ਅਨੁਵਾਦ ਕਲਾ ਦਾ ਪੁਖ਼ਤਾ ਦਸਤਾਵੇਜ਼- ‘ਏਕਮ’ ਦਾ 50ਵਾਂ ਅੰਕ

ਸਾਹਿਤਕ ਤੰਦਾਂ

ਰਵਿੰਦਰ ਸਿੰਘ ਸੋਢੀ (ਕੈਨੇਡਾ)
ਫੋਨ: 604-368-2371
ਪੰਜਾਬੀ ਵਿੱਚ ਸਾਹਿਤਕ ਮੈਗਜ਼ੀਨ ਸ਼ੁਰੂ ਕਰਨਾ ਅਤੇ ਲਗਾਤਾਰ 12ਵੇਂ ਸਾਲ ਤੱਕ ਪਹੁੰਚਦੇ-ਪਹੁੰਚਦੇ ਇੱਕ ਕਾਫਲੇ ਦਾ ਰੂਪ ਧਾਰਨ ਕਰ ਲੈਣਾ ਵਾਕਿਆ ਹੀ ਇੱਕ ਕ੍ਰਿਸ਼ਮਾ ਹੈ, ਵਿਸ਼ੇਸ਼ ਤੌਰ `ਤੇ ਜਦੋਂ ਅਜਿਹੇ ਮੈਗਜ਼ੀਨ ਦੀ ਸੰਪਾਦਕ ਦਾ ਦਾਰੋਮਦਾਰ ਇੱਕ ਔਰਤ ਦੇ ਹੱਥ ਹੋਵੇ। ਪੰਜਾਬੀ ਦਾ ਤਿਮਾਹੀ ਰਸਾਲਾ ‘ਏਕਮ’ ਇੱਕ ਅਜਿਹਾ ਹੀ ਮੈਗਜ਼ੀਨ ਹੈ, ਜਿਸ ਦੀ ਸੰਪਾਦਕ ਪੰਜਾਬੀ ਕਾਵਿ-ਜਗਤ ਦੀ ਜਾਣੀ-ਪਛਾਣੀ ਸ਼ਖਸੀਅਤ ਅਰਤਿੰਦਰ ਸੰਧੂ ਹੈ।

ਇਸ ਮੈਗਜ਼ੀਨ ਦੇ 50ਵੇਂ ਅੰਕ ਦੀ ਜਦੋਂ ਮੇਰੇ ਕੋਲ ਪੀ.ਡੀ.ਐਫ. ਫਾਈਲ ਪਹੁੰਚੀ ਤਾਂ ਸਰਵਰਕ `ਤੇ ‘ਅਨੁਵਾਦ ਵਿਸ਼ੇਸ਼ ਅੰਕ’ (ਜੁਲਾਈ-ਸਤੰਬਰ 2024) ਪੜ੍ਹ ਕੇ ਸੋਚਿਆ ਕਿ ਪੰਦਰਾਂ-ਵੀਹ ਲੇਖਕਾਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਰਚਨਾਵਾਂ ਨਾਲ ਕੰਮ ਚਲਾਇਆ ਹੋਵੇਗਾ, ਇਸ ਲਈ ਮੈਂ ਤਤਕਰਾ ਦੇਖਣ ਤੋਂ ਵੀ ਪਰਹੇਜ਼ ਹੀ ਕੀਤਾ। ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਕੰਪਿਊਟਰ ਤੋਂ ਕੋਈ ਪੁਰਾਣੀ ਫ਼ਾਈਲ ਖੋਲ੍ਹਣ ਲੱਗਿਆ ਤਾਂ ਅਚਾਨਕ ਹੀ ‘ਏਕਮ’ ਦੀ ਫਾਈਲ ਸਾਹਮਣੇ ਆ ਗਈ। ਮੈਂ ਸੋਚਿਆ ਇੱਕ ਦੋ ਅਨੁਵਾਦਿਤ ਰਚਨਾਵਾਂ ਹੀ ਪੜ੍ਹ ਲਈਆਂ ਜਾਣ, ਪਰ ਜਦੋਂ ‘ਅੰਦਰਲੀ ਝਾਤ’ ਦੇ ਨਜ਼ਰ ਮਾਰੀ ਤਾਂ ਦੇਖਿਆ ਕਿ ਆਰਟੀਕਲਾਂ ਦੀ ਤਾਂ ਛਹਿਬਰਾਂ ਲੱਗੀਆਂ ਹੋਈਆਂ ਹਨ (30 ਆਰਟੀਕਲ)। ਇਨ੍ਹਾਂ ਦੇ ਲੇਖਕ ਵੀ ਜਾਣੇ-ਪਛਾਣੇ ਅਤੇ ਉੱਚ ਕੋਟੀ ਦੇ, ਜਿਨ੍ਹਾਂ ਵਿੱਚੋਂ ਕੁਝ ਤਾਂ ਪੰਜਾਬੀ ਅਨੁਵਾਦ ਖੇਤਰ ਦੇ ਸ਼ਾਹ ਸਵਾਰ ਹਨ, ਜਿਵੇਂ ਕਿ ਜੰਗ ਬਹਾਦੁਰ ਗੋਇਲ, ਮਨਮੋਹਨ, ਸੁਕਰੀਤ, ਬਲਬੀਰ ਮਾਧੋਪੁਰੀ, ਸੁਰਿੰਦਰ ਸਿੰਘ ਤੇਜ, ਜਿੰਦਰ, ਨਰਿੰਦਰ ਕੁਮਾਰ, ਅਮੀਆ ਕੁੰਵਰ, ਪਰਮਜੀਤ ਸਿੰਘ ਢੀਂਗਰਾ, ਡਾ. ਰਵੀ ਰਵਿੰਦਰ, ਪ੍ਰਵੇਸ਼ ਸ਼ਰਮਾ, ਅਮਰਜੀਤ ਕੌਂਕੇ, ਸਤਪਾਲ ਭੀਖੀ, ਡਾ. ਸਵਾਮੀ ਸਰਬਜੀਤ, ਕੁਲਦੀਪ ਸਿੰਘ ਦੀਪ ਆਦਿ।
ਅਨੁਵਾਦ ਦੇ ਵੱਖ-ਵੱਖ ਪਹਿਲੂਆਂ `ਤੇ ਚਰਚਾ ਕਰਦੇ ਇਨ੍ਹਾਂ ਸਾਰੇ ਲੇਖਾਂ ਵਿੱਚ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਕਿਤੇ ਅਨੁਵਾਦ ਸੰਬੰਧੀ ਕਈ ਸਾਂਝੇ ਜਾਂ ਮੂਲ ਪੱਖ ਪੇਸ਼ ਕੀਤੇ ਗਏ ਹਨ। ਮਸਲਨ ਅਨੁਵਾਦ ਦੀ ਪ੍ਰਕਿਰਿਆ ਇੱਕ ਕਿਸਮ ਦੀ ਦੋ ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਵਿਚਕਾਰ ਪੁਲ ਦੀ ਤਰ੍ਹਾਂ ਹੁੰਦੀ ਹੈ; ਅਨੁਵਾਦ ਕਰਨ ਵਾਲੇ ਨੂੰ ਦੋਵੇਂ ਭਾਸ਼ਾਵਾਂ (ਜਿਸ ਭਾਸ਼ਾ ਦੀ ਪੁਸਤਕ ਦਾ ਅਨੁਵਾਦ ਕੀਤਾ ਜਾ ਰਿਹਾ ਹੈ ਅਤੇ ਜਿਸ ਭਾਸ਼ਾ ਵਿੱਚ ਕੀਤਾ ਜਾ ਰਿਹਾ ਹੈ) ਦਾ ਚੰਗਾ ਗਿਆਨ ਹੋਣਾ ਲਾਜ਼ਮੀ ਹੈ; ਅਨੁਵਾਦਕ ਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਅਨੁਵਾਦ ਨਿਰਸ ਨਾ ਬਣ ਜਾਵੇ; ਅਨੁਵਾਦ ਕਦੇ ਵੀ ਸ਼ਬਦਾਂ ਜਾਂ ਵਾਕਾਂ ਦਾ ਹੂਬਹੂ ਉਲਥਾ ਨਹੀਂ ਹੁੰਦਾ; ਹਰ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਉਲਥਾਇਆ ਨਹੀਂ ਜਾ ਸਕਦਾ। ਅਜਿਹੇ ਸਮੇਂ ਅਨੁਵਾਦਕ ਦੀ ਭਾਸ਼ਾ `ਤੇ ਪਕੜ ਕੰਮ ਆਉਂਦੀ ਹੈ; ਅਨੁਵਾਦਕ ਨੂੰ ਚਾਹੀਦਾ ਹੈ ਕਿ ਉਹ ਅਨੁਵਾਦ ਕਰਨ ਵਾਲੀ ਪੁਸਤਕ ਨੂੰ ਚੰਗੀ ਤਰ੍ਹਾਂ ਪੜ੍ਹੇ; ਕਈ ਬਾਰ ਇੱਕ ਹੀ ਅਰਥ ਵਾਲੇ ਕਈ ਸ਼ਬਦ ਹੁੰਦੇ ਹਨ, ਅਜਿਹੇ ਸਮੇਂ ਵੀ ਅਨੁਵਾਦਕ ਨੂੰ ਇਹ ਸਮਝਣਾ ਪੈਂਦਾ ਹੈ ਕਿ ਪੇਸ਼ ਕੀਤੇ ਜਾ ਰਹੇ ਹਾਲਾਤ ਵਿੱਚ ਵਿਸ਼ੇਸ਼ ਸ਼ਬਦ ਨੂੰ ਕਿਸ ਅਰਥ ਵਿੱਚ ਵਰਤਿਆ ਗਿਆ ਹੈ (ਐਸਕੀਮੋ ਲੋਕ ‘ਬਰਫ’ ਲਈ 20 ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜੋ ਕੁਦਰਤੀ ਬਰਫ ਦੇ ਵੱਖੋ-ਵੱਖ ਪੜਾਵਾਂ ਦੀ ਤਰਜਮਾਨੀ ਕਰਦੇ ਹਨ-ਸੁਕਰੀਤ); ਅਨੁਵਾਦ ਕਾਰਨ ਆਮ ਲੋਕਾਂ ਨੂੰ ਵੀ ਦੂਜੀਆਂ ਭਾਸ਼ਾਵਾਂ ਦੇ ਵਧੀਆ ਸਾਹਿਤ ਨੂੰ ਪੜ੍ਹਨ ਦਾ ਮੌਕਾ ਮਿਲ ਜਾਂਦਾ ਹੈ; ਅਣਗਹਿਲੀ ਨਾਲ ਕੀਤਾ ਗਿਆ ਅਨੁਵਾਦ ਅਰਥ ਦੇ ਅਨਰਥ ਕਰ ਦਿੰਦਾ ਹੈ। ਪੰਜਾਬੀ ਦੇ ਮੁਹਾਵਰੇ ‘ਨਾ ਰੰਨ ਨਾ ਕੰਨ’ ਦਾ ਅੰਗਰੇਜੀ ਅਨੁਵਾਦ ‘ਨਾਇਦਰ ਵਾਈਫ ਨੌਰ ਈਅਰ’ ਹਾਸੋ-ਹੀਣਾ ਹੈ। ਇਸੇ ਤਰ੍ਹਾਂ ਕਾਰਲ ਮਾਰਕਸ ਦਾ ਪ੍ਰਸਿੱਧ ਕਥਨ ‘ਧਰਮ ਲੋਕਾਂ ਲਈ ਅਫੀਮ ਹੈ’ ਅਸਲ ਵਿੱਚ ਗਲਤ ਅਨੁਵਾਦ ਹੈ। ਉਸ ਨੇ ਅਸਲ ਵਿੱਚ ‘ਧਰਮ ਲੋਕਾਂ ਦੀ ਅਫੀਮ’ ਕਿਹਾ ਸੀ। (ਮਨਮੋਹਨ ਦੇ ਲੇਖ ਵਿਚੋਂ); ਵੀਹਵੀਂ ਸਦੀ ਦੇ ਛੇਵੇਂ ਤੇ ਸੱਤਵੇਂ ਦਹਾਕੇ ਵਿੱਚ ਰੂਸੀ ਭਾਸ਼ਾ ਦੇ ਵਧੀਆ ਸਾਹਿਤ ਦਾ ਪੰਜਾਬੀ ਵਿੱਚ ਬਹੁਤ ਉੱਚ ਪਾਏ ਦਾ ਅਨੁਵਾਦ ਹੋਇਆ। ਇਨ੍ਹਾਂ ਪੁਸਤਕਾਂ ਦੀਆਂ ਕੀਮਤ ਵੀ ਬਹੁਤ ਵਾਜਬ ਹੁੰਦੀਆਂ ਸਨ। ਡਾ. ਗੁਰਬਖਸ਼ ਸਿੰਘ ਫਰੈਂਕ, ਡਾ. ਕਰਨਜੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਦਰਸ਼ਨ ਸਿੰਘ ਆਦਿ ਵਿਦਵਾਨਾਂ ਨੇ ਇਸ ਪਾਸੇ ਸਲਾਹੁਣਯੋਗ ਕੰਮ ਕੀਤਾ; ਇੰਟਰਨੈੱਟ ਦੇ ਯੁਗ ਵਿੱਚ ਕਈ ਐਪਸ ਅਜਿਹੀਆਂ ਆ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਇੱਕ ਭਾਸ਼ਾ ਵਿੱਚੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਹੋ ਜਾਂਦਾ ਹੈ, ਪਰ ਇਹ ਅਨੁਵਾਦ ਬਹੁਤੀ ਵਾਰ ਸਹੀ ਨਹੀਂ ਹੁੰਦਾ ਆਦਿ।
ਉਪਰੋਕਤ ਸਾਂਝੇ ਨੁਕਤਿਆਂ ਤੋਂ ਇਲਾਵਾ ਬਹੁਤੇ ਵਿਦਵਾਨਾਂ ਨੇ ਆਪਣੇ-ਆਪਣੇ ਲੇਖਾਂ ਵਿੱਚ ਅਨੁਵਾਦ ਦੀ ਪ੍ਰਕਿਰਿਆ ਸੰਬੰਧੀ ਬੜੇ ਵਧੀਆ ਅਤੇ ਗਿਆਨ ਵਿੱਚ ਵਾਧਾ ਕਰਨ ਵਾਲੇ ਨੁਕਤੇ ਪ੍ਰਗਟਾਏ ਹਨ। ਉਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:
