ਡਾਕਟਰ ਲਵ

ਅਧਿਆਤਮਕ ਰੰਗ ਆਮ-ਖਾਸ

ਆਸਾ ਸਿੰਘ ਘੁੰਮਣ
ਜ਼ਿੰਦਗੀ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜੋ ਤਾਉਮਰ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਅਤੇ ਕੁਝ ਚੰਗਾ ਚੰਗਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਸੀਂ ਬੀ.ਏ. ਫਾਈਨਲ ਦੇ ਇਮਤਿਹਾਨ ਦੇ ਰਹੇ ਸਾਂ ਕਿ ਸਾਡੇ ਪੰਜਾਬੀ ਦੇ ਅਧਿਆਪਕ ਪ੍ਰੋਫੈਸਰ ਤਰਲੋਕ ਸਿੰਘ ਹੁਰਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯੂਥ ਵਿਭਾਗ ਵੱਲੋਂ ਇੱਕ ਯੂਥ ਲੀਡਰਸ਼ਿਪ ਕੈਂਪ ਬੇਰਿੰਗ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਲੱਗ ਰਿਹਾ ਹੈ,

ਜਿਸ ਵਿੱਚ ਸਾਡੇ ਕਾਲਜ ਦੇ ਦਸ ਵਿਦਿਆਰਥੀ ਚੁਣੇ ਜਾਣੇ ਸਨ। ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਅਤੇ ਮੈਨੂੰ ਲੀਡਰ ਨਿਸ਼ਚਿਤ ਕਰ ਦਿੱਤਾ ਗਿਆ। ਅਸੀਂ ਆਪਣਾ ਬੋਰੀਆ-ਬਿਸਤਰਾ ਚੁੱਕਿਆ ਤੇ ਨਿਰਧਾਰਤ ਮਿਤੀ ‘ਤੇ ਬਟਾਲੇ ਪਹੁੰਚ ਗਏ। ਬੇਰਿੰਗ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਪ੍ਰੋਫੈਸਰ ਓਮ ਪ੍ਰਕਾਸ਼ ਅਤੇ ਕਮਿਸਟਰੀ ਦੇ ਪ੍ਰੋਫੈਸਰ ਗੁਪਤਾ ਇਸ ਕੈਂਪ ਦੇ ਮੁੱਖ ਪ੍ਰਬੰਧਕ ਸਨ। ਇਸ ਕੈਂਪ ਵਿੱਚ ਕਪੂਰਥਲਾ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦਸ-ਬਾਰਾਂ ਕਾਲਜਾਂ ਦੇ ਸੌ ਕੁ ਵਿਦਿਆਰਥੀ ਹਿੱਸਾ ਲੈ ਰਹੇ ਸਨ। ਮੇਰੇ ਆਪਣੇ ਕਾਲਜ ਦੀ ਟੁਕੜੀ ਕੈਂਪ ਦੀਆਂ ਗਤੀਵਿਧੀਆਂ ਵਿੱਚ ਅਨੁਸ਼ਾਸਨਮਈ ਢੰਗ ਨਾਲ ਵਧੀਆ ਕਾਰਗੁਜ਼ਾਰੀ ਕਰ ਰਹੀ ਸੀ। ਮੈਂ ਸਮੁੱਚੇ ਰੂਪ ਵਿੱਚ ਵੀ ਕੈਂਪ-ਗਤੀਵਿਧੀਆਂ ਦੇ ਸੰਚਾਲਨ ਵਿੱਚ ਜ਼ਿੰਮੇਵਾਰੀ ਨਾਲ ਰੋਲ ਅਦਾ ਕਰ ਰਿਹਾ ਸਾਂ।
