਆ ਅਤੇ ਕਬੱਡੀ ਕੁਮੈਂਟੇਟਰਾਂ ਨੇ ਸ਼ੇਅਰੋ-ਸ਼ਾਇਰੀ ਨਾਲ ਕਬੱਡੀ ਦੇ ਮੈਚਾਂ ਦਾ ਸਵਾਦ ਹੋਰ ਵੀ ਵਧਾ ਦਿੱਤਾ ਸੀ। ਆਪਣੀ ਖੇਡ ਨਾਲ ਦਰਸ਼ਕਾਂ ਦੀਆਂ ਤਾੜੀਆਂ ਬਟੋਰਨ ਲਈ ਜਿੱਥੇ ਖਿਡਾਰੀ ਜ਼ੋਰ ਤੇ ਜੁਗਤ ਨਾਲ ਖੇਡ ਰਹੇ ਸਨ, ਉਥੇ ਧਾਵੀਆਂ ਦੇ ਧਾਵਿਆਂ ਉਤੇ ਅਤੇ ਜਾਫੀਆਂ ਦੇ ਜੱਫਿਆਂ ਉਤੇ ਡਾਲਰ ਵਾਰਨ ਦੇ ਐਲਾਨ ਵੀ ਹੋ ਰਹੇ ਸਨ। ਕਬੱਡੀ ਦੇ ਨਜ਼ਾਰੇ ਵੇਖ ਵੇਖ ਖੇਡ ਪ੍ਰੇਮੀ ਉਤਸ਼ਾਹੀ ਸਨ। ਮੇਲੇ ਵਿੱਚ ਮਿਡਵੈਸਟ ਦੀਆਂ ਭਾਈਚਾਰਕ ਸ਼ਖਸੀਅਤਾਂ ਤੋਂ ਇਲਾਵਾ ਅਮਰੀਕੀ ਮੂਲ ਦੇ ਸਥਾਨਕ ਸਿਆਸਤਦਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ।

ਮੇਲੇ ਦੀ ਸ਼ੁਰੂਆਤ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਨਾਲ ਹੋਈ। ਕਬੱਡੀ ਦੇ ਪਹਿਲੇ ਮੈਚ ਤੱਕ ਤਾਂ ਲੋਕ ਹਾਲੇ ਆ ਹੀ ਰਹੇ ਸਨ ਅਤੇ ਆਉਂਦਿਆਂ ਹੀ ਬਹੁਤੇ ਲੋਕ ਆਪਣੇ ਜਾਣੂੰਆਂ ਨਾਲ ਮਿਲਣ-ਗਿਲਣ ਅਤੇ ਚਾਹ-ਪਾਣੀ ਤੇ ਰੋਟੀ-ਟੁੱਕ ਛਕਣ ਵਿੱਚ ਰੁੱਝ ਗਏ। ਉਸ ਪਿੱਛੋਂ ਕਬੱਡੀ ਖਿਡਾਰੀ ਵੀ ਥੋੜ੍ਹਾ ਤੁਰਤ-ਫੁਰਤ ਹੋ ਗਏ ਅਤੇ ਦਰਸ਼ਕ ਵੀ ਸਟੇਜ ਦੇ ਨੇੜੇ ਜਾਂ ਕਬੱਡੀ ਮੈਦਾਨ ਦੇ ਹੰਧਿਆਂ ਦੁਆਲੇ ਦਰਖਤਾਂ ਤੇ ਟੈਂਟਾਂ ਥੱਲੇ ਡਾਹੀਆਂ ਕੁਰਸੀਆਂ ਉਤੇ ਬੈਠ ਗਏ। ਇੰਜ ਹੌਲੀ ਹੌਲੀ ਮੇਲੀਆਂ ਦੀ ਸ਼ਮੂਲੀਅਤ ਵਧਦੀ ਗਈ ਅਤੇ ਮੇਲੇ ਦਾ ਨਜ਼ਾਰਾ ਬੱਝ ਗਿਆ ਸੀ। ਕਲੱਬ ਵਾਲੇ ਵੇਲੇ ਸਿਰ ਹੀ ਪਹੁੰਚ ਗਏ ਸਨ ਅਤੇ ਆਪੋ-ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਮੁਸ਼ਤੈਦ ਸਨ।
ਇਸ ਕਬੱਡੀ ਕੱਪ ਵਿੱਚ ਕਬੱਡੀ ਦੀਆਂ ਚਾਰ ਟੀਮਾਂ ਭਿੜੀਆਂ, ਜਿਨ੍ਹਾਂ ਵਿੱਚ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਮਿਡਵੈਸਟ, ਪੰਜਾਬ ਸਪੋਰਟਸ ਕਲੱਬ ਫਿਲਾਡੈਲਫੀਆ, ਬਾਬਾ ਸੰਗ ਜੀ ਕਬੱਡੀ ਕਲੱਬ ਮਿਡਵੈਸਟ ਅਤੇ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ (ਸਾਂਝੀ ਟੀਮ) ਸ਼ਾਮਲ ਸਨ। ਫਾਈਨਲ ਮੈਚ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ ਅਤੇ ਬਾਬਾ ਸੰਗ ਜੀ ਕਬੱਡੀ ਕਲੱਬ ਮਿਡਵੈਸਟ ਦੀਆਂ ਟੀਮਾਂ ਵਿਚਾਲੇ ਹੋਇਆ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ `ਕੱਲੇ-`ਕੱਲੇ ਅੰਕ ਲਈ ਪੂਰੀ ਜ਼ੋਰ-ਅਜ਼ਮਾਈ ਕੀਤੀ, ਪਰ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ ਟੀਮ ਨੇ ਕਬੱਡੀ ਕੱਪ ਆਪਣੀ ਝੋਲੀ ਪਾ ਲਿਆ।
ਸੈਮੀ ਫਾਈਨਲ ਅਤੇ ਫਾਈਨਲ ਮੈਚ ਸਮੇਤ ਕੁਲ ਪੰਜ ਮੈਚ ਖੇਡੇ ਗਏ, ਜਿਸ ਦੌਰਾਨ ਬਰਾਬਰ ਦੇ ਖੇਡ ਪ੍ਰਦਰਸ਼ਨ ਕਾਰਨ ਲੱਖਾ ਕੋਟੇ ਜੱਟਾਂ ਤੇ ਕੱਦੂ ਰਸੂਲਪੁਰੀਆ ਵਧੀਆ ਜਾਫੀ ਐਲਾਨੇ ਗਏ, ਜਦਕਿ ਵਧੀਆ ਧਾਵੀ ਗਗਨ ਨਾਗਰਾ ਸੀ। ‘ਰੰਗਲਾ ਪੰਜਾਬ’ ਐਪਲਟਨ ਵੱਲੋਂ ਵਧੀਆ ਜਾਫੀਆਂ ਤੇ ਵਧੀਆ ਧਾਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮਨੀ ਬੱਦੋਵਾਲੀਆ, ਪਾਨਾ ਧਾਲੀਵਾਲ, ਦੀਪ ਖਾਈ, ਲਵਲੀ ਸਹੇੜੀ, ਰੂਬੀ ਹਰਖੋਵਾਲ, ਸੇਠੀ ਹਰਖੋਵਾਲ, ਜਿੰਦਰ ਪੱਤੜ, ਕਮਲ ਟਿੱਬਾ, ਜੀਤ ਜੰਡੀ, ਤਾਜਾ ਕਾਲਾਸੰਘਿਆਂ, ਨਵਜੋਤ ਲੋਟਾ, ਕਰਨ ਵੈਨਕੂਵਰ ਆਦਿ ਖਿਡਾਰੀਆਂ ਨੇ ਵੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। ਕੁਝ ਸ਼ੌਕੀਨ ਖਿਡਾਰੀਆਂ ਨੇ ਆਪਣੀਆਂ ਬਾਹਵਾਂ, ਡੌਲਿਆਂ, ਮੋਢਿਆਂ ਉਤੇ ਟੈਟੂ ਖੁਣਵਾਏ ਹੋਏ ਸਨ।
