*ਐਨ.ਡੀ.ਪੀ. ਨੇ 46 ਸੀਟਾਂ ਅਤੇ ਕੰਜ਼ਰਵੇਟਿਵਜ਼ ਪਾਰਟੀ ਨੇ 45 ਸੀਟਾਂ ਜਿੱਤੀਆਂ
ਗ੍ਰੀਨ ਪਾਰਟੀ ਦੇ ਜੇਤੂ ਵਿਧਾਇਕਾਂ ਤੈਅ ਕਰਨਗੇ ਸਰਕਾਰ ਕਿਸ ਪਾਰਟੀ ਦੀ ਬਣੇਗੀ!
ਨਵਜੋਤ ਕੌਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਚੋਣ ਨਤੀਜਿਆਂ ਨੇ ਲੋਕਾਂ ਦਾ ਧਿਆਨ ਖਿਚਿਆ ਹੈ, ਕਿਉਂਕਿ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਦਰਜਨਾਂ ਪੰਜਾਬੀ ਵਿਧਾਇਕ ਬਣੇ ਹਨ। ਇਨ੍ਹਾਂ ਚੋਣਾਂ ਵਿੱਚ 14 ਪੰਜਾਬੀ ਵਿਧਾਇਕ ਬਣੇ ਹਨ। ਨਿਊ ਡੇਮੋਕ੍ਰੈਟਿਕ ਪਾਰਟੀ ਦੇ 9 ਅਤੇ ਕੰਜ਼ਰਵੇਟਿਵ ਪਾਰਟੀ ਦੇ 5 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀਆਂ ਕੁੱਲ 93 ਸੀਟਾਂ ਹਨ, ਜਿਨ੍ਹਾਂ ਵਿੱਚੋਂ 14 ਉੱਤੇ ਪੰਜਾਬੀਆਂ ਨੇ ਦਬਦਬਾ ਕਾਇਮ ਕੀਤਾ ਹੈ, ਹਾਲਾਂਕਿ ਕੁਲ 37 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ।
ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੇ 46 ਸੀਟਾਂ ਜਿੱਤੀਆਂ ਜਦਕਿ ਕੰਜ਼ਰਵੇਟਿਵਜ਼ ਪਾਰਟੀ ਨੇ ਕੁਲ 45 ਸੀਟਾਂ ਜਿੱਤੀਆਂ ਹਨ। ਗ੍ਰੀਨ ਪਾਰਟੀ ਨੇ ਦੋ ਸੀਟਾਂ ਜਿੱਤੀਆਂ। ਗ੍ਰੀਨ ਪਾਰਟੀ ਦੇ ਚੁਣੇ ਗਏ ਵਿਧਾਇਕ ਕਿਹੜੀ ਪਾਰਟੀ ਵੱਲ ਜਾਂਦੇ ਹਨ, ਇਹੀ ਫ਼ੈਸਲਾ ਤੈਅ ਕਰੇਗਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ।
ਜੇਤੂਆਂ ਵਿੱਚੋਂ ਬਹੁਤ ਨਾਮ ਅਜਿਹੇ ਹਨ, ਜਿਹੜੇ ਕਈ ਸਾਲਾਂ ਤੋਂ ਲਗਾਤਾਰ ਵਿਧਾਇਕ ਦੀਆਂ ਚੋਣਾਂ ਜਿੱਤਦੇ ਆ ਰਹੇ ਹਨ। ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2020 ਵਿੱਚ ਇੱਥੋਂ ਵਿਧਾਇਕ ਬਣੇ ਸਨ ਅਤੇ ਅਟਾਰਨੀ ਜਨਰਲ ਵੀ ਰਹੇ ਹਨ। ਨਿੱਕੀ ਪੇਸ਼ੇ ਵਜੋਂ ਇੱਕ ਵਕੀਲ ਹਨ। ਨਿੱਕੀ ਨੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਜਲਵਾਯੂ ਨੀਤੀ ਉੱਤੇ ਕੰਮ ਕੀਤਾ ਹੈ। ਨਸਲਵਾਦ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਕੰਮ ਨੂੰ ਮਾਨਤਾ ਵੀ ਦਿੱਤੀ ਗਈ। ਨਿੱਕੀ ਨੂੰ ਵੈਨਸੀਟੀ ਕ੍ਰੈਡਿਟ ਯੂਨੀਅਨ ਦੇ ਬੋਰਡ ਲਈ ਚੁਣਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਵਾਈਸ-ਚੇਅਰ ਵਜੋਂ ਸੇਵਾ ਕੀਤੀ ਅਤੇ ਜਲਵਾਯੂ ਨਿਆਂ ਕਾਰਜ ਸਮੂਹ ਦੀ ਪ੍ਰਧਾਨਗੀ ਕੀਤੀ। 