ਕੈਂਪ ਦੇ ਆਖਰੀ ਦਿਨ ਤੋਂ ਪਹਿਲੀ ਸ਼ਾਮ ਇੱਕ ਗੈਰ-ਰਸਮੀ ਗੱਲਬਾਤ ਵਿੱਚ ਪ੍ਰੋਫੈਸਰ ਓਮ ਪ੍ਰਕਾਸ਼ ਅਤੇ ਪ੍ਰੋਫੈਸਰ ਗੁਪਤਾ ਨੇ ਮੈਨੂੰ ਪੁੱਛਿਆ ਕਿ ਮੈਂ ਅੱਗੋਂ ਕੀ ਕਰਨ ਬਾਰੇ ਸੋਚਿਆ ਹੈ? ਮੈਂ ਦੱਸਿਆ ਕਿ ਮੈਂ ਜਲੰਧਰ ਡੀ.ਏ.ਵੀ. ਕਾਲਜ `ਚੋਂ ਐੱਮ.ਏ. ਇੰਗਲਿਸ਼ ਕਰਨ ਬਾਰੇ ਸੋਚ ਰਿਹਾ ਹਾਂ। ਇਹ ਸੁਣਦਿਆਂ ਹੀ ਉਨ੍ਹਾਂ ਫੈਸਲਾਕੁੰਨ ਸੁਰ ਵਿੱਚ ਸੁਝਾਅ ਦਿੱਤਾ ਕਿ ਮੈਂ ਇੰਗਲਿਸ਼ ਬੇਰਿੰਗ ਕਾਲਜ ਤੋਂ ਕਰਾਂ, ਜਿੱਥੇ ਡਾਕਟਰ ਪਾੱਲ ਲਵ ਹੈੱਡ ਆਫ਼ ਦੀ ਡਿਪਾਰਟਮੈਂਟ ਹਨ। ਬਾਕੀ ਸਟਾਫ ਵੀ ਬਹੁਤ ਵਧੀਆ ਹੈ, ਲਾਇਬਰੇਰੀ ਬੜੀ ਕਮਾਲ ਦੀ ਹੈ ਅਤੇ ਬਾਕੀ ਸਮੁੱਚਾ ਪ੍ਰਬੰਧ ਵੀ ਸਲਾਹੁਣਯੋਗ ਹੈ।
ਬੇਰਿੰਗ ਵਾਲੇ ਐੱਮ.ਏ. ਵਿੱਚ ਉਸ ਵੇਲੇ ਸਿਰਫ 15-20 ਵਿਦਿਆਰਥੀ ਹੀ ਰੱਖਦੇ ਸਨ, ਪਰ ਅਡਮਿਸ਼ਨ ਲਈ ਕਾਫੀ ਰਸ਼ ਪੈਂਦਾ ਸੀ। ਖ਼ੈਰ! ਅਡਮਿਸ਼ਨ ਤਾਂ ਮਿਲ ਹੀ ਜਾਣਾ ਸੀ ਤੇ ਮਿਲ ਵੀ ਗਿਆ। ਉਂਝ ਡਾਕਟਰ ਲਵ ਦਾਖਲੇ ਤੋਂ ਪਹਿਲਾਂ ਹੀ ਇੱਕ ਸਾਲ ਦੀ ਛੁੱਟੀ `ਤੇ ਅਮਰੀਕਾ ਚਲੇ ਗਏ ਸਨ। ਕਲਾਸਾਂ ਲੱਗਣ ਉਪਰੰਤ ਅਸੀਂ ਵੇਖਿਆ ਕਿ ਸਾਡੇ ਸੀਨੀਅਰ ਡਾਕਟਰ ਲਵ ਨੂੰ ਬਹੁਤ ਮਿੱਸ ਕਰ ਰਹੇ ਸਨ। ਉਹ ਗੱਲ ਗੱਲ `ਤੇ ਉਸਦੇ ਗੁਣ-ਗਾਇਨ ਕਰਨ ਲੱਗ ਪੈਂਦੇ। ਐਂ ਸੀ ਜਿਵੇਂ ਡਾਕਟਰ ਲਵ ਬਿਨ ਓਦਰੇ ਪਏ ਹੋਣ!
ਮੇਰੀਆਂ ਆਰਥਿਕ ਅਤੇ ਮਾਨਸਿਕ ਮੁਸ਼ਕਲਾਂ ਤਾਂ ਪਹਿਲਾਂ ਹੀ ਬਹੁਤ ਸਨ, ਪਰ ਉਨ੍ਹਾਂ ਵਿੱਚ ਹੋਰ ਵਾਧਾ ਹੋਣ ਵਾਲਾ ਸੀ! ਨਵੰਬਰ-ਦਸੰਬਰ ਵਿੱਚ ਮੇਰੇ ਪਿਤਾ ਜੀ ਸਖ਼ਤ ਬਿਮਾਰ ਹੋ ਗਏ ਅਤੇ ਜਨਵਰੀ ਵਿੱਚ ਮਾਘੀ ਵਾਲੇ ਦਿਨ ਉਹ ਮੈਨੂੰ ਇਸ ਸੰਸਾਰ ਵਿੱਚ ਇਕੱਲੇ ਛੱਡ ਸਦੀਵੀ ਵਿਛੋੜਾ ਦੇ ਗਏ। ਮੈਂ ਦੁਬਿਧਾ ਵਿੱਚ ਸਾਂ ਕਿ ਹੁਣ ਆਪਣੀ ਪੜ੍ਹਾਈ ਜਾਰੀ ਰੱਖਾਂ ਤਾਂ ਕਿਵੇਂ ਰੱਖਾਂ? ਸੋਚ ਰਿਹਾ ਸਾਂ ਕਿ ਅਗਲੇ ਸੈਸ਼ਨ ਵਿੱਚ ਬੀ.ਐੱਡ. ਕਰ ਲਵਾਂਗਾ। ਮੇਰੀ ਇਹ ਦੁਬਿਧਾ ਵੇਖ ਕੇ ਅਫਸੋਸ ‘ਤੇ ਮੇਰੇ ਪਿੰਡ ਪਹੁੰਚੇ ਸਹਿਪਾਠੀਆਂ ਵਿੱਚੋਂ ਇੱਕ, ਸਤੀਸ਼ ਡੋਗਰਾ ਨੇ ਡਾਕਟਰ ਲਵ ਨੂੰ ਮੇਰੀ ਸਾਰੀ ਅਵੱਸਥਾ ਦੱਸਦੇ ਹੋਏ ਅਮਰੀਕਾ ਵਿੱਚ ਚਿੱਠੀ ਲਿਖੀ ਦਿੱਤੀ (ਸਤੀਸ਼ ਡੋਗਰਾ ਬਾਅਦ ਵਿੱਚ ਆਈ.