ਫਾਈਨਲ ਮੈਚ ਦਾ ਸਿਖਰ ਇਹ ਸੀ ਕਿ ਖਿਡਾਰੀਆਂ ਦਾ ਭੇੜ ਦੇਖਣ ਲਈ ਕੁਝ ਲੋਕ ਕੁਰਸੀਆਂ ਤੋਂ ਉਠ ਖੜ੍ਹੇ ਹੋਏ। ਕਈ ਦਰਸ਼ਕ ਇੰਨੇ ਉਤਸ਼ਾਹੀ ਹੋ ਗਏ ਸਨ ਕਿ ਉਹ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਾ ਸਕੇ। ਇੱਕ-ਇੱਕ ਪੁਆਇੰਟ ਲਈ ਖਿਡਾਰੀ ਵੀ ਸਰਗਰਮ ਸਨ ਅਤੇ ਕਲੱਬ ਵਾਲੇ ਵੀ ਹੋਰ ਫੁਰਤੀਲੇ ਹੋ ਗਏ ਸਨ। ਕੁਮੈਂਟੇਟਰ ਖਿਡਾਰੀਆਂ ਦਾ ਨਾਂ ਲੈ ਲੈ ਅੱਖੀਂ ਡਿੱਠਾ ਹਾਲ ਬਿਆਨ ਕਰ ਰਹੇ ਸਨ; ਪਰ ਨਾਲ ਦੀ ਨਾਲ ਕੁਝ ਖਾਸ ਸ਼ਖਸੀਅਤਾਂ ਦਾ ਨਾਂ ਵੀ ਵਾਰ ਵਾਰ ਮਾਈਕ ਤੋਂ ਬੋਲ ਰਹੇ ਸਨ।
ਜਦੋਂ ਕਬੱਡੀ ਮੈਚ ਦੌਰਾਨ ਕੁਮੈਂਟੇਟਰ ਇੱਕ ਕਬੱਡੀ ਖਿਡਾਰੀ ਦੀ ਤਾਰੀਫ ਵਿੱਚ ਬੋਲਿਆ, ‘ਆੜ੍ਹਤੀਆਂ ਦੇ ਸਰਾਹਣੇ ਵਰਗਾ ਸਰੀਰ ਐ ਗੱਭਰੂ ਦਾ’ ਤਾਂ ਦਰਸ਼ਕਾਂ ਦੀ ਇੱਕ ਟੋਲੀ ਖੂਬ ਹੱਸੀ ਕਿ ਕਈ ਵਾਰ ਤਾਂ ਕੁਮੈਂਟੇਟਰ ਅਜਿਹੀ ਸ਼ਬਦਾਵਲੀ ਵਰਤ ਜਾਂਦੇ ਹਨ, ਕਬੱਡੀ ਨਾਲੋਂ ਕੁਮੈਂਟਰੀ ਸੁਣਨ ਦਾ ਅਨੰਦ ਵੱਧ ਆਉਣ ਲੱਗ ਜਾਂਦਾ ਹੈ। ਜਦੋਂ ਕੋਈ ਖਿਡਾਰੀ ਰੇਡ ਪਾਉਣ ਜਾਂਦਾ ਤਾਂ ਕੁਮੈਂਟੇਟਰ ਬੋਲਦਾ, ‘ਗੱਭਰੂ ਨੇ ਸ਼ੂਟ ਵੱਟੀ ਹੈ’ ਤੇ ‘ਉਡਾਣ ਭਰੀ ਐ’ ਅਤੇ ਧਾਵੀਆਂ ਨੂੰ ਦੇਖ ਕੇ ਬੋਲਦਾ, ‘ਇੱਕ ਪਾਸੇ ਚਾਰ ਐ ਤੇ ਚਾਰੇ ਤਿਆਰ ਐ।’ ਕਿਸੇ ਤਕੜੇ ਜਾਫੀ ਦੀ ਤਾਰੀਫ ਵਿੱਚ ਬੋਲ ਗੂੰਜਦੇ, ‘ਏਸ ਖਿਡਾਰੀ ਦਾ ਪੂਰਾ ਖੌਫ ਹੈ’ ਤੇ ਨਾਲ ਹੀ ਧਾਵੀ ਨੂੰ ਸ਼ਸ਼ਕੇਰ ਦਿੰਦਾ, ‘ਚੱਲ ਬਈ ਸੋਹਣਿਆ ਪਾ ਕਬੱਡੀ।’ ਨਾਲ ਹੀ ਕੁਮੈਂਟੇਟਰ ਦਰਸ਼ਕਾਂ ਨੂੰ ਖਿਡਾਰੀਆਂ ਦੀ ਹੱਲਾਸ਼ੇਰੀ ਕਰਨ ਲਈ ਪ੍ਰੇਰ ਰਹੇ ਸਨ ਕਿ ਸੌ-ਸੌ, ਪੰਜਾਹ-ਪੰਜਾਹ ਡਾਲਰਾਂ ਨਾਲ ਕੋਈ ਫਰਕ ਨਹੀਂ ਪੈਂਦਾ। ਕੁਮੈਂਟੇਟਰ `ਕੱਲੇ-`ਕੱਲੇ ਖਿਡਾਰੀ ਦਾ ਨਾਂ ਲੈ ਕੇ ਬੋਲ ਪੈਂਦੇ, ‘ਚੱਲ ਬਈ ਨੌਜਵਾਨਾ, ਪਾ ਕਬੱਡੀ।’
ਕਬੱਡੀ ਦੀ ਕੁਮੈਂਟਰੀ ਕਾਲਾ ਰਸ਼ੀਨ ਤੇ ਸਵਰਨ ਮੱਲ੍ਹਾ ਬਾਜੇਖਾਨਾ ਨੇ ਰਲ-ਮਿਲ ਕੇ ਕੀਤੀ। ਕਬੱਡੀ ਦੀ ਤਾਰੀਫ ਵਿੱਚ ਇੱਕ ਕੁਮੈਂਟੇਟਰ ਨੇ ਸ਼ਿਅਰ ਅਰਜ਼ ਕੀਤਾ:
ਵੱਡੇ ਵੱਡੇ ਧਾਵੀਆਂ ਦੇ ਜਿੱਥੋਂ ਮੂੰਹ ਮੁੜ ਗਏ,
ਮਹਿਕ ਸੁੰਘ ਕੇ ਸੋਹਣੇ ਗੁਲਾਬ ਦੀ ਜੀ।
ਤੇ ਉਥੋਂ ਦੇ ਲੋਕ ਨੇ ਅਣਖਾਂ ਲਈ ਮਰ ਜਾਂਦੇ,
ਕਬੱਡੀ ਖੇਡ ਹੈ ਉਸ ਪੰਜਾਬ ਦੀ ਜੀ।
ਫਿਰ ਉਸ ਨੇ ਕਿਹਾ ਕਿ ਸ਼ਿਕਾਗੋ ਵੀ ਕਬੱਡੀ ਕਰਕੇ ਪੰਜਾਬੀਆਂ ਦੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਤੇ ਇਹ ਖੇਡ ਮੇਲਿਆਂ ਦੀ ਧਰਤੀ ਹੈ।
ਕੁਮੈਂਟੇਟਰਾਂ ਦੇ ਕੁਝ ਬੋਲ ਇਉਂ ਵੀ ਸਨ:
-ਮਾਰੀ ਕਬੱਡੀ ਵਿੱਚ ਛਾਲ, ਲਾਇਆ ਜ਼ੋਰ ਪੱਟਾਂ ਦੇ ਨਾਲ
-ਆਰੀ ਆਰੀ ਆਰੀ, ਗਲ `ਚ ਤਵੀਤ ਪਾ ਕੇ ਮੁੰਡਾ ਬਣ ਗਿਆ ਕਬੱਡੀ ਦਾ ਖਿਡਾਰੀ
-ਜਿਹਨੂੰ ਸੱਚੇ ਦਿਲੋਂ ਪਿਆਰ ਕਰੀਏ, ਉਹਨੂੰ ਧੋਖੇ ਵਿੱਚ ਨਹੀਂ ਰੱਖੀਦਾ
-ਰੱਬ ਛੱਤ ਪਾੜ ਕੇ ਦਿੰਦਾ ਤੇ ਲੱਫੜ ਮਾ ਕੇ ਲੈ ਜਾਂਦਾ
-ਜੇ ਪੌਂਡਾਂ ਨੂੰ ਜਰਬਾਂ ਦਈਏ, ਬਣਦੇ ਨੋਟ ਹਜ਼ਾਰਾਂ; ਤੇਰੀ ਰਹਿਮਤ ਦਾ ਮੈਂ ਕਿੱਥੋਂ ਕਰਜ ਉਤਾਰਾਂ।
ਕਬੱਡੀ ਦੇ ਦੋ ਮੈਚਾਂ ਉਪਰੰਤ ਸਥਾਨਕ ਗਤਕਾ ਖਿਡਾਰੀਆਂ ਨੇ ਗਤਕੇ ਦੇ ਜੌਹਰ ਵਿਖਾਏ। ਟੀਮ ਵਿੱਚ ਮੁੰਡੇ ਤੇ ਕੁੜੀਆਂ- ਦੋਵੇ ਸ਼ਾਮਲ ਸਨ। ਵਾਰੋ ਵਾਰੀ ਗਤਕਾ ਖਿਡਾਰੀ ਕਰੀਬ 15-20 ਮਿੰਟ ਗਤਕੇ ਦੇ ਕਰਤੱਬ ਵਿਖਾਉਂਦੇ ਰਹੇ। ਇਸ ਦੌਰਾਨ ਸੀ.