ਕੁਲਜੀਤ ਦਿਆਲਪੁਰੀ
ਸ਼ਿਕਾਗੋ: ਭੰਗੜਾ ਰਾਈਮਜ਼ ਸ਼ਿਕਾਗੋ ਵੱਲੋਂ ਪੈਲਾਟਾਈਨ ਵਿੱਚ ਕਰਵਾਈ ਗਈ ਸਮਰ ਪਿਕਨਿਕ ਵਿੱਚ ਜੁੜੇ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਖੇਡ ਮਨੋਰੰਜਨ ਕੀਤਾ, ਉਥੇ ਵਿਚਾਰਾਂ ਦੀ ਸੱਥ ਵੀ ਜੁੜੀ। ਅਸਲ ਵਿੱਚ ਜਦੋਂ ਵਿਚਾਰਧਾਰਕ ਕਰੂਰਾ ਮਿਲਣ ਲੱਗ ਪਵੇ ਅਤੇ ਬਾਤਾਂ ਸੁਣਦਿਆਂ-ਸੁਣਾਉਂਦਿਆਂ ਹੁੰਘਾਰਿਆਂ ਦੀ ਗੂੰਜ ਛਿੜ ਪਵੇ ਤਾਂ ਮਹਿਫਿਲ ਦਾ ਆਪਣਾ ਅਨੰਦ ਬਣ ਜਾਂਦਾ ਹੈ। ਇਸ ਪਿਕਨਿਕ ਵਿੱਚ ਤਰਬਾਂ ਕਈ ਤਰ੍ਹਾਂ ਦੀਆਂ ਛਿੜੀਆਂ ਹੋਈਆਂ ਸਨ-ਖੁਸ਼ੀ ਦੀਆਂ ਤੇ ਗਮੀ ਦੀਆਂ ਅਤੇ ਉਤਸ਼ਾਹੀ ਤੇ ਹਵਾ-ਪਿਆਜ਼ੀ ਵੀ।
ਨਾਲੇ ਖਾਣ-ਪੀਣ ਦਾ ਅਨੰਦ ਤੇ ਨਾਲੇ ਜੀਭ ਨੂੰ ਗੱਲਾਂਬਾਤਾਂ ਦੇ ਚਸਕੇ ਅਤੇ ਖੇਡਣ ਵਾਲਿਆਂ ਨੂੰ ਖੇਡਣ ਦਾ ਤੇ ਦੇਖਣ ਵਾਲਿਆਂ ਨੂੰ ਦੇਖਣ ਦਾ ਸਰੂਰ ਵੱਖਰਾ! ਜਿਵੇਂ ਜ਼ਿਕਰ ਕੀਤਾ ਹੈ ਕਿ ਜਦੋਂ ਵਿਚਾਰਧਾਰਕ ਕਰੂਰਾ ਮਿਲਣ ਲੱਗ ਪਵੇ ਤਾਂ ਮਹਿਫਿਲ ਦਾ ਆਪਣਾ ਅਨੰਦ ਬਣ ਜਾਂਦਾ ਹੈ, ਅਜਿਹਾ ਹੀ ਦ੍ਰਿਸ਼ ਵੱਖ-ਵੱਖ ਟੋਲੀਆਂ/ਢਾਣੀਆਂ ਵਿੱਚ ਬੈਠੇ ਪਤਵੰਤੇ ਸੱਜਣਾਂ ਕਾਰਨ ਬਣਿਆ ਹੋਇਆ ਸੀ।
ਪਰਿਵਾਰ ਮਾਹੌਲ ਵਾਲੀ ਇਸ ਪਿਕਨਿਕ ਵਿੱਚ ਮਨੋਰੰਜਨ ਲਈ ਰੱਸਾਕਸ਼ੀ, ਸੌਕਰ, ਦੌੜਾਂ, ਭਾਰ ਚੁੱਕਣ, ਗੋਲਾ ਸੁੱਟਣ, ਚਮਚ-ਨਿੰਬੂ ਰੇਸ ਤੇ ਮਿਊਜ਼ਿਕਲ ਚੇਅਰ ਦੇ ਨਾਲ ਨਾਲ ਭੰਗੜੇ ਦਾ ਨਜ਼ਾਰਾ ਵੀ ਬੱਝਿਆ। ਦੂਜੇ ਪਾਸੇ ਵਾਲੀਬਾਲ ਦੇ ਖਿਡਾਰੀ ਨੈੱਟ ਪਾਰ ਕਰਾਉਂਦੇ ਵਾਲੀਆਂ ਨੂੰ ਹਵਾ ਵਿੱਚ ਉਡਾ ਰਹੇ ਸਨ। ਢਾਣੀਆਂ ਨੇ ਆਪੋ-ਆਪਣੇ ਵਿਚਾਰ ਛੋਹੇ ਹੋਏ ਸਨ, ਕਿਸੇ ਦੀ ਤਰਬ ਮਿਲਦੀ ਸੀ ਤੇ ਕੋਈ ਕਿਸੇ ਦੇ ਵਿਚਾਰ ਨਾਲ ਸਹਿਮਤ ਨਹੀਂ ਵੀ ਸੀ, ਪਰ ਨਿੱਕੇ-ਵੱਡੇ ਧਾਰਮਿਕ, ਸਮਾਜਿਕ ਤੇ ਸਿਆਸੀ ਮਸਲਿਆਂ ਬਾਬਤ ਵਿਚਾਰਾਂ ਦਾ ਵਟਾਂਦਰਾ ਨਿਰੰਤਰ ਜਾਰੀ ਰਿਹਾ। ਇੱਕ ਪਾਸੇ ਬੈਠੀ ਢਾਣੀ ਤਾਸ਼ ਕੁੱਟ ਰਹੀ ਸੀ। ਤਾਸ਼ ਖੇਡਣ ਵਾਲੇ ਇੰਨੇ ਰੁੱਝੇ ਹੋਏ ਸਨ ਕਿ ਆਲੇ-ਦੁਆਲੇ ਵੱਜਦੇ ਗੀਤ-ਸੰਗੀਤ ਅਤੇ ਖੇਡਾਂ ਦੌਰਾਨ ਉਤਪੰਨ ਹੋਏ ਉਤਸ਼ਾਹੀ ਖਰੂਦ ਦਾ ਵੀ ਉਨ੍ਹਾਂ ਨੂੰ ਖਿਆਲ ਨਹੀਂ ਸੀ ਰਿਹਾ। ਕਿਹੜਾ ਪੱਤਾ ਸੁੱਟਣਾ ਤੇ ਬਾਜੀ ਕਿਵੇਂ ਹਥਿਆਉਣੀ, ਬਸ ਇਸੇ ਫਿਰਾਖ਼ ਵਿੱਚ ਉਨ੍ਹਾਂ ਦੀਆਂ ਸੋਚਾਂ ਦੇ ਘੋੜੇ ਦੌੜ ਰਹੇ ਸਨ।
ਇੱਕ ਪਾਸੇ ਖੜ੍ਹੀ ਢਾਣੀ ਦੀਆਂ ਗੱਲਾਂਬਾਤਾਂ ਦੌਰਾਨ ਗਲਾਸ `ਚੋਂ ਘੁੱਟ ਭਰਦਿਆਂ ਇੱਕ ਬਜ਼ੁਰਗ ਨੇ ਹਉਕਾ ਜਿਹਾ ਭਰਿਆ, “ਪੰਜਾਬ ਵਰਗੀ ਮੌਜ ਨ੍ਹੀਂ ਇੱਥੇ…! ਸਭ ਕੁਝ ਠੀਕ ਹੈ ਇੱਥੇ ਵੀ, ਚੰਗੀ ਜ਼ਿੰਦਗੀ ਜੀਅ ਰਹੇ ਹਾਂ, ਪਰ… ਉਥੋਂ ਵਰਗਾ ਖੁੱਲ੍ਹਾ-ਡੁੱਲ੍ਹਾ ਮਾਹੌਲ ਕਿੱਥੇ! ਵਿਹੜੇ `ਚ ਮੰਜੇ ਡਾਹ ਕੇ ਉਤੇ ਬੈਠਿਆਂ ਰੋਟੀ ਖਾਣੀ, ਆਪਸੀ ਗੱਲਾਂਬਾਤਾਂ…।” ਇਹ ਸਭ ਆਖਦਿਆਂ ਪੰਜਾਬ ਪ੍ਰਤੀ ਉਸ ਬਜ਼ੁਰਗ ਦਾ ਉਦਰੇਵਾਂ ਸਪਸ਼ਟ ਝਲਕ ਰਿਹਾ ਸੀ। ਨਾਲ ਹੀ ਖੜ੍ਹੇ ਦੂਜੇ ਬਜ਼ੁਰਗ ਦੇ ਬੋਲਾਂ ਵਿੱਚ ਆਪਣੀ ਮਿੱਟੀ (ਯਾਨਿ ਜ਼ਮੀਨ) ਦਾ ਜ਼ਿਕਰ ਵੀ ਬੜਾ ਕੁਝ ਬਿਆਨ ਕਰ ਰਿਹਾ ਸੀ। ਇਸੇ ਦੌਰਾਨ ਇੱਕ ਹੋਰ ਸੱਜਣ ਨੇ ਵਾਰਤਾ ਸੁਣਾਈ ਕਿ ਉਸ ਦਾ ਇੱਕ ਜਾਣੂ ਇੱਥੇ ਜੰਮੇ ਪਲੇ ਆਪਣੇ ਮੁੰਡੇ ਨੂੰ ਪੰਜਾਬ ਲੈ ਗਿਆ ਤੇ ਆਪਣੀ ਪੈਲ਼ੀ ਵੱਲ ਹੱਥ ਦਾ ਇਸ਼ਾਰਾ ਕਰ ਕੇ ਦੱਸਣ ਲੱਗਾ ਕਿ ਅਹੁ ਪਰ੍ਹੇ ਤੱਕ ਆਪਣੀ ਜ਼ਮੀਨ ਹੈ। ਕਣਕ ਦੀ ਵਾਢੀ ਪਿੱਛੋਂ ਖਾਲੀ ਹੋਏ ਖੇਤ ਇੱਕੋ ਜਿਹੇ ਹੀ ਦਿਸ ਰਹੇ ਸਨ। ਜ਼ਮੀਨ ਦੇਖ ਕੇ ਪੰਜਾਬੀ-ਅਮਰੀਕਨ ਮੁੰਡੇ ਦਾ ਕਹਿਣਾ ਸੀ ਕਿ ‘ਰੰਗ ਤਾਂ ਸਾਰੀ ਦਾ ਇੱਕੋ ਜਿਹਾ ਹੈ’ ਭਾਵ ਮੁੰਡੇ ਨੂੰ ਜ਼ਮੀਨ ਦੀ ਅਹਿਮੀਅਤ ਬਾਰੇ ਕੋਈ ਬਹੁਤੀ ਸਮਝ ਨਹੀਂ ਸੀ। ਇੰਜ ਹੀ ਅਲੱਗ ਅਲੱਗ ਕਈ ਢਾਣੀਆਂ ਜੁੜੀਆਂ ਹੋਈਆਂ ਸਨ ਅਤੇ ਪੰਜਾਬ ਤੇ ਸਥਾਨਕ ਪੱਧਰ ਨਾਲ ਜੁੜੀਆਂ ਕਈ ਹੋਰ ਗੱਲਾਂ ਦਾ ਅਦਾਨ-ਪ੍ਰਦਾਨ ਵੀ ਹੁੰਦਾ ਰਿਹਾ।
ਪਿਕਨਿਕ ਵਿੱਚ ਕਈ ਵੇਲੇ ਸਿਰ ਪੁੱਜ ਗਏ ਤੇ ਕਈ ਰਤਾ ਕੁ ਪੱਛੜ ਕੇ। ਆਉਣੀ-ਜਾਣੀ ਨਾਲ ਰੌਣਕਾਂ ਬਰਕਰਾਰ ਰਹੀਆਂ ਅਤੇ ਬੁੱਕਲਾਂ ਸਾਂਝੀਆਂ ਹੋ ਜਾਣ ਕਾਰਨ ਬਾਰ-ਬੀ-ਕਿਊ ਦੇ ਧੂੰਏ ਵਾਂਗ ਕੁਝ ਕੁਝ ਪ੍ਰੇਸ਼ਾਨੀਆਂ ਤੇ ਫਿਕਰ ਉਡਦੇ ਨਜ਼ਰ ਆ ਰਹੇ ਸਨ-ਐਨ ਉਸੇ ਤਰ੍ਹਾਂ ਜਿਵੇਂ ਖੇਡਦੇ ਹੋਏ ਬੱਚੇ ਬੇਫਿਕਰ ਹੁੰਦੇ ਹਨ। ਦੁੱਖਾਂ-ਸੁੱਖਾਂ ਦੀ ਸਾਂਝ-ਭਿਆਲੀ ਦਾ ਮਰਕਜ਼ ਬਣਦੇ ਅਜਿਹੇ ਸਮਾਗਮ ਮਾਣਨ ਪਿੱਛੋਂ ਮੁੜ ਅਜਿਹਾ ਕੋਈ ਹੋਰ ਪ੍ਰੋਗਰਾਮ ਕਰਨ ਲਈ ਸਲਾਹਾਂ ਦਾ ਦੌਰ ਚੱਲ ਪਿਆ ਸੀ। ਨਾਲ ਦੀ ਨਾਲ ਇਹ ਸੁਝਾਅ ਵੀ ਪ੍ਰਗਟਾਏ ਜਾਣ ਲੱਗੇ ਸਨ ਕਿ ਇੱਕ ਸੰਸਥਾ ਸਾਲ ਵਿੱਚ ਇੱਕ ਹੀ ਪ੍ਰੋਗਰਾਮ ਕਰਵਾਵੇ, ਪਰ ਹੋਵੇ ਦੂਜੀ ਨਾਲੋਂ ਹਟਵਾਂ!