ਪੀ.ਐੱਸ. ਬਣੇ ਅਤੇ ਡੀ.ਜੀ.ਪੀ. ਤਾਮਿਲਨਾਡੂ ਰਿਟਾਇਰ ਹੋਏ)। ਡਾਕਟਰ ਲਵ ਨੇ ਅਮਰੀਕਾ ਤੋਂ ਤਤਕਾਲੀ ਮੁਖੀ ਅੰਗਰੇਜ਼ੀ ਵਿਭਾਗ, ਮਿਸਟਰ ਸਾਕੀ ਨੂੰ ਚਿੱਠੀ ਲਿਖੀ ਕਿ ਮੈਨੂੰ ਕਾਲਜ ਬੁਲਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੇਰੀ ਪੜ੍ਹਾਈ ਨਿਰੰਤਰ, ਨਿਰ-ਵਿਘਨ ਚੱਲਦੀ ਰਹੇ।
ਅਮਰੀਕਾ ਤੋਂ ਵਾਪਸ ਆਏ ਡਾਕਟਰ ਲਵ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਅਡੋਲ ਜਿਹੇ ਮੇਰਾ ਹੱਥ ਪਕੜ ਲਿਆ। ਹੱਥ ਨੂੰ ਨਿੱਕਾ-ਨਿੱਕਾ ਪਲੋਸਦੇ ਰਹੇ, ਘੁਟਦੇ ਰਹੇ! ਅਤੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਪੜ੍ਹਾਈ ਬਾਰੇ ਪੁੱਛਦੇ ਰਹੇ। ਹੱਥ ਪਕੜਨ ਦਾ ਉਹ ਅਹਿਸਾਸ ਮੇਰੇ ਮਨ-ਮਸਤਕ ਵਿੱਚ ਅੱਜ ਵੀ ਤਾਜ਼ਾ ਹੈ! ਜਿਵੇਂ ਕੋਈ ਅਮੂਕ ਭਾਸ਼ਾ ਵਿੱਚ ਕਹਿ ਰਿਹਾ ਹੋਵੇ, “ਡੋਲੀ ਦਾ ਨਹੀਂ।”
ਛੇਤੀ ਹੀ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਸਾਡੇ ਸੀਨੀਅਰ ਡਾਕਟਰ ਸਾਹਿਬ ਨੂੰ ਕਿਉਂ ਗੱਲੇ-ਕੱਥੇ ਯਾਦ ਕਰਦੇ ਰਹਿੰਦੇ ਸਨ। ਡਾਕਟਰ ਲਵ ਵਧੀਆ ਅਧਿਆਪਕ ਤਾਂ ਹੈ ਹੀ ਸਨ, ਪਰ ਇਨਸਾਨੀਅਤ ਪੱਖੋਂ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ। ਉਹ ਰੱਬੀ-ਰੂਹ ਸਨ, ਫਰਿਸ਼ਤਾ ਸਨ! ਥੋੜ੍ਹੇ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਦੀ ਵਿਦਿਆਰਥੀਆਂ ਨਾਲ ਸਾਂਝ ਬੜੀ ਨਜ਼ਦੀਕੀ ਵਾਲੀ ਸੀ। ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ੀ ਵਿਭਾਗ ਨੂੰ ਅਜੇ ਆਪਣੀ ਵੱਖਰੀ ਬਿਲਡਿੰਗ ਨਹੀਂ ਸੀ ਮਿਲੀ। ਕਲਾਸਾਂ ਕਈ ਵਾਰ ਡਾਕਟਰ ਸਾਹਿਬ ਦੇ ਡਰਾਇੰਗ ਰੂਮ ਵਿੱਚ ਲਗਦੀਆਂ। ਅਸੀਂ ਕਈ ਵਾਰੀ ਚੋਰੀ ਦੇਣੀ ਡਾਕਟਰ ਲਵ ਦੀ ਕਿਚਨ ਵਿੱਚ ਜਾ ਵੜਦੇ ਤੇ ਉਥੇ ਪਏ ਸੇਬ ਵਗੈਰਾ ਖਾ ਜਾਂਦੇ। ਜੇ ਕੋਈ ਅਜਿਹੀ ਗੁਸਤਾਖ਼ੀ ਕਰਦਾ ਫੜਿਆ ਵੀ ਜਾਂਦਾ ਤਾਂ ਡਾਕਟਰ ਲਵ ਅਣਜਾਣ ਜਿਹੇ ਬਣੇ ਰਹਿੰਦੇ ਜਾਂ ਉਸਦੀ ਸ਼ਰਾਰਤ ‘ਤੇ ਮਾਸੂਮਾਂ ਵਾਂਗੂੰ ਮੁਸਕਰਾ ਛੱਡਦੇ।
