ਡਾ. ਸ਼ਸ਼ਾਂਕ ਦ੍ਰਿਵੇਦੀ
ਹਾਲ ਹੀ ਵਿੱਚ ਪੁਲਾੜ ਤੋਂ ਭਾਰਤ ਦੀ ਨਿਗਰਾਨੀ ਪ੍ਰਣਾਲੀ ਨੂੰ ਹੁਲਾਰਾ ਦੇਣ ਲਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਪੁਲਾੜ ਆਧਾਰਿਤ ਨਿਗਰਾਨੀ ਦੇ ਤੀਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਜਾਸੂਸੀ ਉਪਗ੍ਰਹਿਆਂ ਦੇ ਇੱਕ ਵੱਡੇ ਸਮੂਹ ਨੂੰ ਧਰਤੀ ਦੇ ਹੇਠਲੇ ਅਤੇ ਭੂ-ਸਥਿਰ ਔਰਬਿਟ ਵਿੱਚ ਲਾਂਚ ਕੀਤਾ ਜਾਵੇਗਾ। ਤਜਵੀਜ਼ ਵਿੱਚ 52 ਉਪਗ੍ਰਹਿ ਲਾਂਚ ਕਰਨਾ ਸ਼ਾਮਲ ਹੈ। 26,968 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਇਸ ਪ੍ਰੋਜੈਕਟ ਤਹਿਤ ਇਸਰੋ 21 ਸੈਟੇਲਾਈਟਾਂ ਦਾ ਨਿਰਮਾਣ ਅਤੇ ਲਾਂਚ ਕਰੇਗਾ। ਬਾਕੀ 31 ਸੈਟੇਲਾਈਟਾਂ ਦੀ ਜ਼ਿੰਮੇਵਾਰੀ ਨਿੱਜੀ ਕੰਪਨੀਆਂ ਦੀ ਹੋਵੇਗੀ।
ਸਪੇਸ ਬੇਸਡ ਸਰਵੇਲੈਂਸ (ਸੈਟੇਲਾਈਟ ਬੇਸਡ ਸਰਵੇਲੈਂਸ ਯਾਨਿ ਐਸ.ਬੀ.ਐਸ.) 1 ਦੀ ਸ਼ੁਰੂਆਤ ਵਾਜਪਾਈ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2001 ਵਿੱਚ ਕੀਤੀ ਗਈ ਸੀ। ਇਸ ਵਿੱਚ ਨਿਗਰਾਨੀ ਲਈ 4 ਉਪਗ੍ਰਹਿ (ਕਾਰਟੋਸੈਟ 2ਏ, ਕਾਰਟੋਸੈਟ 2ਬੀ, ਈਰੋਜ਼ ਬੀ ਅਤੇ ਰਿਸੈਟ 2) ਲਾਂਚ ਕੀਤੇ ਗਏ ਸਨ। ਐਸ.ਬੀ.ਐਸ.-2 ਵਿੱਚ 2013 ਵਿੱਚ 6 ਸੈਟੇਲਾਈਟਾਂ: ਕਾਰਟੋਸੈਟ 2ਸੀ, ਕਾਰਟੋਸੈਟ 2ਡੀ, ਕਾਰਟੋਸੈਟ 3ਏ, ਕਾਰਟੋਸੈਟ 3ਬੀ, ਮਾਈਕ੍ਰੋਸੈਟ 1 ਅਤੇ ਰਿਸੈਟ 2ਏ ਦੀ ਲਾਂਚਿੰਗ ਸ਼ਾਮਲ ਹੈ।
ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ, ਚੀਨ ਨਾਲ ਲੱਗਦੀ ਉਤਰੀ ਸਰਹੱਦ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਜਾਸੂਸੀ ਜਹਾਜ਼ਾਂ ਤੇ ਪਣਡੁੱਬੀਆਂ ਦੁਆਰਾ ਸਮੁੰਦਰੀ ਨਿਗਰਾਨੀ ਵਧਾਉਣ ਦੇ ਨਾਲ ਸੁਰੱਖਿਆ ਚਿੰਤਾਵਾਂ ਦਾ ਸਾਹਮਣਾ ਕਰ ਰਿਹਾ ਹੈ, ਐਸ.ਬੀ.ਐਸ.-3 ਤਹਿਤ ਅਗਲੇ ਪੰਜ ਸਾਲਾਂ ਵਿੱਚ 52 ਉਪਗ੍ਰਹਿ ਲਾਂਚ ਕੀਤੇ ਜਾਣਗੇ। ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਭਾਰਤ `ਚ ‘ਅਕਾਸ਼ ਤੋਂ ਦੇਖਣ ਵਾਲੀਆਂ ਅੱਖਾਂ’ ਦੀ ਗਿਣਤੀ ਵਧੇਗੀ, ਜਿਸ ਨਾਲ ਭਾਰਤ ਦੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਪੁਲਾੜ ਆਧਾਰਿਤ ਨਿਗਰਾਨੀ ਪ੍ਰਣਾਲੀ ਮਜਬੂਤ ਹੋਵੇਗੀ। ਤਿੰਨੋਂ ਸੇਵਾਵਾਂ ਕੋਲ ਆਪਣੇ ਜ਼ਮੀਨੀ, ਸਮੁੰਦਰੀ ਜਾਂ ਹਵਾਈ-ਆਧਾਰਿਤ ਮਿਸ਼ਨਾਂ ਲਈ ਉਪਗ੍ਰਹਿ ਹੋਣਗੇ। ਉਪਗ੍ਰਹਿ ਲਗਾਤਾਰ ਕੰਮ ਕਰਨਗੇ, ਮੌਸਮ ਜਾਂ ਵਾਯੂਮੰਡਲ ਦੀਆਂ ਸਥਿਤੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੇ, ਪੁਲਾੜ ਵਿੱਚ ਸਥਿਤੀਆਂ ਅਤੇ ਵਸਤੂਆਂ ਦੀ ਨਿਰੰਤਰ ਨਿਗਰਾਨੀ ਪ੍ਰਦਾਨ ਕਰਨਗੇ। ਨਵੇਂ ਉਪਗ੍ਰਹਿ ਪੁਲਾੜ ਵਿੱਚ ਉਪਗ੍ਰਹਿਆਂ ਨੂੰ ਵਧੇਰੇ ਸਹੀ ਢੰਗ ਨਾਲ ਲੱਭਣ ਅਤੇ ਨਿਗਰਾਨੀ ਕਰਨ ਲਈ ਉਨਤ ਤਕਨਾਲੋਜੀ ਅਤੇ ਨਕਲੀ ਬੁੱਧੀ ਦੀ ਵਰਤੋਂ ਕਰਨਗੇ।
ਉਪਗ੍ਰਹਿਆਂ ਦਾ ਨਵਾਂ ਫਲੀਟ ਆਰਟੀਫਿਸ਼ੀਅਲ ਇੰਟੈਲੀਜੈਂਸ `ਤੇ ਆਧਾਰਿਤ ਹੋਵੇਗਾ, ਜੋ ਧਰਤੀ `ਤੇ ‘ਜੀਓ-ਇੰਟੈਲੀਜੈਂਸ’ ਜਾਣਕਾਰੀ ਇਕੱਠੀ ਕਰਨ ਲਈ ਪੁਲਾੜ `ਚ ਇੱਕ-ਦੂਜੇ ਨਾਲ ਸੰਚਾਰ ਕਰੇਗਾ। ਇਹ ਸਾਡੇ ਸੈਟੇਲਾਈਟਾਂ ਵਿਚਕਾਰ ਸੰਚਾਰ ਦੀ ਆਗਿਆ ਦੇਵੇਗਾ, ਤਾਂ ਜੋ ਜੇਕਰ ਇੱਕ ਸੈਟੇਲਾਈਟ 36,000 ਕਿਲੋਮੀਟਰ ਦੀ ਉਚਾਈ `ਤੇ ਜੀਓ (ਜੀਓਸਿੰਕ੍ਰੋਨਸ ਇਕੂਟੇਰੀਅਲ ਔਰਬਿਟ) ਵਿੱਚ ਕੁਝ ਖੋਜਦਾ ਹੈ, ਤਾਂ ਇਹ ਹੇਠਲੇ ਔਰਬਿਟ (400-600 ਕਿਲੋਮੀਟਰ ਦੀ ਉਚਾਈ `ਤੇ) ਦੂਜੇ ਉਪਗ੍ਰਹਿ ਤੋਂ ਵਧੇਰੇ ਧਿਆਨ ਨਾਲ ਜਾਂਚ ਕਰ ਸਕਦਾ ਹੈ। ਇਹ ਸਮਰੱਥਾ ਨਿਗਰਾਨੀ ਪ੍ਰਣਾਲੀ ਨੂੰ ਬਹੁਤ ਵਿਲੱਖਣ ਬਣਾਉਂਦੀ ਹੈ। ਵਰਤਮਾਨ ਸਮੇਂ ਭਾਰਤ ਵਿੱਚ ਸੰਚਾਰ ਸੇਵਾਵਾਂ ਲਈ 200 ਤੋਂ ਵੱਧ ਟ੍ਰਾਂਸਪੌਂਡਰ ਵਰਤੇ ਜਾ ਰਹੇ ਹਨ। ਇਨ੍ਹਾਂ ਸੈਟੇਲਾਈਟਾਂ ਰਾਹੀਂ ਭਾਰਤ ਵਿੱਚ ਦੂਰਸੰਚਾਰ, ਟੈਲੀਮੈਡੀਸਨ, ਟੈਲੀਵਿਜ਼ਨ, ਬ੍ਰਾਡਬੈਂਡ, ਰੇਡੀਓ, ਆਫ਼ਤ ਪ੍ਰਬੰਧਨ, ਖੋਜ ਅਤੇ ਬਚਾਅ ਕਾਰਜਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਨਾ ਸੰਭਵ ਹੋ ਗਿਆ ਹੈ। ਇਸ ਸਮੇਂ ਭਾਰਤ ਦਾ ਧਿਆਨ ਅਜਿਹੀਆਂ ਸਮਰੱਥਾਵਾਂ ਹਾਸਲ ਕਰਨ `ਤੇ ਹੈ, ਜੋ ਇੰਡੋ-ਪੈਸੇਫਿਕ `ਚ ਦੁਸ਼ਮਣ ਦੀਆਂ ਪਣਡੁੱਬੀਆਂ ਦਾ ਪਤਾ ਲਗਾ ਸਕਣ। ਨਾਲ ਹੀ, ਸਰਹੱਦ ਦੇ ਨਾਲ ਜ਼ਮੀਨੀ ਅਤੇ ਸਮੁੰਦਰੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਟਰੈਕ ਕਰਨ ਦੇ ਯੋਗ ਹੋਵੇ।
ਐਸ.ਬੀ.ਐਸ.-3 ਮਿਸ਼ਨ ਨੂੰ ਭਾਰਤ ਵੱਲੋਂ ਅਮਰੀਕਾ ਸਥਿਤ ਜਨਰਲ ਐਟੋਮਿਕਸ ਤੋਂ 31 ਪ੍ਰੀਡੇਟਰ ਡਰੋਨਾਂ ਦੀ ਪ੍ਰਾਪਤੀ ਨਾਲ ਮਦਦ ਮਿਲੇਗੀ। ਇਸ ਪਲੇਟਫਾਰਮ ਵਿੱਚ ਹਥਿਆਰਾਂ ਦੇ ਪੈਕੇਜ ਤੋਂ ਇਲਾਵਾ ਬਹੁਤ ਸ਼ਕਤੀਸ਼ਾਲੀ ਨਿਗਰਾਨੀ ਸਮਰੱਥਾਵਾਂ ਹਨ। ਭਾਰਤ ਨੇ 29 ਮਾਰਚ 2019 ਨੂੰ ਇੱਕ ਟੈਸਟ ਫਾਇਰਿੰਗ ਰਾਹੀਂ ਆਪਣੀ ਉਪਗ੍ਰਹਿ-ਵਿਰੋਧੀ ਸਮਰੱਥਾਵਾਂ ਦੀ ਜਾਂਚ ਕੀਤੀ ਸੀ, ਜਦੋਂ ਇੱਕ ਭਾਰਤੀ ਮਿਜ਼ਾਈਲ ਨੇ ਔਰਬਿਟ ਵਿੱਚ ਇੱਕ ਬਚੇ ਹੋਏ ਉਪਗ੍ਰਹਿ ਨੂੰ ਤਬਾਹ ਕਰ ਦਿੱਤਾ ਸੀ। ਗਲੋਬਲ ਸਪੇਸ ਇੰਡਸਟਰੀ ਦਾ ਮੌਜੂਦਾ ਆਕਾਰ $350 ਬਿਲੀਅਨ ਹੈ। ਸਾਲ 2025 ਤੱਕ ਇਸ ਦੇ 550 ਬਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਸਪੇਸ ਇੱਕ ਮਹੱਤਵਪੂਰਨ ਬਾਜ਼ਾਰ ਵਜੋਂ ਵਿਕਸਿਤ ਹੋ ਰਹੀ ਹੈ। ਇਸਰੋ ਨੇ ਪੁਲਾੜ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ, ਪਰ ਭਾਰਤ ਦਾ ਪੁਲਾੜ ਉਦਯੋਗ ਲਗਭਗ 7 ਬਿਲੀਅਨ ਡਾਲਰ ਦਾ ਹੈ, ਜੋ ਕਿ ਵਿਸ਼ਵ ਬਾਜ਼ਾਰ ਦਾ ਸਿਰਫ 2 ਪ੍ਰਤੀਸ਼ਤ ਹੈ। ਬ੍ਰਾਡਬੈਂਡ ਅਤੇ ਡੀ.ਟੀ.ਐਚ. ਸੇਵਾਵਾਂ ਭਾਰਤ ਦੇ ਪੁਲਾੜ ਉਦਯੋਗ ਦੇ ਆਕਾਰ ਦਾ ਲਗਭਗ ਦੋ ਤਿਹਾਈ ਹਿੱਸਾ ਹਨ।
