ਗੁਰਪ੍ਰੀਤ: ਮਾਨਸੇ ਦਾ ਛੰਦਮੁਕਤ ਗੀਤ

ਸਾਹਿਤਕ ਤੰਦਾਂ

ਪਰਮਜੀਤ ਸੋਹਲ
“ਮੈਂ ਕਵਿਤਾ ਨੂੰ ਖ਼ਾਸ ਢੰਗ ਨਾਲ ਲਿਖਣਾ ਚਾਹੁੰਦਾ ਹਾਂ, ਪਰ ਕਵਿਤਾ ਉਸ ਤਰ੍ਹਾਂ ਲਿਖਣ ਲਈ ਨਹੀਂ ਬਣੀ।” ਸਵੀਡਨ ਦੇ ਕਵੀ ਟੋਮਾਸ ਟ੍ਰਾਮਟਰੋਮਰ ਦੀਆਂ ਇਹ ਕਾਵਿ-ਸਤਰਾਂ ਗੁਰਪ੍ਰੀਤ ਦੇ ਕਾਵਿਕ ਮਨ ਦੀ ਨੇੜਤਾ ਨੂੰ ਜ਼ਾਹਰ ਕਰਦੀਆਂ ਹਨ; ਸ਼ਾਇਦ ਤਾਂ ਹੀ ‘ਅਕਾਰਨ’ ਪੁਸਤਕ ਦੇ ਮੁੱਢਲੇ ਪੰਨਿਆਂ ਵਿੱਚ ਇਨ੍ਹਾਂ ਸਤਰਾਂ ਨੂੰ ਉਸਨੇ ਉਚੇਚੀ ਜਗ੍ਹਾ ਦਿੱਤੀ ਹੈ। ਇਨ੍ਹਾਂ ਸਤਰਾਂ ਦੀ ਹਾਜ਼ਰੀ ਉਸਦੇ ਆਪਣੇ ਲਿਖਣ ਢੰਗ ਦੀ ਤਸਦੀਕ ਵੀ ਹੈ।

ਉਹ ਵੀ ਕਵਿਤਾ ਨੂੰ ਖ਼ਾਸ ਢੰਗ ਨਾਲ ਲਿਖਣਾ ਚਾਹੁੰਦਾ ਹੈ। ਗੁਰਪ੍ਰੀਤ ਦੀ ਕਵਿਤਾ ਦੀ ਗੱਲ ਕਰਨ ਤੋਂ ਪਹਿਲਾਂ ਇਥੇ ਉਸ ਬਾਰੇ ਕਾਵਿ ਚਿੰਤਕਾਂ ਦੀਆਂ ਰਾਵਾਂ ਦੇਣੀਆਂ ਮੁਨਾਸਿਬ ਹੋਣਗੀਆਂ। ਗੁਰਪ੍ਰੀਤ ਦੀ ਕਵਿਤਾ ਬਾਰੇ ਉਸਦੀਆਂ ਹੀ ਕਿਤਾਬਾਂ ਵਿੱਚੋਂ ਉਧਰਿਤ ਸਤਰਾਂ ਹਨ:
“ਗੁਰਪ੍ਰੀਤ ਦੀ ਕਵਿਤਾ ਕਵਿਤਾਵਾਂ ਦੀ ਭੀੜ ਵਿੱਚ ਸਹਿਜੇ ਹੀ ਪਛਾਣੀ ਜਾ ਸਕਦੀ ਹੈ।…ਕਵਿਤਾਵਾਂ ਵਿੱਚ ਸੰਕੇਤਕਾਂ ਤੇ ਸੰਖੇਪਤਾ ਤੋਂ ਛੁੱਟ ਚੁੱਪ ਦੀ ਵਰਤੋਂ ਕੀਤੀ ਗਈ ਹੈ, ਜਿਸ ਕਰਕੇ ਉਹ ਕਈ ਕੁਝ ਅਣਕਿਹਾ ਕਹਿ ਗਈਆਂ ਹਨ। ਲਫ਼ਜਾਂ ਦੀ ਲੋੜੋਂ ਵੱਧ ਵਰਤੋਂ ਨਾਲ ਕਵੀ ਆਪਣੇ ਆਪ ਨੂੰ ਖਾਲੀ ਕਰਦਾ ਹੈ। ਪਰ ਚੁੱਪ ਨਾਲ ਆਪਣੇ ਆਪ ਨੂੰ ਭਰਦਾ ਹੈ। ਗੁਰਪ੍ਰੀਤ ਨੇ ਇਹ ਚੁੱਪ ਸਾਰਥਕ ਢੰਗ ਨਾਲ ਵਰਤੀ ਹੈ। ਚਿਤਰਕਾਰ ਵਜੋਂ ਉਹ ਜਿਸ ਤਰ੍ਹਾਂ ਨੁਕਤਿਆਂ ਅਤੇ ਲੀਕਾਂ ਤੇ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ, ਕੁਝ ਕੁਝ ਉਸੇ ਤਰ੍ਹਾਂ ਕਵਿਤਾਵਾਂ ਵਿੱਚ ਲਫ਼ਜ਼ਾਂ ਦੀ ਵਰਤੋਂ ਕਰਦਾ ਹੈ…।” –ਸੁਖਬੀਰ

“ਉਹ (ਗੁਰਪ੍ਰੀਤ) ਚੁੱਪ ਦੀਆਂ ‘ਵਾਦੀਆਂ’ ਸਿਰਜਦਾ ਇਨ੍ਹਾਂ ਨੂੰ ਪਹਿਚਾਣਦਾ ਹੀ ਆਪਣੀ ਕਵਿਤਾ ਵਿੱਚ ਸ਼ਬਦਾਂ ਦੇ ਅੰਦਰ ਤੇ ਬਾਹਰ ਦੀ ਯਾਤਰਾ ਕਰਦਾ ਹੈ। ਕੇਵਲ ਯਾਤਰਾ ਹੀ ਨਹੀਂ, ਸਗੋਂ ਸ਼ਬਦਾਂ ਦੀਆਂ ਉਹ ਵਿਸਤ੍ਰਿਤ ਸੰਭਾਵਨਾਵਾਂ ਆਪਣੀ ਕਵਿਤਾ ਵਿੱਚ ਇਸੇ ਲਈ ਸਾਕਾਰ ਕਰਦਾ ਹੈ।” –ਡਾ. ਸੁਤਿੰਦਰ ਸਿੰਘ ਨੂਰ

“ਗੁਰਪ੍ਰੀਤ ਦੀਆਂ ਥੋੜ੍ਹੀਆਂ ਜਿਹੀਆਂ ਕਵਿਤਾਵਾਂ ਨੇ ਹੀ ਮੇਰੇ ਅੰਦਰ ਕਿੰਨਾ ਕੁਝ ਜਗਾ ਦਿੱਤਾ, ਕੀ ਕੁਝ ਕਰ ਦਿੱਤਾ। ਵਧੀਆ ਕਵਿਤਾ ਦਾ ਸ਼ਾਇਦ ਏਹੋ ਕਰਤਵ ਹੁੰਦਾ ਹੈ; ਸਵੈ-ਪਛਾਣ ਨੂੰ ਨਵੀਂ ਲੋਅ ਲਾਉਣੀ, ਨਵੇਂ ਰੂਪਾਂ ’ਚ ਦਿਖਾਉਣਾ, ਸੁੱਤਿਆਂ ਨੂੰ ਜਗਾਉਣਾ, ਦੁੱਖ-ਸੁੱਖ ਕਰਨਾ, ਵਸਤਾਂ ਤੋਂ ਸਾਧਾਰਨਤਾ ਦੀ ਜਿਲ੍ਹਬ ਲਾਹੁਣੀ, ਹਰ ਕਿਣਕੇ ’ਚ ਅਦਭੁਤ ਦੀ ਲਿਸ਼ਕੋਰ ਪਾਉਣੀ। ਗੁਰਪ੍ਰੀਤ ਦੀ ਕਵਿਤਾ ਨੇ ਅਜਿਹਾ ਕੁਝ ਹੀ ਕੀਤਾ ਹੈ ਮੇਰੇ ਨਾਲ।” -ਅਜਮੇਰ ਰੋਡੇ