ਅਰਤਿੰਦਰ ਸੰਧੂ ਨੇ ਆਪਣੇ ਪਰਚੇ ‘ਅਨੁਵਾਦ ਦਾ ਇਤਿਹਾਸ, ਮਸਲੇ ਤੇ ਵਰਤਮਾਨ ਸਥਿਤੀ’ ਵਿੱਚ ਵਿਚਾਰ ਪ੍ਰਗਟਾਇਆ ਹੈ, “ਇਹ ਕਾਰਜ ਮਨੁੱਖ ਦੇ ਗੁਫਾਵਾਂ ਵਿੱਚ ਰਹਿਣ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਜਦ ਭਾਸ਼ਾਵਾਂ ਵਿਕਸਿਤ ਨਹੀਂ ਸਨ ਹੋਈਆਂ।” ਇਸ ਦੀ ਵਿਆਖਿਆ ਕਰਦੇ ਹੋਏ ਲਿਖਿਆ ਗਿਆ ਹੈ ਕਿ ਉਸ ਸਮੇਂ ਦੇ ਕੰਧ ਚਿੱਤਰ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਇੱਕ ਤਰ੍ਹਾਂ ਦਾ ਅਨੁਵਾਦ ਹੀ ਸੀ। ਉਸ ਨੇ ਅਨੁਵਾਦ ਦੀ ਪ੍ਰਕਿਆ ਸੰਬੰਧੀ ਕੁਝ ਵਿਦਵਾਨਾਂ ਦੇ ਵਿਚਾਰ ਵੀ ਪ੍ਰਗਟਾਏ ਹਨ। ਇਟਲੀ ਦੇ ਇੱਕ ਮੁਹਾਵਰੇ ਦਾ ਵੀ ਜ਼ਿਕਰ ਕੀਤਾ ਹੈ-ਅਨੁਵਾਦਕ ਵਿਸ਼ਵਾਸਘਾਤੀ ਹੁੰਦਾ ਹੈ। ਲੇਖਿਕਾ ਦਾ ਮੰਨਣਾ ਹੈ ਕਿ “ਅਨੁਵਾਦਕ ਗਹਿਰੀ ਭਾਵਨਾਤਮਕ ਜ਼ਿੰਮੇਵਾਰੀ ਦੇ ਅਧੀਨ ਹੀ ਵਧੀਆ ਅਨੁਵਾਦ ਕਰ ਸਕਦਾ ਹੈ।” ਉਸ ਨੇ ਇੱਕ ਹੋਰ ਥਾਂ ਲਿਖਿਆ ਹੈ ਕਿ “ਜੇ ਅਨੁਵਾਦ ਸਾਹਿਤ ਹੈ ਤਾਂ ਰਸ ਪ੍ਰਧਾਨ ਹੋਵੇ ਅਤੇ ਜੇ ਸਾਹਿਤਕ ਨਹੀਂ ਤਾਂ ਸੂਚਨਾ ਪ੍ਰਧਾਨ ਹੋਵੇ।”
ਜੰਗ ਬਹਾਦਰ ਗੋਇਲ ਦਾ ਕਥਨ ਹੈ ਕਿ “ਅਨੁਵਾਦ ਦੇ ਜ਼ਰੀਏ ਹੀ ਕਿਸੇ ਭਾਸ਼ਾ ਦਾ ਸਾਹਿਤ ਸੀਮਤ ਭੂਗੋਲਿਕ ਸਰਹੱਦਾਂ ਪਾਰ ਕਰ ਕਰਕੇ ਕੁੱਲ ਲੋਕਾਈ ਤੱਕ ਪਹੁੰਚਿਆ ਹੈ।” ਉਸ ਅਨੁਸਾਰ “ਹਰਫ਼-ਬ-ਹਰਫ਼ ਕੀਤਾ ਅਨੁਵਾਦ ਮਕੈਨਿਕੀ, ਨੀਰਸ ਅਤੇ ਅਕਾਊ ਹੋਣਾ ਲਾਜ਼ਮੀ ਹੈ।” ਉਸ ਅਨੁਸਾਰ ‘ਅਨੁਵਾਦਕ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਹੀ ਸ਼ਬਦਾਂ ਦੀ ਤਲਾਸ਼ ਹੁੰਦੀ ਹੈ।’