ਡਾਕਟਰ ਲਵ ਬਾਰੇ ਬਹੁਤ ਮਸ਼ਹੂਰ ਸੀ ਕਿ ਕਲਾਸ ਵਿੱਚ ਕਿਸੇ ਵਿਦਿਆਰਥੀ ਦੇ ਗਲਤ ਤੋਂ ਗਲਤ ਜੁਆਬ ਨੂੰ ਵੀ ਉਹ ਸਪਾਟ ਦੇਣੀਂ ‘ਗਲਤ’ ਕਦੀ ਨਹੀਂ ਸਨ ਕਹਿੰਦੇ। ਉਹ ਗਲਤ ਜੁਆਬ ਦੇਣ ਵਾਲੇ ਵਿਦਿਆਰਥੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ, ਮਿੰਨਾ ਜਿਹਾ ਮੁਸਕਰਾਉਂਦੇ ਅਤੇ ਸਹਿਜੇ ਜਿਹੇ ਕਹਿੰਦੇ, “ਬੱਟ ਸੌਰੀ, ਆਸਾ, ਦਿਸ ਇਜ਼ ਨਾਟ ਦਾ ਰਾਈਟ ਆਨਸਰ।” ਜਿਹੜਾ ਪੇਪਰ ਉਹ ਪੜ੍ਹਾਉਂਦੇ ਸਨ, ਉਸ ਟੈਕਸਟ-ਬੁੱਕ ਦਾ ਬੈਸਟ ਅਡੀਸ਼ਨ ਉਹ ਖ਼ੁਦ ਚੁਣਦੇ, ਆਪ ਪੁਸਤਕਾਂ ਖ਼ਰੀਦਦੇ ਅਤੇ ਕਲਾਸ ਵਿੱਚ ਨਿਰਸ਼ੁਲਕ ਵੰਡ ਦਿੰਦੇ। ਸੈਕੰਡ ਹੈਂਡ ਕਿਤਾਬਾਂ ਵਰਤਣ ਦੀ ਸਾਨੂੰ ਇਜਾਜ਼ਤ ਨਹੀਂ ਸੀ। ਡਾਕਟਰ ਲਵ ਸੋਚਦੇ ਸਨ ਕਿ ਪੁਰਾਣੀ ਕਿਤਾਬ ‘ਤੇ ਲਿਖੇ ਅਰਥ ਅਤੇ ਕਥਨ ਸਾਡੀ ਓਰਿਜ਼ਨੈਲਿਟੀ ਨੂੰ ਪ੍ਰਭਾਵਿਤ ਕਰਦੇ ਹਨ।
ਡਾਕਟਰ ਲਵ ਕ੍ਰਿਸਚੀਅਨ ਮਿਸ਼ਨਰੀ ਸਨ ਅਤੇ ਉਨ੍ਹਾਂ ਨੇ ਸ਼ਾਦੀ ਨਹੀਂ ਸੀ ਕਰਾਈ। ਉਹ ਆਪਣਾ ਸਾਰਾ ਕੁਝ ਲੋੜਵੰਦਾਂ ਨੂੰ ਸਮਰਪਿਤ ਕਰੀ ਜਾ ਰਹੇ ਸਨ। ਉਹ ਲੋੜਵੰਦ ਵਿਦਿਆਰਥੀਆਂ ਦੀ ਦਿਲ ਖੋਲ੍ਹ ਕੇ ਮਦਦ ਕਰਦੇ, ਖ਼ਾਸ ਤੌਰ ‘ਤੇ ਹੋਸਟਲ-ਵਿਦਿਆਰਥੀਆਂ ਦੀ। ਮੈਨੂੰ ਯਾਦ ਹੈ, ਇੱਕ ਵਾਰ ਡਾਕਟਰ ਲਵ ਨੇ ਸਾਨੂੰ ਹੋਸਟਲ ਵਾਲਿਆਂ ਨੂੰ ਬੁਲਾਇਆ ਅਤੇ ਕਿਹਾ ਤੁਸੀਂ ਲਿਖ ਕੇ ਦਿਓ ਕਿ ਤੁਸੀਂ ਹਰ ਮਹੀਨੇ ਕਿੰਨੇ ਪੈਸੇ ਅਦਾ ਕਰ ਸਕਦੇ ਹੋ। ਆਪਣੇ ਇਮਾਨ ਨਾਲ ਲਿਖਣਾ ਹੁੰਦਾ ਸੀ। ਕੋਈ ‘ਅਰਜ਼ੀ’ ਨਹੀਂ, ਕੋਈ ‘ਦਰਖ਼ਾਸਤ’ ਨਹੀਂ। ਕੋਈ ਆਪਣੀ ਗਰੀਬੀ ਦਾ ਐਲਾਨਨਾਮਾ ਜਾਂ ਹਲਫੀਆ ਬਿਆਨ ਨਹੀਂ। ਬੱਸ, ਇੱਕ ਲਾਈਨ: ਮੈਂ ਏਨੇ ਪੈਸੇ ਦੇ ਸਕਦਾ ਹਾਂ। ਥੱਲੇ ਆਪਣੇ ਦਸਤਖ਼ਤ, ਕਲਾਸ ਅਤੇ ਰੋਲ ਨੰਬਰ। ਵਾਹ! ਡਾਕਟਰ ਲਵ, ਤੇਰੇ ਜਿਹਾ ਕੋਈ ਹੋਰ ਨਹੀਂ!