“ਚੰਗੀ ਕਵਿਤਾ ਪੜ੍ਹਦਿਆਂ ਤੁਹਾਡਾ ਖ਼ੁਦ ਲਿਖਣ ਨੂੰ ਜੀਅ ਕਰਦਾ ਹੈ। ਤੁਹਾਡੇ ਅੰਦਰ ਸ਼ਬਦਾਂ ਤੇ ਆਪਣੀ ਭਾਸ਼ਾ ਪ੍ਰਤੀ ਪਿਆਰ ਹੋਰ ਵੀ ਠਾਠਾਂ ਮਾਰਦਾ ਹੈ। ਤੁਸੀਂ ਵਸਤਾਂ ਅਤੇ ਵਿਹਾਰਾਂ ਨੂੰ ਗਾੜ੍ਹੇ ਰੰਗਾਂ ’ਚ ਦਿਸਦਿਆਂ-ਹੁੰਦਿਆਂ ਮਹਿਸੂਸ ਕਰਦੇ ਹੋ। ਇੰਜ ਦੀ ਹੈ ਗੁਰਪ੍ਰੀਤ ਦੀ ਕਵਿਤਾ।…ਉਸਨੂੰ ਸਥੂਲ ਵਸਤੂਆਂ ਨੂੰ ਆਪਣੀ ਕਵਿਤਾ ’ਚ ਮੜ੍ਹ ਕੇ ਉਨ੍ਹਾਂ ਨੂੰ ਪਰਵਾਜ਼ ਦੇ ਦੇਣਾ ਆਉਂਦਾ ਹੈ। ਸੇਬ, ਟਮਾਟਰ, ਪੱਥਰ, ਮੀਲ-ਪੱਥਰ, ਹੱਸਪੁਰਾ।…ਸਭ ਆਪਣੀਆਂ ਹੱਦਾਂ ਉਲੰਘ ਕੇ ਹੋਰ ਸੰਸਾਰਾਂ ’ਚ ਪੁੱਜ ਜਾਂਦੇ ਨੇ, ਉਨ੍ਹਾਂ ਦਾ ਰੂਪਾਂਤਰਨ ਹੋ ਜਾਂਦਾ ਹੈ।…ਗੁਰਪ੍ਰੀਤ ਦੀ ਕਵਿਤਾ ਦੇ ਬ੍ਰਹਿਮੰਡ ’ਚ ਵੀ ਲਫ਼ਜ਼ਾਂ ਨਾਲੋਂ ਜ਼ਿਆਦਾ ਭੇਦ-ਭਰੀਆਂ, ਡੂੰਘੀਆਂ ਤੇ ਮਾਇਨਾਖੇਜ਼ ਖ਼ਾਲੀ ਥਾਵਾਂ ਦੀ ਅਨੁਪਾਤ ਵੱਧ ਹੈ। ਇਸੇ ਕਾਰਨ ਜਾਂ ਇਸਦੇ ਫਲਸਰੂਪ ਉਹਦੀਆਂ ਕਵਿਤਾਵਾਂ ’ਚ ਹਾਇਕੂ ਨੁਮਾ ਸੰਖੇਪਤਾ ਹੈ।” –ਅੰਬਰੀਸ਼

ਗੁਰਪ੍ਰੀਤ ‘ਸਿਆਹੀ ਘੁਲੀ ਹੈ’ ਕਾਵਿ-ਪੁਸਤਕ ਦੀ ਅੰਤਿਕਾ ਵਿੱਚ ਆਪਣੇ ਕਾਵਿ-ਕਰਮ ਤੇ ਚਿਤਕਾਰੀ ਕਲਾ ਦਾ ਇੰਕਸ਼ਾਫ਼ ਕਰਦਿਆਂ ਖ਼ੁਦ ਲਿਖਦਾ ਹੈ, “…ਪਰ ਮੈਨੂੰ ਲਗਦਾ ਹੈ ਕਿ ਸਿਰਜਣਾ ਅਕਾਰਨ ਹੁੰਦੀ ਹੈ ਜਾਂ ਫਿਰ ਇਹਦਾ ਕਾਰਨ ਕਿਤੇ ਬਹੁਤ ਗਹਿਰੇ ਪਿਆ ਹੁੰਦਾ ਹੈ, ਜਿਸ ਦੀ ਤਲਾਸ਼ ਹੀ ਕਵਿਤਾ ਦੀ ਤਲਾਸ਼ ਹੈ। ਇਸ ਕਿਤਾਬ ਦੀਆਂ ਕਵਿਤਾਵਾਂ ਨੂੰ ਲਿਖਿਆ ਹੀ ਨਹੀਂ ਸਗੋਂ ਰੇਖਾਂਕਿਤ ਵੀ ਕੀਤਾ ਹੈ। ਬਹੁਤ ਸਾਰੀਆਂ ਕਵਿਤਾਵਾਂ ’ਚ ਮੈਂ ਸ਼ਬਦਾਂ ਨਾਲ ਚਿੱਤਰ ਬਣਾਏ ਨੇ। ਇਹ ਸ਼ਾਇਦ ਮੇਰੇ ਸੁਭਾਅ ਦਾ ਹੀ ਹਿੱਸਾ ਹੈ। ਮੈਂ ਹਰ ਸ਼ੈਅ, ਹਰ ਘਟਨਾ, ਹਰ ਥਾਂ-ਨਾਂ ਨੂੰ ਚਿੱਤਰ ਵਾਂਙ ਹੀ ਦੇਖਦਾ ਹਾਂ ਤੇ ਮੇਰੀ ਇੱਛਾ ਹੈ ਕਿ ਕਵਿਤਾ ਨੂੰ ਪੜ੍ਹਨ ਦੇ ਨਾਲ ਨਾਲ ਦੇਖਾਂ ਵੀ…।”
ਕਵਿਤਾ ਦੀ ਪਰਿਭਾਸ਼ਾ ਕਰਦਿਆਂ ਗੁਰਪ੍ਰੀਤ ਖ਼ੁਦ ਆਖਦਾ ਹੈ, “ਕਵਿਤਾ ਅਣਦੇਖੇ ਪੰਛੀ ਦਾ ਘਰ ਹੈ, ਚੁੱਪ ਦੀ ਕੁਟੀਆ, ਦੁਖ-ਸੁਖ ਦੇ ਤਾਣੇ-ਪੇਟੇ ਵਾਲਾ ਡੱਬੀਦਾਰ ਖੇਸ…।”
ਕਵਿਤਾ ਦੇ ਖੇਤਰ ਨਾਲ ਸਬੰਧਿਤ ਕੁਝ ਕਾਵਿ-ਚਿੰਤਕਾਂ ਦੀਆਂ ਉਪਰ ਦਿੱਤੀਆਂ ਟਿੱਪਣੀਆਂ ਅਤੇ ਗੁਰਪ੍ਰੀਤ ਦੇ ਸਵੈ-ਕਥਨ ਦਾ ਸਹਾਰਾ ਲੈਣ ਪਿੱਛੋਂ ਮੇਰੇ ਕਹਿਣ ਨੂੰ ਤਾਂ ਸਿਰਫ਼ ‘ਗੁਰਪ੍ਰੀਤ’ ਹੀ ਬਚਦਾ ਹੈ। ਉਹਦੇ ਬਾਰੇ ਲਿਖਣਾ ਮੇਰੇ ਲਈ ਆਪਣੇ ਆਪ ਬਾਰੇ ਲਿਖਣ ਵਾਂਗ ਹੈ, ਕਿਉਂਕਿ ਉਸ ਦੀਆਂ ਮੈਨੂੰ ਕਿਤਾਬ ਭੇਟ ਕਰਨ ਵੇਲੇ ਉਸਦੇ ਹਸਤਾਖ਼ਰਾਂ ਹੇਠ ਵਿਅਕਤ ਕੀਤੀਆਂ ਭਾਵਨਾਵਾਂ, ਅਪਣੱਤ ਭਰੇ ਸ਼ਬਦਾਂ ਦਾ ਮੈਂ ਸਦਾ ਕਰਜ਼ਈ ਰਹਾਂਗਾ। ਇਨ੍ਹਾਂ ਇਬਾਰਤਾਂ ਵਿੱਚ ਮੈਨੂੰ ਉਸ ਦੁਆਰਾ ‘ਆਪਣਾ’ ਜਾਂ ‘ਆਪਣੇ ਵਰਗਾ’ ਕਹੇ ਹੋਏ ਨੂੰ ਸਿੱਧ ਕਰਨਾ ਮੈਨੂੰ ਬਹੁਤ ਔਖਾ ਕੰਮ ਲੱਗ ਰਿਹਾ ਹੈ। ਸ਼ਾਇਰ ਹੋਣ ਨਾਤੇ ਮੈਂ ਉਸ ਨਾਲ ਆਪਣੀ ਸਾਂਝ ਮਹਿਸੂਸ ਕਰਦਾ ਹਾਂ। ਉਸਦੀ ਆਪਣੇ ਨਾਲੋਂ ਵੱਡੀ ਕਵਿਤਾ ਬਾਰੇ ਜੋ ਕਹਿ ਰਿਹਾ ਹਾਂ, ਉਹ ‘ਛੋਟਾ ਮੂੰਹ, ਵੱਡੀ ਬਾਤ’ ਵਰਗੀ ਗੱਲ ਹੀ ਹੈ।
ਗੁਰਪ੍ਰੀਤ ਦੀ ਕਵਿਤਾ ਪੜ੍ਹਦਿਆਂ ਤੁਹਾਡੇ ਮਨ `ਤੇ ਕਿੰਨੀਆਂ ਹੀ ਤਿੱਖੀਆਂ ਲਿਸ਼ਕੋਰਾਂ ਪੈਂਦੀਆਂ ਹਨ। ਹਰੇਕ ਲਿਸ਼ਕੋਰ ਆਪਣਾ ਅਸਰ ਛੱਡ ਕੇ ਅਗਿਆਤ ਵਿੱਚ ਵਿਲੀਨ ਹੋ ਜਾਂਦੀ ਹੈ ਤੇ ਤੁਹਾਨੂੰ ਅਰਥਾਂ ਨਾਲ ਭਰਦੀ ਹੋਈ ਕਿਸੇ ਗਹਿਰੀ ਚੁੱਪ ਲਈ ਉਕਸਾ ਦਿੰਦੀ ਹੈ। ਅਜਿਹੀ ਕਵਿਤਾ ਦੀ ਵਿਆਖਿਆ ਨਹੀਂ ਹੋ ਸਕਦੀ। ਇਹ ਮਾਣਨ ਦੀ ਸ਼ੈਅ ਹੈ, ਜਾਣਨ ਦੀ ਨਹੀਂ।