ਡੀ. ਉਤੇ ਜੋਸ਼ ਅਤੇ ਕੁਰਬਾਨੀਆਂ ਦੇ ਜਜ਼ਬੇ ਨਾਲ ਲਬਰੇਜ ਸ਼ਬਦਾਵਲੀ ਵਾਲੇ ਗੀਤ ਤੇ ਵਾਰਾਂ ਚੱਲ ਰਹੇ ਸਨ, ਜਿਸ ਵਿੱਚ ਸਪਸ਼ਟ ਸੁਨੇਹਾ ਸੀ ਕਿ ਸਿੰਘ ਜ਼ੁਲਮ ਸਹਿਣਾ ਨਹੀਂ ਜਾਣਦੇ ਅਤੇ ਹੱਕਾਂ ਲਈ ਲੜ-ਮਰ ਸਕਦੇ ਹਨ। ‘ਅਣਖੀ ਪੁੱਤ ਤੁਸੀਂ ਦਸ਼ਮੇਸ਼ ਦੇ ਸੂਰਮੇ, ਦੁਨੀਆਂ ਜਾਣਦੀ ਹੈ ਤੁਹਾਡੇ ਜੇਰੇ ਨੂੰ; ਧੂਹ ਕੇ ਤਲਵਾਰਾਂ ਮਿਆਨ `ਚੋਂ ਤੁਸੀਂ ਤੋੜਿਆ ਵੈਰੀ ਦੇ ਘੇਰੇ ਨੂੰ’; ‘ਜੰਗਲਾਂ ਵਿੱਚ ਰਾਤਾਂ ਕੱਟਣ ਵਾਲੀ ਕੌਮ ਹੈ ਇਹ, ਪਰਵਾਹ ਨਹੀਂ ਕਰਦੀ ਮੌਤ ਦੀ’ ਆਦਿ ਬੋਲਿਆਂ ਦੇ ਨਾਲ ਜੈਕਾਰੇ ਵੀ ਗੂੰਜਾਏ ਜਾ ਰਹੇ ਸਨ। ਗਤਕਾ ਟੀਮ ਦੇ ਬੱਚੇ ਹਰ ਸ਼ੁੱਕਰਵਾਰ ਗੁਰਦੁਆਰਾ ਪੈਲਾਟਾਈਨ ਵਿਖੇ ਗਤਕੇ ਦਾ ਅਭਿਆਸ ਕਰਦੇ ਹਨ। ਕਲੱਬ ਵੱਲੋਂ `ਕੱਲੇ-`ਕੱਲੇ ਗਤਕਾ ਖਿਡਾਰੀ ਦਾ ਮੈਡਲ ਨਾਲ ਸਨਮਾਨ ਕੀਤਾ ਗਿਆ। ਗਤਕੇ ਲਈ ਸਹਿਯੋਗ ਹਰਜੀਤ ਸਿੰਘ ਗਿੱਲ ਤੇ ਮੱਖਣ ਸਿੰਘ ਕਲੇਰ ਨੇ ਦਿੱਤਾ।
ਇਸ ਦੌਰਾਨ ਕੁਮੈਂਟੇਟਰ ਸਵਰਨ ਮੱਲ੍ਹਾ ਨੇ ਦਰਬਾਰ ਸਾਹਿਬ `ਤੇ ਫੌਜੀ ਹਮਲੇ ਦੇ ਸੰਦਰਭ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਦੋਂ ਲੜਾਈ ਇੱਕ ਵੱਖਰੀ ਕਿਸਮ ਦੀ ਸੀ- ਇੱਕ ਪਾਸੇ ਕੁਝ ਲੋਕ ਮਹਾਨ ਹੋਣ ਲਈ ਲੜ ਰਹੇ ਸਨ, ਜਦਕਿ ਦੂਜੇ ਪਾਸੇ ਮਸ਼ਹੂਰ ਹੋਣ ਲਈ। ਉਸ ਕਿਹਾ ਕਿ ਸਾਨੂੰ ਮਹਾਨ ਬਣਨਾ ਚਾਹੀਦਾ ਹੈ, ਕਿਉਂਕਿ ਮਸ਼ਹੂਰ ਹੋਣਾ ਥੋੜ੍ਹੇ ਚਿਰ ਦਾ ਹੁੰਦਾ ਹੈ।
ਇਸ ਮੌਕੇ ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਦੇ ਗਵਰਨਰੀ ਬੋਰਡ ਦੇ ਮੈਂਬਰ ਰਾਜਿੰਦਰ ਬੀਰ ਸਿੰਘ ਮਾਗੋ ਨੇ ਮੇਲੀਆਂ ਨਾਲ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਸਥਾਨਕ ਸਿਆਸੀ ਨੁਮਾਇੰਦਿਆਂ ਦਾ ਤੁਆਰਫ ਕਰਵਾਇਆ ਅਤੇ ਸਿੱਖ ਭਾਈਚਾਰੇ ਪ੍ਰਤੀ ਇਨ੍ਹਾਂ ਦੇ ਹਾਂਦਰੂ ਹੁੰਗਾਰੇ ਦਾ ਜ਼ਿਕਰ ਕੀਤਾ। ਸ. ਮਾਗੋ ਨੇ ਦੱਸਿਆ ਕਿ ਇਲੀਨਾਏ ਸਟੇਟ ਰੀਪ੍ਰੈਜ਼ੈਟੇਟਵਿ (ਡਿਸਟ੍ਰਿਕਟ-56) ਮਿਸ਼ੈਲ ਮੁਸਮੈਨ ਇੱਕੋ ਇੱਕ ਉਹ ਨੁਮਾਇੰਦੇ ਹਨ, ਜਿਨ੍ਹਾਂ ਨੇ ਇਲੀਨਾਏ ਸਟੇਟ ਵਿੱਚ ਅਪਰੈਲ ਮਹੀਨੇ ਨੂੰ ‘ਸਿੱਖ ਐਪਰੀਸੀਏਸ਼ਨ ਐਂਡ ਅਵੇਅਰਨੈਸ ਮੰਥ’ ਬਿਲ ਪੇਸ਼ ਕੀਤਾ ਸੀ। ਮਿਸ਼ੈਲ ਮੁਸਮੈਨ ਦੇ ਯਤਨਾਂ ਸਦਕਾ ਹੀ ਇਲੀਨਾਏ ਸਟੇਟ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਉਚੇਚਾ ਗੁਰਦੁਆਰਾ ਪੈਲਾਟਾਈਨ ਪਹੁੰਚ ਕੇ ਇਸ ਬਿਲ ਉਤੇ ਦਸਤਖ਼ਤ ਕੀਤੇ ਸਨ।
ਇਸ ਤੋਂ ਇਲਾਵਾ ਸਟੇਟ ਰੀਪ੍ਰੈਜ਼ੈਟੇਟਵਿ (ਡਿਸਟ੍ਰਿਕਟ-53) ਨਿਕੋਲ ਗਰਾਸੀ, ਸਟੇਟ ਰੀਪ੍ਰੈਜ਼ੈਟੇਟਵਿ (ਡਿਸਟ੍ਰਿਕਟ-54) ਮੈਰੀ ਬੇਥ ਕੈਂਟੀ ਅਤੇ ਕੁੱਕ ਕਾਊਂਟੀ ਕਮਿਸ਼ਨਰ (ਡਿਸਟ੍ਰਿਕਟ-15) ਕੈਵਿਨ ਬੀ. ਮੌਰੀਸਨ ਨੇ ਆਪੋ ਆਪਣੇ ਕਾਰਜਕਾਰੀ ਖੇਤਰ ਬਾਰੇ ਜਾਣਕਾਰੀ ਦਿੱਤੀ ਤੇ ਇਸ ਭਾਈਚਾਰਕ ਮੇਲੇ ਵਿੱਚ ਆਉਣ ਨੂੰ ਮਾਣ ਵਾਲੀ ਗੱਲ ਆਖੀ। ਉਨ੍ਹਾਂ ਕਲੱਬ ਵੱਲੋਂ ਕਰਵਾਏ ਖੇਡ ਮੁਕਾਬਲਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸੇ ਵੀ ਪਬਲਿਕ ਸਰਵਿਸ, ਮੁੱਦੇ ਜਾਂ ਕੰਮ ਸਬੰਧੀ ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਦੇ ਸੰਪਰਕ ਕੀਤਾ ਜਾ ਸਕਦਾ ਹੈ। ਕਲੱਬ ਦੇ ਸਾਬਕਾ ਪ੍ਰਧਾਨ ਅਮਰਦੇਵ ਸਿੰਘ ਬੰਦੇਸ਼ਾ ਨੇ ਕਿਹਾ ਕਿ ਸਥਾਨਕ ਨੁਮਾਇਦਿਆਂ ਦੀ ਕਬੱਡੀ ਕੱਪ ਵਿੱਚ ਸ਼ਮੂਲੀਅਤ ਨਾਲ ਸਿੱਖ ਭਾਈਚਾਰੇ ਦਾ ਪ੍ਰਭਾਵ ਪੈਂਦਾ ਹੈ ਅਤੇ ਪ੍ਰਸ਼ਾਸਨ ਤੇ ਦੂਜੇ ਭਾਈਚਾਰਿਆਂ ਵਿੱਚ ਸਾਡੀਆਂ ਖੇਡਾਂ ਤੇ ਸੱਭਿਆਚਾਰ ਬਾਰੇ ਸੁਨੇਹਾ ਪੁੱਜਦਾ ਹੈ।
ਨਾਮੀ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਮ੍ਰਿਦੂ ਚੰਦਰਾ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਪਹਿਲੇ ਸਿੱਖ ਅਮਰੀਕੀ ਕਾਂਗਰਸਮੈਨ ਦਲੀਪ ਸਿੰਘ ਸੌਂਦ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਬਾਰੇ ਇੱਕ ਦਸਤਾਵੇਜ਼ੀ ਬਣਾਏ ਜਾਣ ਬਾਰੇ ਦੱਸਿਆ। ਇਸ ਮੌਕੇ ਮ੍ਰਿਦੂ ਨੇ ਭਾਈਚਾਰੇ ਨੂੰ ਫਿਲਮ ਸਬੰਧੀ ਲੋੜੀਂਦੇ ਫੰਡ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮ੍ਰਿਦੂ ਨੇ ਮੇਲੇ ਦੌਰਾਨ ਇੱਕ ਵੱਖਰਾ ਟੇਬਲ ਵੀ ਸਥਾਪਤ ਕੀਤਾ ਹੋਇਆ ਸੀ, ਜਿਸ ਉਤੇ ਦਲੀਪ ਸਿੰਘ ਸੌਂਦ ਬਾਰੇ ਦਸਤਾਵੇਜ਼ੀ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਕੁਝ ਜਾਣਕਾਰੀ ਭਰਪੂਰ ਸਮੱਗਰੀ ਰੱਖੀ ਹੋਈ ਸੀ। ਮ੍ਰਿਦੂ ਚੰਦਰਾ ਦੀ ਟੀਮ ਦਾ ਇੱਕ ਮੈਂਬਰ ਕਬੱਡੀ ਕੱਪ ਬਾਰੇ ਇੱਕ ਦਸਤਾਵੇਜ਼ੀ ਬਣਾ ਰਿਹਾ ਸੀ ਅਤੇ ਮੇਲੇ ਦੀਆਂ ਗਤੀਵਿਧੀਆਂ ਨੂੰ ਕੈਮਰਾਬੰਦ ਕੀਤਾ।
ਇਸ ਮੌਕੇ ਬੋਲਦਿਆਂ ਸਰਵਣ ਸਿੰਘ ਬੋਲੀਨਾ ਨੇ ਕਿਹਾ ਕਿ ਸਥਾਨਕ ਸਿਆਸੀ ਨੁਮਾਇੰਦਿਆਂ ਨੇ ਸਿੱਖ ਪਛਾਣ ਨੂੰ ਦੂਜੇ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਸਾਡਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਦਲੀਪ ਸਿੰਘ ਸੌਂਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਾਨੂੰ 1946 ਤੋਂ ਅਮਰੀਕਨ ਸਿਟੀਜ਼ਨਸ਼ਿਪ ਮਿਲਣੀ ਸ਼ੁਰੂ ਹੋਈ ਹੈ। ਇਸ ਲਈ ਸ੍ਰੀ ਸੌਂਦ ਨੇ ਹੱਕਾਂ ਦੀ ਲੜਾਈ ਲੜੀ ਤੇ ਬਹੁਤ ਕੁਝ ਸਹਿਆ। ਸ੍ਰੀ ਸੌਂਦ 1919 ਵਿੱਚ ਅਮਰੀਕਾ ਆਏ ਸਨ ਅਤੇ 1924 ਵਿੱਚ ਪੀਐਚ.ਡੀ. ਕੀਤੀ। ਨਸਲੀ ਵਿਤਕਰੇ ਕਾਰਨ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਤੇ ਉਨ੍ਹਾਂ ਕਰੀਬ ਤੀਹ ਸਾਲ ਖੇਤੀ ਕੀਤੀ। ਸ. ਬੋਲੀਨਾ ਨੇ ਦੱਸਿਆ ਕਿ ਸ੍ਰੀ ਸੌਂਦ ਦੀ ਇਹ ਕਹਾਣੀ ਲੁਕੀ ਹੋਈ ਹੈ ਅਤੇ ਇਸ ਬਾਰੇ ਡਾਕੁਮੈਂਟਰੀ ਸਕੂਲਾਂ ਵਿੱਚ ਦਿਖਾਈ ਜਾਣੀ ਹੈ। ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਤਿੰਨ ਵਾਰ ਜਥੇ ਲੈ ਕੇ ਜਾਣ ਵਾਲੇ ਸਾਜਿਦ ਗਨੀ ਤਾਹਿਰ ਨੇ ਪਾਕਿਸਤਾਨ ਸਥਿੱਤ ਸਿੱਖ ਗੁਰਧਾਮਾਂ ਦਾ ਵੇਰਵਾ ਦਿੱਤਾ। ਉਹ ਜਥੇ ਲੈ ਕੇ ਜਾਣ, ਉਨ੍ਹਾਂ ਦੇ ਰਹਿਣ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰਬੰਧ ਕਰਦੇ ਹਨ।
ਕਬੱਡੀ ਦੇ ਫਾਈਨਲ ਮੈਚ ਤੋਂ ਪਹਿਲਾਂ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਢੋਲੀਆਂ ਨੇ ਢੋਲ `ਤੇ ਡੱਗੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਇੰਜ ਲੱਗਣ ਲੱਗ ਪਿਆ ਸੀ, ਜਿਵੇਂ ਰੱਸਾਕਸ਼ੀ ਦੇ ਮੁਕਾਬਲਿਆਂ ਦੀ ਥਾਂ ਛਿੰਜ ਪੈਣ ਲੱਗੀ ਹੋਵੇ! ਰੱਸਾਕਸ਼ੀ ਦੇ ਪਹਿਲੇ ਗੇੜ ਵਿੱਚ ਜਦੋਂ ਇੱਕ ਖਿਡਾਰੀ ਨੇ ਰੱਸੇ ਉਤੇ ਆਪਣਾ ਪੂਰਾ ਹੀ ਵਜ਼ਨ ਪਾ ਦਿੱਤਾ ਤਾਂ ਡਾ. ਵਿਕਰਮ ਗਿੱਲ ਦੀ ਟਿੱਪਣੀ ਸੀ, ‘ਇਹ ਪੂਰੀ ਤਕਨੀਕ ਵਰਤ ਰਿਹਾ ਹੈ, ਇੰਜ ਦੂਜੀ ਟੀਮ ਦਾ ਜ਼ੋਰ ਵੱਧ ਲੱਗਦਾ।’ ਕੁਮੈਂਟੇਟਰ ਸਰਵਣ ਮੱਲ੍ਹਾ ਨੇ ਸ਼ਿਅਰ ਛੱਡ ਦਿੱਤਾ, ‘ਖਿਡਾਰੀ ਲਈ ਤਾੜੀ ਤੇ ਬੰਗਾਲਣ ਲਈ ਸਾੜੀ ਘਿਓ ਦਾ ਕੰਮ ਕਰ ਜਾਂਦੇ ਹਨ, ਨਾਲੇ ਟੈਕਸ ਵੀ ਨਹੀਂ ਲੱਗਦਾ।’ ਨਾਲ ਹੀ ਢੋਲੀ ਨੂੰ ਖਿੱਚ ਕੇ ਡੱਗਾ ਲਾਉਣ ਦੀ ਤਾਕੀਦ ਕਰ ਦਿੱਤੀ, ਤੇ ਢੋਲੀ ਵੀ ਜੋਸ਼ ਵਿੱਚ ਆਇਆ ਢੋਲ ਕੁੱਟਣ ਲੱਗ ਪਿਆ।
ਇੱਕ ਪਾਸੇ ਚੜ੍ਹਦੀ ਕਲਾ ਸਪੋਰਟਸ ਕਲੱਬ-ਗਰੀਨਫੀਲਡ ਅਤੇ ਦੂਜੇ ਪਾਸੇ ਸ਼ੇਰ-ਏ-ਪੰਜਾਬ ਟੀਮ-ਇੰਡੀਅਨਐਪੋਲਿਸ (ਦੋਵੇਂ ਇੰਡੀਆਨਾ ਤੋਂ) ਦੀ ਟੀਮ ਸੀ। ਜੇਤੂ ਰਹੀ ਟੀਮ ਦੇ ਨੌਜਵਾਨਾਂ ਨੇ ਪੂਰੇ ਸਹਿਜ ਅਤੇ ਜੁਗਤ ਨਾਲ ਜ਼ੋਰ ਲਾਇਆ ਤੇ ਵਿਰੋਧੀ ਟੀਮ ਵਾਲਿਆਂ ਨੂੰ ਧੂਹ ਕੇ ਲੈ ਗਏ। ਰੱਸਾਕਸ਼ੀ ਦੇ ਮੁਕਾਬਲਿਆਂ ਦਾ ਸਰੋਤਿਆਂ ਨੇ ਭਰਵਾਂ ਅਨੰਦ ਮਾਣਿਆ। ਰੱਸਾਕਸ਼ੀ ਦੇ ਤਿੰਨ ਗੇੜਾਂ ਵਿੱਚੋਂ ਦੋ ਗੇੜਾਂ ਵਿੱਚ ਚੜ੍ਹਦੀ ਕਲਾ-ਗਰੀਨਫੀਲਡ ਟੀਮ ਜੇਤੂ ਰਹੀ। ਸਮਰਾ ਬ੍ਰਦਰਜ਼- ਜਸਦੇਵ ਸਿੰਘ ਸਮਰਾ ਤੇ ਸੁਖਦੇਵ ਸਿੰਘ ਸਮਰਾ (ਇੰਡੀਅਨਐਪੋਲਿਸ) ਵੱਲੋਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ। ਰੱਸਾਕਸ਼ੀ ਮੁਕਾਬਲਿਆਂ ਦੇ ਪ੍ਰਬੰਧਨ ਵਿੱਚ ਸੁਖਵੰਤ ਸਿੰਘ ਨਿੱਜਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਵਾਲੀਬਾਲ ਦੀਆਂ ਚਾਰ ਟੀਮਾਂ ਦੇ ਮੈਚ ਵੀ ਹੋਏ, ਜਿਨ੍ਹਾਂ ਵਿੱਚ ਮਿਲਵਾਕੀ ਸਪੋਰਟਸ ਕਲੱਬ ਦੀ ਟੀਮ ਨੇ 25 ਸੌ ਡਾਲਰ ਦਾ ਇਨਾਮ ਅਤੇ ਟਰਾਫੀ ਫੁੰਡ ਲਏ, ਜਦਕਿ ਦੂਜੇ ਥਾਂ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੀ ਟੀਮ ਰਹੀ, ਜਿਸ ਨੂੰ ਟਰਾਫੀ ਅਤੇ 21 ਸੌ ਡਾਲਰ ਦਾ ਇਨਾਮ ਮਿਲਿਆ। ਵਾਲੀਬਾਲ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਵਾਲੀਬਾਲ ਖੇਡਦੇ ਆ ਰਹੇ ਟੋਨੀ ਸੰਘੇੜਾ ਦੀ ਦੇਖ-ਰੇਖ ਹੇਠ ਹੋਏ। ਵਾਲੀਬਾਲ ਦੇ ਇਨਾਮ ਢੀਂਡਸਾ ਪਰਿਵਾਰ ਵੱਲੋਂ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿੱਚ ਦਿੱਤੇ ਗਏ। ਮੁੱਖ ਮਹਿਮਾਨਾਂ- ਅਮਰਜੀਤ ਸਿੰਘ ਢੀਂਡਸਾ ਤੇ ਲਖਬੀਰ ਸਿੰਘ ਢੀਂਡਸਾ ਨੇ ਜੇਤੂ ਟੀਮਾਂ ਦਾ ਟਰਾਫੀਆਂ ਨਾਲ ਸਨਮਾਨ ਕੀਤਾ। ਭੋਲਾ ਧੰਮ, ਦੇਵ ਧੰਮ ਤੇ ਚੰਨਾ ਧੰਮ ਵੱਲੋਂ ਕਬੱਡੀ ਨੇ ਨਾਮੀ ਖਿਡਾਰੀ ਨੇਕ ਸਿੱਧਵਾਂ ਦਾ ਕਲੱਬ ਦੇ ਸਹਿਯੋਗ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਵੱਲੋਂ ਸਪਾਂਸਰਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ। ‘ਰੇਡੀਓ ਚੰਨ ਪਰਦੇਸੀ’ ਵਾਲੇ ਸਰਵਣ ਸਿੰਘ ਟਿਵਾਣਾ ਸਮੇਤ ਕੁਝ ਸਪਾਂਸਰ ਤਾਂ ਸਨਮਾਨ ਵਿੱਚ ਮਿਲੀ ਲੋਈ ਤੇ ਪਲੈਕ ਕਲੱਬ ਵਾਲਿਆਂ ਨੂੰ ਵਾਪਸ ਮੋੜ ਰਹੇ ਸਨ ਕਿ ਇਹ ਕਿਸੇ ਹੋਰ ਨੂੰ ਦੇ ਦਿਓ; ਘਰੇ ਪਹਿਲਾਂ ਹੀ ਬਹੁਤ ਸਨਮਾਨ ਚਿੰਨ੍ਹ ਪਏ ਹਨ, ਹੁਣ ਰੱਖਣ ਨੂੰ ਥਾਂ ਨਹੀਂ। ਪਰ ਕਲੱਬ ਵਾਲਿਆਂ ਦਾ ਵਿਚਾਰ ਸੀ ਕਿ ਕਬੱਡੀ ਕੱਪ ਸਪਾਂਸਰਾਂ ਦੇ ਸਿਰ `ਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਬਣਦਾ ਆਦਰ ਮਾਣ ਕਰਨਾ ਸਾਡਾ ਫਰਜ਼ ਬਣਦਾ ਹੈ। ਕਬੱਡੀ ਮੈਚ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦੇ ਮੱਦੇਨਜ਼ਰ ਵਿੱਕੀ ਸ਼ੰਮੀਪੁਰੀਆ ਤੇ ਤਾਰੀ ਡੱਬ ਦਾ ਸਨਮਾਨ ਕੀਤਾ ਗਿਆ।
ਕਬੱਡੀ ਦੇ ਪਹਿਲੇ ਇਨਾਮ ਦੇ ਸਪਾਂਸਰ ਇੰਡੀਆਨਾ ਤੋਂ ‘ਦ ਰੌਇਲ ਕਲੱਬ’ ਦੇ ਲਖਵੀਰ ਸਿੰਘ ਜੌਹਲ, ਜੱਸੀ ਮਾਨ, ਗੁਰਮੀਤ ਸਿੰਘ ਬੱਬਰ, ਗੁਰਪ੍ਰੀਤ ਗੋਪੀ ਤੇ ਸੈਮ ਖੱਟੜਾ ਸਨ; ਜਦਕਿ ਦੂਜਾ ਇਨਾਮ ਵਿਸਕਾਨਸਿਨ ਤੋਂ ਅੰਮ੍ਰਿਤਪਾਲ ਸਿੰਘ ਗਿੱਲ, ਸਰਬਜੀਤ ਸਿੰਘ, ਸਤਨਾਮ ਗਿੱਲ, ਸਵਰਨ ਸਿੰਘ, ਦਵਿੰਦਰ ਸਿੰਘ ਧਾਮੀ, ਰਮਿੰਦਰ ਸਿੰਘ, ਦਵਿੰਦਰ ਸਿੰਘ ਸਰਪੰਚ, ਰਾਜਵਿੰਦਰ ਸਿੰਘ ਰਾਜਾ ਅਤੇ ਸਿਮਰਜੋਤ ਗਿੱਲ ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਬੱਡੀ ਦਾ ਤੀਜਾ ਇਨਾਮ ਮਿਲਵਾਕੀ ਤੋਂ ਸੁਖਵਿੰਦਰ ਸਿੰਘ ਘੱਗਰ, ਸਤਪਾਲ ਸਿੰਘ, ਹਰਜਿੰਦਰ ਸਿੰਘ ਜਿੰਦੀ, ਭੁਪਿੰਦਰ ਟਿੰਕਾ, ਕੁਲਜੀਤ ਸਿੰਘ, ਜਰਨੈਲ ਮਿਆਣੀ ਤੇ ਰਨਦੀਪ ਰਿੰਕੂ ਵੱਲੋਂ ਸਪਾਂਸਰ ਕੀਤਾ ਗਿਆ ਸੀ; ਜਦਕਿ ਕਬੱਡੀ ਦਾ ਚੌਥਾ ਇਨਾਮ ਮਨਦੀਪ ਸਿੰਘ ਲੱਕੀ ਵੱਲੋਂ ਦਿੱਤਾ ਗਿਆ।
ਪੰਜਾਬ ਸਪੋਰਟਸ ਕਲੱਬ-ਸ਼ਿਕਾਗੋ, ਪੰਜਾਬੀ ਅਮੈਰਿਕਨ ਯੂਥ ਕਲੱਬ-ਇੰਡੀਆਨਾ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਸਾਊਥਬੈਂਡ-ਇੰਡੀਆਨਾ, ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ, ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਸਿਨਸਿਨੈਟੀ (ਓਹਾਇਓ), ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ-ਸ਼ਿਕਾਗੋ, ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ, ਪੰਜਾਬੀ ਕਮਿਊਨਿਟੀ ਆਰਗੇਨਾਈਜੇਸ਼ਨ (ਪੀ.ਸੀ.ਓ.) ਮਿਲਵਾਕੀ, ‘ਸਵੇਰਾ’ ਸਮੇਤ ਹੋਰਨਾਂ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੇ ਵੀ ਕਬੱਡੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸੇ ਦੌਰਾਨ ਕਲੱਬ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਖੇਡ ਮੇਲੇ ਲਈ ਸਭਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਉਚੇਚਾ ਸੱਦਿਆ ਸੀ ਤਾਂ ਜੋ ਸਾਰਾ ਭਾਈਚਾਰਾ ਇਕੱਠਾ ਹੋ ਕੇ ਚੱਲੇ।
ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਸਾਰੇ ਸਪਾਂਸਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਲੱਬ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਵਾਲੀਆ ਨੇ ਸਟੇਜ ਤੋਂ ਕਲੱਬ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਅਤੇ ਕਿਹਾ ਕਿ ਮੇਲੇ ਲਈ ਸਾਰੇ ਕਲੱਬ ਮੈਂਬਰਾਂ ਨੇ ਮਿਹਨਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਟੀਮ ਵਿੱਚ ਯੰਗ ਮੈਂਬਰ ਵੀ ਸ਼ਾਮਲ ਕੀਤੇ ਹਨ ਤੇ ਚਾਹੁੰਦੇ ਹਾਂ ਕਿ ਅੱਗੇ ਤੋਂ ਹੋਰ ਵੀ ਵੱਧ ਯੰਗ ਵਾਲੰਟੀਅਰ ਆਉਣ। ਅਗਲੇ ਸਾਲ ਵੀ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਰਿਆਂ ਦੇ ਸਹਿਯੋਗ ਨਾਲ ਅਜਿਹਾ ਹੀ ਮੇਲਾ ਕਰਵਾਈਏ। ਸਾਬਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਕੁਲ ਮਿਲਾ ਕੇ ਮੇਲਾ ਕਾਮਯਾਬ ਰਿਹਾ ਅਤੇ ਫੰਡ ਦੀ ਵੀ ਕੋਈ ਘਾਟ ਨਹੀਂ ਆਈ।
ਮੁੱਖ ਮਹਿਮਾਨ ਵਿਸਕਾਨਸਿਨ ਤੋਂ ਬਿਜਨਸਮੈਨ- ਅਮਰਜੀਤ ਸਿੰਘ ਢੀਂਡਸਾ ਤੇ ਲਖਬੀਰ (ਲੱਖਾ) ਢੀਂਡਸਾ ਸਨ। ਇਵੈਂਟ ਡਾਇਰੈਕਟਰ ਗੁਰਿੰਦਰਜੀਤ ਸਿੰਘ ਗਰੇਵਾਲ ਸਨ, ਜਦਕਿ ਚੇਅਰਮੈਨ ਸਨ ਬਲਦੇਵ ਸਿੰਘ ਸੱਲ੍ਹਾਂ। ਉਨ੍ਹਾਂ ਨੇ ਕਲੱਬ ਮੈਂਬਰਾਂ ਨਾਲ ਮਿਲ ਕੇ ਸਪਾਂਸਰਾਂ ਤੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਤਕਸੀਮ ਕੀਤੇ। ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਜਸਰੂਪ ਸਿੰਘ ਤੇ ਖਜ਼ਾਨਚੀ ਅੰਮ੍ਰਿਤਪਾਲ ਮਾਂਗਟ, ਸਾਬਕਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਚੱਠਾ, ਅਮਰਦੇਵ ਸਿੰਘ ਬੰਦੇਸ਼ਾ, ਪਰਮਿੰਦਰ ਸਿੰਘ ਵਾਲੀਆ, ਦੀਪਾ ਬੰਦੇਸ਼ਾ, ਕਲੱਬ ਮੈਂਬਰ ਗੁਰਦੇਵ ਸਿੰਘ ਗਿੱਲ, ਅਮਰਜੀਤ ਸਿੰਘ ਬੰਦੇਸ਼ਾ, ਮਨਜਿੰਦਰ ਸਿੰਘ ਚੀਮਾ ਤੇ ਸਾਬਕਾ ਮੈਂਬਰ ਗੁਰਮੀਤ ਸਿੰਘ ਧਾਲੀਵਾਲ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣ ਦੇ ਨਾਲ ਨਾਲ ਮਹਿਮਾਨ-ਨਿਵਾਜੀ ਤੇ ਹਥੋ-ਹਥੀ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਰੁੱਝੇ ਹੋਏ ਸਨ। ਕਲੱਬ ਮੈਂਬਰ ਦਰਸ਼ਨ ਸਿੰਘ ਪੰਮਾ ਕਿਸੇ ਵਜ੍ਹਾ ਕਰਕੇ ਆ ਨਹੀਂ ਸਕੇ।
