ਪੰਜਾਬ ਦੀ ਬਿਹਤਰੀ ਲਈ ਖੇਤਰੀ ਪਾਰਟੀ ਦੀ ਬਹਾਲੀ ਜ਼ਰੂਰੀ

ਅਧਿਆਤਮਕ ਰੰਗ ਖਬਰਾਂ

*ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਲੀਡਰਸ਼ਿੱਪ ਜ਼ਿੰਮੇਵਾਰ: ਦਾਦੂਵਾਲ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਅਤੇ ਇਸ ਦੀ ਧਰਮ ਪ੍ਰਚਾਰ ਕਮੇਟੀ ਦੇ ਮੌਜੂਦਾ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਇਸ ਵੇਲੇ ਪੰਜਾਬ ਖੇਤਰੀ ਪਾਰਟੀ ਤੋਂ ਇੱਕ ਤਰ੍ਹਾਂ ਮਹਿਰੂਮ ਹੋ ਗਿਆ ਹੈ, ਜਦਕਿ ਪੰਜਾਬ ਦੀ ਬਿਹਤਰੀ ਲਈ ਖੇਤਰੀ ਪਾਰਟੀ ਯਾਨਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਬਹਾਲੀ ਅਤੀ ਜ਼ਰੂਰੀ ਹੈ; ਪਰ ਨਾਲ ਹੀ ਭਾਈ ਦਾਦੂਵਾਲ ਨੇ ਕਿਹਾ ਕਿ ਇਹ ਸਭ ਤਾਂ ਹੀ ਸੰਭਵ ਹੈ, ਜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਨੂੰ ਪਾਸੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਜੋ ਸਥਿਤੀ ਬਣੀ ਹੋਈ ਹੈ, ਉਸ ਲਈ ਅਕਾਲੀ ਦਲ ਖੁਦ ਹੀ ਜ਼ਿੰਮੇਵਾਰ ਹੈ; ਕਿਉਂਕਿ ਸੱਤਾ ਦੌਰਾਨ ਦਲ ਦੀ ਲੀਡਰਸ਼ਿੱਪ ਨੇ ਉਨ੍ਹਾਂ ਸਿਧਾਂਤਾਂ ਨੂੰ ਹੀ ਭੁਲਾ ਦਿੱਤਾ, ਜੋ ਸਿੱਖ ਕੌਮ ਤੇ ਪੰਜਾਬ ਲਈ ਅਹਿਮ ਹਨ।

ਉਂਜ ਉਨ੍ਹਾਂ ਇਹ ਟਿੱਪਣੀ ਵੀ ਕੀਤੀ ਕਿ ਪੰਥ ਵਿੱਚ ਆਪਸੀ ਇਤਫਾਕ ਦੀ ਘਾਟ ਕਰਕੇ ਅਸੀਂ ਖਿੰਡੇ ਹੋਏ ਹਾਂ, ਜਿਸ ਦਾ ਪੰਥ ਵਿਰੋਧੀ ਤਾਕਤਾਂ ਅਕਸਰ ਫਾਇਦਾ ਲੈ ਜਾਂਦੀਆਂ ਹਨ। ਅਕਾਲੀ ਦਲ ਵਿੱਚ ਵੀ ਜੋ ਘਮਾਸਾਣ ਮੱਚਿਆ ਹੋਇਆ ਹੈ, ਉਸ ਸਬੰਧੀ ਵੀ ‘ਨਾਈਆਂ ਦੀ ਬਰਾਤ `ਚ ਸਾਰੇ ਰਾਜੇ’ ਵਾਲੀ ਗੱਲ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਦੋਹਾਂ ਅਕਾਲੀ ਧੜਿਆਂ ਦਰਮਿਆਨ ਪੰਥਕ ਵਿਰਾਸਤ ਸਬੰਧੀ ਕਸ਼ਮਕਸ਼ ਵਾਲਾ ਮਾਹੌਲ ਬਣਿਆ ਹੋਇਆ ਹੈ। ਮਸਲੇ ਪੰਥ ਨਾਲ ਜੁੜੇ ਹੋਣ ਕਾਰਨ ਅਕਾਲ ਤਖ਼ਤ ਦੀ ਹਮਾਇਤ ਕਿਸ ਧਿਰ ਨੂੰ ਪ੍ਰਾਪਤ ਹੁੰਦੀ ਹੈ, ਇਹ ਪੰਥਕ ਸਫਾਂ ਲਈ ਬਹੁਤ ਦਿਲਚਸਪ ਅਤੇ ਚਰਚਾਮਈ ਹੋਵੇਗਾ। ਅਕਾਲੀ ਧੜਿਆਂ ਬਾਬਤ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਭਾਈ ਦਾਦੂਵਾਲ ਨੇ ਕਿਹਾ, ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਘਬੀਰ ਸਿੰਘ ਅਸਤੀਫਾ ਦੇ ਦੇਣਗੇ ਤੇ ਉਹ ਸਿਰਫ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਹੀ ਨਿਭਾਉਣਗੇ ਅਤੇ ਫੈਸਲਾ ਕਿਸੇ ਨਵੇਂ ਜਥੇਦਾਰ ਤੋਂ ਲਿਆ ਜਾਵੇਗਾ।
ਭਾਈ ਦਾਦੂਵਾਲ ਇਨ੍ਹੀਂ ਦਿਨੀਂ ਪਰਿਵਾਰ ਸਮੇਤ ਅਮਰੀਕਾ ਦੀ ਫੇਰੀ `ਤੇ ਹਨ। ਉਹ ਪਹਿਲੀ ਵਾਰ ਅਮਰੀਕਾ ਆਏ ਹਨ ਅਤੇ ਨਿਊ ਯਾਰਕ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਉਨ੍ਹਾਂ ਦੇ ਧਾਰਮਿਕ ਸਮਾਗਮ ਹਨ। ਉਹ ਪਿਛਲੇ ਦਿਨੀਂ ਸ਼ਿਕਾਗੋ ਪਹੁੰਚੇ ਹੋਏ ਸਨ ਅਤੇ ਵੱਖ-ਵੱਖ ਥਾਵਾਂ `ਤੇ ਭਾਈਚਾਰਕ ਸ਼ਖਸੀਅਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਮਾਣ ਵਿੱਚ ਇੱਕ ਇਕੱਤਰਤਾ ਸਥਾਨਕ ਬਿਜਨਸਮੈਨ ਤੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ (ਲੱਕੀ) ਸਹੋਤਾ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਿਸਕਾਨਸਿਨ ਤੋਂ ਵੀ ਪਤਵੰਤੇ ਪਹੁੰਚੇ ਹੋਏ ਸਨ।
ਹਾਜ਼ਰੀਨ ਨੇ ਭਾਈ ਦਾਦੂਵਾਲ ਨਾਲ ਪੰਥਕ ਮਸਲਿਆਂ ਅਤੇ ਪੰਜਾਬ ਤੇ ਹਰਿਆਣਾ ਸਿਆਸਤ ਨਾਲ ਸਬੰਧਤ ਵਿਚਾਰਾਂ ਦਾ ਵਟਾਂਦਰਾ ਕੀਤਾ। ਇਸ ਮੌਕੇ ਸਵਾਲ-ਜਵਾਬ ਦੌਰਾਨ ਭਾਈ ਦਾਦੂਵਾਲ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ `ਤੇ ਪਹਿਰਾ ਦਿੰਦਾ ਅਤੇ ਪੰਥਕ ਤੇ ਪੰਜਾਬ ਸੂਬੇ ਬਾਰੇ ਮਸਲਿਆਂ ਪ੍ਰਤੀ ਸੁਹਿਰਦ ਰਹਿੰਦਾ ਤਾਂ ਅੱਜ ਇਹੋ ਜਿਹੇ ਹਾਲਾਤ ਨਹੀਂ ਸਨ ਬਣਨੇ। ਉਨ੍ਹਾਂ ਵਿਅੰਗਮਈ ਲਹਿਜ਼ੇ `ਚ ਕਿਹਾ ਕਿ ਅਕਾਲੀ ਲੀਡਰਸ਼ਿੱਪ ਵੱਲੋਂ ਹੁਣ ਵੀ ਤਾਂ ਸਿੱਖ ਪੰਥ ਨਾਲ ਜੁੜੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਆਦਿ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ, ਜਦਕਿ ਸੱਤਾ `ਚ ਹੁੰਦਿਆਂ ਇਨ੍ਹਾਂ ਮਸਲਿਆਂ ਤੋਂ ਕਿਨਾਰਾ ਕਰੀ ਰੱਖਿਆ!
ਇੱਥੇ ਜ਼ਿਕਰਯੋਗ ਹੈ ਕਿ ਪੰਥਕ ਮਸਲਿਆਂ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਏ ਜਾਣ ਦੇ ਮਾਮਲੇ ਵਿੱਚ ਕਥਿਤ ਸਾਜਿਸ਼ ਤਹਿਤ ਮੁਆਫੀ ਦਿਵਾਏ ਜਾਣ ਤੋਂ ਇਲਾਵਾ ਪੰਥਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਸਬੰਧੀ ਮਾਮਲਿਆਂ ਦੇ ਮੱਦੇਨਜ਼ਰ ਭਾਈ ਬਲਜੀਤ ਸਿੰਘ ਦਾਦੂਵਾਲ ਬਾਦਲ ਪਰਿਵਾਰ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਹਨ। ਭਾਈ ਦਾਦੂਵਾਲ ਨੂੰ ਸਰਬੱਤ ਖਾਲਸਾ ਵੱਲੋਂ ਸਾਲ 2015 ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ਸੀ। ਮੁੱਖ ਮੰਤਰੀ (ਮਰਹੂਮ) ਪ੍ਰਕਾਸ਼ ਸਿੰਘ ਬਾਦਲ ਨੂੰ ਸਾਲ 2011 ਵਿੱਚ ਦਿੱਤਾ ਗਿਆ ‘ਪੰਥ ਰਤਨ ਫਖ਼ਰ-ਏ-ਕੌਮ’ ਵੀ ਉਦੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਰੱਦ ਕਰ ਦਿੱਤਾ ਸੀ।
ਇਸ ਤੋਂ ਇਲਾਵਾ ਭਾਈ ਦਾਦੂਵਾਲ ਨੇ ਹਰਿਆਣਾ ਸੂਬੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ-ਅੰਮ੍ਰਿਤਸਰ ਦੀ ਥਾਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿੱਚ ਲੈਣ ਲਈ ਕਾਫੀ ਜੱਦੋ-ਜਹਿਦ ਵੀ ਕੀਤੀ ਅਤੇ ਅਦਾਲਤੀ ਪ੍ਰਕਿਰਿਆ ਉਪਰੰਤ ਹੁਣ ਪ੍ਰਬੰਧ ਹਰਿਆਣਾ ਕਮੇਟੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਕਮੇਟੀ ਬਵੰਜਾ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਦੀ ਹੈ ਅਤੇ ਇਸ ਦਾ ਆਪਣਾ ਬਜਟ ਹੈ ਤੇ ਉਸ ਦਾ ਹਿਸਾਬ-ਕਿਤਾਬ ਰੱਖਣ ਦਾ ਅਖਤਿਆਰ ਵੀ ਹਰਿਆਣਾ ਕਮੇਟੀ ਕੋਲ ਹੀ ਹੈ। ਹਰਿਆਣਾ ਵਿਚਲੇ ਗੁਰੂ ਘਰਾਂ ਦੇ ਖਰਚੇ ਕੱਢਣ ਉਪਰੰਤ ਬਾਕੀ ਬਚਦੇ ਸੰਗਤ ਦੇ ਚੜ੍ਹਾਵੇ ਵਿੱਚੋਂ ਗੁਰੂ ਘਰਾਂ ਦੇ ਨਿਰਮਾਣ ਕਾਰਜਾਂ, ਸਾਂਭ-ਸੰਭਾਲ ਅਤੇ ਵਿਦਿਆ ਦੇ ਖੇਤਰ ਵਿੱਚ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਦੇ ਗੁਰਦੁਆਰੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਧੀਨ ਸਨ ਤਾਂ ਇਨ੍ਹਾਂ ਦੀ ਬਿਹਤਰੀ ਅਤੇ ਹਰਿਆਣਾ `ਚ ਸਿੱਖੀ ਪ੍ਰਚਾਰ ਲਈ ਕੋਈ ਖਾਸ ਤਰੱਦਦ ਨਹੀਂ ਹੋਇਆ।
ਬਤੌਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਦਾਦੂਵਾਲ ਨੇ ਦੱਸਿਆ ਕਿ ਪੰਥਕ ਪ੍ਰਚਾਰ ਹਿੱਤ ਹਰਿਆਣਾ ਕਮੇਟੀ ਵੱਲੋਂ ਕਈ ਸਕੂਲ ਅਤੇ ਕਾਲਜ ਚਲਾਏ ਜਾ ਰਹੇ ਹਨ। ਪ੍ਰਚਾਰ ਕਮੇਟੀ ਸਿਰਫ ਹਰਿਆਣਾ ਵਿੱਚ ਹੀ ਨਹੀਂ, ਸਗੋਂ ਪੰਜਾਬ ਦੇ ਕਰੀਬ ਕਰੀਬ ਸਾਰੇ ਪਿੰਡਾਂ-ਕਸਬਿਆਂ ਵਿੱਚ ਧਾਰਮਿਕ ਪ੍ਰਚਾਰ ਹਿੱਤ ਉਪਰਾਲੇ ਕਰਦੀ ਹੈ। ਭਾਈ ਦਾਦੂਵਾਲ ਹਰਿਆਣਾ ਦੇ ਸਿਰਸਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਨਿਵਾਸ ਅਸਥਾਨ ਤੋਂ ਸਿੱਖੀ ਪ੍ਰਚਾਰ ਵਿੱਚ ਜੁਟੇ ਹੋਏ ਹਨ। ਹਰਿਆਣਾ ਸਿੱਖ ਕਮੇਟੀ ਵੱਲੋਂ ਮੁੱਖ ਤੌਰ `ਤੇ ਗੁਰਦੁਆਰਾ ਨਾਢਾ ਸਾਹਿਬ (ਪੰਚਕੂਲਾ), ਗੁਰਦੁਆਰਾ ਪਾਤਿਸ਼ਾਹੀ ਦਸਵੀਂ (ਸਿਰਸਾ) ਅਤੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ (ਜੀਂਦ) ਵਿਖੇ ਸੈਂਟਰਾਂ ਅਧੀਨ ਧਰਮ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਆਪਣੇ ਪੁਰਖਿਆਂ ਵੱਲੋਂ ਪੰਥਕ ਮੋਰਚਿਆਂ ਵਿੱਚ ਕੀਤੀ ਸ਼ਮੂਲੀਅਤ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੰਜਾਬੀ ਤੇ ਹਰਿਆਣਵੀ ਕਿਸਾਨ ਭਾਜਪਾ ਦੇ ਵਿਰੁੱਧ ਹਨ। ਧਾਰਮਿਕ ਕੱਟੜਤਾ ਭਰਪੂਰ ਭਾਜਪਾ ਦੇ ਰਵੱਈਏ ਤੋਂ ਗੈਰ-ਹਿੰਦੂ ਭਾਈਚਾਰਾ ਹੀ ਨਹੀਂ, ਸਗੋਂ ਬਹੁ-ਗਿਣਤੀ ਹਿੰਦੂ ਭਾਈਚਾਰਾ ਵੀ ਇਸ ਸਬੰਧੀ ਗੰਭੀਰ ਹੈ ਅਤੇ ਇਸ ਨੂੰ ਭਾਈਚਾਰਕ ਸਾਂਝ ਵਿੱਚ ਤਰੇੜ ਪਾਉਣ ਵਾਲੀ ਸਿਆਸਤ ਦਾ ਨਾਂ ਦਿੰਦਾ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਭਾਈ ਦਾਦੂਵਾਲ ਨੇ ਕਿਹਾ ਕਿ ਇਹ ਹੁਣ ਨਵੀਂ ਸਰਕਾਰ `ਤੇ ਮੁਨੱਸਰ ਕਰਦਾ ਹੈ, ਚੋਣਾਂ ਕਦੋਂ ਕਰਵਾਉਣੀਆਂ ਹਨ, ਜਦਕਿ ਪਿਛਲੀ ਭਾਜਪਾ ਦੀ ਖੱਟਰ ਸਰਕਾਰ ਨੇ ਗੁਰਦੁਆਰਾ ਚੋਣਾਂ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ। ਅਜਿਹੇ ਹਾਲਾਤ ਵਿੱਚ ਬਹੁਤਾ ਸਿੱਖ ਭਾਈਚਾਰਾ ਭਾਜਪਾ ਤੋਂ ਨਾਰਾਜ਼ ਹੈ। ਇਸ ਤੋਂ ਇਲਾਵਾ ਭਾਈ ਦਾਦੂਵਾਲ ਨੇ ਹੋਰ ਵੀ ਮੁੱਦਿਆਂ `ਤੇ ਆਪਣੇ ਵਿਚਾਰ ਪੇਸ਼ ਕੀਤੇ। ਸਹੋਤਾ ਪਰਿਵਾਰ ਵੱਲੋਂ ਭਾਈ ਦਾਦੂਵਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