ਗੁਰਪ੍ਰੀਤ ਦੀ ਕਵਿਤਾ ਬਿਲਕੁਲ ਸਾਡੇ ਕੋਲ ਦੀ ਕਵਿਤਾ ਹੈ। ਸਾਡੀ ਵੇਦਨਾ-ਸੰਵੇਦਨਾ ਨਾਲ ਘਸਰ ਕੇ ਲੰਘਦੀ ਹੋਈ ਹਵਾ ਦੇ ਸਪਰਸ਼ ਵਰਗੀ।…ਐਨ ਸਾਡੇ ਆਪਣੇ ਮਨ ਵਰਗੀ! ਇਸੇ ਲਈ ਮੈਨੂੰ ਇਸ ਬਾਬਤ ਲਿਖਣਾ ਅਕੱਥ ਨੂੰ ਕਥਨ ਵਰਗਾ ਕਾਰਜ ਲਗਦਾ ਹੈ।
ਗੁਰਪ੍ਰੀਤ ਆਪਣੀ ਹਰ ਕਵਿਤਾ ਇੱਕ ਵੱਖਰੇ ਜ਼ਾਵੀਏ ਤੋਂ ਲਿਖਦਾ ਹੈ ਤੇ ਉਸਦੇ ਸਾਧਾਰਨ ਲਗਦੇ ਸ਼ਬਦਾਂ ਪਿੱਛੇ ਅਸਾਧਾਰਨਤਾ ਤੇ ਡੂੰਘੀ ਮਾਰਮਿਕਤਾ ਪਈ ਹੁੰਦੀ ਹੈ। ਉਹ ਆਪਣੇ ਨੇੜ-ਤੇੜ ਦੇ ਦ੍ਰਿਸ਼ਾਂ, ਚੀਜ਼ਾਂ ਤੇ ਵਰਤਾਰਿਆਂ ’ਚੋਂ ਮਹੀਨ ਭਾਵ ਉਜਾਗਰ ਕਰ ਦਿੰਦਾ ਹੈ।
ਉਹ ਸ਼ਬਦਾਂ ਨਾਲ ਫਰੇਮ ਬਣਾਉਂਦਾ ਹੈ ਤੇ ਉਸ ਵਿੱਚ ਸਵੈ-ਚਿੱਤਰ ਜੜ੍ਹਦਾ ਹੈ। ਕਵਿਤਾ ਦੇ ਸ਼ਬਦਾਂ ਨੂੰ ਤੋੜ-ਤੋੜ ਕੇ ਨਵੇਂ ਸਿਰਿਓਂ ਲਿਖਦਿਆਂ ਇਨ੍ਹਾਂ ਵਿਚਲੀਆਂ ਸਪੇਸਾਂ, ਗੋਲਾਈਆਂ ਨੂੰ ਲੀਕ ਤੋਂ ਹਟ ਕੇ ਲਿਖਣ ਵਾਂਗ ਦਰਸਾ ਕੇ ਵੱਖਰੇ ਭਾਵ ਅਰਥ ਦਿੰਦਾ ਹੈ। ਪੰਛੀਆਂ ਨੂੰ ਖ਼ਤ ਵੀ ਪੰਛੀ ਦੀ ਸ਼ਕਲ ਵਾਂਗ ਲਿਖਦਾ ਹੈ। ਆਵਾਜ਼ਾਂ ਨੂੰ ਵੱਖ-ਵੱਖ ਰੂਪ ਤੇ ਅਕਾਰ ਦਿੰਦਾ ਉਨ੍ਹਾਂ ਨੂੰ ਦੇਖ, ਸੁਣ, ਚੱਖ ਕੇ ਸਪਰਸ਼ ਬਿੰਬਾਂ ਵਾਂਗ ਸਾਡੇ ਧੁਰ ਅੰਦਰ ਉਤਾਰ ਦਿੰਦਾ ਹੈ। ਉਹਦੀ ਸਵੇਰ ਸੂਰਜ ਦੇ ਚੜ੍ਹਨ ਨਾਲ ਨਹੀਂ, ਚਿੜੀਆਂ ਦੇ ਚਹਿਚਹਾਉਣ ਵਿੱਚੋਂ ਪੈਦਾ ਹੋਏ ਨਵੇਂ ਸੂਰਜ ਨਾਲ ਸ਼ੁਰੂ ਹੁੰਦੀ ਹੈ। ਆਦਿ ਕਾਲ ਤੋਂ ਲਿਖੀ ਜਾਣ ਵਾਲੀ ਕਵਿਤਾ ਦਾ ਦਰਵਾਜ਼ਾ ਪੀੜ੍ਹੀਓ-ਪੀੜ੍ਹੀ ਤਬਦੀਲ ਹੋਈ ਜਾਂਦਾ ਹੈ। ਉਹ ਤਿਤਲੀ ਬਾਰੇ ਕਵਿਤਾ ਲਿਖਦਾ-ਲਿਖਦਾ ਤਿਤਲੀ ਨੂੰ ਉਡਣ ਲਾ ਦਿੰਦਾ ਹੈ।
ਇਹ ਸਿਰਫ਼ ਗੁਰਪ੍ਰੀਤ ਦੀ ਹੀ ਖ਼ੂਬੀ ਹੈ ਕਿ ਵਿਕੇ ਹੋਏ ਮਕਾਨ ਨੂੰ ਵਿਦਾ ਕਹਿਣ ਦਾ ਦੁੱਖ ਬਿਆਨ ਕਰਦਾ ਹੋਇਆ ਉਹ ਕਵਿਤਾ ਦੇ ਦੁਆਰ ਦੀਆਂ ਪੌੜੀਆਂ ’ਤੇ ਨਤਮਸਤਕ ਹੁੰਦਿਆਂ ਸਾਡੇ ਅੰਦਰ ਵੀ ਚਿੜੀਆਂ ਚਹਿਕਣ ਲਾ ਦਿੰਦਾ ਹੈ। ਕਵਿਤਾ ਦੇ ਮੁਕੰਮਲ ਹੋਣ ਤਕ ਉਹ ਸ਼ਬਦਾਂ ਨੂੰ ਚਿੜੀ ਦਾ ਰੂਪ ਦੇ ਦਿੰਦਾ ਹੈ। ਇਸ ਤਰ੍ਹਾਂ ਦੇ ਸ਼ਾਬਦਿਕ ਰੇਖਾਂਕਨ ਉਸਦੀ ਕਵਿਤਾ ਨੂੰ ਅਲੱਗ ਤਰ੍ਹਾਂ ਲਿਖਣ ਦੀ ਕੋਸ਼ਿਸ਼ ਦਾ ਹੀ ਸਿੱਟਾ ਹਨ। ਅਗਿਆਤ ਪ੍ਰੇਮਿਕਾ ਦੇ ਮੁਲਾਇਮ ਤੇ ਚਮਕਦਾਰ ਵਾਲ ਜਦੋਂ ਟੇਢੀਆਂ ਰੇਖਾਵਾਂ ’ਚ ਲਹਿਰਾਉਂਦੇ ਹਨ ਤਾਂ ਉਹ ਇਹ ਨਿਰਣਾ ਵੀ ਨਾਲ ਹੀ ਦੇ ਜਾਂਦੇ ਹਨ ਕਿ ਜੀਅ ਲਾਉਣ ਲਈ ਇਹ ਕਵਿਤਾ ਦਾ ਅੰਤਿਮ ਰੂਪ ਨਹੀਂ ਹੈ। ‘ਹਨੂਰ ਮੇਰਾ ਦੋਸਤ ਹੈ’ ਵਾਰਤਕ ਆਕਰ ’ਚ ਲਿਖੀ ਕਵਿਤਾ ਵਿੱਚ ਜਦੋਂ ਲਹਿਰਦਾਰ ਸਟਾਈਲ ਵਿੱਚ ਸਤਰ ‘ਕੀ ਤੂੰ ਕਦੇ ਅਜ਼ਰਾਇਲ ਦੀ ਰੇਲ ਗੱਡੀ ’ਤੇ ਸਫ਼ਰ ਕੀਤਾ ਹੈ’ ਦਰਜ ਕਰਦਾ ਹੈ ਤਾਂ ਇਹ ਅੰਦਾਜ਼ ਕਵਿਤਾ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦਾ ਹੈ।
