ਸ਼ਾਹਸਵਾਰ

ਸਾਹਿਤਕ ਤੰਦਾਂ

ਅੰਕ-37
ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਐਤਵਾਰ ਦਾ ਪੂਰਾ ਦਿਨ ਵੀਰਦੀਪ ਘਰੇ ਰਿਹਾ। ਰੂੜੀ ਦੀ ਖਾਦ ਵਾਹਣਾਂ ਵਿੱਚ ਢੇਰੀ ਕੀਤੀ ਹੋਈ ਸੀ। ਕਰਮਾ, ਉਨ੍ਹਾਂ ਦਾ ਨੌਕਰ ਅਸ਼ੀਸ਼ ਅਤੇ ਇੱਕ ਹੋਰ ਮਜ਼ਦੂਰ ਖਾਦ ਖਿੰਡਾਉਣ ਲੱਗੇ। ਸਵੇਰੇ 9 ਕੁ ਵਜੇ ਹੀ ਧੁੱਪ ਕਾਫੀ ਤੇਜ਼ ਹੋ ਗਈ ਸੀ। ਵੀਰਦੀਪ ਸੰਦਾਂ ਵਾਲੇ ਕਮਰੇ ਵਿੱਚ ਗਿਆ ਅਤੇ ਛਾਂਟ ਕੇ ਇੱਕ ਚੰਗੀ ਤੇ ਚੌੜੀ ਜਿਹੀ ਕਹੀ ਚੁੱਕੀ ਅਤੇ ਕਰਮੇ ਹੁਰਾਂ ਨਾਲ ਖਾਦ ਖਿਲਾਰਨ ਲੱਗ ਪਿਆ।
‘ਤੂੰ ਕਾਹਨੂੰ ਧੁੱਪ ‘ਚ ਰੜ੍ਹਨਾ ਵੀਰਦੀਪ, ਅਸੀਂ ਕਰ ਲੈਨੇ ਆਂ, ਤੂੰ ਜਾਹ ਘਰ ਨੂੰ ਸਾਨੂੰ ਪਾਣੀ ਪੂਣੀ ਪਿਆਈ ਚੱਲ।’ ਕਰਮੇ ਨੇ ਆਵਾਜ਼ ਦਿੱਤੀ।
‘ਅਸੀਂ ਤੇ ਧੁੱਪ ਧੌਲ ਤੇ ਖੁੱਲ੍ਹੇ ਵਾਤਾਵਰਣ ਨੂੰ ਤਰਸ ਜਾਈਦਾ ਚਾਚਾ। ਕਮਰਿਆਂ ‘ਚ ਵੜੇ ਰਹੀਦਾ ਸ਼ਹਿਰ ‘ਚ। ਬੈਠੇ ਵੀ ਅੱਕ ਜਾਂਦੇ ਹਾਂ। ਕਰ ਲੈਣ ਦਿਓ ਮੈਨੂੰ ਵੀ ਰੂਹ ਰਾਜ਼ੀ, ਨਾਲੇ ਸਰੀਰ ਖੁੱਲ੍ਹ ਜੂ ਬਹਾਨੇ ਨਾਲ’ ਵੀਰਦੀਪ ਨੇ ਉੱਤਰ ਦਿੱਤਾ।
‘ਚਲ ਤੇਰੀ ਮਰਜ਼ੀ’ ਕਰਮਾ ਇੰਨਾ ਆਖ ਕੇ ਚੁੱਪ ਕਰ ਗਿਆ। ਆਪਣੇ ਅੰਦਰਲੀ ਅਸੀਮ ਖੁਸ਼ੀ ਉਹਨੇ ਜ਼ਾਹਰ ਨਾ ਹੋਣ ਦਿੱਤੀ। ਪੁੱਤ ਹੁਣ ਬਰਾਬਰ ਕੰਮ ਕਰਵਾਉਣ ਜੋਗਾ ਹੋ ਗਿਆ ਸੀ। ਵੀਰਦੀਪ ਨੇ ਐਤਵਾਰ ਦਾ ਸਾਰਾ ਦਿਨ ਕਰਮੇ ਹੋਰਾਂ ਨਾਲ ਖੇਤਾਂ ਵਿੱਚ ਖਾਦ ਖਿਲਾਰੀ। ਉਹ ਦੋਂਹ ਬੰਦਿਆਂ ਜਿੰਨਾ ਕੰਮ ਕਰਦਾ ਰਿਹਾ। ਕਰਮੇ ਲਈ ਇਹ ਦੂਹਰੀ ਖੁਸ਼ੀ ਸੀ, ਮੁੰਡਾ ਲਾਇਕ ਵਕੀਲ ਸੀ, ਤੇ ਆਪਣੇ ਖੇਤਾਂ ਵਿੱਚ ਜਾਨ ਮਾਰ ਕੇ ਕੰਮ ਵੀ ਕਰ ਸਕਦਾ ਸੀ। ਕਰਮਾਂ ਹੁਣ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਨਿਸ਼ਚਿੰਤ ਹੋਣ ਲੱਗਾ ਸੀ। ਵੀਰਦੀਪ ਸਮਰੱਥ ਵਾਰਸ ਬਣ ਕੇ ਉਭਰ ਆਇਆ ਸੀ। ਨਿੱਕੇ ਹੁੰਦਿਆਂ ਵੀਰਦੀਪ ਨਵਜੋਤ ਨੂੰ ਲਾਡ-ਲਾਡ ‘ਚ ਕਿਹਾ ਕਰਦਾ ਸੀ, ‘ਤੁਸੀਂ ਜਦੋਂ ਮਰ ਗਏ, ਚਾਚੀ ਮੈਂ ਥੋਨੂੰ ਫੂਕਣਾ ਨ੍ਹੀਂ, ਆਪਣੇ ਖੇਤਾਂ ਵਿੱਚ ਦੱਬ ਦੇਣਾ, ਥੋਡੇ ਗਲ਼ਾਂ ਵਿੱਚ ਸੋਨੇ ਦੇ ਤਮਗੇ ਪਾ ਕੇ। ਕਦੀ ਕਦੀ ਥੁਆਡੇ ਸਿਰਹਾਣੇ ਬੈਠ ਕੇ ਗੱਲਾਂ ਕਰਿਆ ਕਰੂੰ।’