ਇਸ ਮੌਕੇ ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਸ਼ਿਕਾਗੋ ਦੇ ਮੈਨੇਜਿੰਗ ਡਾਇਰੈਕੇਟਰ ਗੁਲਜ਼ਾਰ ਸਿੰਘ ਮੁਲਤਾਨੀ ਤੇ ਬੋਰਡ ਮੈਂਬਰ ਜਗਮੀਤ (ਜੈਸੀ) ਸਿੰਘ; ਬਿਜਨਸਮੈਨ ਯੋਗੀ ਭਾਰਦਵਾਜ ਤੇ ਸਤੀਸ਼ ਭਾਰਦਵਾਜ; ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਪ੍ਰਧਾਨ ਸੰਤੋਖ ਸਿੰਘ ਡੀ.ਸੀ., ਸਾਬਕਾ ਪ੍ਰਧਾਨ ਨਰਿੰਦਰ ਸਿੰਘ ਸਰਾਂ, ਕਲੱਬ ਮੈਂਬਰ ਡਾ. ਹਰਜਿੰਦਰ ਸਿੰਘ ਖਹਿਰਾ ਤੇ ਮਿੱਢਾ ਮਾਹਿਲਪੁਰੀਆ; ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ, ‘ਟੇਸਟ ਆਫ ਇੰਡੀਆ’ ਮਿਲਵਾਕੀ ਦੇ ਮਨਜੀਤ ਸਿੰਘ; ਗੁਰਦੁਆਰਾ ਓਕ ਕਰੀਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਘੱਗਰ, ਗੁਰੂ ਲਾਧੋ ਰੇ ਸੇਵਾ ਸੁਸਾਇਟੀ ਵਿਸਕਾਨਸਿਨ ਤੋਂ ਪਰਮਿੰਦਰ ਸਿੰਘ ਗੋਲਡੀ; ਸਿੱਖ ਟੀ.ਵੀ. ਦੇ ਸੰਚਾਲਕ ਤੇ ਫਿਲਮਸਾਜ਼ ਇੰਦਰਮੋਹਨ ਸਿੰਘ ਛਾਬੜਾ, ਭੁਪਿੰਦਰ ਸਿੰਘ ਭੰਗੂ, ਤਰਸੇਮ ਸਿੰਘ, ਅਵਤਾਰ ਸਿੰਘ ਔਲਖ, ਅਮਰੀਕ ਪਾਲ ਸਿੰਘ, ਸੋਨੂੰ ਖਹਿਰਾ, ਰਵੀ ਹੰਜਰਾ, ਬਲਜੀਤ ਸਿੰਘ ਚਾਨਾ, ਗੁਰਸਿਮਰਨ (ਸੈਮ) ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਸ਼ਿਕਾਗੋ ਵਿੱਚ ਹੋਟਲ ਕਾਰੋਬਾਰ ਨਾਲ ਜੁੜੇ ਹਰਸ਼ਰਨ ਸਿੰਘ (ਹੈਰੀ) ਘੁਮਾਣ ਤੇ ਅਮਰਬੀਰ ਸਿੰਘ ਘੁਮਾਣ ਅਤੇ ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਮੁਖਤਿਆਰ ਸਿੰਘ (ਹੈਪੀ) ਹੀਰ, ਜਿੰਦੀ ਦਿਆਲ, ਪਾਲ ਸਿੰਘ ਖਲੀਲ, ਬਾਬਾ ਦਲਜੀਤ ਸਿੰਘ ਸ਼ਿਕਾਗੋ ਸਮਤੇ ਹੋਰਨਾਂ ਪਤਵੰਤਿਆਂ ਵੱਲੋਂ ਵੀ ਭਾਈ ਦਾਦੂਵਾਲ ਦਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਉਨ੍ਹਾਂ ਦੀ ਪਤਨੀ ਬੀਬੀ ਸੁਖਮੀਤ ਕੌਰ ਅਤੇ ਪੁੱਤਰ- ਕੁਰਬਾਨ ਸਿੰਘ ਤੇ ਕਿਆਮਤ ਸਿੰਘ ਉਨ੍ਹਾਂ ਨਾਲ ਸਨ।
