ਦਿਲਜੀਤ ਸਿੰਘ ਬੇਦੀ
ਇਜ਼ਰਾਇਲ, ਈਰਾਨ, ਰੂਸ, ਯੂਕ੍ਰੇਨ, ਭਾਰਤ-ਕੈਨੇਡਾ, ਨੇਪਾਲ-ਚੀਨ, ਦੱਖਣੀ ਤੇ ਉਤਰੀ ਕੋਰੀਆ, ਅਮਰੀਕਾ ਸਭ ਬਾਰੂਦ ਦੇ ਢੇਰ `ਤੇ ਬੈਠ ਕੇ ਮੌਤਨਾਮੀ ਬਾਰੂਦ ਨਾਲ ਖੇਡ ਰਹੇ ਹਨ। ਇਹ ਕਿਸੇ ਵੇਲੇ ਵੀ ਵਿਸ਼ਵ ਯੁੱਧ ਵੱਲ ਵੱਧ ਸਕਦੇ ਹਨ, ਹਰੇਕ ਦੇਸ਼ ਨੂੰ ਪ੍ਰਮਾਣੂ ਸ਼ਕਤੀ ਦਾ ਵਿਸਫੋਟ ਹੋ ਜਾਣ ਦਾ ਡਰ ਹੈ। ਅਜੇ ਜ਼ਮੀਨੀ ਤੇ ਅਸਮਾਨੀ ਲੜਾਈ ਜਾਰੀ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਸ ਦੀ ਪਤਨੀ `ਤੇ ਈਰਾਨ ਦੇ ਸਮਰਥਕ ਲੈਬਨਾਨ ਵੱਲੋਂ ਡ੍ਰੋਨ ਹਮਲੇ ‘ਚ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਨੇ ਦੋਹਾਂ ਦੇਸ਼ਾਂ ਵਿੱਚ ਨਫਰਤ ਤੇ ਦੁਸ਼ਮਣੀ ਹੋਰ ਤੇਜ ਕਰ ਦਿੱਤੀ ਹੈ।
ਨੇਤਨਯਾਹੂ ਨੇ ਲੈਬਨਾਨ ਵੱਲੋਂ ਕੀਤੇ ਗਏ ਡ੍ਰੋਨ ਹਮਲੇ ਦਾ ਜ਼ਿਕਰ ਕਰਦਿਆਂ ਪੂਰੇ ਰੋਸ ਲਹਿਜੇ ‘ਚ ਕਿਹਾ ਕਿ ਈਰਾਨ ਤੇ ਉਸ ਦੇ ਸਹਿਯੋਗੀ ਵੱਲੋਂ ਕੇਸਰੀਆ ਸ਼ਹਿਰ ਵਿੱਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਾਅਦ ‘ਚ ਫਿਰ ਡ੍ਰੋਨ ਰਾਹੀਂ ਸ਼ਹਿਰ ਦੇ ਇੱਕ ਹੋਰ ਘਰ `ਤੇ ਹਮਲਾ ਕੀਤਾ ਗਿਆ, ਪਰ ਉਥੇ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਹਮਲੇ ਵਾਲੀ ਨਿੱਜੀ ਰਿਹਾਇਸ਼ ਵਿੱਚ ਨਹੀਂ ਸਨ। ਨੇਤਨਯਾਹੂ ਨੇ ਕਿਹਾ ਕਿ ਇਹ ਲੋਕ ਮੈਨੂੰ ਅਤੇ ਇਜ਼ਰਾਈਲ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖਣ ਤੋਂ ਰੋਕ ਨਹੀਂ ਸਕਣਗੇ। ਮੈਂ ਈਰਾਨੀਆ ਅਤੇ ਉਸ ਦੇ ਸਹਿਯੋਗੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਈਰਾਨ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਈਰਾਨ `ਤੇ ਕਿਸੇ ਵੀ ਇਜਰਾਈਲੀ ਹਮਲੇ ਦਾ ਮਤਲਬ ਖ਼ਤਰੇ ਦੀ ਲਾਈਨ ਨੂੰ ਪਾਰ ਕਰਨਾ ਹੋਵੇਗਾ। ਈਰਾਨ ਦੇ ਪ੍ਰਮਾਣੂ ਟਿਕਾਣਿਆਂ `ਤੇ ਕਿਸੇ ਨੇ ਵੀ ਹਮਲਾ ਕੀਤਾ ਤਾਂ ਇਸ ਦਾ ਕਰਾਰਾ ਜਵਾਬ ਦਿਤਾ ਜਾਵੇਗਾ।
ਦੂਜੇ ਪਾਸੇ ਉਤਰੀ ਗਾਜ਼ਾ ‘ਚ ਕਈ ਘਰਾਂ `ਤੇ ਇਜ਼ਰਾਇਲੀ ਹਮਲਿਆਂ `ਚ ਕਈ ਲੋਕ ਮਾਰੇ ਗਏ ਜਾਂ ਲਾਪਤਾ ਹਨ। ਬੇਤਲਹੀਆ ਸ਼ਹਿਰ `ਤੇ 20 ਅਕਤੂਬਰ ਐਤਵਾਰ ਨੂੰ ਹੋਏ ਹਮਲਿਆਂ ‘ਚ 40 ਲੋਕ ਜਖ਼ਮੀ ਹੋਏ ਹਨ। ਈਰਾਨ ਲੈਬਨਾਨ ਵਿੱਚ ਹਮਾਸ ਅਤੇ ਹਿਜ਼ਬੁੱਲਾ ਅਤਿਵਾਦੀ ਸਮੂਹ ਦਾ ਸਮਰਥਨ ਕਰਦਾ ਹੈ, ਜਿੱਥੇ ਇੱਕ ਸਾਲ ਤੋਂ ਵੱਧ ਰਹੇ ਤਣਾਅ ਨੇ ਖ਼ਤਰਨਾਕ ਜੰਗ ਦਾ ਰੂਪ ਧਾਰ ਲਿਆ।
ਲੈਬਨਾਨ ਦੀ ਫੌਜ ਦਾ ਕਹਿਣਾ ਹੈ ਕਿ ਦੱਖਣੀ ਲੈਬਨਾਨ ਵਿੱਚ ਉਨ੍ਹਾਂ ਦੇ ਵਾਹਨਾਂ `ਤੇ ਇਜ਼ਰਾਇਲੀ ਹਮਲੇ ਹੋਏ ਹਨ ਤੇ ਕੁੱਝ ਵਿਅਕਤੀਆਂ ਦੀ ਮੌਤ ਹੋ ਗਈ ਹੈ। ਲੈਬਨਾਨ ਦੀ ਫੌਜ ਇੰਨੀ ਮਜ਼ਬੂਤ ਨਹੀਂ ਹੈ ਕਿ ਉਹ ਹਿਜ਼ਬੁੱਲਾ ਉਪਰ ਆਪਣੀ ਮਰਜ਼ੀ ਥੋਪ ਸਕੇ ਜਾਂ ਇਜ਼ਰਾਈਲੀ ਹਮਲੇ ਤੋਂ ਦੇਸ਼ ਦੀ ਰੱਖਿਆ ਕਰ ਸਕੇ। ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਐਤਵਾਰ ਨੂੰ ਦੇਸ਼ ਦੇ ਪੱਛਮੀ ਖੇਤਰ `ਚ 100 ਤੋਂ ਵੱਧ ਯੂਕਰੇਨੀ ਡ੍ਰੋਨ ਤਬਾਹ ਕਰ ਦਿੱਤੇ ਹਨ। ਦੂਜੇ ਪਾਸੇ ਯੂਕਰੇਨ ਦੇ ਕੀਵੀ ਸ਼ਹਿਰ ਵਿੱਚ ਬੈਲਿਸਟਿਕ ਮਿਜ਼ਾਈਲ ਹਮਲੇ ਵਿੱਚ 17 ਲੋਕ ਜ਼ਖ਼ਮੀ ਹੋ ਗਏ ਹਨ। ਮਰਨ ਵਾਲੇ ਤਾਂ ਆਮ ਨਾਗਰਿਕ ਹਨ, ਜੰਗ ਕਿਸੇ ਵੀ ਦੇਸ਼ ਦੀ ਹੋਏ ਮਰਨਾ ਲੋਕਾਂ ਨੇ ਹੀ- ਭਾਵੇਂ ਬਾਰਡਰ ਹੋਏ, ਭਾਵੇਂ ਮੈਦਾਨ।