ਇਸ ਮੌਕੇ ਮਨੋਰੰਜਨ ਲਈ ਖੇਡਾਂ ਕਰਵਾਈਆਂ ਗਈਆਂ। ਮੈਨਜ਼ ਸ਼ਾੱਟ ਪੁੱਟ ਯਾਨਿ ਗੋਲਾ ਸੁੱਟਣ ਵਿੱਚ ਰਣਜੀਤ (ਰਾਣਾ) ਭੰਡਾਲ ਪਹਿਲੇ, ਗੁਰਬੀਰ ਸਿੰਘ ਧਨੋਆ ਦੂਜੇ ਅਤੇ ਗੁਲਸ਼ੇਰ ਸਿੰਘ ਤੀਜੇ ਸਥਾਨ `ਤੇ ਰਹੇ; ਜਦਕਿ ਗੋਲਾ ਸੁੱਟਣ ਦੇ ਔਰਤਾਂ ਦੇ ਵਰਗ ਵਿੱਚ ਰਮਨੀਤ ਕੌਰ, ਖੁਸ਼ਦੀਪ ਕੌਰ ਤੇ ਹਰਵਿੰਦਰ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਥਾਂ ਰਹੀਆਂ। ਡੰਬਲ ਪਾਵਰ ‘ਸਨੈਚ’ (40 ਪੌਂਡ ਭਾਰ) ਦੌਰਾਨ ਪਹਿਲੇ ਤਿੰਨ ਮੋਹਰੀਆਂ ਵਿੱਚ ਕ੍ਰਮਵਾਰ ਅਮਨਦੀਪ ਸਿੰਘ ਕੁਲਾਰ, ਰਣਜੀਤ ਕੌਰ ਤੇ ਮਨਦੀਪ ਕੁਮਾਰ ਰਹੇ। ਹੋਰ ਵੀ ਕਈਆਂ ਨੇ ਭਾਰ ਚੁੱਕਣ ਵਿੱਚ ਜ਼ੋਰ-ਅਜ਼ਮਾਈ ਕੀਤੀ।
ਇਸ ਮੌਕੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਲੜਕੀਆਂ ਦੀ ਸੌ ਮੀਟਰ ਦੌੜ (ਅੰਡਰ-7) ਵਿੱਚ ਸੂਰਤ ਕੌਰ ਫਸਟ ਤੇ ਜਪਮਨ ਕੌਰ ਸੈਕਿੰਡ ਰਹੀ; ਜਦਕਿ ਮੁੰਡਿਆਂ ਵਿੱਚ ਅਭੀਜੋਤ ਸਿੰਘ, ਹਰਮਨ ਸਿੰਘ ਅਤੇ ਅਮਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ `ਤੇ ਰਹੇ। ਅੰਡਰ-12 ਵਰਗ (ਕੁੜੀਆਂ) ਵਿੱਚ ਆਰੀਆ ਅਤੇ ਅਵਨੂਰ ਕੌਰ ਪਹਿਲੇ ਤੇ ਦੂਜੇ ਸਥਾਨ `ਤੇ ਰਹੀਆਂ। ਮੁੰਡਿਆਂ ਵਿੱਚ ਯੁਵਰਾਜ ਸਿੰਘ ਤੇ ਸਹਿਜ ਸਿੰਘ ਜੇਤੂ ਰਹੇ। ਅੰਡਰ-14 (ਮੁੰਡੇ) ਵਰਗ ਵਿੱਚ ਜਸ ਮਹਾਜਨ, ਗੁਰਜਿੰਦ ਮਾਂਗਟ ਤੇ ਗੁਰਈਸ਼ਰ ਸਿੰਘ ਕੁਲਾਰ ਮੋਹਰੀਆਂ ਪੁਜੀਸ਼ਨਾਂ `ਤੇ ਰਹੇ; ਜਦਕਿ ਅੰਡਰ-16 ਵਰਗ ਵਿੱਚ ਮਨਵੀਰ ਸਿੰਘ ਕਲਸੀ, ਅਵੀਤੇਜ ਸਿੰਘ ਅਤੇ ਹਰਜੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ `ਤੇ ਰਹੇ।
