ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ

ਆਮ-ਖਾਸ ਗੂੰਜਦਾ ਮੈਦਾਨ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇਸ ਲੜੀ ਤਹਿਤ ਅਸੀਂ ਪਾਠਕਾਂ ਲਈ ਸੰਖੇਪ ਵੇਰਵੇ ਵਾਲੇ ਕਈ ਲੇਖ ਛਾਪ ਚੁਕੇ ਹਾਂ। ਹਥਲੇ ਲੇਖ ਵਿੱਚ ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦਾ ਜ਼ਿਕਰ ਹੈ। ਇੱਥੇ ਵੱਸਦੇ ਜ਼ਿਆਦਾਤਰ ਪੰਜਾਬੀ ਹੋਟਲ ਤੇ ਰੈਸਟੋਰੈਂਟ ਸਨਅਤ ਨਾਲ ਜੁੜੇ ਹੋਏ ਹਨ। ਹੈਲਸਿੰਕੀ ਵਿਖੇ ਸਥਿਤ ‘ਗੁਰਦੁਆਰਾ ਸਰਬ ਸੰਗਤ’ ਅਤੇ ਵਾਂਤਾ ਵਿਖੇ ਸਥਿਤ ‘ਗੁਰਦੁਆਰਾ ਵਾਂਤਾ’ ਪੰਜਾਬੀਆਂ ਦੇ ਮੁਕੱਦਸ ਅਸਥਾਨ ਹਨ। ਪੰਜਾਬੀਆਂ ਨੇ ਸਾਲ 2014 ਵਿੱਚ ਕਾਨੂੰਨੀ ਲੜਾਈ ਜਿੱਤ ਕੇ ਸਿੱਖਾਂ ਲਈ ਪੱਗ ਦੇ ਮਹੱਤਵ ਤੇ ਸ਼ਾਨ ਨੂੰ ਹੋਰ ਦੁੱਗਣਾ-ਚੌਗੁਣਾ ਕਰ ਦਿੱਤਾ ਸੀ।

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਭਾਰਤੀ ਪੰਜਾਬ ਵਿੱਚ ਵਰਤਮਾਨ ਸਮੇਂ ਅੰਦਰ ਸੱਤਾ ਚਲਾ ਰਹੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤੇ ਹੋਰ ਸਹੂਲਤਾਂ ਦੇ ਨਾਲ-ਨਾਲ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦਾ ਮਿਆਰ ਉੱਚਾ ਚੁੱਕ ਕੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜੋ ਕਿ ਇੱਕ ਅਤਿ ਸ਼ਲਾਘਾਯੋਗ ਕਾਰਜ ਹੈ। ਇਸ ਮਿਸ਼ਨ ਤਹਿਤ ਬੀਤੇ ਵਰ੍ਹੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦਾ ਦੌਰਾ ਕਰਵਾਇਆ ਗਿਆ ਸੀ ਤੇ ਹੁਣ ਸਾਲ 2024 ਦੇ ਅੰਤਲੇ ਮਹੀਨਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਚੋਣਵੇਂ 72 ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਨੂੰ ਫ਼ਿਨਲੈਂਡ ਦਾ ਦੌਰਾ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਦੌਰੇ ਵਿਦੇਸ਼ੀ ਮੁਲਕਾਂ ਅੰਦਰ ਸਕੂਲੀ ਪੜ੍ਹਾਈ ਦੇ ਮਿਆਰ ਦਾ ਅਧਿਐਨ ਕਰਕੇ ਪੰਜਾਬ ਦੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੀ ਮਹੱਤਵਪੂਰਨ ਕਵਾਇਦ ਦਾ ਹਿੱਸਾ ਹਨ। ਪੰਜਾਬੀਆਂ ਦਾ ਫ਼ਿਨਲੈਂਡ ਜਿਹੇ ਮੁਲਕਾਂ ਵਿੱਚ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਆਓ ਜਾਣੀਏ ਕਿ ਸਾਡਾ ਪੰਜਾਬੀਆਂ ਦਾ ਫ਼ਿਨਲੈਂਡ ਨਾਲ ਕਿਸ ਤਰ੍ਹਾਂ ਦਾ ਨਾਤਾ ਹੈ।