ਮੇਲੀਆਂ ਲਈ ਚਾਹ-ਸਮੋਸਿਆਂ ਤੇ ਆਲੂ ਵਾਲੇ ਪਰੌਂਠਿਆਂ ਤੋਂ ਇਲਾਵਾ ਗਰਮਾ-ਗਰਮ ਤੇ ਠੰਡੀਆਂ ਜਲੇਬੀਆਂ ਹਾਜ਼ਰ ਸਨ। ਇਸ ਤੋਂ ਇਲਾਵਾ ਕੜ੍ਹੀ-ਚੌਲ ਤੇ ਛੋਲੇ-ਭਠੂਰੇ ਵੀ ਵਰਤਾਏ ਜਾ ਰਹੇ ਸਨ। ਖਾਣਾ ਕੇ.ਕੇ. ਪੰਮਾ ਦਾ ਸੀ। ਸਵੇਰ ਦੇ ਖਾਣੇ ਦੇ ਸਪਾਂਸਰ ਇੰਦਰਬੰਸ ਬਰਾੜ, ਜਪਤੇਜ ਔਲਖ, ਨਵਤੇਜ ਗਿੱਲ, ਸੁਰਿੰਦਰ ਸਿੰਘ ਪਾਂਗਲੀ, ਨਿਰਭੈਅ ਪਾਂਗਲੀ ਤੇ ਰੇਸ਼ਮ ਸਿੰਘ ਸਨ। ਕੁਲਫੀਆਂ ਵਾਲੇ ਦੀ ਵੀ ਇਸ ਮੇਲੇ ਵਿੱਚ ਕਾਫੀ ਵੱਟਤ ਹੋਈ। ਜਵਾਕ ਤਾਂ ਜਵਾਕ, ਵੱਡੇ ਵੀ ਸਵਾਦ ਲਾ ਲਾ ਕੁਲਫੀਆਂ ਖਾ ਰਹੇ ਸਨ; ‘ਵੋਦਕਾ ਕੁਲਫੀ’ ਦੇ ਖਾਸ ਚਰਚੇ ਸਨ। ਦੂਜੇ ਪਾਸੇ ਮੂਡ ਤਰਾਰੇ ਵਿੱਚ ਕਰਨ ਵਾਲੇ ਕਾਰਾਂ ਦੀਆਂ ਡਿੱਗੀਆਂ ਦੁਆਰੇ ਹੋਏ ਸਨ। ਖਾਣ-ਪੀਣ ਦੇ ਸ਼ੌਕੀਨ ਕੁਝ ਟੋਲੇ ਘਰੋਂ ਹੀ ਮੁਰਗ-ਮੁਸੱਲਮ, ਮੱਛੀ ਆਦਿ ਬਣਾ ਕੇ ਲਿਆਏ ਹੋਏ ਸਨ।
ਗਾਇਕੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਰਾਜਵੀਰ ਸਿੰਘ ਨੇ ਜੁਗਨੀ ਗਾ ਕੇ ਕੀਤੀ। ਫਿਰ ਉਸ ਨੇ ‘ਜੱਗੇ ਮਾਰਿਆ ਲਾਇਲਪੁਰ ਡਾਕਾ’ ਗਾਇਆ। ਇਸ ਤੋਂ ਬਾਅਦ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਕਿਹਾ ਕਿ ਮੈਂ ਤਾਂ ਮੇਲਾ ਵੇਖਣ ਆਇਆ ਸੀ, ਪਰ ਗਾਉਣ ਦਾ ਸਬੱਬ ਬਣ ਗਿਆ। ਉਸ ਨੇ ‘ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ’ ਅਤੇ ਇੱਕ ਹੋਰ ਗੀਤ ਗਾ ਕੇ ਹਾਜ਼ਰੀ ਲੁਆਈ। ਗਾਇਕ ਹਰਜੀਤ ਹਰਮਨ ਜਦੋਂ ਸਟੇਜ ‘ਤੇ ਆਇਆ ਤਾਂ ਉਸ ਨੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਸ਼ੇਅਰ ਨਾਲ ਕੀਤੀ:
ਇਹ ਗੱਲ ਤੇ ਹਰ ਕੋਈ ਜਾਣਦਾ
ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ,
ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ
ਸਾਥ ਛੱਡ ਗਈ ਹੀਰ ਸਹੇਲੀਆਂ ਦਾ,
ਇੱਕ ਦਿਨ ਅਸਾਂ ਤੁਰ ਜਾਣਾ
ਬੂਹਾ ਮਾਰ ਕੇ ਜਿੰਦਾਂ ਹਵੇਲੀਆਂ ਦਾ।
ਉਹ ਬੋਲਿਆ ਕਿ ਬਹਾਨਾ ਕੋਈ ਵੀ ਹੋਵੇ, ਜਦੋਂ ਅਸੀਂ ਰਲ ਕੇ ਬੈਠਦੇ ਹਾਂ ਤਾਂ ਦਿਲ ਨੂੰ ਚਾਅ ਚੜ੍ਹਦਾ ਹੈ। ਇਹ ਸੱਚ ਹੈ ਕਿ ਸ਼ਿਕਾਗੋ ਵਿੱਚ ਲੱਗਦੇ ਪੰਜਾਬੀ ਮੇਲਿਆਂ ਵਿੱਚ ਇਕੱਲੇ ਸ਼ਿਕਾਗੋਲੈਂਡ ਤੋਂ ਹੀ ਨਹੀਂ, ਸਗੋਂ ਹੋਰਨਾਂ ਦੂਰ-ਨੇੜੇ ਦੀਆਂ ਸਟੇਟਾਂ ਅਤੇ ਕੈਨੇਡਾ ਤੋਂ ਵੀ ਦਰਸ਼ਕ ਉਚੇਚਾ ਪਹੁੰਚਦੇ ਹਨ। ਖਾਸ ਕਰ ਕਬੱਡੀ ਕੱਪਾਂ ਵਿੱਚ ਤਾਂ ਇਹ ਨਜ਼ਾਰਾ ਆਮ ਹੀ ਹੁੰਦਾ ਹੈ।
ਗਾਇਕ ਤਾਂ ਕਲੱਬ ਨੇ ਵਧੀਆ ਸੱਦਿਆ ਸੀ, ਪਰ ਸਾਊਂਡ ਸਿਸਟਮ ਕੁਝ ਹਲਕਾ ਹੋਣ ਕਾਰਨ ਗਾਇਕੀ ਦਾ ਉਹ ਅਖਾੜਾ ਨਾ ਜੰਮ ਸਕਿਆ, ਜਿਸ ਤਰ੍ਹਾਂ ਕੇ ਸਰੋਤਿਆਂ ਨੂੰ ਉਮੀਦ ਸੀ। ਮਾਈਕ ਵਿੱਚੋਂ ਸਹੀ ਢੰਗ ਨਾਲ ਆਵਾਜ਼ ਨਾ ਆਉਣ ਕਾਰਨ ਪਹਿਲਾਂ ਤਾਂ ਥੋੜ੍ਹਾ ਵਿਘਨ ਪਿਆ, ਪਰ ਫਿਰ ਹਰਜੀਤ ਹਰਮਨ ਨੇ ਆਪਣੇ ਹਿੱਟ ਗੀਤਾਂ ਨਾਲ ਰੰਗ ਬੰਨ੍ਹ ਲਿਆ। ਉਸ ਨੇ ਸਰੋਤਿਆਂ ਦੀ ਫਰਮਾਇਸ਼ ਉਤੇ ਗੀਤ ਗਾ ਕੇ ਉਨ੍ਹਾਂ ਨੂੰ ਖੁਸ਼ ਕੀਤਾ ਅਤੇ ਨੱਚਣ ਦੇ ਚਾਹਵਾਨਾਂ ਨੂੰ ਨੱਚਣ ਵੀ ਲਾ ਲਿਆ। ਜਦੋਂ ਇੱਕ ਕਲੱਬ ਮੈਂਬਰ ਫੋਟੋ ਖਿੱਚਣ ਲੱਗਾ ਤਾਂ ਸਮਾਂ ਲੱਗ ਗਿਆ, ਹਰਜੀਤ ਹਰਮਨ ਬੋਲਿਆ, ‘ਇਹ (ਫੋਨ) ਗੱਡੀ ਤੋਂ ਵੀ ਔਖਾ ਚਲਾਉਣਾ।’ ਇਸੇ ਦੌਰਾਨ ਇੱਕ ਬੀਬੀ ਨੇ ਫਰਮਾਇਸ਼ ਪਾਈ ਕਿ ‘ਭੋਲੀ ਭਾਲੀ ਜੱਟੀ’ ਗਾ ਦਿਓ ਤਾਂ ਹਰਮਨ ਬੋਲਿਆ, ‘ਭੋਲੀ ਭਾਲੀ ਜੱਟੀ ਨਹੀਂ, ਸਿੱਧੀ ਸਾਦੀ ਜੱਟੀ ਐ, ਭੋਲਾ ਤਾਂ ਕੋਈ ਨਹੀਂ ਦੁਨੀਆਂ `ਤੇ ਅੱਜ ਕੱਲ੍ਹ!’