2017 ਵਿੱਚ ਨਿੱਕੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਬੱਚਿਆਂ ਦੀ ਦੇਖਭਾਲ ਲਈ ਸੀਨੀਅਰ ਸਹਾਇਕ ਮੰਤਰੀ ਵਜੋਂ ਕੰਮ ਕੀਤਾ। ਨਿੱਕੀ ਦਾ ਪਾਲਣ ਪੋਸ਼ਣ ਸਪਾਰਵੁੱਡ ਬੀ.ਸੀ. ਵਿੱਚ ਹੋਇਆ ਸੀ। ਉਹ 15 ਸਾਲਾਂ ਤੋਂ ਪੂਰਬੀ ਵੈਨਕੂਵਰ ਵਿੱਚ ਰਹਿ ਰਹੇ ਹਨ।
ਵਰਨੋਨ ਮੋਨਾਸ਼ੀ ਤੋਂ ਵਿਧਾਇਕ ਬਣੇ ਹਰਵਿੰਦਰ ਕੌਰ ਸੰਧੂ ਨੇ ਇੱਥੋਂ ਦੂਜੀ ਵਾਰ ਚੋਣ ਜਿੱਤੀ ਹੈ। ਇਸਤੋਂ ਪਹਿਲਾਂ ਉਹ 2020 ਵਿੱਚ ਇਥੋਂ ਵਿਧਾਇਕ ਬਣੇ ਸਨ। ਉਨ੍ਹਾਂ ਨੇ ਸੀਨੀਅਰਜ਼ ਸੇਵਾਵਾਂ ਲਈ ਸੰਸਦੀ ਸਕੱਤਰ ਵਜੋਂ ਸੇਵਾ ਵੀ ਨਿਭਾਈ ਹੈ। ਹਰਵਿੰਦਰ ਕੌਰ ਆਪਣੀ ਪਹਿਲੀ ਚੋਣ ਦੌਰਾਨ ਜੁਬਲੀ ਹਸਪਤਾਲ ਵਿੱਚ ਇੱਕ ਰਜਿਸਟਰਡ ਨਰਸ ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੇ ਬੀ.ਸੀ. ਨਰਸਜ਼ ਯੂਨੀਅਨ ਦੇ ਹਿੱਸੇ ਵਜੋਂ ਅਤੇ ਇੱਕ ਵਿਅਕਤੀਗਤ ਤੌਰ ‘ਤੇ ਕਈ ਚੈਰੀਟੇਬਲ ਪਹਿਲਕਦਮੀਆਂ ‘ਤੇ ਕੰਮ ਕੀਤਾ।
ਇਸੇ ਤਰ੍ਹਾਂ ਰਾਜ ਚੌਹਾਨ ਨੇ ਬਰਨਬੀ-ਐਡਮੰਡਜ਼ ਤੋਂ ਨਿਊ ਡੇਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵੱਜੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦਾ ਪਿਛੋਕੜ ਲੁਧਿਆਣਾ ਦੇ ਪਿੰਡ ਗਹੌਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੀਪਕ ਸੂਰੀ ਨੂੰ ਹਰਾਇਆ ਹੈ। ਰਾਜ ਚੌਹਾਨ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਚੁਣੇ ਗਏ ਹਨ। ਉਹ 2005 ਵਿੱਚ ਪਹਿਲੀ ਵਾਰ ਬਰਨਬੀ-ਐਡਮੰਡਜ਼ ਤੋਂ ਵਿਧਾਇਕ ਚੁਣੇ ਗਏ ਸਨ। ਰਾਜ ਚੌਹਾਨ 1973 ਵਿੱਚ ਕੈਨੇਡਾ ਆਏ ਸਨ। ਉਹ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੇ ਸੰਸਥਾਪਕ ਪ੍ਰਧਾਨ ਹਨ। ਉਨ੍ਹਾਂ ਨੇ 18 ਸਾਲ ਹਸਪਤਾਲ ਕਰਮਚਾਰੀ ਯੂਨੀਅਨ ਵਿੱਚ ਡਾਇਰੈਕਟਰ ਆਫ਼ ਬਰਗੇਨਿੰਗ ਵਜੋਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ 2003 ਤੋਂ ਬ੍ਰਿਟਿਸ਼ ਕੋਲੰਬੀਆ ਹਿਊਮਨ ਰਾਈਟ ਡਿਫੈਂਡਰ ਦੇ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ। ਉਹ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਸਨ, ਜਦਕਿ 2017 ਤੋਂ 2020 ਦੌਰਾਨ ਉਹ ਡਿਪਟੀ ਸਪੀਕਰ ਵੀ ਰਹੇ ਹਨ।