ਫ਼ਿਨਲੈਂਡ ਅਸਲ ਵਿੱਚ ਉੱਤਰੀ ਯੂਰਪ ਵਿਖੇ ਸਥਿਤ ਇੱਕ ਅਜਿਹਾ ਮੁਲਕ ਹੈ, ਜਿਸਦੀ ਸਥਾਪਨਾ 9000 ਈਸਾ ਪੂਰਵ ਹਿਮਯੁਗ ਤੋਂ ਬਾਅਦ ਹੋਈ ਮੰਨੀ ਜਾਂਦੀ ਹੈ। ਇਸ ਮੁਲਕ ਦਾ ਕੁੱਲ ਜ਼ਮੀਨੀ ਰਕਬਾ 3,38,145 ਵਰਗ ਕਿਲੋਮੀਟਰ ਹੈ ਤੇ ਆਬਾਦੀ 51 ਲੱਖ ਦੇ ਕਰੀਬ ਹੈ। ਇੱਥੋਂ ਦੀ 85 ਫ਼ੀਸਦੀ ਆਬਾਦੀ ਸਥਾਨਕ ਭਾਸ਼ਾ ਬੋਲਦੀ ਹੈ ਤੇ ਪੰਜ ਕੁ ਫ਼ੀਸਦੀ ਨਾਗਰਿਕ ਸਵੀਡਿਸ਼ ਭਾਸ਼ਾ ਬੋਲਦੇ ਹਨ। ਇੱਥੋਂ ਦੇ 65 ਫ਼ੀਸਦੀ ਵਸਨੀਕ ਈਸਾਈ ਧਰਮ ਦੇ ਪੈਰੋਕਾਰ ਹਨ, ਜਦੋਂ ਕਿ 33 ਫ਼ੀਸਦੀ ਦੇ ਕਰੀਬ ਦੇਸ਼ਵਾਸੀ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਹਨ। ਇਸ ਮੁਲਕ ਨੂੰ ਉੱਤਰ-ਪੱਛਮ ਵੱਲੋਂ ਸਵੀਡਨ, ਉੱਤਰ ਵੱਲੋਂ ਨਾਰਵੇ, ਪੂਰਬ ਵੱਲੋਂ ਰੂਸ, ਦੱਖਣ ਵੱਲੋਂ ਫ਼ਿਨਲੈਂਡ ਦੀ ਖਾੜੀ ਤੇ ਪੱਛਮ ਵੱਲੋਂ ਬੋਥਨੀਆ ਦੀ ਖਾੜੀ ਆਦਿ ਦੀਆਂ ਹੱਦਾਂ ਛੂੰਹਦੀਆਂ ਹਨ।
ਇਸ ਮੁਲਕ ਦੀ ਰਾਜਧਾਨੀ ਅਤੇ ਇੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਹੈਲਸਿੰਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁਲਕ ਵਿੱਚ 1,80,000 ਦੇ ਕਰੀਬ ਵੱਡੀਆਂ-ਛੋਟੀਆਂ ਝੀਲਾਂ ਵੀ ਮੌਜੂਦ ਹਨ। ਇਹ ਮੁਲਕ 6 ਦਸੰਬਰ 1917 ਨੂੰ ਆਜ਼ਾਦ ਹੋਇਆ ਸੀ ਤੇ 17 ਜੁਲਾਈ 1919 ਨੂੰ ਇੱਥੋਂ ਦਾ ਸੰਵਿਧਾਨ ਲਾਗੂ ਹੋਇਆ ਸੀ। ਇੱਥੋਂ ਦੇ ਨਾਗਰਿਕਾਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨੀ 59,869 ਅਮਰੀਕੀ ਡਾਲਰ ਦੱਸੀ ਜਾਂਦੀ ਹੈ, ਜਦੋਂ ਕਿ ਇਸ ਮੁਲਕ ਦਾ ਜੀ.ਡੀ.ਪੀ. ਸਾਲ 2023 ਵਿੱਚ 305.689 ਬਿਲੀਅਨ ਡਾਲਰ ਸੀ। ਦਿਲਚਸਪ ਤੱਥ ਇਹ ਵੀ ਹੈ ਕਿ ਵੱਖ-ਵੱਖ ਸਮਿਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਤੋਂ ਇਲਾਵਾ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਫ਼ਿਨਲੈਂਡ ਦਾ ਦੌਰਾ ਕਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਰਹੇ ਵੀ.ਵੀ. ਗਿਰੀ ਅਤੇ ਆਰ. ਵੈਂਕਟਾਰਮਨ ਵੀ ਫ਼ਿਨਲੈਂਡ ਨਾਲ ਚੰਗੇ ਸਬੰਧ ਕਾਇਮ ਕਰਨ ਲਈ ਉੱਥੇ ਗਏ ਸਨ। ਭਾਰਤ ਨਾਲ ਫ਼ਿਨਲੈਂਡ ਦੇ ਸਬੰਧ ਦੀ ਸ਼ੁਰੂਆਤ 10 ਸਤੰਬਰ 1949 ਨੂੰ ਹੋਈ ਸੀ।
ਇੱਕ ਜਾਣਕਾਰੀ ਅਨੁਸਾਰ ਪੰਜਾਬੀਆਂ ਨੇ ਫ਼ਿਨਲੈਂਡ ਦਾ ਰੁਖ਼ ਸੰਨ 1980 ਦੇ ਨੇੜੇ-ਤੇੜੇ ਕੀਤਾ ਸੀ। ਇੱਥੇ ਵੱਸਦੇ ਜ਼ਿਆਦਾਤਰ ਪੰਜਾਬੀ ਹੋਟਲ ਤੇ ਰੈਸਟੋਰੈਂਟ ਸਨਅਤ ਨਾਲ ਜੁੜੇ ਹੋਏ ਹਨ। ਇਥੇ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਤੋਂ ਇਲਾਵਾ ਚੰਗੀ ਅੰਗਰੇਜ਼ੀ ਅਤੇ ਫ਼ਰਾਟੇਦਾਰ ਸਥਾਨਕ ਭਾਸ਼ਾ ਵੀ ਆਉਂਦੀ ਹੈ। ਸੰਨ 2013 ਵਿੱਚ ਇੱਥੇ ਇੱਕ ਪੰਜਾਬੀ ਸਿੱਖ ਬੱਸ ਚਾਲਕ ਦੇ ਪਗੜੀ ਪਹਿਨਣ ’ਤੇ ਵਿਵਾਦ ਪੈਦਾ ਹੋ ਗਿਆ ਸੀ, ਜੋ ਬਾਅਦ ਵਿੱਚ ਕਾਨੂੰਨੀ ਲੜਾਈ ਦੇ ਰੂਪ ਵਿੱਚ ਤਬਦੀਲ ਹੋ ਗਿਆ ਸੀ ਅਤੇ ਪੰਜਾਬੀਆਂ ਨੇ ਸੰਨ 2014 ਵਿੱਚ ਇਹ ਕਾਨੂੰਨੀ ਲੜਾਈ ਜਿੱਤ ਕੇ ਸਿੱਖਾਂ ਲਈ ਪੱਗ ਦੇ ਮਹੱਤਵ ਤੇ ਸ਼ਾਨ ਨੂੰ ਹੋਰ ਦੁੱਗਣਾ-ਚੌਗੁਣਾ ਕਰ ਦਿੱਤਾ ਸੀ। ਇੱਥੇ ਹੈਲਸਿੰਕੀ ਵਿਖੇ ਸਥਿਤ ‘ਗੁਰਦੁਆਰਾ ਸਰਬ ਸੰਗਤ’ ਅਤੇ ਵਾਂਤਾ ਵਿਖੇ ਸਥਿਤ ‘ਗੁਰਦੁਆਰਾ ਵਾਂਤਾ’ ਪੰਜਾਬੀਆਂ ਦੇ ਮੁਕੱਦਸ ਅਸਥਾਨ ਹਨ।
ਉਂਜ ਤਾਂ ਫ਼ਿਨਲੈਂਡ ਵਿਖੇ ਵੱਸਦੇ ਪੰਜਾਬੀਆਂ ਦੀ ਸੰਖਿਆ ਦੂਜੇ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਦੀ ਬਨਿਸਪਤ ਬਹੁਤ ਘੱਟ ਹੈ, ਪਰ ਫਿਰ ਵੀ ਪੰਜਾਬ ਦੇ ਕਸਬਾ ਧੂਰੀ ਦੇ ਜੰਮਪਲ ਰਣਬੀਰ ਸੋਢੀ ਨੇ ਸੰਨ 2017 ਵਿੱਚ ਫ਼ਿਨਲੈਂਡ ਦੇ ਇੱਕ ਮਹੱਤਵਪੂਰਨ ਰਾਜ ਵਾਂਤਾ ਦੀ ਕੌਂਸਲ ਆਫ਼ ਗਵਰਨਰਜ਼ ਦੀ ਚੋਣ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਇਹ ਰਾਜ ਫ਼ਿਨਲੈਂਡ ਦੀ ਰਾਜਧਾਨੀ ਹੈਲਸਿੰਕੀ ਦੇ ਬਿਲਕੁਲ ਨਜ਼ਦੀਕ ਹੈ। ਭਾਰਤੀ ਪੰਜਾਬ ਵਿੱਚ ‘ਐਮ.ਐਲ.ਏ.’ ਦੇ ਬਰਾਬਰ ਦੇ ਇਸ ਅਹੁਦੇ ਲਈ ਰਣਬੀਰ ਸੋਢੀ ਨੇ ਇਹ ਪ੍ਰਾਪਤੀ ਲਗਾਤਾਰ ਤੀਜੀ ਵਾਰ ਕੀਤੀ ਸੀ। ਉਹ ਫ਼ਿਨਲੈਂਡ ਦੀ ਸਿਖਰਲੇ ਦਰਜੇ ਦੀ ਸਿਆਸੀ ਪਾਰਟੀ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ’ ਦਾ ਸਿਰਕੱਢ ਆਗੂ ਹੈ ਤੇ ਫ਼ਿਨਲੈਂਡ ਦੇ ‘ਮਲਟੀਕਲਚਰਚਲ ਬੋਰਡ’ ਦਾ ਦੋ ਵਾਰ ਚੇਅਰਮੈਨ ਬਣਨ ਦਾ ਸ਼ਰਫ਼ ਵੀ ਹਾਸਿਲ ਕੀਤਾ ਹੈ।
ਵੱਡੇ ਮਾਣ ਦੀ ਗੱਲ ਇਹ ਹੈ ਕਿ ਸਾਲ 2017 ਵਿੱਚ ਜਦ ਉਹ ਦੂਜੀ ਵਾਰ ਵਿਧਾਇਕ ਬਣਿਆ ਸੀ ਤਾਂ ਉਸ ਵੇਲੇ ਉੱਥੇ ਪੰਜਾਬੀਆਂ ਦੀ ਸੰਖਿਆ ਕੇਵਲ ਦੋ ਹਜ਼ਾਰ ਦੇ ਕਰੀਬ ਸੀ ਤੇ ਗ਼ੈਰ-ਪੰਜਾਬੀਆਂ ਵਿੱਚ ਸੋਢੀ ਦੀ ਚੰਗੀ ਸਾਖ਼ ਹੋਣ ਕਰਕੇ ਉਹ ਤੀਜੀ ਵਾਰ ਵੀ ਵਿਧਾਇਕ ਬਣਨ ਵਿੱਚ ਸਫ਼ਲ ਰਿਹਾ ਸੀ। ਇੱਕ ਕਾਰੋਬਾਰੀ ਤੋਂ ਸਿਆਸਤਦਾਨ ਬਣਿਆ ਰਣਬੀਰ ਸੋਢੀ ਲਗਪਗ ਸਾਢੇ ਤਿੰਨ ਦਹਾਕਿਆਂ ਤੋਂ ਫ਼ਿਨਲੈਂਡ ਵਿੱਚ ਰਹਿ ਰਿਹਾ ਹੈ। ਉਹ ਸੰਨ 1987 ਵਿੱਚ ਪਹਿਲੀ ਵਾਰ ਫ਼ਿਨਲੈਂਡ ਆਇਆ ਸੀ ਤੇ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਇੱਥੇ ਪਹਿਲੀ ਵਾਰ ਵਿਧਾਇਕ ਚੁਣਿਆ ਗਿਆ ਸੀ। ਫ਼ਖ਼ਰ ਵਾਲੀ ਗੱਲ ਇਹ ਸੀ ਕਿ ਉਹ ਦੱਖਣ ਏਸ਼ੀਆ ਤੋਂ ਆ ਕੇ ਇੱਥੇ ਵਿਧਾਇਕ ਬਣਨ ਵਾਲਾ ਪਹਿਲਾ ਸ਼ਖ਼ਸ ਸੀ। ਗ਼ੌਰਤਲਬ ਹੈ ਕਿ ਸ੍ਰੀ ਸੋਢੀ ਨੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਗ੍ਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸ਼ਤਰ ਦੇ ਵਿਸ਼ੇ ਵਿੱਚ ਪੋਸਟ-ਗ੍ਰੈਜੂਏਸ਼ਨ ਕੀਤੀ ਹੋਈ ਹੈ।
ਇੱਕ ਹੋਰ ਪੰਜਾਬੀ ਸੁਖਦਰਸ਼ਨ ਸਿੰਘ ਗਿੱਲ ਵੀ ਪੰਜਾਬ ਦੀ ਧਰਤੀ ਤੋਂ ਉੱਠ ਕੇ ਫ਼ਿਨਲੈਂਡ ਦੀ ਸਿਆਸਤ ਵਿੱਚ ਚੰਗਾ ਨਾਂ ਕਮਾਉਣ ਵਾਲਾ ਰਾਜਨੇਤਾ ਬਣ ਚੁਕਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸੰਨ 1980 ਵਿੱਚ ਜਰਮਨੀ ਵਿਖੇ ਜਨਮੀ ਤੇ ਫ਼ਿਨਲੈਂਡ ਵਿਖੇ ਆਈ ਲਾਰਾ ਹੀਰਵੀ ਨਾਮਕ ਮੁਟਿਆਰ ਨੇ ਫ਼ਿਨਲੈਂਡ ਵਿਖੇ ਵੱਸਦੇ ਸਿੱਖਾਂ ’ਤੇ ਖੋਜ ਕਰਦਿਆਂ ਆਪਣੀ ਪੀਐਚ.ਡੀ. ਪੂਰੀ ਕੀਤੀ ਸੀ।

Leave a Reply

Your email address will not be published. Required fields are marked *