ਇਜ਼ਰਾਇਲੀ ਸੈਨਾ ਨੇ ਐਤਵਾਰ ਨੂੰ ਲੈਬਨਾਨ ਦੀ ਰਾਜਧਾਨੀ ਬੈਰੂਤ `ਚ ਹਿਜ਼ਬੁੱਲਾ ਦੇ ਖੁਫੀਆ ਵਿੰਗ ਦੇ ਹੈੱਡਕੁਆਰਟਰ ਤੇ ਇੱਕ ਭੂਮੀਗਤ ਹਥਿਆਰਾਂ ਦੀ ਫੈਕਟਰੀ `ਤੇ ਹਮਲਾ ਕੀਤਾ ਸੀ। ਇਜ਼ਰਾਇਲੀ ਕਾਰਵਾਈ `ਚ ਹਿਜ਼ਬੁੱਲਾ ਦੇ ਤਿੰਨ ਕਮਾਂਡਰ ਅਲਹਾਜ ਅੱਬਾਸ ਸਾਲਾਮੇਹ, ਰਾਦਜਾ ਅੱਬਾਸ ਅਤੇ ਅਹਿਮਦ ਅਲੀ ਵੀ ਮਾਰੇ ਗਏ ਹਨ, ਜਦਕਿ ਹਿਜ਼ਬੁੱਲਾ ਵੱਲੋਂ ਇਜ਼ਰਾਈਲ `ਤੇ 100 ਦੇ ਕਰੀਬ ਰਾਕੇਟ, ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ। ਇਨ੍ਹਾਂ ਹਮਲਿਆਂ ਕਾਰਨ ਹੋਏ ਨੁਕਸਾਨ ਦਾ ਵੇਰਵਾ ਹਾਲੇ ਪ੍ਰਾਪਤ ਨਹੀਂ ਹੋ ਸਕਿਆ। ਇਸ ਦੌਰਾਨ ਈਰਾਨ `ਤੇ ਇਜ਼ਰਾਇਲ ਦੇ ਹਮਲੇ ਦੀ ਗੁਪਤ ਯੋਜਨਾ ਅਮਰੀਕਾ ਤੋਂ ਜਾਰੀ ਹੋਣ ਦੀ ਸੂਚਨਾ ਹੈ। ਅਮਰੀਕਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੈਬਨਾਨੀ ਫੌਜ ਨੇ ਕਿਹਾ ਹੈ ਕਿ ਦੱਖਣ `ਚ ਇਜ਼ਰਾਇਲੀ ਹਮਲੇ `ਚ ਉਸਦੇ ਤਿੰਨ ਸੈਨਿਕ ਮਾਰੇ ਗਏ ਹਨ। ਇਹ ਸੈਨਿਕ ਆਪਣੀ ਗੱਡੀ `ਚ ਸਨ, ਜਦੋਂ ਉਹ ਨਿਸ਼ਾਨਾ ਬਣੇ। ਲੈਬਨਾਨੀ ਫੌਜ ਜੰਗ `ਚ ਸ਼ਾਮਲ ਨਹੀਂ ਹੈ। ਉਥੇ ਹੀ, ਇਜ਼ਰਾਇਲੀ `ਫੌਜ ਤੇ ਈਰਾਨ ਸਮਰਥਿਤ ਹਥਿਆਰਬੰਦ ਸੰਗਠਨ ਹਿਜ਼ਬੁੱਲਾ ਵਿਚਾਲੇ ਵਿਦੇਸ਼ ਮੰਤਰੀ ਇਜ਼ਰਾਇਲ ਕਾਜ਼ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ `ਤੇ ਡ੍ਰੋਨ ਹਮਲੇ ਕਰਨ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਗਾਜ਼ਾ `ਚ ਇਜ਼ਰਾਇਲੀ ਹਮਲਿਆਂ `ਚ ਐਤਵਾਰ ਨੂੰ 87 ਲੋਕ ਮਾਰੇ ਗਏ ਤੇ 40 ਜ਼ਖਮੀ ਹੋ ਗਏ। ਹਮਾਸ ਦੇ ਮੁਖੀ ਯਾਹੀਆ ਸਿਨਵਾਰ ਦੇ ਮਾਰੇ ਜਾਣ ਦੀ ਖ਼ਬਰ ਜਨਤਕ ਹੋਣ ਤੋਂ ਬਾਅਦ ਗਾਜ਼ਾ `ਚ ਇਜ਼ਰਾਇਲੀ ਹਮਲੇ ਤੇਜ਼ ਹੋ ਗਏ ਹਨ। ਇਜ਼ਰਾਈਲ ਹਮਾਸ ਦੇ ਲੜਾਕਿਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਹਮਲਿਆਂ `ਚ ਮਾਰੇ ਗਏ ਲੋਕਾਂ `ਚ ਕਈ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਗਾਜ਼ਾ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਮੁਨੀਰ ਅਲ-ਬਰਸ਼ ਨੇ ਇੱਕ ਮੀਡੀਆ ਇੰਜਣ `ਤੇ ਕਿਹਾ ਕਿ ਹਸਪਤਾਲਾਂ `ਚ ਇਲਾਜ ਲਈ ਜ਼ਰੂਰੀ ਵਸਤਾਂ ਦੀ ਕਮੀ ਦੇ ਵਿਚਕਾਰ ਵੱਡੀ ਗਿਣਤੀ `ਚ ਜ਼ਖਮੀ ਲੋਕਾਂ ਨੂੰ ਲਿਆਂਦੇ ਜਾਣ ਨੇ ਡਰਾਉਣੀ ਸਥਿਤੀ ਪੈਦਾ ਕਰ ਦਿੱਤੀ ਹੈ।
ਰੂਸੀ ਰੱਖਿਆ ਮੰਤਰਾਲੇ ਦੀ ਸੂਚਨਾ ਅਨੁਸਾਰ 20 ਅਕਤੂਬਰ ਦੀ ਰਾਤ ਰੂਸ ਦੇ ਸੱਤ ਖੇਤਰਾਂ ਵੱਲ ਭੇਜੇ ਗਏ 110 ਡ੍ਰੋਨਾਂ ਨੂੰ ਰਸਤੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਉਨ੍ਹਾਂ ਨੇ ਰੂਸ ਦੇ ਸਰਹੱਦੀ ਖੇਤਰ ਕੁਰਕਸ ਨੂੰ ਨਿਸ਼ਾਨਾ ਬਣਾਇਆ, ਜਿੱਥੇ 43 ਹੋਰ ਡ੍ਰੋਨਾਂ ਨੂੰ ਨਸ਼ਟ ਕੀਤਾ ਗਿਆ। ਸੋਸ਼ਲ ਮੀਡੀਆ `ਤੇ ਸਾਹਮਣੇ ਆਈ ਵੀਡੀਓ ਫੁਟੇਜ `ਚ ਨਿਜ਼ਨੀ ਨੋਵਗੋਰੋਡ ਖੇਤਰ ਦੇ ਡਜ਼ਰਜਿਨਸਕ ਸ਼ਹਿਰ `ਤੇ ਹਵਾਈ ਰੱਖਿਆ ਪ੍ਰਣਾਲੀਆਂ ਡ੍ਰੋਨਾਂ ਨੂੰ ਤਬਾਹ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸਥਾਨਕ ਗਵਰਨਰ ਗਲੇਬ ਨਿਕਿਤਨ ਨੇ ਸੋਸ਼ਲ ਮੀਡੀਆ `ਤੇ ਲਿਖਿਆ ਕਿ ਡਜ਼ਰਜਿਨਸਕ ਉਦਯੋਗਿਕ ਖੇਤਰ `ਤੇ ਡ੍ਰੋਨ ਹਮਲੇ ਨੂੰ ਨਾਕਾਮ ਕਰਦਿਆਂ 4 ਲੜਾਕੇ ਜਖਮੀ ਹੋ ਗਏ ਹਨ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਇਸ ਦਰਮਿਆਨ ਅਧਿਕਾਰੀਆਂ ਨੇ 20 ਅਕਤੂਬਰ ਨੂੰ ਦੱਸਿਆ ਕਿ ਕੀਵੀ ਸ਼ਹਿਰ `ਤੋਂ ਰੂਸੀ ਬੈਲਿਸਟਿਕ ਮਿਜ਼ਾਈਲ ਹਮਲੇ `ਚ 17 ਲੋਕ ਜ਼ਖਮੀ ਹੋ ਗਏ ਹਨ।