ਸਾਬਕਾ ਖਿਡਾਰੀ ਜਗਰੂਪ ਸਿੰਘ ਬਰਾੜ ਲਗਾਤਾਰ ਛੇਵੀਂ ਵਾਰ ਸਰੀ-ਫਲੀਟਵੁੱਡ ਹਲਕੇ ਤੋਂ ਨਿਊ ਡੇਮੋਕ੍ਰੈਟਿਕ ਪਾਰਟੀ ਦੇ ਵਿਧਾਇਕ ਬਣੇ ਹਨ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਗਿੱਲ ਨੂੰ ਹਰਾਇਆ ਹੈ। ਜਗਰੂਪ ਸਿੰਘ ਬਰਾੜ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਜੰਮਪਲ ਹਨ, ਜਦਕਿ ਅਵਤਾਰ ਸਿੰਘ ਗਿੱਲ ਜ਼ਿਲ੍ਹਾ ਮੋਗਾ ਦੇ ਪਿੰਡ ਕਾਲੇਕੇ ਨਾਲ ਸੰਬੰਧਤ ਹਨ। ਜਗਰੂਪ ਬਰਾੜ ਪਹਿਲੀ ਵਾਰ 2004 ਵਿੱਚ ਸਰੀ ਤੋਂ ਵਿਧਾਇਕ ਚੁਣੇ ਗਏ ਸਨ ਅਤੇ 2005 ਤੇ 2009 ਵਿੱਚ ਵੀ ਵਿਧਾਇਕ ਰਹੇ। ਇਸਤੋਂ ਬਾਅਦ ਉਹ 2017 ਅਤੇ 2020 ਵਿੱਚ ਸਰੀ-ਫਲੀਟਵੁੱਡ ਤੋਂ ਮੁੜ ਵਿਧਾਇਕ ਚੁਣੇ ਗਏ। ਭਾਰਤ ਵਿੱਚ ਰਹਿੰਦਿਆਂ ਜਗਰੂਪ ਸਿੰਘ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦੇ ਮੈਂਬਰ ਸਨ।
ਸਾਬਕਾ ਕਬੱਡੀ ਖਿਡਾਰੀ ਮਨਦੀਪ ਧਾਲੀਵਾਲ ਦੀ ਜਿੱਤ ਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਸਿੱਖਿਆ ਮੰਤਰੀ ਤੇ ਐਨ.ਡੀ.ਪੀ. ਉਮੀਦਵਾਰ ਰਚਨਾ ਸਿੰਘ ਨੂੰ ਹਰਾਇਆ ਹੈ। ਮਨਦੀਪ ਸਿੰਘ ਧਾਲੀਵਾਲ ਸਰੀ ਉੱਤਰੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸਨ। ਸ. ਧਾਲੀਵਾਲ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਮਪਲ ਹਨ ਅਤੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਰਹੇ ਹਨ।
ਡੈਲਟਾ ਨਾਰਥ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਐਨ.ਡੀ.ਪੀ. ਉਮੀਦਵਾਰ ਰਵਿੰਦਰ ਸਿੰਘ ਕਾਹਲੋਂ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਹਨ। ਉਨ੍ਹਾਂ ਦਾ ਪਿਛੋਕੜ ਪਿੰਡ ਭਾਗੋਵਾਲ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਜਸਪ੍ਰੀਤ ਕੌਰ ਜੈਸੀ ਸੁੰਨੜ ਨੇ ਸਰੀ ਨਿਊਟਨ ਤੋਂ ਨਿਊ ਡੇਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਸੁੰਨੜ ਕਲਾਂ ਨਾਲ ਸੰਬੰਧ ਰੱਖਦੇ ਹਨ। ਜੈਸੀ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਹਨ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇਗਜੋਤ ਬੱਲ ਨੂੰ ਹਰਾਇਆ ਹੈ। ਤੇਗਜੋਤ ਬੱਲ ਬਟਾਲਾ ਦੇ ਪਿੰਡ ਸ਼ੇਖੂਪੁਰ ਨਾਲ ਸੰਬੰਧਿਤ ਹਨ।