ਉਹਦੀ ਗੱਲ ਸੁਣ ਕੇ ਨਵਜੋਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਕਰਮਾ ਹੱਸਣ ਲਗਦਾ। ਕਈ ਦੇਰ ਤੱਕ ਉਹ ਵੀਰਦੀਪ ਨੂੰ ਛੇੜ ਛੇੜ ਕੇ ਹੱਸਦੇ ਰਹਿੰਦੇ। ਉਹਦਾ ਖੇਤਾਂ ਤੇ ਕੰਮ ਨਾਲ ਲਗਾਓ ਵੇਖ ਕੇ ਹੁਣ ਕਰਮੇ ਨੂੰ ਲਗਦਾ ਕਿ ਉਹ ਸੱਚ-ਮੁੱਚ ਇਦਾਂ ਹੀ ਕਰੇਗਾ। ‘ਹੋਰ ਜੋ ਮਰਜ਼ੀ ਕਰਦੀਂ ਵੀਰੂ, ਫੂਕੀਂ ਚਾਹੇ ਦੱਬੀਂ, ਮਰਨ ਤੋਂ ਬਾਅਦ ਮੈਨੂੰ ਨੁਹਾਈਂ ਨਾ। ਮੈਂ ਸਾਰਿਆਂ ਸਾਹਮਣੇ ਨੰਗਾ ਹੋਣ ਤੋਂ ਬੜਾ ਡਰਦਾਂ’ ਕਰਮਾਂ ਉਹਨੂੰ ਆਖਦਾ। ‘ਜਿਵੇਂ ਕਹੇਂ ਚਾਚਾ, ਉਦੋਂ ਤਾ ਤੇਰੀਓ ਵਸੀਅਤ ਚੱਲੂ’ ਵੀਰਦੀਪ ਉੱਤਰ ਦਿੰਦਾ। ਇੱਦਾਂ ਦੀਆਂ ਹਲਕੀਆਂ ਫੁਲਕੀਆਂ ਮਾਰਦਿਆਂ ਨੂੰ ਨਵਜੋਤ ਉਨ੍ਹਾਂ ਨੂੰ ਨਿਹਾਰਦੀ ਰਹਿੰਦੀ, ਆਪਣੀਆਂ ਛਾਤੀਆਂ ਨੂੰ ਪਿਆਰ ਨਾਲ ਪਲੋਸਦੀ, ਕਿੰਨਾ ਲਾਇਕ ਮੁੰਡਾ ਪਾਲ ਕੇ ਜਵਾਨ ਕੀਤਾ ਤੂੰ’ ਉਹ ਆਪਣੇ ਆਪ ਨੂੰ ਆਖਦੀ।
ਸਾਰਾ ਐਤਵਾਰ ਜ਼ੋਰ ਦੇ ਕੰਮ ਵਿੱਚ ਗੁਜ਼ਰ ਗਿਆ। ਅੱਜ ਵੀਰਦੀਪ ਨੇ ਆਪਣੇ ਸਰੀਰ ਨੂੰ ਇੱਕ ਵਾਰ ਫਿਰ ਜੋਹ ਲਿਆ ਸੀ। ਉਹਨੂੰ ਲੱਗਾ, ‘ਝੋਟੇ ਜਿੰਨਾ ਜ਼ੋਰ ਹੈ ਮੇਰੇ ‘ਚ ਹਾਲੇ ਵੀ।’ ਕੁਝ ਦੇਰ ਤੋਂ ਉਹਨੂੰ ਲਗਣ ਲੱਗਾ ਸੀ ਕਿ ਵਕਾਲਤ ਉਹਨੂੰ ਸੋਹਲ ਕਰ ਦੇਵੇਗੀ। ਥਕਾਵਟ ਕਾਰਨ ਰਾਤੀਂ ਉਹ ਜਲਦੀ ਸੌਂ ਗਿਆ ਅਤੇ ਸਵੇਰੇ ਸਵਖਤੇ ਹੀ ਉਹਨੇ ਬੈਗ ਚੁੱਕਿਆ ਤੇ ਸ਼ਹਿਰ ਵੱਲ ਤੁਰ ਪਿਆ। ਰਸਤੇ ਵਿੱਚ ਉਹਨੂੰ ਯਾਦ ਆਇਆ, ਅੱਜ 18 ਮਈ ਹੈ। ਸਿਮਰਨ ਨੇ ਸ਼ਹਿਰ ਆਉਣ ਸੀ ਦਿਲਬਾਗ ਨੂੰ ਮਿਲਣ। ਉਹਨੇ ਸੋਚਿਆ 12 ਕੁ ਵਜੇ ਪਹੁੰਚਣਗੇ ਦੋਨੋ। ਆਪਣੇ ਉਸਤਾਦ ਤੋਂ ਉਹਨੇ ਅੱਧੇ ਦਿਨ ਦੀ ਛੁੱਟੀ ਲੈ ਲਈ। ਦਿਲਬਾਗ ਗੱਡੀ ‘ਤੇ ਆਇਆ ਸੀ। ਉਹ ਗਿਆਰਾਂ ਕੁ ਵਜੇ ਹੀ ਪਹੁੰਚ ਗਿਆ। ਸਿਮਰਨ ਅੱਧਾ ਕੁ ਘੰਟਾ ਲੇਟ ਆਈ। ਕੁਝ ਦੇਰ ਉਹ ਕੈਬਨ ਵਿੱਚ ਬੈਠੇ ਰਹੇ, ਫਿਰ ਵੀਰਦੀਪ ਨੇ ਆਪਣੇ ਉਸਤਾਦ ਤੋਂ ਛੁੱਟੀ ਲਈ ਅਤੇ ਤਿੰਨੋ ਵੀਰਦੀਪ ਵਾਲੇ ਕਮਰੇ ਵਿੱਚ ਚਲੇ ਗਏ। ਸਿਮਰਨ ਦਾ ਰੰਗ ਰੂਪ ਪਹਿਲਾਂ ਵਰਗਾ ਹੀ ਸੀ, ਪਰ ਸਰੀਰ ਤੋਂ ਥੋੜ੍ਹੀ ਭਾਰੀ ਹੋ ਗਈ ਸੀ। ਇੰਨੇ ਨਾਲ ਉਹ ਜਚਣ ਲੱਗੀ। ਕਾਲਜ ਵੇਲੇ ਹੱਦੋਂ ਵੱਧ ਪਤਲੀ ਹੁੰਦੀ ਸੀ। ਦਿਲਬਾਗ ਨੇ ਉਹਨੂੰ ਧਿਆਨ ਨਾਲ ਵੇਖਿਆ। ਅੱਖਾਂ ਹੇਠ ਹਲਕੇ ਕਾਲੇ ਘੇਰੇ ਪੈ ਗਏ ਸਨ, ਇਹ ਸੁਰਮਾ ਪਾਏ ਹੋਣ ਦਾ ਭਲੇਖਾ ਪਾਉਂਦੇ। ਹੇਠਲੀਆਂ ਪਲਕਾਂ ‘ਚੋਂ ਡੁੱਲ੍ਹਦੀ ਚਮਕ ਨੂੰ ਇਹ ਅਸਲੀ ਸੁਰਮਾ ਹੋਰ ਖੂਬਸੂਰਤ ਬਣਾ ਰਿਹਾ ਸੀ।
ਦਿਲਬਾਗ ਤੇ ਵੀਰਦੀਪ ਵੀ ਹੁਣ ਛੋਹਰ ਨਹੀਂ ਸਨ ਰਹੇ, ਜਿਸ ਤਰ੍ਹਾਂ ਦੇ ਉਹ ਕਾਲਜ ਵਿੱਚ ਹੁੰਦੇ ਸਨ। ਉਨ੍ਹਾਂ ਦੇ ਹੱਡ ਪੈਰ ਅਤੇ ਚਿਹਰੇ ਪੱਕੜ ਹੋ ਗਏ ਸਨ। ਦਿਲਬਾਗ ਦਾ ਰੰਗ ਥੋੜ੍ਹਾ ਸਾਫ ਹੋ ਗਿਆ ਲਗਦਾ ਸੀ, ਪਰ ਵੀਰਦੀਪ ਪਹਿਲਾਂ ਵਰਗਾ ਹੀ ਸੀ। ਗੱਡੀ ਵਿੱਚ ਤਾਂ ਉਨ੍ਹਾਂ ਵਿਚਾਲੇ ਰਸਮੀਂ ਗੱਲਬਾਤ ਹੀ ਹੋਈ, ਕਮਰੇ ਵਿੱਚ ਆਣ ਕੇ ਉਹ ਆਪਸ ਵਿੱਚ ਕੁਝ ਖੁੱਲ੍ਹਣ ਲੱਗੇ।
‘ਦੱਸੋ ਭੈਣਜੀ ਫਿਰ ਮਿਲਣ ਦਾ ਰਾਜ, ਥੁਆਡੇ ਸਾਹਮਣੇ ਬਿਠਾ ਦਿੱਤਾ ਆਪਾਂ ਪੌਣੇ ਛੇ ਫੁੱਟ ਦਾ ਜਵਾਨ’ ਵੀਰਦੀਪ ਨੇ ਸਿਮਰਨ ਨੂੰ ਮਜ਼ਾਕ ਨਾਲ ਕਿਹਾ।
‘ਕਹੋਂ ਤਾਂ ਮੈਂ ਬਾਹਰ ਚਲਾ ਜਾਨਾਂ, ਖਾਣ ਪੀਣ ਲਈ ਫੜ ਲਿਆਉਨਾਂ ਕੁਝ।’ ਵੀਰਦੀਪ ਨੇ ਉਨ੍ਹਾਂ ਦੀ ਸਲਾਹ ਪੁੱਛੀ।
‘ਨਹੀਂ ਵੀਰਦੀਪ ਇੱਦਾਂ ਦੀ ਕੋਈ ਗੱਲ ਨ੍ਹੀਂ, ਤੂੰ ਵੀ ਬਹਿ ਜਾ ਕੋਲੇ, ਤੂੰ ਸਾਡਾ ਗਵਾਹ ਵੀ ਬਣਨਾ’ ਸਿਮਰਨ ਨੇ ਦਲੀਲ ਦਿੱਤੀ।
‘ਗਵਾਹ ਨ੍ਹੀਂ, ਵਿਚੋਲਾ ਕਹੋ’ ਵੀਰਦੀਪ ਨੇ ਸਿਮਰਨ ਨੂੰ ਸਹੀ ਕਰਨ ਦਾ ਯਤਨ ਕੀਤਾ।
‘ਗਵਾਹ ਈ ਠੀਕ ਆ ਵੀਰਦੀਪ, ਕਿਉਂਕਿ ਵਿਆਹ ਤਾਂ ਸਾਡਾ ਮੁਸ਼ਕਲ ਹੈ’ ਦਿਲਬਾਗ ਨੇ ਆਪਣੇ ਵੱਲੋਂ ਸਿਮਰਨ ਦੇ ਸ਼ਬਦ ਦੀ ਪੁਸ਼ਟੀ ਕੀਤੀ।
‘ਵਿਆਹ ਲਈ ਤਾਂ ਮੈਂ ਹਾਲੇ ਕੋਈ ਮਤਾ ਈ ਨ੍ਹੀਂ ਪੇਸ਼ ਕੀਤਾ, ਇਹ ਕਿੱਥੋਂ ਆ ਗਿਆ ਵਿਚਾਲੇ’ ਸਿਮਰਨ ਹੁਣ ਦੋਹਾਂ ਮੁੰਡਿਆਂ ਨੂੰ ਘੇਰਨ ਦਾ ਯਤਨ ਕਰ ਰਹੀ ਸੀ।
‘ਫਿਰ ਵੀ ਕੋਈ ਏਜੰਡਾ ਤਾਂ ਹੋਊ ਮਿਲਣ ਦਾ’ ਵੀਰਦੀਪ ਸਿਆਸਤਦਾਨਾਂ ਵਾਲੀ ਭਾਸ਼ਾ ਬੋਲ ਰਿਹਾ ਸੀ।
‘ਕਾਲਜ ਵਾਲੀ ਸਿਆਸਤ ਗਈ ਨ੍ਹੀਂ ਹਾਲੇ ਤੁਹਾਡੇ ਹੱਡਾਂ ‘ਚੋਂ, ਏਜੰਡੇ ਨੂੰ ਮੈਂ ਕਿਹੜਾ ਤੁਹਾਡੀ ਪਾਰਟੀ ਦੀ ਮੀਟਿੰਗ ਬੁਲਾਈ ਆ’ ਸਿਮਰਨ ਗਹਿਰੇ ਵਿਅੰਗ ਕਰਨੇ ਸਿੱਖ ਗਈ ਸੀ।