ਉਹਦੇ ਹੱਥਾਂ ’ਚ ਪੱਥਰ ਫੁੱਲ ਬਣ ਜਾਂਦੇ ਹਨ। ਕਾਗਜ਼ ਹਵਾ ’ਚ ਲਹਿਰਦੇ ਹੋਏ ਉੱਡ-ਉੱਡ ਵਰ੍ਹਦੇ ਮੀਂਹ ’ਚ ਭਿੱਜਣ ਲਈ ਕਾਹਲੇ ਪੈ ਜਾਂਦੇ ਹਨ। ਨਿੱਘੀ-ਨਿੱਘੀ ਧੁੱਪ ਮਹਿਸੂਸਣ ਲੱਗ ਜਾਂਦੀ ਹੈ। ਉਹ ਚਾਹੇ ਪਿਆਰ ਬਾਰੇ ਕਵਿਤਾ ਲਿਖੇ, ਨਵੀਂ ਕਮੀਜ਼ ਬਾਰੇ, ਰਬੜ ਬੈਂਡ ਬਾਰੇ ਜਾਂ ਪੱਗ ਬਾਰੇ- ਸਭ ਉਹਦੀ ਕਵਿਤਾ ਵਿੱਚ ਜਿਉਂਦੇ ਕਿਰਦਾਰ ਬਣ ਜਾਂਦੇ ਹਨ। ਨਿੱਕੀ ਤੋਂ ਨਿੱਕੀ ਚੀਜ਼ ਤੋਂ ਲੈ ਕੇ ਮਨੁੱਖੀ ਸੋਚ ਦੇ ਵੱਡ ਪਾਸਾਰਾਂ ਤੱਕ ਸਭ ਉਹਦੀ ਕਵਿਤਾ ਵਿੱਚ ਹਾਜ਼ਰ-ਨਾਜ਼ਰ ਹਨ। ਦੋਸਤੀ ਦੀ ਪਰਿਭਾਸ਼ਾ ਵੀ ਕਮਾਲ ਦੀ ਹੈ। ਦੋਸਤ ਸ਼ਬਦ ਆਪਣੇ ਅਰਥਾਂ ਨੂੰ ਜਾਨਣ ਲਈ ਭਾਈ ਕਾਨ੍ਹ ਸਿੰਘ ਨਾਭਾ ਨਾਲ ਗੋਸ਼ਟੀ ਰਚਾਉਂਦਾ ਹੈ।
ਉਹਦਾ ਕਵਿਤਾ ਨੂੰ ਵੱਖਰੇਪਣ ਨਾਲ ਲਿਖਣ ਦਾ ਹੀ ਇਹ ਅੰਦਾਜ਼ ਹੈ ਕਿ ਉਹ ਗੱਡੀ ’ਤੇ ਨਹੀਂ, ਉਸਦੀ ਕੂਕ ’ਤੇ ਸਵਾਰ ਹੁੰਦਾ ਹੈ। ਇਹ ਰਾਤ ਦੀ ਗੱਡੀ ਉਹਦੇ ਅੰਦਰ ਚੱਲਦੀ ਹੈ ਤੇ ਉਹ ਆਪਣੇ ਅੰਦਰਲੇ ਅਸੰਖ ਸਟੇਸ਼ਨਾਂ ਵਿੱਚੋਂ ਕਦੇ ਕਿਸੇ `ਤੇ, ਕਦੇ ਕਿਸੇ ’ਤੇ ਉਤਰਦਾ ਹੈ। ਹੱਸਪੁਰਾ ਤਿੰਨ ਕਿਲੋਮੀਟਰ ਤੋਂ ਤਿੰਨ ਪਲ ਤੱਕ ਸਿਮਟ ਆਉਂਦਾ ਹੈ।
ਗੁਰਪ੍ਰੀਤ ਸ਼ਬਦਾਂ ਨਾਲ ਹੀ ਨਹੀਂ ਬਲਕਿ ਇੱਕੋ ਸ਼ਬਦ ਨਾਲ ਜੁੜ ਕੇ ਵਿਚਰਦਾ ਘਰ ਪਰਿਵਾਰ ਦੇ ਜੀਆਂ ਤੋਂ ਲੈ ਕੇ ਸਗਲੀ ਧਰਤੀ ਤੇ ਸੂਰਜ ਨੂੰ ਖੇਡਦਿਆਂ ਦੇਖਦਾ ਹੈ। ਇੰਞ ਇੱਕ ਸ਼ਬਦ ਅਨੇਕ ਰੂਪ ਅਕਾਰਾਂ ਵਿੱਚ ਗਤੀਮਾਨ ਹੁੰਦਾ ਹੈ, ਸਗੋਂ ਸਾਡੇ ਅੰਦਰ ਵੀ ਪੜ੍ਹਿਆ, ਸੁਣਿਆ, ਕਿਹਾ, ਦੇਖਿਆ ਤੇ ਛੋਹਿਆ ਜਾਣ ਲੱਗ ਪੈਂਦਾ ਹੈ।
ਆਪਣੇ ਚੌਗਿਰਦੇ ਵਿੱਚ ਵਾਪਰ ਰਹੀ ਕੋਈ ਵੀ ਘਟਨਾ ਉਸਦੇ ਮਸਤਕ ’ਚ ਆ ਕੇ ਕਾਵਿ ਆਕਾਰ ਗ੍ਰਹਿਣ ਕਰ ਜਾਂਦੀ ਹੈ- ਚਾਹੇ ਉਹ ਕਿਸੇ ਪਾਗ਼ਲ ਦੇ ਛਾਲ਼ ਮਾਰਨ ਦੀ ਘਟਨਾ ਵੀ ਕਿਉਂ ਨਾ ਹੋਵੇ!
ਸਵੈ ਫਰੇਮ 1 ਉਸਦੀ ਸ਼ਾਬਦਿਕ ਸਮਰੱਥਾ ਦਾ ਇੱਕ ਹੋਰ ਫੋਟੋਗ੍ਰਾਫ਼ੀ ਵਰਗਾ ਉਦਾਹਰਣ ਹੈ। ਸ਼ਬਦਾਂ ਦੇ ਫਰੇਮ ਅੰਦਰ ਕੋਈ ਤਸਵੀਰ ਦਿਖਾਈ ਨਹੀਂ ਦਿੰਦੀ; ਸਿਰਫ਼ ਖ਼ਾਲੀ ਬੰਦ ਸਪੇਸ ਹੈ, ਪਰ ਜਦੋਂ ਪਾਠਕ ਇਸ ਫਰੇਮ ਨੂੰ ਆਪਣੇ ਮਨ ਵਿੱਚ ਉਧੇੜਦਾ ਹੈ ਜਾਂ ਪੁਨਰ ਸਿਰਜਦਾ ਹੈ ਤਾਂ ਇਸ ਵਿੱਚੋਂ ਗੁਰਪ੍ਰੀਤ ਦੇ ‘ਸਵੈ’ ਦਾ ਚਿੱਤਰ ਉਘੜਨ ਲੱਗ ਪੈਂਦਾ ਹੈ। ਅਜਿਹੀ ਕਵਿਤਾ ਨੂੰ ਹੇਠ ਲਿਖੇ ਵਾਕੰਸ਼ਾਂ ਵਾਂਗ ਲਿਖ ਕੇ ਨਵੇਂ ਪ੍ਰਯੋਗ ਕੀਤੇ ਜਾ ਸਕਦੇ ਹਨ:
(1) ਫਰੇਮ ਅੰਦਰ/ਜੋ ਦਿਸੇ/ਕੀ ਉਹੀ ਹੋਵੇ/ਫਰੇਮ ਅੰਦਰ
(2) ਜੋ ਨਾ ਦਿਸੇ/ਫਰੇਮ ਅੰਦਰ/ਉਹ ਵੀ ਹੋਵੇ/ਫਰੇਮ ਅੰਦਰ
(3) ਫਰੇਮ ਅੰਦਰ/ਜੋ ਦਿਸੇ/ਨਾ ਦਿਸੇ ਜੋ/ਫਰੇਮ ਅੰਦਰ
(4) ਫਰੇਮ ਅੰਦਰ/ਜੋ ਨਾ ਦਿਸੇ/ਜੋ ਦਿਸੇ/ਫਰੇਮ ਅੰਦਰ
(5) ਉਹ ਵੀ ਹੋਵੇ/ਫਰੇਮ ਅੰਦਰ/ਜੋ ਨਾ ਹੋਵੇ/ਫਰੇਮ ਅੰਦਰ
(6) ਉਹ ਵੀ ਦਿਸੇ/ਫਰੇਮ ਅੰਦਰ/ਜੋ ਨਾ ਹੋਵੇ/ਫਰੇਮ ਅੰਦਰ
(7) ਕੀ ਫਰੇਮ ਅੰਦਰ/ਦਿਸੇ ਜੋ/ਹੋਵੇ ਨਾ/ਫਰੇਮ ਅੰਦਰ
ਇਸ ਪ੍ਰਕਾਰ ਕਿੰਨੇ ਹੀ ਕੋਲਾਜ ਬਣਦੇ/ਬਿਨਸਦੇ ਹਨ ਫਰੇਮ ਅੰਦਰ ਜਿਵੇਂ ਕੋਈ ਉਸਤਾਦ ਗ਼ਜ਼ਲਗੋ ਨਿਸ਼ਚਿਤ ਕਾਫ਼ੀਏ ਰਦੀਫਾਂ ਨਾਲ ਹੋਰ ਬਹਿਰਾਂ ਤੇ ਵਜ਼ਨ ਸਿਰਜਿਤ ਕਰ ਲਵੇ। ‘ਮਸਤਕ ਅੰਦਰ’ ਤੇ ‘ਪੰਛੀਆਂ ਨੂੰ ਖ਼ਤ’ ਕਵਿਤਾਵਾਂ ਰਾਹੀਂ ਵੀ ਇਹੋ ਜਿਹੇ ਪ੍ਰਯੋਗ ਸੰਭਵ ਹੋ ਸਕਦੇ ਹਨ।
ਗੁਰਪ੍ਰੀਤ ਦੀ ਕਾਵਿ-ਯੋਗਤਾ ਕਿਸੇ ਸਾਧਾਰਨ ਪਾਤਰ ਨੂੰ ‘ਮਹਾਂਕਵੀ’ ਦਾ ਖ਼ਿਤਾਬ ਬਖ਼ਸ਼ ਦਿੰਦੀ ਹੈ ਅਤੇ ਆਪਣੇ ਕਮਰੇ ਵਿੱਚ ਅਣਦੇਖੇ ਸਮੁੰਦਰ ਨੂੰ ਲੈ ਆਉਂਦੀ ਹੈ। ਪ੍ਰੋ. ਪੂਰਨ ਸਿੰਘ ਕਵਿਤਾ ਵਿੱਚ ਰੁੱਖਾਂ ਨੂੰ ਜੱਫੀਆਂ ਪਾਉਂਦਾ ਹੈ ਅਤੇ ਗੁਰਪ੍ਰੀਤ ਨਾਲ ਰੁੱਖ ਆ ਕੇ ਹੱਥ ਮਿਲਾਉਂਦਾ ਹੈ, ਜਦੋਂ ਉਹ ਸਟੇਸ਼ਨ ’ਤੇ ਲੱਕੜ ਦੇ ਬੈਂਚ `ਤੇ ਇਕੱਲਾ ਬੈਠਾ ਹੁੰਦਾ ਹੈ। ਅਜਿਹੇ ਛਿਣ ਜਿਸ ਭਾਵ ਦਾ ਸੁਖਾਂਤ ਬਿੰਬ ਸਿਰਜਦੇ ਹਨ, ਉਹ ਸਾਡੇ ਅੰਦਰ ਦੇਰ ਤੱਕ ਸੁਕੋਮਲ ਜਿਹਾ ਪ੍ਰਭਾਵ ਬਣ ਕੇ ਟਿਕੇ ਰਹਿੰਦੇ ਹਨ।
ਕਵੀ ਆਪਣੀ ਕਵਿਤਾ ਦਾ ਨਾਂ ਰੱਖਣ ਲਈ ਘਰ ਪਰਿਵਾਰ ਦੇ ਜੀਆਂ ਦੀ ਨਾ-ਉਤਸੁਕਤਾ ਦੇਖ ਕੇ ਆਖ਼ਰ ਕੁਦਰਤ/ਸੂਰਜ ਰਾਹੀਂ ਆਪਣੇ ਆਪ ’ਤੇ ਕੇਂਦਰਿਤ ਹੋ ਜਾਂਦਾ ਹੈ। ਆਪਣੇ ਆਪ ਤੱਕ ਪਹੁੰਚਦਿਆਂ ਉਹ ਜਿਹੜੀ ਚੁੱਪ ਦੀ ਸਪੇਸ ਸਿਰਜ ਲੈਂਦਾ ਹੈ, ਉਹ ਬਾਕਾਮਾਲ ਹੈ।
ਚੀਜ਼ਾਂ/ਵਸਤਾਂ/ਵਰਤਾਰਿਆਂ ਨੂੰ ਬੋਲਣ ਲਾ ਦੇਣਾ ਗੁਰਪ੍ਰੀਤ ਦੀ ਕਵਿਤਾ ਦਾ ਇੱਕ ਹੋਰ ਅਮੀਰੀ ਪੱਖ ਹੈ। ਉਹਦੀ ਕਵਿਤਾ ਵਿੱਚ ਨਵੀਂ ਕਮੀਜ਼ ਗੱਲਾਂ ਕਰਦੀ ਹੈ। ਇਸੇ ਤਰ੍ਹਾਂ ‘ਪੱਗ’, ‘ਰਬੜ ਬੈਂਡ’, ‘ਚਾਕੂ’ ਤੇ ‘ਟਮਾਟਰ’ ਕਵਿਤਾਵਾਂ ਵਿੱਚ ਸੂਖਮ ਭਾਵ ਬੋਧ ਰਾਹੀਂ ਵੱਖਰਾ ਹੀ ਸੌਂਦਰਯ ਰੂਪਮਾਨ ਹੋ ਜਾਂਦਾ ਹੈ। ‘ਕਾਗਜ਼’ ਸਿਰਫ਼ ਹਿਸਾਬ-ਕਿਤਾਬ (ਰਾਸ਼ਨ ਦੀ ਸੂਚੀ) ਲਿਖਣ ਲਈ ਨਹੀਂ ਬਣਿਆ। ਅਜਿਹੀ ਕਬੀਲਦਾਰੀ ਦਾ ਬੋਝ ਚੁੱਕਣ ਨਾਲੋਂ ਉਹ ਹਵਾ ’ਚ ਉਡ ਕੇ ਮੀਂਹ ’ਚ ਭਿੱਜ ਜਾਣਾ ਚਾਹੁੰਦਾ ਹੈ। ਇਸ ਤਰ੍ਹਾਂ ਕਾਗਜ਼ ਦਾ ਬਿੰਬ ਮਨੁੱਖੀ ਤੰਗੀਆਂ-ਤੁਰਸ਼ੀਆਂ ਤੋਂ ਬੇਫ਼ਿਕਰ ਹੋ ਕੇ ਕੁਦਰਤ ਦੀ ਗੋਦ ਵਿੱਚ ਆਪਣੀ ਹੋਣੀ ਨੂੰ ਮਿਲਣ ਦੇ ਵਿਰਾਟ ਅਰਥ ਗ੍ਰਹਿਣ ਕਰ ਜਾਂਦਾ ਹੈ।
ਸ੍ਰੀ ਕੰਵਰ ਚੌਹਾਨ ਦਾ ਇੱਕ ਸ਼ੇਅਰ ਹੈ:
‘ਉਹ ਕੇਹਾ ਦੌਰ ਸੀ ਸਰਮਦ ਸੀ ਖਫ਼ਾ ਯਾਰਾਂ ’ਤੇ
ਮੈਨੂੰ ਤਾਂ ਪੱਥਰ ਵੀ ਲਗਦੇ ਨੇ ਗ਼ੁਲਾਬਾਂ ਵਾਂਗੂੰ।’
ਜੇ ਇਸ ਸ਼ੇਅਰ ਦੇ ਸੰਦਰਭ ਨੂੰ ਛੱਡ ਕੇ ਪੱਥਰਾਂ ਦੇ ਗ਼ੁਲਾਬਾਂ ਵਾਂਗ ਲੱਗਣ/ਵੱਜਣ ਦੇ ਆਧਾਰ ਨੂੰ ਗੁਰਪ੍ਰੀਤ ਦੀ ਕਵਿਤਾ `ਤੇ ਢੁਕਾ ਕੇ ਵੇਖੀਏ ਤਾਂ ਉਸ ਦੀ ‘ਪੱਥਰ’ ਕਵਿਤਾ ਨੂੰ ਪੜ੍ਹਿਆਂ ਸਪੱਸ਼ਟ ਹੁੰਦਾ ਹੈ ਕਿ ਨਦੀ ਕਿਨਾਰੇ ਪਿਆ ਪੱਥਰ ਕਿਸੇ ਕਲਾਕ੍ਰਿਤੀ ’ਚ ਢਲ ਜਾਣ ਦੀ ਬਨਿਸਬਤ ‘ਪੱਥਰ’ ਹੀ ਬਣਿਆ ਰਹਿਣਾ ਚਾਹੁੰਦਾ ਹੈ। ਇਸ ਕਵਿਤਾ ਵਿੱਚ ਪੱਥਰ ਦਾ ਹਿੱਲ ਕੇ ‘ਨਾਂਹ’ ਕਹਿਣ ਦਾ ਅੰਦਾਜ਼ ਫੁੱਲਾਂ ਨਾਲੋਂ ਵੀ ਅਧਿਕ ਕੋਮਲਤਾ ਗ੍ਰਹਿਣ ਕਰ ਜਾਂਦਾ ਹੈ। ਗੁਰਪ੍ਰੀਤ ਇਸ ਕੋਮਲਤਾ ਨੂੰ ਸਾਡੇ ਧੁਰ ਅੰਦਰ ਉਤਾਰ ਕੇ ਕਾਵਿ-ਬਿੰਬ ਮੁਕੰਮਲ ਕਰ ਦਿੰਦਾ ਹੈ।
ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਨਿਬੰਧ ‘ਸ਼ਹਿਰ ਦਾ ਨਲਕਾ’ ਵਿੱਚ ਨਲਕੇ ਦੀ ਆਤਮਕਥਾ ਲਿਖੀ ਹੈ। ਗੁਰਪ੍ਰੀਤ ਨਲਕੇ ਰਾਹੀਂ ਧਰਤੀ ਦੀ ਗਹਿਰਾਈ ਨਾਲ ਜੁੜਦਾ ਹੈ। ‘ਓਕ’ ਪੁਸਤਕ ਦੀ ਪਹਿਲੀ ਕਵਿਤਾ ‘ਪਹਿਲਾ ਭਾਂਡਾ’ ਰਾਹੀਂ ਵੀ ਉਹ ਇਤਿਹਾਸਕ ਤੇ ਦੰਤ-ਕਥਾਈ ਕੀਮਾ ਮਲਕੀ ਦੀ ਲੋਕ ਗਾਥਾ ਦੇ ਪ੍ਰਤੀਕਮਈ ਵੇਰਵਿਆਂ ਰਾਹੀਂ ਪਾਣੀ ਨਾਲ ਮਨੁੱਖੀ ਤੇਹ ਦਾ ਸਦੀਵੀ ਸਬੰਧ ਬਿਆਨ ਕਰਦਾ ਹੈ। ਉਹਦੀ ਕਵਿਤਾ ਵਿੱਚ ਧਰਤੀ ਤੇ ਆਕਾਸ਼ ਦੇ ਬਿੰਬ ਵਿਭਿੰਨ ਅਰਥਾਂ ਵਿੱਚ ਇਸਤੇਮਾਲ ਹੋਏ ਮਿਲਦੇ ਹਨ। ਕੁਦਰਤ ਦੇ ਇਹ ਵਿਰਾਟ ਵਰਤਾਰੇ ਆਦਿ-ਜੁਗਾਦਿ ਤੋਂ ਮਨੁੱਖੀ ਰੂਹ ਨੂੰ ਸਰਸ਼ਾਰ ਕਰਦੇ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਵਿਸਮਾਦਿਤ ਕਰਦੇ ਰਹਿਣਗੇ।