ਨਿਊ ਯਾਰਕ ਪਹੁੰਚਣ `ਤੇ ਵੀ ਵੱਖ-ਵੱਖ ਥਾਈਂ ਸਿੱਖ ਸੰਸਥਾਵਾਂ ਵੱਲੋਂ ਭਾਈ ਦਾਦੂਵਾਲ ਦਾ ਭਰਵਾਂ ਸਵਾਗਤ ਕਰਦਿਆਂ ਸਿਰੋਪਾਓ ਭੇਟ ਕਰ ਕੇ ਸਨਮਾਨ ਕੀਤਾ ਗਿਆ। ਹਰਿਆਣਾ ਕਮੇਟੀ ਦੇ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਚਰਨ ਸਿੰਘ ਪ੍ਰੇਮਪੁਰਾ, ਹਰਪ੍ਰੀਤ ਸਿੰਘ ਤੂਰ, ਅਮਰੀਕ ਸਿੰਘ ਪਿਹੋਵਾ, ਸੁਖਦੇਵ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਸੰਗੋਜਲਾ, ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਦੇ ਹੈਡ ਗ੍ਰੰਥੀ ਭਾਈ ਦਰਸ਼ਨ ਸਿੰਘ, ਗੁਰਰਾਜ ਸਿੰਘ ਭੰਗੂ ਕੈਨੇਡਾ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਿਊ ਯਾਰਕ ਵਿੱਚ ਹੋਈ ਇੱਕ ਇਕੱਤਰਤਾ ਵਿੱਚ ਬੋਲਦਿਆਂ ਐਡਵੋਕੇਟ ਸੁਬੇਗ ਸਿੰਘ ਮੁਲਤਾਨੀ ਨੇ ਸਮਾਜ ਅੰਦਰ ਸਿੱਖੀ ਪ੍ਰਚਾਰ ਕਰਨ, ਅਧਿਆਤਮਕ ਵਿਕਾਸ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਭਾਈ ਦਾਦੂਵਾਲ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਦੱਸਿਆ।
ਇਸ ਤੋਂ ਇਲਾਵਾ ਨਿਊ ਯਾਰਕ ਦੇ ਸਿੱਖ ਪਤਵੰਤਿਆਂ ਨੇ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਭਾਈ ਦਾਦੂਵਾਲ ਨੇ ਕਿਹਾ ਕਿ ਸਿੱਖ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਸਬੰਧਤ ਸਰਕਾਰਾਂ ਨਾਲ ਗੱਲਬਾਤ ਕਰਨ, ਕਿਉਂਕਿ ਗੱਲਬਾਤ ਜ਼ਰੀਏ ਅਕਸਰ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਂਦਾ ਹੈ। ਮੁਲਾਕਾਤ ਕਰਨ ਵਾਲਿਆਂ ਵਿੱਚ ਸੰਤ ਪ੍ਰੇਮ ਸਿੰਘ ਸੁਸਾਇਟੀ, ਸਿੱਖ ਕਲਚਰਲ ਸੁਸਾਇਟੀ, ਸਿੱਖ ਕਮਿਉਨਿਟੀ ਕੌਂਸਲ ਅਮਰੀਕਾ ਅਤੇ ਗੁਰਦੁਆਰਾ ਸਿੱਖ ਸੈਂਟਰ ਦੇ ਨੁਮਾਇੰਦੇ ਸ਼ਾਮਲ ਸਨ।
ਇਸੇ ਦੌਰਾਨ ਭਾਈ ਦਾਦੂਵਾਲ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਅਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊ ਯਾਰਕ ਵਿਖੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਸੰਗਤ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਮਨੁੱਖਾ ਜਨਮ ਦੀਆਂ ਕਦਰਾਂ-ਕੀਮਤਾਂ ਨੂੰ ਸਮਝਦਿਆਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *