ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਟਰੰਪ ਦੀ ਝੰਡੀ

ਸਿਆਸੀ ਹਲਚਲ ਖਬਰਾਂ

*ਵਿਦੇਸ਼ਾਂ ਵਿੱਚ ਅਮਰੀਕੀ ਦਖਲਅੰਦਾਜ਼ੀ ਘਟਣ ਦੀ ਉਮੀਦ
*ਯੂਕਰੇਨ ਤੇ ਮੱਧ-ਪੂਰਬ ਦੀਆਂ ਜੰਗਾਂ ਵੀ ਰੁਕ ਸਕਦੀਆਂ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ 5 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਕੱਲ੍ਹ ਸ਼ਾਮ ਵੋਟਾਂ ਪੈਣ ਤੋਂ ਬਾਅਦ ਸਾਰੀ ਰਾਤ ਹੋਈ ਵੋਟਾਂ ਦੀ ਗਿਣਤੀ ਦਰਸਾਉਂਦੀ ਹੈ ਕਿ ਡੋਨਾਲਡ ਟਰੰਪ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਹਨ। ਅਮਰੀਕਾ ਦੀਆਂ ਚੋਣਾਂ ਬਾਰੇ ਮਾਹਿਰਾਂ ਅਨੁਸਾਰ ਵੋਟਾਂ ਦੀ ਗਿਣਤੀ ਅਗਲੇ 13 ਦਿਨਾਂ ਤੱਕ ਜਾਰੀ ਰਹਿਣੀ ਹੈ। ਇਸ ਲਈ ਭਾਵੇਂ ਹਾਲ ਦੀ ਘੜੀ (ਅਖਬਾਰ ਛਪਣ ਤੱਕ) ਟਰੰਪ, ਕਮਲਾ ਹੈਰਿਸ ਤੋਂ 224 ਦੇ ਮੁਕਾਬਲੇ 277 ਇਲੈਕਟੋਰਲ ਵੋਟਾਂ ਨਾਲ ਅੱਗੇ ਹਨ, ਪਰ ਮੁਕਾਬਲਾ ਸਖਤ ਹੋਣ ਕਾਰਨ ਸਥਿਤੀਆਂ ਲਿਬਰਲ ਪਾਰਟੀ ਦੇ ਹੱਕ ਵਿੱਚ ਪਲਟ ਵੀ ਸਕਦੀਆਂ ਹਨ।

ਫਿਰ ਵੀ ਜਿੱਤ ਦੇ ਜਿੰਨਾ ਨੇੜੇ ਡੋਨਾਲਡ ਟਰੰਪ ਚਲਾ ਗਿਆ ਹੈ, ਉਸ ਨੂੰ ਬੈਕ ਗੇਅਰ ਲੱਗਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਗਿਣਤੀ ਜਾਰੀ ਹੈ, ਪਰ ਡੋਨਾਲਡ ਟਰੰਪ ਨੇ ਆਪਣੀ ਜਿੱਤ ਦਾ ਡੰਕਾ ਪਹਿਲਾਂ ਹੀ ਵਜਾ ਦਿੱਤਾ ਹੈ। ਉਧਰ ਕਮਲਾ ਹੈਰਿਸ ਨੇ ਆਪਣੇ ਹਮਾਇਤੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਹੈ ਕਿ ਅਸੀਂ ਲੜਾਈ ਲੜ ਰਹੇ ਹਾਂ ਅਤੇ ਅੰਤ ਵਿੱਚ ਕੁਝ ਵੀ ਵਾਪਰ ਸਕਦਾ ਹੈ।
ਯਾਦ ਰਹੇ, ਪੂਰੇ ਸੰਯੁਕਤ ਰਾਸ਼ਟਰ ਆਫ ਅਮਰੀਕਾ (ਯੂ.ਐਸ.ਏ.) ਵਿੱਚ ਕੁੱਲ 50 ਸਟੇਟਾਂ ਵਿੱਚ ਵੋਟਾਂ ਪਈਆਂ ਹਨ। ਹਰ ਸਟੇਟ ਦੀਆਂ ਸੈਨੇਟ ਵਾਸਤੇ ਇਲੈਕਟੋਰਲ ਵੋਟਾਂ ਦੀ ਗਿਣਤੀ ਵੱਖੋ ਵੱਖਰੀ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਵੇਂ ਸੈਨੇਟ ਅਤੇ ਪ੍ਰਤੀਨਿਧੀ ਸਦਨ- ਦੋਹਾਂ ਲਈ ਵੋਟਾਂ ਪੈਂਦੀਆਂ ਹਨ, ਪਰ ਰਾਸ਼ਟਰਪਤੀ ਅਹੁਦੇ ਲਈ ਜਿੱਤ ਹਾਰ ਦਾ ਫੈਸਲਾ ਵੱਖ-ਵੱਖ ਰਾਜਾਂ ਵਿੱਚ ਵੰਡੀਆਂ ਸੈਨੇਟ ਦੀਆਂ ਸੀਟਾਂ (ਇਲੈਕਟੋਰਲ ਵੋਟਸ) ਨਾਲ ਹੁੰਦਾ ਹੈ। ਸੈਨੇਟ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਸਦਨ ਹੈ, ਜਿਵੇਂ ਭਾਰਤ ਵਿੱਚ ਰਾਜ ਸਭਾ ਹੈ। ਪਰ ਰਾਜ ਸਭਾ ਦੇ ਮੁਕਾਬਲੇ ਅਮਰੀਕਾ ਵਿੱਚ ਸੈਨੇਟ ਦੀ ਸਰਦਾਰੀ ਹੈ। ਯਾਦ ਰਹੇ, ਵੋਟਾਂ ਪੈਣ ਦੇ ਦਿਨ ਤੋਂ ਪਹਿਲਾਂ ਹੀ ਅਮਰੀਕਾ ਵਿੱਚ 80 ਮਿਲੀਅਨ ਦੇ ਕਰੀਬ ਵੋਟਾਂ, ਬੈਲਟ ਵੋਟ ਅਤੇ ਡਾਕ ਰਾਹੀਂ ਪੈ ਚੁੱਕੀਆਂ ਹਨ। ਇਨ੍ਹਾਂ ਦੀ ਗਿਣਤੀ ਕਾਰਨ ਹੀ ਅਮਰੀਕਾ ਵਿੱਚ ਤਕਰੀਬਨ 15 ਦਿਨ ਤੱਕ ਵੋਟਾਂ ਦੀ ਗਿਣਤੀ ਚਲਦੀ ਰਹਿੰਦੀ ਹੈ। ਭਾਵੇਂਕਿ ਪ੍ਰਮੁੱਖ ਰੁਝਾਨ ਪਹਿਲਾਂ ਹੀ ਸਪਸ਼ਟ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਬਹੁਤੇ ਅਖ਼ਬਾਰਾਂ ਅਤੇ ਚੈਨਲਾਂ ਵੱਲੋਂ ਥੋੜ੍ਹੇ ਜਿਹੇ ਫਰਕ ਨਾਲ ਕਮਲਾ ਹੈਰਿਸ ਨੂੰ ਅੱਗੇ ਵਿਖਾਇਆ ਜਾ ਰਿਹਾ ਸੀ, ਪਰ ਜ਼ਬਰਦਸਤ ਟੱਕਰ ਵਿੱਚ ਟਰੰਪ ਅੱਗੇ ਨਿਕਲਦੇ ਵਿਖਾਈ ਦੇ ਰਹੇ ਹਨ। ਮਿਸਾਲ ਦੇ ਤੌਰ ‘ਤੇ ‘ਦਾ ਇਕਾਨੋਮਿਸਟ’ ਵੱਲੋਂ 56% ਵੋਟਾਂ ਨਾਲ ਕਮਲਾ ਨੂੰ ਅੱਗੇ ਵਿਖਾਇਆ ਜਾ ਰਿਹਾ ਸੀ, ਪਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਵਿੱਤੀ ਮਾਰਕੀਟ ਟਰੰਪ ਦੀ ਮੁਹਿੰਮ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ।
ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਲਈ 538 ਇਲੈਕਟੋਰਲ ਵੋਟਸ ਵਿੱਚੋਂ ਸੰਬੰਧਤ ਉਮੀਦਵਾਰ ਨੂੰ 270 ਇਲੈਕਟੋਰਲ ਵੋਟਸ ਪ੍ਰਾਪਤ ਕਰਨੇ ਹੋਣਗੇ। ਟਰੰਪ ਇਸ ਅੰਕੜੇ ਨੂੰ ਪਹਿਲਾਂ ਹੀ ਛੂਹ ਚੁੱਕੇ ਹਨ। ਸਾਰੀ ਦੁਨੀਆਂ ਦੀਆਂ ਨਜ਼ਰਾਂ ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ‘ਤੇ ਲੱਗੀਆਂ ਹੋਈਆਂ ਹਨ। ਇਸ ਚੋਣ ਲਈ ਦੌੜ ਦਾ ਫੈਸਲਾ ਪ੍ਰਮੁਖ ਤੌਰ ‘ਤੇ ਅਨਿਸ਼ਚਿਤ ਵੋਟਿੰਗ ਬਿਹੇਵੀਅਰ ਵਾਲੀਆਂ ਸਟੇਟਾਂ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਸਵਿੰਗ ਸਟੇਟਸ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਵਿਸਕਾਨਿਸਨ, ਪੈਨਸਿਲਵੇਨੀਆ, ਜਾਰਜੀਆ ਅਤੇ ਐਰੀਜ਼ੋਨਾ ਸ਼ਾਮਲ ਹਨ।
ਇਸ ਵਾਰ ਦੋਹਾਂ ਉਮੀਦਵਾਰਾਂ ਵਿੱਚ ਮੁਕਾਬਲਾ ਇੰਨਾ ਜ਼ਬਰਦਸਤ ਰਿਹਾ ਕਿ ਰੇਖ ਵਿੱਚ ਮੇਖ ਮਾਰਨ ਵਾਲੇ ਸਿਆਸੀ ਪੰਡਿਤ ਵੀ ਕੁਝ ਕਹਿਣ ਤੋਂ ਗੁਰੇਜ਼ ਕਰ ਰਹੇ ਸਨ। ਪਰ ਜੇ ਆਖਰੀ ਨਤੀਜੇ ਮੁਢਲੇ ਨਤੀਜਿਆਂ ਦੇ ਅਨਕੂਲ ਹੀ ਹੁੰਦੇ ਹਨ ਤਾਂ ਇਹ ਨਤੀਜੇ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੀ ਅੰਦਰੂਨੀ ਸਿਆਸਤ ਲਈ ਵੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅਮਰੀਕਾ ਦੀ ਸਿਆਸੀ ਭੂਮਿਕਾ ਲਈ ਵੀ ਬੜੇ ਉਥਲ-ਪੁਥਲ ਵਾਲੇ ਹੋਣਗੇ। ਅਸਲ ਵਿੱਚ ਡੋਨਾਲਡ ਟਰੰਪ ਉਸ ਕਿਸਮ ਦੀਆਂ ਅਥੌਰੀਟੇਰੀਅਨ ਰੁਚੀਆਂ ਦੇ ਹੀ ਮਾਲਕ ਹਨ, ਜਿਸ ਤਰ੍ਹਾਂ ਦੇ ਰੂਸ ਦੇ ਰਾਸ਼ਟਰਪਤੀ ਪੂਤਿਨ ਹਨ। ਇਸ ਚੋਣ ਦਾ ਚੰਗਾ ਪੱਖ ਇਹ ਹੈ ਕਿ ਯੂਕਰੇਨ ਦੀ ਜੰਗ ਅਤੇ ਮੱਧ ਏਸ਼ੀਆ ਦਾ ਕਲੇਸ਼ ਮੁੱਕਣ ਦੇ ਮੌਕੇ ਵੀ ਬਣ ਸਕਦੇ ਹਨ। ਟਰੰਪ ਦਾ ਜ਼ੋਰ ਅਸਲ ਵਿੱਚ ਆਪਣੀ ਅੰਦਰੂਨੀ ਆਰਥਿਕਤਾ ਨੂੰ ਸੁਧਾਰਨ ਵੱਲ ਹੋਵੇਗਾ। ਬਾਹਰੀ ਮੁਲਕਾਂ ਵਿੱਚ ਅਮਰੀਕਾ ਦੀ ਦਖਲਅੰਦਾਜ਼ੀ ਘਟੇਗੀ। ਬਾਇਡਨ ਕਲਾਈਮੇਟ ਚੇਂਜ ਪ੍ਰਤੀ ਸੰਵੇਦਨ ਸਨ ਅਤੇ ਉਨ੍ਹਾਂ ਨੇ ਕਲਾਈਮੇਟ ਚੇਂਜ ਬਾਰੇ ਪੈਰਿਸ ਸਮਝੌਤੇ ਦਾ ਅਮਰੀਕਾ ਨੂੰ ਮੁੜ ਕੇ ਭਾਗੀਦਾਰ ਬਣਾ ਦਿੱਤਾ ਸੀ, ਪਰ ਟਰੰਪ ਮੁੜ ਇਸ ‘ਝੰਜਟ’ ਤੋਂ ਆਪਣਾ ਹੱਥ ਪਿੱਛੇ ਖਿੱਚ ਲੈਣਗੇ। ਇਸ ਤੋਂ ਇਲਾਵਾ ਪਰਵਾਸੀਆਂ, ਕਾਲੇ ਅਤੇ ਭੂਰੇ ਲੋਕਾਂ ਖਿਲਾਫ ਅਮਰੀਕਾ ਵਿੱਚ ਨਸਲਵਾਦ ਫਿਰ ਵਧ ਸਕਦਾ ਹੈ, ਜਿਸ ‘ਤੇ ਬਾਇਡਨ ਨੇ ਤਕਰੀਬਨ ਕਾਬੂ ਪਾ ਲਿਆ ਸੀ। ਕੁਝ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਆਖਣਾ ਹੈ ਕਿ ਮਰਹੂਮ ਰਾਸ਼ਟਰਪਤੀ ਰੂਜਵੋਲਟ ਨਾਲ ਸ਼ੁਰੂ ਹੋਈ ਅਮਰੀਕੀ ਲਿਬਰਿਜ਼ਮ ਦੀ ਚੜ੍ਹਤ ਨੂੰ ਟਰੰਪ ਦੀ ਜਿੱਤ ਨੇ ਇੱਕ ਤਰ੍ਹਾਂ ਨਾਲ ਬੰਨ੍ਹ ਲਗਾ ਦਿੱਤਾ ਹੈ।

Leave a Reply

Your email address will not be published. Required fields are marked *