ਹਾਲੀਆ ਨੀਤੀਗਤ ਸੁਧਾਰਾਂ ਦੇ ਬਾਵਜੂਦ, ਭਾਰਤ ਦੇ ਪੁਲਾੜ ਖੇਤਰ ਵਿੱਚ ਅਜੇ ਵੀ ਸਰਕਾਰੀ ਸੰਸਥਾਵਾਂ ਦਾ ਦਬਦਬਾ ਹੈ। ਹਾਲਾਂਕਿ ਸਕਾਈਰੂਟ ਐਰੋਸਪੇਸ ਅਤੇ ਅਗਨੀਕੁਲ ਕੌਸਮੋਸ ਵਰਗੇ ਸਟਾਰਟਅੱਪਸ ਨੇ ਤਰੱਕੀ ਕੀਤੀ ਹੈ, ਪਰ ਉਨ੍ਹਾਂ ਨੂੰ ਸਕੇਲ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਲਾੜ ਖੇਤਰ ਵਿੱਚ ਅਕਾਦਮਿਕ ਸੰਸਥਾਵਾਂ, ਉਦਯੋਗ ਅਤੇ ਸਰਕਾਰੀ ਏਜੰਸੀਆਂ ਵਿਚਕਾਰ ਤਾਲਮੇਲ ਅਜੇ ਵੀ ਨਾਕਾਫੀ ਹੈ। ਹਾਲਾਂਕਿ ਯੂਨੀਵਰਸਿਟੀਆਂ ਨਾਲ ਇਸਰੋ ਦੀ ਸ਼ਮੂਲੀਅਤ ਵਧੀ ਹੈ, ਪਰ ਇਸਦਾ ਦਾਇਰਾ ਅਤੇ ਪੈਮਾਨਾ ਅਜੇ ਵੀ ਸੀਮਤ ਹੈ। ਨਿੱਜੀ ਭਾਗੀਦਾਰੀ ਨੂੰ ਤੇਜ਼ੀ ਨਾਲ ਵਧਾਉਣ ਲਈ ਪੁਲਾੜ ਖੇਤਰ ਦੇ ਪਰਿਵਰਤਨ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸਪੇਸ-ਸਬੰਧਤ ਲਾਇਸੈਂਸਿੰਗ ਅਤੇ ਪ੍ਰਵਾਨਗੀਆਂ ਲਈ ਇੱਕ-ਸਟਾਪ-ਦੁਕਾਨ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਟੈਕਸ ਪ੍ਰੋਤਸਾਹਨ ਅਤੇ ਸਰਲ ਨਿਯਮਾਂ ਨਾਲ ਸਪੇਸ ਐਂਟਰਪ੍ਰਾਈਜ਼ ਜ਼ੋਨ ਬਣਾਏ ਜਾਣੇ ਚਾਹੀਦੇ ਹਨ। ਇਸਰੋ ਦੀਆਂ ਸਹੂਲਤਾਂ ਅਤੇ ਮੁਹਾਰਤ ਨੂੰ ਨਿੱਜੀ ਸੰਸਥਾਵਾਂ ਨਾਲ ਸਾਂਝਾ ਕਰਨ ਲਈ ਇੱਕ ਜਨਤਕ-ਨਿੱਜੀ ਭਾਈਵਾਲੀ ਮਾਡਲ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਹਾਲਾਂਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ਨੇ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਜੋ ਕਿ ਪੁਲਾੜ ਵਿਗਿਆਨ ਵਿੱਚ ਆਗੂ ਮੰਨੇ ਜਾਂਦੇ ਹਨ। ਕੁੱਲ ਮਿਲਾ ਕੇ, ਸੈਟੇਲਾਈਟ ਆਧਾਰਿਤ ਨਿਗਰਾਨੀ ਦੇ ਨਾਲ ਹਥਿਆਰਬੰਦ ਬਲਾਂ ਦੀ ਹਰੇਕ ਸ਼ਾਖਾ ਕੋਲ ਆਪਣੇ ਵਿਸ਼ੇਸ਼ ਕਾਰਜਾਂ ਲਈ ਸਮਰਪਿਤ ਉਪਗ੍ਰਹਿ ਹੋਣਗੇ।