ਅਖਾੜੇ ਦੌਰਾਨ ਹਰਜੀਤ ਹਰਮਨ ਨੇ ਸਰੋਤਿਆਂ ਨੂੰ ਸਮਰਪਿਤ ਗੀਤ ਪੇਸ਼ ਕੀਤਾ, ‘ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਪਰਦੇਸੀ ਹੋਏ।’ ‘ਚੱਲਦੇ ਦੇਖ ਟਰਾਲੇ ਨੀਂ ਸ਼ੇਰ ਪੰਜਾਬੀਆਂ ਦੇ’ ਗਾਇਆ ਤਾਂ ਟਰੱਕਾਂ ਵਾਲੇ ਖੁਸ਼ ਹੋ ਗਏ ਤੇ ਗੀਤ ਦੇ ਬੋਲਾਂ ਉਤੇ ਨੱਚਣ ਲੱਗ ਪਏ। ਇਸ ਦੌਰਾਨ ਉਸ ਨੇ ‘ਮੈਂ ਚਾਦਰ ਕੱਢਦੀ, ਬੈਠੀ ਦਰਵਾਜੇ ਪਾਵਾਂ ਮੋਰ ਵੇ’; ‘ਜੱਟ ਚੌਵੀ ਕੈਰੇਟ ਦਾ’; ‘ਜਿੱਥੋਂ ਮਰਜੀ ਵੰਗਾਂ ਚੜ੍ਹਵਾ ਲਈ ਨੀਂ ਮਿੱਤਰਾਂ ਦਾ ਨਾਂ ਚੱਲਦਾ’; ‘ਜਿਹੜੇ ਹੁੰਦੇ ਸੀ ਆਵਾਜ਼ਾਂ ਪਿੱਛੋਂ ਮਾਰਦੇ, ਕੋਲੋਂ ਦੀ ਲੰਘੇ ਬਿਨਾ ਬੋਲ ਕੇ’; ‘ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ’ ਅਤੇ ‘ਤੇਰਾ ਬਿੱਲੋ ਜਾਣਾ ਕੱਖ ਨ੍ਹੀਂ, ਮਰ ਜਾਣਗੇ ਜੱਟਾਂ ਦੇ ਪੁੱਤ ਲੜ ਕੇ’ ਸਮੇਤ ਕੁਝ ਹੋਰ ਗੀਤ ਗਾਏ। ਕਲੱਬ ਦੇ ਕੁਝ ਮੈਂਬਰ ਸਥਿਤੀ ਕਾਬੂ ਹੇਠ ਰੱਖਣ ਦੇ ਮਕਸਦ ਨਾਲ ਸਟੇਜ `ਤੇ ਚੜ੍ਹੇ ਆ ਰਹੇ ਨੌਜਵਾਨਾਂ ਨੂੰ ਵਰਜ ਰਹੇ ਸਨ, ਪਰ ਫਿਰ ਵੀ ਗਾਇਕੀ ਦੇ ਦੌਰ ਦੌਰਾਨ ਕਈ ਸਿਫਾਰਸ਼ੀ ਸਟੇਜ `ਤੇ ਜਾਣ ਦਾ ਦਾਅ ਲਾ ਹੀ ਗਏ।
ਮੌਸਮ ਬਹੁਤ ਹੀ ਸੁਹਾਵਣਾ ਹੋਇਆ ਪਿਆ ਸੀ, ਸਗੋਂ ਸ਼ਾਮ ਨੂੰ ਤਾਂ ਥੋੜ੍ਹੀ ਥੋੜ੍ਹੀ ਠੰਡ ਹੋ ਗਈ ਸੀ। ਹਰਜੀਤ ਹਰਮਨ ਗਾ ਕੇ ਚਲਾ ਗਿਆ ਤਾਂ ਸਾਜੀ ਆਪਣੇ ਸਾਜ ਬੰਨ੍ਹ ਕੇ ਤੁਰਨ ਲੱਗ ਪਏ ਸਨ ਅਤੇ ਸਾਊਂਡ ਵਾਲੇ ਨੇ ਤਾਰਾਂ ਤੇ ਸਪੀਕਰ ਸਾਂਭ ਲਏ ਸਨ। ਉਧਰ ਟੈਂਟ ਵਾਲੇ ਕਨਾਤਾਂ ਤੇ ਖਾਲੀ ਹੋਈਆਂ ਕੁਰਸੀਆਂ ਸਮੇਟਣ ਲੱਗ ਪਏ ਸਨ। ਘੁਸਮੁਸਾ ਹੋਣ ਲੱਗਾ ਤਾਂ ਭਰਿਆ ਭਰਿਆ ਮੇਲਾ ਵਿੱਛੜਨ ਲੱਗ ਪਿਆ। ਕਾਰਾਂ ਦੀਆਂ ਡਿੱਕੀਆਂ ਦੁਆਲੇ ਝੁਰਮਟ ਪਾਈ ਖੜ੍ਹੇ ਟੋਲੇ ਵੀ ਘਰਾਂ ਨੂੰ ਜਾਣ ਲਈ ਕਾਹਲੇ ਪੈਣ ਲੱਗੇ; ਐਨ ਉਵੇਂ ਹੀ, ਜਿਸ ਤਰ੍ਹਾਂ ਤ੍ਰਕਾਲ਼ਾਂ ਪੈਂਦਿਆਂ ਹੀ ਪੰਛੀ ਆਪਣੇ ਆਲ੍ਹਣਿਆਂ ਨੂੰ ਪਰਤਣ ਲਈ ਪਰਵਾਜ਼ ਭਰਨ ਲੱਗ ਜਾਂਦੇ ਹਨ।

Leave a Reply

Your email address will not be published. Required fields are marked *