ਕਾਲਜ ਦੀ ਅਕਾਊਂਟ ਬਰਾਂਚ ਨੂੰ ਵੱਖਰੀ ਹਦਾਇਤ ਸੀ ਕਿ ਇੰਗਲਿਸ਼ ਡਿਪਾਰਟਮੈਂਟ ਦੇ ਕਿਸੇ ਵੀ ਡਿਫਾਲਟਰ ਵਿਦਿਆਰਥੀ ਦਾ ਨਾਂ ਨੋਟਿਸ ਬੋਰਡ ‘ਤੇ ਨਹੀਂ ਜਾਣਾ ਚਾਹੀਦਾ। ਜੇ ਕੋਈ ਅਜਿਹਾ ਵਿਦਿਆਰਥੀ ਹੋਵੇ ਤਾਂ ਉਸਦਾ ਨਾਂ ਡਾਕਟਰ ਲਵ ਕੋਲ ਭੇਜਿਆ ਜਾਵੇ। ਬੱਸ ਫਿਰ ਉਹ ਜਾਨਣ ਤੇ ਉਨ੍ਹਾਂ ਦਾ ਕੰਮ!
ਮੇਰੇ ਪਿਛਲੇ ਕਾਲਜ ਗੁਰੂ ਨਾਨਕ ਪ੍ਰੇਮ ਕਰਮ ਸਰ ਕਾਲਜ ਨਡਾਲਾ ਵਿਖੇ ਅੰਗਰੇਜ਼ੀ ਦੇ ਸਾਡੇ ਹਰਮਨ ਪਿਆਰੇ ਅਧਿਆਪਕ ਪ੍ਰੋ. ਜਗੀਰ ਸਿੰਘ ਦੀ ਪਿਆਰ ਭਰੀ ਚਿੱਠੀ ਆਈ ਕਿ ਮੈਂ ਡਾਕਟਰ ਲਵ ਨੂੰ ਸਨਿਮਰ ਬੇਨਤੀ ਕਰਾਂ ਕਿ ਉਹ ਬੀ.ਏ. ਫਾਈਨਲ ਵਿੱਚ ਪੜ੍ਹਾਏ ਜਾ ਰਹੇ ਸ਼ੈਕਸਪੀਅਰ ਦੇ ਨਾਟਕ ‘ਮਰਚੈਂਟ ਆਫ਼ ਵੈਨਿਸ’ ‘ਤੇ ਐਕਸਟੈਨਸ਼ਨ ਲੈਕਚਰ ਦੇਣ ਲਈ ਨਡਾਲੇ ਕਾਲਜ ਆਉਣ। ਮੈਂ ਸੋਚਿਆ ਡਾਕਟਰ ਲਵ ਨੂੰ ਮੈਂ ਅੰਗਰੇਜ਼ੀ ਵਿੱਚ ਕੀ ਸਮਝਾਂਦਾ ਫਿਰਾਂਗਾ, ਮੈਂ ਚਿੱਠੀ ਉਨ੍ਹਾਂ ਦੇ ਅੱਗੇ ਜਾ ਰੱਖੀ। ਉਨ੍ਹਾਂ ਚਿੱਠੀ ਪੜ੍ਹੀ, ਸਕਿੰਟ ਕੁ ਸੋਚਿਆ ਤੇ ‘ਓ.ਕੇ. ਆਸਾ’ ਕਹਿ ਕੇ ਮੇਰੀ ਖੁਸ਼ੀ ਨੂੰ ਖੰਭ ਲਾ ਦਿੱਤੇ, ਕਿਉਂਕਿ ਇਸ ਨਾਲ ਪਿਛਲੇ ਕਾਲਜ ਵਿੱਚ ਮੇਰੀ ਪੂਰੀ ਟੌਹਰ ਬਣ ਜਾਣੀ ਸੀ।
ਮੁਕੱਰਰ ਤਾਰੀਕ `ਤੇ ਅਸੀਂ ਬਟਾਲੇ ਤੋਂ ਬੱਸ ਲੈ ਕੇ ਸੁਭਾਨਪੁਰ ਅਤੇ ਫਿਰ ਸੁਭਾਨਪੁਰ ਤੋਂ ਨਡਾਲੇ ਅੱਡੇ ‘ਤੇ ਪਹੁੰਚ ਗਏ, ਤੇ ਫਿਰ ਅੱਡੇ ਤੋਂ ਤੁਰ ਕੇ ਕਾਲਜ। ਪੇਂਡੂ ਕਾਲਜ ਵਿੱਚ ਕਿਸੇ ‘ਅੰਗਰੇਜ਼’ ਦਾ ਲੈਕਚਰ ਦੇਣ ਆਉਣਾ ਬੜਾ ਦਿਲਕਸ਼ ਵਾਕਿਆ ਸੀ। ਵਿਦਿਆਰਥੀਆਂ ਨੇ ਲੈਕਚਰ ਬੜੇ ਧਿਆਨ ਨਾਲ ਸੁਣਿਆ। ਕੁਝ ਪੱਲੇ ਪਿਆ ਕਿ ਨਹੀਂ, ਅੱਲਾ ਜਾਣੇ! ਲੈਕਚਰ ਤੋਂ ਬਾਅਦ ਪ੍ਰੋ. ਸਾਹਿਬ ਵੱਲੋਂ ਅਗਾਊਂ ਲਿਖ ਕੇ ਦਿੱਤੇ ਸੁਆਲ ਵੀ ਪੁੱਛੇ ਗਏ। ਇੱਕ ਦੋ ਵਿਦਿਆਰਥੀ ਨੂੰ ਉਹ ਸੁਆਲ ਭੁੱਲ ਗਏ ਤੇ ਪੰਜਾਬੀ ਵਿੱਚ ਸੁਆਲ ਪੁੱਛਣ ਲੱਗੇ! ਡਾਕਟਰ ਲਵ ਸਭ ਕੁਝ ਸੁਣਦੇ ਰਹੇ, ਵਾਚਦੇ ਰਹੇ, ਮੁਸਕਰਾਂਦੇ ਰਹੇ ਅਤੇ ਹਾਲਾਤ ਮਾਣਦੇ ਰਹੇ।
ਬਟਾਲੇ ਵਿੱਚ ਰਹਿੰਦਿਆ ਸਾਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਉਨ੍ਹਾਂ ਦਾ ਕੋਈ ਖ਼ਾਸ ਸੋਸ਼ਲ ਸਰਕਲ ਨਹੀਂ ਸੀ, ਪਰ ਉਹ ਆਪਣੇ ਕਿੱਤੇ ਨੂੰ ਸਮਰਪਿਤ ਹਰ ਪਲ ਰੁੱਝੇ ਨਜ਼ਰ ਆਉਂਦੇ ਸਨ। ਅਸੀਂ ਉਨ੍ਹਾਂ ਨੂੰ ਅਕਸਰ ‘ਬਿਜ਼ੀ ਬੀ’ ਕਹਿੰਦੇ, ਉਹ ਅੱਗੋਂ ਹੱਸ ਕੇ ਕਹਿ ਛੱਡਦੇ, “ਬੱਟ ਨਾੱਟ ਏ ਬਿਜ਼ੀ ਬੀ।” ਉਨ੍ਹਾਂ ਦਾ ਇੱਕ ਵੱਖਰਾ ਹੀ ਪ੍ਰਭਾਵਸ਼ਾਲੀ ਔਰਾ ਸੀ। ਅਸੀਂ ਕਦੀ ਉਨ੍ਹਾਂ ਨੂੰ ਗੁੱਸੇ ਵਿੱਚ ਆਏ ਨਹੀਂ ਸੀ ਵੇਖਿਆ। ਉਹ ਹਮੇਸ਼ਾ ਨਿੱਕ-ਨਿੱਕਾ ਹੱਸਦੇ ਰਹਿੰਦੇ, ਘੱਟ ਬੋਲਦੇ ਪਰ ਜਦ ਬੋਲਦੇ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਚਿਰ-ਸਥਾਈ ਪ੍ਰਭਾਵ ਛੱਡ ਜਾਂਦੇ।
ਉਹ ਭਾਵੇਂ ਖ਼ੁਦ ਗ੍ਰਹਿਸਥੀ ਨਹੀਂ ਸਨ, ਪਰ ਆਪਣੇ ਵਿਦਿਆਰਥੀਆਂ ਦੇ ਘਰ-ਪਰਿਵਾਰ ਵਿੱਚ ਉਹ ਪੂਰੀ ਦਿਲਚਸਪੀ ਦਿਖਾਉਂਦੇ ਸਨ। ਆਪਣੀ ਸ਼ਾਦੀ ਦੇ ਮੌਕੇ ਮੈਂ ਬੇਰਿੰਗ ਵਿੱਚ ਹੀ ਲੀਵ ਵੈਕੇਂਸੀ ‘ਤੇ ਕੰਮ ਕਰ ਰਿਹਾ ਸਾਂ। ਮੈਂ ਝਕਦੇ-ਝਕਦੇ ਉਨ੍ਹਾਂ ਨੂੰ ਸ਼ਾਦੀ ਦਾ ਕਾਰਡ ਦੇਣ ਲਈ ਪਹੁੰਚ ਗਿਆ। ਉਹ ਕਾਰਡ ਪੜ੍ਹ ਕੇ ਖੂਬ ਮੁਸਕਰਾਏ ਅਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹ ਸੱਚੀਂ-ਮੁਚੀਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੰਗ ਪਾਲ ਅਤੇ ਮੇਰੀ ਕਲਾਸ ਫੈਲੋ ਵਿਭਾ ਉਬਰਾਏ ਸਮੇਤ ਮੇਰੇ ਸਹੁਰੇ-ਪਿੰਡ ਪਹੁੰਚ ਗਏ। ਫੈਸਲਾ ਹੋਇਆ ਕਿ ਡਾਕਟਰ ਲਵ ਜੋੜੀ ਨੂੰ ਮੁਬਾਰਕਾਂ ਦੇਣਗੇ ਅਤੇ ਪ੍ਰੋ. ਜਗੀਰ ਸਿੰਘ ਉਸਦਾ ਨਾਲੋ-ਨਾਲ ਪੰਜਾਬੀ ਵਿੱਚ ਅਨੁਵਾਦ ਕਰੀ ਜਾਣਗੇ। ਉਹ ਮੌਕਾ ਇੱਕ ਯਾਦਗਰੀ ਬਣ ਗਿਆ, ਜਿਸਨੂੰ ਯਾਦ ਕਰਕੇ ਰਿਸ਼ਤੇਦਾਰ ਅੱਜ ਵੀ ਹੁਲਾਸ ਵਿੱਚ ਆ ਜਾਂਦੇ ਹਨ।
ਉਨ੍ਹਾਂ ਦਾ ਇੱਕ ਖ਼ਾਸ ਗੁਣ ਮੈਨੂੰ ਵਿਸ਼ੇਸ਼ ਤੌਰ ‘ਤੇ ਅੱਜ ਵੀ ਵਰਨਣਯੋਗ ਲੱਗਦਾ ਹੈ ਕਿ ਏਡੇ ਵੱਡੇ ਦਾਨੀ ਅਤੇ ਕਲਿਆਣਕਾਰੀ ਪੁਰਸ਼ ਦੇ ਮੂੰਹੋਂ ਨਾ ਤਾਂ ਮੈਂ ਕਦੀ ‘ਕਰਾਈਸਟ’ ਨਿਕਲਦਾ ਸੁਣਿਆ ਸੀ, ਨਾ ਕਦੀ ‘ਓ ਮਾਈ ਗਾੱਡ।’ ਨਾ ਕਦੀ ਉਨ੍ਹਾਂ ਸਾਡੇ ਸਾਹਮਣੇ ਬਾਈਬਲ ਦਾ ਜ਼ਿਕਰ ਕੀਤਾ ਸੀ ਤੇ ਨਾ ਕਦੀ ਉਸ ਵਿਚਲੀਆਂ ਸਿਖਿਆਵਾਂ ਨੂੰ ਕੋਟ ਕੀਤਾ ਸੀ। ਨਾ ਹੀ ਮੈਂ ਉਨ੍ਹਾਂ ਨੂੰ ਆਪਣੇ ਹੱਥ ਨਾਲ ਕਦੀ ਹਿੱਕ ‘ਤੇ ਕਰਾੱਸ ਬਣਾਉਂਦੇ ਦੇਖਿਆ ਸੀ। ਉਹ ਧਾਰਮਿਕਤਾ ਦੇ ਕੇਂਦਰੀ-ਭਾਵ ਨੂੰ ਕਰਮਯੋਗੀ ਬਣ ਕੇ ਨਿਭਾਅ ਰਹੇ ਲੱਗਦੇ ਸਨ।
ਸਮਾਂ ਪਾ ਕੇ ਉਹ ਬੇਰਿੰਗ ਕਾਲਜ ਤੋਂ ਅਮਰੀਕਨ ਕਾਲਜ ਮਦੁਰਾਈ ਚਲੇ ਗਏ, ਜਿੱਥੇ ਉਨ੍ਹਾਂ ਨੇ ਕਈ ਨਿਵੇਕਲੇ ਕੰਮ ਕੀਤੇ, ਜਿਨ੍ਹਾਂ ਦੀ ਜਾਣਕਾਰੀ ਉਹ ਹਰ ਨਵੇਂ ਸਾਲ ਆਪਣੀ ਲੰਮੀ ਚਿੱਠੀ ਵਿੱਚ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਸਮੇਤ ਸਾਨੂੰ ਦਿੰਦੇ ਰਹਿੰਦੇ। ਉਥੇ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹ ਮਨਹੂਸ ਖ਼ਬਰ ਸੁਣ ਕੇ ਪੁਰਾਣੇ ਵਿਦਿਆਰਥੀਆਂ ਵਿੱਚ ਗਮਗੀਨਤਾ ਦੀ ਲਹਿਰ ਫੈਲ ਗਈ। ਅਸੀਂ ਇੱਕ ਦੂਸਰੇ ਨੂੰ ਫੋਨ ਕਰਕੇ ਅਫਸੋਸ ਵਿੱਚ ਉਨ੍ਹਾਂ ਦੀ ਗੁਣਵੱਤਾ-ਜ਼ਿੰਦਗੀ ਦੀਆਂ ਗੱਲਾਂ ਕਰਦੇ ਥੱਕਦੇ ਨਾ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਸਾਨੂੰ ਸਿਰਫ਼ ਏਨਾ ਕੁ ਹੀ ਪਤਾ ਸੀ ਕਿ ਉਨ੍ਹਾਂ ਦਾ ਇੱਕ ਭਰਾ ਅਮਰੀਕਾ ਰਹਿੰਦਾ ਸੀ, ਜਿਸ ਕੋਲ ਉਹ ਜਾਂਦੇ-ਆਉਂਦੇ ਰਹਿੰਦੇ ਸਨ। ਉਨ੍ਹਾਂ ਦੀ ਸਦੀਵੀ ਵਿਦਾਇਗੀ ਤੋਂ ਬਾਅਦ ਪਤਾ ਚੱਲਿਆ ਸੀ ਕਿ ਉਨ੍ਹਾਂ ਦੀ ਵਿਦਿਆਰਥੀਆਂ ਨੂੰ ਸਮਰਪਿਤ ਕੁਰਬਾਨੀ ਭਰੀ ਇਸ ਜੀਵਨ-ਕਹਾਣੀ ਪਿੱਛੇ ਕੋਈ ਪਿਆਰ ਕਹਾਣੀ ਛੁਪੀ ਹੋਈ ਸੀ। ਡਾਕਟਰ ਲਵ ਦਾ ਕਿਸੇ ਮੁਟਿਆਰ ਨਾਲ ਪਿਆਰ ਅਗਿਆਤ ਕਾਰਨਾਂ ਕਰਕੇ ਸਿਰੇ ਨਹੀਂ ਸੀ ਚੜ੍ਹ ਸਕਿਆ ਅਤੇ ਉਨ੍ਹਾਂ ਦੋਹਾਂ ਨੇ ਆਪਣਾ ਆਪਣਾ ਜੀਵਨ ਸਦਾ ਲਈ ਮਨੁੱਖਤਾ ਨੂੰ ਸੌਂਪਣ ਦਾ ਵਾਅਦਾ ਕਰਕੇ ਇੱਕ-ਦੂਸਰੇ ਤੋਂ ਸਦੀਵੀ ਜੁਦਾਈ ਲੈ ਲਈ ਸੀ।
ਡਾਕਟਰ ਲਵ ਹਮੇਸ਼ਾ ਸਾਡੀਆਂ ਸਿਮਰਿਤੀਆਂ ਵਿੱਚ ਵੱਸਦੇ ਹਨ। ਅਸੀਂ ਪੁਰਾਣੇ ਵਿਦਿਆਰਥੀ ਅਕਸਰ ਉਨ੍ਹਾਂ ਬਾਰੇ ਗੱਲਾਂ ਕਰਦਿਆਂ ਇੱਕ ਦੂਸਰੇ ਨੂੰ ਪੁੱਛਦੇ ਹਾਂ ਕੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਕੋਈ ਡਾਕਟਰ ਲਵ ਵਰਗਾ ਵਿਅਕਤੀ ਮਿਲਿਆ? ਹਰ ਕਿਸੇ ਦਾ ਜੁਆਬ ਹੁੰਦਾ ਹੈ, “ਨਾ ਕੋਈ ਅੱਜ ਤੱਕ ਮਿਲਿਆ ਹੈ ਅਤੇ ਨਾ ਹੀ ਮਿਲਣ ਦੀ ਕੋਈ ਆਸ ਹੈ।”

Leave a Reply

Your email address will not be published. Required fields are marked *