ਅੰਡਰ-40 (ਨੌਜਵਾਨ) ਵਰਗ ਦੀ 100 ਮੀਟਰ ਦੌੜ ਵਿੱਚ ਜਿਗਰਦੀਪ ਸਿੰਘ ਪ੍ਰਥਮ, ਹਰਮਨ ਸਿੰਘ ਦੋਇਮ ਅਤੇ ਮਨਵੀਰ ਸਿੰਘ ਤੀਜੇ ਥਾਂ ਰਹੇ। ਇਸ ਤੋਂ ਇਲਾਵਾ 40 ਤੋਂ 50 ਸਾਲ ਉਮਰ ਵਰਗ ਦੀ ਸੌ ਮੀਟਰ ਦੌੜ ਵਿੱਚ ਰਿਸ਼ੀ ਦੇਵ ਪ੍ਰਥਮ ਅਤੇ ਬਿਕਰਮ ਸਿੰਘ ਦੋਇਮ ਰਹੇ; ਜਦਕਿ ਇਸੇ ਉਮਰ ਵਰਗ ਦੀਆਂ ਬੀਬੀਆਂ ਦੀ ਦੌੜ ਵਿੱਚ ਵੀਰਪਾਲ ਕੌਰ ਫਸਟ, ਮਨਪ੍ਰੀਤ ਕੌਰ ਸੈਕਿੰਡ ਤੇ ਅਰਚਨਾ ਦੇਵ ਥਰਡ ਰਹੀ।
ਖੈਰ! ਖਾਣ-ਪੀਣ ਦਾ ਖੁੱਲ੍ਹਾ ਤੇ ਵਧੀਆ ਪ੍ਰਬੰਧ ਸੀ। ਪਿਕਨਿਕ ਵਿੱਚ ਸ਼ਾਮਲ ਹੋਇਆ ਹਰ ਕੋਈ ਕੁਝ ਨਾ ਕੁਝ ਲੈ ਕੇ ਆਇਆ ਸੀ, ਜਿਸ ਕਾਰਨ ਭਾਂਤ-ਸੁਭਾਂਤੇ ਭੋਜ-ਪਦਾਰਥ ਪੇਸ਼-ਏ-ਖਿਦਮਤ ਸਨ। ਖਾਣ-ਪੀਣ ਦੇ ਕੁਝ ਸ਼ੌਕੀਨ ਪੰਜਾਬੀਆਂ ਨੇ ਇਸ ਪਿਕਨਿਕ ਲਈ ਆਪਣੇ ਲਈ ਅਗਾਊਂ ਪ੍ਰਬੰਧ ਕੀਤੇ ਹੋਏ ਸਨ। ਵਾਲੀਬਾਲ ਟੀਮ ਗਰੁੱਪ ਨੇ ਵੀ ‘ਮਹਿਫਿਲ ਮਿੱਤਰਾਂ ਦੀ’ ਸਜਾਈ ਹੋਈ ਸੀ। ਅਸਲ ਵਿੱਚ ਵਾਲੀਬਾਲ ਟੀਮ ਗਰੁੱਪ ਵਾਲੇ ਸਿਰਫ ਵਾਲੀਬਾਲ ਹੀ ਨਹੀਂ ਖੇਡਦੇ, ਉਹ ਗੁਰਦੁਆਰਾ ਪੈਲਾਟਾਈਨ ਦੇ ਕਾਰਸੇਵਾ ਜਥੇ ਵਿੱਚ ਸ਼ਾਮਲ ਹੋ ਕੇ ਕਾਰਸੇਵਾ ਕਰਨ ਨੂੰ ਵੀ ਸਰਗਰਮ ਹਨ ਅਤੇ ‘ਹੱਸਣਾ ਖੇਡਣਾ ਮਨ ਕਾ ਚਾਓ’ ਦੇ ਧਾਰਨੀ ਬਣ ਹੱਸਣ-ਹਸਾਉਣ ਲਈ ਮਹਿਫਿਲਾਂ ਸਜਾਉਂਦੇ ਹਨ ਅਤੇ ‘ਮਨ ਕੇ ਚਾਓ’ ਲਈ ਵਾਲੀਬਾਲ ਵੀ ਖੇਡਦੇ ਹਨ।