ਗੁਰਪ੍ਰੀਤ ਨੇ ‘ਸ਼ਬਦਾਂ ਦੀ ਮਰਜ਼ੀ’ ਤੇ ‘ਅਕਾਰਨ’ ਕਿਤਾਬਾਂ ਵਿੱਚ ਆਵਾਜ਼ਾਂ ਨੂੰ ਵੱਖਰੇ ਰੰਗਾਂ, ਸੁਆਦਾਂ, ਛੋਹਾਂ ਤੇ ਰੂਪਾਂ ਵਿੱਚ ਮਹਿਸੂਸ ਕਰਕੇ ਸਾਡੇ ਅੰਦਰ ਧੜਕਣ ਲਾ ਦਿੱਤਾ ਹੈ। ਆਵਾਜ਼ਾਂ ਨੂੰ ‘ਚੱਖਣ’ ਦਾ ਸੁਆਦ ਅਨੁਭਵ ਗੁਰੂ ਘਰੋਂ ਮਿਲੇ ਪ੍ਰਸਾਦ ਨੂੰ ਗ੍ਰਹਿਣ ਕਰਨ ਵਰਗਾ ਹੈ। ਗੁਰਪ੍ਰੀਤ ਦੀ ਮਾਨਸਿਕਤਾ ਵਿੱਚ ਕਵਿਤਾ, ਕਲਾ, ਚਿੱਤਰਕਾਰੀ ਤੇ ਫ਼ੋਟੋਕਾਰੀ ਆਦਿ ਵਿਭਿੰਨ ਪਾਸਾਰ ਘੁਲੇ-ਮਿਲੇ ਹੋਏ ਹਨ। ‘ਧਰਤੀ ਨੂੰ ਰੋਜ਼ ਲੱਭਣ ਤੇ ਗੁੰਮ ਜਾਣ ਦੇਣ ਵਾਂਗ’ ਉਹ ਸਾਡੇ ਅੰਦਰ ਵੀ ਧਰਤੀ ਜਿਹੀ ਵਿਸ਼ਾਲਤਾ ਤੇ ਖੋਜ-ਭਾਲ ਉਪਜਣ ਲਾ ਦਿੰਦਾ ਹੈ।
ਗੁਰਪ੍ਰੀਤ ਸਿਰਫ਼ ਕਵਿਤਾ ਹੀ ਨਹੀਂ ਲਿਖਦਾ, ਦੁਨੀਆ ਭਰ ਦੇ ਮਹਾਨ ਕਵੀਆਂ, ਕਲਾਕਾਰਾਂ, ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਵਾਚਦਾ/ਮਾਣਦਾ ਤੇ ਚਿੰਤਨ ਦਾ ਵਿਸ਼ਾ ਬਣਾਉਂਦਾ ਹੈ। ਇਹੋ ਕਾਰਨ ਹੈ ਕਿ ਬਰੈਖ਼ਤ, ਪਾਬਲੋ ਨੇਰੂਦਾ ਤੇ ਪਿਕਾਸੋ ਨੂੰ ਉਹ ਆਪਣੇ ਗੁਆਂਢ ਵਸਦੇ ਤਸੱਵਰ ਕਰਦਾ ਹੈ। ਇਹ ਸਿਰਜਣਾਤਮਕ ਅਮਲ ਗੁਆਂਢੀ ਦੀ ਕੁੱਤੀ ਦੇ ਪੰਜ ਕਤੂਰੇ ਦੇਣ ਦੀ ਸੂਚਨਾ ਨਾਲ ਹੋਰ ਵੀ ਮੁੱਲਵਾਨ ਤੇ ਸਿਰਜਣਸ਼ੀਲ ਹੋ ਜਾਂਦਾ ਹੈ।
‘ਇੱਕ ਵਾਰ ਫਿਰ’, ‘ਕਾਮਰੇਡ’ ਕਵਿਤਾਵਾਂ ਰਾਹੀਂ ਉਹ ਇਨਕਲਾਬ ਜ਼ਿੰਦਾਬਾਦ ਤੇ ਮਾਰਕਸ ਦੇ ਪ੍ਰਗਤੀਵਾਦੀ ਸਮਾਜਵਾਦੀ ਚਿੰਤਨ ਨਾਲ ਸਹਾਨਭੂਤੀ ਰੱਖਦਾ ਹੈ, ਬੇਸ਼ੱਕ ਖ਼ੁਦ ਉਹ ਇਸ ਵਿਚਾਰਧਾਰਾ ਨਾਲ ਪ੍ਰਤੀਬੱਧ ਨਹੀਂ ਹੈ। ਉਹਦੇ ਅੰਦਰਲਾ ਕਵੀ ਕਾਮਰੇਡ ਨਹੀਂ ਹੈ ਤੇ ਨਾ ਹੀ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਉਂਦਾ ਹੈ, ਪਰ ਅਛੋਪਲੇ ਹੀ ਮਨੁੱਖ ਦੀ ਸਦੀਵੀ ਜੰਗ ਨੂੰ ਸਾਡੇ ਸਨਮੁਖ ਪੇਸ਼ ਕਰ ਦਿੰਦਾ ਹੈ।
ਚਿੱਤਰਕਾਰਾਂ, ਕਲਾਕਾਰਾਂ, ਕਵੀਆਂ ਵਿੱਚੋਂ ਉਹ ਦੇਵ, ਸਿਧਾਰਥ, ਹਰਨਾਮ, ਦੇਵਨੀਤ, ਅਜਾਇਬ ਕਮਲ ਤੇ ਗਾਲਿਬ ਬਾਰੇ ਕਵਿਤਾਵਾਂ ਲਿਖਦਾ ਹੈ। ਖ਼ੂਬਸੂਰਤ ਗੱਲ ਇਹ ਹੈ ਕਿ ਉਹਨੂੰ ਅੱਖ ’ਚੋਂ ਟਪਕਿਆ ਹਰ ਹੰਝੂ ਗ਼ਾਲਿਬ ਦੀ ਹਵੇਲੀ ਲਗਦਾ ਹੈ। ਦੇਵਨੀਤ ਗੁਰਪ੍ਰੀਤ ਲਈ ਹਮਸਾਏ ਵਾਂਗ ਰਿਹਾ ਹੈ। ਉਸ ਦਾ ਸਦੀਵੀ ਵਿਛੋੜਾ ਉਸ ਲਈ ਬਹੁਤ ਉਦਾਸ ਕਰਨ ਵਾਲਾ ਮੰਜ਼ਰ ਸਾਬਿਤ ਹੋਇਆ ਹੋਵੇਗਾ।
‘ਮਾਘੀ ਨੱਚੇ’, ‘ਮਾੜਾ’, ‘ਬੰਤ ਸਿੰਘ ਝੱਬਰ’, ‘ਤਾਇਆ ਨਾਥੀ ਰਾਮ’, ‘ਢੱਠਾ’ ਵਰਗੇ ਜਾਨਦਾਰ ਸ਼ਬਦ ਚਿੱਤਰ ਰਚਨ ਤੋਂ ਇਲਾਵਾ ਉਹ ‘ਮਕਬੂਲ ਫ਼ਿਦਾ ਹੁਸੈਨ’, ‘ਸਿਧਾਰਥ’, ‘ਰਬਾਬੀ ਭਾਈ ਲਾਲ ਜੀ’ ਬਾਰੇ ਵੀ ਰੇਖਾ ਚਿੱਤਰ ਲਿਖਦਿਆਂ ਬੜੀਆਂ ਠੋਸ ਤੇ ਢੁੱਕਵੀਆਂ ਤਸ਼ਬੀਹਾਂ ਵਰਤਦਾ ਹੈ।