ਮਨਮੋਹਨ ਦਾ ‘ਅਨੁਵਾਦ ਦੀਆਂ ਸਮੱਸਿਆਵਾਂ’ ਲੇਖ ਵਿੱਚ ਇੱਕ ਕਥਨ ਵਿਸ਼ੇਸ਼ ਧਿਆਨ ਖਿੱਚਦਾ ਹੈ ਕਿ “ਹਰ ਅਨੁਵਾਦ ਦਰਅਸਲ ਮੂਲ ਪਾਠ ਦਾ ਉਤਰ ਜੀਵਨ ਹੈ।”
ਸੁਕਰੀਤ ਅਨੁਸਾਰ “ਅਨੁਵਾਦਕ ਦਾ ਮਨੋਰਥ ਦੂਜੀ ਜ਼ਬਾਨ ਵਿੱਚ ਮੂਲ ਭਾਵਨਾ ਦਾ ਸੰਚਾਰ ਕਰਨਾ ਹੈ ਅਤੇ ਇਹ ਕੋਈ ਜਰੂਰੀ ਨਹੀਂ ਕਿ ਉਹ ਕਿਸੇ ਇੱਕ ਸ਼ਬਦ `ਤੇ ਹੀ ਅੜਿਆ ਰਹੇ।” ਪਰ ਇਸ ਦੇ ਉਲਟ ਪਰਮਜੀਤ ਢੀਂਗਰਾ ਨੇ ਲਿਖਿਆ ਹੈ ਕਿ ਕੁਝ ਕਠਿਨ ਸ਼ਬਦ ਅਤੇ ਵਾਕਾਂ ਦੇ ਤਿਆਗ ਕਰਨ ਨਾਲ ਰਚਨਾ ਦਾ ਮੁਹਾਵਰਾ ਤਿੜਕ ਜਾਂਦਾ ਹੈ। ਕਰਮਜੀਤ ਸਿੰਘ ਨੇ ‘ਅਨੁਵਾਦ ਇੱਕ ਕਲਾ’ ਵਿੱਚ ਅਨੁਵਾਦ ਦੀਆਂ ਇਨ੍ਹਾਂ ਕਿਸਮਾਂ ਦਾ ਜ਼ਿਕਰ ਕੀਤਾ ਹੈ-ਸ਼ਾਬਦਿਕ ਅਨੁਵਾਦ, ਭਾਵ ਅਨੁਵਾਦ, ਛਾਇਆ ਅਨੁਵਾਦ, ਵਿਆਖਿਆ ਅਨੁਸਾਰ ਅਨੁਵਾਦ ਅਤੇ ਭਾਵ ਅਨੁਵਾਦ।
ਪ੍ਰਸਿੱਧ ਪੱਤਰਕਾਰ ਅਤੇ ਅਨੁਵਾਦਕ ਸੁਰਿੰਦਰ ਸਿੰਘ ਤੇਜ ਅਨੁਵਾਦ ਨੂੰ ‘ਕਲਾ ਅਤੇ ਕਾਰੀਗਰੀ’ ਮੰਨਦੇ ਹਨ। ਉਨ੍ਹਾਂ ਅਨੁਸਾਰ ‘ਜਦੋਂ ਤੱਕ ਚੰਗਾ ਅਦਬ ਜਿੰਦਾ ਰਹੇਗਾ, ਚੰਗੇ ਅਨੁਵਾਦ ਦੀ ਅਹਿਮੀਅਤ ਵੀ ਬਰਕਰਾਰ ਰਹੇਗੀ।’ ਜਿੰਦਰ ਦਾ ਕਥਨ ਹੈ ਕਿ ‘ਅਨੁਵਾਦਕ ਰਚਨਾ ਪਾਠਕ ਨੂੰ ਦੂਜੀ ਭਾਸ਼ਾ ਦੀ ਨਹੀਂ ਆਪਣੀ ਭਾਸ਼ਾ ਦੀ ਲੱਗਣੀ ਚਾਹੀਦੀ ਹੈ।’ ਡਾ. ਰਵੀ ਰਵਿੰਦਰ ਅਨੁਵਾਦ ਨੂੰ ਵਿਸ਼ਵ ਸਾਹਿਤ ਦਾ ਦਰਜਾ ਦਿੰਦਾ ਹੈ ਅਤੇ ਇਸ ਦੇ ਸਿਰਜਕ ਅਨੁਵਾਦਕਾਂ ਨੂੰ ਅਜਿਹੇ ਸਾਹਿਤ ਦੇ ਸਿਰਜਕ ਮੰਨਦਾ ਹੈ।