ਕਮਲਾ ਹੈਰਿਸ ਦੀ ਤਾਰੀਫ਼: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਸ ਵੇਗਸ ਵਿੱਚ ਇੱਕ ਸਮਾਗਮ ਦੌਰਾਨ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਹੈਰਿਸ ਪੂਰੀ ਤਰ੍ਹਾਂ ਤਿਆਰ ਹਨ। ਓਬਾਮਾ ਨੇ ਕਿਹਾ ਕਿ ਅਮਰੀਕੀਆਂ ਕੋਲ ਹੈਰਿਸ ਨੂੰ ਚੁਣ ਕੇ ਦੇਸ਼ ਦਾ ਭਵਿੱਖ ਬਣਾਉਣ ਦਾ ਮੌਕਾ ਹੈ। ਲੋਕਾਂ ਦਾ ਇਹ ਕਦਮ ਇੱਕ ਬਿਹਤਰ, ਮਜ਼ਬੂਤ, ਨਿਰਪੱਖ ਤੇ ਵਧੇਰੇ ਸਾਮਾਨ ਅਮਰੀਕਾ ਦੇ ਨਿਰਮਾਣ `ਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਪੰਨਾ ਪਲਟਣ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ। ਚੰਗੀ ਖ਼ਬਰ ਇਹ ਹੈ ਕਿ ਹੈਰਿਸ ਕੰਮ ਲਈ ਤਿਆਰ ਹੈ। ਇਹ ਅਜਿਹੀ ਨੇਤਾ ਹੈ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਉਨ੍ਹਾਂ ਲੋਕਾਂ ਵੱਲੋਂ ਲੜਦਿਆਂ ਬਿਤਾਈ ਹੈ, ਜਿਨ੍ਹਾਂ ਨੂੰ ਚੈਂਪੀਅਨ ਦੀ ਜ਼ਰੂਰਤ ਹੈ। ਕੋਈ ਵਿਅਕਤੀ ਜੋ ਉਨ੍ਹਾਂ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਦਾ ਹੈ, ਜਿਨ੍ਹਾਂ ਨੇ ਇਸ ਦੇਸ਼ ਨੂੰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਟਰੰਪ `ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਟਰੰਪ ਦੀ ਰਣਨੀਤੀ ਅਮਰੀਕੀਆਂ ਨੂੰ ਇਹ ਯਕੀਨ ਦਿਵਾਉਣ ਦੀ ਹੈ ਕਿ ਦੇਸ਼ ਡੂੰਘੀ ਤਰ੍ਹਾਂ ਵੰਡਿਆ ਹੋਇਆ ਹੈ। ਇਸ ਦੌਰਾਨ ਐਲੋਨ ਮਸਕ ਨੇ ਪੈਨਸਿਲਵੇਨੀਆ `ਚ ਕਿਹਾ ਕਿ ਵੋਟਿੰਗ ਸਿਰਫ ਬੈਲਟ ਪੇਪਰ `ਤੇ ਹੁੰਦੀ ਹੈ। ਵੋਟਿੰਗ ਮਸ਼ੀਨਾਂ ਘਪਲੇ ਕਰਦੀਆਂ ਹਨ।