ਇੰਨੇ ਨੂੰ ਵੀਰਦੀਪ ਚਾਹ ਬਣਾ ਲਿਆਇਆ। ਉਹਨੇ ਟੇਬਲ ‘ਤੇ ਚਾਹ ਰੱਖ ਦਿੱਤੀ, ਨਾਲ ਬਿਸਕੁਟਾਂ ਦਾ ਡੱਬਾ ਅਤੇ ਲਾਗੇ ਪਏ ਮੰਜੇ ‘ਤੇ ਬੈਠ ਗਿਆ। ਦਿਲਬਾਗ ਅਤੇ ਸਿਮਰਨ ਨੇ ਕੁਰਸੀਆਂ ਮੱਲ ਲਈਆਂ ਸਨ।
‘ਮੈਂ ਤੇ ਤੈਨੂੰ ਦਿਲਬਾਗ ਚੰਗੀ ਤਰ੍ਹਾਂ ਵੇਖਣ ਆਈ ਆਂ, ਕਿ ਪਹਿਲਾਂ ਨਾਲੋਂ ਤੇਰਾ ਹੁਣ ਕੀ ਬਦਲ ਗਿਐ। ਸਕੂਲ ਜਾਂਦੇ ਤਾਂ ਬਸ ਇੰਨਾ ਕੁ ਪਤਾ ਲਗਦਾ ਬਈ ਸੁੱਖ ਨਾਲ ਜਿਉਂਦੇ ਜਾਗਦੇ ਹੋ। ਹਰ ਸਵੇਰ ਮੇਰੀ ਇਹ ਉਤਸੁਕਤਾ ਹੁੰਦੀ ਕਿ ਕਿਧਰੇ ਤੁਰਦੇ ਫਿਰਦੇ ਦਿਸ ਜਾਣ। ਮੇਰੀ ਡਿਊਟੀ ਵੀ ਵੀਰਦੀਪ ਨੇ ਇੰਨੀ ਕੁ ਈ ਲਗਾਈ ਸੀ।’ ਕੁੜੀ ਨੇ ਆਪਣੀ ਵਿਆਖਿਆ ਦਿੱਤੀ। ਦਿਲਬਾਗ ਸੁਣਦਾ ਰਿਹਾ, ਹੁੰਘਾਰਾ ਦਿੰਦਾ ਰਿਹਾ।
ਹੁਣ ਵੀਰਦੀਪ ਨੇ ਦਖਲ ਦਿੱਤਾ, ‘ਸਿਮਰਨ ਗੱਲ ਸਿਰਫ ਡਿਊਟੀ ਤੱਕ ਈ ਸੀਮਤ ਤੇ ਨ੍ਹੀਂ ਰਹੀ ਹੋਣੀ ਹੁਣ, ਥੋਡੇ ਦਿਲਾਂ ਵਿੱਚ ਵੀ ਕੁਝ ਪੁੰਗਰ ਆਇਆ ਲਗਦਾ।’
‘ਤੂੰ ਚੁੱਪ ਰਹਿ ਵੀਰੂ, ਇਹਨੂੰ ਬੋਲਣ ਦੇ।’ ਸਿਮਰਨ ਹੁਣ ਚਹਿਕਣ ਲੱਗੀ ਸੀ।
ਦਿਲਬਾਗ ਮਿੰਨ੍ਹਾ ਜਿਹਾ ਮੁਸਕਰਾਇਆ, ਥੋੜ੍ਹੀ ਦੇਰ ਚੁੱਪ ਰਿਹਾ। ਫਿਰ ਇੱਕ ਹਲਕੀ ਜਿਹੀ ਤਿਊੜੀ ਉਸ ਦੇ ਮੱਥੇ ‘ਤੇ ਉਭਰੀ। ਉਹ ਭਾਸ਼ਣਾਂ/ਸ਼ਬਦਾਂ ਦੀਆਂ ਖੇਡਾਂ ਦਾ ਮਾਹਿਰ ਨਹੀਂ ਸੀ, ਔਖ ਜਿਹੀ ਨਾਲ ਸ਼ਬਦ ਇਕੱਠੇ ਕੀਤੇ, ‘ਸਿਮਰਨ ਮੈਂ ਹੁਣ ਬਹੁਤ ਦੂਰ ਨਿਕਲ ਗਿਆਂ। ਮੇਰੀ ਜ਼ਿੰਦਗੀ ਇੱਕ ਹੋਰ ਰਾਹ ‘ਤੇ ਤੁਰ ਪਈ ਹੈ। ਜਿਹਨੂੰ ਆਪਣਾ ਸਮਾਜ ਔਝੜੇ ਤੁਰਨਾ ਮੰਨਦਾ। ਆਪਾਂ ਸ਼ਾਇਦ ਇਕੱਠੇ ਨਾ ਤੁਰ ਸਕੀਏ। ਤੂੰ ਆਮ ਜ਼ਿੰਦਗੀ ‘ਚ ਸੈਟ ਹੋ ਗਈ ਏਂ। ਘਰਦੇ ਵੀ ਚਾਹੁੰਦੇ ਹੋਣਗੇ ਤੇਰੇ ਕਿ ਸਾਨੂੰ ਮੁੰਡਾ ਪ੍ਰੋਫੈਸਰ ਲੱਗਿਆ ਮਿਲੇ। ਹੁਣ ਤੇਰਾ ਕਿਧਰੇ ਹੋਰ ਵਿਆਹ ਕਰਵਾ ਲੈਣਾ ਈ ਠੀਕ ਆ।’
‘ਵਿਆਹ ਵਾਲੀ ਗੱਲ ਤਾਂ ਮੈਂ ਹਾਲੇ ਵੀ ਨ੍ਹੀਂ ਕੀਤੀ’ ਸਿਮਰਨ ਨੇ ਦਿਲਬਾਗ ਨੂੰ ਅੱਗੋਂ ਘੇਰਿਆ।
‘ਹੋਰ ਫਿਰ ਤੂੰ ਕੀ ਚਾਹੁੰਨੀ ਏਂ’ ਦਿਲਬਾਗ ਹੁਣ ਸਿੱਧਾ ਹੋ ਗਿਆ ਸੀ।