ਬਰਨਬੀ ਈਸਟ ਤੋਂ ਰੀਆ ਅਰੋੜਾ ਨੇ ਜਿੱਤ ਹਾਸਲ ਕੀਤੀ। ਮੌਜੂਦਾ ਸਮੇਂ ਵਿੱਚ ਰੀਆ ਬੀ.ਸੀ. ਫੈਡਰੇਸ਼ਨ ਆਫ ਲੇਬਰ ਵਿੱਚ ਆਰਗੇਨਾਈਜ਼ਿੰਗ ਡਾਇਰੈਕਟਰ ਹਨ। ਸੁਨੀਤਾ ਧੀਰ ਵੈਨਕੂਵਰ-ਲੰਗਾਰਾ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਨਿਊ ਡੇਮੋਕ੍ਰੇਟਿਕ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਹੈ। ਉਹ ਪੇਸ਼ੇ ਵੱਜੋਂ ਇੱਕ ਅਧਿਆਪਕ ਹਨ ਅਤੇ ਲਗਭਗ ਪਿੱਛਲੇ ਤੀਹ ਸਾਲਾਂ ਤੋਂ ਕੈਨੇਡਾ ‘ਚ ਰਹਿ ਰਹੇ ਹਨ।
ਇਨ੍ਹਾਂ ਚੋਣਾਂ ਵਿੱਚ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣਨ ਵਾਲੇ ਰਵੀ ਪਰਮਾਰ ਹਨ। ਉਹ ਨਿਊ ਡੇਮੋਕ੍ਰੇਟਿਕ ਪਾਰਟੀ ਦਾ ਹਿੱਸਾ ਹਨ। ਉਨ੍ਹਾਂ ਨੇ ਲੈਂਗਫੋਰਡ-ਹਾਈਲੈਂਡਜ਼ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਰਵੀ ਨੇ ਇੱਕ ਦਹਾਕੇ ਤੱਕ ਸੂਕੇ ਸਕੂਲ ਡਿਸਟ੍ਰਿਕਟ ਵਿੱਚ ਟਰੱਸਟੀ ਦੇ ਤੌਰ ‘ਤੇ ਛੇ ਸਾਲ ਨੌਕਰੀ ਕੀਤੀ। ਰਵੀ ਇਸ ਤੋਂ ਪਹਿਲਾਂ ਸਰਕਾਰ ਵਿੱਚ ਕਈ ਸਰਕਾਰੀ ਮੰਤਰੀਆਂ ਦੇ ਸਲਾਹਕਾਰ ਅਤੇ ਚੀਫ਼ ਆਫ਼ ਸਟਾਫ ਵਜੋਂ ਵੀ ਕੰਮ ਕਰ ਚੁੱਕੇ ਹਨ। ਰਵੀ ਦੇ ਮਾਤਾ ਪਿਤਾ 90 ਦੇ ਦਹਾਕੇ ਵਿੱਚ ਕੈਨੇਡਾ ਆ ਗਏ ਸਨ। ਉਨ੍ਹਾਂ ਦਾ ਪਾਲਣ ਪੋਸ਼ਣ ਲੈਂਗਫੋਰਡ ਵਿੱਚ ਹੀ ਹੋਇਆ ਹੈ।
ਕੰਜ਼ਰਵੇਟਿਵ ਪਾਰਟੀ ਵੱਲੋਂ ਰਿਚਮੰਡ-ਕੁਈਨਜ਼ਬਰੋ ਤੋਂ ਸਟੀਵ ਕੂਨਰ ਨੇ ਸੀਟ ਜਿੱਤੀ ਹੈ। ਕੂਨਰ ਦਾ ਜਨਮ ਵੈਨਕੂਵਰ ਵਿੱਚ ਹੋਇਆ ਸੀ। ਸਟੀਵ ਕੂਨਰ ਨੇ ਐਨ.ਡੀ.ਪੀ. ਦੇ ਉਮੀਦਵਾਰ ਅਮਨ ਸਿੰਘ ਨੂੰ ਹਰਾਇਆ ਹੈ। ਡਾ. ਜੋਡੀ ਤੂਰ ਨਿਊ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ, ਉਨ੍ਹਾਂ ਨੇ ਹਲਕਾ ਲੈਂਗਲੇ-ਵਿਲੋਬਰੂਕ ਤੋਂ ਜਿੱਤ ਹਾਸਲ ਕੀਤੀ ਹੈ। ਇਸਤੋਂ ਇਲਾਵਾ ਨਿਊ ਕੰਜ਼ਰਵੇਟਿਵ ਆਗੂ ਹਰਮਨ ਸਿੰਘ ਭੰਗੂ ਲੈਂਗਲੀ ਐਬਟਸਫੋਰਡ ਤੋਂ ਜੇਤੂ ਰਹੇ ਹਨ ਅਤੇ ਨਿਊ ਡੇਮੋਕ੍ਰੇਟਿਕ ਪਾਰਟੀ ਆਗੂ ਹੋਨਵੀਰ ਸਿੰਘ ਰੰਧਾਵਾ ਸਰੀ-ਗਿਲਡਫੋਰਡ ਤੋਂ ਜੇਤੂ ਰਹੇ ਹਨ।