ਪ੍ਰਵੇਸ਼ ਸ਼ਰਮਾ ਨੇ ਆਪਣੇ ਲੇਖ ‘ਸਾਹਿਤਕ ਅਨੁਵਾਦ: ਸਿਧਾਂਤ ਤੇ ਵਿਹਾਰ’ ਵਿੱਚ ਅਕਾਸ਼ਵਾਣੀ ਜਲੰਧਰ ਦੀ ਨੌਕਰੀ ਦੇ ਸਮੇਂ ਦੇ ਅਨੁਵਾਦ ਸੰਬੰਧੀ ਕੁਝ ਰੌਚਕ ਕਿੱਸੇ ਬਿਆਨ ਕਰਕੇ ਗੰਭੀਰ ਚਰਚਾ ਵਿੱਚ ਹਲਕਾ-ਫੁਲਕਾ ਮਾਹੌਲ ਸਿਰਜਿਆ ਹੈ। ਡਾ. ਰਾਜੇਸ਼ ਸ਼ਰਮਾ ਦਾਰਸ਼ਨਿਕ ਭਾਸ਼ਾ ਵਿੱਚ ਗੱਲ ਕਰਦਾ ਹੋਇਆ ਅਨੁਵਾਦ ਨੂੰ ਨਦੀ ਜਿਹਾ ਕਹਿੰਦਾ ਹੈ, ਜੋ ਰੁਕਦਾ ਨਹੀਂ ਅਤੇ ਨਾ ਹੀ ਰੂਪ ਦੀ ਸਥਿਰਤਾ ਵਿੱਚ ਬੱਝਦਾ ਹੈ। ਪ੍ਰੋ. ਜਸਪਾਲ ਘਈ ਅਨੁਸਾਰ ‘ਅਨੁਵਾਦ ਦਾ ਆਪਣਾ ਵੱਖਰਾ ਸੁਹਜ-ਸ਼ਾਸਤਰ ਹੈ।’ ਜਗਤਾਰ ਸਿੰਘ ਦਾ ਵਿਚਾਰ ਹੈ ਕਿ ਅਨੁਵਾਦਕ ਪਾਠਕ ਜਗਤ ਦੇ ਅਨੁਭਵ ਸੰਸਾਰ ਵਿੱਚ ਵਾਧਾ ਕਰਦਾ ਹੈ। ਜਦ ਕਿ ਦੇਵਿੰਦਰ ਸੈਫ਼ੀ ਅਤੇ ਅਮਰਜੀਤ ਕੌਂਕੇ ਅਨੁਵਾਦ ਕਾਰਜ ਨੂੰ ਪੁਨਰ ਸਿਰਜਣਾ ਮੰਨਦੇ ਹਨ। ਕੌਂਕੇ ਤਾਂ ਅਨੁਵਾਦ ਨੂੰ ਕੁਦਰਤੀ ਵਰਤਾਰਾ ਕਹਿੰਦਾ ਹੈ। ਧਰਮ ਪਾਲ ਸਾਹਿਲ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਸੇਂਟ ਜੋਹੋਨ ਨੇ 400 ਈਸਵੀ ਵਿੱਚ ਬਾਈਬਲ ਦਾ ਅਨੁਵਾਦ ਲੈਟਿਨ ਭਾਸ਼ਾ ਵਿੱਚ ਕੀਤਾ ਸੀ ਅਤੇ ਭਾਰਤ ਵਿੱਚ ਪਹਿਲਾ ਅਨੁਵਾਦ ਡਾ. ਰਘੂਵੀਰਾ ਨੇ 18ਵੀਂ ਸਦੀ ਵਿੱਚ ਕੀਤਾ ਸੀ। ਜਸਵਿੰਦਰ ਕੌਰ ਬਿੰਦਰਾ ਦਾ ਵਿਚਾਰ ਹੈ ਕਿ ਅਨੁਵਾਦ ਇੱਕ ਹੁਨਰ ਹੈ, ਜੋ ਅਭਿਆਸ ਦੁਆਰਾ ਸੁਧਾਰਿਆ ਜਾ ਸਕਦਾ ਹੈ। ਬੂਟਾ ਸਿੰਘ ਚੌਹਾਨ ਨੇ ਆਪਣੇ ਲੇਖ ‘ਅਨੁਵਾਦਿਤ ਸਾਹਿਤ ਕਿਉਂ? ਵਿੱਚ ਰੌਚਕ ਜਾਣਕਾਰੀ ਮੁਹੱਈਆ ਕਰਵਾਈ ਹੈ। ਇੰਦਰਜੀਤ ਪਾਲ ਕੌਰ ਅਨੁਸਾਰ ਅਨੁਵਾਦ ਨਾਲ ਭਾਸ਼ਾ ਅਮੀਰ ਹੁੰਦੀ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਆਪਣੇ ਪਰਚੇ ਵਿੱਚ ਕਵਿਤਾ ਅਤੇ ਨਾਟਕ ਦੇ ਅਨੁਵਾਦ ਸੰਬੰਧੀ ਵਿਸਤਾਰ ਵਿੱਚ ਚਰਚਾ ਕੀਤੀ ਹੈ। ਇੱਕ ਲੇਖ ਵਿੱਚ ਇਹ ਦੱਸਿਆ ਗਿਆ ਹੈ ਕਿ ਰਟਿਨ ਡੋਲੈਟ ਨਾਂ ਦੇ ਅਨੁਵਾਦਕ ਨੂੰ ਪਲੇਟੋ ਦੇ ਅਨੁਵਾਦ ਵਿੱਚ ਛੋਟ ਲੈਣ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।
ਕਈ ਵਿਦਵਾਨਾਂ ਨੇ ਅਨੁਵਾਦ ਖੇਤਰ ਵਿੱਚ ਆਪਣੇ-ਆਪਣੇ ਕਾਰਜਾਂ ਦਾ ਵੇਰਵਾ ਦਿੱਤਾ ਹੈ, ਜਿਸ ਨਾਲ ਪਾਠਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਮਿਲਦੀ ਹੈ। 30 ਲੇਖਾਂ ਤੋਂ ਇਲਾਵਾ ਕੁਝ ਅਨੁਵਾਦਕ ਰਚਨਾਵਾਂ ਵੀ ਦਰਜ ਹਨ। ਨਿਰਸੰਦੇਹ ਅਰਤਿੰਦਰ ਸੰਧੂ ਨੇ ‘ਏਕਮ’ ਦੇ ਅਨੁਵਾਦ ਵਿਸ਼ੇਸ਼ ਅੰਕ ਰਾਹੀਂ ਪੰਜਾਬੀ ਪਾਠਕਾਂ ਨੂੰ ਇੱਕ ਵਿਸ਼ੇਸ਼ ਵਿਸ਼ੇ `ਤੇ ਪੜ੍ਹਨਯੋਗ ਸਮਗਰੀ ਮੁਹੱਈਆ ਕਰਵਾਈ ਹੈ, ਜਿਸ ਲਈ ਉਸਦੀ ਪ੍ਰਸ਼ੰਸਾ ਕਰਨੀ ਬਣਦੀ ਹੈ।

Leave a Reply

Your email address will not be published. Required fields are marked *