‘ਮੈਂ ਚਾਹੁੰਨੀ ਆ ਕਿ ਤੂੰ ਇਸ ਰਾਹ ਤੋਂ ਵਾਪਸ ਪਰਤ ਆ, ਜਿਸ ‘ਤੇ ਵਾਹੋ ਦਾਹੀ ਭੱਜਿਆ ਜਾ ਰਿਹਾ ਏਂ’ ਸਿਮਰਨ ਨੇ ਗੰਭੀਰ ਹੁੰਦਿਆਂ ਕਿਹਾ।
‘ਇਹ ਕਿਉਂ ਚਾਹੁੰਦੀ ਏਂ ਤੂੰ’ ਦਿਲਬਾਗ ਨੇ ਸਵਾਲ ਕੀਤਾ।
‘ਮੇਰਾ ਦਿਲ ਕਹਿੰਦਾ ਕਿ ਇਹ ਗੱਲ ਤੈਨੂੰ ਕਹਾਂ, ਤੇਰੇ ਨੇੜੇ ਬੈਠ ਕੇ, ਪਿਆਰ ਨਾਲ, ਸ਼ਾਇਦ ਤੂੰ ਮੁੜ ਆਵੇਂ’ ਸਿਮਰਨ ਨੇ ਸਪਸ਼ਟ ਕੀਤਾ।
‘ਤੇਰੇ ਲਈ’ ਦਿਲਬਾਗ ਨੇ ਦੋ ਅੱਖਰਾਂ ਵਿੱਚ ਸਵਾਲ ਪਾਇਆ।
‘ਇਕੱਲੀ ਮੇਰੇ ਲਈ ਨਹੀਂ, ਆਪਣੇ ਮਾਪਿਆਂ ਲਈ, ਆਪਣੇ ਦੋਸਤ ਵੀਰਦੀਪ ਲਈ, ਜੇ ਮੈਨੂੰ ਤੂੰ ਕੁਝ ਸਮਝਦਾਂ ਤਾਂ ਮੇਰੇ ਲਈ ਵੀ।’ ਕੁੜੀ ਹੁਣ ਸ਼ਬਦਾਂ ਨੂੰ ਢੁਕਵੇਂ ਅਰਥ ਦੇਣ ਦੀ ਮਾਹਿਰ ਹੋ ਗਈ ਸੀ।
ਦਿਲਬਾਗ ਸੋਚੀਂ ਪੈ ਗਿਆ। ਬਹਿਸ ਮੁਬਾਹਿਸੇ ਵਿੱਚ ਉਹ ਇੰਨਾ ਤੇਜ਼ ਨਹੀਂ ਸੀ, ਜਿੰਨੀ ਸਿਮਰਨ ਹੋ ਗਈ ਸੀ। ਉਹਨੇ ਵੀਰਦੀਪ ਨੂੰ ਆਵਾਜ਼ ਮਾਰੀ, ‘ਵਕੀਲ ਸਾਹਿਬ ਤੁਸੀਂ ਕੱਢੋ ਕੋਈ ਹੱਲ, ਸਾਥੋਂ ਤਾਂ ਉਲਝ ਗਈ ਤਾਣੀ।’
‘ਦਿਲਾਂ ਵਾਲੇ ਮਾਮਲੇ ਨ੍ਹੀਂ ਬਈ ਵਕੀਲਾਂ ਦੇ ਵੱਸ ਦੀ ਗੱਲ, ਇਹਦੇ ਲਈ ਲੱਭੋ ਕੋਈ ਹੋਰ ਕਾਜ਼ੀ ਕੋਤਲ, ਆਪਣੇ ਹੱਥ ਖੜੇ ਆ’ ਵੀਰਦੀਪ ਨੇ ਬਾਹਾਂ ਉੱਪਰ ਚੁੱਕ ਕੇ ਆਖਿਆ।
ਦਿਲਬਾਗ ਉੱਠਿਆ ਤੇ ਉਹਨੇ ਵੀਰਦੀਪ ਨੂੰ ਖਿੱਚ ਕਿ ਆਪਣੇ ਨਾਲ ਬਿਠਾ ਲਿਆ, ‘ਮੇਰੇ ਨਾਲ ਬੈਠ ਯਾਰ, ਮੇਰੀਆਂ ਦਲੀਲਾਂ ਮੁੱਕਦੀਆਂ ਜਾ ਰਹੀਆਂ, ਤੂੰ ਫੇਰ ਵੀ ਵਕੀਲ ਹੋਇਆ।’
‘ਮੇਰੀ ਮੰਨੋਂ ਤਾਂ ਸਾਰਾ ਕੁਝ ਹਾਲੇ ਪੈਂਡਿੰਗ ਰਹਿਣ ਦੋ, ਵਕਤ ਨਾਲ ਆਪੇ ਸਾਰਾ ਕੁਝ ਠੀਕ ਹੋ ਜਾਣਾ, ਹਾਲੇ ਆਪਾਂ ਦਿਲਬਾਗ ਨੂੰ ਬਾਇੱਜ਼ਤ ਮੋੜਨ ਦੇ ਵੀ ਸਮਰੱਥ ਨੀਂ ਹੈਗੇ’ ਵੀਰਦੀਪ ਨੇ ਆਖਿਆ। ਉਹਦੀ ਦਲੀਲ ਇੰਨੀ ਸੰਤੁਲਿਤ ਸੀ ਕਿ ਦੋਨੋਂ ਮੰਨ ਗਏ।
‘ਤੂੰ ਆਪਣੇ ਰੋਕੇ ਦੇ ਲੱਡੂ ਕਦੋਂ ਖਵਾਉਣੇ ਵੀਰੂ’ ਸਿਮਰਨ ਹੁਣ ਪਿਆਰ ਨਾਲ ਬੋਲੀ।
‘ਤੁਸੀਂ ਲੈ ਕੇ ਆਉਣੇ ਸੀ’ ਵੀਰਦੀਪ ਸਿਮਰਨ ਨੂੰ ਸੰਬੋਧਨ ਹੋਇਆ।
‘ਰੋਕਾ ਤੇਰਾ ਹੋਇਆ, ਮੈਂ ਕਾਹਤੋਂ ਲੈ ਕੇ ਆਵਾਂ’ ਸਿਮਰਨ ਨੇ ਹੈਰਾਨੀ ਵਿੱਚ ਹੱਥ ਝਟਕੇ।
‘ਰੋਕੇ ਦੀ ਸਾਰੀ ਫਿਲਮ ਤਾਂ ਤੁਸੀ ਓਂ ਡਾਇਰੈਕਟ ਕੀਤੀ’ ਵੀਰਦੀਪ ਦੇ ਡਾਇਲਾਗ ਨਾਲ ਕੁੜੀ ਹੱਸਣ ਲੱਗੀ।