ਗੁਰਪ੍ਰੀਤ ਇੱਕ ਕਿਰਤੀ ਪਿਓ ਦਾ ਪੁੱਤਰ ਹੈ। ਪਿਤਾ ਬਾਰੇ ਕੀਤੀਆਂ ਗੱਲਾਂ ਬਾਪੂ/ਪੋਥੀ/ਸਾਹਾਂ ਵਰਗਾ/ਪਿਤਾ ਆਦਿ ਨਜ਼ਮਾਂ ਵਿੱਚੋਂ ਉਸ ਦੇ ਪਿਤਾ ਦਾ ਇੱਕ ਸਿਰਜਣਹਾਰੇ ਕਲਾਕਾਰ ਵਿਅਕਤੀ ਵਾਲਾ ਚਿੱਤਰ ਉਲੀਕਿਆ ਜਾਂਦਾ ਹੈ। ਪਿਤਾ ਦਾ ਚਿਹਰਾ ਪੋਥੀ ਦਾ ਪਹਿਲਾ ਪੰਨਾ ਵੀ ਬਣਦਾ ਹੈ ਤੇ ਸਾਹਾਂ ਵਰਗਾ ਹੋਣ ਦੇ ਨਾਤੇ ਇੱਕ ਕਲਾਕਾਰ ਪਿਤਾ ਦਾ ਰੂਪ ਵੀ ਇਖ਼ਤਿਆਰ ਕਰਦਾ ਹੈ, ਜੋ ਕਿਸੇ ਖੋਜੀ ਬਿਰਤੀ ਕਾਰਨ ਪੁਲਾੜ ਯਾਤਰੀ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ।
ਇਸ ਤੋਂ ਇਲਾਵਾ ‘ਆਟੋ ਚਾਲਕ ਦਾ ਸਹੁਰੇ ਜਾਣਾ, ਉਹ ਆਦਮੀ, ਘੋੜਾ, ਹੁਣ ਸੁਣਾਓ, ਉਸ ਦੇ ਕਾਵਿ ਚਿੱਤਰ ਹੀ ਹਨ, ਜਿਨ੍ਹਾਂ ਵਿੱਚ ਉਸ ਨੇ ਅਮਿੱਟ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਦੀਵਾਲੀ ਦੇ ਜਗਦੇ ਦੀਵਿਆਂ ਵਾਂਗ ਉਸ ਦੀਆਂ ਕਵਿਤਾਵਾਂ ਵਿੱਚ ਬਹੁਤ ਸਾਰੀਆਂ ਕਾਵਿ ਟੂਕਾਂ ਅਨੂਪਮ ਹਨ, ਯਥਾ:
‘ਉੱਡਦੇ ਪਰਿੰਦਿਆਂ ਨੂੰ ਚੋਗ ਲਈ ਧਰਤੀ ’ਤੇ ਉਤਰਨਾ ਹੀ ਪੈਂਦਾ ਹੈ।’ (ਕਵਿਤਾ ਦੀ ਦਿੱਖ) ਅਤੇ ‘ਖ਼ੈਰ ਉਹਦੀ ਅਲਮਾਰੀ ਦੀ ਇੱਕ ਕੁੰਜੀ ਅਜੇ ਵੀ ਮੇਰੇ ਕੋਲ ਹੈ।’ (ਕੁੰਜੀ)
ਵੱਧ ਕੀ ਆਖਾਂ ਕਿ ਘਰ ਪਰਿਵਾਰ ਤੋਂ ਲੈ ਕੇ ਕੁਦਰਤ ਦੇ ਅਨੰਤ ਪਸਾਰ ਤੱਕ ਦੇ ਰਿਸ਼ਤਿਆਂ ਦੀ ਉਹ ਅਜਿਹੀ ਕਾਵਿਮਈ ਖੇਡ ਰਚਾਉਂਦਾ ਹੈ ਕਿ ਸਾਰਾ ਕੁਝ ਸਾਨੂੰ ਆਪਣੇ ਸਾਹਾਂ ਦੇ ਕੋਲ ਕੋਲ ਮਹਿਸੂਸ ਹੁੰਦਾ ਹੈ। ਗੁਰਪ੍ਰੀਤ ਨੇ ਆਪਣੀਆਂ ਕਾਵਿ-ਪੁਸਤਕਾਂ ਵਿੱਚ ਕਈ ਕਵਿਤਾਵਾਂ ਨੂੰ ਦੁਹਰਾਇਆ ਵੀ ਹੈ, ਇਸ ਪ੍ਰਕਿਰਿਆ ਵਿੱਚ ਸ਼ਾਬਦਿਕ ਦੁਹਰਾਉ ਵੀ ਨਿਹਿਤ ਹੈ, ਪਰ ਉਸਦੀ ਅਤੇ ਉਸਦੇ ‘ਸ਼ਬਦਾਂ ਦੀ ਮਰਜ਼ੀ’ ਕਦੇ ਇੱਕ ਨਹੀਂ ਹੋਈ। ਇਹ ਅਸੰਤੁਸ਼ਟੀ ਹੀ ਉਸਦੇ ਕਾਵਿਕ ਵਿਕਾਸ ਦੀ ਗਵਾਹੀ ਭਰਦੀ ਹੈ ਅਤੇ ਉਸਨੂੰ ਕਾਵਿ ਸਫ਼ਰ ਦੇ ਅਗਲੇਰੇ ਰਾਹਾਂ ’ਤੇ ਵਧਣ ਦੀ ਪ੍ਰੇਰਨਾ ਦਿੰਦੀ ਹੈ।
ਗੁਰਪ੍ਰੀਤ ਕੋਲ ਸੱਚਮੁਚ ਹੀ ਕੋਈ ਚਾਨਣ ਦੀ ਸੂਈ ਹੈ, ਜਿਸ ਨਾਲ ਉਹ ਦਿਲਾਂ ਨੂੰ ਸਿਉਂ ਕੇ ਪਤਨੀ ਦੀ ਥਕਾਵਟ ਨੂੰ ਸੁੱਕਣੇ ਪਾਉਣ ਵਿੱਚ ਮਾਹਿਰ ਹੈ। ਬੱਚੇ ਵਾਂਗ ਕਿਸੇ ਦੀ ਗੱਲ ਸਮਝਣ ਲਈ ਉਤਸੁਕ ਹੈ। ਉਹ ਸ਼ਬਦ ਦੀ ਸੁਗੰਧ ਮਾਣਦਾ ਹੈ ਤੇ ਸ਼ਬਦ ਨੂੰ ਹਵਾ ਪਿਆਜ਼ੀ ਫੁੱਲ ਵਾਂਗ ਖਿੜਾ ਸਕਣ ਦੀ ਸਮਰੱਥਾ ਵੀ ਰੱਖਦਾ ਹੈ। ਆਲੂ, ਟਮਾਟਰ ਵਰਗੀਆਂ ਸਬਜ਼ੀਆਂ ਬਾਰੇ ਕਵਿਤਾ ਲਿਖਣਾ ਵੀ ਉਹਦਾ ਹਾਸਿਲ ਹੈ। ਉਸ ਨੂੰ ਆਪਣੇ ‘ਚਿੱਬ’ ਚਮਕਾਉਣ ਦੀ ਵੀ ਜਾਚ ਹੈ। ਸ਼ਾਇਦ ਹੀ ਉਸ ਨੂੰ ਆਪਣੀ ਕਦੇ ਜੀਵਨੀ ਲਿਖਣ ਦੀ ਲੋੜ ਪਵੇ। ਉਸ ਨੂੰ ਪਾਣੀ ਉੱਪਰ ਤੁਰਨ ਦੀ ਕਲਾ ਆਉਂਦੀ ਹੈ ਜਾਂ ਕਹਿ ਲਓ ਕਿ ਉਸਨੂੰ ਸੱਚਮੁੱਚ ਹੀ ਜਿਉਣਾ ਆਉਂਦਾ ਹੈ, ਇਸ ਲਈ ਉਹ ‘ਜਿਉਣ ਦੀ ਕਲਾ’ ਦੀ ਲੋੜ ਨਹੀਂ ਸਮਝਦਾ।
ਗੁਰਪ੍ਰੀਤ ਨੇ ਕਵਿਤਾ ਰਾਹੀਂ ਘਰ ਅੰਦਰ ਤੇ ਘਰੋਂ ਬਾਹਰ ਬਹੁਤ ਖ਼ੂਬਸੂਰਤ ਨਾਤੇ ਜੋੜੇ ਹਨ। ਇਨ੍ਹਾਂ ਰਿਸ਼ਤਿਆਂ ਨੂੰ ਉਹ ਪੂਰੀ ਸ਼ਿੱਦਤ ਨਾਲ ਜਿਊਂਦਾ ਤੇ ਨਿਭਾਉਂਦਾ ਹੈ। ਕਦੇ ਕਦੇ ਇੰਞ ਵੀ ਲਗਦਾ ਹੈ ਕਿ ਜਿਵੇਂ ਉਹ ਕਵਿਤਾ ਦੇ ਸਾਹੀਂ ਜਿਉਂਦਾ ਹੈ ਤੇ ਕਵਿਤਾ ਉਸਦੇ ਸਾਹੀਂ ਜਿਉਂਦੀ ਹੈ।
ਉਹ ਨਿਸ਼ਚੇ ਹੀ ਮਾਨਸੇ ਦਾ ਛੰਦਮੁਕਤ ਗੀਤ ਹੈ। ਉਸ ਦੀਆਂ ਕਵਿਤਾਵਾਂ ਨੂੰ ਮੈਂ ਵਾਰ ਵਾਰ ਪੜ੍ਹਦਾ ਹਾਂ। ਇਹ ਪੜ੍ਹਤ ਮੈਨੂੰ ਆਪਣੇ ਆਪ ਨਾਲ, ਆਪਣੇ ਆਲੇ-ਦੁਆਲੇ ਨਾਲ ਤੇ ਕੁੱਲ ਕਾਇਨਾਤ ਨਾਲ ਜੋੜਦੀ ਹੈ। ਉਹਦੇ ਸ਼ਬਦ ਮੇਰੇ ਕੋਲ ਹਵਾ ਦੇ ਠੰਡੇ ਰੁਮਕਿਆਂ ਵਾਂਗ ਆਉਂਦੇ ਹਨ ਤੇ ਮੈਨੂੰ ਸਕੂਨ ਦਿੰਦੇ ਹਨ। ਉਸਦੀ ਕਵਿਤਾ ਪੜ੍ਹਦਿਆਂ ਮੈਨੂੰ ਆਪਣਾ ਆਪ ਕਵੀ ਲੱਗਣ ਲੱਗ ਪੈਂਦਾ ਹੈ। ਇਸ ਤਰ੍ਹਾਂ ਮੇਰਾ, ਮੇਰੇ ਨਾਲ ਹੀ ਜੀਕਣ ਮੇਲ ਹੋ ਜਾਂਦਾ ਹੈ। ਕੰਮਬਖ਼ਤ! ਪਤਾ ਨਹੀਂ ਕਿਹੋ ਜਿਹੀ ‘ਸਿਆਹੀ’ ਘੋਲ਼ ਕੇ ਲਿਖਦਾ ਹੈ ਕਿ ਦਿਨੋ ਦਿਨ ਉਸਦੇ ਉੱਕਰੇ ਹਰਫ਼ ਮੇਰੇ ਅੰਦਰ ਹੋਰ ਗੂੜ੍ਹੇ ਹੋਈ ਜਾਂਦੇ ਹਨ।
ਉਸ ਦੀਆਂ ਸਿਰਜੀਆਂ ਸਪੇਸਾਂ ਵਿੱਚ ਬਹੁਤ ਡੂੰਘੇ ਭਾਵ ਛੁਪੇ ਹੁੰਦੇ ਹਨ। ਰੇਖਾਂਕਣਾਂ ਵਿੱਚੋਂ ਕਿੰਨੇ ਹੀ ਨਾਇਕ/ਪਾਤਰ ਉਜਾਗਰ ਹੋ ਜਾਂਦੇ ਹਨ ਅਤੇ ਅਕਾਰਨ ਹੀ ਤੁਸੀਂ ਕਹਿ ਉੱਠਦੇ ਹੋ ‘ਵਾਹ!’ ਗੁਰਪ੍ਰੀਤ ਤੇਰੀ ‘ਓਕ’ ਵਿੱਚ ਪਾਣੀ ਨਹੀਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਤੇਹਾਂ ਸਮਾਈਆਂ ਹੋਈਆਂ ਹਨ। ਤੇਰੀ ਕਵਿਤਾ ਵਿੱਚ ‘ਲਿਖਣਸਰ’ ਵਰਗੀ ਪਾਕ ਸੁਹਬਤ ਹੈ, ਜਿੱਥੇ ਲਿਖੀ ਲਿਪੀ ਸਾਨੂੰ ਅਨੰਤ ਦੇ ਸਫ਼ਰ ’ਤੇ ਲੈ ਤੁਰਦੀ ਹੈ। ਇਹ ਕਵਿਤਾ ਰੋਜ਼ਮੱਰਾ ਦੀਆਂ ਲੋੜਾਂ, ਜ਼ਰੂਰਤਾਂ ਸਮੇਤ ਰਾਸ਼ਨ ਦੀ ਸੂਚੀ ਤੋਂ ਲੈ ਕੇ ਚਿੱਠੀਆਂ ਭਰੇ ਝੋਲੇ ਤੱਕ ਅਣਗਿਣਤ ਯਾਦਾਂ ਆਪਣੀ ਬੁੱਕਲ ਵਿੱਚ ਸਮੇਟਦੀ ਹੋਈ ਸਾਡੇ ਧੁਰ ਅੰਦਰਲੀਆਂ ਜੜ੍ਹਾਂ ਤੱਕ ਫੈਲੀ ਹੋਈ ਹੈ। ਸ਼ਾਲਾ! ਤੇਰੀ ਕਵਿਤਾ ਦੇ ਟਾਹਣ, ਫੁੱਲਾਂ, ਪੱਤਿਆਂ, ਹਾਸਿਆਂ, ਦੁੱਖਾਂ-ਸੁੱਖਾਂ ਦੇ ਪਲਾਂ-ਛਿਣਾਂ ਦੀ ਮਾਰਮਿਕਤਾ ਤੱਕ ਵਿਸ਼ਾਲ ਹੋ ਕੇ ਫੈਲਦੇ ਰਹਿਣ।
ਮੈਂ ਉਸ ਬਾਰੇ ਲਿਖਣ ਲੱਗਿਆਂ ਉਸ ਦੀ ਅਪਣੱਤ ਨੂੰ ਮੱਦੇਨਜ਼ਰ ਰੱਖਦਿਆਂ ਸ਼ੁਰੂ ਵਿੱਚ ਕੁਝ ਬੋਲ ਕਹੇ ਸਨ, ਹੁਣ ਮੈਨੂੰ ਲਗਦਾ ਹੈ ਕਿ ਮੈਂ ਉਹਦੀ ਕਵਿਤਾ ਰਾਹੀਂ ਆਪਣੇ ਆਪ ਨੂੰ ਜਾਣਨ ਲਈ ਹੀ ਕੁਝ ਅਜਿਹਾ ਮਹਿਸੂਸ ਕੀਤਾ ਹੈ ਕਿ ਗੁਰਪ੍ਰੀਤ ਦੀ ਕਵਿਤਾ ਦਾ ਕੋਈ ਇੱਕ ਸਿਰਾ ਨਹੀਂ ਹੈ। ਉਸ ਨੂੰ ਕਿਸੇ ਵੀ ਸਿਰੇ ਤੋਂ ਜਾਂ ਕਿਸੇ ਵੀ ਜਾਵੀਏ ਤੋਂ ਦੇਖਿਆ ਜਾਵੇ, ਉਹ ਮੁਕੰਮਲ ਨਜ਼ਰ ਆਉਂਦੀ ਹੈ। ਅਜਿਹੀ ਕਵਿਤਾ ਬਾਰੇ ਬਹੁਤ ਕੁਝ ਕਹਿਣ ’ਤੇ ਵੀ ਬਹੁਤ ਕੁਝ ਅਣਕਿਹਾ ਹੀ ਰਹਿ ਜਾਵੇਗਾ। ਪੜ੍ਹਦਿਆਂ-ਪੜ੍ਹਦਿਆਂ ਉਹਦੇ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ। ਉਹਦੇ ਸ਼ਬਦ ਪਾਠਕਾਂ ਦੇ ਮਨ ਮਸਤਕ ਅੰਦਰ ਆਲ੍ਹਣਾ ਪਾ ਲੈਂਦੇ ਹਨ, ਜਿੱਥੋਂ ਨਵੇਂ ਅਰਥਾਂ ਦੇ ਪੰਛੀ ਚਹਿਕਦੇ, ਗੁਟਕਦੇ ਤੇ ਪਰ ਤੋਲਦੇ ਹਨ। ਉਹਦੀ ਕਵਿਤਾ ਬਾਰੇ ਮੁੰਦਾਵਣੀ ਲਿਖਦਿਆਂ ਮੈਨੂੰ ਫਿਰ ਅਜਮੇਰ ਰੋਡੇ ਦੇ ਕਹੇ ਬੋਲ ਵਰਤਣੇ ਪੈ ਰਹੇ ਹਨ, “ਗੁਰਪ੍ਰੀਤ ਦੀਆਂ ਕਵਿਤਾਵਾਂ ਨੂੰ ਕਿਸੇ ਤਰਤੀਬ ਵਿੱਚ ਪੜ੍ਹਨ ਦੀ ਲੋੜ ਨਹੀਂ। ਆਦਿ ਗ੍ਰੰਥ ਵਿੱਚੋਂ ਵਾਕ ਲੈਣ ਵਾਂਗ ਪੁਸਤਕ ਕਿਤੇ ਵੀ ਖੋਲ੍ਹੀ ਜਾ ਸਕਦੀ ਹੈ। ਹਰ ਕਵਿਤਾ ਆਪਣਾ ਸੁਤੰਤਰ ਅਨੁਭਵ ਪੇਸ਼ ਕਰਦੀ ਹੈ। ਆਧੁਨਿਕ ਨਿੱਕੀ ਕਵਿਤਾ ਦੀ ਇਹੋ ਖ਼ੂਬੀ ਹੈ।”

Leave a Reply

Your email address will not be published. Required fields are marked *