‘ਕੀਹਨੇ ਰੋਕ ਲਿਆ ਸਾਡਾ ਵੱਡਾ ਬਾਈ’ ਦਿਲਬਾਗ ਨੂੰ ਹਾਲੇ ਕੁਝ ਵੀ ਪਤਾ ਨਹੀਂ ਸੀ।
‘ਹਰਜੀਤ ਨੇ’ ਸਿਮਰਨ ਵਿਚਾਲਿਓਂ ਬੋਲ ਪਈ।
‘ਇਹ ਤੇ ਫਿਰ ਘਰ ਦੀ ਮੁਰਗੀ ਦਾਲ ਬਰਾਬਰ ਹੋਗੀ’ ਦਿਲਬਾਗ ਦੇ ਬੋਲਾਂ ਨਾਲ ਸਾਰੇ ਖਿੜ ਖਿੜਾ ਕੇ ਹੱਸ ਪਏ।
‘ਮੁਰਗੀ ਨ੍ਹੀਂ ਰਹੀ ਹੁਣ ਉਹ, ਪੀਂਘ ਵਰਗੀ ਕੁੜੀ ਨਿਕਲ ਆਈ’ ਸਿਮਰਨ ਨੇ ਹਰਜੀਤ ਦਾ ਪੱਖ ਲਿਆ।
‘ਫੇਰ ਤੇ ਸੱਚਮੁੱਚ ਦੀਆਂ ਵਧਾਈਆਂ ਹੋ`ਗੀਆਂ ਬਈ ਵੀਰਦੀਪ ਸਿਆਂ, ਲਿਆ ਛੇਤੀ ਦੇ ਕੇ ਲੱਡੂ, ਚੱਲੀਏ ਫੇਰ ਆਪਣੇ ਟਿਕਾਣਿਆਂ ਵੱਲ, ਕੁਵੇਲਾ ਨ੍ਹੀਂ ਠੀਕ ਹੁੰਦਾ’ ਦਿਲਬਾਗ ਹੁਣ ਜਾਣ ਲਈ ਕਾਹਲਾ ਸੀ। ਵੀਰਦੀਪ ਨੇ 500 ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਸਿਮਰਨ ਵੱਲ ਵਧਾਇਆ। ‘ਲਉ ਪੈਸੇ ਤੇ ਲੱਡੂ ਤੁਸੀਂ ਰਾਹ `ਚੋਂ ਲੈ ਕੇ ਖਾ ਲਿਓ।’ ਸਿਮਰਨ ਨੇ ਪੈਸੇ ਫੜੇ ਨਾ।
‘ਫੜ ਲੋ-ਫੜ ਲੋ, ਤੁਹਾਨੂੰ ਤੇ ਸ਼ਗਨ ਵੀ ਦੇਣਾ ਚਾਹੀਦਾ ਸੀ ਇਹਨੂੰ, ਹਾਲੇ ਤਾਂ ਸੂਟ ਪੈਂਡਿੰਗ ਪਿਆ ਹੋਣੈ ਵਿਚੋਲਣ ਦਾ’ ਦਿਲਬਾਗ ਹੁਣ ਰੰਗ ਵਿੱਚ ਆ ਗਿਆ ਸੀ।
‘ਸਿਮਰਨ ਨੂੰ ਬੱਸ ਸਟੈਂਡ ‘ਤੇ ਉਤਾਰ ਜਾਵੀਂ ਦਿਲਬਾਗ ਜਾਂਦਾ ਹੋਇਆ’ ਵੀਰਦੀਪ ਨੂੰ ਸੀ ਬਈ ਸਿਮਰਨ ਸਮੇਂ ਸਿਰ ਘਰ ਪਹੁੰਚ ਜਾਵੇ। ਪੰਜ ਵੱਜ ਚੁੱਕੇ ਸਨ, ਸਾਡੇ ਸੱਤ ਵਜੇ ਸੂਰਜ ਛਿਪ ਜਾਂਦਾ ਸੀ। ਸਮੇਂ ਸਿਰ ਬੱਸ ਮਿਲ ਜਾਵੇ ਤਾਂ ਕੁੜੀ ਟਾਈਮ ਨਾਲ ਘਰ ਪਹੁੰਚ ਸਕਦੀ ਸੀ।

ਦਿਲਬਾਗ ਹੋਰਾਂ ਦਾ ਘੋੜਿਆਂ ਤੇ ਮੱਝਾਂ ਦਾ ਵਪਾਰ ਹੁਣ ਕਾਫੀ ਰਿੜ੍ਹ ਪਿਆ ਸੀ। ਪੈਸੇ ਵੀ ਚੰਗੇ ਬਣਨ ਲੱਗ ਪਏ ਸਨ। ਅੰਬੇ ਨੂੰ ਨਾਲ ਲੈ ਕੇ ਦਿਲਬਾਗ ਇੱਕ ਦਿਨ ਨਵੇਂ ਸ਼ਹਿਰ ਵੱਲ ਨਿਕਲ ਗਿਆ। ਇਸ ਦਰਮਿਆਨ ਉਹ ਉਸ ਕਸਬੇ ਵਿੱਚ ਦੀ ਵੀ ਗੁਜ਼ਰੇ ਜਿੱਥੋਂ ਦਾ ਉਨ੍ਹਾਂ ਸੁਨਿਆਰਾ ਲੁੱਟਿਆ ਸੀ। ਸੁਨਿਆਰੇ ਦਾ ਸ਼ੋਅ ਰੂਮ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ ਸੀ। ਦਿਲਬਾਗ ਨੇ ਅੰਬੇ ਨੂੰ ਮੋਢਾ ਮਾਰਿਆ, ਵੇਖ ਲੈ ਅੰਬੇ ਇਹ ਉਹੋ ਸ਼ੋਅ ਰੂਮ ਹੈ ਜਿਹੜਾ ਆਪਾਂ ਲੁੱਟਿਆ ਸੀ। ਤੂੰ ਫਿਕਰ ਕਰਦਾ ਸੀ ਅਖੇ ਇਹਦਾ ਕੀ ਬਣੂ! ਇਹ ਹੁਣ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ ਹੈ। ਸਮੁੰਦਰ ਵਿੱਚੋਂ ਜੇ ਚਿੜੀ ਚੁੰਝ ਭਰ ਲਵੇ ਤਾਂ ਸਮੁੰਦਰ ਨੂੰ ਕੋਈ ਫਰਕ ਨ੍ਹੀਂ ਪੈਂਦਾ। ਇਵੇਂ ਜ਼ਿੰਦਗੀ ਹੈ। ਸ੍ਰਿਸ਼ਟੀ ਏਨੀ ਵਿਸ਼ਾਲ ਹੈ ਕਿ ਸਾਡੇ ਨਿੱਕੇ ਨਿੱਕੇ ਕਰਮ ਉਸ ਵਿੱਚ ਕੋਈ ਬਹੁਤਾ ਵੱਡਾ ਡੈਂਟ ਨਹੀਂ ਪਾਉਂਦੇ। ਕੁਦਰਤ ਆਪਣੀ ਚਾਲੇ ਚਲਦੀ ਰਹਿੰਦੀ ਹੈ। ਉਹਨੇ ਗੜ੍ਹਸੰਕਰ ਤੋਂ ਗੱਡੀ ਪਹਾੜੀ ਰਸਤਿਆਂ ਵੱਲ ਮੋੜ ਲਈ ਅਤੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਾ ਰੁਕੇ। ਛੋਟੇ ਹਥਿਆਰਾਂ ਦਾ ਭਰਿਆ ਇੱਕ ਬੈਗ ਉਨ੍ਹੇ ਚੁੱਕ ਕੇ ਆਪਣੀ ਗੱਡੀ ਵਿੱਚ ਰੱਖਿਆ, ਗੋਲੀਆਂ ਦੀ ਇੱਕ ਪੇਟੀ ਵੀ ਗੱਡੀ ਵਿੱਚ ਰੱਖ ਲਈ। ਲੈਦਰ ਦੇ ਬੈਗ ਵਿੱਚ ਲਪੇਟੀਆਂ ਤਿੰਨ ਵੱਡੀਆਂ ਰਾਈਫਲਾਂ ਵੀ ਸਨ। ਯੂ.ਪੀ. ਵਾਲੇ ਐਕਸ਼ਨ ਤੋਂ ਬਾਅਦ ਹਥਿਆਰਾਂ ਦੀ ਉਨ੍ਹਾਂ ਕੋਲ ਕਮੀ ਆ ਗਈ ਸੀ। ਜਿਸ ਘਰੋਂ ਉਨ੍ਹਾਂ ਨੇ ਸਮਾਨ ਚੁੱਕਿਆ, ਉਨ੍ਹਾਂ ਨਾਲ ਕੁਝ ਨਹੀਂ ਬੋਲੇ। ਪੈਸੇ ਫੜਾਏ ਅਤੇ ਆਪਣੇ ਰਾਹ ਪੈ ਗਏ। ਜਾਂਦੇ ਹੋਏ ਉਹ ਫਿਲੌਰ ਵੱਲ ਦੀ ਨਿਕਲੇ। ਦਿਲਬਾਗ ਦੇ ਮਨ ਵਿੱਚ ਸੀ ਬਈ ਜਾਂਦੇ ਹੋਏ ਬਘੇਲੇ ਦੀ ਖ਼ਬਰ ਲੈ ਚੱਲੀਏ। ਉਹ ਦਿਨੇ 12 ਕੁ ਵਜੇ ਬਘੇਲੇ ਦੇ ਘਰ ਪੁੱਜੇ। ਉਹ ਘਰ ਹੀ ਸੀ। ਦਿਲਬਾਗ ਨੂੰ ਉਹ ਚਾਹ ਕੇ ਮਿਲਿਆ, ‘ਬੜੇ ਦਿਨ ਲਾ ਦਿੱਤੇ ਆਉਣ ਨੂੰ, ਕਈ ਦਿਨਾਂ ਤੋਂ ਉਡੀਕਦੇ ਸੀ ਦਿਲਬਾਗ ਤੈਨੂੰ’ ਬਘੇਲਾ ਚਿੱਤੋਂ ਬੋਲਿਆ। ਦਿਲਬਾਗ ਨੇ ਮਾਤਾ ਦੇ ਗੋਡੀਂ ਹੱਥ ਲਾਏ। ਬਘੇਲੇ ਦੀ ਮਾਂ ਨੇ ਮੂੰਹ ਭਰਵੀਂ ਅਸੀਸ ਦਿੱਤੀ। ਬਘੇਲਾ ਹੁਣ ਕੁਝ ਐਕਸਰਸਾਈਜ਼ ਵੀ ਕਰਨ ਲੱਗਾ ਸੀ। ਉਸ ਦਾ ਸਰੀਰ ਆਪਣੀ ਪੁਰਾਣੀ ਗਲੇਟ ਵਿੱਚ ਪਰਤਣ ਲੱਗਾ। ਦਿਲਬਾਗ ਨੂੰ ਲੱਗਾ ਇਸ ਨੂੰ ਵੀਰਦੀਪ ਦੇ ਨਾਲ ਤੋਰਿਆ ਜਾ ਸਕਦਾ ਹੈ। ਬਘੇਲਾ ਬਹੁਤ ਖੁਸ਼ ਸੀ। ਦਿਲਬਾਗ ਦੀ ਆਮਦ ਨਾਲ ਹੀ ਉਹ ਹੁਲਾਸ ਵਿੱਚ ਆ ਜਾਂਦਾ ਸੀ।
‘ਬਘੇਲੇ ਯਾਰ ਤੈਨੂੰ ਛੋਟਾ ਜਿਹਾ ਇੱਕ ਸਵਾਲ ਪਾਉਣੈ, ਜੇ ਹੁਣ ਰਾਜ਼ੀ ਬਾਜ਼ੀ ਏਂ ਤੂੰ ਤੇ ਪਾਵਾਂ?’ ਦਿਲਬਾਗ ਨੇ ਬਘੇਲੇ ਨੂੰ ਟੋਹਿਆ।
‘ਤੇਰੇ ਕਰਕੇ ਆਪਾਂ ਜਿਉਂਦਿਆਂ ‘ਚ ਹੋ ਗਏ ਦਿਲਬਾਗ ਭਾਅ, ਤੂੰ ਗੱਲ ਕਰ ਕੀ ਕਰਨਾ’ ਬਘੇਲੇ ਦੀ ਟੋਨ ਹੁਣ ਚੜ੍ਹਦੀ ਕਲਾ ਵਾਲੀ ਸੀ।
‘ਆਪਣਾ ਉਹ ਵੀਰਦੀਪ ਹੈ ਨਾ ਜਿਹੜਾ ਆਪਣੇ ਨਾਲ ਨੈਸ਼ਨਲ ਕੈਂਪ ਲਈ ਚੁਣਿਆ ਗਿਆ ਸੀ, ਉਹ ਇੱਕ ਰਾਜਨੀਤਿਕ ਗਰੁੱਪ ਜਿਹਾ ਬਣਾਉਣਾ ਚਾਹੁੰਦਾ, ਉਹਨੂੰ ਬੰਦਿਆਂ ਦੀ ਭਾਲ ਸੀ, ਮੈਨੂੰ ਸੀ ਬਈ ਤੂੰ ਉਹਦਾ ਪਹਿਲਾਂ ਪਹਿਲ ਥੋੜ੍ਹਾ ਸਾਥ ਦੇ ਦੇਵੇਂ। ਬਾਅਦ ਵਿੱਚ ਤੇਰੀ ਮਰਜ਼ੀ ਹੋਊ ਕਿ ਕਿੰਨੀ ਕੁ ਦੇਰ ਤੁਰਨਾ ਨਾਲ’ ਦਿਲਬਾਗ ਨੇ ਆਪਣੀ ਗੱਲ ਕਹੀ ਅਤੇ ਬਘੇਲੇ ਦੇ ਮੂੰਹ ਵੱਲ ਵੇਖਣ ਲੱਗਾ।
‘ਤੇਰਾ ਕਿਹਾ ਸਿਰ ਮੱਥੇ ਭਾਅ, ਜਦੋਂ ਕਹੇ ਮੈਂ ਮਿਲ ਲਵਾਂਗਾ ਵੀਰਦੀਪ ਨੂੰ, ਕੀ ਕਰਦਾ ਉਹ ਅੱਜ ਕੱਲ੍ਹ’ ਬਘੇਲੇ ਨੇ ਬਹੁਤਾ ਦਿਮਾਗ `ਤੇ ਬੋਝ ਪਾਇਆਂ ਜਵਾਬ ਦਿੱਤਾ।
‘ਪਟਿਆਲਾ ਜ਼ਿਲ੍ਹਾ ਕੋਰਟ ਵਿੱਚ ਵਕਾਲਤ ਕਰਦਾ’ ਦਿਲਬਾਗ ਨੇ ਦੱਸਿਆ। ਦਿਲਬਾਗ ਦੀ ਗੱਲ ਸੁਣ ਕੇ ਬਘੇਲਾ ਵੀਰਦੀਪ ਨੂੰ ਮਿਲਣ ਲਈ ਉਤਾਵਲਾ ਹੋ ਗਿਆ।
‘ਕਿੱਦਣ ਮਿਲਾਂ ਮੈਂ ਉਹਨੂੰ’ ਬਘੇਲੇ ਨੇ ਪੁੱਛਿਆ।
‘ਤੈਨੂੰ ਦੱਸ ਦੇਵਾਂਗਾ ਮੈਂ ਜਦੋਂ ਪ੍ਰੋਗਰਾਮ ਬਣਿਆ।’ ਦਿਲਬਾਗ ਨੇ ਉਸ ਦੀ ਉਤਸੁਕਤਾ ਨੂੰ ਵਿਰਾਮ ਦਿੱਤਾ।
ਘੰਟੇ ਕੁ ਬਾਅਦ ਉਨ੍ਹਾਂ ਬਘੇਲੇ ਤੋਂ ਜਾਣ ਦੀ ਇਜਾਜ਼ਤ ਮੰਗੀ, ਇੰਨੇ ਨੂੰ ਬਘੇਲੇ ਦੀ ਭੈਣ ਵੀ ਕਾਲਜੋਂ ਵਾਪਸ ਆ ਗਈ ਸੀ। ਬਘੇਲੇ ਦੀ ਮਾਂ ਤੇ ਭੈਣ ਦਿਲਬਾਗ ‘ਤੇ ਰਾਤ ਰੁਕਣ ਲਈ ਜ਼ੋਰ ਪਾਉਣ ਲੱਗੀਆਂ, ਪਰ ਉਹ ਰੁਕਣ ਵਾਲੀ ਹਾਲਤ ਵਿੱਚ ਨਹੀਂ ਸਨ। ਸਾਰਿਆਂ ਨੂੰ ਫਤਿਹ ਬੁਲਾਈ ਤੇ ਆਪਣੇ ਟਿਕਾਣੇ ਵੱਲ ਚੱਲ ਪਏ। ਘਰ ਪੁੱਜੇ ਤਾਂ ਦਿਨ ਛਿਪ ਗਿਆ ਸੀ। ਗੋਲੂ ਤੇ ਨੌਕਰ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਗੋਲੂ ਨੇ ਦਰਵਾਜ਼ਾ ਖੋਲਿ੍ਹਆ ਅਤੇ ਉਨ੍ਹਾਂ ਗੱਡੀ ਸਿੱਧੀ ਬੇਸਮੈਂਟ ਵਿੱਚ ਲਾਹ ਦਿੱਤੀ।
(ਜਾਰੀ)

Leave a Reply

Your email address will not be published. Required fields are marked *